Showing posts with label College. Show all posts
Showing posts with label College. Show all posts

Monday, September 30, 2024

                                                         ਗੈਸਟ ਫੈਕਲਟੀ
                                  ਉਮਰਾਂ ਲਾ ਕੇ ਵੀ ਹੱਥ ਖ਼ਾਲੀ..!
                                                         ਚਰਨਜੀਤ ਭੁੱਲਰ  

ਚੰਡੀਗੜ੍ਹ : ਸਰਕਾਰੀ ਕਾਲਜ ਨਿਆਲ ਪਾਤੜਾਂ ਦੇ ਗੈਸਟ ਫੈਕਲਟੀ ਅਧਿਆਪਕ ਡਾ. ਗੁਰਜੀਤ ਮਾਹੀ ਨੇ ਪੂਰੀ ਜ਼ਿੰਦਗੀ ਅਧਿਆਪਨ ਦੇ ਲੇਖੇ ਲਾ ਦਿੱਤੀ ਪ੍ਰੰਤੂ ਉਸ ਦੇ ਹੱਥ ਖ਼ਾਲੀ ਹਨ। ਉਸ ਨੂੰ ਸਮਝ ਨਹੀਂ ਪੈ ਰਿਹਾ ਕਿ ਉਹ ਕਿਹੜੇ ਬੂਹੇ ’ਤੇ ਆਪਣਾ ਦੁੱਖ ਰੋਵੇ। ਉਸ ’ਤੇ ਹੁਣ ਨਵੀਂ ਤਲਵਾਰ ਲਟਕੀ ਹੈ। ਪੰਜਾਬ ਸਰਕਾਰ ਦੀ ਨਵੀਂ ਭਰਤੀ ਵਾਲੇ 1158 ਸਹਾਇਕ ਪ੍ਰੋਫੈਸਰ ਲੰਘੇ ਦੋ ਦਿਨਾਂ ਤੋਂ ਸਰਕਾਰੀ ਕਾਲਜਾਂ ਵਿਚੱ ਜੁਆਇਨ ਕਰ ਰਹੇ ਹਨ ਜਿਨ੍ਹਾਂ ਦਾ ਕੇਸ ਹਾਈ ਕੋਰਟ ’ਚੋਂ ਹਾਲ ’ਚ ਹੀ ਕਲੀਅਰ ਹੋਇਆ ਹੈ। ਉਚੇਰੀ ਸਿੱਖਿਆ ਵਿਭਾਗ ਵੱਲੋਂ 28 ਸਤੰਬਰ ਨੂੰ ਇਨ੍ਹਾਂ ਨਵੇਂ ਸਹਾਇਕ ਪ੍ਰੋਫੈਸਰਾਂ ਨੂੰ ਆਰਡਰ ਜਾਰੀ ਕੀਤੇ ਹਨ ਜਿਨ੍ਹਾਂ ਵਿਚੋਂ ਕਰੀਬ 450 ਅਧਿਆਪਕਾਂ ਨੇ ਜੁਆਇਨ ਵੀ ਕਰ ਲਿਆ ਹੈ। ਸਰਕਾਰੀ ਹੁਕਮਾਂ ’ਚ ਪਹਿਲਾਂ ਤੋਂ ਹੀ ਕਾਲਜਾਂ ਵਿੱਚ ਕੰਮ ਕਰਦੇ ਗੈਸਟ ਫੈਕਲਟੀ ਅਧਿਆਪਕਾਂ ਦੀ ਅਸਾਮੀ ਨੂੰ ਖ਼ਾਲੀ ਅਸਾਮੀ ਮੰਨੇ ਜਾਣ ਦੀ ਗੱਲ ਕਹੀ ਗਈ ਹੈ ਅਤੇ ਗੈਸਟ ਫੈਕਲਟੀ ਅਧਿਆਪਕਾਂ ਦਾ ਮਾਮਲਾ ਬਾਅਦ ਵਿਚ ਵਿਚਾਰੇ ਜਾਣ ਦੀ ਗੱਲ ਆਖੀ ਗਈ ਹੈ।

          ਇਨ੍ਹਾਂ ਹੁਕਮਾਂ ਤੋਂ ਗੈਸਟ ਫੈਕਲਟੀ ਅਧਿਆਪਕਾਂ ਦੀ ਛੁੱਟੀ ਹੋਣ ਦਾ ਡਰ ਬਣ ਗਿਆ ਹੈ ਅਤੇ ਕਰੀਬ 70 ਰੈਗੂਲਰ ਅਧਿਆਪਕਾਂ ਨੇ ਇਨ੍ਹਾਂ ਦੀ ਥਾਂ ਜੁਆਇਨ ਕਰ ਲਿਆ ਹੈ। ਇਸ ਕਰ ਕੇ ਡਾ. ਗੁਰਜੀਤ ਮਾਹੀ ਦੇ ਫ਼ਿਕਰ ਵਧ ਗਏ ਹਨ। ਪੰਜਾਬ ਸਰਕਾਰ ਨੇ ਸਾਲ 2002-03 ਤੋਂ ਸਾਲ 2018 ਤੱਕ ਗੈਸਟ ਫੈਕਲਟੀ ਅਧਿਆਪਕਾਂ ਦੀ ਭਰਤੀ ਜਾਰੀ ਰੱਖੀ। ਪੰਜਾਬ ਵਿਚ 64 ਸਰਕਾਰੀ ਕਾਲਜ ਹਨ ਜਿਨ੍ਹਾਂ ਵਿਚ 873 ਗੈਸਟ ਫੈਕਲਟੀ ਅਧਿਆਪਕ ਕੰਮ ਕਰ ਰਹੇ ਹਨ। ਜਿਹੜੇ ਨਵੇਂ ਰੈਗੂਲਰ ਅਧਿਆਪਕ ਜੁਆਇਨ ਕਰ ਰਹੇ ਹਨ, ਉਨ੍ਹਾਂ ਨਾਲ ਗੈਸਟ ਫੈਕਲਟੀ ਅਧਿਆਪਕਾਂ ਨੂੰ ਆਊਟ ਹੋਣ ਦਾ ਡਰ ਹੈ। ਡਾ. ਗੁਰਜੀਤ ਮਾਹੀ 21 ਸਾਲ ਤੋਂ ਗੈਸਟ ਫੈਕਲਟੀ ਹੈ ਤੇ ਦੋ ਵਰ੍ਹਿਆਂ ਬਾਅਦ ਉਸ ਨੇ ਸੇਵਾਮੁਕਤ ਹੋ ਜਾਣਾ ਹੈ। ਡਾ. ਮਾਹੀ ਆਖਦਾ ਹੈ ਕਿ ਉਸ ਦੀ ਯੋਗਤਾ ਦਾ ਕੋਈ ਮੁੱਲ ਹੀ ਨਹੀਂ ਪਿਆ। ਉਸ ਦਾ ਲੜਕਾ ਵੀ ਹੁਣ ਪੋਸਟ ਗਰੈਜੂਏਸ਼ਨ ਕਰ ਰਿਹਾ ਹੈ ਪ੍ਰੰਤੂ ਕਾਗ਼ਜ਼ਾਂ ਵਿਚ ਮਾਹੀ ਅੱਜ ਵੀ ਕੱਚਾ ਅਧਿਆਪਕ ਹੈ। ਉਹ ਤਿੰਨ ਵਾਰੀ ਯੂਜੀਸੀ ਟੈੱਸਟ ਅਤੇ ਤਿੰਨ ਵਾਰ ਅਧਿਆਪਕ ਯੋਗਤਾ ਟੈੱਸਟ ਕਲੀਅਰ ਕਰ ਚੁੱਕਾ ਹੈ।

          ਮਾਨਸਾ ਦੇ ਸਰਕਾਰੀ ਨਹਿਰੂ ਮੈਮੋਰੀਅਲ ਕਾਲਜ ਦੀ ਡਾ. ਹਰਵਿੰਦਰ ਕੌਰ ਦੀ ਵੱਖਰੀ ਕਿਸਮ ਦੀ ਤ੍ਰਾਸਦੀ ਹੈ। ਡਾ. ਹਰਵਿੰਦਰ ਕੌਰ 2003 ਤੋਂ ਗੈਸਟ ਫੈਕਲਟੀ ਅਧਿਆਪਕ ਹੈ। ਉਸ ਨੇ ਜਿਸ ਵਿਦਿਆਰਥਣ ਨੂੰ ਪੜ੍ਹਾਇਆ ਸੀ, ਉਹ ਵਿਦਿਆਰਥਣ ਵੀ ਅੱਜ ਗੈਸਟ ਫੈਕਲਟੀ ਅਧਿਆਪਕ ਬਣ ਗਈ ਹੈ। ਅੱਜ ਪਿੰਡ ਸੰਧਵਾਂ ਵਿਚ ਲੱਗੇ ਧਰਨੇ ਵਿਚ ‘ਗੁਰੂ ਤੇ ਸ਼ਿਸ਼’ ਦੋਵੇਂ ਇਕੱਠੀਆਂ ਨਾਅਰੇ ਲਾ ਰਹੀਆਂ ਸਨ। ਹਰਵਿੰਦਰ ਕੌਰ ਨੇ ਪੌਣੇ ਦੋ ਵਰ੍ਹਿਆਂ ਮਗਰੋਂ ਸੇਵਾਮੁਕਤ ਹੋ ਜਾਣਾ ਹੈ, ਉਸ ਨੂੰ ਰੈਗੂਲਰ ਅਧਿਆਪਕ ਬਣਨਾ ਨਸੀਬ ਨਹੀਂ ਹੋਇਆ ਹੈ। ਗੈਸਟ ਫੈਕਲਟੀ ਅਧਿਆਪਕਾਂ ਵਿਚੋਂ 375 ਅਧਿਆਪਕ ਤਾਂ ਸਭ ਸ਼ਰਤਾਂ ਪੂਰੀਆਂ ਕਰਦੇ ਹਨ। ਰਣਬੀਰ ਕਾਲਜ ਸੰਗਰੂਰ ’ਚ 22 ਵਰ੍ਹਿਆਂ ਤੋਂ ਇਤਿਹਾਸ ਪੜ੍ਹਾ ਰਿਹਾ ਗੈਸਟ ਫੈਕਲਟੀ ਅਧਿਆਪਕ ਦਵਿੰਦਰ ਕੁਮਾਰ ਖ਼ੁਦ ਇਤਿਹਾਸ ਬਣ ਗਿਆ ਹੈ। ਉਹ ਸਭ ਤੋਂ ਪੁਰਾਣਾ ਗੈਸਟ ਫੈਕਲਟੀ ਅਧਿਆਪਕ ਹੈ। ਉਸ ਦਾ ਲੜਕਾ ਵੀ ਬੀ ਟੈੱਕ ਕਰਕੇ ਨੌਕਰੀਸ਼ੁਦਾ ਹੋ ਗਿਆ ਹੈ ਪ੍ਰੰਤੂ ਦਵਿੰਦਰ ਕੁਮਾਰ ਆਖਦਾ ਹੈ ਕਿ ਸਰਕਾਰ ਦੀ ਨਵੀਂ ਪਾਲਸੀ ਤਾਂ ਉਸ ਨੂੰ ਕਦੋਂ ਵੀ ਕੱਢ ਸਕਦੀ ਹੈ। 

          ਗੈਸਟ ਫੈਕਲਟੀ ਸੰਯੁਕਤ ਫ਼ਰੰਟ ਦੇ ਪ੍ਰਧਾਨ ਡਾ. ਰਾਵਿੰਦਰ ਸਿੰਘ, ਸੀਨੀਅਰ ਆਗੂ ਗੁਲਸ਼ਨਦੀਪ ਕੌਰ ਅਤੇ ਪ੍ਰਦੀਪ ਪਟਿਆਲਾ ਦਾ ਕਹਿਣਾ ਸੀ ਕਿ ਸਰਕਾਰ ਨੇ ਗੈਸਟ ਫੈਕਲਟੀ ਅਧਿਆਪਕਾਂ ਦੀ ਕਦਰ ਨਹੀਂ ਪਾਈ। ਅਧਿਆਪਕ ਆਗੂ ਆਖਦੇ ਹਨ ਕਿ ਰੈਗੂਲਰ ਅਧਿਆਪਕਾਂ ਦੇ ਨਾਲ ਨਾਲ ਉਨ੍ਹਾਂ ਦੀ ਨੌਕਰੀ ਵੀ ਸਰਕਾਰੀ ਪਾਲਸੀ ਬਣਾ ਕੇ ਸੁਰੱਖਿਅਤ ਕੀਤੀ ਜਾਵੇ। ਇਸ ਵੇਲੇ ਜੋ ਨਵੇਂ 1158 ਰੈਗੂਲਰ ਅਧਿਆਪਕ ਜੁਆਇਨ ਕਰ ਰਹੇ ਹਨ, ਉਨ੍ਹਾਂ ਦੀ ਭਰਤੀ 2021 ਵਿਚ ਪ੍ਰੀਖਿਆ ਜ਼ਰੀਏ ਹੋਈ ਸੀ ਜਿਨ੍ਹਾਂ ਵਿਚੋਂ 122 ਨੇ ਉਦੋਂ ਜੁਆਇੰਨ ਕਰ ਲਿਆ ਸੀ। ਇਸ ਪ੍ਰੀਖਿਆ ਨੂੰ ਹਾਈ ਕੋਰਟ ਵਿਚ ਚੁਣੌਤੀ ਦਿੱਤੀ ਗਈ ਸੀ ਕਿਉਂਕਿ ਭਰਤੀ ਦਾ ਤਰੀਕਾ ਤੇ ਢੰਗ ਬਦਲ ਦਿੱਤਾ ਗਿਆ ਅਤੇ ਪੀਪੀਐਸਸੀ ਦੇ ਅਧਿਕਾਰ ਖੇਤਰ ਵਿਚੋਂ ਭਰਤੀ ਨੂੰ ਬਾਹਰ ਕੱਢਿਆ ਗਿਆ। ਇਸ ਭਰਤੀ ਵਿਚ ਗੈਸਟ ਫੈਕਲਟੀ ਅਧਿਆਪਕਾਂ ਨੂੰ ਸਪੈਸ਼ਲ ਪੰਜ ਨੰਬਰਾਂ ਦੀ ਰਿਆਇਤ ਦਿੱਤੀ ਗਈ ਸੀ। ਹਾਈ ਕੋਰਟ ਨੇ ਹੁਣ ਇਸ ਮਾਮਲੇ ਨੂੰ ਹਰੀ ਝੰਡੀ ਦੇ ਦਿੱਤੀ ਹੈ।

