Friday, February 3, 2023

                                                           ਟੌਲ ਟੈਕਸ 
                                           ਖ਼ਾਲੀ ਕੀਤੇ ਪੰਜਾਬੀਆਂ ਦੇ ਖੀਸੇ
                                                         ਚਰਨਜੀਤ ਭੁੱਲਰ   

ਚੰਡੀਗੜ੍ਹ : ਕੌਮੀ ਸੜਕ ਮਾਰਗਾਂ ਦਾ ਸਫ਼ਰ ਹੁਣ ਮਹਿੰਗਾ ਸੌਦਾ ਬਣ ਗਿਆ ਹੈ। ਕਿਸਾਨ ਘੋਲ ਮਗਰੋਂ ਟੌਲ ਟੈਕਸ ਵਿੱਚ ਏਨਾ ਵਾਧਾ ਹੋਇਆ ਹੈ ਕਿ ਟੌਲ ਕੰਪਨੀਆਂ ਪੁਰਾਣੇ ਘਾਟੇ ਵੀ ਪੂਰੇ ਕਰਨ ਲੱਗੀਆਂ ਹਨ। ਪੰਜਾਬ ਵਿੱਚ ਟੌਲ ਟੈਕਸ ਦੀ ਵਸੂਲੀ ਨੇ ਨਵੇਂ ਰਿਕਾਰਡ ਕਾਇਮ ਕਰ ਦਿੱਤੇ ਜਾਪਦੇ ਹਨ। ਲੰਘੇ ਪੰਜ ਵਰ੍ਹਿਆਂ ਵਿੱਚ ਕੌਮੀ ਸੜਕ ਮਾਰਗਾਂ ਤੋਂ ਟੌਲ ਵਸੂਲੀ ਦੇ ਤੱਥ ਇਸ ਦੀ ਗਵਾਹੀ ਭਰਦੇ ਹਨ। ਹਰ ਵਰ੍ਹੇ ਅਪਰੈਲ ਮਹੀਨੇ ਤੋਂ ਟੌਲ ਦੀ ਕੀਮਤ ਵਿੱਚ ਵਾਧਾ ਹੋ ਰਿਹਾ ਹੈ। ਇਹ ਸਾਲਾਨਾ ਵਾਧਾ ਹੀ ਪੰਜਾਬੀਆਂ ’ਤੇ ਵਿੱਤੀ ਭਾਰ ਬਣ ਰਿਹਾ ਹੈ। ਕੌਮੀ ਸੜਕ ਮੰਤਰਾਲੇ ਦੇ ਤਾਜ਼ਾ ਵੇਰਵਿਆਂ ਅਨੁਸਾਰ ਇੱਕ ਅਪਰੈਲ, 2018 ਤੋਂ ਦਸੰਬਰ, 2022 ਤੱਕ (ਕਰੀਬ ਪੌਣੇ ਪੰਜ ਸਾਲ) ਪੰਜਾਬ ਵਿੱਚ ਕੌਮੀ ਸੜਕ ਮਾਰਗਾਂ ’ਤੇ ਪੈਂਦੇ ਟੌਲ ਪਲਾਜ਼ਿਆਂ ਤੋਂ 2844.60 ਕਰੋੜ ਰੁਪਏ ਦੀ ਵਸੂਲੀ ਹੋਈ ਹੈ। ਪੰਜਾਬ ਸਰਕਾਰ ਦੇ ਜੋ ਆਪਣੇ ਸੂਬਾਈ ਟੌਲ ਪਲਾਜ਼ੇ ਹਨ, ਉਨ੍ਹਾਂ ਤੋਂ ਵਸੂਲਿਆ ਟੌਲ ਇਸ ਤੋਂ ਵੱਖਰਾ ਹੈ। ਪੰਜਾਬ ਵਿੱਚ ਕੌਮੀ ਸੜਕ ਮਾਰਗਾਂ ’ਤੇ ਕਰੀਬ ਦੋ ਦਰਜਨ ਟੌਲ ਪਲਾਜ਼ੇ ਹਨ। ਇਨ੍ਹਾਂ ਨੇ ਵਰ੍ਹਾ 2018-19 ਵਿੱਚ ਪ੍ਰਤੀ ਦਿਨ ਔਸਤਨ 1.71 ਕਰੋੜ ਰੁਪਏ ਦਾ ਟੌਲ ਵਸੂਲ ਕੀਤਾ ਹੈ। 

