Showing posts with label Amit Rattan. Show all posts
Showing posts with label Amit Rattan. Show all posts

Friday, May 19, 2023

                                                        ਰਿਸ਼ਵਤ ਕਾਂਡ
                                    ਅਮਿਤ ਰਤਨ ਦੀ ਆਵਾਜ਼ ਦੀ ਪੁਸ਼ਟੀ
                                                       ਚਰਨਜੀਤ ਭੁੱਲਰ  

ਚੰਡੀਗੜ੍ਹ : ਪਟਿਆਲਾ ਜੇਲ੍ਹ ਵਿਚ ਬੰਦ ਬਠਿੰਡਾ (ਦਿਹਾਤੀ) ਤੋਂ ‘ਆਪ’ ਵਿਧਾਇਕ ਅਮਿਤ ਰਤਨ ਦੀ ਆਵਾਜ਼ ਦੇ ਨਮੂਨਿਆਂ ਦੀ ਪੁਸ਼ਟੀ ਹੋ ਗਈ ਹੈ। ਫੋਰੈਂਸਿਕ ਲੈਬ ਮੁਹਾਲੀ ਨੇ ਵਿਜੀਲੈਂਸ ਰੇਂਜ ਬਠਿੰਡਾ ਨੂੰ ਪੱਤਰ ਭੇਜ ਕੇ ਇਸ ਦੀ ਪੁਸ਼ਟੀ ਕੀਤੀ ਹੈ। ਵਿਜੀਲੈਂਸ ਨੇ ਰਿਸ਼ਵਤ ਕਾਂਡ ਮਾਮਲੇ ’ਚ ਵਿਧਾਇਕ ਅਮਿਤ ਰਤਨ ਨੂੰ 22 ਫਰਵਰੀ ਨੂੰ ਗ੍ਰਿਫ਼ਤਾਰ ਕੀਤਾ ਸੀ। ਇਸ ਤੋਂ ਪਹਿਲਾਂ 16 ਫਰਵਰੀ ਨੂੰ ਉਨ੍ਹਾਂ ਦੇ ਪੀਏ ਰਿਸ਼ਮ ਗਰਗ ਨੂੰ ਰਿਸ਼ਵਤ ਲੈਂਦੇ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਗਿਆ ਸੀ। ਲੈਬ ਦੀ ਰਿਪੋਰਟ ਨਾਲ ਵਿਜੀਲੈਂਸ ਦਾ ਕੇਸ ਤਕਨੀਕੀ ਨੁਕਤੇ ਤੋਂ ਮਜ਼ਬੂਤ ਹੋਇਆ ਹੈ। ਇਸ ਦੌਰਾਨ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਅਮਿਤ ਰਤਨ ਦੀ ਜ਼ਮਾਨਤ ਅਰਜ਼ੀ ’ਤੇ ਸੁਣਵਾਈ ਹੋਈ, ਪਰ ਅਦਾਲਤ ਨੇ ਅਗਲੀ ਸੁਣਵਾਈ 22 ਮਈ ’ਤੇ ਪਾ ਦਿੱਤੀ ਹੈ। ਅਦਾਲਤ ਵਿਚ ਸੀਨੀਅਰ ਐਡਵੋਕੇਟ ਜਨਰਲ ਗੌਰਵ ਧੂਰੀਵਾਲਾ ਅਤੇ ਮੁੱਦਈ ਪ੍ਰਿਤਪਾਲ ਕੁਮਾਰ ਹਾਜ਼ਰ ਹੋਏ।

          ਵੇਰਵਿਆਂ ਅਨੁਸਾਰ ਵਿਜੀਲੈਂਸ ਰੇਂਜ ਨੇ ਅਮਿਤ ਰਤਨ ਖ਼ਿਲਾਫ਼ ਬਠਿੰਡਾ ਅਦਾਲਤ ਵਿਚ 17 ਅਪਰੈਲ ਨੂੰ ਚਲਾਨ ਪੇਸ਼ ਕੀਤਾ ਸੀ, ਜਿਸ ਨਾਲ ਪੰਜ ਆਡੀਓ ਰਿਕਾਰਡਿੰਗਾਂ ਵੀ ਦਿੱਤੀਆਂ ਗਈਆਂ ਸਨ। ਇਨ੍ਹਾਂ ’ਚ ਮੁੱਦਈ ਪ੍ਰਿਤਪਾਲ ਸਿੰਘ ਘੁੱਦਾ, ਪੀਏ ਰਿਸ਼ਮ ਗਰਗ ਅਤੇ ਵਿਧਾਇਕ ਅਮਿਤ ਰਤਨ ਦੀ ਆਪਸੀ ਗੱਲਬਾਤ ਹੈ। ਇਨ੍ਹਾਂ ਆਡੀਓ ਕਾਲਾਂ ਦੇ ਆਵਾਜ਼ ਦੇ ਨਮੂਨੇ ਵਿਜੀਲੈਂਸ ਨੇ ਫੋਰੈਂਸਿਕ ਲੈਬ ਮੁਹਾਲੀ ਨੂੰ ਭੇਜੇ ਸਨ। ਅਮਿਤ ਰਤਨ ਨੇ ਅਦਾਲਤ ਵਿਚ ਮੰਗ ਕੀਤੀ ਸੀ ਕਿ ਨਮੂਨਿਆਂ ਦੀ ਜਾਂਚ ਬੋਰਡ ਬਣਾ ਕੇ ਕੀਤੀ ਜਾਵੇ। ਸੂਤਰਾਂ ਅਨੁਸਾਰ ਫੋਰੈਂਸਿਕ ਲੈਬ ਵਿਚ ਪੰਜ ਮੈਂਬਰੀ ਬੋਰਡ ਵੱਲੋਂ ਇਸ ਤਿੱਕੜੀ ਦੀ ਆਵਾਜ਼ ਦੇ ਨਮੂਨਿਆਂ ਦੀ ਜਾਂਚ ਕੀਤੀ ਗਈ, ਜਿਸ ਵਿਚ ਤਿੰਨੋਂ ਦੀ ਆਵਾਜ਼ ਦੇ ਨਮੂਨੇ ਮੇਲ ਖਾ ਗਏ ਹਨ। ਵਿਧਾਇਕ ਦਾ ਪੀਏ ਰਿਸ਼ਮ ਗਰਗ ਵੀ ਨਿਆਂਇਕ ਹਿਰਾਸਤ ਵਿਚ ਹੈ। ਵਿਜੀਲੈਂਸ ਰਿਸ਼ਮ ਦੇ ਸਮਾਣਾ ਸਥਿਤ ਘਰ ’ਚੋਂ 1.13 ਲੱਖ ਰੁਪਏ ਵੀ ਬਰਾਮਦ ਕਰ ਚੁੱਕੀ ਹੈ।