                                ਆਮ ਆਦਮੀ ਪਾਰਟੀ ਦੀ ਸਰਕਾਰ ਨੇ ਤਨਖ਼ਾਹ ਵਧਾਈ

ਗੈਸਟ ਫੈਕਲਟੀ ਅਧਿਆਪਕਾਂ ਨੂੰ ਸਾਲ 2002 ਵਿਚ 100 ਰੁਪਏ ਪ੍ਰਤੀ ਘੰਟਾ ਦਿੱਤਾ ਜਾਂਦਾ ਸੀ ਅਤੇ ਵੱਧ ਤੋਂ ਵੱਧ ਪੰਜ ਹਜ਼ਾਰ ਮਿਹਨਤਾਨਾ ਦਿੱਤਾ ਜਾਂਦਾ ਸੀ। 2007 ਵਿਚ ਪ੍ਰਤੀ ਘੰਟਾ 175 ਰੁਪਏ ਅਤੇ ਵੱਧ ਤੋਂ ਵੱਧ 7 ਹਜ਼ਾਰ ਦਿੱਤਾ ਜਾਂਦਾ ਸੀ। 2011 ਵਿਚ ਉੱਕਾ ਪੁੱਕਾ 10 ਹਜ਼ਾਰ ਰੁਪਏ ਤਨਖ਼ਾਹ ਨਿਸਚਿਤ ਕੀਤੀ ਅਤੇ 2016 ਵਿਚ 21,600 ਰੁਪਏ ਤਨਖ਼ਾਹ ਕਰ ਦਿੱਤੀ ਗਈ। ‘ਆਪ’ ਸਰਕਾਰ ਨੇ ਵੱਧ ਤੋਂ ਵੱਧ ਤਜਰਬੇ ਵਾਲੇ ਗੈਸਟ ਫੈਕਲਟੀ ਦੀ ਤਨਖ਼ਾਹ 47,100 ਰੁਪਏ ਕੀਤੀ ਹੈ।

                                ਗੈਸਟ ਫੈਕਲਟੀ ਕੱਢੇ ਨਹੀਂ ਜਾਣਗੇ: ਹਰਜੋਤ ਸਿੰਘ ਬੈਂਸ 

ਉਚੇਰੀ ਸਿੱਖਿਆ ਬਾਰੇ ਮੰਤਰੀ ਹਰਜੋਤ ਸਿੰਘ ਬੈਂਸ ਦਾ ਕਹਿਣਾ ਸੀ ਕਿ ਰਾਜ ਚੋਣ ਕਮਿਸ਼ਨ ਤੋਂ ਪ੍ਰਵਾਨਗੀ ਲੈਣ ਉਪਰੰਤ 1158 ਸਹਾਇਕ ਪ੍ਰੋਫੈਸਰਾਂ ਨੂੰ ਤਾਇਨਾਤੀ ਦਿੱਤੀ ਗਈ ਹੈ ਅਤੇ 650 ਹੋਰ ਸਹਾਇਕ ਪ੍ਰੋਫੈਸਰਾਂ ਦੀ ਭਰਤੀ ਦਾ ਵੀ ਰਾਹ ਪੱਧਰਾ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਕਿਸੇ ਵੀ ਗੈਸਟ ਫੈਕਲਟੀ ਅਧਿਆਪਕ ਨੂੰ ਨੌਕਰੀ ਵਿਚੋਂ ਨਹੀਂ ਕੱਢੇਗੀ ਅਤੇ ਜਲਦ ਹੀ ਮਾਮਲਾ ਕੈਬਨਿਟ ਵਿਚ ਲਿਆ ਕੇ ਕੋਈ ਰਾਹ ਕੱਢ ਲਿਆ ਜਾਵੇਗਾ।

Thursday, August 22, 2024

                                                      ਸਿਆਸਤ ਨੂੰ ਠੱਲ੍ਹ
                                 ਵਿਰਾਸਤੀ ਕਾਲਜਾਂ ਦਾ ਫ਼ੈਸਲਾ ਮੁਲਤਵੀ
                                                       ਚਰਨਜੀਤ ਭੁੱਲਰ   

ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੇ ਵਿਰਾਸਤੀ ਕਾਲਜਾਂ ਦੀ ਸਾਖ਼ ਬਚਾਉਣ ਹਿਤ ਉਚੇਰੀ ਸਿੱਖਿਆ ਵਿਭਾਗ ਵੱਲੋਂ ਸੂਬੇ ਦੇ ਅੱਠ ਕਾਲਜਾਂ ਨੂੰ ਖ਼ੁਦਮੁਖ਼ਤਾਰ ਬਣਾਉਣ ਸਬੰਧੀ ਲਏ ਫ਼ੈਸਲੇ ਨੂੰ ਫ਼ਿਲਹਾਲ ਮੁਲਤਵੀ ਕਰ ਦਿੱਤਾ ਹੈ। ਪੰਜਾਬ ਦੇ ਵਿੱਦਿਅਕ ਹਲਕਿਆਂ ’ਚ ਪਏ ਰੌਲੇ-ਰੱਪੇ ਨੂੰ ਮੁੱਖ ਮੰਤਰੀ ਦਾ ਇਹ ਫ਼ੈਸਲਾ ਠੁੰਮਮ੍ਹਣਾ ਦੇਵੇਗਾ। ਮੁੱਖ ਮੰਤਰੀ ਦਫ਼ਤਰ ਦਾ ਮੰਨਣਾ ਹੈ ਕਿ ਸਿੱਖਿਆ ਸਮਵਰਤੀ ਸੂਚੀ ਦਾ ਵਿਸ਼ਾ ਹੈ ਅਤੇ ਸੂਬਾ ਸਰਕਾਰ ਇਸ ਵਿਸ਼ੇ ’ਤੇ ਫ਼ੈਸਲਾ ਲੈਣ ਲਈ ਖ਼ੁਦਮੁਖ਼ਤਿਆਰ ਹੈ। ਸੂਤਰਾਂ ਮੁਤਾਬਕ ਮੁੱਖ ਮੰਤਰੀ ਨੇ ਸਖ਼ਤ ਲਹਿਜ਼ੇ ’ਚ ਕਿਹਾ ਹੈ ਕਿ ਸੂਬਾ ਸਰਕਾਰ ਕੋਈ ਵੀ ਅਜਿਹਾ ਫ਼ੈਸਲਾ ਨਹੀਂ ਲਵੇਗੀ, ਜੋ ਪੰਜਾਬ ਅਤੇ ਲੋਕ ਹਿੱਤਾਂ ਖਿਲਾਫ਼ ਭੁਗਤਦਾ ਹੋਵੇਗਾ। ਉਨ੍ਹਾਂ ਕਿਹਾ ਕਿ ਵਿੱਦਿਅਕ ਮਾਹਿਰਾਂ ਤੋਂ ਮਿਲੀ ਫੀਡਬੈਕ ਕਰਕੇ ਇਸ ਮਾਮਲੇ ’ਤੇ ਕੋਈ ਕਾਹਲ ਨਹੀਂ ਕੀਤੀ ਜਾਵੇਗੀ ਤੇ ਇਸ ਨੂੰ ਮੁੜ ਵਿਚਾਰਿਆ ਜਾਵੇਗਾ। ਇਸ ਬਾਰੇ ਮਾਹਿਰਾਂ ਦੀ ਕੋਈ ਕਮੇਟੀ ਕਾਇਮ ਕੀਤੇ ਜਾਣ ਦੀ ਵੀ ਸੰਭਾਵਨਾ ਹੈ।

          ਨਵੀਂ ਸਿੱਖਿਆ ਨੀਤੀ ਤਹਿਤ ਯੂਨੀਵਰਸਿਟੀ ਗਰਾਂਟਸ ਕਮਿਸ਼ਨ (ਯੂਜੀਸੀ) ਨੇ ਪਿਛਲੇ ਸਾਲ 3 ਅਪਰੈਲ ਨੂੰ ਨੋਟੀਫ਼ਿਕੇਸ਼ਨ ਜਾਰੀ ਕੀਤਾ ਸੀ ਜਿਸ ਤਹਿਤ ਹਰ ਸੂਬੇ ਵਿਚ ਕਾਲਜਾਂ ਨੂੰ ਖ਼ੁਦਮੁਖ਼ਤਿਆਰ ਬਣਾਇਆ ਜਾਣਾ ਹੈ। ਵਿੱਦਿਅਕ ਮਾਹਿਰਾਂ ਦਾ ਤਰਕ ਹੈ ਕਿ ਕੇਂਦਰ ਸਰਕਾਰ ਇਸ ਨੋਟੀਫ਼ਿਕੇਸ਼ਨ ਜ਼ਰੀਏ ਉਚੇਰੀ ਸਿੱਖਿਆ ਦੇ ਨਿੱਜੀਕਰਨ ਵੱਲ ਕਦਮ ਵਧਾ ਰਹੀ ਹੈ। ਡੀਪੀਆਈ ਕਾਲਜਾਂ ਨੇ ਅੱਠ ਕਾਲਜਾਂ ਨੂੰ ਪੱਤਰ ਜਾਰੀ ਕਰਕੇ ਯੂਜੀਸੀ ਦੇ ਪੋਰਟਲ ’ਤੇ ਅਪਲਾਈ ਕਰਨ ਲਈ ਆਖ ਦਿੱਤਾ ਸੀ। ਸਮੁੱਚੇ ਪੰਜਾਬ ਵਿਚ ਇਨ੍ਹਾਂ ਕਦਮਾਂ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਅਤੇ ਸੂਬਾ ਸਰਕਾਰ ਤਰਫ਼ੋਂ ਕੋਈ ਪ੍ਰਤੀਕਰਮ ਵੀ ਨਹੀਂ ਆ ਰਿਹਾ ਸੀ। ਸੂਤਰਾਂ ਮੁਤਾਬਕ ਕੁਝ ਅਧਿਕਾਰੀਆਂ ਨੇ ਮੁੱਖ ਮੰਤਰੀ ਦਫ਼ਤਰ ਨੂੰ ਇਸ ਫ਼ੈਸਲੇ ਬਾਰੇ ਓਹਲੇ ਵਿਚ ਰੱਖਿਆ। ਜਦੋਂ ਮੁੱਖ ਮੰਤਰੀ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਸਮੁੱਚੇ ਮਾਮਲੇ ਦੀ ਛਾਣਬੀਣ ਕੀਤੀ। ਮੁੱਖ ਮੰਤਰੀ ਦਫ਼ਤਰ ਨੇ ਅੱਠ ਕਾਲਜਾਂ ਨੂੰ ਖ਼ੁਦਮੁਖ਼ਤਿਆਰ ਬਣਾਏ ਜਾਣ ਵਾਲੇ ਫ਼ੈਸਲੇ ਨੂੰ ਮੁਲਤਵੀ ਕਰ ਦਿੱਤਾ ਹੈ।

            ਮੁੱਖ ਮੰਤਰੀ ਦਫ਼ਤਰ ਨੇ ਕਿਹਾ ਕਿ ਸੂਬਾ ਸਰਕਾਰ ਆਪਣੇ ਵਿਰਾਸਤੀ ਕਾਲਜਾਂ ਨੂੰ ਅੱਗੇ ਲਿਜਾਣ ਲਈ ਪੂਰਨ ਰੂਪ ਵਿਚ ਸਮਰੱਥ ਹੈ ਅਤੇ ਕੇਂਦਰ ਦੇ ਅਜਿਹੇ ਕਿਸੇ ਫ਼ੈਸਲੇ ਨੂੰ ਲਾਗੂ ਨਹੀਂ ਕੀਤਾ ਜਾਵੇਗਾ ਜੋ ਸੂਬੇ ਦੇ ਗ਼ਰੀਬ ਬੱਚਿਆਂ ਖ਼ਿਲਾਫ਼ ਭੁਗਤਦਾ ਹੋਵੇ। ਇੱਕ ਦੋ ਦਿਨਾਂ ਵਿਚ ਇਸ ਬਾਰੇ ਬਕਾਇਦਾ ਪੱਤਰ ਵੀ ਜਾਰੀ ਹੋਣ ਦੀ ਸੰਭਾਵਨਾ ਹੈ। ਉਚੇਰੀ ਸਿੱਖਿਆ ਵਿਭਾਗ ਦੇ ਇਸ ਫ਼ੈਸਲੇ ਨਾਲ ਸਮੁੱਚੀ ਸਰਕਾਰ ਨੂੰ ਕਟਹਿਰੇ ਵਿਚ ਖੜ੍ਹਾ ਹੋਣਾ ਪਿਆ ਹੈ। ਸੂਬੇ ਵਿਚ ਵਿਰੋਧੀ ਧਿਰਾਂ ਨੇ ਇਸ ਮੁੱਦੇ ’ਤੇ ਸਿਆਸਤ ਭਖਾਈ ਹੋਈ ਸੀ। ਮੁੱਖ ਮੰਤਰੀ ਦਫ਼ਤਰ ਦੇ ਤਾਜ਼ਾ ਫ਼ੈਸਲੇ ਨਾਲ ਹੁਣ ਸਿਆਸਤ ਨੂੰ ਠੱਲ੍ਹ ਪੈਣ ਦੀ ਸੰਭਾਵਨਾ ਹੈ।

