Monday, February 20, 2023

                                                      ਇੱਕੋ ਪਤਾ ਟਿਕਾਣਾ 
                        ਮਾਪੇ ਬਣੇ ਵਿਧਾਇਕ, ਪੁੱਤ ਬਣ ਗਏ ਪੀਏ..! 
                                                       ਚਰਨਜੀਤ ਭੁੱਲਰ   

ਚੰਡੀਗੜ੍ਹ : ਲੁਧਿਆਣਾ (ਉੱਤਰੀ) ਤੋਂ ‘ਆਪ’ ਵਿਧਾਇਕ ਮਦਨ ਲਾਲ ਬੱਗਾ ਨੇ ਆਪਣਾ ਨਿੱਜੀ ਸਹਾਇਕ (ਪੀਏ) ਬਣਨ ਦਾ ਮੌਕਾ ਆਪਣੇ ਪੁੱਤਰ ਗੌਰਵ ਖੁਰਾਨਾ ਨੂੰ ਦਿੱਤਾ ਹੈ। ਪਿਉ-ਪੁੱਤ ਦੀ ਰਿਹਾਇਸ਼ ਦਾ ਇੱਕੋ ਪਤਾ ਟਿਕਾਣਾ ਹੈ। ਗੌਰਵ ਖੁਰਾਨਾ ਹੀ ਆਪਣੇ ਪਿਤਾ ਮਦਨ ਲਾਲ ਬੱਗਾ ਦੇ ਪੀਏ ਵਜੋਂ ਡਿਊਟੀ ਨਿਭਾਉਂਦਾ ਹੈ। ਬੇਸ਼ੱਕ ਸਰਕਾਰੀ ਨਿਯਮ ਇਸ ਦੀ ਮਨਾਹੀ ਨਹੀਂ ਕਰਦੇ ਹਨ ਪ੍ਰੰਤੂ ਮੁੱਖ ਮੰਤਰੀ ਭਗਵੰਤ ਮਾਨ ਤਾੜਨਾ ਕਰ ਚੁੱਕੇ ਹਨ ਕਿ ਕੋਈ ਵਿਧਾਇਕ/ਮੰਤਰੀ ਆਪਣੇ ਦੋਸਤ ਤੇ ਰਿਸ਼ਤੇਦਾਰ ਨੂੰ ਨਾਲ ਤਾਇਨਾਤ ਨਹੀਂ ਕਰੇਗਾ। ਪੰਜਾਬ ਵਿਧਾਨ ਸਭਾ ਤੋਂ ਸੂਚਨਾ ਦੇ ਅਧਿਕਾਰ ਤਹਿਤ ਪ੍ਰਾਪਤ ਵੇਰਵਿਆਂ ਅਨੁਸਾਰ ਹਲਕਾ ਬਲਾਚੌਰ ਤੋਂ ‘ਆਪ’ ਵਿਧਾਇਕਾ ਸੰਤੋਸ਼ ਕੁਮਾਰੀ ਕਟਾਰੀਆ ਨੇ ਆਪਣੇ ਨਾਲ ਪੀਏ ਵਜੋਂ ਆਪਣੇ ਲੜਕੇ ਕਰਨਵੀਰ ਕਟਾਰੀਆ ਨੂੰ ਹੀ ਲਾਇਆ ਹੋਇਆ ਹੈ। ਵਿਧਾਇਕਾ ਕਟਾਰੀਆ ਦਾ ਕਹਿਣਾ ਸੀ ਕਿ ਉਨ੍ਹਾਂ ਦਾ ਲੜਕਾ ਖ਼ੁਦ ‘ਆਪ’ ਦਾ ਵਲੰਟੀਅਰ ਹੈ ਅਤੇ ਕਾਫ਼ੀ ਸਮੇਂ ਤੋਂ ਪਾਰਟੀ ਲਈ ਕੰਮ ਕਰਦਾ ਆ ਰਿਹਾ ਹੈ। ਉਨ੍ਹਾਂ ਆਪਣੀ ਸਿਹਤ ਠੀਕ ਨਾ ਰਹਿਣ ਦਾ ਤਰਕ ਵੀ ਦਿੱਤਾ। 

