Showing posts with label dalit. Show all posts
Showing posts with label dalit. Show all posts

Monday, September 20, 2021

                                          ਸਮਾਂ ਘੱਟ,ਪੈਂਡਾ ਲੰਮਾ
                           ਚਰਨਜੀਤ ਚੰਨੀ ਪੰਜਾਬ ਦੇ ਨਵੇਂ ਮੁੱਖ ਮੰਤਰੀ 
                                             ਚਰਨਜੀਤ ਭੁੱਲਰ           

ਚੰਡੀਗੜ੍ਹ: ਕਾਂਗਰਸ ਹਾਈ ਕਮਾਨ ਨੇ ਪਾਰਟੀ ਵਿਧਾਇਕਾਂ ਨਾਲ ਲੰਮੀ ਵਿਚਾਰ ਚਰਚਾ ਮਗਰੋਂ ਅੱਜ ਸਾਰੇ ਕਿਆਸਾਂ ਨੂੰ ਵਿਰਾਮ ਦਿੰਦਿਆਂ ਦਲਿਤ ਆਗੂ ਚਰਨਜੀਤ ਸਿੰਘ ਚੰਨੀ(58) ਨੂੰ ਪੰਜਾਬ ਦਾ ਮੁੱਖ ਮੰਤਰੀ ਐਲਾਨ ਦਿੱਤਾ ਹੈ। ਚਮਕੌਰ ਸਾਹਿਬ ਤੋਂ ਵਿਧਾਇਕ ਚਰਨਜੀਤ ਸਿੰਘ ਚੰਨੀ ਭਲਕੇ ਸੋਮਵਾਰ ਨੂੰ 11 ਵਜੇ ਪੰਜਾਬ ਦੇ 16ਵੇਂ ਮੁੱਖ ਮੰਤਰੀ ਵਜੋਂ ਅਹੁਦੇ ਦਾ ਹਲਫ਼ ਲੈਣਗੇ। ਪੰਜਾਬ ਦੇ ਸਿਆਸੀ ਇਤਿਹਾਸ ’ਚ ਪਹਿਲੀ ਦਫ਼ਾ ਕੋਈ ਦਲਿਤ ਆਗੂ ਮੁੱਖ ਮੰਤਰੀ ਦੀ ਕੁਰਸੀ ’ਤੇ ਬਿਰਾਜਮਾਨ ਹੋਵੇਗਾ| ਇਸ ਤੋਂ ਪਹਿਲਾਂ ਰਾਮਗੜ੍ਹੀਆ ਭਾਈਚਾਰੇ ’ਚੋਂ ਗਿਆਨੀ ਜ਼ੈਲ ਸਿੰਘ ਪੰਜਾਬ ਦੇ ਮੁੱਖ ਮੰਤਰੀ ਬਣੇ ਸਨ|ਦੱਸਣਾ ਬਣਦਾ ਹੈ ਕਿ ਸ਼ਨਿੱਚਰਵਾਰ ਨੂੰ ਕਾਂਗਰਸ ਵਿਧਾਇਕ ਦਲ ਦੀ ਹੋਈ ਮੀਟਿੰਗ ਵਿੱਚ ਨਵਾਂ ਆਗੂ ਚੁਣਨ ਲਈ ਵਿਧਾਇਕਾਂ ਨੇ ਸਰਬਸੰਮਤੀ ਨਾਲ ਸਾਰੇ ਅਧਿਕਾਰ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਨੂੰ ਸੌਂਪ ਦਿੱਤੇ ਸਨ| ਕਾਂਗਰਸ ਹਾਈ ਕਮਾਨ ਵੱਲੋਂ ਅੱਜ ਦਿੱਲੀ ਵਿਚ ਪੰਜਾਬ ਦੇ ਨਵੇਂ ਮੁੱਖ ਮੰਤਰੀ ਦੇ ਚਿਹਰੇ ਲਈ ਲੰਮਾ ਮੰਥਨ ਕੀਤਾ ਗਿਆ। 

            ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਅਤੇ ਸੀਨੀਅਰ ਆਗੂ ਰਾਹੁਲ ਗਾਂਧੀ ਇਸ ਫ਼ੈਸਲੇ ਲਈ ਮੀਟਿੰਗਾਂ ਦੇ ਦੌਰ ’ਚ ਲੱਗੇ ਰਹੇ| ਇੱਧਰ ਚੰਡੀਗੜ੍ਹ ਵਿਚ ਹਾਈ ਕਮਾਨ ਵੱਲੋਂ ਭੇਜੇ ਕੇਂਦਰੀ ਨਿਗਰਾਨਾਂ ਅਜੈ ਮਾਕਨ, ਹਰੀਸ਼ ਚੌਧਰੀ ਤੋਂ ਇਲਾਵਾ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਨੇ ਲੰਘੇ 24 ਘੰਟਿਆਂ ਦੌਰਾਨ ਮੁੱਖ ਮੰਤਰੀ ਦੇ ਨਵੇਂ ਚਿਹਰੇ ਵਾਸਤੇ ਸਰਬ-ਪ੍ਰਵਾਨਗੀ ਹਾਸਲ ਕਰਨ ਲਈ ਮੀਟਿੰਗਾਂ ਕੀਤੀਆਂ| ਸੁਨੀਲ ਜਾਖੜ ਦੇ ਨਾਮ ਤੋਂ ਸ਼ੁਰੂ ਹੋਇਆ ਮੰਥਨ ਆਖਿਰ ਨੂੰ ਚਰਨਜੀਤ ਚੰਨੀ ਦੇ ਨਾਮ ’ਤੇ ਸਮਾਪਤ ਹੋ ਗਿਆ| ਪਾਰਟੀ ਹਾਈ ਕਮਾਨ ਨੇ ਚਰਨਜੀਤ ਚੰਨੀ ਦੇ ਨਾਂ ਦਾ ਐਲਾਨ ਕਰਕੇ ਦਲਿਤ ਪੱਤਾ ਖੇਡਣ ਦੇ ਨਾਲ ਹੀ ਪੰਜਾਬ ਦੇ ਲੋਕਾਂ ਨੂੰ ਮੁੱਖ ਮੰਤਰੀ ਵਜੋਂ ਸਿੱਖ ਚਿਹਰਾ ਵੀ ਦਿੱਤਾ ਹੈ| ਪੰਜਾਬ ਵਿਚ ਕਰੀਬ 34 ਫੀਸਦੀ ਤੋਂ ਵੱਧ ਦਲਿਤ ਭਾਈਚਾਰੇ ਦਾ ਵੋਟ ਬੈਂਕ ਹੈ ਤੇ 34 ਰਾਖਵੇਂ ਹਲਕੇ ਹਨ| ਚੇਤੇ ਰਹੇ ਭਾਜਪਾ ਨੇ ਪਹਿਲਾਂ ਹੀ ਅਗਲੀਆਂ ਚੋਣਾਂ ਵਿਚ ਦਲਿਤ ਵਿਅਕਤੀ ਨੂੰ ਮੁੱਖ ਮੰਤਰੀ ਦਾ ਚਿਹਰਾ ਬਣਾਉਣ ਦਾ ਐਲਾਨ ਕੀਤਾ ਹੈ ਅਤੇ ਸ਼੍ਰੋਮਣੀ ਅਕਾਲੀ ਦਲ ਨੇ ਵੀ ਬਹੁਜਨ ਸਮਾਜ ਪਾਰਟੀ ਨਾਲ ਸਿਆਸੀ ਗਠਜੋੜ ਕਰਕੇ ਡਿਪਟੀ ਮੁੱਖ ਮੰਤਰੀ ਕਿਸੇ ਦਲਿਤ ਨੂੰ ਬਣਾਏ ਜਾਣ ਦਾ ਫੈਸਲਾ ਕੀਤਾ ਹੈ| 

            ਕਾਂਗਰਸ ਪਾਰਟੀ ਨੇ ਚਰਨਜੀਤ ਚੰਨੀ ਨੂੰ ਮੁੱਖ ਮੰਤਰੀ ਐਲਾਨ ਕੇ ਵਿਰੋਧੀ ਪਾਰਟੀਆਂ ਨੂੰ ਸਿਆਸੀ ਝਟਕਾ ਦੇਣ ਦੀ ਕੋਸ਼ਿਸ਼ ਕੀਤੀ ਹੈ| ਅਗਾਮੀ ਚੋਣਾਂ ਵਿਚ ਚੰਨੀ ਦਾ ਦਲਿਤ ਚਿਹਰਾ ਕਿੰਨਾ ਕੁ ਦਲਿਤ ਵੋਟ ਬੈਂਕ ਹਾਸਲ ਕਰਨ ਵਿਚ ਸਫਲ ਹੋਵੇਗਾ, ਫਿਲਹਾਲ ਕਹਿਣਾ ਮੁਸ਼ਕਲ ਹੈ, ਪਰ ਹਾਈ ਕਮਾਨ ਨੇ ਪੰਜਾਬ ਦੇ ਲੋਕਾਂ ਦਾ ਭਰੋਸਾ ਜਿੱਤਣ ਲਈ ਦੋਹਰਾ ਪੱਤਾ ਖੇਡਿਆ ਹੈ| ਇਸ ਤੋਂ ਪਹਿਲਾਂ ਅੱਜ ਚੰਡੀਗੜ੍ਹ ਦੇ ਪ੍ਰਾਈਵੇਟ ਪੰਜ ਤਾਰਾ ਹੋਟਲ ਵਿਚ ਸਿਆਸੀ ਹਲਚਲ ਬਣੀ ਰਹੀ| ਕਰੀਬ ਪੌਣੇ ਛੇ ਵਜੇ ਸ਼ਾਮੀਂ ਕਾਂਗਰਸ ਦੇ ਜਨਰਲ ਸਕੱਤਰ ਹਰੀਸ਼ ਰਾਵਤ ਨੇ ਟਵੀਟ ਕਰਕੇ ਚਰਨਜੀਤ ਸਿੰਘ ਚੰਨੀ ਦੇ ਵਿਧਾਇਕ ਦਲ ਦਾ ਨੇਤਾ ਚੁਣੇ ਜਾਣ ਦੀ ਪੁਸ਼ਟੀ ਕੀਤੀ| ਉਸ ਮਗਰੋਂ ਹੀ ਚਰਨਜੀਤ ਚੰਨੀ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ, ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਬ੍ਰਹਮ ਮਹਿੰਦਰਾ ਆਦਿ ਨਾਲ ਰਾਜ ਭਵਨ ਲਈ ਰਵਾਨਾ ਹੋਏ| ਸ੍ਰੀ ਚੰਨੀ ਨੇ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਕੋਲ ਆਪਣਾ ਦਾਅਵਾ ਪੇਸ਼ ਕੀਤਾ| ਰਾਜ ਭਵਨ ਦੇ ਬਾਹਰ ਚੰਨੀ ਨੇ 7 ਵਜੇ ਸ਼ਾਮੀਂ ਕਿਹਾ ਕਿ ਉਨ੍ਹਾਂ ਨੇ ਰਾਜਪਾਲ ਕੋਲ ਦਾਅਵਾ ਪੇਸ਼ ਕਰ ਦਿੱਤਾ ਹੈ ਅਤੇ ਰਾਜਪਾਲ ਵਲੋਂ ਭਲਕੇ 11 ਵਜੇ ਹਲਫ਼ ਲੈਣ ਦਾ ਸਮਾਂ ਦਿੱਤਾ ਗਿਆ ਹੈ|

          ਪਾਰਟੀ ਹਾਈ ਕਮਾਨ ਨੂੰ ਅੱਜ ਅੰਤਿਮ ਫੈਸਲਾ ਲੈੈਣ ਲਈ ਕਾਫੀ ਮੁਸ਼ਕਲ ਦੌਰ ਵਿਚੋਂ ਲੰਘਣਾ ਪਿਆ| ਕੇਂਦਰੀ ਨਿਗਰਾਨਾਂ ਨੇ ਅੱਜ ਦਿਨ ਵੇਲੇ ਵਿਧਾਇਕਾਂ ਨੂੰ ਫੋਨ ਕਰਕੇ ਉਨ੍ਹਾਂ ਤੋਂ ਰਾਏ ਮੰਗੀ। ਸੁਨੀਲ ਜਾਖੜ ਅਤੇ ਸੁਖਜਿੰਦਰ ਰੰਧਾਵਾ ਦੇ ਨਾਵਾਂ ’ਤੇ ਲੰਮੀ ਬਹਿਸ ਚੱਲੀ| ਹਾਈ ਕਮਾਨ ਵੱਲੋਂ ਸੁਨੀਲ ਜਾਖੜ ਨੂੰ ਅੱਗੇ ਕਰਕੇ ਹਿੰਦੂ ਪੱਤਾ ਖੇਡਣ ਬਾਰੇ ਸੋਚਿਆ ਗਿਆ ਸੀ, ਪਰ ਅੰਬਿਕਾ ਸੋਨੀ ਨੇ ਅਚਾਨਕ ਦੁਪਹਿਰ ਵਕਤ ਮੁੱਖ ਮੰਤਰੀ ਸਿੱਖ ਚਿਹਰਾ ਹੋਣ ਦਾ ਐਲਾਨ ਕਰ ਦਿੱਤਾ| ਹਾਈ ਕਮਾਨ ਦੀ ਇੱਛਾ ਸੀ ਕਿ ਨਵਾਂ ਚਿਹਰਾ ਪਾਰਟੀ ਦੇ ਨਵੇਂ ਪ੍ਰਧਾਨ ਨਵਜੋਤ ਸਿੱਧੂ ਅਤੇ ਸਾਬਕਾ ਮੁੱਖ ਮੰਤਰੀ ਅਮਰਿੰਦਰ ਸਿੰਘ ਦੀ ਪ੍ਰਵਾਨਗੀ ਵਾਲਾ ਹੋਵੇ| ਦੇਰ ਸ਼ਾਮ ਰਾਜ ਭਵਨ ’ਚੋਂ ਰਵਾਨਾ ਹੋ ਕੇ ਚਰਨਜੀਤ ਚੰਨੀ ਸਿੱਧਾ ਆਪਣੀ ਰਿਹਾਇਸ਼ ’ਤੇ ਪੁੱਜੇ ਜਿੱਥੇ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਅਤੇ ਹੋਰਨਾਂ ਵਿਧਾਇਕਾਂ ਨੇ ਚੰਨੀ ਨੂੰ ਮੁਬਾਰਕਾਂ ਦਿੱਤੀਆਂ| ਹੁਣ ਜਦੋਂ ਚੰਨੀ ਮੁੱਖ ਮੰਤਰੀ ਐਲਾਨੇ ਜਾ ਚੁੱਕੇ ਹਨ ਤਾਂ ਉਨ੍ਹਾਂ ਅੱਗੇ ਸਾਬਕਾ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਨਾਲ ਲੈ ਕੇ ਚੱਲਣਾ ਵੀ ਪਰਖ ਵਾਲੀ ਗੱਲ ਹੋਵੇਗੀ|

                                       ਸਮਾਂ ਘੱਟ, ਪੈਂਡਾ ਲੰਮਾ ਤੇ ਆਸਾਂ ਵੱਡੀਆਂ !

