Tuesday, February 7, 2023

                                                             ਦਾਖਲੇ ਘਟੇ
                                   ਸਕੂਲਾਂ ਨੂੰ ਲੱਗਣ ਲੱਗੇ ਤਾਲੇ
                                                          ਚਰਨਜੀਤ ਭੁੱਲਰ   

ਚੰਡੀਗੜ੍ਹ : ਪੰਜਾਬ ਵਿੱਚ ਬੱਚਿਆਂ ਦੇ ਦਾਖਲੇ ਘਟਣ ਕਰਕੇ ਸਕੂਲ ਬੰਦ ਹੋਣ ਲੱਗੇ ਹਨ। ਪ੍ਰਾਈਵੇਟ ਸਕੂਲਾਂ ’ਚ ਲਗਾਤਾਰ ਤਿੰਨ ਵਰ੍ਹਿਆਂ ਤੋਂ ਦਾਖਲਿਆਂ ਦੀ ਗਿਣਤੀ ਘੱਟ ਰਹੀ ਹੈ, ਉੱਧਰ ਸਰਕਾਰੀ ਸਕੂਲਾਂ ਵਿੱਚ ਵੀ ਇਹ ਗਰਾਫ਼ ਪਿਛਲੇ ਕਈ ਸਾਲਾਂ ਤੋਂ ਡਿੱਗ ਰਿਹਾ ਹੈ। ਅੰਕੜਿਆਂ ਅਨੁਸਾਰ ਪੰਜਾਬ ਵਿੱਚ ਬੀਤੇ ਚਾਰ ਸਾਲਾਂ ਦੌਰਾਨ 936 ਸਕੂਲ ਬੰਦ ਹੋ ਚੁੱਕੇ ਹਨ, ਜਿਨ੍ਹਾਂ ਵਿੱਚ 145 ਸਰਕਾਰੀ ਸਕੂਲ ਵੀ ਸ਼ਾਮਲ ਹਨ। ਸੂਤਰ ਦੱਸਦੇ ਹਨ ਕਿ ਪਿੰਡਾਂ ਵਿੱਚ ਖੁੱਲ੍ਹੇ ਪ੍ਰਾਈਵੇਟ ਸਕੂਲ ਜ਼ਿਆਦਾ ਪ੍ਰਭਾਵਿਤ ਹੋਏ ਹਨ। ਜਾਣਕਾਰੀ ਅਨੁਸਾਰ 2016-17 ਤੋਂ ਪੰਜਾਬ ’ਚ ਸਕੂਲਾਂ ਵਿੱਚ ਦਾਖਲੇ ਵਧਾਉਣ ਲਈ ਦਾਖਲਾ ਮੁਹਿੰਮ ਸ਼ੁਰੂ ਹੋਈ ਸੀ, ਜਿਸ ਦੇ ਸਿੱਟੇ ਵਜੋਂ 2021-22 ਵਿੱਚ ਸਰਕਾਰੀ ਸਕੂਲਾਂ ਵਿੱਚ ਬੱਚਿਆਂ ਦੀ ਗਿਣਤੀ ਸਭ ਤੋਂ ਵੱਧ (30.90 ਲੱਖ) ਸੀ। ਇਸ ਮੁਹਿੰਮ ਨੇ ਪ੍ਰਾਈਵੇਟ ਸਕੂਲਾਂ ਨੂੰ ਵੱਡੀ ਸੱਟ ਮਾਰੀ ਸੀ। ਵਿੱਦਿਅਕ ਸੈਸ਼ਨ 2022-23 ਵਿੱਚ ਕਰੀਬ ਦੋ ਲੱਖ ਦਾਖਲੇ ਘਟੇ ਹਨ ਅਤੇ ਮੌਜੂਦਾ ਸਰਕਾਰ ਨੇ ਨਵੇਂ ਸੈਸ਼ਨ ਤੋਂ ਦਾਖਲੇ ਵਧਾਉਣ ਲਈ ਹੁਣ ਤੋਂ ਹੀ ਵਿਉਂਤਬੰਦੀ ਆਰੰਭ ਦਿੱਤੀ ਹੈ।ਇਸ ਤਹਿਤ ਬੱਚਿਆਂ ਨੂੰ ਸਕੂਲਾਂ ਵਿੱਚ ਲਿਆਉਣ ਲਈ ਟਰਾਂਸਪੋਰਟ ਸਹੂਲਤ ਦੇਣ ’ਤੇ ਵੀ ਵਿਚਾਰ ਹੋ ਰਹੀ ਹੈ।