Saturday, August 17, 2024

                                                        ਸਟੱਡੀ ਵੀਜ਼ੇ ਘਟੇ 
                                       ਕਾਲਜਾਂ ’ਚ ਚਹਿਲ-ਪਹਿਲ ਪਰਤੀ
                                                         ਚਰਨਜੀਤ ਭੁੱਲਰ   

ਚੰਡੀਗੜ੍ਹ : ਪੰਜਾਬ ਲਈ ਇਹ ਨਵੀਂ ਖੁਸ਼ਖ਼ਬਰ ਹੈ ਕਿ ਵਰ੍ਹਿਆਂ ਮਗਰੋਂ ਡਿਗਰੀ ਕਾਲਜਾਂ ਵਿੱਚ ਚਹਿਲ-ਪਹਿਲ ਬਣੀ ਹੈ। ਜਦ ਤੋਂ ਸਟੱਡੀ ਵੀਜ਼ੇ ਮਿਲਣੇ ਘਟੇ ਹਨ ਅਤੇ ਵਿਦੇਸ਼ੀ ਮੁਲਕਾਂ ਨੇ ਬੂਹੇ ਭੇੜਣੇ ਸ਼ੁਰੂ ਕੀਤੇ ਹਨ, ਉਦੋਂ ਤੋਂ ਪੰਜਾਬ ਦੇ ਡਿਗਰੀ ਕਾਲਜਾਂ ’ਚ ਸਾਹ ਪਏ ਹਨ। ਕੈਨੇਡਾ ਅਤੇ ਆਸਟਰੇਲੀਆ ਨੇ ਸਟੱਡੀ ਵੀਜ਼ਾ ਨਿਯਮਾਂ ’ਚ ਸਖ਼ਤੀ ਕੀਤੀ ਹੈ। ਵਿਦੇਸ਼ ਦੀ ਖੱਜਲ-ਖੁਆਰੀ ਨੇ ਵੀ ਪੰਜਾਬ ਦੇ ਨੌਜਵਾਨਾਂ ਨੂੰ ਸ਼ੀਸ਼ਾ ਦਿਖਾਇਆ ਹੈ। ਪ੍ਰਾਈਵੇਟ ਕਾਲਜਾਂ ਦੇ ਪ੍ਰਬੰਧਕਾਂ ਨੂੰ ਠੁੰਮ੍ਹਣਾ ਮਿਲਿਆ ਹੈ। ਪੰਜਾਬ ਵਿੱਚ ਇਸ ਵੇਲੇ 421 ਡਿਗਰੀ ਕਾਲਜ ਹਨ, ਜਿਨ੍ਹਾਂ ਵਿੱਚ 113 ਏਡਿਡ ਤੇ 129 ਪ੍ਰਾਈਵੇਟ ਕਾਲਜ ਹਨ। ਪੰਜਾਬੀ ’ਵਰਸਿਟੀ ਦੇ ਕਾਲਜਾਂ ਵਿੱਚ ਦਾਖ਼ਲਿਆਂ ਦੀ ਅੱਜ ਅੰਤਿਮ ਤਰੀਕ ਸੀ, ਜਿਸ ’ਚ ਵਾਧਾ ਹੋਣ ਦੀ ਸੰਭਾਵਨਾ ਹੈ। ਵਰ੍ਹਾ 2024-25 ਦੇ ਅੰਡਰ ਗਰੈਜੂਏਸ਼ਨ ਦਾਖ਼ਲਿਆਂ ਲਈ ਕੁੱਲ 1.42 ਲੱਖ ਵਿਦਿਆਰਥੀਆਂ ਨੇ ਰਜਿਸਟ੍ਰੇਸ਼ਨ ਕੀਤੀ ਅਤੇ 1.31 ਲੱਖ ਦਾਖਲਾ ਫਾਰਮ ਪ੍ਰਾਪਤ ਹੋਏ।

        ਪਿੰਡ ਬਾਦਲ ਦੇ ਦਸਮੇਸ਼ ਗਰਲਜ਼ ਕਾਲਜ ’ਚ ਐਤਕੀਂ ਬੀਏ ਭਾਗ ਪਹਿਲਾ ਵਿੱਚ 225 ਦਾਖ਼ਲੇ ਹੋਏ ਹਨ ਜੋ ਕਿ ਪਿਛਲੇ ਵਰ੍ਹੇ 175 ਦੇ ਕਰੀਬ ਸਨ। ਕਾਲਜ ਪ੍ਰਿੰਸੀਪਲ ਡਾ. ਐੱਸਐੱਸ ਸੰਘਾ ਆਖਦੇ ਹਨ ਕਿ ਕਾਲਜ ਵਿੱਚ ਸਮੁੱਚੇ ਦਾਖ਼ਲੇ ਪਿਛਲੇ ਸਾਲ ਨਾਲੋਂ ਸੌ ਦੇ ਕਰੀਬ ਵਧੇ ਹਨ। ਉਨ੍ਹਾਂ ਦੱਸਿਆ ਕਿ ਵਿਦਿਆਰਥੀਆਂ ’ਚ ਚੇਤਨਤਾ ਵਧੀ ਹੈ ਅਤੇ ਵਿਦਿਆਰਥੀ ਵਿਦੇਸ਼ ਦੀ ਥਾਂ ਇੱਥੇ ਆਪਣਾ ਭਵਿੱਖ ਦੇਖਣ ਲੱਗੇ ਹਨ। ਜਾਣਕਾਰੀ ਅਨੁਸਾਰ ਪੰਜਾਬ ਵਿੱਚ 59 ਸਰਕਾਰੀ ਕਾਲਜ ਹਨ। ਸਰਕਾਰੀ ਕਾਲਜ ਜ਼ੀਰਾ ਵਿੱਚ ਪਿਛਲੇ ਵਰ੍ਹੇ ਬੀਏ ਭਾਗ ਪਹਿਲਾ ’ਚ 222 ਵਿਦਿਆਰਥੀ ਦਾਖਲ ਹੋਏ ਸਨ, ਜਦੋਂ ਕਿ ਐਤਕੀਂ 320 ਸੀਟਾਂ ਭਰ ਚੁੱਕੀਆਂ ਹਨ ਅਤੇ ਕਾਲਜ ਨੇ 80 ਸੀਟਾਂ ਹੋਰ ਮੰਗੀਆਂ ਹਨ। ਕਾਲਜ ਦੇ ਇੱਕ ਸਟਾਫ ਮੈਂਬਰ ਨੇ ਦੱਸਿਆ ਕਿ ਇਸ ਵਾਰ ਦਾਖ਼ਲਿਆਂ ਵਾਸਤੇ ਵਿਧਾਇਕਾਂ ਤੇ ਵਜ਼ੀਰਾਂ ਦੇ ਫੋਨ ਆ ਰਹੇ ਹਨ। ਦੂਜਾ ਪਾਸਾ ਇਹ ਹੈ ਕਿ ਇਸ ਕਾਲਜ ਵਿਚ ਕੋਈ ਰੈਗੂਲਰ ਅਧਿਆਪਕ ਹੀ ਨਹੀਂ ਹੈ, ਸਿਰਫ਼ ਗੈਸਟ ਫੈਕਲਟੀ ਸਟਾਫ ਹੀ ਹੈ।

        ਸਭ ਤੋਂ ਵੱਡੀ ਮਾਰ ਪਹਿਲਾਂ ਲੁਧਿਆਣਾ, ਹੁਸ਼ਿਆਰਪੁਰ ਅਤੇ ਜਲੰਧਰ ਦੇ ਕਾਲਜਾਂ ਨੂੰ ਪੈਂਦੀ ਰਹੀ ਹੈ ਜਿੱਥੇ ਵਿਦਿਆਰਥੀਆਂ ਦਾ ਡਰਾਪ ਆਊਟ ਦਰ 25 ਫ਼ੀਸਦੀ ਤੱਕ ਚਲੀ ਜਾਂਦੀ ਸੀ। ਹੁਣ ਪੇਂਡੂ ਵਿਦਿਆਰਥੀ ਕਾਲਜਾਂ ’ਚ ਵਧੇਰੇ ਆ ਰਹੇ ਹਨ। ਬਠਿੰਡਾ ਦੇ ਸਰਕਾਰੀ ਰਜਿੰਦਰਾ ਕਾਲਜ ਦੀ ਪ੍ਰਿੰਸੀਪਲ ਡਾ. ਜੋਤਸਨਾ ਨੇ ਦੱਸਿਆ ਕਿ ਇਸ ਵਾਰ ਦਾਖ਼ਲਿਆਂ ਲਈ ਮੈਰਿਟ ਜਨਰਲ ਵਰਗ ਲਈ 80 ਫ਼ੀਸਦੀ ਤੱਕ ਚਲੀ ਗਈ ਹੈ ਅਤੇ ਹੁਣ ਤੱਕ ਬੀਏ ਭਾਗ ਪਹਿਲਾ ਵਿਚ 850 ਦਾਖ਼ਲੇ ਹੋ ਚੁੱਕੇ ਹਨ। ਬਹੁਤੇ ਸਰਕਾਰੀ ਕਾਲਜ ਸਟਾਫ ਦੀ ਕਮੀ ਕਰਕੇ ਵੱਧ ਦਾਖ਼ਲੇ ਕਰਨ ਤੋਂ ਗੁਰੇਜ਼ ਵੀ ਕਰ ਰਹੇ ਹਨ। ਨਿਆਲ ਪਾਤੜਾਂ ਦੇ ਸਰਕਾਰੀ ਕਾਲਜ ਵਿੱਚ ਬੀਏ ਭਾਗ ਪਹਿਲਾ ’ਚ 350 ਦੇ ਕਰੀਬ ਦਾਖ਼ਲੇ ਹੋ ਚੁੱਕੇ ਹਨ। ਦਾਖਲਾ ਕੋਆਰਡੀਨੇਟਰ ਡਾ. ਗੁਰਜੀਤ ਸਿੰਘ ਮਾਹੀ ਦਾ ਕਹਿਣਾ ਸੀ ਕਿ ਨਵੀਂ ਦਾਖਲਾ ਨੀਤੀ ਨੇ ਐਤਕੀਂ ਜ਼ਰੂਰ ਵਿਦਿਆਰਥੀਆਂ ’ਚ ਤੌਖਲੇ ਖੜ੍ਹੇ ਕੀਤੇ ਹਨ ਪਰ ਉਂਜ ਰੁਝਾਨ ਮੋੜਾ ਦੇਣ ਵਾਲਾ ਹੈ।

         ਸੁਨਾਮ ਦੇ ਸ਼ਹੀਦ ਊਧਮ ਸਿੰਘ ਕਾਲਜ ’ਚ ਬੀਏ ਭਾਗ ਪਹਿਲਾ ਵਿੱਚ ਹੁਣ ਤੱਕ ਇੱਕ ਹਜ਼ਾਰ ਦਾਖਲਾ ਹੋ ਚੁੱਕਿਆ ਹੈ। ਕਾਲਜ ਪ੍ਰਬੰਧਕ ਆਖਦੇ ਹਨ ਕਿ ਦਾਖ਼ਲੇ ਹਾਲੇ ਅਗਸਤ ਦੇ ਅਖੀਰ ਤੱਕ ਚੱਲਣੇ ਹਨ। ਪੰਜਾਬ ਯੂਨੀਵਰਸਿਟੀ ਦੇ ਸਾਬਕਾ ਸੈਨੇਟਰ ਅਤੇ ਖ਼ਾਲਸਾ ਕਾਲਜ ਆਫ ਐਜੂਕੇਸ਼ਨ ਮੁਕਤਸਰ ਦੇ ਪ੍ਰਿੰਸੀਪਲ ਡਾ. ਤਰਲੋਕ ਬੰਧੂ ਆਖਦੇ ਹਨ ਕਿ ਵਿਦੇਸ਼ਾਂ ’ਚ ਹੋ ਰਹੀ ਖੱਜਲ-ਖੁਆਰੀ ਨੇ ਪੰਜਾਬੀ ਨੌਜਵਾਨਾਂ ਦਾ ਮੂੰਹ ਮੋੜਿਆ ਹੈ। ਵਿਦੇਸ਼ ’ਚ ਰੁਜ਼ਗਾਰ ਦੇ ਵਸੀਲੇ ਘਟੇ ਹਨ ਅਤੇ ਵਿਦਿਆਰਥੀਆਂ ਦੀ ਲੁੱਟ ਵਧੀ ਹੈ। ਲਾਲਾ ਲਾਜਪਤ ਰਾਏ ਸਰਕਾਰੀ ਕਾਲਜ ਢੁੱਡੀਕੇ ਦੀ ਪ੍ਰਿੰਸੀਪਲ ਰੇਣੂ ਨੇ ਐਤਕੀਂ ਡਿਗਰੀ ਕਾਲਜਾਂ ’ਚ ਦਾਖ਼ਲਿਆਂ ਦੇ ਰੁਝਾਨ ਨੂੰ ਉਸਾਰੂ ਪਹਿਲ ਦੱਸਿਆ ਹੈ ਅਤੇ ਇਸ ਤਰ੍ਹਾਂ ਜਸਦੇਵ ਸਿੰਘ ਸੰਧੂ ਡਿਗਰੀ ਕਾਲਜ ਕੌਲੀ ਦੀ ਪ੍ਰਿੰਸੀਪਲ ਡਾ. ਨਵਨੀਤ ਕੌਰ ਨੇ ਕਿਹਾ ਕਿ ਦਾਖ਼ਲੇ ਵਧਣ ਲੱਗੇ ਹਨ ਅਤੇ ਵਿਦਿਆਰਥੀ ਹੁਣ ਗੈਪ ਪੈਣ ਦੇ ਡਰੋਂ ਵੀ ਦਾਖ਼ਲੇ ਲੈ ਰਹੇ ਹਨ। 