ਪੰਜਾਬ ਦੇ ਅਗਲੇ ਮੁੱਖ ਮੰਤਰੀ ਵਜੋਂ ਨਾਮਜ਼ਦ ਚਰਨਜੀਤ ਸਿੰਘ ਚੰਨੀ ਕੋਲ ਹੁਣ ਸਮਾਂ ਘੱਟ ਅਤੇ ਪੈਂਡਾ ਲੰਮੇਰਾ ਹੈ। ਪੰਜਾਬ ਚੋੋਣਾਂ ’ਚ ਹੁਣ ਬਹੁਤਾ ਵਕਤ ਨਹੀਂ ਰਿਹਾ ਤੇ ਚੁਣੌਤੀਆਂ ਦਾ ਵੱਡਾ ਢੇਰ ਸਾਹਮਣੇ ਹੈ| ਨਵੇਂ ਮੁੱਖ ਮੰਤਰੀ ਵਜੋਂ ਚੰਨੀ ਲਈ ਇਹ ਪਰਖ ਦੀ ਘੜੀ ਹੋਵੇਗੀ| ਨਵੇਂ ਮੁੱਖ ਮੰਤਰੀ ਨੂੰ ਜਿੱਥੇ ਹਾਈ ਕਮਾਨ ਦੀਆਂ ਆਸਾਂ ਉਮੀਦਾਂ ’ਤੇ ਫੁੱਲ ਚੜ੍ਹਾਉਣੇ ਹੋਣਗੇ, ਉਥੇ ਪੰਜਾਬ ਦੇ ਲੋਕਾਂ ਦਾ ਭਰੋਸਾ ਜਿੱਤਣਾ ਵੱਡੀ ਚੁਣੌਤੀ ਹੋਵੇਗੀ| ਕੈਪਟਨ ਅਮਰਿੰਦਰ ਸਿੰਘ ਵੱਲੋਂ ਸ੍ਰੀ ਗੁਟਕਾ ਸਾਹਿਬ ਦੀ ਸਹੁੰ ਖਾ ਕੇ ਵਾਅਦਿਆਂ ਤੋਂ ਪਲਟਣ ਕਰਕੇ ਲੋਕਾਂ ਦਾ ਵਿਸਵਾਸ਼ ਟੁੱਟਿਆ ਹੈ| ਕਾਂਗਰਸ ਹਾਈ ਕਮਾਨ ਨੇ ਚਰਨਜੀਤ ਚੰਨੀ ਨੂੰ ਮੁੱਖ ਮੰਤਰੀ ਦੀ ਕੁਰਸੀ ’ਤੇ ਬਿਠਾਉਣ ਦਾ ਫੈਸਲਾ ਕਰਕੇ ਅਗਾਮੀ ਚੋਣਾਂ ਲਈ ਵੱਡਾ ਦਾਅ ਖੇਡਿਆ ਹੈ| ਚੰਨੀ ਲਈ ਮੁੱਖ ਮੰਤਰੀ ਦਾ ਅਹੁਦਾ ਫੁੱਲਾਂ ਦੀ ਨਹੀਂ ਕੰਡਿਆਂ ਦੀ ਸੇਜ ਹੋਵੇਗੀ ਕਿਉਂਕਿ ਉਨ੍ਹਾਂ ਨੂੰ ਬਹੁਤ ਸਾਰੀਆਂ ਚੁਣੌਤੀਆਂ ਦਰਪੇਸ਼ ਰਹਿਣਗੀਆਂ। ਇਥੇ ਵੱਡਾ ਮਸਲਾ ਇਹ ਹੈ ਕਿ ਅਗਾਮੀ ਚੋਣਾਂ ਤੋਂ ਪਹਿਲਾਂ ਨਵੇਂ ਮੁੱਖ ਮੰਤਰੀ ਨੂੰ ਕੰਮ ਕਰਨ ਲਈ ਲਗਪਗ 100 ਦਿਨ ਹੀ ਮਿਲਣਗੇ। ਉਨ੍ਹਾਂ ਲਈ 18 ਨੁਕਾਤੀ ਏਜੰਡਾ ਪਰਖ ਬਣੇਗਾ| ਅਮਰਿੰਦਰ ਸਿੰਘ ਦੇ ਕਾਰਜਕਾਲ ਦੌਰਾਨ ਕਾਂਗਰਸ ’ਤੇ ਮਾਫੀਆ ਰਾਜ ਦੇ ਲੱਗੇ ਦਾਗ਼ ਨੂੰ ਧੋਣ ਵਿਚ ਵੀ ਉਨ੍ਹਾਂ ਨੂੰ ਲੰਮੇਰਾ ਵਕਤ ਲੱਗੇਗਾ| ਨਵੇਂ ਮੁੱਖ ਮੰਤਰੀ ਨੂੰ ਖਾਸ ਕਰਕੇ ਬਹਿਬਲ ਤੇ ਬਰਗਾੜੀ ਮਾਮਲੇ ’ਤੇ ਨਤੀਜੇ ਦੇਣੇ ਹੋਣਗੇ| ਉਸ ਤੋਂ ਵੱਧ ਨਸ਼ਾ ਤਸਕਰੀ ਦੇ ਮਾਮਲੇ ’ਚ ਵੱਡੇ ਮਗਰਮੱਛਾਂ ਨੂੰ ਹੱਥ ਪਾਉਣ ਦੀ ਦਲੇਰੀ ਦਿਖਾਉਣੀ ਹੋਵੇਗੀ| ਇਸੇ ਤਰ੍ਹਾਂ ਮਹਿੰਗੇ ਬਿਜਲੀ ਸਮਝੌਤੇ ਵੀ ਉਨ੍ਹਾਂ ਦਾ ਇਮਤਿਹਾਨ ਲੈਣਗੇ| ਪੰਜਾਬ ਵਿੱਚ ਰੁਜ਼ਗਾਰ ਦਾ ਵੱਡਾ ਮਸਲਾ ਹੈ ਅਤੇ ਪੰਜਾਬ ਭਰ ਵਿਚ ਬੇਰੁਜ਼ਗਾਰਾਂ ਵੱਲੋਂ ਧਰਨੇ ਮੁਜ਼ਾਹਰੇ ਕੀਤੇ ਜਾ ਰਹੇ ਹਨ| ਉਹ ਪੰਜਾਬ ਦੀ ਜਵਾਨੀ ਨੂੰ ਕਿਵੇਂ ਮੋੜਾ ਦੇਣਗੇ, ਇਹ ਵੀ ਪਰਖ ਬਣੇਗਾ| ਸਭ ਤੋਂ ਵੱਡਾ ਮਸਲਾ ਕਿਸਾਨੀ ਦਾ ਹੋਵੇਗਾ| ਅਮਰਿੰਦਰ ਸਿੰਘ ਵੱਲੋਂ ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨ ਧਿਰਾਂ ਪ੍ਰਤੀ ਨਰਮੀ ਵਰਤੀ ਜਾਂਦੀ ਸੀ| ਚੰਨੀ ਕਿਸਾਨ ਅੰਦੋਲਨ ਨੂੰ ਲੈ ਕੇ ਕਿਸ ਤਰ੍ਹਾਂ ਦਾ ਰੁਖ਼ ਅਖ਼ਤਿਆਰ ਕਰਦੇ ਹਨ ਅਤੇ ਕਿਸਾਨਾਂ ਦੇ ਦਿਲ ਕਿਵੇਂ ਜਿੱਤਣਗੇ, ਇਹ ਵੀ ਵੇਖਣ ਵਾਲੀ ਗੱਲ ਹੋਵੇਗੀ|

                                        ਕੌਂਸਲਰ ਤੋਂ ਮੁੱਖ ਮੰਤਰੀ ਤੱਕ ਦਾ ਸਫ਼ਰ

ਚਰਨਜੀਤ ਸਿੰਘ ਚੰਨੀ ਨੇ ਆਪਣਾ ਸਿਆਸੀ ਸਫ਼ਰ ਬਤੌਰ ਨਗਰ ਕੌਂਸਲਰ ਸ਼ੁਰੂ ਕੀਤਾ| ਉਹ ਤਿੰਨ ਵਾਰੀ ਕੌਂਸਲਰ ਰਹੇ ਅਤੇ ਫਿਰ ਨਗਰ ਕੌਂਸਲ ਖਰੜ ਦੇ ਪ੍ਰਧਾਨ ਵੀ ਬਣੇ| 15 ਮਾਰਚ 1963 ਨੂੰ ਜਨਮੇ ਚਰਨਜੀਤ ਚੰਨੀ ਨੇ ਆਜ਼ਾਦ ਉਮੀਦਵਾਰ ਵਜੋਂ ਹਲਕਾ ਚਮਕੌਰ ਸਾਹਿਬ ਤੋਂ ਚੋਣ ਲੜੀ ਅਤੇ ਵਿਧਾਨ ਸਭਾ ਵਿਚ ਪੁੱਜੇ। ਉਸ ਮਗਰੋਂ ਉਨ੍ਹਾਂ ਨੇ ਕਾਂਗਰਸ ਪਾਰਟੀ ਜੁਆਇਨ ਕਰ ਲਈ ਅਤੇ 2012 ਵਿਚ ਕਾਂਗਰਸੀ ਉਮੀਦਵਾਰ ਵਜੋਂ ਚੋਣ ਜਿੱਤ ਕੇ ਵਿਧਾਇਕ ਬਣੇ| ਹੁਣ ਤੀਸਰੀ ਦਫ਼ਾ ਵਿਧਾਇਕ ਬਣਨ ਮਗਰੋਂ ਤਕਨੀਕੀ ਸਿੱਖਿਆ ਮੰਤਰੀ ਬਣੇ| ਉਨ੍ਹਾਂ ਦੀ ਵਿੱਦਿਅਕ ਯੋਗਤਾ ਐਮ.ਏ (ਰਾਜਨੀਤੀ ਸ਼ਾਸਤਰ), ਐੱਮਬੀਏ ਅਤੇ ਐੱਲਐੱਲਬੀ ਹੈ। ਚੰਨੀ ਦਾ ਨਾਮ ਸਮੇਂ ਸਮੇਂ ’ਤੇ ਵਿਵਾਦਾਂ ਨਾਲ ਵੀ ਜੁੜਦਾ ਰਿਹਾ ਹੈ। ਮੀ-ਟੂ ਮੁਹਿੰਮ ਦੌਰਾਨ ਉਨ੍ਹਾਂ ਨੂੰ ਕਾਫੀ ਨਮੋਸ਼ੀ ਝੱਲਣੀ ਪਈ ਅਤੇ ਉਹ ਜੋਤਿਸ਼ ਵਿੱਦਿਆ ਵਿਚ ਵਿਸਵਾਸ਼ ਰੱਖਣ ਕਰਕੇ ਵੀ ਸੁਰਖੀਆਂ ਵਿਚ ਰਹੇ ਹਨ।

                                  ਸਾਰੇ ਚੋਣ ਵਾਅਦੇ ਪੂਰੇ ਕੀਤੇ ਜਾਣਗੇ: ਰਾਹੁਲ ਗਾਂਧੀ

ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਅੱਜ ਟਵੀਟ ਕਰਕੇ ਨਵੇਂ ਮੁੱਖ ਮੰਤਰੀ ਵਜੋਂ ਨਾਮਜ਼ਦ ਚਰਨਜੀਤ ਸਿੰਘ ਚੰਨੀ ਨੂੰ ਨਵੀਂ ਭੂਮਿਕਾ ਲਈ ਵਧਾਈ ਦਿੱਤੀ। ਰਾਹੁਲ ਗਾਂਧੀ ਨੇ ਕਿਹਾ ਕਿ ਪਾਰਟੀ ਵੱਲੋਂ ਪੰਜਾਬ ਦੇ ਲੋਕਾਂ ਨਾਲ ਕੀਤੇ ਗਏ ਸਾਰੇ ਵਾਅਦੇ ਪੂਰੇ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਲੋਕਾਂ ਦਾ ਭਰੋਸਾ ਮਹੱਤਵਪੂਰਨ ਹੈ। ਸੰਸਦ ਮੈਂਬਰ ਮੁਨੀਸ਼ ਤਿਵਾੜੀ ਤੋਂ ਇਲਾਵਾ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਵੀ ਚੰਨੀ ਨੂੰ ਮੁਬਾਰਕਾਂ ਦਿੱਤੀਆਂ ਹਨ। ਪੰਜਾਬ ਮਾਮਲਿਆਂ ਬਾਰੇ ਇੰਚਾਰਜ ਹਰੀਸ਼ ਰਾਵਤ, ਕਾਂਗਰਸ ਪ੍ਰਧਾਨ ਨਵਜੋਤ ਸਿੱਧੂ, ਕਾਂਗਰਸ ਦੇ ਜਨਰਲ ਸਕੱਤਰ ਪਰਗਟ ਸਿੰਘ ਅਤੇ ਬ੍ਰਹਮ ਮਹਿੰਦਰਾ ਤੋਂ ਇਲਾਵਾ ਪਾਰਟੀ ਦੇ ਸੀਨੀਅਰ ਆਗੂਆਂ ਨੇ ਵੀ ਵਧਾਈ ਦਿੱਤੀ।

                             ਸੁਖਜਿੰਦਰ ਰੰਧਾਵਾ ਤੇ ਬ੍ਰਹਮ ਮਹਿੰਦਰਾ ਉਪ ਮੁੱਖ ਮੰਤਰੀ ਨਿਯੁਕਤ

ਕਾਂਗਰਸ ਹਾਈ ਕਮਾਨ ਨੇ ਦੇਰ ਰਾਤ ਕੀਤੇ ਫੈਸਲੇ ਵਿੱਚ ਸੀਨੀਅਰ ਮੰਤਰੀਆਂ ਸੁਖਜਿੰਦਰ ਰੰਧਾਵਾ ਤੇ ਬ੍ਰਹਮ ਮਹਿੰਦਰਾ ਨੂੰ ਉਪ ਮੰਤਰੀ ਨਿਯੁਕਤ ਕਰਨ ਦਾ ਐਲਾਨ ਕੀਤਾ ਹੈ। ਆਲ ਇੰਡੀਆ ਕਾਂਗਰਸ ਕਮੇਟੀ ਦੇ ਖ਼ਜ਼ਾਨਚੀ ਤੇ ਸੀਨੀਅਰ ਕਾਂਗਰਸ ਆਗੂ ਪਵਨ ਕੁਮਾਰ ਬਾਂਸਲ ਨੇ ਟਵੀਟ ਕਰਕੇ ਮਹਿੰਦਰਾ ਤੇ ਰੰਧਾਵਾ ਨੂੰ ਡਿਪਟੀ ਸੀਐੱਮ ਨਿਯੁਕਤ ਕੀਤੇ ਜਾਣ ਦੀ ਪੁਸ਼ਟੀ ਕੀਤੀ ਹੈ। ਬ੍ਰਹਮ ਮਹਿੰਦਰਾ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਦੇ ਨੇੜਲਿਆਂ ’ਚੋਂ ਇਕ ਹਨ ਤੇ ਉਹ ਕੈਪਟਨ ਸਰਕਾਰ ’ਚ ਸੀਨੀਅਰ ਮੰਤਰੀ ਸਨ। ਉਧਰ ਸੁਖਜਿੰਦਰ ਰੰਧਾਵਾ, ਜਿਨ੍ਹਾਂ ਨੂੰ ਕੈਪਟਨ ਦੇ ਕਾਫੀ ਕਰੀਬ ਮੰਨਿਆ ਜਾਂਦਾ ਸੀ, ਚੋਣ ਵਾਅਦਿਆਂ ਦੀ ਪੂਰਤੀ ਦੇ ਮੁੱਦੇ ਨੂੰ ਲੈ ਕੇ ਵਧੇ ਵੱਖਰੇਵਿਆਂ ਮਗਰੋਂ ਕੈਪਟਨ ਧੜੇ ਨਾਲੋਂ ਵੱਖ ਹੋ ਗਏ ਸਨ। ਦੋ ਉਪ ਮੁੱਖ ਮੰਤਰੀਆਂ ਦੀ ਚੋਣ ਤੋਂ ਸਾਫ਼ ਹੈ ਕਿ ਕਾਂਗਰਸ ਹਾਈ ਕਮਾਨ ਨੇ ਕੈਪਟਨ ਅਮਰਿੰਦਰ ਨੇੜਲੇ ਆਗੂ ਨੂੰ ਐਡਜਸਟ ਕਰਨ ਦੀ ਕੋਸ਼ਿਸ਼ ਕੀਤੀ ਹੈ।

                                     ਸਿੱਧੂ ਦਾ ਰਾਹ ਡੱਕਣ ਿਵੱਚ ਸਫ਼ਲ ਰਹੇ ਕੈਪਟਨ

ਕੈਪਟਨ ਅਮਰਿੰਦਰ ਸਿੰਘ ਅਸਤੀਫਾ ਦੇਣ ਮਗਰੋਂ ਲਏ ਨਵੇਂ ਸਿਆਸੀ ਪੈਂਤੜੇ ਕਰਕੇ ਮੁੱਖ ਮੰਤਰੀ ਦੀ ਦੌੜ ਵਿੱਚ ਸ਼ਾਮਲ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਦਾ ਰਾਹ ਰੋਕਣ ਵਿਚ ਸਫ਼ਲ ਰਹੇ ਹਨ। ਉਹ ਆਪਣੇ ਕਿਸੇ ਵੀ ਕੱਟੜ ਵਿਰੋਧੀ ਨੂੰ ਮੁੱਖ ਮੰਤਰੀ ਵਜੋਂ ਨਹੀਂ ਦੇਖਣਾ ਚਾਹੁੰਦੇ ਸਨ। ਮੁੱਖ ਮੰਤਰੀ ਦਾ ਅਹੁਦਾ ਕਿਸੇ ਮਝੈਲ ਨੂੰ ਨਾ ਮਿਲਣ ਕਰਕੇ ਅਮਰਿੰਦਰ ਨੇੜਲੇ ਮਝੈਲ ਭਰਾਵਾਂ ਨੇ ਵੀ ਰਾਹਤ ਮਹਿਸੂਸ ਕੀਤੀ ਹੈ। ਅਮਰਿੰਦਰ ਸਿੰਘ ਨੇ ਟਵੀਟ ਕਰਕੇ ਚਰਨਜੀਤ ਚੰਨੀ ਨੂੰ ਸ਼ੁਭ ਕਾਮਨਾਵਾਂ ਦਿੱਤੀਆਂ ਅਤੇ ਉਮੀਦ ਜ਼ਾਹਿਰ ਕੀਤੀ ਕਿ ਚੰਨੀ ਸਰਹੱਦੀ ਸੂਬੇ ਅਤੇ ਲੋਕਾਂ ਨੂੰ ਸਰਹੱਦ ਪਾਰਲੇ ਖਤਰੇ ਤੋਂ ਸੁਰੱਖਿਅਤ ਰੱਖਣਗੇ।

                                   ਕਾਂਗਰਸ ਨੇ ਨਵਾਂ ਇਤਿਹਾਸ ਰਚਿਆ: ਸੁਰਜੇਵਾਲਾ

ਕਾਂਗਰਸੀ ਆਗੂ ਰਣਦੀਪ ਸੁਰਜੇਵਾਲਾ ਨੇ ਟਵੀਟ ਕਰਕੇ ਕਿਹਾ ਕਿ ਕਾਂਗਰਸ ਨੇ ਅੱਜ ਨਵਾਂ ਇਤਿਹਾਸ ਰਚਿਆ ਹੈ। ਉਨ੍ਹਾਂ ਕਿਹਾ ਕਿ ਪਾਰਟੀ ਨੇ ਇੱਕ ਦਲਿਤ ਸਾਥੀ ਨੂੰ ਮੁੱਖ ਮੰਤਰੀ ਬਣਾ ਕੇ ਹਰ ਗਰੀਬ ਵਰਕਰ ਨੂੰ ਤਾਕਤ ਬਖਸ਼ੀ ਹੈ| ਤਾਰੀਖ ਗਵਾਹ ਹੈ ਕਿ ਅੱਜ ਦਾ ਨਿਰਣਾ ਪੰਜਾਬ ਤੇ ਦੇਸ਼ ਦੇ ਹਰ ਵੰਚਿਤ ਤੇ ਸ਼ੋਸ਼ਿਤ ਸਾਥੀ ਲਈ ਉਮੀਦ ਦੀ ਕਿਰਨ ਬਣੇਗਾ ਅਤੇ ਨਵੇਂ ਦਰਵਾਜ਼ੇ ਖੁੱਲ੍ਹਣਗੇ|

                                       ਮਾਝਾ ਬ੍ਰਿਗੇਡ ਨੇ ਮੋਰਚਾ ਫਤਹਿ ਕੀਤਾ: ਰੰਧਾਵਾ

ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਉਹ ਹਾਈ ਕਮਾਨ ਦੇ ਫੈਸਲੇ ਨੂੰ ਸਵੀਕਾਰ ਕਰਦੇ ਹਨ ਅਤੇ ਇਹ ਵੀ ਕਿਹਾ ਕਿ ਮਾਝਾ ਬ੍ਰਿਗੇਡ ਵੱਲੋਂ ਜੋ ਲੜਾਈ ਸ਼ੁਰੂ ਕੀਤੀ ਗਈ ਸੀ, ਉਸ ’ਚ ਅੱਜ ਫਤਹਿ ਹੋਈ ਹੈ| ਅਹੁਦਿਆਂ ਦੀ ਲਾਲਸਾ ਉਨ੍ਹਾਂ ਦੇ ਖੂਨ ਵਿਚ ਨਹੀਂ ਹੈ ਅਤੇ ਉਹ ਕਦੇ ਵੀ ਪਾਰਟੀ ਨਾਲ ਨਾ ਰੁੱਸੇ ਹਨ ਅਤੇ ਨਾ ਹੀ ਪਾਰਟੀ ਨੂੰ ਕਦੇ ਪਿੱਠ ਵਿਖਾਈ ਹੈ| ਡਿਪਟੀ ਮੁੱਖ ਮੰਤਰੀ ਦੇ ਅਹੁਦੇ ਬਾਰੇ ਉਨ੍ਹਾਂ ਕਿਹਾ ਕਿ ਇਹ ਕੋਈ ਸੰਵਿਧਾਨਕ ਅਹੁਦਾ ਨਹੀਂ ਹੈ| ਉਨ੍ਹਾਂ ਕਿਹਾ ਕਿ ਬੇਦਅਬੀ ਮੁੱਦਾ, ਨਸ਼ਾ ਤਸਕਰੀ ਅਤੇ ਬਿਜਲੀ ਸਮਝੌਤੇ ਨਾਲ ਜੁੜੇ ਚੋਣ ਵਾਅਦਿਆਂ ਨੂੰ ਤਰਜੀਹ ਦਿੱਤੀ ਜਾਵੇਗੀ।

                                             ਮੁਬਾਰਕਾਂ ! ਚੰਨੀ ਬਾਈ: ਸਿੱਧੂ

ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੁੂ ਨੇ ਅੱਜ ਮੁੱਖ ਮੰਤਰੀ ਦੇ ਐਲਾਨ ਮਗਰੋਂ ਟਵੀਟ ਕਰਕੇ ਕਿਹਾ ਕਿ ‘‘ਇਤਿਹਾਸਕ!! ਪੰਜਾਬ ਦਾ ਪਹਿਲਾ ਦਲਿਤ ਮੁੱਖ ਮੰਤਰੀ ਐਲਾਨਿਆ ਗਿਆ ਹੈ, ਇਤਿਹਾਸ ਵਿਚ ਇਹ ਸੁਨਹਿਰੀ ਅੱਖਰਾਂ ਵਿਚ ਲਿਖਿਆ ਜਾਵੇਗਾ| ਇਹ ਸੰਵਿਧਾਨ ਦੀ ਸਪਿਰਟ ਅਤੇ ਕਾਂਗਰਸ ਨੂੰ ਸੱਚੀ ਸ਼ਰਧਾ ਹੈ। ਮੁਬਾਰਕਾਂ ! ਚਰਨਜੀਤ ਚੰਨੀ ਬਾਈ।’’