          ਸ਼ਿਕਾਇਤਕਰਤਾ ਪ੍ਰਿਤਪਾਲ ਕੁਮਾਰ ਨੇ ਰਿਸ਼ਵਤ ਕਾਂਡ ਦਾ ਭਾਂਡਾ ਭੰਨ੍ਹਣ ਲਈ ਅਗਸਤ 2022 ਤੋਂ ਹੀ ਆਪਣਾ ਮਿਸ਼ਨ ਸ਼ੁਰੂ ਕਰ ਦਿੱਤਾ ਸੀ। ਉਸ ਨੇ ਸਬੂਤ ਇਕੱਤਰ ਕਰਨ ਲਈ ਬਾਕਾਇਦਾ ਛੋਟਾ ਰਿਕਾਰਡਰ ਖ਼ਰੀਦਿਆ ਸੀ। ਮੁੱਖ ਮੰਤਰੀ ਭਗਵੰਤ ਮਾਨ ਨੇ ‘ਆਪ’ ਵਿਧਾਇਕ ਅਮਿਤ ਰਤਨ ਨੂੰ ਗ੍ਰਿਫ਼ਤਾਰ ਕਰਨ ਲਈ ਹਰੀ ਝੰਡੀ ਦੇ ਕੇ ਸੁਨੇਹਾ ਦਿੱਤਾ ਸੀ ਕਿ ਕਿਸੇ ਵੀ ਰਿਸ਼ਵਤਖ਼ੋਰ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਅਮਿਤ ਰਤਨ ਨੇ 2017 ਦੀਆਂ ਚੋਣਾਂ ਵਿਚ ਬਠਿੰਡਾ ਦਿਹਾਤੀ ਹਲਕੇ ਤੋਂ ਅਕਾਲੀ ਉਮੀਦਵਾਰ ਵਜੋਂ ਚੋਣ ਲੜੀ ਸੀ, ਪਰ ਉਹ ਚੋਣ ਹਾਰ ਗਏ ਸਨ। ਸ਼੍ਰੋਮਣੀ ਅਕਾਲੀ ਦਲ ਨੇ ਵੀ ਵੱਢੀ ਦੇ ਦੋਸ਼ਾਂ ਕਰਕੇ ਅਮਿਤ ਰਤਨ ਨੂੰ ਪਾਰਟੀ ’ਚੋਂ ਕੱਢਿਆ ਸੀ। ਉਸ ਮਗਰੋਂ ‘ਆਪ’ ਨੇ 2022 ਦੀਆਂ ਚੋਣਾਂ ਵਿਚ ਅਮਿਤ ਰਤਨ ਨੂੰ ਉਮੀਦਵਾਰ ਬਣਾ ਲਿਆ ਸੀ। ਅਮਿਤ ਰਤਨ ਨੇ ਇਨ੍ਹਾਂ ਚੋਣਾਂ ਵਿਚ ਆਪਣੇ ਪਰਿਵਾਰ ਦੀ 2.64 ਕਰੋੜ ਦੀ ਚੱਲ ਅਚੱਲ ਸੰਪਤੀ ਨਸ਼ਰ ਕੀਤੀ ਸੀ।