         ਦੂਸਰੇ ਪਾਸੇ ਸਰਕਾਰੀ ਕਾਲਜ ਤਲਵਾੜਾ ਵਿੱਚ ਰੁਝਾਨ ਉਲਟਾ ਹੈ ਜਿੱਥੇ ਬੀਏ ਭਾਗ ਪਹਿਲਾ ਵਿਚ ਦਾਖ਼ਲੇ ਪੰਜਾਹ ਫ਼ੀਸਦੀ ਘਟੇ ਹਨ। ਕਾਲਜ ਪ੍ਰਿੰਸੀਪਲ ਗੁਰਮੀਤ ਸਿੰਘ ਦਲੀਲ ਦਿੰਦੇ ਹਨ ਕਿ ਨਵੀਂ ਸਿੱਖਿਆ ਨੀਤੀ ਦਾ ਇਹ ਨਾਂਹ-ਪੱਖੀ ਅਸਰ ਪਿਆ ਹੈ। ਭੀਖੀ (ਮਾਨਸਾ) ਦੇ ਨੈਸ਼ਨਲ ਕਾਲਜ (ਪ੍ਰਾਈਵੇਟ) ਵਿਚ ਕਰੀਬ ਇੱਕ ਸੌ ਦਾਖ਼ਲੇ ਵਧੇ ਹਨ। ਦਾਖਲਾ ਸੈੱਲ ਦੀ ਇੰਚਾਰਜ ਕਰਮਜੀਤ ਕੌਰ ਨੇ ਦੱਸਿਆ ਕਿ ਕਾਫ਼ੀ ਵਿਦਿਆਰਥੀ ਗੈਪ ਵਾਲੇ ਆਏ ਹਨ। ਵੇਰਵਿਆਂ ਅਨੁਸਾਰ ਪੰਜਾਬ ਦੇ ਡਿਗਰੀ ਕਾਲਜਾਂ ਵਿਚ ਹੁਣ ਤੱਕ ਇੱਕ ਲੱਖ ਦੇ ਕਰੀਬ ਦਾਖ਼ਲੇ ਹੋ ਚੁੱਕੇ ਹਨ ਜੋ ਕਿ ਪਿਛਲੇ ਵਰ੍ਹੇ 1.15 ਲੱਖ ਸਨ। ਸਾਲ 2021-22 ਵਿਚ ਇਹ ਦਾਖ਼ਲੇ 26,905 ਸਨ ਅਤੇ ਸਾਲ 2022-23 ਵਿਚ ਇਹ ਦਾਖ਼ਲੇ 28609 ਸਨ। 

                              ਆਪਣੇ ਕਾਲਜਾਂ ਪ੍ਰਤੀ ਮੋਹ ਜਾਗਿਆ: ਹਰਜੋਤ ਬੈਂਸ

ਉਚੇਰੀ ਸਿੱਖਿਆ ਬਾਰੇ ਮੰਤਰੀ ਹਰਜੋਤ ਸਿੰਘ ਬੈਂਸ ਆਖਦੇ ਹਨ ਕਿ ਦੋ ਵਰ੍ਹਿਆਂ ਵਿਚ ਪੰਜਾਬ ਦੇ ਵਿਦਿਆਰਥੀਆਂ ਦੀ ਤਰਜੀਹ ਬਦਲੀ ਹੈ ਤੇ ਉਨ੍ਹਾਂ ਨੇ ਵਿਦੇਸ਼ ਪੜ੍ਹਾਈ ਦੀ ਥਾਂ ਸਥਾਨਕ ਕਾਲਜਾਂ ਨੂੰ ਚੁਣਿਆ ਹੈ। ਉਨ੍ਹਾਂ ਕਿਹਾ ਕਿ ਸਟੱਡੀ ਵੀਜ਼ੇ ਦੇ ਰੁਝਾਨ ਨੂੰ ਠੱਲ੍ਹ ਪਈ ਹੈ। ਪੰਜਾਬ ਸਰਕਾਰ ਨੇ ਉਚੇਰੀ ਸਿੱਖਿਆ ਲਈ ਬਿਹਤਰ ਕਦਮ ਉਠਾਏ ਹਨ ਜਿਸ ਕਰਕੇ ਵਿਦਿਆਰਥੀਆਂ ਨੂੰ ਆਪਣੇ ਕਾਲਜਾਂ ਪ੍ਰਤੀ ਮੋਹ ਜਾਗਿਆ ਹੈ।

Friday, February 17, 2023

                                                      ਤਕਨੀਕੀ ਸਿੱਖਿਆ
                          ਪੰਜਾਬ ਵਿੱਚ 140 ਕਾਲਜਾਂ ਨੂੰ ਲੱਗੇ ਜਿੰਦਰੇ
                                                        ਚਰਨਜੀਤ ਭੁੱਲਰ      

ਚੰਡੀਗੜ੍ਹ : ਪੰਜਾਬ ਵਿਚ ਤਕਨੀਕੀ ਸਿੱਖਿਆ ਦੇ ਦਿਨ ਹੁਣ ਅੱਛੇ ਨਹੀਂ ਰਹੇ ਹਨ। ਤਕਨੀਕੀ ਕੋਰਸ ਹੁਣ ਨੌਜਵਾਨਾਂ ’ਚ ਖਿੱਚ ਨਹੀਂ ਪਾਉਂਦੇ ਹਨ। ਉੱਪਰੋਂ ਰੁਜ਼ਗਾਰ ’ਚ ਤਕਨੀਕੀ ਮੌਕਿਆਂ ਵਿੱਚ ਕਟੌਤੀ ਹੋਈ ਹੈ। ਰਹਿੰਦੀ ਕਸਰ ‘ਸਟੱਡੀ ਵੀਜ਼ਾ’ ਨੇ ਕੱਢ ਦਿੱਤੀ ਹੈ। ਪੰਜਾਬ ਵਿਚ ਲੰਘੇ ਪੰਜ ਸਾਲਾਂ ’ਚ ਤਕਨੀਕੀ ਸਿੱਖਿਆ ਦੇ 138 ਕਾਲਜਾਂ ਨੂੰ ਤਾਲੇ ਵੱਜ ਗਏ ਹਨ। ਜਿਹੜੇ ਤਕਨੀਕੀ ਕਾਲਜ ਚੱਲ ਰਹੇ ਹਨ, ਉਨ੍ਹਾਂ ਵਿੱਚ 55 ਫ਼ੀਸਦੀ ਸੀਟਾਂ ਖ਼ਾਲੀ ਰਹਿ ਜਾਂਦੀਆਂ ਹਨ। ਤਕਨੀਕੀ ਵਿੱਦਿਆ ਦੇ ਭਵਿੱਖ ਨੂੰ ਦਰਸਾਉਣ ਲਈ ਇਹ ਕਾਫ਼ੀ ਹੈ। ਆਲ ਇੰਡੀਆ ਕੌਂਸਲ ਫਾਰ ਟੈਕਨੀਕਲ ਐਜੂਕੇਸ਼ਨ ਦੇ ਵੇਰਵੇ ਪੰਜਾਬ ਵਿਚ ਤਕਨੀਕੀ ਸਿੱਖਿਆ ਦੀ ਤਰਾਸਦੀ ਨੂੰ ਉਭਾਰਦੇ ਹਨ। ਇਸ ਟੈਕਨੀਕਲ ਕੌਂਸਲ ਤੋਂ ਪ੍ਰਵਾਨਿਤ ਤਕਨੀਕੀ ਕਾਲਜਾਂ ਦੀ ਗਿਣਤੀ ਇਸ ਵੇਲੇ ਪੰਜਾਬ ਵਿਚ ਸਿਰਫ਼ 255 ਰਹਿ ਗਈ ਹੈ ਜਦੋਂ ਕਿ 2018-19 ਵਿਚ ਇਹ ਅੰਕੜਾ 393 ਕਾਲਜਾਂ ਦਾ ਸੀ। ਤਕਨੀਕੀ ਕੋਰਸਾਂ ਦੀਆਂ ਸੀਟਾਂ ’ਤੇ ਨਜ਼ਰ ਮਾਰੀਏ ਤਾਂ 2014-15 ਵਿਚ ਇਨ੍ਹਾਂ ਸਾਰੇ ਕਾਲਜਾਂ ਵਿਚ 1.44 ਲੱਖ ਸੀਟਾਂ ਸਨ, ਜਿਨ੍ਹਾਂ ਦੀ ਗਿਣਤੀ 2022-23 ਵਿਚ ਘੱਟ ਕੇ 71,762 ਰਹਿ ਗਈ ਹੈ।

         ਪੰਜਾਬ ਦੇ ਇਨ੍ਹਾਂ ਤਕਨੀਕੀ ਅਦਾਰਿਆਂ ’ਚ ਆਰਕੀਟੈਕਚਰ, ਪਲੈਨਿੰਗ, ਇੰਜਨੀਅਰਿੰਗ ਐਂਡ ਟੈਕਨਾਲੋਜੀ, ਟਾਊਨ ਪਲੈਨਿੰਗ, ਮੈਨੇਜਮੈਂਟ, ਐੱਮਸੀਏ, ਹੋਟਲ ਮੈਨੇਜਮੈਂਟ ਅਤੇ ਫਾਰਮੇਸੀ ਵਿਚ ਡਿਪਲੋਮਾ, ਗਰੈਜੂਏਟ ਅਤੇ ਪੋਸਟ ਗਰੈਜੂਏਟ ਕੋਰਸ ਚੱਲ ਰਹੇ ਹਨ। ਵੱਡੇ ਵੱਡੇ ਗਰੁੱਪ ਅਤੇ ਕਾਲਜਾਂ ਨੂੰ ਉਸ ਵੇਲੇ ਜਿੰਦਰੇ ਵੱਜ ਗਏ ਜਦੋਂ ਉਨ੍ਹਾਂ ਦੇ ਅਦਾਰਿਆਂ ਤੋਂ ਵਿਦਿਆਰਥੀਆਂ ਨੇ ਮੂੰਹ ਮੋੜ ਲਏ। ਪੰਜਾਬ ਵਿਚ ਤਕਨੀਕੀ ਹੁਨਰ ਦੀ ਮੰਗ ਦੇ ਮੌਕੇ ਘੱਟ ਗਏ ਅਤੇ 2016-17 ਤੋਂ ਪੰਜਾਬ ਦੀ ਜਵਾਨੀ ਨੇ ਵਿਦੇਸ਼ਾਂ ਵੱਲ ਮੂੰਹ ਕਰ ਲਏ। ਤੱਥਾਂ ਅਨੁਸਾਰ 2014-15 ਵਿਚ ਤਕਨੀਕੀ ਕਾਲਜਾਂ ਵਿਚ 70,830 ਵਿਦਿਆਰਥੀ ਦਾਖਲ ਹੋਏ ਸਨ ਅਤੇ ਸਿਰਫ਼ 48 ਫ਼ੀਸਦੀ ਸੀਟਾਂ ਹੀ ਭਰੀਆਂ ਸਨ। ਉਦੋਂ 58,743 ਵਿਦਿਆਰਥੀ ਪਾਸ ਹੋਏ ਸਨ ਅਤੇ ਇਨ੍ਹਾਂ ’ਚੋਂ 20,039 ਦੀ ਪਲੇਸਮੈਂਟ ਹੋ ਗਈ ਸੀ। ਪਿਛਲੇ ਸੱਤ ਸਾਲਾਂ ਵਿਚ ਤਕਨੀਕੀ ਕਾਲਜਾਂ ’ਚੋਂ 2.79 ਲੱਖ ਵਿਦਿਆਰਥੀ ਪਾਸ ਹੋਏ ਹਨ ਜਿਨ੍ਹਾਂ ’ਚੋਂ 1.42 ਲੱਖ ਦੀ ਪਲੇਸਮੈਂਟ ਹੋਈ ਹੈ। ਪੰਜਾਬ ਵਿਚ 2019-20 ਵਿਚ ਫਾਰਮੇਸੀ ਦੇ 125 ਕਾਲਜ ਸਨ ਜਿਨ੍ਹਾਂ ਦੀ ਗਿਣਤੀ ਹੁਣ ਸਿਰਫ਼ 43 ਰਹਿ ਗਈ ਹੈ। 