                                          ਵਾਅਦੇ ਪੂਰੇ ਕਰਨ ਚੰਨੀ: ਸੁਖਬੀਰ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਨਵੇਂ ਐਲਾਨੇ ਮੁੱਖ ਮੰਤਰੀ ਚਰਨਜੀਤ ਚੰਨੀ ਨੂੰ ਵਧਾਈ ਦਿੱਤੀ ਹੈ| ਸ੍ਰੀ ਬਾਦਲ ਨੇ ਟਵੀਟ ਕਰਕੇ ਕਿਹਾ ਕਿ ਉਹ ਸ਼੍ਰੋਮਣੀ ਅਕਾਲੀ ਦਲ ਦੀਆਂ ਅਮੀਰ ਲੋਕਰਾਜੀ ਰਵਾਇਤਾਂ ਨੂੰ ਕਾਇਮ ਰੱਖਦੇ ਹੋਏ ਚੰਨੀ ਤੋਂ ਉਸਾਰੂ ਭੂਮਿਕਾ ਦੀ ਆਸ ਕਰਦੇ ਹਨ ਅਤੇ ਉਮੀਦ ਕਰਦੇ ਹਨ ਕਿ ਚੰਨੀ ਕਾਂਗਰਸ ਵੱਲੋਂ ਕੀਤੇ ਚੋਣ ਵਾਅਦੇ ਅਤੇ ਸਾਢੇ ਚਾਰ ਸਾਲ ਤੋਂ ਬਕਾਇਆ ਪਈਆਂ ਮੰਗਾਂ ਨੂੰ ਪੂਰਾ ਕਰਨਗੇ।

                                 ਦਲਿਤਾਂ ਦੇ ਮਸਲੇ ਹੱਲ ਕਰਨ ਪਹਿਲਾਂ: ਨਸਰਾਲੀ

ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਜ਼ੋਰਾ ਸਿੰਘ ਨਸਰਾਲੀ ਨੇ ਕਿਹਾ ਕਿ ਉਨ੍ਹਾਂ ਨੇ ਨਵੇਂ ਮੁੱਖ ਮੰਤਰੀ ਚਰਨਜੀਤ ਚੰਨੀ ਤੋਂ ਬਹੁਤੀਆਂ ਉਮੀਦਾਂ ਨਹੀਂ ਲਾਈਆਂ ਕਿਉਂਕਿ ਅਗਾਮੀ ਚੋੋਣਾਂ ਲਈ ਸਮਾਂ ਬਹੁਤ ਥੋੜ੍ਹਾ ਹੈ ਅਤੇ ਦਲਿਤ ਭਾਈਚਾਰੇ ਦੇ ਮਸਲੇ ਵੱਡੇ ਹਨ। ਉਨ੍ਹਾਂ ਕਿਹਾ ਕਿ ਦਲਿਤ ਭਾਈਚਾਰੇ ਨੇ 34 ਵਿਧਾਇਕ ਵਿਧਾਨ ਸਭਾ ਵਿਚ ਪਹਿਲਾਂ ਹੀ ਭੇਜੇ ਹੋਏ ਸਨ, ਉਨ੍ਹਾਂ ’ਚੋਂ ਕਿਸੇ ਨੇ ਵੀ ਇੱਕ ਸ਼ਬਦ ਵੀ ਖੇਤ ਮਜ਼ਦੂਰਾਂ ਪ੍ਰਤੀ ਨਹੀਂ ਬੋਲਿਆ। ਨਸਰਾਲੀ ਨੇ ਕਿਹਾ ਕਿ ਮੁੱਖ ਮੰਤਰੀ ਵਜੋਂ ਹਲਫ਼ ਲੈਣ ਮਗਰੋਂ ਚੰਨੀ ਦਲਿਤ ਭਾਈਚਾਰੇ ਦਾ ਸਭ ਤੋਂ ਵੱਡਾ ਮਸਲਾ ਰੁਜ਼ਗਾਰ ਦਾ ਹੱਲ ਕਰਨ ਅਤੇ ਖੇਤ ਮਜ਼ਦੂਰਾਂ ਸਿਰ ਚੜ੍ਹੇ ਕਰਜ਼ਿਆਂ ’ਤੇ ਲੀਕ ਫੇਰਨ। ਇਸੇ ਤਰ੍ਹਾਂ ਦਲਿਤਾਂ ਦੇ ਰਿਹਾਇਸ਼ ਦੇ ਮਸਲੇ ਵੀ ਹੱਲ ਕਰਨ।

Wednesday, November 7, 2018

                                                       ਸਾਡੀ ਕਾਹਦੀ ਦੀਵਾਲੀ
                          ਦੁੱਖਾਂ ਦਾ ਤੇਲ, ਗਮਾਂ ਦੇ ਦੀਵੇ, ਬਲਦੇ ਨਸੀਬ ਚੰਦਰੇ..
                                                           ਚਰਨਜੀਤ ਭੁੱਲਰ
ਬਠਿੰਡਾ  : ਗੁਰਬਿੰਦਰ ਸਿੰਘ ਦੇ ਕੱਚੇ ਘਰ ਨੂੰ ਤਾਂ ਬੂਹਾ ਵੀ ਨਹੀਂ ਲੱਗਾ, ਲੱਛਮੀ ਫਿਰ ਵੀ ਨਹੀਂ ਆਉਂਦੀ। ਲੱਖੇਵਾਲੀ ਦੇ ਇਸ ਮਜ਼ਦੂਰ ਦੇ ਕੱਚੇ ਢਾਰੇ ’ਚ ਜਦੋਂ ਆਏ, ਦੁੱਖ ਹੀ ਆਏ। ਹੌਸਲਿਆਂ ਦੇ ਬਨੇਰੇ ਵੀ ਹੁਣ ਹੂੰਗਰ ਨਹੀਂ ਭਰਦੇ, ਉਹ ਬਾਲ ਕੇ ਦੀਵਾ ਕਿਥੇ ਰੱਖੇ। ਕਮਰੇ ਦਾ ਬੂਹਾ ਨਹੀਂ, ਫਟੀ ਪੱਲੀ ਹੀ ਪਰਦਾ ਕੱਜਦੀ ਹੈ। ਦਲਿਤ ਮਜ਼ਦੂਰ ਦੇ ਦੋ ਬੱਚੇ ਹਨ ਜੋ ਦੀਵਾਲੀ ਮੌਕੇ ਜਿੱਦ ਨਹੀਂ, ਧਰਵਾਸ ਕਰਦੇ ਹਨ। ਜਦੋਂ ਦੀਵਾਲੀ ਆਉਂਦੀ ਹੈ ਤਾਂ ਮਜ਼ਦੂਰ ਦੀ ਪਤਨੀ ਵੀਰਪਾਲ ਕੌਰ ਬੱਚਿਆਂ ਨੂੰ ਇਹੋ ਸਮਝਾਉਂਦੀ ਹੈ, ‘ ਦੀਵਾਲੀ ਪੈਸੇ ਵਾਲਿਆਂ ਦੀ, ਗ਼ਰੀਬਾਂ ਦੀ ਕਾਹਦੀ ’। ਇਸ ਪਰਿਵਾਰ ਨੂੰ ਨਾ ਨਲਕਾ ਜੁੜ ਸਕਿਆ, ਨਾ ਹੀ ਘਰ ਨੂੰ ਪੱਕੀ ਇੱਟ। ਬੱਚਿਆਂ ਨੂੰ ਸਕੂਲ ਤੋਰ ਨਹੀਂ ਸਕੇ। ਕਦੇ ਭੁੱਖੇ ਪੇਟ ਵੀ ਸੌਣਾ ਪੈਂਦਾ ਹੈ, ਕਿਸੇ ਕੋਲ ਢਿੱਡ ਨਹੀਂ ਫਰੋਲਦੇ। ਪੰਜਾਬ ’ਚ ਏਦਾਂ ਦੇ ਕੱਚੇ ਘਰਾਂ ਦੀ ਕਮੀ ਨਹੀਂ ਜੋ ਮਹਿਲਾਂ ਤੋਂ ਕਦੇ ਨਜ਼ਰ ਨਹੀਂ ਪੈਂਦੇ। ਮਾਨਸਾ ਦੇ ਪਿੰਡ ਕੋਟ ਧਰਮੂ ਦਾ ਕਿਸਾਨ ਰਣਜੀਤ ਸਿੰਘ ਤਾਂ ਜ਼ਿੰਦਗੀ ਤੋਂ ਹਾਰ ਗਿਆ। ਪਿੱਛੇ ਵਿਧਵਾ ਕਰਮਜੀਤ ਕੌਰ ਹੁਣ ਇਕੱਲੀ ਜੰਗ ਲੜ ਰਹੀ ਹੈ। ਕੋਈ ਦੀਵਾਲੀ ਇਸ ਘਰ ’ਚ ਦੀਵਾ ਨਹੀਂ ਬਲਦਾ। ਕਦੇ ਇਹ ਪੈਲ਼ੀਆਂ ਦੇ ਸਰਦਾਰ ਸਨ। 15 ਏਕੜ ਪੈਲੀ ਚੋਂ ਸਭ ਕਰਜ਼ੇ ’ਚ ਉੱਡ ਗਈ। ਸਿਰਫ਼ ਇੱਕ ਏਕੜ ਜ਼ਮੀਨ ਬਚੀ ਹੈ ਜਾਂ ਫਿਰ ਇੱਕ ਮੰਦਬੁੱਧੀ ਬੱਚਾ।
