Friday, February 17, 2023

                                                      ਤਕਨੀਕੀ ਸਿੱਖਿਆ
                          ਪੰਜਾਬ ਵਿੱਚ 140 ਕਾਲਜਾਂ ਨੂੰ ਲੱਗੇ ਜਿੰਦਰੇ
                                                        ਚਰਨਜੀਤ ਭੁੱਲਰ      

ਚੰਡੀਗੜ੍ਹ : ਪੰਜਾਬ ਵਿਚ ਤਕਨੀਕੀ ਸਿੱਖਿਆ ਦੇ ਦਿਨ ਹੁਣ ਅੱਛੇ ਨਹੀਂ ਰਹੇ ਹਨ। ਤਕਨੀਕੀ ਕੋਰਸ ਹੁਣ ਨੌਜਵਾਨਾਂ ’ਚ ਖਿੱਚ ਨਹੀਂ ਪਾਉਂਦੇ ਹਨ। ਉੱਪਰੋਂ ਰੁਜ਼ਗਾਰ ’ਚ ਤਕਨੀਕੀ ਮੌਕਿਆਂ ਵਿੱਚ ਕਟੌਤੀ ਹੋਈ ਹੈ। ਰਹਿੰਦੀ ਕਸਰ ‘ਸਟੱਡੀ ਵੀਜ਼ਾ’ ਨੇ ਕੱਢ ਦਿੱਤੀ ਹੈ। ਪੰਜਾਬ ਵਿਚ ਲੰਘੇ ਪੰਜ ਸਾਲਾਂ ’ਚ ਤਕਨੀਕੀ ਸਿੱਖਿਆ ਦੇ 138 ਕਾਲਜਾਂ ਨੂੰ ਤਾਲੇ ਵੱਜ ਗਏ ਹਨ। ਜਿਹੜੇ ਤਕਨੀਕੀ ਕਾਲਜ ਚੱਲ ਰਹੇ ਹਨ, ਉਨ੍ਹਾਂ ਵਿੱਚ 55 ਫ਼ੀਸਦੀ ਸੀਟਾਂ ਖ਼ਾਲੀ ਰਹਿ ਜਾਂਦੀਆਂ ਹਨ। ਤਕਨੀਕੀ ਵਿੱਦਿਆ ਦੇ ਭਵਿੱਖ ਨੂੰ ਦਰਸਾਉਣ ਲਈ ਇਹ ਕਾਫ਼ੀ ਹੈ। ਆਲ ਇੰਡੀਆ ਕੌਂਸਲ ਫਾਰ ਟੈਕਨੀਕਲ ਐਜੂਕੇਸ਼ਨ ਦੇ ਵੇਰਵੇ ਪੰਜਾਬ ਵਿਚ ਤਕਨੀਕੀ ਸਿੱਖਿਆ ਦੀ ਤਰਾਸਦੀ ਨੂੰ ਉਭਾਰਦੇ ਹਨ। ਇਸ ਟੈਕਨੀਕਲ ਕੌਂਸਲ ਤੋਂ ਪ੍ਰਵਾਨਿਤ ਤਕਨੀਕੀ ਕਾਲਜਾਂ ਦੀ ਗਿਣਤੀ ਇਸ ਵੇਲੇ ਪੰਜਾਬ ਵਿਚ ਸਿਰਫ਼ 255 ਰਹਿ ਗਈ ਹੈ ਜਦੋਂ ਕਿ 2018-19 ਵਿਚ ਇਹ ਅੰਕੜਾ 393 ਕਾਲਜਾਂ ਦਾ ਸੀ। ਤਕਨੀਕੀ ਕੋਰਸਾਂ ਦੀਆਂ ਸੀਟਾਂ ’ਤੇ ਨਜ਼ਰ ਮਾਰੀਏ ਤਾਂ 2014-15 ਵਿਚ ਇਨ੍ਹਾਂ ਸਾਰੇ ਕਾਲਜਾਂ ਵਿਚ 1.44 ਲੱਖ ਸੀਟਾਂ ਸਨ, ਜਿਨ੍ਹਾਂ ਦੀ ਗਿਣਤੀ 2022-23 ਵਿਚ ਘੱਟ ਕੇ 71,762 ਰਹਿ ਗਈ ਹੈ।