Monday, February 27, 2023

                                                   ਐ ਵਤਨ, ਤੇਰੇ ਰਤਨ..
ਚਰਨਜੀਤ ਭੁੱਲਰ

ਚੰਡੀਗੜ੍ਹ : ਦੇਸ਼ ਕਾ ਨੇਤਾ ਕੈਸਾ ਹੋ..ਪਿੰਡ ਬਾਦਲ ਚੋਂ ਆਵਾਜ਼ ਆਈ, ਅਮਿਤ ਰਤਨ ਜੈਸਾ ਹੋ! ਲਓ ਜੀ, ਜਥੇਦਾਰ ਅਮਿਤ ਰਤਨ ਬਠਿੰਡਾ ਹਲਕੇ ’ਚ ਤਸ਼ਰੀਫ਼ ਲੈ ਆਏ। ਮਿਹਰਬਾਨੋ! ਪਿਆਰਾ ਰਤਨ, ਸਹੁੰ ਰੱਬ ਦੀ, ਨੀਲੀ ਪੱਗ ’ਚ ਏਨਾ ਫਬੇ, ਹਲਕੇ ਤੋਂ ਚਾਅ ਨਾ ਚੁੱਕਿਆ ਜਾਵੇ। ਕੋਈ ਐਸੀ ਚੰਦਰੀ ਨਜ਼ਰ ਲੱਗੀ, ਬਠਿੰਡਵੀ ਹੀਰੇ ਦੀ ਪਛਾਣ ਕਰਨੋ ਖੁੰਝ ਗਏ। ਬੱਸ ਸੇਵਾ ਦਾ ਜਜ਼ਬਾ, ਚੁਣਾਵੀ ਹਾਰ ਨੇ ਚੂਰ-ਚੂਰ ਕਰਤਾ।
ਅਚਾਨਕ ਅਸਮਾਨੋ ਬੋਲ ਗੂੰਜੇ..‘ਮੈਂ ਸਮਾਂ ਹਾਂ..ਮੇਰੇ ਨਾਲ ਚੱਲਣਾ ਸਿੱਖ’। ਐਸੀ ਗੱਲ ਪੱਲੇ ਪਈ, ਦਿਨ ਅੱਖ ਦੇ ਫੋਰੇ ਲੰਘ ਗਏ। ਮੂੰਹ ਹੱਥ ਧੋ, ਜਦ ਰਤਨ ਭਲਵਾਨੀ ਗੇੜੇ ’ਤੇ ਨਿਕਲੇ; ਗਲੀ ਮਹੱਲੇ , ਚਾਰ ਚੁਫੇਰੇ , ਇੱਕੋ ਨਾਅਰਾ, ‘ਇੱਕ ਮੌਕਾ ਦੇਣਾ ਅਸਾਂ ਕੇਜਰੀਵਾਲ ਨੂੰ’। ਪਿੰਡ ਕੋਟਫੱਤੇ ਦੀ ਗਲੀ ’ਚ ਖੜ੍ਹ ਮਨੋ ਮਨੀ ਸੋਚਣ ਲੱਗਿਆ, ਰਤਨ ਬੰਦਿਆ! ਰੱਬ ਨੇ ਬਠਿੰਡਵੀਆਂ ਦਾ ਕਲਿਆਣ ਤੇਰੇ ਹੀ ਹੱਥੋਂ ਲਿਖਿਐ।
ਹਾਲੇ ਪੈਰ ਪੁੱਟਿਆ ਹੀ ਸੀ, ਫੇਰ ਕਿਧਰੋਂ ਆਵਾਜ਼ ਪਈ, ‘ਬਿੱਗ ਬੌਸ ਚਾਹਤੇ ਹੈਂ..। ਸਤੌਜ ਵਾਲੇ ਕੀ ਚਾਹੁੰਦੇ ਸੀ, ਇਹ ਤਾਂ ਪਤਾ ਨਹੀਂ । ਰਤਨ ਨੇ ਨਾ ਅੱਗਾ ਦੇਖਿਆ, ਨਾ ਪਿੱਛਾ, ਵਾਹੋਦਾਹੀ ਭੱਜਿਆ ਕਿਹੜਾ ਦਿੱਲੀ ਦੂਰ ਸੀ। ਰਤਨ ਟਾਟਾ ਜ਼ਰੂਰ ਬਿੱਗ ਬੌਸ ਦੀ ਪਾਰਖੂ ਅੱਖ ’ਤੇ ਹੱਸਿਆ ਹੋਊ। ਅੱਲਾ ਮਿਹਰਬਾਨ ਰਤਨ ਪਹਿਲਵਾਨ। ਰਾਸ਼ੀਫਲ ਦੇਖ , ਅਮਿਤ ਫੇਰ ਉਸੇ ਹਲਕੇ ਆਣ ਵੜੇ, ਸਿਰ ’ਤੇ ਕੇਸਰੀ ਪੱਗ, ਗਲ ’ਚ ਪਰਨਾ। ਐਨ ਬਰੈਂਡ ਨਿਊਂ ਪਏ ਲੱਗਦੇ ਪਏ ਸਨ। ਲੋਕਾਂ ਤੋਂ ਚਾਅ ਨਾ ਚੁੱਕਿਆ ਜਾਵੇ, ਕਿਸੇ ਨੇ ਸੋਚਿਆ ਤੱਕ ਨਹੀਂ ਸੀ ਕਿ ਉਨ੍ਹਾਂ ਦੇ ਪਿੰਡ ਇਨਕਲਾਬ ਖੁਦ ਚੱਲ ਕੇ ਆਏਗਾ। ਬਜ਼ੁਰਗ ਦਰਸ਼ਨ ਕਰ ਕਰ ਧੰਨ ਹੋ ਗਏ।
ਕਿਸਮਤ ਨੇ ਗੁਪਤ ਕੜਛੇ, ਭਰ ਭਰ ਅਮਿਤ ਦੀ ਝੋਲੀ ਪਾਏ। ‘ਪਿੰਗਲਾ ਪਹਾੜ ਚੜ੍ਹ ਜਾਏ, ਜੇ ਕਿਰਪਾ ਹੋਜੇ ਮਾਲਕ ਦੀ।’ ਇੱਧਰ ਨਾਅਰੇ ਵੱਜ ਰਹੇ ਸਨ, ‘ਜਿੱਤ ਗਿਆ ਬਈ ਜਿੱਤ ਗਿਆ’, ਉਧਰ ਜਗਸੀਰ ਜੀਦਾ ਹੇਕਾਂ ਲਾਈ ਜਾਵੇ, ‘ਕਾਮਰੇਡਾਂ ਨੇ ਗੋਗੜਾਂ ਛੱਡੀਆਂ, ਚੰਦਰਾ ਜ਼ਮਾਨਾ ਆ ਗਿਆ।’ ਜੇਤੂ ਜਲੂਸ ’ਚ ਅਮਿਤ ਏਨਾ ਬਾਗੋ-ਬਾਗ, ਜਿਵੇਂ ਕਾਰੂੰ ਦਾ ਖ਼ਜ਼ਾਨਾ ਹੱਥ ਲੱਗ ਗਿਆ ਹੋਵੇ। ‘ਉਹੀ ਰਾਜ ਚੰਗਾ, ਜਿਥੇ ਦੁੱਧ ਦਹੀਂ ਗੰਗਾ’।
ਰਿਸ਼ਮ ਗਰਗ ਗੁਣਗੁਣਾਏ.. ਮੇਰੇ ਦੇਸ਼ ਦੀ ਧਰਤੀ ਸੋਨਾ ਉਗਲੇ, ਉਗਲੇ ਹੀਰੇ ਮੋਤੀ..। ਲੋਕਾਂ ਨੂੰ ਜਾਪਿਆ ਜਿਵੇਂ ਇਹ ਕੋਟਫੱਤੇ ਦਾ ਹੀਰਾ ਧਰਤੀ ਦਾ ਸੀਨਾ ਪਾੜ ਹੁਣੇ ਨਿਕਲਿਆ ਹੋਵੇ। ਜ਼ਿੰਦਗੀ ਚਲੋ ਚਾਲ ਤੁਰਨ ਲੱਗੀ। ਰਤਨ ਇੰਜਨੀਅਰ ਵੀ ਹੈ, ਉਮੀਦ ਸੀ ਕਿ ਹਲਕੇ ਦੇ ਵਿਕਾਸ ਦਾ ਇੰਜਨ ਚੰਗਾ ਬੰਨੂ। ਪਤਾ ਉਦੋਂ ਲੱਗਿਆ ਜਦੋਂ ਹਲਕੇ ਦੀ ਹਾਲਤ ਪੀਟਰ ਇੰਜਨ ਵਰਗੀ ਹੋਗੀ। ਗੁਰਸ਼ਰਨ ਭਾਅ ਜੀ ਦੇ ਨਾਟਕ ’ਚ ਇੱਕ ਬਾਬਾ ਆਖਦੈ, ‘ਏਸ ਨਾਗਨੀ ਮਾਇਆ ਕੋ ਹਮ ਹਾਥ ਨਹੀਂ ਲਗਾਤੇ, ਇਸ ਕੋ ਸੰਤੋਂ ਦੀ ਝੋਲੀ ਮੇਂ ਡਾਲ ਦੋ।’ ਰਿਸ਼ਮ ਗਰਗ ਨੇ ਸਭ ਸੁੱਖ ਤਿਆਗ ਬਠਿੰਡੇ ਡੇਰੇ ਲਾਏ। ਪ੍ਰਣ ਕੀਤਾ, ਚੰਦਰੀ ਮਾਇਆ ਨੂੰ ਭਸਮ ਕਰਕੇ ਸਾਹ ਲਵਾਂਗੇ।