                   ਜਵਾਨ ਧੀ ਕਿਰਨਦੀਪ ਕੌਰ ਦਾ ਫ਼ਿਕਰ ਸਿਰ ’ਤੇ ਹੈ। ਵਿਧਵਾ ਕਰਮਜੀਤ ਕੌਰ ਹੁਣ ਦਿਹਾੜੀ ਕਰਕੇ ਗੁਜ਼ਾਰਾ ਕਰਦੀ ਹੈ। ਪਿੰਡ ਸਮਾਓ ਦੇ ਕਿਸਾਨ ਜਗਬੀਰ ਸਿੰਘ ਨੇ ਤਿੰਨ ਮਹੀਨੇ ਪਹਿਲਾਂ ਹੀ ਜ਼ਿੰਦਗੀ ਨੂੰ ਹੱਥ ਜੋੜ ਦਿੱਤੇ। ਇਵੇਂ ਦੇ ਹਾਲਾਤ ਹੀ ਇਸ ਪਰਿਵਾਰ ਦੇ ਹਨ। ਜਿਨ੍ਹਾਂ ਦੇ ਕਮਾਊ ਤੁਰ ਜਾਂਦੇ ਹਨ, ਉਨ੍ਹਾਂ ਦੇ ਤਾਂ ਘਰ ਦੀ ਦਾਲ ਰੋਟੀ ਵੀ ਨਹੀਂ ਲੰਘਦੀ। ਦੀਵਾਲੀ ਦੇ ਜਸ਼ਨ ਤਾਂ ਦੂਰ ਦੀ ਗੱਲ। ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਮੰਤਰੀ ਦੀ ਸਹੁੰ ਚੁੱਕਣ ਮਗਰੋਂ ਹੁਣ ਤੱਕ ਪੰਜਾਬ ਵਿਚ 829 ਕਿਸਾਨ ਘਰਾਂ ਵਿਚ ਸੱਥਰ ਵਿਛ ਚੁੱਕੇ ਹਨ। ਮਤਲਬ ਅੌਸਤਨ 43 ਕਿਸਾਨ ਹਰ ਮਹੀਨੇ ਜ਼ਿੰਦਗੀ ਨੂੰ ਅਲਵਿਦਾ ਆਖ ਰਹੇ ਹਨ। ਇਨ੍ਹਾਂ ਪਰਿਵਾਰਾਂ ਦੇ ਬੱਚਿਆਂ ਦੇ ਚਾਅ ਮਲ੍ਹਾਰ ਵੀ ਖ਼ੁਦਕੁਸ਼ੀ ਕਰ ਗਏ ਹਨ। ਕਦੇ ਚਿੱਟੀ ਮੱਖੀ ਤੇ ਕਦੇ ਝਾੜ, ਕਦੇ ਜਿਨਸਾਂ ਦੇ ਭਾਅ, ਖੇਤਾਂ ਦੇ ਰਾਜੇ ਨੂੰ ਮੰਡੀਓਂ ਖ਼ਾਲੀ ਮੋੜ ਰਹੇ ਹਨ। ਖੇਤਾਂ ਦੇ ਰਾਜੇ ਦਾ ਚਿਹਰਾ ਬੁੱਝ ਗਿਆ। ਕਪਾਹੀ ਦੇ ਫੁੱਲ ਜ਼ਰੂਰ ਖਿੜੇ ਨੇ ਪਰ ਟਾਹਲੀ ਵਾਲੇ ਖੇਤ ਮੌਤਾਂ ਵੰਡਣੋਂ ਨਹੀਂ ਰੁਕ ਰਹੇ। ਜੇ ਹਵਾ ਇਹ ਰਹੀ ਤਾਂ ਦਿਨ ਦੂਰ ਨਹੀਂ ਜਦੋਂ ਪਿੰਡਾਂ ’ਚ ਹੋਕੇ ਵੱਜਣਗੇ ‘ ਰੱਸੇ ਵਿਕਣੇ ਆਏ, ਲੈ ਲਓ ਰੱਸੇ ਨੀਂ’। ਜਦੋਂ ਹਵਾ ਦਾ ਰੁਖ ਕੋਝਾ ਹੋਵੇ ਤਾਂ ਦੀਵੇ ਕਿਵੇਂ ਬਾਲੀਏ, ਕਿਸਾਨ ਇਹੋ ਤਾਂ ਸਰਕਾਰ ਤੋਂ ਪੁੱਛਦੇ  ਹਨ।
                 ਹੁਣ ਮੰਡੀਆਂ ਵਿਚ ਕਿਸਾਨ ਜਿਣਸ ਦੇ ਢੇਰਾਂ ਕੋਲ ਬੈਠੇ ਹਨ। ਦੂਸਰੇ ਖੇਤਾਂ ਵਿਚ ਅਗਲੀ ਫ਼ਸਲ ਦੀ ਬਿਜਾਂਦ ਵਿਚ ਉਲਝੇ ਹੋਏ ਹਨ। ਦੰਦਲ ਪੂਰੇ ਪੰਜਾਬ ਨੂੰ ਪਈ ਹੈ, ਇਕੱਲੀ ਕਿਸਾਨੀ ਨੂੰ ਨਹੀਂ। ਅੱਧਾ ਪੰਜਾਬ ਬਿਮਾਰੀ ਨੇ ਢਾਹ ਲਿਆ ਹੈ। ਨਰਮਾ ਪੱਟੀ ’ਚ ਤਾਂ ਕੈਂਸਰ ਦੀ ਬਿਮਾਰੀ ਨੇ ਛੋਟੇ ਛੋਟੇ ਬੱਚਿਆਂ ਤੋਂ ਫੁੱਲ ਝੜੀਆਂ ਖੋਹ ਲਈਆਂ ਹਨ। ਬਾਜਾਖਾਨਾ ਦੇ ਛੋਟੇ ਕਿਸਾਨ ਇਕਬਾਲ ਸਿੰਘ ਦਾ ਅੱਠ ਵਰ੍ਹਿਆਂ ਦਾ ਬੇਟਾ ਸਰਤਾਜ ਇਸ ਚੰਦਰੀ ਬਿਮਾਰੀ ਨੂੰ ਝੱਲ ਰਿਹਾ ਹੈ। ਕਿਸਾਨ ਦੱਸਦਾ ਹੈ ਕਿ ਸਰਕਾਰ ਨੇ ਇਲਾਜ ਲਈ ਧੇਲਾ ਨਹੀਂ ਦਿੱਤਾ। ਇਸੇ ਤਰ੍ਹਾਂ ਸਿਵੀਆ ਦੇ ਅਵਤਾਰ ਸਿੰਘ ਦੇ ਘਰ ’ਚ ਖ਼ੁਸ਼ੀ ਦਾ ਦੀਵਾ ਉਦੋਂ ਹੀ ਬੁੱਝ ਗਿਆ ਸੀ ਜਦੋਂ ਉਸ ਦੇ ਦੋ ਮਹੀਨੇ ਦੇ ਬੱਚੇ ਨੂੰ ਕੈਂਸਰ ਹੋਣ ਦੀ ਡਾਕਟਰਾਂ ਨੇ ਗੱਲ ਆਖੀ ਸੀ। ਏਦਾਂ ਦਾ ਕੇਸਾਂ ਦੀ ਕੋਈ ਕਮੀ ਨਹੀਂ। ਸਰਕਾਰੀ ਤੱਥਾਂ ਅਨੁਸਾਰ ਪੰਜਾਬ ਵਿਚ ਰੋਜ਼ਾਨਾ ਅੌਸਤਨ 43 ਮੌਤਾਂ ਕੈਂਸਰ ਨਾਲ ਹੁੰਦੀਆਂ ਹਨ। ਉੱਪਰੋਂ ਹੁਣ ਡੇਂਗੂ ਨੇ ਪੰਜਾਬ ਨੱਪ ਲਿਆ ਹੈ। ਸਰਕਾਰੀ ਹਸਪਤਾਲ ਬਿਮਾਰ ਹਨ, ਪ੍ਰਾਈਵੇਟ ਪਹੁੰਚ ’ਚ ਨਹੀਂ ਰਹੇ। ਉਨ੍ਹਾਂ ਘਰਾਂ ’ਚ ਤਾਂ ਚਾਨਣ ਵੀ ਹੁੰਗਾਰਾ ਨਹੀਂ ਭਰਦਾ ਜਿਨ੍ਹਾਂ ਕੋਲ ਸਿਵਾਏ ਅਰਦਾਸ ਤੋਂ ਕੋਈ ਚਾਰਾ ਨਹੀਂ।
                ਉਨ੍ਹਾਂ ਹਜ਼ਾਰਾਂ ਮਜ਼ਦੂਰਾਂ ਦੇ ਘਰਾਂ ਨੂੰ ਜਿੰਦਰੇ ਵੱਜੇ ਹੋਏ ਹਨ ਜਿਨ੍ਹਾਂ ਦੇ ਜੀਅ ਗੁਜਰਾਤ ਵਿਚ ਨਰਮੇ ਦੇ ਖੇਤਾਂ ਚੋਂ ਲੱਛਮੀ ਲੱਭਣ ਗਏ ਹੋਏ ਹਨ। ਤਾਹੀਓਂ ਨਰਮੇ ਦੇ ਸੀਜ਼ਨ ਵਿਚ ਸਕੂਲਾਂ ਵਿਚ ਬੱਚਿਆਂ ਦੀ ਹਾਜ਼ਰੀ ਘੱਟ ਜਾਂਦੀ ਹੈ। ਨਾ ਜ਼ਮੀਨੀ ਵੰਡ ਹੋਈ, ਨਾ ਪੰਜ ਪੰਜ ਮਰਲੇ ਦੇ ਪਲਾਟਾਂ ਦੀ, ਮਜ਼ਦੂਰਾਂ ਹਿੱਸੇ ਬਿਮਾਰੀਆਂ ਦੀ ਪੰਡ ਆਈ ਹੈ। ਖੇਤ ਮਜ਼ਦੂਰਾਂ ਦੇ ਸਰਵੇ ਦੇ ਹਵਾਲੇ ਨਾਲ ਖੇਤ ਮਜ਼ਦੂਰ ਯੂਨੀਅਨ ਦੇ ਲਛਮਣ ਸੇਵੇਵਾਲਾ ਨੇ ਦੱਸਿਆ ਕਿ ਮਜ਼ਦੂਰਾਂ ਨੂੰ 19 ਫ਼ੀਸਦੀ ਕਰਜ਼ਾ ਸਿਰਫ਼ ਬਿਮਾਰੀਆਂ ਦੇ ਇਲਾਜ ਲਈ ਚੁੱਕਣਾ ਪਿਆ ਹੈ। ‘ਪਟਿਆਲਾ ਮੋਰਚਾ’ ’ਚ ਉੱਤਰੇ ਅਧਿਆਪਕ ਆਖਦੇ ਹਨ ਕਿ ਉਨ੍ਹਾਂ ਦੀਵਾਲੀ ਵੀ ਐਤਕੀਂ ਕਾਲੀ ਹੀ ਹੈ। ਕਰੀਬ 50 ਹਜ਼ਾਰ ਟੈੱਟ ਪਾਸ ਨੌਜਵਾਨ ਭਵਿੱਖ ਦਾ ਦੀਵਾ ਬਾਲਣ ਦੀ ਉਡੀਕ ਕਰ ਰਿਹਾ ਹੈ। ‘ 5178 ਅਧਿਆਪਕ ਯੂਨੀਅਨ’ ਦੇ ਅਧਿਆਪਕ ਰੋਸ ਵਜੋਂ ਸੜਕਾਂ ਤੇ ਬੈਠ ਕੇ ਦੀਵੇ ਵੇਚ ਰਹੇ ਹਨ। ਉਨ੍ਹਾਂ ਨੂੰ ਨਾ ਰੈਗੂਲਰ ਕੀਤਾ ਤੇ ਨਾ ਕੱੁਝ ਅਰਸੇ ਤੋਂ ਤਨਖ਼ਾਹ ਮਿਲੀ ਹੈ।