         ਪੰਜਾਬ ਦੇ ਇਨ੍ਹਾਂ ਤਕਨੀਕੀ ਅਦਾਰਿਆਂ ’ਚ ਆਰਕੀਟੈਕਚਰ, ਪਲੈਨਿੰਗ, ਇੰਜਨੀਅਰਿੰਗ ਐਂਡ ਟੈਕਨਾਲੋਜੀ, ਟਾਊਨ ਪਲੈਨਿੰਗ, ਮੈਨੇਜਮੈਂਟ, ਐੱਮਸੀਏ, ਹੋਟਲ ਮੈਨੇਜਮੈਂਟ ਅਤੇ ਫਾਰਮੇਸੀ ਵਿਚ ਡਿਪਲੋਮਾ, ਗਰੈਜੂਏਟ ਅਤੇ ਪੋਸਟ ਗਰੈਜੂਏਟ ਕੋਰਸ ਚੱਲ ਰਹੇ ਹਨ। ਵੱਡੇ ਵੱਡੇ ਗਰੁੱਪ ਅਤੇ ਕਾਲਜਾਂ ਨੂੰ ਉਸ ਵੇਲੇ ਜਿੰਦਰੇ ਵੱਜ ਗਏ ਜਦੋਂ ਉਨ੍ਹਾਂ ਦੇ ਅਦਾਰਿਆਂ ਤੋਂ ਵਿਦਿਆਰਥੀਆਂ ਨੇ ਮੂੰਹ ਮੋੜ ਲਏ। ਪੰਜਾਬ ਵਿਚ ਤਕਨੀਕੀ ਹੁਨਰ ਦੀ ਮੰਗ ਦੇ ਮੌਕੇ ਘੱਟ ਗਏ ਅਤੇ 2016-17 ਤੋਂ ਪੰਜਾਬ ਦੀ ਜਵਾਨੀ ਨੇ ਵਿਦੇਸ਼ਾਂ ਵੱਲ ਮੂੰਹ ਕਰ ਲਏ। ਤੱਥਾਂ ਅਨੁਸਾਰ 2014-15 ਵਿਚ ਤਕਨੀਕੀ ਕਾਲਜਾਂ ਵਿਚ 70,830 ਵਿਦਿਆਰਥੀ ਦਾਖਲ ਹੋਏ ਸਨ ਅਤੇ ਸਿਰਫ਼ 48 ਫ਼ੀਸਦੀ ਸੀਟਾਂ ਹੀ ਭਰੀਆਂ ਸਨ। ਉਦੋਂ 58,743 ਵਿਦਿਆਰਥੀ ਪਾਸ ਹੋਏ ਸਨ ਅਤੇ ਇਨ੍ਹਾਂ ’ਚੋਂ 20,039 ਦੀ ਪਲੇਸਮੈਂਟ ਹੋ ਗਈ ਸੀ। ਪਿਛਲੇ ਸੱਤ ਸਾਲਾਂ ਵਿਚ ਤਕਨੀਕੀ ਕਾਲਜਾਂ ’ਚੋਂ 2.79 ਲੱਖ ਵਿਦਿਆਰਥੀ ਪਾਸ ਹੋਏ ਹਨ ਜਿਨ੍ਹਾਂ ’ਚੋਂ 1.42 ਲੱਖ ਦੀ ਪਲੇਸਮੈਂਟ ਹੋਈ ਹੈ। ਪੰਜਾਬ ਵਿਚ 2019-20 ਵਿਚ ਫਾਰਮੇਸੀ ਦੇ 125 ਕਾਲਜ ਸਨ ਜਿਨ੍ਹਾਂ ਦੀ ਗਿਣਤੀ ਹੁਣ ਸਿਰਫ਼ 43 ਰਹਿ ਗਈ ਹੈ। 

         ਚਾਰ ਸਾਲਾਂ ਵਿਚ 82 ਫਾਰਮੇਸੀ ਕਾਲਜ ਬੰਦ ਹੋ ਗਏ ਹਨ। ਇਨ੍ਹਾਂ ਸਾਲਾਂ ਵਿਚ ਸੀਟਾਂ ਦੀ ਗਿਣਤੀ ਵੀ 10,127 ਸੀਟਾਂ ਤੋਂ ਘੱਟ ਕੇ 4223 ਰਹਿ ਗਈ ਹੈ। ਆਰਟਸ ਕਾਲਜਾਂ ਵਿਚ ਵੀ ਦਾਖ਼ਲੇ ਧੜੰਮ ਕਰਕੇ ਡਿੱਗੇ ਹਨ। ਪਬਲਿਕ ਸੈਕਟਰ ਦੀਆਂ ਤਕਨੀਕੀ ’ਵਰਸਿਟੀਆਂ ਦਾ ਭਵਿੱਖ ਵੀ ਸੁਖਾਵਾਂ ਨਹੀਂ ਰਿਹਾ ਹੈ। ਬਾਬਾ ਹੀਰਾ ਸਿੰਘ ਭੱਠਲ ਇੰਸਟੀਚਿਊਟ ਆਫ ਇੰਜਨੀਅਰਿੰਗ ਐਂਡ ਟੈਕਨਾਲੋਜੀ ਲਹਿਰਾਗਾਗਾ ਦੇ ਹਾਲ ਬੁਰੇ ਹਨ ਅਤੇ ਇੱਥੇ ਕਾਫ਼ੀ ਸਮੇਂ ਫੈਕਲਟੀ ਨੂੰ ਤਨਖ਼ਾਹ ਨਹੀਂ ਦਿੱਤੀ ਜਾ ਸਕੀ ਹੈ। ਗੁਰਦਾਸਪੁਰ ਅਤੇ ਫ਼ਿਰੋਜ਼ਪੁਰ ਦੇ ਇੰਜਨੀਅਰਿੰਗ ਕਾਲਜਾਂ ਨੂੰ ਪਹਿਲਾਂ ’ਵਰਸਿਟੀ ਬਣਾ ਦਿੱਤਾ ਗਿਆ ਸੀ। ਹੁਣ ਇਨ੍ਹਾਂ ਨੂੰ ਮਰਜ਼ ਕੀਤੇ ਜਾਣ ਦੀ ਗੱਲ ਤੁਰੀ ਹੈ। ਜਦੋਂ ਪੰਜਾਬ ’ਚ ਤਕਨੀਕੀ ਸਿੱਖਿਆ ਦਾ ਰੁਝਾਨ ਜ਼ੋਰ ’ਤੇ ਸੀ ਤਾਂ ਉਦੋਂ ਖੁੰਬਾਂ ਵਾਂਗ ਕਾਲਜ ਖੁੱਲ੍ਹੇ ਸਨ।