         ਚਾਰ ਸਾਲਾਂ ਵਿਚ 82 ਫਾਰਮੇਸੀ ਕਾਲਜ ਬੰਦ ਹੋ ਗਏ ਹਨ। ਇਨ੍ਹਾਂ ਸਾਲਾਂ ਵਿਚ ਸੀਟਾਂ ਦੀ ਗਿਣਤੀ ਵੀ 10,127 ਸੀਟਾਂ ਤੋਂ ਘੱਟ ਕੇ 4223 ਰਹਿ ਗਈ ਹੈ। ਆਰਟਸ ਕਾਲਜਾਂ ਵਿਚ ਵੀ ਦਾਖ਼ਲੇ ਧੜੰਮ ਕਰਕੇ ਡਿੱਗੇ ਹਨ। ਪਬਲਿਕ ਸੈਕਟਰ ਦੀਆਂ ਤਕਨੀਕੀ ’ਵਰਸਿਟੀਆਂ ਦਾ ਭਵਿੱਖ ਵੀ ਸੁਖਾਵਾਂ ਨਹੀਂ ਰਿਹਾ ਹੈ। ਬਾਬਾ ਹੀਰਾ ਸਿੰਘ ਭੱਠਲ ਇੰਸਟੀਚਿਊਟ ਆਫ ਇੰਜਨੀਅਰਿੰਗ ਐਂਡ ਟੈਕਨਾਲੋਜੀ ਲਹਿਰਾਗਾਗਾ ਦੇ ਹਾਲ ਬੁਰੇ ਹਨ ਅਤੇ ਇੱਥੇ ਕਾਫ਼ੀ ਸਮੇਂ ਫੈਕਲਟੀ ਨੂੰ ਤਨਖ਼ਾਹ ਨਹੀਂ ਦਿੱਤੀ ਜਾ ਸਕੀ ਹੈ। ਗੁਰਦਾਸਪੁਰ ਅਤੇ ਫ਼ਿਰੋਜ਼ਪੁਰ ਦੇ ਇੰਜਨੀਅਰਿੰਗ ਕਾਲਜਾਂ ਨੂੰ ਪਹਿਲਾਂ ’ਵਰਸਿਟੀ ਬਣਾ ਦਿੱਤਾ ਗਿਆ ਸੀ। ਹੁਣ ਇਨ੍ਹਾਂ ਨੂੰ ਮਰਜ਼ ਕੀਤੇ ਜਾਣ ਦੀ ਗੱਲ ਤੁਰੀ ਹੈ। ਜਦੋਂ ਪੰਜਾਬ ’ਚ ਤਕਨੀਕੀ ਸਿੱਖਿਆ ਦਾ ਰੁਝਾਨ ਜ਼ੋਰ ’ਤੇ ਸੀ ਤਾਂ ਉਦੋਂ ਖੁੰਬਾਂ ਵਾਂਗ ਕਾਲਜ ਖੁੱਲ੍ਹੇ ਸਨ।

                                ਵਿਦੇਸ਼ ਜਾਣ ਦੇ ਰੁਝਾਨ ਦਾ ਨਤੀਜਾ: ਸਿੱਧੂ

ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਬਠਿੰਡਾ ਦੇ ਉਪ ਕੁਲਪਤੀ ਡਾ. ਬੂਟਾ ਸਿੰਘ ਸਿੱਧੂ ਦਾ ਕਹਿਣਾ ਸੀ ਕਿ ਹੁਣ ਤਕਨੀਕੀ ਅਦਾਰਿਆਂ ਵਿਚ ਕੇਵਲ ਕੰਪਿਊਟਰ ਅਤੇ ਆਈਟੀ ਕੋਰਸਾਂ ਦੀਆਂ ਸੀਟਾਂ ਭਰ ਰਹੀਆਂ ਹਨ ਜਦੋਂ ਕਿ ਬਾਕੀ ਸੀਟਾਂ ਸੂਬੇ ਵਿਚ ਮੌਕੇ ਘਟਣ ਕਰਕੇ ਖ਼ਾਲੀ ਰਹਿ ਜਾਂਦੀਆਂ ਹਨ। ਉਨ੍ਹਾਂ ਦੱਸਿਆ ਕਿ ਨੌਜਵਾਨਾਂ ਦੇ ਵਿਦੇਸ਼ ਜਾਣ ਦੇ ਰੁਝਾਨ ਨੇ ਵੀ ਵੱਡੀ ਸੱਟ ਮਾਰੀ ਹੈ। ਮਿਆਰਾਂ ’ਤੇ ਖਰੇ ਨਾ ਉੱਤਰਨ ਵਾਲੇ ਅਦਾਰੇ ਹੀ ਬੰਦ ਹੋਏ ਹਨ।

                                ਵਜ਼ੀਫਾਬੰਦੀ ਨੇ ਕਾਲਜ ਬੰਦ ਕੀਤੇ: ਧਾਲੀਵਾਲ

ਜੁਆਇੰਟ ਐਸੋਸੀਏਸ਼ਨ ਆਫ਼ ਕਾਲਜਿਜ਼ ਦੇ ਚੇਅਰਮੈਨ ਗੁਰਮੀਤ ਸਿੰਘ ਧਾਲੀਵਾਲ ਨੇ ਕਿਹਾ ਕਿ ਇਨ੍ਹਾਂ ਕਾਲਜਾਂ ਵਿਚ 60 ਫ਼ੀਸਦੀ ਤੱਕ ਬੱਚੇ ਦਲਿਤ ਘਰਾਂ ’ਚੋਂ ਸਨ, ਜਿਨ੍ਹਾਂ ਦਾ ਸਕਾਲਰਸ਼ਿਪ ਪਹਿਲਾਂ ਘੱਟ ਦਿੱਤਾ ਗਿਆ ਅਤੇ ਫਿਰ ਤਿੰਨ ਵਰ੍ਹੇ ਦਿੱਤਾ ਹੀ ਨਹੀਂ ਗਿਆ, ਜਿਸ ਕਰਕੇ ਬਹੁਤੇ ਕਾਲਜ ਬੈਂਕਾਂ ਦੇ ਡਿਫਾਲਟਰ ਹੋ ਗਏ ਅਤੇ ਵਿੱਦਿਅਕ ਮਿਆਰ ਨੂੰ ਵੀ ਕਾਇਮ ਨਹੀਂ ਰੱਖ ਸਕੇ। ਦੂਸਰਾ ਕਾਰਨ ਡਿਗਰੀਆਂ ਦੇ ਬਾਵਜੂਦ ਬੱਚਿਆਂ ਕੋਲ ਸਕਿੱਲ ਨਹੀਂ ਸੀ ਜਿਸ ਕਰਕੇ ਕੰਪਨੀਆਂ ਨੇ ਪਾਸਾ ਵੱਟ ਲਿਆ। ਉਪਰੋਂ ਸਰਕਾਰ ਨੇ ਵੀ ਤਕਨੀਕੀ ਸਿੱਖਿਆ ਨੂੰ ਮੋੜਾ ਦੇਣ ਲਈ ਪ੍ਰੋਤਸਾਹਨ ਨਹੀਂ ਦਿੱਤਾ।

Wednesday, February 1, 2023

                                                       ‘ਸਟੱਡੀ ਵੀਜ਼ਾ’ 
                                         ਖਾਲੀ ਕੀਤੇ ਪੰਜਾਬ ਦੇ ਕਾਲਜ
                                                      ਚਰਨਜੀਤ ਭੁੱਲਰ   

ਚੰਡੀਗੜ੍ਹ : ਪੰਜਾਬ ’ਚੋਂ ਸਟੱਡੀ ਵੀਜ਼ਾ ’ਤੇ ਵਿਦੇਸ਼ ਜਾਣ ਦਾ ਰੁਝਾਨ ਹੁਣ ਕਾਲਜ ਖ਼ਾਲੀ ਕਰਨ ਲੱਗਾ ਹੈ। ਬਾਰ੍ਹਵੀਂ ਦੀ ਪੜ੍ਹਾਈ ਮਗਰੋਂ ਵਿਦਿਆਰਥੀ ਵਿਦੇਸ਼ਾਂ ਦਾ ਰੁਖ਼ ਕਰਨ ਲੱਗੇ ਹਨ ਜਿਸ ਕਾਰਨ ਕਾਲਜਾਂ ਤੇ ਯੂਨੀਵਰਸਿਟੀਆਂ ’ਚ ਵਿਦਿਆਰਥੀਆਂ ਦੀ ਗਿਣਤੀ ਘਟਣ ਲੱਗੀ ਹੈ। ਆਲ ਇੰਡੀਆ ਸਰਵੇ ਆਨ ਹਾਇਰ ਐਜੂਕੇਸ਼ਨ (2020-21) ਦੀ ਹਾਲ ਹੀ ਵਿੱਚ 29 ਜਨਵਰੀ ਨੂੰ ਜਾਰੀ ਰਿਪੋਰਟ ’ਚ ਇਹ ਤੱਥ ਉਭਰੇ ਹਨ। ਸਰਵੇ ਮੁਤਾਬਿਕ ਇਕੱਲੀ ਪੀਐੱਚਡੀ ਦੀ ਡਿਗਰੀ ਹੈ ਜਿਸ ’ਚ ਵਿਦਿਆਰਥੀਆਂ ਦੀ ਰੁਚੀ ਵਧੀ ਹੈ। ਸਰਵੇ ਰਿਪੋਰਟ ਅਨੁਸਾਰ ਲੰਘੇ ਪੰਜ ਸਾਲਾਂ ਅੰਦਰ ਕਾਫ਼ੀ ਕਾਲਜ ਬੰਦ ਵੀ ਹੋ ਗਏ ਹਨ। 2020-21 ਵਿਚ ਸੂਬੇ ’ਚ 1039 ਕਾਲਜ ਸਨ ਜਦਕਿ 2016-17 ਵਿੱਚ ਇਨ੍ਹਾਂ ਕਾਲਜਾਂ ਦੀ ਗਿਣਤੀ 1068 ਸੀ। ਇਨ੍ਹਾਂ ਪੰਜ ਸਾਲਾਂ ਅੰਦਰ 29 ਕਾਲਜ ਬੰਦ ਹੋਏ ਹਨ। ਪ੍ਰਾਪਤ ਅੰਕੜਿਆਂ ਅਨੁਸਾਰ ਉਚੇਰੀ ਸਿੱਖਿਆ ਲਈ 2017-18 ’ਚ 9.59 ਲੱਖ ਵਿਦਿਆਰਥੀਆਂ ਨੇ ਦਾਖਲਾ ਲਿਆ ਸੀ ਜਦਕਿ 2020-21 ’ਚ ਇਹ ਦਾਖਲਾ ਲੈਣ ਵਾਲੇ ਵਿਦਿਆਰਥੀ 8.33 ਲੱਖ ਰਹਿ ਗਏ ਸਨ। 

         ਇਨ੍ਹਾਂ ਚਾਰ ਸਾਲਾਂ ਅੰਦਰ ਵਿਦਿਆਰਥੀਆਂ ਦੀ ਗਿਣਤੀ ’ਚ ਸਵਾ ਲੱਖ ਦੀ ਕਮੀ ਆਈ ਹੈੈ। ਬਹੁਤੇ ਪ੍ਰੋਫੈਸ਼ਨਲ ਕੋਰਸਾਂ ਲਈ ਤਾਂ ਕਾਲਜਾਂ ਵਿੱਚ ਪੂਰੀਆਂ ਸੀਟਾਂ ਹੀ ਨਹੀਂ ਭਰ ਰਹੀਆਂ ਹਨ। ਉਕਤ ਚਾਰ ਸਾਲਾਂ ਦੌਰਾਨ ਉਚੇਰੀ ਸਿੱਖਿਆ ਲਈ 65,339 ਲੜਕੀਆਂ ਤੇ 60,862 ਮੁੰਡਿਆਂ ਦੇ ਦਾਖ਼ਲਿਆਂ ’ਚ ਕਮੀ ਆਈ ਹੈ। ਇਸੇ ਤਰ੍ਹਾਂ ਦਲਿਤ ਵਿਦਿਆਰਥੀਆਂ ਦੇ ਵੀ 40,187 ਦਾਖ਼ਲੇ ਘਟੇ ਹਨ। ਪੰਜਾਬ ਵਿਚ ਸਟੱਡੀ ਵੀਜ਼ੇ ’ਤੇ ਵਿਦੇਸ਼ ਜਾਣ ਦਾ ਰੁਝਾਨ 2016-17 ਵਿਚ ਸ਼ੁਰੂ ਹੋਇਆ ਸੀ ਤੇ ਤੇਜ਼ੀ ਨਾਲ ਵਧਿਆ। 2016 ਤੋਂ 2021 ਤੱਕ ਪੰਜਾਬ ’ਚੋਂ 2.62 ਲੱਖ ਵਿਦਿਆਰਥੀ ਸਟੱਡੀ ਵੀਜ਼ੇ ’ਤੇ ਵਿਦੇਸ਼ ਗਏ ਹਨ। ਲੰਘੇ ਪੰਜ ਸਾਲਾਂ ਦਾ ਰੁਝਾਨ ਹੈ ਕਿ ਪੰਜਾਬ ’ਚੋਂ ਰੋਜ਼ਾਨਾ ਔਸਤਨ 140 ਵਿਦਿਆਰਥੀ ਵਿਦੇਸ਼ ਪੜ੍ਹਨ ਜਾ ਰਹੇ ਹਨ। ਦੇਖਿਆ ਜਾਵੇ ਤਾਂ ਇਸ ਵੇਲੇ ਪੰਜਾਬ ਦੇ ਸਰਕਾਰੀ ਕਾਲਜਾਂ ’ਚੋਂ ਪੇਂਡੂ ਖੇਤਰ ਦੇ ਕਾਲਜ ਤਾਂ ਲਗਭਗ ਖਾਲੀ ਵਰਗੇ ਹੀ ਹਨ। ਨਵੇਂ ਕਾਲਜ ਤਾਂ ਪਿਛਲੇ ਸਮਿਆਂ ਵਿੱਚ ਖੁੱਲ੍ਹੇ ਹਨ ਪਰ ਉਨ੍ਹਾਂ ’ਚ ਨਾ ਪੜ੍ਹਾਉਣ ਵਾਲੇ ਹਨ ਅਤੇ ਨਾ ਹੀ ਪੜ੍ਹਨ ਵਾਲੇ। 