 









Sunday, August 14, 2016

                                 ਦਲਿਤਾਂ ਦਾ ਪਿੰਡ 
              ਤਕਦੀਰ ਬਦਲਣ ਲਈ ਛੇੜੀ ਜੰਗ
                                  ਚਰਨਜੀਤ ਭੁੱਲਰ
ਬਠਿੰਡਾ : ਜਦੋਂ ਦੇਸ਼ ਵਿਚ ਗਊ ਰੱਖਿਅਕਾਂ ਦੇ ਹਮਲਿਆਂ ਕਾਰਨ ਦਲਿਤਾਂ ਵਿਚ ਰਾਜਸੀ ਚੇਤਨਾ ਦਾ ਦੌਰ ਚੱਲ ਰਿਹਾ ਹੈ ਤਾਂ ਠੀਕ ਉਸ ਸਮੇਂ ਬਠਿੰਡਾ ਜ਼ਿਲ•ੇ ਵਿਚ ਪੈਂਦੇ ਦਲਿਤਾਂ ਦੇ ਪਿੰਡ ਗੁਰੂਸਰ ਮਹਿਰਾਜ ਨੇ ਆਪਣੀ ਹੋਣੀ ਬਦਲਣ ਲਈ ਵੱਖਰੀ ਜੰਗ ਛੇੜੀ ਹੋਈ ਹੈ। ਗੁਰੂਸਰ ਮਹਿਰਾਜ ਪੰਜਾਬ ਦਾ ਪਹਿਲਾ ਦਲਿਤ ਪਿੰਡ ਹੈ ਜਿਥੋਂ ਦੀ ਅਣਪੜ ਮਹਿਲਾ ਸਰਪੰਚ ਨੇ ਪੂਰੇ ਪਿੰਡ ਦਾ ਨਕਸ਼ਾ ਬਦਲ ਦਿੱਤਾ ਹੈ। ਪੂਰੇ ਪਿੰਡ ਵਿਚ ਸਿਰਫ ਦਲਿਤ ਆਬਾਦੀ ਹੈ ਜਿਥੋਂ ਦੀ ਦਲਿਤ ਪੰਚਾਇਤ ਨੇ ਪਿੰਡ ਦੇ ਹਰ ਰੋਗ ਦੀ ਜੜ• ਕੱਟਣ ਲਈ ਜੰਗ ਛੇੜੀ ਹੋਈ ਹੈ। ਜਦੋਂ 63 ਵਰਿ•ਆਂ ਦੀ ਅਣਪੜ ਮਹਿਲਾ ਸਰਪੰਚ ਪਰਮਜੀਤ ਕੌਰ ਨੇ ਪੂਰੇ ਪਿੰਡ ਵਿਚ ਸੀ.ਸੀ.ਟੀ.ਵੀ ਕੈਮਰੇ ਲਾ ਦਿੱਤੇ ਹਨ ਜਿਸ ਮਗਰੋਂ ਕਦੇ ਕੋਈ ਚੋਰੀ ਨਹੀਂ ਹੋਈ ਹੈ। ਕੈਮਰਿਆਂ ਦਾ ਕੰਟਰੋਲ ਰੂਮ ਪੰਚਾਇਤ ਕੋਲ ਹੈ। ਪਿੰਡ ਦੀ ਸੋਲਰ ਸਟਰੀਟ ਲਾਈਟਾਂ ਲਾਈਆਂ ਗਈਆਂ ਹਨ। ਪੰਚਾਇਤ ਨੇ ਆਪਣੀ ਤਰਫੋਂ ਪੂਰੇ ਪਿੰਡ ਦੇ ਲੋਕਾਂ ਦਾ ਜੀਵਨ ਬੀਮਾ ਕਰਾਇਆ ਹੈ।ਪੰਚਾਇਤ ਨੇ ਐਤਕੀਂ ਬਜਟ ਵਿਚ ਕੈਂਸਰ ਅਤੇ ਕੋਹੜ• ਦੇ ਮਰੀਜ਼ਾਂ ਲਈ ਵੱਖਰਾ ਫੰਡ ਕਾਇਮ ਕੀਤਾ ਹੈ। ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਸਿਕੰਦਰ ਸਿੰਘ ਮਲੂਕਾ ਦੇ ਹਲਕਾ ਰਾਮਪੁਰਾ ਵਿਚ ਪੈਂਦੇ ਇਸ ਪਿੰਡ ਨੂੰ ਛੇਵੀਂ ਪਾਤਸ਼ਾਹੀ ਸ੍ਰੀ ਹਰਗੋਬਿੰਦ ਸਿੰਘ ਜੀ ਦੀ ਚਰਨ ਛੋਹ ਪ੍ਰਾਪਤ ਹੈ।
                      ਯੂਨਾਈਟਿਡ ਇੰਡੀਆ ਇੰਸਰੈਂਸ ਕੰਪਨੀ ਅਤੇ ਮਗਨਰੇਗਾ ਦੇ ਫੰਡਾਂ ਨਾਲ ਪਿੰਡ ਵਿਚ ਇੱਕ ਆਲੀਸ਼ਾਨ ਪਾਰਕ ਬਣਾਇਆ ਗਿਆ ਹੈ ਜਿਥੇ ਘਾਹ ਅਤੇ ਸਜਾਵਟੀ ਪੌਦੇ ਲਗਾਏ ਗਏ ਹਨ ਜਿਨ•ਾਂ ਦੀ ਦੇਖਭਾਲ ਵਾਸਤੇ ਬਕਾਇਦਾ ਇੱਕ ਮਾਲੀ ਰੱਖਿਆ ਗਿਆ ਹੈ। ਪੂਰੇ ਪਿੰਡ ਵਿਚ ਇੰਟਰ ਲਾਕਿੰਗ ਟਾਈਲਾਂ ਲਾਏ ਜਾਣ ਦਾ ਕੰਮ ਚੱਲ ਰਿਹਾ ਹੈ। ਪਿੰਡ ਦੇ ਹਰ ਵਾਰਡ ਵਿਚ ਵਾਰਡ ਕਮੇਟੀ ਬਣੀ ਹੋਈ ਹੈ ਜੋ ਵਿਕਾਸ ਕੰਮਾਂ ਦੀ ਅਗਵਾਈ ਕਰਦੀ ਹੈ। ਇਵੇਂ ਪਿੰਡ ਵਿਚ ਔਰਤਾਂ ਨੇ ਪ੍ਰਗਤੀਸ਼ੀਲ ਇਸਤਰੀ ਸਭਾ ਬਣਾਈ ਹੋਈ ਹੈ ਜਿਸ ਦੀ ਪ੍ਰਧਾਨ ਨਸੀਬ ਕੌਰ ਔਰਤਾਂ ਨੂੰ ਚੇਤੰਨ ਕਰਨ ਵਾਸਤੇ ਕੰਮ ਕਰ ਰਹੀ ਹੈ। ਸਰਪੰਚ ਪਰਮਜੀਤ ਕੌਰ ਦਾ ਪ੍ਰਤੀਕਰਮ ਸੀ ਕਿ ਪੂਰੀ ਪੰਚਾਇਤ ਦੇ ਸਾਥ ਨੇ ਉਸ ਨੂੰ ਇਹ ਚੇਟਕ ਲਾਈ ਜਿਸ ਮਗਰੋਂ ਉਸ ਨੇ ਪੂਰੇ ਪਿੰਡ ਵਿਚ ਵਿਕਾਸ ਦਾ ਬੂਟਾ ਲਾਉਣ ਦਾ ਪ੍ਰਣ ਕੀਤਾ। ਪੂਰੇ ਘਰੇਲੂ ਕਲੇਸ਼ ਅਤੇ ਲੜਾਈ ਝਗੜੇ ਘਟੇ ਹਨ ਅਤੇ ਪਿੰਡ ਦੀ ਸੋਚ ਵਿਚ ਇਨਕਲਾਬੀ ਤਬਦੀਲੀ ਹੈ। ਉਨ•ਾਂ ਵਲੋਂ ਹਾੜੀ ਸਾਉਣੀ ਗਰਾਮ ਸਭਾ ਦੇ ਇਜਲਾਸ ਕਰਾ ਕੇ ਲੋਕਾਂ ਦੀ ਪੂਰਨ ਭਾਗੀਦਾਰੀ ਬਣਾਈ ਜਾਂਦੀ ਹੈ। ਦੱਸਣਯੋਗ ਹੈ ਕਿ ਪਿੰਡ ਦੇ ਕਈ ਅਧਿਆਪਕ ਅਤੇ ਮੁਲਾਜ਼ਮ ਇਸ ਵਿਕਾਸ ਵਿਚ ਹਿੱਸੇਦਾਰ ਬਣੇ ਹੋਏ ਹਨ।
                      ਮਾਸਟਰ ਬਲਦੇਵ ਸਿੰਘ ਨੇ ਦੱਸਿਆ ਕਿ ਕਰੀਬ 60 ਫੀਸਦੀ ਲੋਕ ਪੜ•ੇ ਲਿਖੇ ਹਨ ਜੋ ਹਰ ਵਰੇ• ਪੰਚਾਇਤ ਬਜਟ ਬਣਾਉਣ ਵਿਚ ਯੋਗਦਾਨ ਪਾਉਂਦੇ ਹਨ। ਪਿੰਡ ਵਿਚ ਸਮਾਜਿਕ ਨਿਆਂ ਕਮੇਟੀ ਅਤੇ ਵਣ ਵਿਕਾਸ ਕਮੇਟੀ ਵੀ ਬਣੀ ਹੋਈ ਹੈ ਪੰਚਾਇਤ ਮੈਂਬਰ ਕੁਲਵਿੰਦਰ ਸਿੰਘ ਤੇ ਸੁਰਿੰਦਰ ਸਿੰਘ ਦਾ ਕਹਿਣਾ ਸੀ ਕਿ ਉਨ•ਾਂ ਆਉਂਦੇ ਇੱਕ ਵਰੇ• ਵਿਚ ਪਿੰਡ ਨੂੰ ਸ਼ਹਿਰੀ ਰੂਪ ਵਿਚ ਲੈ ਆਉਣਾ ਹੈ। ਪਿੰਡ ਦੇ ਹਰ ਬਸਿੰਦੇ ਨੂੰ ਪੂਰੇ ਅਧਿਕਾਰ ਹਨ। ਪੰਚਾਇਤ ਮੈਂਬਰ ਜਸਪਾਲ ਕੌਰ ਨੇ ਦੱਸਿਆ ਕਿ ਪਿੰਡ ਦੀ ਫਿਰਨੀ ਅਤੇ ਹਰ ਗਲੀ ਵਿਚ ਟ੍ਰੀ ਗਾਰਡਾਂ ਸਮੇਤ ਪੌਦੇ ਲਗਾਏ ਗਏ ਹਨ। ਆਉਂਦੇ ਦਿਨਾਂ ਵਿਚ 24 ਸੋਲਰ ਲਾਈਟਾਂ ਹੋਰ ਲਾਈਆਂ ਜਾਣੀਆਂ ਹਨ। ਛੱਪੜ ਦੇ ਪਾਣੀ ਵਾਸਤੇ ਟਰੀਟਮੈਂਟ ਪਲਾਂਟ ਲੱਗ ਰਿਹਾ ਹੈ। ਵੀ.ਡੀ.ਓ ਪਰਮਜੀਤ ਸਿੰਘ ਨੇ ਦੱਸਿਆ ਕਿ ਪੰਚਾਇਤ ਦੇ ਹਰ ਰਿਕਾਰਡ ਵਾਸਤੇ ਵੱਖੋ ਵੱਖਰੇ ਰਜਿਸਟਰ ਲਗਾਏ ਹੋਏ ਹਨ ਜਿਨ•ਾਂ ਵਿਚ ਆਰ.ਟੀ.ਆਈ ਰਜਿਸਟਰ,ਜਨਮ ਮੌਤ ਤੋਂ ਇਲਾਵਾ ਵਿਆਹ ਸਾਹਿਆਂ ਦਾ ਵੱਖਰਾ ਰਜਿਸਟਰ ਲਾਇਆ ਗਿਆ ਹੈ।
                       ਇੱਥੋਂ ਦੀ ਗਰਾਮ ਸਭਾ ਦਾ ਇਜਲਾਸ ਲੋਕ ਰਾਜ ਦਾ ਪ੍ਰਤੱਖ ਰੂਪ ਬਣਦਾ ਹੈ ਜਿਥੇ ਪੰਚਾਇਤ ਵਿਕਾਸ ਕੰਮਾਂ ਅਤੇ ਖਰਚ ਕੀਤੀ ਰਾਸ਼ੀ ਦਾ ਪਾਈ ਪਾਈ ਦਾ ਹਿਸਾਬ ਕਿਤਾਬ ਦਿੰਦੀ ਹੈ। ਦੱਸਣਯੋਗ ਹੈ ਕਿ ਇਸ ਪਿੰਡ ਦੀ ਪੰਚਾਇਤ ਵੀ ਸਰਬਸੰਮਤੀ ਨਾਲ ਬਣੀ ਹੋਈ ਹੈ ਜੋ ਹੁਣ ਸਾਂਝਾ ਪ੍ਰਾਈਵੇਟ ਫੰਡ ਵੀ ਕਾਇਮ ਕਰਨ ਦੇ ਰਾਹ ਤੁਰੀ ਹੈ ਤਾਂ ਜੋ ਐਮਰਜੈਂਸੀ ਪੈਣ ਦੀ ਸੂਰਤ ਵਿਚ ਪਿੰਡ ਦੇ ਵਸਨੀਕਾਂ ਦੀ ਮਦਦ ਕੀਤੀ ਜਾ ਸਕੇ। ਜ਼ਿਲ•ਾ ਪ੍ਰੀਸ਼ਦ ਦੇ ਚੇਅਰਮੈਨ ਗੁਰਪ੍ਰੀਤ ਸਿੰਘ ਮਲੂਕਾ ਦਾ ਪ੍ਰਤੀਕਰਮ ਸੀ ਕਿ ਇਸ ਪਿੰਡ ਦੀ ਪੰਚਾਇਤ ਕਾਫੀ ਜਾਗਰੂਕ ਹੈ ਅਤੇ ਚੰਗੀ ਸੋਚ ਰੱਖਦੀ ਹੈ ਜਿਸ ਦੇ ਵਜੋਂ ਸਰਕਾਰ ਤਰਫੋਂ ਇਸ ਪਿੰਡ ਦੇ ਵਿਕਾਸ ਕੰਮਾਂ ਲਈ ਫੰਡਾਂ ਦੀ ਕਦੇ ਕੋਈ ਕਮੀ ਨਹੀਂ ਰਹਿਣ ਦਿੱਤੀ ਗਈ ਹੈ। ਉਨ•ਾਂ ਆਖਿਆ ਕਿ ਅਜਿਹੇ ਪਿੰਡਾਂ ਤੋਂ ਬਾਕੀ ਪਿੰਡਾਂ ਨੂੰ ਵੀ ਸੇਧ ਲੈਣ ਦੀ ਲੋੜ ਹੈ।