‘ਵਕਤ ਵਿਚਾਰੇ ਸੋ ਬੰਦਾ ਹੋਵੇ’। ਅਮਿਤ ਨੇ ਏਨੇ ਪੈਰ ਪਸਾਰੇ ਕਿ ਚਾਦਰ ਵੀ ਛੋਟੀ ਰਹਿ ਗਈ। ਪਿੰਡ ਘੁੱਦਾ ਦਾ ਪ੍ਰਿਤਪਾਲ ਮੂਰਖਨੰਦ ਹੀ ਨਿਕਲਿਆ। ਸੇਰ ਚੋਂ ਹਾਲੇ ਪੂਣੀ ਨਹੀਂ ਕੱਤੀ ਸੀ, ਘੁੱਦੇ ਆਲਾ ਵਿਕਾਸ ਦੇ ਪਹੇ ’ਚ ਅੜਿੱਕਾ ਸਿੰਘ ਬਣ ਕੇ ਬੈਠ ਗਿਆ। ਅਖੇ, ਅਮਿਤ ਹਿੱਸਾ ਮੰਗਦੈ। ਸ਼ਿਕਾਇਤੀ ਟੱਟੂਓ, ਇਸ ਰਤਨ ਨੂੰ ਲਾਲ ਸਲਾਮ ਆਖੋ, ਨਾਲੇ ਸੱਤ ਤੋਪਾਂ ਦੀ ਸਲਾਮੀ ਦੀ ਤਿਆਰੀ ਕਰੋ।
ਇਮਾਨਦਾਰੀ ਦੇ ਲਲਕਾਰੇ ਪਏ ਵੱਜਦੇ ਹੋਣ, ਸਰਾਰੀ ਨੂੰ ਘਰੇ ਤੋਰ ਦਿੱਤਾ ਗਿਆ ਹੋਵੇ। ਏਨੀ ਮਚਦੀ ਅੱਗੇ ’ਚ ਵੀ ਕੋਟਫੱਤੇ ਵਾਲਾ ਜੈਮਲ ਫੱਤਾ ਬਣਕੇ ਖੜ੍ਹ ਗਿਆ, ਇਹ ਮਾਮੂਲੀ ਗੱਲ ਨਹੀਂ। ਜ਼ਰੂਰੀ ਨਹੀਂ ਕਿ ਚੱਕਵੇਂ ਚੁੱਲ੍ਹੇ ਹਰ ਚੌਂਕੇ ’ਤੇ ਸਜਣ। ਅਸਾਂ ਦੇ ਤਾਂ ਭਗਵੰਤ ਮਾਨ ਸਮਝੋਂ ਬਾਹਰ ਐ, ਪਹਿਲਾਂ ਕਹਿੰਦਾ, ਸਾਰੇ ਵਿਧਾਇਕ ਸਰਕਟ ਹਾਊਸਾਂ ’ਚ ਠਹਿਰਨਗੇ। ਰਤਨ ਇਹੋ ਬੋਲ ਪੁਗਾਉਣ ਤਾਂ ਬਠਿੰਡਾ ਦੇ ਸਰਕਟ ਹਾਊਸ ਗਿਆ ਸੀ, ਅੱਗਿਓ ਵਿਜੀਲੈਂਸ ਆਲ਼ੇ ਸ਼ਕਤੀਮਾਨ ਵਾਂਗੂ ਆ ਪ੍ਰਗਟ ਹੋਏ। ਕੰਬਖਤੋਂ, ਇਹ ਕੋਈ ਵੀਰੱਪਨ ਐ ਜਾਂ ਹਾਜੀ ਮਸਤਾਨ, ਲੱਖਾਂ ਲੋਕਾਂ ਦੇ ਚੁਣੇ ਨੁਮਾਇੰਦੇ ਨੇ। ਮਸਤ ਮਲੰਗਾਂ ਨਾਲ ਪੰਗਾ, ਜ਼ਰੂਰ ਵਿਜੀਲੈਂਸ ਨੂੰ ਸਰਾਪ ਲੱਗੇਗਾ।
ਰਿਸ਼ਮ ਗਰਗ ਦੇ ਗਿਲਾਸ ’ਚ ਹੱਥ ਧੁਆਏ, ਗਲਾਸ ਦਾ ਪਾਣੀ ਰੰਗਲਾ ਹੋ ਗਿਆ। ‘ਪਾਨੀ ਰੇ ਪਾਨੀ, ਤੇਰਾ ਰੰਗ ਕੈਸਾ।’ ਵਿਰਲ ਵਿਚੋਂ ਦੀ ਪੰਜਾਬ ਝਾਕਿਆ ਹੋਊ ਤਾਂ ਅਮਿਤ ਰਤਨ ਨੇ ਅੱਖ ਮਿਲਾ ਆਖਿਆ ਹੋਊ, ‘ਕਿਉਂ ਬਈ! ਹੋਰ ਬਣਾਈਏ ਰੰਗਲਾ ਜਾਂ ਸਰਜੂ। ਪੰਜਾਬ ਦਾ ਗੱਚ ਭਰਿਆ ਗਿਆ, ਸਵਰਗਪੁਰੀ ’ਚ ਯਮ੍ਹਲਾ ਜੱਟ ਤੋਂ ਰਿਹਾ ਨਾ ਗਿਆ, ‘ ਭਾਗੋ ਵਰਗਿਆਂ ਲੋਕਾਂ ਲੁੱਟ ਮਚਾਈ ਏ, ਹੱਕ ਬਿਗਾਨਾ ਖਾਣਾ ਕੀ ਵਡਿਆਈ ਏ।’ ਜਿੰਨੇ ਮੂੰਹ, ਓਨੀਆਂ ਗੱਲਾਂ, ਅਖੇ ਰਤਨ ਬਾਬੂ ਤੱਤੇ ਕੜਾਹੇ ’ਚ ਹੱਥ ਪਾ ਬੈਠੇ। ‘ਤੇਰੀ ਹਰ ਮੱਸਿਆ ਬਦਨਾਮੀ, ਨੀ ਮੋਤੀਆਂ ਦੇ ਲੌਂਗ ਵਾਲੀਏ।’
ਕਦਰਦਾਨੋ! ਇਸ਼ਕ ਦੇ ਗਮ ’ਚ ਸ਼ਰਾਬੀ ਹੋਏ ਨੂੰ ਦੇਵਦਾਸ ਕਹਿੰਦੇ ਨੇ। ਇਨ੍ਹਾਂ ਨੂੰ ਕੀ ਕਹੀਏ। ਰਤਨ ਪਰਿਵਾਰ ਘਰੋਂ ਏਨਾ ਰੱਜਿਆ ਪੁੱਜਿਐ ਕਿ ਜਿਵੇਂ ਰੱਬ ਧੰਨੇ ਭਗਤ ਦੀਆਂ ਗਊਆਂ ਚਾਰਨ ਆਇਆ ਕੋਟਫੱਤੇ ਗੇੜਾ ਮਾਰ ਗਿਆ ਹੋਵੇ। ਮਾਪਿਆਂ ਨੇ ਗਿੱਲੇ ਗੋਹੇ ’ਤੇ ਕਦੇ ਪੈਰ ਨਹੀਂ ਰੱਖਿਆ ਹੁੰਦਾ, ਔਲਾਦਾਂ ਨਿੱਤ ਗੋਹਾ ਇਸ਼ਨਾਨ ਕਰਦੀਆਂ ਨੇ ,ਤਾਹੀਓਂ ਪੰਜਾਬ ਪ੍ਰੇਸ਼ਾਨ ਐ। ਕਿਤੇ ਅਕਲ ਦੇ ਟੋਭੇ ’ਚ ਡੁਬਕੀ ਲਾਈ ਹੁੰਦੀ ਤਾਂ ਨਾਮ ਦੀ ਖੁਮਾਰੀ ਕਾਫ਼ੀ ਸੀ। ਨਾ ਅਦਾਲਤਾਂ ਦੀਆਂ ਪੌੜੀਆਂ ਚੋਂ ਚੱਕਵੇਂ ਪੈਰੀਂ ਉੱਤਰਨਾ ਪੈਂਦਾ।
ਹੁਣ ਬਿਗ ਬੌਸ ਕਯਾ ਚਾਹਤੇ ਐ, ਕੋਈ ਇਲਮ ਨਹੀਂ, ਪੰਜਾਬ ਨੇ ਜੋ ਚਾਹਿਆ, ਉਹ ਹੋ ਗਿਆ। ਪ੍ਰਤਾਪ ਬਾਜਵਾ ਆਖਦਾ ਪਿਆ ਏ, ਬਈ! ਸਾਡਾ ਤਾਂ ਨੁਕਸਾਨ ਹੋ ਗਿਆ। ਬਜਟ ਸੈਸ਼ਨ ਕਰਕੇ ਅਸੀਂ ਤਾਂ ਰਤਨ ਵਾਲੇ ਗੌਣ ਤਿਆਰ ਕਰਾਏ ਸਨ, ਹੁਣ ਉਨ੍ਹਾਂ ਦਾ ਕੀ ਕਰੀਏ। ਦੌਲਤ ਦੀ ਲਤ ਬੜੀ ਭੈੜੀ ਐ। ਕਿਤੇ ਮੁੱਖ ਮੰਤਰੀ ਨੇ ‘ਰਿਸ਼ਵਤ ਛੁਡਾਊ ਕੇਂਦਰ’ ਖੋਲ੍ਹੇ ਹੁੰਦੇ ਤਾਂ ਬਠਿੰਡਾ ਹਲਕੇ ਦਾ ਆਹ ਹਾਲ ਨਹੀਂ ਹੋਣਾ ਸੀ, ‘ ਸੁੰਨੀਆਂ ਸੁੰਨੀਆਂ ਗਲੀਆਂ ਨੀ ਔਹ ਮੇਰੇ ਯਾਰ ਬਿਨਾਂ, ਦਿਲ ਪਿਆ ਗੋਤੇ ਖਾਂਦਾ ਏ ਦਿਲਦਾਰ ਬਿਨਾਂ।’