           ਯੂਨੀਫਾਈਡ ਡਿਸਟ੍ਰਿਕਟ ਇਨਫਰਮੇਸ਼ਨ ਸਿਸਟਮ ਫ਼ਾਰ ਐਜੂਕੇਸ਼ਨ (ਯੂ-ਡਾਈਸ) ਦੇ ਤੱਥ ਨਵੇਂ ਰੁਝਾਨਾਂ ਵੱਲ ਇਸ਼ਾਰਾ ਕਰ ਰਹੇ ਹਨ। ਸਕੂਲਾਂ ਦਾ ਬੰਦ ਹੋਣਾ ਪੰਜਾਬ ਲਈ ਸ਼ੁੱਭ ਸੰਕੇਤ ਨਹੀਂ। ਰਿਪੋਰਟ ਅਨੁਸਾਰ ਪੰਜਾਬ ਵਿੱਚ 2018-19 ਦੌਰਾਨ ਸਕੂਲਾਂ ਦੀ ਗਿਣਤੀ 28,637 ਸੀ, ਜਿਨ੍ਹਾਂ ’ਚ ਸਰਕਾਰੀ ਸਕੂਲਾਂ ਦੀ ਗਿਣਤੀ 19,404 ਸੀ। 2021-22 ਵਿੱਚ ਕੁੱਲ ਸਕੂਲਾਂ ਦੀ ਗਿਣਤੀ 27,701 ਰਹਿ ਗਈ ਹੈ ਤੇ ਇਸੇ ਤਰ੍ਹਾਂ ਸਰਕਾਰੀ ਸਕੂਲਾਂ ਦਾ ਅੰਕੜਾ ਵੀ 19,259 ’ਤੇ ਆ ਗਿਆ ਹੈ। ਇਨ੍ਹਾਂ ਚਾਰ ਸਾਲਾਂ ਵਿੱਚ 517 ਪ੍ਰਾਈਵੇਟ ਸਕੂਲ ਬੰਦ ਹੋਏ ਹਨ। 2021-22 ਵਿੱਚ ਪ੍ਰਾਈਵੇਟ ਸਕੂਲਾਂ ਦੀ ਗਿਣਤੀ 7978 ਰਹਿ ਗਈ ਹੈ, ਜੋ 2018-19 ਦੌਰਾਨ 8495 ਸੀ। ਸੂਬੇ ਵਿੱਚ ਅੱਠ ਏਡਿਡ ਸਕੂਲ ਵੀ ਬੰਦ ਹੋਏ ਹਨ। 2021-22 ਵਿੱਚ ਰਾਜ ਵਿੱਚ 450 ਏਡਿਡ ਸਕੂਲ ਚੱਲ ਰਹੇ ਸਨ, ਜਿਨ੍ਹਾਂ ਦੀ ਚਾਰ ਸਾਲ ਪਹਿਲਾਂ ਗਿਣਤੀ 458 ਸੀ। ਦਾਖਲਿਆਂ ’ਤੇ ਨਜ਼ਰ ਮਾਰੀਏ ਤਾਂ ਸਕੂਲਾਂ ਵਿੱਚ ਪ੍ਰੀ ਪ੍ਰਾਇਮਰੀ ਤੋਂ ਬਾਰ੍ਹਵੀਂ ਤੱਕ 2019-20 ਦੌਰਾਨ 63.27 ਲੱਖ ਬੱਚੇ ਪੜ੍ਹਦੇ ਸਨ, ਜਿਨ੍ਹਾਂ ਦਾ ਅੰਕੜਾ 2021-22 ’ਚ ਘੱਟ ਕੇ 61.47 ਲੱਖ ਰਹਿ ਗਿਆ।     