Wednesday, February 3, 2016

                           ਪੰਥਕ ਸਰਕਾਰ 
        ਦਲਿਤਾਂ ਦੇ ਵੱਖਰੇ ਕਲੱਬ ਬਣਨਗੇ
                            ਚਰਨਜੀਤ ਭੁੱਲਰ
ਬਠਿੰਡਾ : ਹਾਕਮ ਧਿਰ ਹੁਣ ਸਿਆਸੀ ਉੱਲੂ ਸਿੱਧਾ ਕਰਨ ਖਾਤਰ ਪੰਜਾਬ ਦੀ ਜਵਾਨੀ ਨੂੰ ਵੰਡੇਗੀ ਜਿਸ ਵਾਸਤੇ ਪੰਜਾਬ ਦੇ ਹਰ ਪਿੰਡ ਵਿਚ ਦੋ ਦੋ ਪੇਂਡੂ ਕਲੱਬ ਬਣਾਏ ਜਾਣੇ ਹਨ। ਹਰ ਪਿੰਡ ਵਿਚ ਜੱਟਾਂ ਦਾ ਵੱਖਰਾ ਨਵਾਂ ਕਲੱਬ ਬਣੇਗਾ ਅਤੇ ਦਲਿਤਾਂ ਦਾ ਕਲੱਬ ਵੱਖਰਾ। ਵੱਖੋ ਵੱਖਰੇ ਗੁਰੂ ਘਰਾਂ ਅਤੇ ਸ਼ਮਸ਼ਾਨ ਘਾਟਾਂ ਤੋਂ ਮਗਰੋਂ ਹੁਣ ਪੇਂਡੂ ਕਲੱਬਾਂ ਤੇ ਜਾਤ ਪਾਤ ਦੀ ਪੁੱਠ ਚਾੜ•ੀ ਜਾਣ ਲੱਗੀ ਹੈ। ਪੰਥਕ ਸਰਕਾਰ ਖੁਦ ਹੀ ਸਿੱਖ ਧਰਮ ਦੇ ਸੁਨੇਹੇ ਦੇ ਉਲਟ ਭਾਈਚਾਰੇ ਨੂੰ ਜੋੜਨ ਦੀ ਥਾਂ ਤੋੜਨ ਦੇ ਰਾਹ ਪੈ ਰਹੀ ਹੈ। ਆਮ ਆਦਮੀ ਪਾਰਟੀ ਦੇ ਪ੍ਰਭਾਵ ਨੂੰ ਮੱਠਾ ਕਰਨ ਖਾਤਰ ਹੁਣ ਨੌਜਵਾਨਾਂ ਨੂੰ ਸਿਆਸੀ ਚੋਗਾ ਪਾਉਣ ਦੇ ਨਵੇਂ ਪੈਂਤੜੇ ਲਏ ਜਾ ਰਹੇ ਹਨ। ਵੇਰਵਿਆਂ ਅਨੁਸਾਰ ਪੰਜਾਬ ਵਿਚ 31 ਮਾਰਚ 2016 ਤੱਕ 25 ਹਜ਼ਾਰ ਨੌਜਵਾਨ ਕਲੱਬ ਬਣਾਉਣ ਦਾ ਟੀਚਾ ਮਿਥਿਆ ਗਿਆ ਹੈ। ਅਹਿਮ ਸੂਤਰਾਂ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਦੇ ਇਹ ਆਪਣੇ ਪ੍ਰਭਾਵ ਵਾਲੇ ਕਲੱਬ ਬਣਨਗੇ ਜਿਨ•ਾਂ ਨੂੰ ਮਗਰੋਂ ਪ੍ਰਤੀ ਕਲੱਬ ਇੱਕ ਇੱਕ ਲੱਖ ਰੁਪਏ ਦੀ ਗਰਾਂਟ ਦਿੱਤੀ ਜਾਵੇਗੀ। ਜਾਣਕਾਰੀ ਅਨੁਸਾਰ ਪੰਜਾਬ ਵਿਚ ਇਸ ਵੇਲੇ 17 ਹਜ਼ਾਰ ਕਲੱਬ ਹਨ ਜਿਨ•ਾਂ ਚੋਂ 9094 ਕਲੱਬ ਨਹਿਰੂ ਯੁਵਾ ਕੇਂਦਰ ਨਾਲ ਸਬੰਧਿਤ ਹਨ। ਸਰਕਾਰ ਨੇ ਪੁਰਾਣੇ ਕਲੱਬਾਂ ਨੂੰ ਫੰਡ ਦੇਣ ਦੀ ਥਾਂ ਆਪਣੇ ਕਲੱਬ ਬਣਾਉਣ ਦਾ ਫੈਸਲਾ ਕੀਤਾ ਹੈ। ਨਵੇਂ ਕਲੱਬ ਬਣਨ ਮਗਰੋਂ ਪੰਜਾਬ ਵਿਚ 42 ਹਜ਼ਾਰ ਕਲੱਬ ਹੋ ਜਾਣਗੇ।
                    ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਨਵੀਂ ਕਲੱਬਾਂ ਵਾਲੀ ਯੋਜਨਾ ਨੂੰ ਹਰੀ ਝੰਡੀ ਦੇ ਦਿੱਤੀ ਹੈ। ਯੁਵਕ ਸੇਵਾਵਾਂ ਵਿਭਾਗ ਨੂੰ ਹਦਾਇਤ ਜਾਰੀ ਕੀਤੀ ਗਈ ਹੈ ਕਿ ਨਵੇਂ ਕਲੱਬ ਰਜਿਸਟਰਡ ਕਰਾਉਣ ਲਈ ਹਰ ਹਲਕਾ ਇੰਚਾਰਜ ਅਤੇ ਵਿਧਾਇਕ ਤੱਕ ਪ੍ਰੋਫਾਰਮੇ ਵਗੈਰਾ ਪੁੱਜਦੇ ਕੀਤੇ ਜਾਣ। ਲੋਕ ਨਿਰਮਾਣ ਮੰਤਰੀ ਜਨਮੇਜਾ ਸਿੰਘ ਸੇਖੋਂ ਤਾਂ ਇਸ ਮਾਮਲੇ ਵਿਚ ਝੰਡੀ ਲੈ ਗਏ ਹਨ ਅਤੇ ਉਨ•ਾਂ ਨੇ ਤਾਂ ਕਰੀਬ ਨੌ ਪਿੰਡਾਂ ਵਿਚ ਦਸਮੇਸ਼ ਕਲੱਬ ਵਜੋਂ ਨਵੇਂ ਕਲੱਬ ਰਜਿਸਟਰਡ ਵੀ ਕਰਾ ਦਿੱਤੇ ਹਨ। ਦਲਿਤ ਨੌਜਵਾਨਾਂ ਦੇ ਕਲੱਬ ਭਾਈ ਜੀਵਨ ਸਿੰਘ ਦੇ ਨਾਮ ਤੇ ਕਲੱਬ ਬਣਨੇ ਹਨ। ਪਤਾ ਤਾਂ ਇਹ ਵੀ ਲੱਗਾ ਹੈ ਕਿ ਬੈਕਵਾਰਡ ਕਲਾਸਜ ਦੇ ਵੱਖਰੇ ਕਲੱਬ ਬਣਾਉਣ ਦੀ ਵੀ ਯੋਜਨਾ ਹੈ ਪ੍ਰੰਤੂ ਇਸ ਦੀ ਪੁਸ਼ਟੀ ਨਹੀਂ ਹੋ ਸਕੀ ਹੈ।ਹਲਕਾ ਮੌੜ ਦੇ ਪਿੰਡ ਚੋਟੀਆਂ, ਗਿੱਲ ਕਲਾਂ,ਕੋਟੜਾ ਕੌੜਿਆਂ ਵਾਲਾ,ਜੇਠੂਕੇ, ਬੁਰਜ ਮਾਨਸਾ, ਘੜੈਲਾ,ਘੜੈਲੀ,ਕਰਾੜਵਾਲਾ ਅਤੇ ਬੱਲੂਆਣਾ ਆਦਿ ਪਿੰਡਾਂ ਵਿਚ ਨਵੇਂ ਦਸਮੇਸ਼ ਕਲੱਬ ਬਣਾਏ ਗਏ ਹਨ। ਸੂਤਰ ਦੱਸਦੇ ਹਨ ਕਿ ਜੋ ਨਵੇਂ ਕਲੱਬ ਬਣਾਏ ਜਾਣੇ ਹਨ, ਉਨ•ਾਂ ਦੇ ਪ੍ਰਧਾਨ ਵੀ ਸੋਈ ਨਾਲ ਤਅੱਲਕ ਰੱਖਣ ਵਾਲੇ ਨੌਜਵਾਨ ਬਣਨਗੇ। ਕੌਮੀ ਐਵਾਰਡ ਜੇਤੂ ਸਰਬਜੀਤ ਸਿੰਘ ਜੇਠੂਕੇ ਦਾ ਪ੍ਰਤੀਕਰਮ ਸੀ ਕਿ ਜੋ ਮੌਜੂਦਾ ਨੌਜਵਾਨ ਕਲੱਬ ਹਨ, ਉਨ•ਾਂ ਵਿਚ ਦਲਿਤ ਵਰਗ ਦੇ ਨੌਜਵਾਨਾਂ ਨੂੰ ਪ੍ਰਤੀਨਿਧਤਾ ਦਿੱਤੇ ਜਾਣ ਦੀ ਵਿਵਸਥਾ ਹੈ। ਨਵੇਂ ਕਲੱਬ ਸਮਾਜਿਕ ਪਾੜਾ ਪੈਦਾ ਕਰ ਦੇਣਗੇ ਜਿਸ ਨਾਲ ਨਵੇਂ ਲੜਾਈ ਝਗੜੇ ਖੜੇ ਹੋ ਜਾਣਗੇ।
                      ਤਖਤ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਬਲਵੰਤ ਸਿੰਘ ਨੰਦਗੜ• ਦਾ ਕਹਿਣਾ ਸੀ ਕਿ ਪਿੰਡਾਂ ਵਿਚ ਜਾਤ ਅਧਾਰਤ ਕਲੱਬ ਖੜ•ੇ ਕਰਨੇ ਸਿੱਖੀ ਸਿਧਾਂਤਾਂ ਦੇ ਉਲਟ ਰਵਾਇਤ ਹੈ। ਉਨ•ਾਂ ਆਖਿਆ ਕਿ ਹਾਕਮ ਧਿਰ ਏਦਾ ਕਰਕੇ ਸਿੱਖ ਅਸੂਲਾਂ ਦਾ ਘਾਣ ਕਰੇਗੀ ਅਤੇ ਦੂਰੀਆਂ ਮੇਟਣ ਦੀ ਥਾਂ ਹੋਰ ਵਧਾਏਗੀ। ਉਨ•ਾਂ ਆਖਿਆ ਕਿ ਸਰਕਾਰ ਜੋੜਨ ਵਾਲੇ ਰਾਹ ਪਵੇ। ਸੂਤਰਾਂ ਅਨੁਸਾਰ ਪੰਜਾਬ ਵਿਚ ਜੋ ਮੌਜੂਦਾ ਕਲੱਬ ਹਨ, ਉਨ•ਾਂ ਨੂੰ ਕਾਫ਼ੀ ਵਰਿ•ਆਂ ਤੋਂ ਕੋਈ ਫੰਡ ਨਹੀਂ ਮਿਲੇ ਹਨ। ਕੈਪਟਨ ਦੀ ਹਕੂਮਤ ਸਮੇਂ ਵੀ ਕਾਂਗਰਸੀ ਪੱਖੀ ਅਤੇ ਉਸ ਤੋਂ ਪਹਿਲਾਂ ਬਾਦਲ ਸਰਕਾਰ ਨੇ ਅਕਾਲੀ ਪੱਖੀ ਕਲੱਬ ਬਣਾਏ ਸਨ। ਪੰਜਾਬ ਵਿਚ ਸਿਆਸੀ ਅਧਾਰ ਤੇ ਬਣੇ 84 ਕਲੱਬ ਹਾਲੇ ਤੱਕ ਲੱਭੇ ਨਹੀਂ ਹਨ ਜਿਨ•ਾਂ ਨੂੰ ਫੰਡਾਂ ਦੇ ਗੱਫੇ ਦਿੱਤੇ ਗਏ ਸਨ। ਹਲਕਾ ਬੁਢਲਾਡਾ ਦੇ ਅਕਾਲੀ ਵਿਧਾਇਕ ਚਤਿੰਨ ਸਿੰਘ ਸਮਾਓਂ ਦਾ ਕਹਿਣਾ ਸੀ ਕਿ ਹਰ ਪਿੰਡ ਵਿਚ ਦਸਮੇਸ਼ ਅਤੇ ਭਾਈ ਜੀਵਨ ਸਿੰਘ ਕਲੱਬ ਬਣਾਏ ਜਾਣੇ ਹਨ ਜਿਨ•ਾਂ ਵਾਰੇ ਉਹ ਸਰਕਾਰੀ ਹਦਾਇਤਾਂ ਉਡੀਕ ਰਹੇ ਹਨ। ਹਲਕਾ ਮਲੋਟ ਦੇ ਅਕਾਲੀ ਵਿਧਾਇਕ ਹਰਪ੍ਰੀਤ ਸਿੰਘ ਦਾ ਕਹਿਣਾ ਸੀ ਕਿ ਜਿਥੇ ਪੂਰਾ ਭਾਈਚਾਰਾ ਇੱਕ ਕਲੱਬ ਲਈ ਸਹਿਮਤ ਹੋਵੇਗਾ, ਉਥੇ ਇੱਕ ਕਲੱਬ ਹੀ ਬਣੇਗਾ। ਉਨ•ਾਂ ਦੱਸਿਆ ਕਿ ਫਰਵਰੀ ਮਹੀਨੇ ਵਿਚ ਇਹ ਕੰਮ ਨੇਪਰੇ ਚਾੜ ਲਿਆ ਜਾਵੇਗਾ।
                                      ਕੋਈ ਮਾੜੀ ਗੱਲ ਵੀ ਨਹੀਂ : ਚੇਅਰਮੈਨ          
ਯੂਥ ਵੈਲਫੇਅਰ ਬੋਰਡ ਦੇ ਚੇਅਰਮੈਨ ਸ੍ਰੀ ਪਰਮਬੰਸ ਸਿੰਘ ਰੋਮਾਣਾ ਦਾ ਕਹਿਣਾ ਸੀ ਕਿ ਪੰਜਾਬ ਵਿਚ 31 ਮਾਰਚ ਤੱਕ 25 ਹਜ਼ਾਰ ਨਵੇਂ ਕਲੱਬ ਬਣਾਏ ਜਾਣੇ ਹਨ ਅਤੇ ਹਰ ਪਿੰਡ ਵਿਚ ਦੋ ਦੋ ਕਲੱਬ ਬਣਨੇ ਹਨ। ਉਨ•ਾਂ ਆਖਿਆ ਕਿ ਦਲਿਤਾਂ ਦੇ ਵੱਖਰੇ ਕਲੱਬ ਬਣਾਉਣ ਦੀ ਕੋਈ ਯੋਜਨਾ ਨਹੀਂ ਹੈ। ਅਗਰ ਦਲਿਤ ਨੌਜਵਾਨਾਂ ਦੇ ਕਲੱਬ ਬਣਦੇ ਵੀ ਹਨ ਤਾਂ ਇਹ ਚੰਗੀ ਗੱਲ ਵੀ ਹੈ ਕਿਉਂਕਿ ਉਨ•ਾਂ ਨੂੰ ਇਸ ਤਰ•ਾਂ ਅੱਗੇ ਵੱਧਣ ਦੇ ਮੌਕੇ ਮਿਲਨਗੇ। ਪੇਂਡੂ ਜਵਾਨੀ ਨੂੰ ਖੇਡਾਂ ਵਾਲੇ ਪਾਸੇ ਲਾਉਣ ਅਤੇ ਪੇਂਡੂ ਵਿਕਾਸ ਵਿਚ ਭਾਗੀਦਾਰ ਬਣਾਉਣ ਖਾਤਰ ਇਹ ਉਪਰਾਲੇ ਹੋ ਰਹੇ ਹਨ। ਉਨ•ਾਂ ਦੱਸਿਆ ਕਿ ਇਨ•ਾਂ ਕਲੱਬਾਂ ਨੂੰ ਫੰਡ ਦਿੱਤੇ ਜਾਣਗੇ ਜਿਸ ਵਾਸਤੇ ਉਪ ਮੁੱਖ ਮੰਤਰੀ ਨੇ ਸਹਿਮਤੀ ਦੇ ਦਿੱਤੀ ਹੈ।
   