Friday, February 24, 2023

                                                     ਅਪਰੇਸ਼ਨ ਰਤਨ
                          ਅੱਗੇ ਅੱਗੇ ਵਿਧਾਇਕ ਤੇ ਪਿੱਛੇ ਵਿਜੀਲੈਂਸ
                                                     ਚਰਨਜੀਤ ਭੁੱਲਰ    

ਚੰਡੀਗੜ੍ਹ : ਵਿਜੀਲੈਂਸ ਬਿਊਰੋ ਪੰਜਾਬ ਨੂੰ ‘ਅਪਰੇਸ਼ਨ ਰਤਨ’ ’ਚ ਕਾਮਯਾਬੀ ਲਈ ਕਰੀਬ ਅੱਠ ਘੰਟੇ ਤੱਕ ਲੁਕਣਮੀਟੀ ਖੇਡਣੀ ਪਈ। ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਜਿਉਂ ਹੀ ਬੀਤੇ ਦਿਨ ਦੁਪਹਿਰ ਵੇਲੇ ਵਿਜੀਲੈਂਸ ਨੂੰ ਹਰੀ ਝੰਡੀ ਦਿੱਤੀ ਗਈ, ਉਦੋਂ ਹੀ ਵਿਜੀਲੈਂਸ ਨੇ ਬਠਿੰਡਾ (ਦਿਹਾਤੀ) ਤੋਂ ‘ਆਪ’ ਵਿਧਾਇਕ ਅਮਿਤ ਰਤਨ ਨੂੰ ਗ੍ਰਿਫ਼ਤਾਰ ਕਰਨ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਸੀ। ਉਸ ਤੋਂ ਪਹਿਲਾਂ ਵਿਜੀਲੈਂਸ ਨੇ ਮੁੱਖ ਮੰਤਰੀ ਨੂੰ ਅਮਿਤ ਰਤਨ ਖ਼ਿਲਾਫ਼ ਇਕੱਤਰ ਹੋਏ ਸਬੂਤਾਂ ਤੋਂ ਜਾਣੂ ਕਰਾਇਆ ਗਿਆ। ਇਸ ਦੇ ਨਾਲ ਹੀ ਫੋਰੈਂਸਿਕ ਲੈਬ ’ਚੋਂ ‘ਕਾਲ ਰਿਕਾਰਡ’ ’ਚ ਵਿਧਾਇਕ ਦੀ ਆਵਾਜ਼ ਦੀ ਪੁਸ਼ਟੀ ਹੋਣ ਬਾਰੇ ਮੁੱਖ ਮੰਤਰੀ ਨੂੰ ਜਾਣੂ ਕਰਾ ਦਿੱਤਾ ਗਿਆ। ਅਹਿਮ ਸੂਤਰਾਂ ਅਨੁਸਾਰ ਵਿਜੀਲੈਂਸ ਬਿਊਰੋ ਨੇ ਵਿਧਾਇਕ ਨੂੰ ਗ੍ਰਿਫ਼ਤਾਰ ਕਰਨ ਲਈ ਚਾਰ ਟੀਮਾਂ ਬਣਾਈਆਂ ਤੇ ਵਿਜੀਲੈਂਸ ਰੇਂਜ ਬਠਿੰਡਾ ਦੇ ਐੱਸਐੱਸਪੀ ਹਰਪਾਲ ਸਿੰਘ ਨੇ ਖ਼ੁਦ ਇਸ ਮਾਮਲੇ ’ਚ ਅਗਵਾਈ ਕੀਤੀ। ਵਿਜੀਲੈਂਸ ਟੀਮਾਂ ਬੀਤੇ ਦਿਨ ਕਰੀਬ ਤਿੰਨ ਵਜੇ ਬਠਿੰਡਾ ਤੋਂ ਚੰਡੀਗੜ੍ਹ ਲਈ ਰਵਾਨਾ ਹੋਈਆਂ। 

          ਉਸ ਤੋਂ ਪਹਿਲਾਂ ਭੇਜੀ ਐਡਵਾਂਸ ਟੀਮ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਅਮਿਤ ਰਤਨ ਚੰਡੀਗੜ੍ਹ ਦੇ ਸੈਕਟਰ-21 ਵਿਚਲੀ ਰਿਹਾਇਸ਼ ’ਤੇ ਮੌਜੂਦ ਹਨ। ਵਿਜੀਲੈਂਸ ਟੀਮ ਕਰੀਬ ਸਾਢੇ ਸੱਤ ਵਜੇ ਚੰਡੀਗੜ੍ਹ ਪੁੱਜੀ। ਸੂਤਰਾਂ ਅਨੁਸਾਰ ਟੀਮ ਦੇ ਵਿਧਾਇਕ ਦੀ ਰਿਹਾਇਸ਼ ’ਤੇ ਪੁੱਜਣ ਤੋਂ ਪਹਿਲਾਂ ਹੀ ਅਮਿਤ ਰਤਨ ਦਿੱਲੀ ਆਪਣੇ ਪਰਿਵਾਰਕ ਮੈਂਬਰ ਨੂੰ ਮਿਲਣ ਲਈ ਰਵਾਨਾ ਹੋ ਗਏ। ਸੂਤਰਾਂ ਅਨੁਸਾਰ ਵਿਜੀਲੈਂਸ ਵੱਲੋਂ ਅਮਿਤ ਰਤਨ ਦੀ ਟਾਵਰ ਲੋਕੇਸ਼ਨ ’ਤੇ ਨਜ਼ਰ ਰੱਖੀ ਜਾ ਰਹੀ ਸੀ। ਸੈਕਟਰ-21 ’ਚੋਂ ਵਿਧਾਇਕ ਵਾਇਆ ਤੇਪਲਾ ਜਦੋਂ ਜਾ ਰਹੇ ਸਨ ਤਾਂ ਲੋਕੇਸ਼ਨ ਤੋਂ ਵਿਜੀਲੈਂਸ ਨੇ ਅੰਦਾਜ਼ਾ ਲਾਇਆ। ਲੋਕੇਸ਼ਨ ਡਾਟਾ ਹਰ 20 ਮਿੰਟ ਮਗਰੋਂ ਅਪਡੇਟ ਹੁੰਦਾ ਗਿਆ, ਉਦੋਂ ਤੱਕ ਵਿਧਾਇਕ ਆਪਣੀ ਫਾਰਚੂਨਰ ਗੱਡੀ ’ਤੇ ਕਾਫ਼ੀ ਦੂਰ ਲੰਘ ਜਾਂਦੇ ਸਨ। ਵਿਜੀਲੈਂਸ ਵੱਲੋਂ ਪਲ ਪਲ ਦੀ ਰਿਪੋਰਟ ਨਾਲੋਂ ਨਾਲ ਮੁੱਖ ਮੰਤਰੀ ਨੂੰ ਦਿੱਤੀ ਜਾ ਰਹੀ ਸੀ। ਇਸੇ ਦੌਰਾਨ ਵਿਧਾਇਕ ਅਮਿਤ ਰਤਨ ਹਰਿਆਣਾ ਵਿੱਚ ਦਾਖਲ ਹੋ ਗਏ ਸਨ। ਵਿਜੀਲੈਂਸ ਨੂੰ ਇਸ ਗੱਲ ਦਾ ਡਰ ਵੀ ਸੀ ਕਿ ਜੇ ਕਿਤੇ ਵਿਧਾਇਕ ਦਿੱਲੀ ਜਾਣ ਵਿੱਚ ਸਫਲ ਹੋ ਗਿਆ ਤਾਂ ਪੰਜਾਬ ਪੁਲੀਸ ਲਈ ਵੱਖਰੀ ਤਰ੍ਹਾਂ ਦੀ ਸਥਿਤੀ ਪੈਦਾ ਹੋ ਸਕਦੀ ਹੈ। 

