Monday, February 27, 2023

                                                   ਐ ਵਤਨ, ਤੇਰੇ ਰਤਨ..
ਚਰਨਜੀਤ ਭੁੱਲਰ

ਚੰਡੀਗੜ੍ਹ : ਦੇਸ਼ ਕਾ ਨੇਤਾ ਕੈਸਾ ਹੋ..ਪਿੰਡ ਬਾਦਲ ਚੋਂ ਆਵਾਜ਼ ਆਈ, ਅਮਿਤ ਰਤਨ ਜੈਸਾ ਹੋ! ਲਓ ਜੀ, ਜਥੇਦਾਰ ਅਮਿਤ ਰਤਨ ਬਠਿੰਡਾ ਹਲਕੇ ’ਚ ਤਸ਼ਰੀਫ਼ ਲੈ ਆਏ। ਮਿਹਰਬਾਨੋ! ਪਿਆਰਾ ਰਤਨ, ਸਹੁੰ ਰੱਬ ਦੀ, ਨੀਲੀ ਪੱਗ ’ਚ ਏਨਾ ਫਬੇ, ਹਲਕੇ ਤੋਂ ਚਾਅ ਨਾ ਚੁੱਕਿਆ ਜਾਵੇ। ਕੋਈ ਐਸੀ ਚੰਦਰੀ ਨਜ਼ਰ ਲੱਗੀ, ਬਠਿੰਡਵੀ ਹੀਰੇ ਦੀ ਪਛਾਣ ਕਰਨੋ ਖੁੰਝ ਗਏ। ਬੱਸ ਸੇਵਾ ਦਾ ਜਜ਼ਬਾ, ਚੁਣਾਵੀ ਹਾਰ ਨੇ ਚੂਰ-ਚੂਰ ਕਰਤਾ।
ਅਚਾਨਕ ਅਸਮਾਨੋ ਬੋਲ ਗੂੰਜੇ..‘ਮੈਂ ਸਮਾਂ ਹਾਂ..ਮੇਰੇ ਨਾਲ ਚੱਲਣਾ ਸਿੱਖ’। ਐਸੀ ਗੱਲ ਪੱਲੇ ਪਈ, ਦਿਨ ਅੱਖ ਦੇ ਫੋਰੇ ਲੰਘ ਗਏ। ਮੂੰਹ ਹੱਥ ਧੋ, ਜਦ ਰਤਨ ਭਲਵਾਨੀ ਗੇੜੇ ’ਤੇ ਨਿਕਲੇ; ਗਲੀ ਮਹੱਲੇ , ਚਾਰ ਚੁਫੇਰੇ , ਇੱਕੋ ਨਾਅਰਾ, ‘ਇੱਕ ਮੌਕਾ ਦੇਣਾ ਅਸਾਂ ਕੇਜਰੀਵਾਲ ਨੂੰ’। ਪਿੰਡ ਕੋਟਫੱਤੇ ਦੀ ਗਲੀ ’ਚ ਖੜ੍ਹ ਮਨੋ ਮਨੀ ਸੋਚਣ ਲੱਗਿਆ, ਰਤਨ ਬੰਦਿਆ! ਰੱਬ ਨੇ ਬਠਿੰਡਵੀਆਂ ਦਾ ਕਲਿਆਣ ਤੇਰੇ ਹੀ ਹੱਥੋਂ ਲਿਖਿਐ।