          ਸਰਕਾਰੀ ਕਾਲਜਾਂ ਵਿੱਚ 2056 ਪ੍ਰਵਾਨਿਤ ਅਸਾਮੀਆਂ ਹਨ ਜਿਨ੍ਹਾਂ ’ਚੋਂ 650 ਅਸਾਮੀਆਂ ਖਾਲੀ ਪਈਆਂ ਹਨ। ਲੰਘੇ ਸਮਿਆਂ ਵਿੱਚ ਸਰਕਾਰਾਂ ਵੱਲੋਂ ਕਦੇ ਵੀ ਸਰਕਾਰੀ ਕਾਲਜਾਂ ਨੂੰ ਸਾਲਾਨਾ 150 ਕਰੋੜ ਤੋਂ ਵੱਧ ਗਰਾਂਟ ਨਹੀਂ ਦਿੱਤੀ ਗਈ। ਦੂਸਰੇ ਪਾਸੇ 2021-22 ਦੇ ਵਰ੍ਹੇ ਵਿਚ 64 ਸਰਕਾਰੀ ਕਾਲਜਾਂ ਨੇ ਵਿਦਿਆਰਥੀਆਂ ਤੋਂ ਬਾਕੀ ਫੰਡਾਂ ਦੇ ਰੂਪ ਵਿੱਚ 75.83 ਕਰੋੜ ਰੁਪਏ ਇਕੱਠੇ ਕੀਤੇ ਹਨ ਜਿਨ੍ਹਾਂ ’ਚੋਂ 53.33 ਕਰੋੜ ਕਾਲਜਾਂ ’ਤੇ ਖਰਚ ਕੀਤੇ ਗਏ ਹਨ। ਵਿਦਿਆਰਥੀਆਂ ਦੇ ਪੈਸੇ ’ਚੋਂ ਵੀ ਸਰਕਾਰ ਨੇ 16.50 ਕਰੋੜ ਰੁਪਏ ਬਚਾਅ ਲਏ ਹਨ। ਨਵੇਂ ਸਰਵੇ ਅਨੁਸਾਰ ਅੰਡਰ ਗਰੈਜੂਏਟ ਕੋਰਸਾਂ ਵਿੱਚ ਪੰਜ ਸਾਲਾਂ ਦੌਰਾਨ 56,466 ਦਾਖ਼ਲਿਆਂ ਦੀ ਕਮੀ ਦੇਖਣ ਨੂੰ ਮਿਲੀ ਹੈ। ਇਸੇ ਤਰ੍ਹਾਂ ਪੋਸਟ ਗਰੈਜੂਏਟ ਕੋਰਸਾਂ ਵਿਚ 56,466 ਦਾਖ਼ਲੇ ਘਟੇ ਹਨ। ਅੰਡਰ ਗਰੈਜੂਏਸ਼ਨ ਲਈ 2016-17 ਵਿਚ 6.43 ਲੱਖ ਵਿਦਿਆਰਥੀ ਦਾਖਲ ਹੋਏ ਸਨ ਜਦਕਿ 2020-21 ਵਿੱਚ ਇਹ ਗਿਣਤੀ ਘੱਟ ਕੇ 5.86 ਲੱਖ ਰਹਿ ਗਈ ਹੈ। 

        ਵੱਡੀ ਕਮੀ ਐੱਮ.ਫਿਲ ਦੇ ਦਾਖਲਿਆਂ ਵਿੱਚ ਆਈ ਹੈ। 2020-21 ਵਿਚ ਪੀਐੱਚਡੀ ਲਈ 9566 ਵਿਦਿਆਰਥੀ ਦਾਖਲ ਹੋਏ ਸਨ ਜਦਕਿ 2016-17 ਵਿਚ ਇਹ ਗਿਣਤੀ 6843 ਵਿਦਿਆਰਥੀਆਂ ਦੀ ਸੀ।ਸਰਕਾਰੀ ਰਾਜਿੰਦਰਾ ਕਾਲਜ ਬਠਿੰਡਾ ਦੇ ਹਾਲ ’ਚ ਹੀ ਸੇਵਾਮੁਕਤ ਹੋਏ ਪ੍ਰਿੰਸੀਪਲ ਸੁਰਜੀਤ ਸਿੰਘ ਨੇ ਕਿਹਾ ਕਿ ਵਿਦਿਆਰਥੀਆਂ ਦੇ ਵਿਦੇਸ਼ ਜਾਣ ਦੇ ਰੁਝਾਨ ਨੇ ਵੱਡੀ ਸੱਟ ਉਚੇਰੀ ਸਿੱਖਿਆ ਦੇ ਅਦਾਰਿਆਂ ਨੂੰ ਮਾਰੀ ਹੈ। ਉਨ੍ਹਾਂ ਕਿਹਾ ਕਿ ਖਾਸ ਕਰਕੇ ਪੇਂਡੂ ਖੇਤਰ ਦੇ ਕਾਲਜਾਂ ’ਚ ਦਾਖ਼ਲੇ ਜ਼ਿਆਦਾ ਘਟੇ ਹਨ ਅਤੇ ਪੰਜਾਬ ਦੇ ਵਿਰਾਸਤੀ ਕਾਲਜਾਂ ’ਤੇ ਹਾਲਾਂਕਿ ਬਹੁਤਾ ਅਸਰ ਨਹੀਂ ਪਿਆ ਹੈ। ਸੇਵਾਮੁਕਤ ਪੀਸੀਐੱਸ ਅਧਿਕਾਰੀ ਹਰਚਰਨ ਸਿੰਘ ਸੰਧੂ ਜੋ ਕੈਨੇਡਾ ਦੇ ਬਾਸ਼ਿੰਦੇ ਹਨ, ਨੇ ਕਿਹਾ ਕਿ ਪੰਜਾਬੀ ਵਿਦਿਆਰਥੀਆਂ ਦੇ ਇਸ ਰੁਝਾਨ ਕਰਕੇ ਕੈਨੇਡਾ ਦੇ ਉੱਚ ਅਦਾਰੇ ਕਾਫੀ ਵੱਧ-ਫੁੱਲ ਰਹੇ ਹਨ।

                                 ਸਟੱਡੀ ਵੀਜ਼ੇ ’ਤੇ ਪੰਜਾਬ ਆਉਣ ਲੱਗੇ ਵਿਦੇਸ਼ੀ

ਵਿਦੇਸ਼ੀ ਵਿਦਿਆਰਥੀ ਪੜ੍ਹਾਈ ਲਈ ਪੰਜਾਬ ਨੂੰ ਵੀ ਤਰਜੀਹ ਦੇਣ ਲੱਗੇ ਹਨ। ਸਰਵੇ ਰਿਪੋਰਟ ਅਨੁਸਾਰ ਦੇਸ਼ ਭਰ ਵਿੱਚ 48035 ਵਿਦਿਆਰਥੀ ਵਿਦੇਸ਼ ਤੋਂ ਇੱਥੇ ਪੜ੍ਹਨ ਲਈ ਆਏ ਹਨ ਅਤੇ ਮੁਲਕ ’ਚੋਂ ਦੂਸਰਾ ਨੰਬਰ ਪੰਜਾਬ ਦਾ ਹੈ ਜਿੱਥੇ ਵਿਦੇਸ਼ਾਂ ਤੋਂ 6557 ਵਿਦਿਆਰਥੀ ਪੜ੍ਹਨ ਲਈ ਆਏ ਹਨ। ਕਰਨਾਟਕ ਪਹਿਲੇ ਨੰਬਰ ’ਤੇ ਹੈ ਜਿੱਥੇ 8137 ਵਿਦੇਸ਼ੀ ਵਿਦਿਆਰਥੀ ਪੜ੍ਹਨ ਲਈ ਆਏ ਹਨ। ਹਰਿਆਣਾ ਵਿਚ ਸਿਰਫ਼ 1837 ਵਿਦੇਸ਼ੀ ਵਿਦਿਆਰਥੀ ਪੜ੍ਹਨ ਵਾਸਤੇ ਆਏ ਹਨ।



Tuesday, September 14, 2021

                                             ਸਰਕਾਰੀ ਮਹੂਰਤ
                             ਇਮਾਰਤ ਵੀ ਉਧਾਰੀ, ਸਟਾਫ਼ ਵੀ ਉਧਾਰਾ
                                              ਚਰਨਜੀਤ ਭੁੱਲਰ   

ਚੰਡੀਗੜ੍ਹ : ਪੰਜਾਬ ਸਰਕਾਰ ਨੇ ਹਲਕਾ ਬੱਲੂਆਣਾ ਦੇ ਪਿੰਡ ਖੁੰਬਣ ਵਿੱਚ ਇੱਕ ਨਿੱਜੀ ਸਕੂਲ ਦੀ ਇਮਾਰਤ ’ਚ ਹੀ ਸਰਕਾਰੀ ਕਾਲਜ ਸ਼ੁਰੂ ਕਰ ਦਿੱਤਾ ਹੈ। ਉਚੇਰੀ ਸਿੱਖਿਆ ਵਿਭਾਗ ਨੇ ਇਸ ਹਲਕੇ ਦੇ ਪਿੰਡ ਸੁਖਚੈਨ ’ਚ ਨਵਾਂ ਸਰਕਾਰੀ ਕਾਲਜ ਖੋਲ੍ਹਿਆ ਹੈ ਪਰ ਇੱਥੇ ਇਮਾਰਤ ਨਾ ਬਣੀ ਹੋਣ ਕਰਕੇ ਨੇੜਲੇ ਪਿੰਡ ਖੁੰਬਣ ’ਚ ਨਵੇਂ ਦਾਖ਼ਲੇ ਸ਼ੁਰੂ ਕਰ ਦਿੱਤੇ ਹਨ। ਪਿੰਡ ਖੁੰਬਣ ਦੇ ਨਿੱਜੀ ਸਕੂਲ ’ਚ ਇੱਕ ਪਾਸੇ ਸਕੂਲ ਚੱਲ ਰਿਹਾ ਹੈ ਤੇ ਦੂਸਰੇ ਪਾਸੇ ਸਰਕਾਰੀ ਕਾਲਜ ਸ਼ੁਰੂ ਹੋ ਗਿਆ ਹੈ। ਇਮਾਰਤ ਵੀ ਉਧਾਰੀ ਹੈ ਅਤੇ ਸਟਾਫ਼ ਵੀ ਉਧਾਰਾ।ਚੋਣਾਂ ਮੌਕੇ ਕਾਂਗਰਸ ਨੇ ਚੋਣ ਮਨੋਰਥ ਪੱਤਰ ’ਚ ਪੰਜਾਬ ਵਿੱਚ ਸਰਕਾਰ ਬਣਨ ’ਤੇ 50 ਨਵੇਂ ਸਰਕਾਰੀ ਕਾਲਜ ਖੋਲ੍ਹਣ ਦਾ ਵਾਅਦਾ ਕੀਤਾ ਸੀ ਪਰ ਸਰਕਾਰ ਨੇ ਲੰਘੇ ਤਿੰਨ ਵਰ੍ਹਿਆਂ ਦੌਰਾਨ ਸਿਰਫ਼ ਛੇ ਨਵੇਂ ਕਾਲਜ ਚਾਲੂ ਕੀਤੇ ਜਦਕਿ ਦਰਜਨ ਸਰਕਾਰੀ ਕਾਲਜ ਹੁਣ ਸ਼ੁਰੂ ਕੀਤੇ ਗਏ ਹਨ। ਇਨ੍ਹਾਂ ਨਵੇਂ ਕਾਲਜਾਂ ਲਈ ਕਰੀਬ 200 ਕਰੋੜ ਰੁਪਏ ਜਾਰੀ ਕੀਤੇ ਗਏ ਹਨ। 

            ਵਿਰੋਧੀ ਆਖ ਰਹੇ ਹਨ ਕਿ ਚੋਣਾਂ ਸਿਰ ’ਤੇ ਹੋਣ ਕਰਕੇ ਸਰਕਾਰ ਨੇ ਨਵੇਂ ਕਾਲਜ ਬਿਨਾਂ ਇਮਾਰਤਾਂ ਅਤੇ ਸਟਾਫ਼ ਤੋਂ ਕਾਹਲ ’ਚ ਚਲਾ ਦਿੱਤੇ ਹਨ ਤਾਂ ਜੋ ਸਿਆਸੀ ਮੁੱਲ ਵੱਟਿਆ ਜਾ ਸਕੇ।ਅਬੋਹਰ ਦੇ ਸਰਕਾਰੀ ਸਕੂਲ ਦੀ ਇਮਾਰਤ ’ਚ ਨਵਾਂ ਕਾਲਜ ਚਾਲੂ ਕਰ ਦਿੱਤਾ ਗਿਆ ਹੈ, ਜਿੱਥੇ ਹੁਣ ਤੱਕ 45 ਵਿਦਿਆਰਥੀਆਂ ਨੇ ਦਾਖਲਾ ਲਿਆ ਹੈ। ਅਬੋਹਰ ਅਤੇ ਪਿੰਡ ਸੁਖਚੈਨ ਦੇ ਨਵੇਂ ਸਰਕਾਰੀ ਕਾਲਜ ਵਿੱਚ ਜੋ ਕਰੀਬ 10 ਲੈਕਚਰਾਰ ਭੇਜੇ ਗਏ ਹਨ, ਉਹ ਫ਼ਾਜ਼ਿਲਕਾ ਦੇ ਸਰਕਾਰੀ ਕਾਲਜ ’ਚੋਂ ਸ਼ਿਫ਼ਟ ਕੀਤੇ ਗਏ ਹਨ। ਸ਼ਿਫ਼ਟ ਕੀਤੇ ਜਾਣ ਮਗਰੋਂ ਫ਼ਾਜ਼ਿਲਕਾ ਦੇ ਸਰਕਾਰੀ ਕਾਲਜ ਵਿੱਚ ਪਿੱਛੇ 12 ਗੈਸਟ ਫੈਕਲਟੀ ਲੈਕਚਰਾਰ ਰਹਿ ਗਏ ਹਨ। ਇਸ ਕਾਲਜ ਵਿਚ ਕਰੀਬ 2600 ਵਿਦਿਆਰਥੀ ਪੜ੍ਹ ਰਹੇ ਹਨ, ਜਿਨ੍ਹਾਂ ਲਈ ਲੈਕਚਰਾਰਾਂ ਦੀ ਘਾਟ ਪੈ ਗਈ ਹੈ। ਨਵੇਂ ਕਾਲਜਾਂ ਵਿਚ ਵੀ ਗੈਸਟ ਫੈਕਲਟੀ ਲੈਕਚਰਾਰ ਭੇਜੇ ਗਏ ਹਨ। ਅਬੋਹਰ ਅਤੇ ਪਿੰਡ ਸੁਖਚੈਨ ਦੇ ਨਵੇਂ ਕਾਲਜ ਅਤੇ ਫ਼ਾਜ਼ਿਲਕਾ ਦੇ ਸਰਕਾਰੀ ਕਾਲਜ ਦੇ ਪ੍ਰਿੰਸੀਪਲ ਦਾ ਵਾਧੂ ਚਾਰਜ ਉੜਮੜ ਟਾਂਡਾ ਦੇ ਪ੍ਰਿੰਸੀਪਲ ਨੂੰ ਦਿੱਤਾ ਗਿਆ ਹੈ।