          ਵਿਜੀਲੈਂਸ ਦੇ ਸੂਤਰ ਦੱਸਦੇ ਹਨ ਕਿ ਅਚਾਨਕ ਦਿੱਲੀ ਤੋਂ ਵਿਧਾਇਕ ਨੂੰ ਉਨ੍ਹਾਂ ਦੇ ਪਰਿਵਾਰਕ ਮੈਂਬਰ ਦਾ ਫ਼ੋਨ ਆ ਗਿਆ ਕਿ ਉਹ (ਵਿਧਾਇਕ) ਦਿੱਲੀ ਨਾ ਆਉਣ।ਸੂਤਰਾਂ ਅਨੁਸਾਰ ਵਿਧਾਇਕ ਨੇ ਪੰਜਾਬ ਵੱਲ ਪਰਤਣ ਤੋਂ ਪਹਿਲਾਂ ਇੱਕ ਸਬ-ਵੇਅ ਤੋਂ ਬਰਗਰ ਵਗ਼ੈਰਾ ਖਾਧਾ ਅਤੇ ਵਾਪਸ ਚਾਲੇ ਪਾ ਦਿੱਤੇ। ਇਸ ਮੌਕੇ ਵਿਧਾਇਕ ਨਾਲ ਉਨ੍ਹਾਂ ਦਾ ਡਰਾਈਵਰ ਅਤੇ ਪੀਏ ਵੀ ਸਨ। ਵਿਧਾਇਕ ਆਪਣੀ ਗੱਡੀ ’ਤੇ ਰਾਜਪੁਰਾ ਵੱਲ ਵਧੇ ਤਾਂ ਵਿਜੀਲੈਂਸ ਦੀਆਂ ਤਿੰਨ ਗੱਡੀਆਂ ਨੇ ਘੇਰਾ ਪਾ ਕੇ ਵਿਧਾਇਕ ਦੇ ਪੀਏ ਤੇ ਡਰਾਈਵਰ ਨੂੰ ਗੱਡੀ ਚੋਂ ਉਤਾਰ ਦਿੱਤਾ ਅਤੇ ਵਿਧਾਇਕ ਨੂੰ ਨਾਲ ਲੈ ਕੇ ਵਾਪਸ ਬਠਿੰਡਾ ਲਈ ਰਵਾਨਾ ਹੋ ਗਏ। ਵਿਜੀਲੈਂਸ ਨੇ ਇਹ ਗ੍ਰਿਫ਼ਤਾਰੀ ਲੰਘੀ ਰਾਤ ਕਰੀਬ 10.30 ਵਜੇ ਕੀਤੀ ਹੈ ਅਤੇ ਵਿਜੀਲੈਂਸ ਟੀਮ ਰਾਤ ਕਰੀਬ ਦੋ ਵਜੇ ਵਾਪਸ ਬਠਿੰਡਾ ਪੁੱਜੀ। ਰਸਤੇ ਵਿੱਚ ਵਿਜੀਲੈਂਸ ਅਫ਼ਸਰਾਂ ਨੇ ਵਿਧਾਇਕ ਅਮਿਤ ਰਤਨ ਤੋਂ ਪੁੱਛ ਪੜਤਾਲ ਸ਼ੁਰੂ ਕਰ ਦਿੱਤੀ। ਵਿਧਾਇਕ ਦੀ ਗ੍ਰਿਫ਼ਤਾਰੀ ਮਗਰੋਂ ਫ਼ੌਰੀ ਮੁੱਖ ਮੰਤਰੀ ਨੂੰ ਵਿਜੀਲੈਂਸ ਨੇ ਸੂਚਨਾ ਦੇ ਦਿੱਤੀ। ਚੇਤੇ ਰਹੇ ਕਿ 16 ਫਰਵਰੀ ਨੂੰ ਵਿਜੀਲੈਂਸ ਨੇ ਪਿੰਡ ਘੁੱਦਾ ਦੀ ਮਹਿਲਾ ਸਰਪੰਚ ਦੇ ਪਤੀ ਪ੍ਰਿਤਪਾਲ ਕੁਮਾਰ ਦੀ ਸ਼ਿਕਾਇਤ ’ਤੇ ਵਿਧਾਇਕ ਅਮਿਤ ਰਤਨ ਦੇ ਪੀਏ ਰਿਸ਼ਮ ਗਰਗ ਨੂੰ ਚਾਰ ਲੱਖ ਰੁਪਏ ਰਿਸ਼ਵਤ ਲੈਂਦਿਆਂ ਕਾਬੂ ਕੀਤਾ ਸੀ।