ਹਾਲੇ ਪੈਰ ਪੁੱਟਿਆ ਹੀ ਸੀ, ਫੇਰ ਕਿਧਰੋਂ ਆਵਾਜ਼ ਪਈ, ‘ਬਿੱਗ ਬੌਸ ਚਾਹਤੇ ਹੈਂ..। ਸਤੌਜ ਵਾਲੇ ਕੀ ਚਾਹੁੰਦੇ ਸੀ, ਇਹ ਤਾਂ ਪਤਾ ਨਹੀਂ । ਰਤਨ ਨੇ ਨਾ ਅੱਗਾ ਦੇਖਿਆ, ਨਾ ਪਿੱਛਾ, ਵਾਹੋਦਾਹੀ ਭੱਜਿਆ ਕਿਹੜਾ ਦਿੱਲੀ ਦੂਰ ਸੀ। ਰਤਨ ਟਾਟਾ ਜ਼ਰੂਰ ਬਿੱਗ ਬੌਸ ਦੀ ਪਾਰਖੂ ਅੱਖ ’ਤੇ ਹੱਸਿਆ ਹੋਊ। ਅੱਲਾ ਮਿਹਰਬਾਨ ਰਤਨ ਪਹਿਲਵਾਨ। ਰਾਸ਼ੀਫਲ ਦੇਖ , ਅਮਿਤ ਫੇਰ ਉਸੇ ਹਲਕੇ ਆਣ ਵੜੇ, ਸਿਰ ’ਤੇ ਕੇਸਰੀ ਪੱਗ, ਗਲ ’ਚ ਪਰਨਾ। ਐਨ ਬਰੈਂਡ ਨਿਊਂ ਪਏ ਲੱਗਦੇ ਪਏ ਸਨ। ਲੋਕਾਂ ਤੋਂ ਚਾਅ ਨਾ ਚੁੱਕਿਆ ਜਾਵੇ, ਕਿਸੇ ਨੇ ਸੋਚਿਆ ਤੱਕ ਨਹੀਂ ਸੀ ਕਿ ਉਨ੍ਹਾਂ ਦੇ ਪਿੰਡ ਇਨਕਲਾਬ ਖੁਦ ਚੱਲ ਕੇ ਆਏਗਾ। ਬਜ਼ੁਰਗ ਦਰਸ਼ਨ ਕਰ ਕਰ ਧੰਨ ਹੋ ਗਏ।
ਕਿਸਮਤ ਨੇ ਗੁਪਤ ਕੜਛੇ, ਭਰ ਭਰ ਅਮਿਤ ਦੀ ਝੋਲੀ ਪਾਏ। ‘ਪਿੰਗਲਾ ਪਹਾੜ ਚੜ੍ਹ ਜਾਏ, ਜੇ ਕਿਰਪਾ ਹੋਜੇ ਮਾਲਕ ਦੀ।’ ਇੱਧਰ ਨਾਅਰੇ ਵੱਜ ਰਹੇ ਸਨ, ‘ਜਿੱਤ ਗਿਆ ਬਈ ਜਿੱਤ ਗਿਆ’, ਉਧਰ ਜਗਸੀਰ ਜੀਦਾ ਹੇਕਾਂ ਲਾਈ ਜਾਵੇ, ‘ਕਾਮਰੇਡਾਂ ਨੇ ਗੋਗੜਾਂ ਛੱਡੀਆਂ, ਚੰਦਰਾ ਜ਼ਮਾਨਾ ਆ ਗਿਆ।’ ਜੇਤੂ ਜਲੂਸ ’ਚ ਅਮਿਤ ਏਨਾ ਬਾਗੋ-ਬਾਗ, ਜਿਵੇਂ ਕਾਰੂੰ ਦਾ ਖ਼ਜ਼ਾਨਾ ਹੱਥ ਲੱਗ ਗਿਆ ਹੋਵੇ। ‘ਉਹੀ ਰਾਜ ਚੰਗਾ, ਜਿਥੇ ਦੁੱਧ ਦਹੀਂ ਗੰਗਾ’।