           ਸਰਕਾਰੀ ਸਕੂਲਾਂ ’ਤੇ ਝਾਤ ਮਾਰੀਏ ਤਾਂ 2019-20 ’ਚ 26.86 ਲੱਖ ਬੱਚੇ ਪੜ੍ਹਦੇ ਸਨ, ਜਿਨ੍ਹਾਂ ਦੀ ਗਿਣਤੀ 2021-22 ’ਚ ਵੱਧ ਕੇ 30.90 ਲੱਖ ’ਤੇ ਪਹੁੰਚ ਗਈ ਸੀ, ਪਰ ਚਾਲੂ ਵਿੱਦਿਅਕ ਵਰ੍ਹੇ ’ਚ ਇਹ ਗਿਣਤੀ 28.36 ਲੱਖ ਰਹਿ ਗਈ ਹੈ। ਪੰਜਾਬ ’ਵਰਸਿਟੀ ਦੇ ਸਾਬਕਾ ਸੈਨੇਟ ਮੈਂਬਰ ਪ੍ਰਿੰਸੀਪਲ ਡਾ. ਤਰਲੋਕ ਬੰਧੂ ਦਾ ਕਹਿਣਾ ਹੈ ਕਿ ਪਹਿਲੀ ਨਜ਼ਰੇ ਇਹੋ ਜਾਪਦਾ ਹੈ ਕਿ ਬੱਚਿਆਂ ਦੀ ਸਕੂਲਾਂ ਨਾਲੋਂ ਦੂਰੀ ਕੋਵਿਡ ਦੌਰਾਨ ਬਣੀ ਹੈ ਅਤੇ ਮੁੜ ਇਹ ਨਾਤਾ ਜੁੜ ਨਹੀਂ ਸਕਿਆ। ਬਹੁਤੇ ਬੱਚੇ ਲੇਬਰ ਕਰਨ ਲੱਗ ਪਏ ਸਨ ਤੇ ਉਨ੍ਹਾਂ ਕੋਲ ਆਨਲਾਈਨ ਪੜ੍ਹਾਈ ਦਾ ਕੋਈ ਸਾਧਨ ਵੀ ਨਹੀਂ ਸੀ।ਏਡਿਡ ਸਕੂਲਾਂ ਦਾ ਵੀ ਇਹੋ ਹਾਲ ਹੈ। 2018-19 ਵਿੱਚ ਏਡਿਡ ਸਕੂਲਾਂ ’ਚ ਬੱਚਿਆਂ ਦੀ ਗਿਣਤੀ 2.29 ਲੱਖ ਸੀ, ਜੋ 2021-22 ’ਚ ਘੱਟ ਕੇ 1.91 ਲੱਖ ਰਹਿ ਗਈ ਹੈ। ਪ੍ਰਾਈਵੇਟ ਸਕੂਲਾਂ ਦੀ ਐਸੋਸੀਏਸ਼ਨ ਰਾਸਾ ਦੇ ਸੀਨੀਅਰ ਆਗੂ ਪ੍ਰਿੰਸੀਪਲ ਰਵਿੰਦਰ ਸਿੰਘ ਮਾਨ ਦਾ ਕਹਿਣਾ ਹੈ ਕਿ ਪੰਜਾਬ ਬੋਰਡ ਦੇ ਬਹੁਤੇ ਸਕੂਲ ਹੁਣ ਸੀਬੀਐੱਸਸੀ ਨਾਲ ਜੁੜ ਗਏ ਹਨ, ਜਿਸ ਕਰਕੇ ਇਹ ਤੱਥ ਉੱਭਰੇ ਹਨ।

                              ਘੱਟ ਗਿਣਤੀਆਂ ਦੇ ਬੱਚਿਆਂ ’ਤੇ ਇੱਕ ਨਜ਼ਰ

ਘੱਟ ਗਿਣਤੀਆਂ ਦੇ ਬੱਚਿਆਂ ਦਾ ਅੰਕੜਾ ਦੇਖੀਏ ਤਾਂ 2021-22 ’ਚ ਸਰਕਾਰੀ ਸਕੂਲਾਂ ਵਿੱਚ ਸਿੱਖ ਭਾਈਚਾਰੇ ਦੇ 29.96 ਲੱਖ ਬੱਚੇ ਪੜ੍ਹਦੇ ਸਨ, ਜਦਕਿ ਦੂਸਰੇ ਨੰਬਰ ’ਤੇ 1.45 ਲੱਖ ਮੁਸਲਿਮ ਬੱਚੇ ਸਰਕਾਰੀ ਸਕੂਲਾਂ ’ਚ ਪੜ੍ਹਦੇ ਸਨ। ਸਰਕਾਰੀ ਸਕੂਲਾਂ ਵਿੱਚ ਈਸਾਈ ਮਤ ਦੇ 73,372 ਬੱਚੇ ਪੜ੍ਹ ਰਹੇ ਹਨ ਅਤੇ 9869 ਬੱਚਿਆਂ ਦਾ ਸਬੰਧ ਘੱਟ ਗਿਣਤੀ ਬੋਧੀ ਭਾਈਚਾਰੇ ਨਾਲ ਹੈ। ਇਸੇ ਤਰ੍ਹਾਂ ਜੈਨ ਭਾਈਚਾਰੇ ਦੇ 14200 ਬੱਚੇ ਤੇ 1882 ਪਾਰਸੀ ਬੱਚੇ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਸਨ।

No comments:

Post a Comment