         ਵਰ੍ਹਾ 2019-20 ਦੌਰਾਨ ਇਨ੍ਹਾਂ ਟੌਲ ਪਲਾਜ਼ਿਆਂ ’ਤੇ ਲੋਕਾਂ ਨੇ ਰੋਜ਼ਾਨਾ ਔਸਤਨ 1.89 ਕਰੋੜ ਰੁਪਏ ਟੌਲ ਵਜੋਂ ਤਾਰੇ ਹਨ। ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਚੱਲੇ ਕਿਸਾਨ ਅੰਦੋਲਨ ਦੌਰਾਨ ਅਕਤੂਬਰ, 2020 ਤੋਂ ਇਹ ਟੌਲ ਪਲਾਜ਼ੇ ਕਿਸਾਨ ਧਿਰਾਂ ਨੇ ਟੌਲ ਤੋਂ ਮੁਕਤ ਕਰ ਦਿੱਤੇ ਸਨ, ਜਿਸ ਦੇ ਨਤੀਜੇ ਵਜੋਂ ਸਾਲ 2020-21 ਦੌਰਾਨ ਪ੍ਰਤੀ ਦਿਨ ਔਸਤਨ ਲੋਕਾਂ ਨੇ 77.30 ਲੱਖ ਰੁਪਏ ਦਾ ਟੌਲ ਤਾਰਿਆ ਹੈ ਅਤੇ ਇਸੇ ਤਰ੍ਹਾਂ 2021-22 ਵਿਚ ਪ੍ਰਤੀ ਦਿਨ ਔਸਤਨ 80.40 ਲੱਖ ਰੁਪਏ ਟੌਲ ਵਜੋਂ ਦਿੱਤੇ ਹਨ। ਕਿਸਾਨ ਅੰਦੋਲਨ ਵਾਲੇ ਦੋ ਵਰ੍ਹਿਆਂ ਵਿੱਚ ਟੌਲ ਵਸੂਲੀ ’ਚ ਵੱਡੀ ਕਮੀ ਹੋਈ ਸੀ। ਟੌਲ ਕੰਪਨੀਆਂ ਨੇ ਸਰਕਾਰ ਕੋਲ ਇਹ ਪ੍ਰਗਟਾਵਾ ਕੀਤਾ ਸੀ ਕਿ ਇਨ੍ਹਾਂ ਦੋਵੇਂ ਸਾਲਾਂ ਵਿੱਚ ਉਨ੍ਹਾਂ ਦਾ ਇਕੱਲੇ ਪੰਜਾਬ ਵਿੱਚ 1269.42 ਕਰੋੜ ਰੁਪਏ ਦਾ ਵਿੱਤੀ ਨੁਕਸਾਨ ਹੋਇਆ ਹੈ। ਜਦੋਂ ਕਿਸਾਨ ਧਿਰਾਂ ਨੇ ਇਹ ਟੌਲ ਪਲਾਜ਼ਿਆਂ ਤੋਂ ਧਰਨੇ ਚੁੱਕ ਦਿੱਤੇ ਤਾਂ ਇਨ੍ਹਾਂ ਦੀ ਵਸੂਲੀ ਇਕਦਮ ਵਧ ਗਈ। ਚਾਲੂ ਮਾਲੀ ਵਰ੍ਹੇ 2022-23 ਦੌਰਾਨ ਇਨ੍ਹਾਂ ਕੌਮੀ ਸੜਕ ਮਾਰਗਾਂ ਦਾ ਔਸਤਨ ਟੌਲ ਪ੍ਰਤੀ ਦਿਨ 10.41 ਕਰੋੜ ਰੁਪਏ ’ਤੇ ਪੁੱਜ ਗਿਆ ਹੈ, ਜੋ ਆਪਣੇ-ਆਪ ਵਿਚ ਰਿਕਾਰਡ ਹੈ।