ਰਿਸ਼ਮ ਗਰਗ ਗੁਣਗੁਣਾਏ.. ਮੇਰੇ ਦੇਸ਼ ਦੀ ਧਰਤੀ ਸੋਨਾ ਉਗਲੇ, ਉਗਲੇ ਹੀਰੇ ਮੋਤੀ..। ਲੋਕਾਂ ਨੂੰ ਜਾਪਿਆ ਜਿਵੇਂ ਇਹ ਕੋਟਫੱਤੇ ਦਾ ਹੀਰਾ ਧਰਤੀ ਦਾ ਸੀਨਾ ਪਾੜ ਹੁਣੇ ਨਿਕਲਿਆ ਹੋਵੇ। ਜ਼ਿੰਦਗੀ ਚਲੋ ਚਾਲ ਤੁਰਨ ਲੱਗੀ। ਰਤਨ ਇੰਜਨੀਅਰ ਵੀ ਹੈ, ਉਮੀਦ ਸੀ ਕਿ ਹਲਕੇ ਦੇ ਵਿਕਾਸ ਦਾ ਇੰਜਨ ਚੰਗਾ ਬੰਨੂ। ਪਤਾ ਉਦੋਂ ਲੱਗਿਆ ਜਦੋਂ ਹਲਕੇ ਦੀ ਹਾਲਤ ਪੀਟਰ ਇੰਜਨ ਵਰਗੀ ਹੋਗੀ। ਗੁਰਸ਼ਰਨ ਭਾਅ ਜੀ ਦੇ ਨਾਟਕ ’ਚ ਇੱਕ ਬਾਬਾ ਆਖਦੈ, ‘ਏਸ ਨਾਗਨੀ ਮਾਇਆ ਕੋ ਹਮ ਹਾਥ ਨਹੀਂ ਲਗਾਤੇ, ਇਸ ਕੋ ਸੰਤੋਂ ਦੀ ਝੋਲੀ ਮੇਂ ਡਾਲ ਦੋ।’ ਰਿਸ਼ਮ ਗਰਗ ਨੇ ਸਭ ਸੁੱਖ ਤਿਆਗ ਬਠਿੰਡੇ ਡੇਰੇ ਲਾਏ। ਪ੍ਰਣ ਕੀਤਾ, ਚੰਦਰੀ ਮਾਇਆ ਨੂੰ ਭਸਮ ਕਰਕੇ ਸਾਹ ਲਵਾਂਗੇ।
‘ਵਕਤ ਵਿਚਾਰੇ ਸੋ ਬੰਦਾ ਹੋਵੇ’। ਅਮਿਤ ਨੇ ਏਨੇ ਪੈਰ ਪਸਾਰੇ ਕਿ ਚਾਦਰ ਵੀ ਛੋਟੀ ਰਹਿ ਗਈ। ਪਿੰਡ ਘੁੱਦਾ ਦਾ ਪ੍ਰਿਤਪਾਲ ਮੂਰਖਨੰਦ ਹੀ ਨਿਕਲਿਆ। ਸੇਰ ਚੋਂ ਹਾਲੇ ਪੂਣੀ ਨਹੀਂ ਕੱਤੀ ਸੀ, ਘੁੱਦੇ ਆਲਾ ਵਿਕਾਸ ਦੇ ਪਹੇ ’ਚ ਅੜਿੱਕਾ ਸਿੰਘ ਬਣ ਕੇ ਬੈਠ ਗਿਆ। ਅਖੇ, ਅਮਿਤ ਹਿੱਸਾ ਮੰਗਦੈ। ਸ਼ਿਕਾਇਤੀ ਟੱਟੂਓ, ਇਸ ਰਤਨ ਨੂੰ ਲਾਲ ਸਲਾਮ ਆਖੋ, ਨਾਲੇ ਸੱਤ ਤੋਪਾਂ ਦੀ ਸਲਾਮੀ ਦੀ ਤਿਆਰੀ ਕਰੋ।