            ਪਿੰਡ ਸੁਖਚੈਨ ਦੇ ਸਰਕਾਰੀ ਕਾਲਜ ਵਿੱਚ ਹੁਣ ਤੱਕ 12 ਵਿਦਿਆਰਥੀ ਦਾਖਲ ਹੋਏ ਹਨ। ਇਸੇ ਤਰ੍ਹਾਂ ਹੁਸ਼ਿਆਰਪੁਰ ਦੇ ਹਲਕਾ ਚੱਬੇਵਾਲ ਦੇ ਪਿੰਡ ਮੁਖਲਿਆਣਾ ਵਿੱਚ ਨਵਾਂ ਸਰਕਾਰੀ ਕਾਲਜ ਸ਼ੁਰੂ ਕੀਤਾ ਗਿਆ ਹੈ, ਜੋ ਕਿ ਇਸ ਪਿੰਡ ਤੋਂ ਥੋੜੀ ਦੂਰ ਪੈਂਦੇ ਕਸਬਾ ਰਾਜਪੁਰਾ ਦੇ ਸਰਕਾਰੀ ਸਕੂਲ ਦੀ ਇਮਾਰਤ ਵਿੱਚ ਚੱਲ ਰਿਹਾ ਹੈ। ਸਰਕਾਰੀ ਸਕੂਲ ਦੀ ਇਮਾਰਤ ਵਿੱਚ ਇੱਕੋ ਵੇਲੇ ਸਕੂਲ ਅਤੇ ਕਾਲਜ ਚੱਲ ਰਹੇ ਹਨ। ਦਾਖ਼ਲੇ ਸ਼ੁਰੂ ਹੋ ਚੁੱਕੇ ਹਨ ਅਤੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਅੱਜ ਇਸ ਕਾਲਜ ਦੀ ਇਮਾਰਤ ਦਾ ਨੀਂਹ ਪੱਥਰ ਰੱਖਿਆ ਹੈ। ਇਸੇ ਤਰ੍ਹਾਂ ਮਾਲੇਰਕੋਟਲਾ ਵਿੱਚ ਜੋ ਲੜਕੀਆਂ ਦਾ ਨਵਾਂ ਸਰਕਾਰੀ ਕਾਲਜ ਬਣਾਇਆ ਗਿਆ ਹੈ, ਉਹ ਵੀ ਉਰਦੂ ਅਕੈਡਮੀ ਦੀ ਇਮਾਰਤ ਵਿੱਚ ਸ਼ੁਰੂ ਕੀਤਾ ਗਿਆ ਹੈ। ਨਵਾਂ ਸ਼ਹਿਰ ਦੇ ਪਿੰਡ ਜਾਡਲਾ ਵਿੱਚ ਨਵਾਂ ਕਾਲਜ ਖੋਲ੍ਹਿਆ ਗਿਆ ਹੈ, ਜਿੱਥੇ 140 ਵਿਦਿਆਰਥੀ ਦਾਖਲ ਹੋਏ ਹਨ। ਮਲੋਟ ਦੇ ਪਿੰਡ ਦਾਨੇਵਾਲਾ ’ਚ ਨਵੇਂ ਸਰਕਾਰੀ ਕਾਲਜ ਦੀ ਇਮਾਰਤ ਤਿਆਰ ਹੋ ਗਈ ਹੈ। ਲੁਧਿਆਣਾ ਈਸਟ ਵਿੱਚ ਵੀ ਨਵੇਂ ਕਾਲਜ ਦੀ ਇਮਾਰਤ ਤਿਆਰ ਹੋ ਗਈ ਹੈ। ਸੂਤਰ ਦੱਸਦੇ ਹਨ ਕਿ ਨਵੇਂ ਕਾਲਜਾਂ ਵਿੱਚ ਸਟਾਫ਼ ਨੇੜਲੇ ਪੁਰਾਣੇ ਕਾਲਜਾਂ ’ਚੋਂ ਸ਼ਿਫ਼ਟ ਕੀਤਾ ਗਿਆ ਹੈ।

                                    ਇਮਾਰਤਾਂ ਦੀ ਉਸਾਰੀ ਚੱਲ ਰਹੀ ਹੈ: ਬਰਾੜ

ਸਹਾਇਕ ਡੀਪੀਆਈ ਗੁਰਦਰਸ਼ਨ ਸਿੰਘ ਬਰਾੜ ਨੇ ਕਿਹਾ ਕਿ ਜੋ ਤਿੰਨ ਕੁ ਸਰਕਾਰੀ ਕਾਲਜ ਟਰਾਂਜ਼ਿਟ ਇਮਾਰਤਾਂ ਵਿਚ ਸ਼ੁਰੂ ਕੀਤੇ ਗਏ ਹਨ, ਉਨ੍ਹਾਂ ਦੀ ਇਮਾਰਤਾਂ ਦੀ ਉਸਾਰੀ ਚੱਲ ਰਹੀ ਹੈ। ਬਾਕੀ ਸਾਰੀਆਂ ਇਮਾਰਤਾਂ ਮੁਕੰਮਲ ਹੋ ਕੇ ਕਾਲਜ ਸ਼ੁਰੂ ਕਰ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਨਵੇਂ ਕਾਲਜਾਂ ਲਈ ਸਟਾਫ਼ ਦੇਣ ਵਾਸਤੇ 931 ਅਸਾਮੀਆਂ ਦੀ ਭਰਤੀ ਕੀਤੀ ਜਾ ਰਹੀ ਹੈ ਅਤੇ 160 ਅਸਾਮੀਆਂ ਵੱਖਰੇ ਤੌਰ ’ਤੇ ਪ੍ਰਵਾਨ ਕੀਤੀਆਂ ਹਨ। ਇਨ੍ਹਾਂ ਕਾਲਜਾਂ ਵਿਚ ਦਾਖ਼ਲੇ ਸ਼ੁਰੂ ਹੋ ਚੁੱਕੇ ਹਨ। ਸੂਤਰ ਦੱਸਦੇ ਹਨ ਕਿ ਇਸੇ ਦੌਰਾਨ ਹੁਣ ਸਰਕਾਰ ਨੇ ਕਰੀਬ 30 ਪੁਰਾਣੇ ਕਾਲਜਾਂ ਵਿੱਚ ਚੱਲਦੇ ਸੈੱਲਫ ਫਾਈਨਾਂਸ ਕੋਰਸ ਵੀ ਬੰਦ ਕਰਨ ਦਾ ਫ਼ੈਸਲਾ ਕੀਤਾ ਹੈ, ਜਿਸ ਨਾਲ ਕਰੀਬ ਇੱਕ ਹਜ਼ਾਰ ਲੈਕਚਰਾਰਾਂ ਹੱਥੋਂ ਨੌਕਰੀ ਖੁੱਸ ਜਾਣੀ ਹੈ।

                                ਪੰਜਾਹ ਫੀਸਦ ਕਾਲਜਾਂ ਕੋਲ ਪੱਕੇ ਪ੍ਰਿੰਸੀਪਲ ਨਹੀਂ

ਪੰਜਾਬ ’ਚ ਜੋ ਪੁਰਾਣੇ 47 ਸਰਕਾਰੀ ਕਾਲਜ ਚੱਲ ਰਹੇ ਹਨ, ਉਨ੍ਹਾਂ ਵਿਚ ਕਰੀਬ 50 ਫ਼ੀਸਦ ਕੋਲ ਪੱਕੇ ਪ੍ਰਿੰਸੀਪਲ ਹੀ ਨਹੀਂ ਹਨ। ਜਾਣਕਾਰੀ ਅਨੁਸਾਰ ਮਾਲਵੇ ਵਿੱਚ ਇੱਕ ਪੱਕੇ ਪ੍ਰਿੰਸੀਪਲ ਕੋਲ ਛੇ ਕਾਲਜਾਂ ਦਾ ਵਾਧੂ ਚਾਰਜ ਹੈ। ਇਨ੍ਹਾਂ 47 ਕਾਲਜਾਂ ਵਿੱਚ 1610 ਰੈਗੂਲਰ ਅਸਾਮੀਆਂ ਖਾਲੀ ਪਈਆਂ ਹਨ ਅਤੇ ਇਸ ਵੇਲੇ ਇਨ੍ਹਾਂ ਪੁਰਾਣੇ ਕਾਲਜਾਂ ਵਿੱਚ ਸਿਰਫ਼ 308 ਪੱਕੇ ਲੈਕਚਰਾਰ ਤਾਇਨਾਤ ਹਨ ਜਦਕਿ 39 ਪੱਕੇ ਲੈਕਚਰਾਰ ਚੰਡੀਗੜ੍ਹ ਯੂਟੀ ਵਿੱਚ ਡੈਪੂਟੇਸ਼ਨ ’ਤੇ ਹਨ। ਇਨ੍ਹਾਂ ਕਾਲਜਾਂ ਵਿਚ 962 ਗੈਸਟ ਫੈਕਲਟੀ ਅਤੇ 245 ਪਾਰਟ ਟਾਈਮ ਲੈਕਚਰਾਰ ਕੰਮ ਕਰਦੇ ਹਨ। ਪੁਰਾਣੇ ਕਾਲਜਾਂ ਵਿੱਚ ਪੰਜਾਬੀ ਦੇ ਸਿਰਫ਼ ਡੇਢ ਦਰਜਨ ਰੈਗੂਲਰ ਲੈਕਚਰਾਰ ਹਨ|