        ਸੂਤਰ ਦੱਸਦੇ ਹਨ ਕਿ ਕਿਸਾਨ ਘੋਲ ਦੌਰਾਨ ਵੀ ਸਾਲਾਨਾ ਟੌਲ ਵਿੱਚ ਵਾਧਾ ਹੁੰਦਾ ਰਿਹਾ ਹੈ। ਹੁਣ ਜਦੋਂ ਇਹ ਟੌਲ ਪਲਾਜ਼ਾ ਮੁੜ ਖੁੱਲ੍ਹੇ ਤਾਂ ਕੰਪਨੀਆਂ ਦੇ ਖ਼ਜ਼ਾਨੇ ਨੂੰ ਵੱਡਾ ਲਾਹਾ ਮਿਲਿਆ ਹੈ। ਚਾਲੂ ਮਾਲੀ ਸਾਲ ਦੇ ਦਸੰਬਰ ਮਹੀਨੇ ਤੱਕ ਪੰਜਾਬ ਵਿਚ ਕੌਮੀ ਸੜਕ ਮਾਰਗਾਂ ਤੋਂ ਕੰਪਨੀਆਂ ਨੇ 953.19 ਕਰੋੜ ਰੁਪਏ ਵਸੂਲ ਲਏ ਹਨ ਅਤੇ ਇਸ ਮਾਲੀ ਵਰ੍ਹੇ ਦੌਰਾਨ ਇਹ ਕਮਾਈ ਕਰੀਬ 1300 ਕਰੋੜ ਤੱਕ ਪੁੱਜਣ ਦਾ ਅਨੁਮਾਨ ਹੈ। ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਸੀਨੀਅਰ ਆਗੂ ਸ਼ਿੰਗਾਰਾ ਸਿੰਘ ਮਾਨ ਨੇ ਕਿਹਾ ਕਿ ਸਰਕਾਰਾਂ ਵੱਲੋਂ ਇੱਕ ਪਾਸੇ ਰੋਡ ਟੈਕਸ ਵੀ ਵਸੂਲ ਕੀਤਾ ਜਾ ਰਿਹਾ ਹੈ ਅਤੇ ਉੱਪਰੋਂ ਟੌਲ ਟੈਕਸ ਵੀ ਲੋਕਾਂ ’ਤੇ ਥੋਪ ਦਿੱਤਾ ਗਿਆ ਹੈ। ਇਹ ਦੋਹਰੀ ਲੁੱਟ ਬੰਦ ਹੋਣੀ ਚਾਹੀਦੀ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਪਿਛਲੇ ਸਮੇਂ ਦੌਰਾਨ ਸਟੇਟ ਹਾਈਵੇਅ ’ਤੇ ਪੈਂਦੇ ਤਿੰਨ ਟੌਲ ਪਲਾਜ਼ਾ ਬੰਦ ਵੀ ਕੀਤੇ ਹਨ ਅਤੇ ਹੁਸ਼ਿਆਰਪੁਰ-ਟਾਂਡਾ ਸੜਕ ’ਤੇ ਪੈਂਦੇ ਇੱਕ ਟੌਲ ਪਲਾਜ਼ਾ ਦੀ ਲੁੱਟ ਨੂੰ ਵੀ ਜਨਤਕ ਕੀਤਾ ਸੀ। ਦੇਖਿਆ ਜਾਵੇ ਤਾਂ ਕਈ ਟੌਲ ਪਲਾਜ਼ਾ ਏਨੀ ਲੰਮੀ ਮਿਆਦ ਦੇ ਹਨ ਕਿ ਪੰਜਾਬੀ ਟੌਲ ਤਾਰਦੇ ਬੁੱਢੇ ਹੋ ਜਾਣਗੇ।

No comments:

Post a Comment