          ਰਿਸ਼ਮ ਗਰਗ ਦਾ 23 ਫਰਵਰੀ ਤੱਕ ਦਾ ਪੁਲੀਸ ਰਿਮਾਂਡ ਲਿਆ ਹੋਇਆ ਹੈ। ਪ੍ਰਿਤਪਾਲ ਕੁਮਾਰ ਨੇ ਸੋਨੀ ਰਿਕਾਰਡਰ ’ਤੇ ਅਗਸਤ 2022 ਤੋਂ ਹੁਣ ਤੱਕ ਦੀ ਕੀਤੀ ‘ਕਾਲ ਰਿਕਾਰਡ’ ਵਿਜੀਲੈਂਸ ਹਵਾਲੇ ਕਰ ਦਿੱਤੀ ਸੀ। ਵਿਜੀਲੈਂਸ ਦੀ ਪੁੱਛ ਪੜਤਾਲ ਵਿਚ ਰਿਸ਼ਮ ਗਰਗ ਨੇ ਵਿਧਾਇਕ ਅਮਿਤ ਰਤਨ ਦੇ ਕਾਫ਼ੀ ਰਾਜ ਖੋਲ੍ਹ ਦਿੱਤੇ ਹਨ ਜਿਨ੍ਹਾਂ ਨੂੰ ਵਿਜੀਲੈਂਸ ਨੇ ਰਿਕਾਰਡ ’ਤੇ ਲਿਆਂਦਾ ਹੈ। ਰਿਸ਼ਮ ਗਰਗ ਵੱਲੋਂ ਖੋਲ੍ਹੇ ਭੇਤਾਂ ਮਗਰੋਂ ਹੀ ਵਿਜੀਲੈਂਸ ਨੇ ਆਪਣੀ ਜਾਂਚ ਵਿਧਾਇਕ ਵੱਲ ਵਧਾਈ ਹੈ। ਰੀਅਲ ਅਸਟੇਟ ਅਤੇ ਚੌਲ ਮਿੱਲ ਮਾਲਕਾਂ ਤੋਂ ਲਈ ਰਿਸ਼ਵਤ ਅਤੇ ਅਧਿਕਾਰੀਆਂ ਦੀਆਂ ਪੋਸਟਿੰਗਾਂ ਅਤੇ ਤਬਾਦਲਿਆਂ ’ਚੋਂ ਲਈ ਗਈ ਰਿਸ਼ਵਤ ਦੇ ਰਾਜ਼ ਹੁਣ ਵਿਜੀਲੈਂਸ ਹੱਥ ਲੱਗੇ ਹਨ।ਪਿੰਡ ਘੁੱਦਾ ਦੇ ਨੰਬਰਦਾਰ ਗੁਰਦਾਸ ਸਿੰਘ ਦੇ ਬਿਆਨ ਵੀ ਵਿਧਾਇਕ ਲਈ ਪ੍ਰੇਸ਼ਾਨੀ ਕਰਨ ਵਾਲੇ ਹਨ। ਪਤਾ ਲੱਗਾ ਹੈ ਕਿ ਵਿਧਾਇਕ ਦੇ ਕਈ ਨੇੜਲੇ ਵਿਜੀਲੈਂਸ ਦੇ ਡਰੋਂ ਅੱਜ ਰੂਪੋਸ਼ ਹੋ ਗਏ ਹਨ। ਵਿਜੀਲੈਂਸ ਵੱਲੋਂ ਹੁਣ ਖ਼ੁਰਾਕ ਤੇ ਸਪਲਾਈ ਵਿਭਾਗ ਵੱਲੋਂ ਐਤਕੀਂ ਝੋਨੇ ਦੇ ਸੀਜ਼ਨ ਵਿਚ ਝੋਨੇ ਦੀ ਅਲਾਟਮੈਂਟ ਨੂੰ ਲੈ ਕੇ ਸੰਗਤ ਇਲਾਕੇ ਦੇ ਸ਼ੈੱਲਰ ਨੂੰ ਦਿੱਤੇ ਜਾਣ ਵਾਲੇ ਝੋਨੇ ਦੀ ਮਿਕਦਾਰ ਵਿਚ ਕੀਤੇ ਵਾਧੇ ਦੇ ਰਿਕਾਰਡ ਦੀ ਛਾਣਬੀਣ ਕੀਤੀ ਜਾਵੇਗੀ।

Friday, February 17, 2023

                                                  ਮੁੱਖ ਮੰਤਰੀ ਵੱਲੋਂ ਹਰੀ ਝੰਡੀ 
                               ‘ਆਪ’ ਵਿਧਾਇਕ ਸ਼ੱਕ ਦੇ ਘੇਰੇ ’ਚ !
                                                        ਚਰਨਜੀਤ ਭੁੱਲਰ       


ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਹਰੀ ਝੰਡੀ ਮਿਲਦਿਆਂ ਸਾਰ ਹੀ ਵਿਜੀਲੈਂਸ ਨੇ ਬਠਿੰਡਾ (ਦਿਹਾਤੀ) ਹਲਕੇ ਤੋਂ ‘ਆਪ’ ਵਿਧਾਇਕ ਅਮਿਤ ਰਤਨ ਦੇ ਕਰੀਬੀ ਰੇਸ਼ਮ ਗਰਗ ਨੂੰ ਚਾਰ ਲੱਖ ਰੁਪਏ ਲੈਂਦੇ ਦਬੋਚਿਆ ਹੈ। ਬਠਿੰਡਾ ਦੇ ਪਿੰਡ ਘੁੱਦਾ ਦੀ ਮਹਿਲਾ ਸਰਪੰਚ ਤੋਂ ਇਹ ਕਰੀਬੀ ਗਰਾਂਟਾਂ ਜਾਰੀ ਕਰਵਾਉਣ ਬਦਲੇ ਪੈਸੇ ਮੰਗ ਰਿਹਾ ਸੀ ਅਤੇ ਪੈਸਾ ਲੈਣ ਲਈ ਸਰਕਟ ਹਾਊਸ ਬਠਿੰਡਾ ਵਿੱਚ ਪੁੱਜਿਆ ਸੀ। ਅਹਿਮ ਸੂਤਰਾਂ ਅਨੁਸਾਰ ‘ਆਪ’ ਸਰਕਾਰ ਦੀ ਪਿਛਲੇ ਕੁਝ ਸਮੇਂ ਤੋਂ ਬਠਿੰਡਾ (ਦਿਹਾਤੀ) ਹਲਕੇ ’ਤੇ ਅੱਖ ਸੀ, ਜਿੱਥੋਂ ਦੀਆਂ ਕਾਫ਼ੀ ਸ਼ਿਕਾਇਤਾਂ ਸਰਕਾਰ ਕੋਲ ਪੁੱਜੀਆਂ ਸਨ। ‘ਆਪ’ ਸਰਕਾਰ ਨੂੰ ਬਠਿੰਡਾ ਦਿਹਾਤੀ ਹਲਕੇ ਵਿਚ ਜਦੋਂ ਸਭ ਕੁਝ ਸਹੀ ਨਾ ਹੋਣ ਦੀ ਭਿਣਕ ਪਈ ਤਾਂ ਸਰਕਾਰ ਨੇ ਗੁਪਤ ਤੌਰ ’ਤੇ ਇੱਕ ਰਿਪੋਰਟ ਹਾਸਲ ਕੀਤੀ। ਇਸ ਰਿਪੋਰਟ ਮਗਰੋਂ ਸਰਕਾਰ ਹਰਕਤ ਵਿਚ ਆ ਗਈ ਕਿਉਂਕਿ ਕਿਸੇ ਹਲਕੇ ਤੋਂ ਅਜਿਹੀ ਰਿਪੋਰਟ ਸਿਆਸੀ ਹਲਕਿਆਂ ਨੂੰ ਵੀ ਪ੍ਰੇਸ਼ਾਨ ਕਰਨ ਵਾਲੀ ਸੀ। ਸੂਤਰ ਦੱਸਦੇ ਹਨ ਕਿ ਇਸ ਗੁਪਤ ਰਿਪੋਰਟ ਵਿਚ ਅੱਜ ਫੜੇ ਗਏ ਰੇਸ਼ਮ ਗਰਗ ਸਣੇ ਤਿੰਨ ਹੋਰਾਂ ਦੇ ਨਾਮ ਵੀ ਦਰਜ ਹਨ। 