ਵਿਧਾਇਕ ਮਦਨ ਲਾਲ ਬੱਗਾ ਦੇ ਪੁੱਤਰ ਗੌਰਵ ਖੁਰਾਨਾ ਨੇ ਹੀ ਫ਼ੋਨ ਚੁੱਕਿਆ ਪ੍ਰੰਤੂ ਉਨ੍ਹਾਂ ਸੁਆਲ ਪੁੱਛੇ ਜਾਣ ’ਤੇ ਫ਼ੋਨ ਕੱਟ ਦਿੱਤਾ ਅਤੇ ਮੁੜ ਫ਼ੋਨ ਨਹੀਂ ਚੁੱਕਿਆ। ਚੇਤੇ ਰਹੇ ਕਿ ਬਠਿੰਡਾ (ਦਿਹਾਤੀ) ਤੋਂ ਵਿਧਾਇਕ ਅਮਿਤ ਰਤਨ ਦੇ ਕਰੀਬੀ ਰਸ਼ਿਮ ਗਰਗ ਨੂੰ ਪਿਛਲੇ ਦਿਨੀਂ ਵਿਜੀਲੈਂਸ ਨੇ ਰੰਗੇ ਹੱਥੀਂ ਰਿਸ਼ਵਤ ਲੈਂਦੇ ਫੜਿਆ ਹੈ। ਉਸ ਮਗਰੋਂ ਪੰਜਾਬ ਭਰ ’ਚ ਪੀਏਜ਼ ਦੀ ਚਰਚਾ ਛਿੜੀ ਹੈ। ਇਸ ਤੋਂ ਪਹਿਲਾਂ ਪਿਛਲੀਆਂ ਸਰਕਾਰਾਂ ਸਮੇਂ ਵੀ ਵਿਧਾਇਕਾਂ ਨੇ ਆਪਣੇ ਸਕੇ ਸਬੰਧੀ ਪੀਏ ਵਜੋਂ ਤਾਇਨਾਤ ਕੀਤੇ ਹੋਏ ਸਨ।ਹਲਕਾ ਤਲਵੰਡੀ ਸਾਬੋ ਤੋਂ ਵਿਧਾਇਕਾ ਬਲਜਿੰਦਰ ਕੌਰ ਦੇ ਨਾਲ ਪੀਏ ਵਜੋਂ ਮਾਨਸਾ ਜ਼ਿਲ੍ਹੇ ਦੇ ਪਿੰਡ ਘੁਰਕਣੀ ਦਾ ਕੇਵਲ ਸਿੰਘ ਤਾਇਨਾਤ ਹੈ ਜੋ ਵਿਧਾਇਕਾ ਦਾ ਰਿਸ਼ਤੇ ਚੋਂ ਚਾਚਾ (ਬਾਪ ਦੇ ਮਾਮੇ ਦਾ ਮੁੰਡਾ) ਲੱਗਦਾ ਹੈ। ਕਈ ਵਿਧਾਇਕ ਅਜਿਹੇ ਹਨ ਜਿਨ੍ਹਾਂ ਦੂਸਰੇ ਸੂਬਿਆਂ ਚੋਂ ਪੀਏ ਨਾਲ ਲਾਏ ਹੋਏ ਹਨ। 

       ਆਜ਼ਾਦ ਉਮੀਦਵਾਰ ਰਾਣਾ ਇੰਦਰਪ੍ਰਤਾਪ ਸਿੰਘ ਨੇ ਉੱਤਰਾਖੰਡ ਦੇ ਜ਼ਿਲ੍ਹਾ ਊਧਮ ਸਿੰਘ ਨਗਰ ਦੇ ਗੁਰਤੇਜ ਸਿੰਘ ਨੂੰ ਆਪਣਾ ਪੀਏ ਰੱਖਿਆ ਹੋਇਆ ਹੈ ਜਦੋਂ ਕਿ ਉਨ੍ਹਾਂ ਦੇ ਪਿਤਾ ਅਤੇ ਕਾਂਗਰਸੀ ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਚੰਡੀਗੜ੍ਹ ਦੇ ਐਸ.ਐਸ.ਬਿਸ਼ਟ ਨੂੰ ਆਪਣਾ ਪੀਏ ਲਾਇਆ ਹੋਇਆ ਹੈ। ਇਸੇ ਤਰ੍ਹਾਂ ਹਲਕਾ ਸਾਹਨੇਵਾਲ ਤੋਂ ‘ਆਪ’ ਵਿਧਾਇਕ ਹਰਦੀਪ ਸਿੰਘ ਦਾ ਪੀਏ ਗੁਰਪ੍ਰੀਤ ਸਿੰਘ ਹਰਿਆਣਾ ਦੇ ਫ਼ਰੀਦਾਬਾਦ ਦਾ ਰਹਿਣ ਵਾਲਾ ਹੈ। ਸਰਕਾਰੀ ਸੂਚਨਾ ਅਨੁਸਾਰ ਰਾਮਪੁਰਾ ਫੂਲ ਤੋਂ ਵਿਧਾਇਕ ਬਲਕਾਰ ਸਿੱਧੂ ਨੇ ਜ਼ਿਲ੍ਹਾ ਮਾਨਸਾ ਦੇ ਦਵਿੰਦਰ ਸਿੰਘ ਨੂੰ ਆਪਣਾ ਪੀਏ ਲਾਇਆ ਹੈ। ਗਿੱਦੜਬਾਹਾ ਤੋਂ ਕਾਂਗਰਸੀ ਵਿਧਾਇਕ ਰਾਜਾ ਵੜਿੰਗ ਦਾ ਵਿਧਾਇਕ ਵਿਪਨ ਸ਼ਰਮਾ ਲਹਿਰਾਗਾਗਾ ਦਾ ਰਹਿਣ ਵਾਲਾ ਹੈ। ਮੋਗਾ ਤੋਂ ਵਿਧਾਇਕਾ ਅਮਨਦੀਪ ਕੌਰ ਅਰੋੜਾ ਨੇ ਪਟਿਆਲਾ ਜ਼ਿਲ੍ਹੇ ਦੇ ਪਿੰਡ ਚੰਦੂ ਮਾਜਰਾ ਦੇ ਬਲਜਿੰਦਰ ਸਿੰਘ ਨੂੰ ਆਪਣੇ ਪੀਏ ਦੀ ਜ਼ਿੰਮੇਵਾਰੀ ਦਿੱਤੀ ਹੋਈ ਹੈ। 