ਇਮਾਨਦਾਰੀ ਦੇ ਲਲਕਾਰੇ ਪਏ ਵੱਜਦੇ ਹੋਣ, ਸਰਾਰੀ ਨੂੰ ਘਰੇ ਤੋਰ ਦਿੱਤਾ ਗਿਆ ਹੋਵੇ। ਏਨੀ ਮਚਦੀ ਅੱਗੇ ’ਚ ਵੀ ਕੋਟਫੱਤੇ ਵਾਲਾ ਜੈਮਲ ਫੱਤਾ ਬਣਕੇ ਖੜ੍ਹ ਗਿਆ, ਇਹ ਮਾਮੂਲੀ ਗੱਲ ਨਹੀਂ। ਜ਼ਰੂਰੀ ਨਹੀਂ ਕਿ ਚੱਕਵੇਂ ਚੁੱਲ੍ਹੇ ਹਰ ਚੌਂਕੇ ’ਤੇ ਸਜਣ। ਅਸਾਂ ਦੇ ਤਾਂ ਭਗਵੰਤ ਮਾਨ ਸਮਝੋਂ ਬਾਹਰ ਐ, ਪਹਿਲਾਂ ਕਹਿੰਦਾ, ਸਾਰੇ ਵਿਧਾਇਕ ਸਰਕਟ ਹਾਊਸਾਂ ’ਚ ਠਹਿਰਨਗੇ। ਰਤਨ ਇਹੋ ਬੋਲ ਪੁਗਾਉਣ ਤਾਂ ਬਠਿੰਡਾ ਦੇ ਸਰਕਟ ਹਾਊਸ ਗਿਆ ਸੀ, ਅੱਗਿਓ ਵਿਜੀਲੈਂਸ ਆਲ਼ੇ ਸ਼ਕਤੀਮਾਨ ਵਾਂਗੂ ਆ ਪ੍ਰਗਟ ਹੋਏ। ਕੰਬਖਤੋਂ, ਇਹ ਕੋਈ ਵੀਰੱਪਨ ਐ ਜਾਂ ਹਾਜੀ ਮਸਤਾਨ, ਲੱਖਾਂ ਲੋਕਾਂ ਦੇ ਚੁਣੇ ਨੁਮਾਇੰਦੇ ਨੇ। ਮਸਤ ਮਲੰਗਾਂ ਨਾਲ ਪੰਗਾ, ਜ਼ਰੂਰ ਵਿਜੀਲੈਂਸ ਨੂੰ ਸਰਾਪ ਲੱਗੇਗਾ।
ਰਿਸ਼ਮ ਗਰਗ ਦੇ ਗਿਲਾਸ ’ਚ ਹੱਥ ਧੁਆਏ, ਗਲਾਸ ਦਾ ਪਾਣੀ ਰੰਗਲਾ ਹੋ ਗਿਆ। ‘ਪਾਨੀ ਰੇ ਪਾਨੀ, ਤੇਰਾ ਰੰਗ ਕੈਸਾ।’ ਵਿਰਲ ਵਿਚੋਂ ਦੀ ਪੰਜਾਬ ਝਾਕਿਆ ਹੋਊ ਤਾਂ ਅਮਿਤ ਰਤਨ ਨੇ ਅੱਖ ਮਿਲਾ ਆਖਿਆ ਹੋਊ, ‘ਕਿਉਂ ਬਈ! ਹੋਰ ਬਣਾਈਏ ਰੰਗਲਾ ਜਾਂ ਸਰਜੂ। ਪੰਜਾਬ ਦਾ ਗੱਚ ਭਰਿਆ ਗਿਆ, ਸਵਰਗਪੁਰੀ ’ਚ ਯਮ੍ਹਲਾ ਜੱਟ ਤੋਂ ਰਿਹਾ ਨਾ ਗਿਆ, ‘ ਭਾਗੋ ਵਰਗਿਆਂ ਲੋਕਾਂ ਲੁੱਟ ਮਚਾਈ ਏ, ਹੱਕ ਬਿਗਾਨਾ ਖਾਣਾ ਕੀ ਵਡਿਆਈ ਏ।’ ਜਿੰਨੇ ਮੂੰਹ, ਓਨੀਆਂ ਗੱਲਾਂ, ਅਖੇ ਰਤਨ ਬਾਬੂ ਤੱਤੇ ਕੜਾਹੇ ’ਚ ਹੱਥ ਪਾ ਬੈਠੇ। ‘ਤੇਰੀ ਹਰ ਮੱਸਿਆ ਬਦਨਾਮੀ, ਨੀ ਮੋਤੀਆਂ ਦੇ ਲੌਂਗ ਵਾਲੀਏ।’