         ਵਿਜੀਲੈਂਸ ਨੂੰ ਪਹਿਲਾਂ ਹੀ ਇਨ੍ਹਾਂ ਲੋਕਾਂ ’ਤੇ ਨਜ਼ਰ ਰੱਖਣ ਲਈ ਆਖਿਆ ਗਿਆ ਸੀ। ‘ਆਪ’ ਸਰਕਾਰ ਨੇ ਪਹਿਲਾਂ ਆਪਣੇ ਹੀ ਸਿਹਤ ਮੰਤਰੀ ਦੀ ਛੁੱਟੀ ਕਰ ਦਿੱਤੀ ਸੀ ਅਤੇ ਉਸ ਮਗਰੋਂ ਇੱਕ ਹੋਰ ਮੰਤਰੀ ਨੂੰ ਵੀ ਵਿਹਲਾ ਕਰ ਦਿੱਤਾ। ਰੇਸ਼ਮ ਗਰਗ ਦੇ ਫੜੇ ਜਾਣ ਮਗਰੋਂ ਹੁਣ ‘ਆਪ’ ਵਿਧਾਇਕ ਅਮਿਤ ਰਤਨ ਵੀ ਸ਼ੱਕ ਦੇ ਘੇਰੇ ਵਿਚ ਆ ਗਏ ਹਨ। ਸੂਤਰ ਦੱਸਦੇ ਹਨ ਕਿ ਸਰਕਾਰ ਕੋਲ ਰਿਪੋਰਟ ਪੁੱਜੀ ਸੀ ਕਿ ਹਲਕਾ ਬਠਿੰਡਾ ਦਿਹਾਤੀ ਵਿਚ ਸੰਗਤ ਮੰਡੀ ਦੇ ਵਾਰਡ ਨੰਬਰ-9 ਦਾ ਇੱਕ ਵਿਅਕਤੀ ਜੂਏ ਦਾ ਧੰਦਾ ਚਲਾ ਰਿਹਾ ਹੈ। ਮਾਲ ਮਹਿਕਮੇ ਤੇ ਪੁਲੀਸ ਮਹਿਕਮੇ ਵਿਚ ਤਾਇਨਾਤੀਆਂ ਵਿਚ ਘਪਲਾ ਹੋ ਰਿਹਾ ਹੈ। ਦੀਵਾਲੀ ’ਤੇ ਤੋਹਫ਼ੇ ਮੰਗੇ ਜਾਣ ਦੀ ਗੱਲ ਵੀ ਸਰਕਾਰ ਤੱਕ ਪੁੱਜੀ ਹੈ। ਦੱਸਣਯੋਗ ਹੈ ਕਿ ਅਮਿਤ ਰਤਨ ਨੇ ਬਠਿੰਡਾ ਦਿਹਾਤੀ ਹਲਕੇ ਤੋਂ ਬਤੌਰ ਅਕਾਲੀ ਉਮੀਦਵਾਰ ਸਾਲ 2017 ਵਿਚ ਵਿਧਾਨ ਸਭਾ ਚੋਣ ਲੜੀ ਸੀ ਪਰ ਉਹ ‘ਆਪ’ ਉਮੀਦਵਾਰ ਰੁਪਿੰਦਰ ਕੌਰ ਰੂਬੀ ਤੋਂ ਚੋਣ ਹਾਰ ਗਏ ਸਨ। ਚੋਣ ਹਾਰਨ ਮਗਰੋਂ ਸ਼੍ਰੋਮਣੀ ਅਕਾਲੀ ਦਲ ਨੇ ਅਮਿਤ ਰਤਨ ਨੂੰ ਹਲਕਾ ਇੰਚਾਰਜ ਵਜੋਂ ਤਾਇਨਾਤ ਕਰ ਦਿੱਤਾ ਸੀ। 

         2018 ਵਿਚ ਅਮਿਤ ਰਤਨ ਉਸ ਵਕਤ ਵਿਵਾਦਾਂ ਦੇ ਘੇਰੇ ਵਿਚ ਆ ਗਏ ਸਨ, ਜਦੋਂ ਅਕਾਲੀ ਵਰਕਰਾਂ ਨੇ ਉਨ੍ਹਾਂ ’ਤੇ ਇਲਜ਼ਾਮ ਲਗਾਏ ਸਨ। ਉਸ ਵੇਲੇ ਸ਼੍ਰੋਮਣੀ ਅਕਾਲੀ ਦਲ ਨੇ ਅਮਿਤ ਰਤਨ ਨੂੰ ਪਾਰਟੀ ’ਚੋਂ ਕੱਢ ਦਿੱਤਾ ਸੀ। ਸੂਤਰ ਦੱਸਦੇ ਹਨ ਕਿ ਮੁੱਖ ਮੰਤਰੀ ਇਸ ਗ੍ਰਿਫ਼ਤਾਰੀ ਮਗਰੋਂ ਗੱਲ ਠੱਲ੍ਹਣ ਦੇ ਰੌਂਅ ਵਿਚ ਨਹੀਂ ਹਨ ਅਤੇ ਇਸ ਮਾਮਲੇ ਦੀ ਹੁਣ ਪੈੜ ਕਿੱਥੋਂ ਤੱਕ ਜਾਂਦੀ ਹੈ, ਬਾਰੇ ਵੀ ਵਿਜੀਲੈਂਸ ਜਾਂਚ ਕਰੇਗੀ। ਵਿਜੀਲੈਂਸ ਨੇ ਜਾਂਚ ਅੱਗੇ ਵਧਾਈ ਤਾਂ ਹਲਕਾ ਬਠਿੰਡਾ ਦਿਹਾਤੀ ਵਿਚ ਕਾਫ਼ੀ ਕੁਝ ਬੇਪਰਦ ਹੋਣ ਦੀ ਸੰਭਾਵਨਾ ਹੈ। ਇਸ ਹਲਕੇ ਵਿਚ ਇੱਕ ‘ਅੰਕਲ’ ਵੀ ਮਸ਼ਹੂਰ ਹੈ, ਜੋ ਹਲਕੇ ਵਿਚ ਨੌਕਰੀਆਂ ਦੇਣ ਦੇ ਨਾਮ ਹੇਠ ਕਾਫ਼ੀ ਚੱਕਰ ਚਲਾ ਰਿਹਾ ਹੈ।ਬਠਿੰਡਾ ਦਿਹਾਤੀ ਹਲਕੇ ਵਿਚ ਪੁਲੀਸ ਮਹਿਕਮੇ ’ਚ ਤਾਇਨਾਤੀਆਂ ਨੂੰ ਲੈ ਕੇ ਵੀ ਉਂਗਲਾਂ ਉੱਠੀਆਂ ਹਨ, ਜਿਨ੍ਹਾਂ ਦੀ ਜਾਂਚ ਹੁਣ ਵਿਜੀਲੈਂਸ ਕਰੇਗੀ। ਹਲਕਾ ਵਿਧਾਇਕ ਅਮਿਤ ਰਤਨ ਬਠਿੰਡਾ ਜ਼ਿਲ੍ਹੇ ਦੇ ਪਿੰਡ ਕੋਟਫੱਤਾ ਦੇ ਵਸਨੀਕ ਹਨ ਪਰ ਉਹ ਇਸ ਵੇਲੇ ਪਟਿਆਲਾ ਵਿੱਚ ਰਹਿ ਰਹੇ ਹਨ। ਅਮਿਤ ਰਤਨ ਨਾਲ ਸੰਪਰਕ ਕਰਨ ਵਾਸਤੇ ਫ਼ੋਨ ਵੀ ਕੀਤਾ ਅਤੇ ਮੈਸੇਜ ਵੀ ਕੀਤੇ ਪਰ ਉਨ੍ਹਾਂ ਕੋਈ ਜੁਆਬ ਨਹੀਂ ਦਿੱਤਾ।