         ਮੁਕਤਸਰ ਤੋਂ ਵਿਧਾਇਕ ਜਗਦੀਪ ਸਿੰਘ ਬਰਾੜ ਨੇ ਬਠਿੰਡਾ ਦੇ ਗੋਨਿਆਣਾ ਮੰਡੀ ਦੇ ਵਿੱਕੀ ਕੁਮਾਰ ਨੂੰ ਪੀਏ ਦਾ ਕੰਮ ਸੌਂਪਿਆ ਹੋਇਆ ਹੈ। ਬਹੁਤੇ ਵਿਧਾਇਕ ਉਹ ਵੀ ਹਨ ਜਿਨ੍ਹਾਂ ਨੇ ਆਪਣੇ ਪਿੰਡ ਜਾਂ ਹਲਕੇ ਦੇ ਬਾਸ਼ਿੰਦੇ ਨੂੰ ਹੀ ਆਪਣੇ ਨਾਲ ਤਾਇਨਾਤ ਕੀਤਾ ਹੈ ਅਤੇ ਇਹ ਚੰਗਾ ਰੁਝਾਨ ਵੀ ਕਿਹਾ ਜਾ ਸਕਦਾ ਹੈ। ਫ਼ਤਿਹਗੜ੍ਹ ਸਾਹਿਬ ਤੋਂ ‘ਆਪ’ ਵਿਧਾਇਕ ਲਖਬੀਰ ਸਿੰਘ ਰਾਏ ਨੇ ਆਪਣੇ ਪਿੰਡ ਮੁਲੇਪੁਰ ਦੇ ਮਾਨਵਜੀਤ ਸਿੰਘ ਨੂੰ ਪੀਏ ਲਾਇਆ ਹੈ। ਅਕਾਲੀ ਵਿਧਾਇਕ ਮਨਪ੍ਰੀਤ ਸਿੰਘ ਇਆਲ਼ੀ ਨੇ ਆਪਣੇ ਪਿੰਡ ਇਆਲ਼ੀ ਦੇ ਰਜਨੀਸ਼ ਸ਼ਰਮਾ, ਹਲਕਾ ਸਰਦੂਲਗੜ੍ਹ ਤੋਂ ਵਿਧਾਇਕ ਗੁਰਪ੍ਰੀਤ ਸਿੰਘ ਨੇ ਆਪਣੇ ਪਿੰਡ ਬਣਾਂਵਾਲੀ ਦੇ ਸੰਦੀਪ ਸਿੰਘ, ਹਲਕਾ ਲੰਬੀ ਤੋਂ ਵਿਧਾਇਕ ਗੁਰਮੀਤ ਸਿੰਘ ਖੁੱਡੀਆਂ ਨੇ ਆਪਣੇ ਪਿੰਡ ਖੁੱਡੀਆਂ ਗੁਲਾਬ ਸਿੰਘ ਦੇ ਹਰੀ ਸਿੰਘ, ਅਬੋਹਰ ਤੋਂ ਕਾਂਗਰਸੀ ਵਿਧਾਇਕ ਸੰਦੀਪ ਜਾਖੜ ਨੇ ਆਪਣੇ ਪਿੰਡ ਪੰਜਕੋਸੀ ਦੇ ਮੋਹਨ ਲਾਲ ਨੂੰ ਆਪਣੇ ਪੀਏ ਵਜੋਂ ਜ਼ਿੰਮੇਵਾਰੀ ਸੌਂਪੀ ਹੋਈ ਹੈ।