Saturday, May 2, 2015

                                    ਹਮੀਰਗੜ ਕਾਂਡ
                 ਨਹੀਂ ਭੁੱਲੇਗਾ ਮਜ਼ਦੂਰ ਦਿਹਾੜਾ
                                    ਚਰਨਜੀਤ ਭੁੱਲਰ
ਬਠਿੰਡਾ  : ਬਠਿੰਡਾ ਪੁਲੀਸ ਨੇ ਮਜ਼ਦੂਰ ਔਰਤਾਂ ਨੂੰ ਲਹੂ ਲੁਹਾਨ ਕਰਕੇ ਤਪਦੀ ਜ਼ਮੀਨ ਦਾ ਸੀਨਾ ਠਾਰਿਆ ਹੈ। ਠੀਕ ਕੌਮਾਂਤਰੀ ਮਜ਼ਦੂਰ ਦਿਹਾੜੇ ਦੇ ਮੌਕੇ ਤੇ ਪੁਲੀਸ ਨੇ ਪਿੰਡ ਹਮੀਰਗੜ• ਦੀ ਛੇ ਕਨਾਲ ਜ਼ਮੀਨ ਲਈ ਮਜ਼ਦੂਰਾਂ ਨੂੰ ਦੋ ਹੱਥ ਦਿਖਾ ਦਿੱਤੇ। ਪੁਲੀਸ ਦੇ ਅੱਥਰੂ ਗੋਲੇ ਮਜ਼ਦੂਰ ਔਰਤਾਂ ਨੂੰ ਛਨਣੀ ਕਰ ਗਏ। ਜਦੋਂ ਮਜ਼ਦੂਰ ਔਰਤਾਂ ਦਾ ਹਸਪਤਾਲ ਵਿਚ ਖੂਨ ਵਹਿ ਰਿਹਾ ਸੀ ਤਾਂ ਉਦੋਂ ਪੁਲੀਸ ਤੇ ਪ੍ਰਸ਼ਾਸਨ ਕਬਜ਼ਾ ਲੈਣ ਮਗਰੋਂ ਸ਼ਾਮਲਾਟ ਦੀ ਛੇ ਕਨਾਲ ਜ਼ਮੀਨ ਨੂੰ ਪਾਣੀ ਲਗਾ ਰਿਹਾ ਸੀ। ਅੱਜ ਹਮੀਰਗੜ ਦੇ ਕਈ ਦਲਿਤ ਬੱਚੇ ਸਕੂਲ ਨਹੀਂ ਜਾ ਸਕੇ ਕਿਉਂਕਿ ਪੁਲੀਸ ਦੀ ਕੁੱਟ ਨੇ ਬਸਤਾ ਚੁੱਕਣ ਜੋਗੇ ਨਹੀਂ ਛੱਡਿਆ ਹੈ। ਪਿੰਡ ਹਮੀਰਗੜ• ਦੇ ਦਲਿਤ ਵਿਹੜੇ ਦੀ ਹਰ ਦੇਹਲੀ ਸਹਿਮੀ ਹੋਈ ਹੈ। ਪੁਲੀਸ ਦੇ ਖੌਫ ਚੋਂ ਦਲਿਤ ਪ੍ਰਵਾਰਾਂ ਨੂੰ ਉਭਰਨਾ ਮੁਸ਼ਕਲ ਲੱਗ ਰਿਹਾ ਹੈ। ਖੂਨੀ ਟਕਰਾਓ ਮਗਰੋਂ ਇਸ ਪਿੰਡ ਵਿਚ ਮਾਹੌਲ ਠੀਕ ਹੋਣ ਵਾਰੇ ਪੁਲੀਸ ਦੱਸ ਰਹੀ ਹੈ। ਇਸ ਪਿੰਡ ਦੀ ਛੇ ਕਨਾਲ ਪੰਚਾਇਤੀ ਜ਼ਮੀਨ ਨੇ ਪੇਂਡੂ ਭਾਈਚਾਰੇ ਵਿਚ ਲੰਮੀ ਲਕੀਰ ਖਿੱਚ ਦਿੱਤੀ ਹੈ। ਇਸ ਪਿੰਡ ਦੀ ਕਰੀਬ 2400 ਵੋਟ ਹੈ ਅਤੇ ਨੌ ਮੈਂਬਰੀ ਪੰਚਾਇਤ ਚੋਂ ਸਿਰਫ ਦੋ ਪੰਚਾਇਤ ਮੈਂਬਰ ਹੀ ਪੜ•ੇ ਲਿਖੇ ਹਨ।
                  ਇਸ ਪਿੰਡ ਵਿਚ ਦਲਿਤ ਮਜ਼ਦੂਰਾਂ ਅਤੇ ਪੁਲੀਸ ਦਰਮਿਆਨ ਖੂਨੀ ਟਕਰਾਓ ਹੋਇਆ ਹੈ ਅਤੇ ਮਈ ਦਿਵਸ ਦੇ ਮੌਕੇ ਹੋਏ ਇਸ ਕਾਰੇ ਵਿਚ ਦਰਜਨਾਂ ਮਜ਼ਦੂਰ ਔਰਤਾਂ ਫੱਟੜ ਹੋ ਗਈਆਂ ਹਨ। ਮਈ ਦਿਹਾੜੇ ਦੇ ਮੌਕੇ ਤੇ ਚਾਰ ਮਜ਼ਦੂਰ ਔਰਤਾਂ ਨੂੰ ਅੱਜ ਥਾਣਾ ਵੇਖਣਾ ਪੈ ਗਿਆ ਹੈ ਜਦੋਂ ਕਿ ਦਰਜਨਾਂ ਔਰਤਾਂ ਨੂੰ ਹਸਪਤਾਲ ਭਰਤੀ ਹੋਣਾ ਪਿਆ ਹੈ। ਇਸ ਪਿੰਡ ਨੂੰ ਖਾਸ ਕਰਕੇ ਦਲਿਤ ਮਜ਼ਦੂਰਾਂ ਨੂੰ ਮਈ ਦਿਵਸ ਕਦੇ ਨਹੀਂ ਭੁੱਲੇਗਾ। ਵੇਰਵਿਆਂ ਅਨੁਸਾਰ ਇਸ ਪਿੰਡ ਵਿਚ ਦਲਿਤਾਂ ਅਤੇ ਜਿਮੀਦਾਰਾਂ ਦੇ ਵੱਖੋ ਵੱਖਰੇ ਸਮਸ਼ਾਨਘਾਟ ਹਨ ਅਤੇ ਵੱਖੋਂ ਵੱਖਰੇ ਗੁਰਦੁਆਰੇ ਹਨ। ਪੰਚਾਇਤ ਮੈਂਬਰ ਗੁਰਮੀਤ ਕੌਰ ਨੇ ਦੱਸਿਆ ਕਿ ਦਲਿਤ ਵਿਹੜੇ ਵਿਚ ਡੇਢ ਵਰੇ• ਪਹਿਲਾਂ ਹੀ ਬਾਬਾ ਜੀਵਨ ਸਿੰਘ ਦਾ ਗੁਰਦੁਆਰਾ ਬਣਿਆ ਹੋਇਆ ਹੈ। ਉਨ•ਾਂ ਦੱਸਿਆ ਕਿ ਪਿੰਡ ਵਿਚ ਕਦੇ ਵੀ ਪਹਿਲਾਂ ਏਦਾ ਦੀ ਕੋਈ ਘਟਨਾ ਨਹੀਂ ਵਾਪਰੀ ਸੀ ਪ੍ਰੰਤੂ ਅੱਜ ਟਕਰਾਓ ਹੋ ਗਿਆ। ਜਾਣਕਾਰੀ ਅਨੁਸਾਰ ਪਿੰਡ ਵਿਚ ਤਾਇਨਾਤ ਪੁਲੀਸ ਵਲੋਂ ਕਿਸੇ ਵੀ ਬਾਹਰਲੇ ਵਿਅਕਤੀ ਨੂੰ ਪਿੰਡ ਵਿਚ ਦਾਖਲ ਨਹੀਂ ਹੋਣ ਦਿੱਤਾ ਜਾ ਰਿਹਾ ਹੈ।
                      ਦਲਿਤ ਵਿਹੜੇ ਦੀ ਬਜ਼ੁਰਗ ਔਰਤ ਅਮਰ ਕੌਰ ਨੇ ਦੱਸਿਆ ਕਿ ਦਰਜਨਾਂ ਘਰ ਅੱਜ ਖਾਲ•ੀ ਪਏ ਹਨ ਕਿਉਂਕਿ ਪੁਲੀਸ ਨੇ ਕੁਝ ਲੋਕਾਂ ਨੂੰ ਫੜ ਕੇ ਥਾਣੇ ਬੰਦ ਕਰ ਦਿੱਤਾ ਹੈ ਅਤੇ ਬਾਕੀ ਨੂੰ ਹਸਪਤਾਲ ਪਹੁੰਚਾ ਦਿੱਤਾ ਹੈ। ਉਨ•ਾਂ ਦੱਸਿਆ ਕਿ ਇੱਕ ਪ੍ਰਵਾਰ ਸਿਰਫ ਬੱਚਾ ਹੀ ਘਰ ਰਹਿ ਗਿਆ ਹੈ। ਜਾਣਕਾਰੀ ਅਨੁਸਾਰ ਇਸ ਪਿੰਡ ਦੀ ਪੰਚਾਇਤ ਮੈਂਬਰ ਕਰਮਜੀਤ ਕੌਰ ਹੈ ਜੋ ਕਿ ਰਾਖਵੀਂ ਸ੍ਰੇਣੀ ਚੋਂ ਹੈ। ਪਹਿਲਾਂ ਉਸ ਦਾ ਪਤੀ ਜਗਸੀਰ ਸਿੰਘ ਪਿੰਡ ਦਾ ਸਰਪੰਚ ਸੀ। ਥਾਣਾ ਦਿਆਲਪੁਰਾ ਦੇ ਮੁੱਖ ਥਾਣਾ ਅਫਸਰ ਪ੍ਰਿਤਪਾਲ ਸਿੰਘ ਦਾ ਕਹਿਣਾ ਸੀ ਕਿ ਪਿੰਡ ਵਿਚ ਪੁਲੀਸ ਦੀ ਤਾਇਨਾਤੀ ਕੀਤੀ ਹੋਈ ਹੈ ਤਾਂ ਜੋ ਕਿ ਮੁੜ ਕੋਈ ਲੜਾਈ ਝਗੜਾ ਨਾ ਹੋ ਜਾਵੇ। ਉਨ•ਾਂ ਆਖਿਆ ਕਿ ਮਜ਼ਦੂਰਾਂ ਨੇ ਪਹਿਲਾਂ ਪੁਲੀਸ ਦੇ ਪਥਰਾਓ ਕੀਤਾ ਜਿਸ ਦੇ ਵਜੋਂ ਉਨ•ਾਂ ਨੂੰ ਬਚਾਓ ਲਈ ਅੱਥਰੂ ਗੈਸ ਦਾ ਸਹਾਰਾ ਲੈਣਾ ਪਿਆ। ਜਾਣਕਾਰੀ ਅਨੁਸਾਰ ਇਸ ਪਿੰਡ ਵਿਚ ਹਾਲੇ ਤੱਕ ਕਿਸੇ ਵੀ ਸਿਆਸੀ ਧਿਰ ਦਾ ਕੋਈ ਨੇਤਾ ਨਹੀਂ ਪੁੱਜਿਆ ਹੈ। ਇੱਥੋਂ ਤੱਕ ਕਿ ਪੰਜਾਬ ਦੀ ਵਿਰੋਧੀ ਧਿਰ ਦੇ ਕਿਸੇ ਵੀ ਆਗੂ ਨੇ ਦਲਿਤ ਪ੍ਰਵਾਰਾਂ ਦੀ ਸਾਰ ਨਹੀਂ ਲਈ ਹੈ।
                         ਪੰਚਾਇਤ ਮੈਂਬਰ ਬਲਜਿੰਦਰ ਸਿੰਘ ਦਾ ਕਹਿਣਾ ਸੀ ਕਿ ਹੁਣ ਤਾਂ ਪਿੰਡ ਵਿਚ ਸ਼ਾਂਤੀ ਬਣੀ ਹੋਈ ਹੈ ਅਤੇ ਅੱਜ ਦੀ ਘਟਨਾ ਤੋਂ ਪਹਿਲਾਂ ਕਦੇ ਵੀ ਪਿੰਡ ਵਿਚ ਕੋਈ ਲੜਾਈ ਝਗੜਾ ਨਹੀਂ ਹੋਇਆ ਸੀ। ਬਹੁਜਨ ਸਮਾਜ ਪਾਰਟੀ ਦੇ ਗੁਰਚਰਨ ਸਿੰਘ ਦਾ ਕਹਿਣਾ ਸੀ ਕਿ ਦਲਿਤ ਵਿਹੜਾ ਪੂਰੀ ਤਰ•ਾਂ ਪੁਲੀਸ ਦੇ ਤਸੱਸਦ ਤੋਂ ਡਰਿਆ ਹੋਇਆ ਹੈ ਅਤੇ ਬਹੁਤੇ ਮਜ਼ਦੂਰ ਡਰ ਦੇ ਮਾਰੇ ਘਰਾਂ ਚੋਂ ਬਾਹਰ ਨਹੀਂ ਨਿਕਲ ਰਹੇ ਹਨ। ਮਜ਼ਦੂਰ ਆਗੂਆਂ ਦਾ ਕਹਿਣਾ ਸੀ ਕਿ ਮਜ਼ਦੂਰਾਂ ਨੂੰ ਡਰ ਹੈ ਕਿ ਪੁਲੀਸ ਹੁਣ ਉਨ•ਾਂ ਨੂੰ ਝੂਠੇ ਕੇਸਾਂ ਵਿਚ ਨਾ ਪਾ ਦੇਵੇ।