ਕਦਰਦਾਨੋ! ਇਸ਼ਕ ਦੇ ਗਮ ’ਚ ਸ਼ਰਾਬੀ ਹੋਏ ਨੂੰ ਦੇਵਦਾਸ ਕਹਿੰਦੇ ਨੇ। ਇਨ੍ਹਾਂ ਨੂੰ ਕੀ ਕਹੀਏ। ਰਤਨ ਪਰਿਵਾਰ ਘਰੋਂ ਏਨਾ ਰੱਜਿਆ ਪੁੱਜਿਐ ਕਿ ਜਿਵੇਂ ਰੱਬ ਧੰਨੇ ਭਗਤ ਦੀਆਂ ਗਊਆਂ ਚਾਰਨ ਆਇਆ ਕੋਟਫੱਤੇ ਗੇੜਾ ਮਾਰ ਗਿਆ ਹੋਵੇ। ਮਾਪਿਆਂ ਨੇ ਗਿੱਲੇ ਗੋਹੇ ’ਤੇ ਕਦੇ ਪੈਰ ਨਹੀਂ ਰੱਖਿਆ ਹੁੰਦਾ, ਔਲਾਦਾਂ ਨਿੱਤ ਗੋਹਾ ਇਸ਼ਨਾਨ ਕਰਦੀਆਂ ਨੇ ,ਤਾਹੀਓਂ ਪੰਜਾਬ ਪ੍ਰੇਸ਼ਾਨ ਐ। ਕਿਤੇ ਅਕਲ ਦੇ ਟੋਭੇ ’ਚ ਡੁਬਕੀ ਲਾਈ ਹੁੰਦੀ ਤਾਂ ਨਾਮ ਦੀ ਖੁਮਾਰੀ ਕਾਫ਼ੀ ਸੀ। ਨਾ ਅਦਾਲਤਾਂ ਦੀਆਂ ਪੌੜੀਆਂ ਚੋਂ ਚੱਕਵੇਂ ਪੈਰੀਂ ਉੱਤਰਨਾ ਪੈਂਦਾ।
ਹੁਣ ਬਿਗ ਬੌਸ ਕਯਾ ਚਾਹਤੇ ਐ, ਕੋਈ ਇਲਮ ਨਹੀਂ, ਪੰਜਾਬ ਨੇ ਜੋ ਚਾਹਿਆ, ਉਹ ਹੋ ਗਿਆ। ਪ੍ਰਤਾਪ ਬਾਜਵਾ ਆਖਦਾ ਪਿਆ ਏ, ਬਈ! ਸਾਡਾ ਤਾਂ ਨੁਕਸਾਨ ਹੋ ਗਿਆ। ਬਜਟ ਸੈਸ਼ਨ ਕਰਕੇ ਅਸੀਂ ਤਾਂ ਰਤਨ ਵਾਲੇ ਗੌਣ ਤਿਆਰ ਕਰਾਏ ਸਨ, ਹੁਣ ਉਨ੍ਹਾਂ ਦਾ ਕੀ ਕਰੀਏ। ਦੌਲਤ ਦੀ ਲਤ ਬੜੀ ਭੈੜੀ ਐ। ਕਿਤੇ ਮੁੱਖ ਮੰਤਰੀ ਨੇ ‘ਰਿਸ਼ਵਤ ਛੁਡਾਊ ਕੇਂਦਰ’ ਖੋਲ੍ਹੇ ਹੁੰਦੇ ਤਾਂ ਬਠਿੰਡਾ ਹਲਕੇ ਦਾ ਆਹ ਹਾਲ ਨਹੀਂ ਹੋਣਾ ਸੀ, ‘ ਸੁੰਨੀਆਂ ਸੁੰਨੀਆਂ ਗਲੀਆਂ ਨੀ ਔਹ ਮੇਰੇ ਯਾਰ ਬਿਨਾਂ, ਦਿਲ ਪਿਆ ਗੋਤੇ ਖਾਂਦਾ ਏ ਦਿਲਦਾਰ ਬਿਨਾਂ।’

No comments:

Post a Comment