         ਪਰਿਵਾਰਵਾਦ ਤੋਂ ਬਚਣ ਵਿਧਾਇਕ : ਬੀਰਦਵਿੰਦਰ ਸਿੰਘ

ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ ਬੀਰਦਵਿੰਦਰ ਸਿੰਘ ਦਾ ਕਹਿਣਾ ਸੀ ਕਿ ਵਿਧਾਇਕ ਦਾ ਪੀਏ ਹਲਕੇ ਅਤੇ ਪਾਰਟੀ ਚੋਂ ਹੋਣਾ ਚਾਹੀਦਾ ਹੈ। ਵਿਧਾਇਕ ਜਾਂ ਮੰਤਰੀ ਆਪਣਾ ਅਕਸ ਸਾਫ਼ ਰੱਖਣਾ ਚਾਹੁੰਦਾ ਹੈ ਤਾਂ ਉਨ੍ਹਾਂ ਨੂੰ ਆਪਣੇ ਪੀਏ ਜਾਂ ਬਾਕੀ ਸਟਾਫ਼ ਵੀ ਇਮਾਨ ਵਾਲੇ ਰੱਖਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਬਹੁਤੀ ਵਾਰ ਵਿਧਾਇਕ ਡੰਮ੍ਹੀ ਪੀਏ ਵੀ ਰੱਖ ਲੈਂਦੇ ਹਨ ਜਦੋਂ ਕਿ ਹਕੀਕਤ ਵਿਚ ਇਹ ਕੰਮ ਕੋਈ ਹੋਰ ਕਰ ਰਿਹਾ ਹੁੰਦਾ ਹੈ। ਵਿਧਾਇਕਾਂ ਨੂੰ ਪਰਿਵਾਰਵਾਦ ਤੋਂ ਬਚਣਾ ਚਾਹੀਦਾ ਹੈ। 

                   ਅਮਿਤ ਰਤਨ ਦਾ ਪੀਏ ਵੀ ਸਮਾਣਾ ਦਾ

ਬਠਿੰਡਾ (ਦਿਹਾਤੀ) ਤੋਂ ਵਿਧਾਇਕ ਅਮਿਤ ਰਤਨ ਨੇ ਆਪਣਾ ਪੀਏ ਰਣਵੀਰ ਸਿੰਘ ਨੂੰ ਰੱਖਿਆ ਹੋਇਆ ਹੈ ਜੋ ਕਿ ਸਮਾਣਾ ਇਲਾਕੇ ਦੇ ਪਿੰਡ ਨਨਹੇੜਾ ਦਾ ਰਹਿਣ ਵਾਲਾ ਹੈ। ਵਿਜੀਲੈਂਸ ਵੱਲੋਂ ਅਮਿਤ ਰਤਨ ਦੇ ਜਿਸ ਕਰੀਬੀ ਨੂੰ ਫੜਿਆ ਹੈ, ਉਹ ਵੀ ਸਮਾਣਾ ਦਾ ਹੀ ਰਹਿਣ ਵਾਲਾ ਹੈ। ਅਮਿਤ ਰਤਨ ਦੀ ਰਿਹਾਇਸ਼ ਪਟਿਆਲਾ ਵਿਖੇ ਹੈ ਅਤੇ ਉਹ ਪਟਿਆਲਾ ਜ਼ਿਲ੍ਹੇ ਚੋਂ ਹੀ ਆਪਣਾ ਟੀਮ ਨਾਲ ਲੈ ਕੇ ਗਏ ਸਨ। 

                                  ਪੰਜਾਬ ਸਰਕਾਰ ਨੇ ਰੱਖੀ ਅੱਖ..

ਅਹਿਮ ਸੂਤਰਾਂ ਅਨੁਸਾਰ ਪੰਜਾਬ ਸਰਕਾਰ ਹੁਣ ਵਿਧਾਇਕਾਂ ਅਤੇ ਵਜ਼ੀਰਾਂ ਨੂੰ ਇਸ ਗੱਲੋਂ ਮੁੜ ਤਾੜ ਸਕਦੀ ਹੈ ਕਿ ਉਹ ਆਪਣੇ ਪਰਿਵਾਰਾਂ ਦਾ ਸਰਕਾਰੀ ਕੰਮ ਵਿਚ ਦਾਖਲ ਘੱਟ ਕਰਨ। ਮੁੱਖ ਮੰਤਰੀ ਭਗਵੰਤ ਮਾਨ ਇਸ ਗੱਲੋਂ ਨਰਾਜ਼ ਹਨ ਕਿ ਉਨ੍ਹਾਂ ਦੀ ਹਦਾਇਤ ਦੇ ਬਾਵਜੂਦ ਕਈ ਵਿਧਾਇਕਾਂ ਤੇ ਵਜ਼ੀਰਾਂ ਨੇ ਪਰਿਵਾਰਕ ਮੈਂਬਰਾਂ ਅਤੇ ਕਰੀਬੀਆਂ ਨੂੰ ਖੁੱਲ੍ਹੀ ਛੁੱਟੀ ਦੇ ਰੱਖੀ ਹੈ। 

 


No comments:

Post a Comment