                                ਵਿਦੇਸ਼ ਜਾਣ ਦੇ ਰੁਝਾਨ ਦਾ ਨਤੀਜਾ: ਸਿੱਧੂ

ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਬਠਿੰਡਾ ਦੇ ਉਪ ਕੁਲਪਤੀ ਡਾ. ਬੂਟਾ ਸਿੰਘ ਸਿੱਧੂ ਦਾ ਕਹਿਣਾ ਸੀ ਕਿ ਹੁਣ ਤਕਨੀਕੀ ਅਦਾਰਿਆਂ ਵਿਚ ਕੇਵਲ ਕੰਪਿਊਟਰ ਅਤੇ ਆਈਟੀ ਕੋਰਸਾਂ ਦੀਆਂ ਸੀਟਾਂ ਭਰ ਰਹੀਆਂ ਹਨ ਜਦੋਂ ਕਿ ਬਾਕੀ ਸੀਟਾਂ ਸੂਬੇ ਵਿਚ ਮੌਕੇ ਘਟਣ ਕਰਕੇ ਖ਼ਾਲੀ ਰਹਿ ਜਾਂਦੀਆਂ ਹਨ। ਉਨ੍ਹਾਂ ਦੱਸਿਆ ਕਿ ਨੌਜਵਾਨਾਂ ਦੇ ਵਿਦੇਸ਼ ਜਾਣ ਦੇ ਰੁਝਾਨ ਨੇ ਵੀ ਵੱਡੀ ਸੱਟ ਮਾਰੀ ਹੈ। ਮਿਆਰਾਂ ’ਤੇ ਖਰੇ ਨਾ ਉੱਤਰਨ ਵਾਲੇ ਅਦਾਰੇ ਹੀ ਬੰਦ ਹੋਏ ਹਨ।

                                ਵਜ਼ੀਫਾਬੰਦੀ ਨੇ ਕਾਲਜ ਬੰਦ ਕੀਤੇ: ਧਾਲੀਵਾਲ

ਜੁਆਇੰਟ ਐਸੋਸੀਏਸ਼ਨ ਆਫ਼ ਕਾਲਜਿਜ਼ ਦੇ ਚੇਅਰਮੈਨ ਗੁਰਮੀਤ ਸਿੰਘ ਧਾਲੀਵਾਲ ਨੇ ਕਿਹਾ ਕਿ ਇਨ੍ਹਾਂ ਕਾਲਜਾਂ ਵਿਚ 60 ਫ਼ੀਸਦੀ ਤੱਕ ਬੱਚੇ ਦਲਿਤ ਘਰਾਂ ’ਚੋਂ ਸਨ, ਜਿਨ੍ਹਾਂ ਦਾ ਸਕਾਲਰਸ਼ਿਪ ਪਹਿਲਾਂ ਘੱਟ ਦਿੱਤਾ ਗਿਆ ਅਤੇ ਫਿਰ ਤਿੰਨ ਵਰ੍ਹੇ ਦਿੱਤਾ ਹੀ ਨਹੀਂ ਗਿਆ, ਜਿਸ ਕਰਕੇ ਬਹੁਤੇ ਕਾਲਜ ਬੈਂਕਾਂ ਦੇ ਡਿਫਾਲਟਰ ਹੋ ਗਏ ਅਤੇ ਵਿੱਦਿਅਕ ਮਿਆਰ ਨੂੰ ਵੀ ਕਾਇਮ ਨਹੀਂ ਰੱਖ ਸਕੇ। ਦੂਸਰਾ ਕਾਰਨ ਡਿਗਰੀਆਂ ਦੇ ਬਾਵਜੂਦ ਬੱਚਿਆਂ ਕੋਲ ਸਕਿੱਲ ਨਹੀਂ ਸੀ ਜਿਸ ਕਰਕੇ ਕੰਪਨੀਆਂ ਨੇ ਪਾਸਾ ਵੱਟ ਲਿਆ। ਉਪਰੋਂ ਸਰਕਾਰ ਨੇ ਵੀ ਤਕਨੀਕੀ ਸਿੱਖਿਆ ਨੂੰ ਮੋੜਾ ਦੇਣ ਲਈ ਪ੍ਰੋਤਸਾਹਨ ਨਹੀਂ ਦਿੱਤਾ।

No comments:

Post a Comment