Tuesday, February 9, 2016

                               ਵਜ਼ੀਫਾ ਸਕੈਂਡਲ
      ਕਾਲਜਾਂ ਵਿਚ ਪੰਜ ਹਜ਼ਾਰ ਦਾਖ਼ਲੇ ਡੰਮੀ
                                 ਚਰਨਜੀਤ ਭੁੱਲਰ
ਬਠਿੰਡਾ  : ਪੰਜਾਬ ਦੇ ਤਕਨੀਕੀ ਕਾਲਜਾਂ ਨੇ ਦਲਿਤ ਬੱਚਿਆਂ ਦੇ ਵਜ਼ੀਫੇ ਵਿਚ ਘਪਲਾ ਕਰਨ ਖਾਤਰ ਕਰੀਬ ਪੰਜ ਹਜ਼ਾਰ ਦਾਖ਼ਲੇ ਡੰਮੀ ਦਿਖਾਏ। ਜਦੋਂ ਮਾਮਲੇ ਦਾ ਰੌਲਾ ਪੈ ਗਿਆ ਤਾਂ ਇਨ•ਾਂ ਕਾਲਜਾਂ ਨੂੰ ਡੰਮੀ ਦਾਖ਼ਲਿਆਂ ਨੂੰ ਡਰਾਪ ਆਊਟ ਵਿਚ ਤਬਦੀਲ ਕਰ ਦਿੱਤਾ ਤਾਂ ਜੋ ਸਰਕਾਰੀ ਡੰਡੇ ਤੋਂ ਬਚਿਆ ਜਾ ਸਕੇ। ਪੰਜਾਬ ਸਰਕਾਰ ਨੇ ਡੰਮੀ ਦਾਖ਼ਲੇ ਕਰਨ ਵਾਲੇ ਪੰਜਾਬ ਦੇ 190 ਤਕਨੀਕੀ ਕਾਲਜਾਂ ਖ਼ਿਲਾਫ਼ ਹੁਣ ਕਾਰਵਾਈ ਵਿੱਢ ਦਿੱਤੀ ਹੈ ਅਤੇ ਇਨ•ਾਂ ਕਾਲਜਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰ ਦਿੱਤੇ ਹਨ। ਇਨ•ਾਂ ਕਾਲਜਾਂ ਨੇ ਕਰੀਬ 10 ਕਰੋੜ ਰੁਪਏ ਦੀ ਵਜ਼ੀਫਾ ਰਾਸ਼ੀ ਡੰਮੀ ਦਾਖ਼ਲੇ ਦਿਖਾ ਕੇ ਛੱਕ ਲਈ ਹੈ। ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ ਪੰਜਾਬ ਤੋਂ ਆਰ.ਟੀ.ਆਈ ਤਹਿਤ ਪ੍ਰਾਪਤ ਵੇਰਵਿਆਂ ਅਨੁਸਾਰ ਪੰਜਾਬ ਵਿਚ 440 ਤਕਨੀਕੀ ਕਾਲਜ (ਬਹੁਤਕਨੀਕੀ, ਇੰਜੀਨੀਅਰਿੰਗ,ਮੈਨੇਜਮੈਂਟ) ਹਨ ਜਿਨ•ਾਂ ਚੋਂ 190 ਤਕਨੀਕੀ ਕਾਲਜਾਂ ਨੇ ਡੰਮੀ ਦਾਖ਼ਲੇ ਕੀਤੇ ਸਨ। ਇਨ•ਾਂ ਤਕਨੀਕੀ ਕਾਲਜਾਂ ਦੇ 57,440 ਦਲਿਤ ਵਿਦਿਆਰਥੀਆਂ ਨੂੰ ਵਜ਼ੀਫਾ ਰਾਸ਼ੀ ਜਾਰੀ ਕੀਤੀ ਸੀ। ਭਲਾਈ ਵਿਭਾਗ ਪੰਜਾਬ ਨੇ ਸਾਲ 2014 15 ਵਿਚ ਪੋਸਟ ਮੈਟ੍ਰਿਕ ਵਜ਼ੀਫਾ ਸਕੀਮ (ਐਸ.ਸੀ, ਬੀ.ਸੀ) ਤਹਿਤ ਕੁੱਲ 3209 ਸਕੂਲਾਂ ਕਾਲਜਾਂ ਦੇ 2.51 ਲੱਖ ਵਿਦਿਆਰਥੀਆਂ ਨੂੰ 288.14 ਕਰੋੜ ਰੁਪਏ ਦਾ ਵਜ਼ੀਫਾ ਜਾਰੀ ਕੀਤਾ ਸੀ।
                 ਜਦੋਂ ਮਹਿਕਮੇ ਨੇ ਇਸ ਵਜ਼ੀਫਾ ਰਾਸ਼ੀ ਦੀ ਵੈਰੀਫਿਕੇਸ਼ਨ ਕਰਾਈ ਤਾਂ ਘਪਲਾ ਕਰਨ ਵਾਲੇ ਕਾਲਜਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ। ਉਨ•ਾਂ ਨੇ ਬਚਾਓ ਲਈ ਇਨ•ਾਂ ਡੰਮੀ ਦਾਖ਼ਲਿਆਂ ਨੂੰ ਡਰਾਪ ਆਊਟ ਵਿਦਿਆਰਥੀਆਂ ਦੀ ਸੂਚੀ ਵਿਚ ਪਾ ਦਿੱਤਾ।ਸਰਕਾਰੀ ਵੇਰਵਿਆਂ ਅਨੁਸਾਰ ਤਕਨੀਕੀ ਕਾਲਜਾਂ ਦੇ ਪੰਜ ਹਜ਼ਾਰ ਵਿਦਿਆਰਥੀ ਡਰਾਪ ਆਊਟ ਹੋਏ ਹਨ। ਭਲਾਈ ਵਿਭਾਗ ਵਲੋਂ ਤਕਨੀਕੀ ਕਾਲਜਾਂ ਦੇ ਵਿਦਿਆਰਥੀਆਂ ਨੂੰ 79.88 ਫੀਸਦੀ ਵਜ਼ੀਫੇ ਦੀ ਅਦਾਇਗੀ ਕੀਤੀ ਜਾ ਚੁੱਕੀ ਹੈ। ਸੂਚਨਾ ਅਨੁਸਾਰ 190 ਤਕਨੀਕੀ ਕਾਲਜਾਂ ਨੂੰ ਕਾਰਨ ਦੱਸੋ ਨੋਟਿਸ ਕੀਤਾ ਗਿਆ ਹੈ ਤਾਂ ਜੋ ਘਪਲੇ ਵਾਲੀ ਰਾਸ਼ੀ ਦੀ ਵਸੂਲੀ ਕੀਤੀ ਜਾ ਸਕੇ। ਹੁਣ ਤੱਕ 13 ਲੱਖ ਰੁਪਏ ਦੀ ਵਸੂਲੀ ਹੋਈ ਹੈ। ਬਹੁਤੇ ਕਾਲਜਾਂ ਨੇ ਇਹ ਸਹਿਮਤੀ ਦੇ ਦਿੱਤੀ ਹੈ ਕਿ ਉਨ•ਾਂ ਨੂੰ ਜੋ ਭਲਾਈ ਵਿਭਾਗ ਨੇ ਬਕਾਇਆ 20 ਫੀਸਦੀ ਵਜ਼ੀਫਾ ਰਾਸ਼ੀ ਹਾਲੇ ਭੇਜਣੀ ਸੀ,ਬਣਦੀ ਰਿਕਵਰੀ ਉਸ ਰਾਸ਼ੀ ਵਿਚੋਂ ਕੱਟ ਲਈ ਜਾਵੇ। ਸੂਤਰ ਆਖਦੇ ਹਨ ਕਿ ਕਈ ਕਾਲਜਾਂ ਦੀ ਰਿਕਵਰੀ ਰਾਸ਼ੀ ਬਕਾਇਆ 20 ਫੀਸਦੀ ਰਾਸ਼ੀ ਕੱਟ ਕੇ ਪੂਰੀ ਨਹੀਂ ਹੁੰਦੀ ਹੈ। ਜਿਆਦਾ ਡੰਮੀ ਦਾਖ਼ਲੇ ਬਹੁਤਕਨੀਕੀ ਕਾਲਜਾਂ ਵਿਚ ਹੋਏ ਹਨ। ਘਪਲਾ ਕਰਨ ਵਾਲੇ ਕਾਲਜ ਵੀ.ਆਈ.ਪੀ ਲੋਕਾਂ ਦੇ ਹਨ। ਫਿਰੋਜ਼ਪੁਰ ਜ਼ਿਲ•ੇ ਵਿਚ ਹਾਕਮ ਧਿਰ ਦੇ ਇੱਕ ਵੱਡਾ ਨੇਤਾ ਅਤੇ ਮਾਝੇ ਖ਼ਿੱਤੇ ਵਿਚ ਹਾਕਮ ਧਿਰ ਦੇ ਕਈ ਆਗੂਆਂ ਦੇ ਕਾਲਜ ਹਨ।
               ਬਠਿੰਡਾ ਜ਼ਿਲ•ੇ ਵਿਚ ਇੱਕ ਤਕਨੀਕੀ ਕਾਲਜ ‘ਮੰਤਰੀ ਦੇ ਮਾਮੇ ਵਾਲਾ ਕਾਲਜ’ ਵਜੋਂ ਮਸ਼ਹੂਰ ਹੈ। ਮਾਮੇ ਵਾਲੇ ਕਾਲਜ ਵਿਚ ਵੀ ਡੰਮੀ ਦਾਖ਼ਲੇ ਨਿਕਲੇ ਸਨ। ਫਿਰੋਜ਼ਪੁਰ ਫਾਜਿਲਕਾ ਵਿਚ ਤਾਂ ਸਰਕਾਰੀ ਬਹੁਤਕਨੀਕੀ ਕਾਲਜ ਦੇ ਇੱਕ ਪ੍ਰਿੰਸੀਪਲ ਦੇ ਵੀ ਕਾਲਜ ਹਨ। ਸੂਤਰਾਂ ਅਨੁਸਾਰ ਇਹ ਤਕਨੀਕੀ ਕਾਲਜ ਪਿੰਡਾਂ ਵਿਚੋਂ ਦਲਿਤ ਬੱਚਿਆਂ ਦੇ ਦਾਖ਼ਲੇ ਕਰ ਲੈਂਦੇ ਸਨ ਅਤੇ ਉਨ•ਾਂ ਦੇ ਨਾਮ ਤੇ ਵਜ਼ੀਫਾ ਵਸੂਲ ਲੈਂਦੇ ਸਨ ਜਦੋਂ ਕਿ ਵਿਦਿਆਰਥੀ ਖੁਦ ਕਾਲਜ ਵਿਚ ਦਾਖਲ ਹੀ ਨਹੀਂ ਹੁੰਦਾ ਸੀ ਵਜ਼ੀਫਾ ਸਕੀਮ ਨੂੰ ਪਿਛਲੀ ਦਫ਼ਾ ਅਧਾਰ ਕਾਰਡ ਨਾਲ ਲਿੰਕ ਕੀਤਾ ਗਿਆ  ਸੀ। ਅਧਾਰ ਕਾਰਡ ਨਾਲ ਲਿੰਕ ਕਰਨ ਮਗਰੋਂ ਪਤਾ ਲੱਗਾ ਕਿ ਪੰਜਾਬ ਵਿਚ 1700 ਦਲਿਤ ਵਿਦਿਆਰਥੀਆਂ ਇੱਕੋ ਵੇਲੇ ਦੋ ਦੋ ਕਾਲਜਾਂ ਵਿਚ ਦਾਖ਼ਲੇ ਹਨ। ਇਸੇ ਤਰ•ਾਂ ਹੀ  966 ਵਿਦਿਆਰਥੀ ਇੱਕੋ ਵੇਲੇ ਪੋਸਟ ਮੈਟ੍ਰਿਕ ਵਜ਼ੀਫਾ ਵੀ ਲੈ ਰਹੇ ਸਨ ਅਤੇ ਘੱਟ ਗਿਣਤੀ ਵਜ਼ੀਫਾ (ਮਿਨਾਰਟੀ ਵਜ਼ੀਫਾ) ਵੀ ਲੈ ਲਿਆ ਸੀ। ਪੰਜਾਬ ਵਿਚ 27 ਵਿਦਿਆਰਥੀਆਂ ਨੇ ਇੱਕੋ ਵੇਲੇ ਤਿੰਨ ਤਿੰਨ ਕਾਲਜਾਂ ਵਿਚ ਦਾਖਲਾ ਲਿਆ ਹੋਇਆ ਸੀ।                                                                                                         ਵੇਰਵਿਆਂ ਅਨੁਸਾਰ ਕੁਲਦੀਪ ਸਿੰਘ ਗੁਰੂ ਨਾਨਕ ਖਾਲਸਾ ਕਾਲਜ ਫਾਜਿਲਕਾ ਵਿਚ ਬੀ.ਏ ਭਾਗ ਪਹਿਲਾ ਕਰ ਰਿਹਾ ਹੈ, ਨਾਲ ਹੀ ਅਬੋਹਰ ਪੌਲੀਟੈਕਨਿਕ ਵਿਚ ਮਕੈਨੀਕਲ ਕੋਰਸ ਅਤੇ ਬਾਬਾ ਦੀਪ ਸਿੰਘ ਪੌਲੀਟੈਕਨਿਕ ਮੁਕਤਸਰ ਵਿਚ ਕੰਪਿਊਟਰ ਕੋਰਸ ਕਰ ਰਿਹਾ ਹੈ। ਤਕਨੀਕੀ ਕਾਲਜਾਂ ਦੇ 1674 ਵਿਦਿਆਰਥੀਆਂ ਦੇ ਦਾਖ਼ਲੇ ਦੋ ਦੋ ਕਾਲਜਾਂ ਵਿਚ ਹਨ। ਵਰਿੰਦਰ ਸਿੰਘ ਬਠਿੰਡਾ ਜ਼ਿਲ•ੇ ਦੇ ਗੁਰੂ ਹਰਗੋਬਿੰਦ ਪੌਲੀਟੈਕਨਿਕ ਕਾਲਜ ਵਿਚ ਵੀ ਪੜ ਰਿਹਾ ਸੀ ਅਤੇ ਉਸ ਦਾ ਫਾਜਿਲਕਾ ਦੇ ਅਭਿਸ਼ੇਕ ਪੌਲੀਟੈਕਨਿਕ ਕਾਲਜ ਵਿਚ ਵੀ ਉਸ ਦਾ ਦਾਖਲਾ ਸੀ। ਬਠਿੰਡਾ ਜ਼ਿਲੇ• ਦੇ ਕਰੀਬ 20 ਅਜਿਹੇ ਵਿਦਿਆਰਥੀ ਸਾਹਮਣੇ ਆਏ ਜਿਨ•ਾਂ ਨੇ ਇੱਕੋ ਦਿਨ ਇੱਕੋ ਸਮੇਂ ਤੇ ਦੋ ਦੋ ਕਾਲਜਾਂ ਵਿਚ ਪ੍ਰੀਖਿਆ ਵੀ ਦੇ ਦਿੱਤੀ।
                                      ਸਖ਼ਤ ਐਕਸ਼ਨ ਲੈ ਰਹੇ ਹਾਂ : ਡਾਇਰੈਕਟਰ
ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ ਦੇ ਡਾਇਰੈਕਟਰ ਸ੍ਰੀ ਧਰਮਪਾਲ ਗੁਪਤਾ ਦਾ ਕਹਿਣਾ ਸੀ ਕਿ ਉਨ•ਾਂ ਨੇ ਡਰਾਪ ਆਊਟ ਵਾਲੇ ਕੇਸਾਂ ਵਿਚ ਕਾਲਜਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਹਨ ਅਤੇ ਕੁਝ ਰਿਕਵਰੀ ਵੀ ਹੋਈ ਹੈ। ਉਨ•ਾਂ ਦੱਸਿਆ ਕਿ ਜਿਨ•ਾਂ ਕਾਲਜਾਂ ਨੇ ਜਿਆਦਾ ਗੜਬੜ ਕੀਤੀ ਹੈ, ਉਨ•ਾਂ ਖ਼ਿਲਾਫ਼ ਸਖ਼ਤ ਐਕਸ਼ਨ ਲਿਆ ਜਾ ਰਿਹਾ ਹੈ। ਉਨ•ਾਂ ਦੱਸਿਆ ਕਿ ਬਹੁਤੇ ਕਾਲਜਾਂ ਦੀ ਰਿਕਵਰੀ ਨੂੰ ਬਕਾਇਆ ਰਾਸ਼ੀ ਚੋਂ ਕੱਟ ਲਿਆ ਜਾਵੇਗਾ। ਉਨ•ਾਂ ਦੱਸਿਆ ਕਿ ਅਜਿਹੇ ਕਾਲਜਾਂ ਵਿਚ ਬਹੁਤਕਨੀਕੀ ਕਾਲਜ ਜਿਆਦਾ ਹਨ।