Saturday, May 2, 2015

                                    ਹਮੀਰਗੜ ਕਾਂਡ
                 ਨਹੀਂ ਭੁੱਲੇਗਾ ਮਜ਼ਦੂਰ ਦਿਹਾੜਾ
                                    ਚਰਨਜੀਤ ਭੁੱਲਰ
ਬਠਿੰਡਾ  : ਬਠਿੰਡਾ ਪੁਲੀਸ ਨੇ ਮਜ਼ਦੂਰ ਔਰਤਾਂ ਨੂੰ ਲਹੂ ਲੁਹਾਨ ਕਰਕੇ ਤਪਦੀ ਜ਼ਮੀਨ ਦਾ ਸੀਨਾ ਠਾਰਿਆ ਹੈ। ਠੀਕ ਕੌਮਾਂਤਰੀ ਮਜ਼ਦੂਰ ਦਿਹਾੜੇ ਦੇ ਮੌਕੇ ਤੇ ਪੁਲੀਸ ਨੇ ਪਿੰਡ ਹਮੀਰਗੜ• ਦੀ ਛੇ ਕਨਾਲ ਜ਼ਮੀਨ ਲਈ ਮਜ਼ਦੂਰਾਂ ਨੂੰ ਦੋ ਹੱਥ ਦਿਖਾ ਦਿੱਤੇ। ਪੁਲੀਸ ਦੇ ਅੱਥਰੂ ਗੋਲੇ ਮਜ਼ਦੂਰ ਔਰਤਾਂ ਨੂੰ ਛਨਣੀ ਕਰ ਗਏ। ਜਦੋਂ ਮਜ਼ਦੂਰ ਔਰਤਾਂ ਦਾ ਹਸਪਤਾਲ ਵਿਚ ਖੂਨ ਵਹਿ ਰਿਹਾ ਸੀ ਤਾਂ ਉਦੋਂ ਪੁਲੀਸ ਤੇ ਪ੍ਰਸ਼ਾਸਨ ਕਬਜ਼ਾ ਲੈਣ ਮਗਰੋਂ ਸ਼ਾਮਲਾਟ ਦੀ ਛੇ ਕਨਾਲ ਜ਼ਮੀਨ ਨੂੰ ਪਾਣੀ ਲਗਾ ਰਿਹਾ ਸੀ। ਅੱਜ ਹਮੀਰਗੜ ਦੇ ਕਈ ਦਲਿਤ ਬੱਚੇ ਸਕੂਲ ਨਹੀਂ ਜਾ ਸਕੇ ਕਿਉਂਕਿ ਪੁਲੀਸ ਦੀ ਕੁੱਟ ਨੇ ਬਸਤਾ ਚੁੱਕਣ ਜੋਗੇ ਨਹੀਂ ਛੱਡਿਆ ਹੈ। ਪਿੰਡ ਹਮੀਰਗੜ• ਦੇ ਦਲਿਤ ਵਿਹੜੇ ਦੀ ਹਰ ਦੇਹਲੀ ਸਹਿਮੀ ਹੋਈ ਹੈ। ਪੁਲੀਸ ਦੇ ਖੌਫ ਚੋਂ ਦਲਿਤ ਪ੍ਰਵਾਰਾਂ ਨੂੰ ਉਭਰਨਾ ਮੁਸ਼ਕਲ ਲੱਗ ਰਿਹਾ ਹੈ। ਖੂਨੀ ਟਕਰਾਓ ਮਗਰੋਂ ਇਸ ਪਿੰਡ ਵਿਚ ਮਾਹੌਲ ਠੀਕ ਹੋਣ ਵਾਰੇ ਪੁਲੀਸ ਦੱਸ ਰਹੀ ਹੈ। ਇਸ ਪਿੰਡ ਦੀ ਛੇ ਕਨਾਲ ਪੰਚਾਇਤੀ ਜ਼ਮੀਨ ਨੇ ਪੇਂਡੂ ਭਾਈਚਾਰੇ ਵਿਚ ਲੰਮੀ ਲਕੀਰ ਖਿੱਚ ਦਿੱਤੀ ਹੈ। ਇਸ ਪਿੰਡ ਦੀ ਕਰੀਬ 2400 ਵੋਟ ਹੈ ਅਤੇ ਨੌ ਮੈਂਬਰੀ ਪੰਚਾਇਤ ਚੋਂ ਸਿਰਫ ਦੋ ਪੰਚਾਇਤ ਮੈਂਬਰ ਹੀ ਪੜ•ੇ ਲਿਖੇ ਹਨ।
                  ਇਸ ਪਿੰਡ ਵਿਚ ਦਲਿਤ ਮਜ਼ਦੂਰਾਂ ਅਤੇ ਪੁਲੀਸ ਦਰਮਿਆਨ ਖੂਨੀ ਟਕਰਾਓ ਹੋਇਆ ਹੈ ਅਤੇ ਮਈ ਦਿਵਸ ਦੇ ਮੌਕੇ ਹੋਏ ਇਸ ਕਾਰੇ ਵਿਚ ਦਰਜਨਾਂ ਮਜ਼ਦੂਰ ਔਰਤਾਂ ਫੱਟੜ ਹੋ ਗਈਆਂ ਹਨ। ਮਈ ਦਿਹਾੜੇ ਦੇ ਮੌਕੇ ਤੇ ਚਾਰ ਮਜ਼ਦੂਰ ਔਰਤਾਂ ਨੂੰ ਅੱਜ ਥਾਣਾ ਵੇਖਣਾ ਪੈ ਗਿਆ ਹੈ ਜਦੋਂ ਕਿ ਦਰਜਨਾਂ ਔਰਤਾਂ ਨੂੰ ਹਸਪਤਾਲ ਭਰਤੀ ਹੋਣਾ ਪਿਆ ਹੈ। ਇਸ ਪਿੰਡ ਨੂੰ ਖਾਸ ਕਰਕੇ ਦਲਿਤ ਮਜ਼ਦੂਰਾਂ ਨੂੰ ਮਈ ਦਿਵਸ ਕਦੇ ਨਹੀਂ ਭੁੱਲੇਗਾ। ਵੇਰਵਿਆਂ ਅਨੁਸਾਰ ਇਸ ਪਿੰਡ ਵਿਚ ਦਲਿਤਾਂ ਅਤੇ ਜਿਮੀਦਾਰਾਂ ਦੇ ਵੱਖੋ ਵੱਖਰੇ ਸਮਸ਼ਾਨਘਾਟ ਹਨ ਅਤੇ ਵੱਖੋਂ ਵੱਖਰੇ ਗੁਰਦੁਆਰੇ ਹਨ। ਪੰਚਾਇਤ ਮੈਂਬਰ ਗੁਰਮੀਤ ਕੌਰ ਨੇ ਦੱਸਿਆ ਕਿ ਦਲਿਤ ਵਿਹੜੇ ਵਿਚ ਡੇਢ ਵਰੇ• ਪਹਿਲਾਂ ਹੀ ਬਾਬਾ ਜੀਵਨ ਸਿੰਘ ਦਾ ਗੁਰਦੁਆਰਾ ਬਣਿਆ ਹੋਇਆ ਹੈ। ਉਨ•ਾਂ ਦੱਸਿਆ ਕਿ ਪਿੰਡ ਵਿਚ ਕਦੇ ਵੀ ਪਹਿਲਾਂ ਏਦਾ ਦੀ ਕੋਈ ਘਟਨਾ ਨਹੀਂ ਵਾਪਰੀ ਸੀ ਪ੍ਰੰਤੂ ਅੱਜ ਟਕਰਾਓ ਹੋ ਗਿਆ। ਜਾਣਕਾਰੀ ਅਨੁਸਾਰ ਪਿੰਡ ਵਿਚ ਤਾਇਨਾਤ ਪੁਲੀਸ ਵਲੋਂ ਕਿਸੇ ਵੀ ਬਾਹਰਲੇ ਵਿਅਕਤੀ ਨੂੰ ਪਿੰਡ ਵਿਚ ਦਾਖਲ ਨਹੀਂ ਹੋਣ ਦਿੱਤਾ ਜਾ ਰਿਹਾ ਹੈ।
                      ਦਲਿਤ ਵਿਹੜੇ ਦੀ ਬਜ਼ੁਰਗ ਔਰਤ ਅਮਰ ਕੌਰ ਨੇ ਦੱਸਿਆ ਕਿ ਦਰਜਨਾਂ ਘਰ ਅੱਜ ਖਾਲ•ੀ ਪਏ ਹਨ ਕਿਉਂਕਿ ਪੁਲੀਸ ਨੇ ਕੁਝ ਲੋਕਾਂ ਨੂੰ ਫੜ ਕੇ ਥਾਣੇ ਬੰਦ ਕਰ ਦਿੱਤਾ ਹੈ ਅਤੇ ਬਾਕੀ ਨੂੰ ਹਸਪਤਾਲ ਪਹੁੰਚਾ ਦਿੱਤਾ ਹੈ। ਉਨ•ਾਂ ਦੱਸਿਆ ਕਿ ਇੱਕ ਪ੍ਰਵਾਰ ਸਿਰਫ ਬੱਚਾ ਹੀ ਘਰ ਰਹਿ ਗਿਆ ਹੈ। ਜਾਣਕਾਰੀ ਅਨੁਸਾਰ ਇਸ ਪਿੰਡ ਦੀ ਪੰਚਾਇਤ ਮੈਂਬਰ ਕਰਮਜੀਤ ਕੌਰ ਹੈ ਜੋ ਕਿ ਰਾਖਵੀਂ ਸ੍ਰੇਣੀ ਚੋਂ ਹੈ। ਪਹਿਲਾਂ ਉਸ ਦਾ ਪਤੀ ਜਗਸੀਰ ਸਿੰਘ ਪਿੰਡ ਦਾ ਸਰਪੰਚ ਸੀ। ਥਾਣਾ ਦਿਆਲਪੁਰਾ ਦੇ ਮੁੱਖ ਥਾਣਾ ਅਫਸਰ ਪ੍ਰਿਤਪਾਲ ਸਿੰਘ ਦਾ ਕਹਿਣਾ ਸੀ ਕਿ ਪਿੰਡ ਵਿਚ ਪੁਲੀਸ ਦੀ ਤਾਇਨਾਤੀ ਕੀਤੀ ਹੋਈ ਹੈ ਤਾਂ ਜੋ ਕਿ ਮੁੜ ਕੋਈ ਲੜਾਈ ਝਗੜਾ ਨਾ ਹੋ ਜਾਵੇ। ਉਨ•ਾਂ ਆਖਿਆ ਕਿ ਮਜ਼ਦੂਰਾਂ ਨੇ ਪਹਿਲਾਂ ਪੁਲੀਸ ਦੇ ਪਥਰਾਓ ਕੀਤਾ ਜਿਸ ਦੇ ਵਜੋਂ ਉਨ•ਾਂ ਨੂੰ ਬਚਾਓ ਲਈ ਅੱਥਰੂ ਗੈਸ ਦਾ ਸਹਾਰਾ ਲੈਣਾ ਪਿਆ। ਜਾਣਕਾਰੀ ਅਨੁਸਾਰ ਇਸ ਪਿੰਡ ਵਿਚ ਹਾਲੇ ਤੱਕ ਕਿਸੇ ਵੀ ਸਿਆਸੀ ਧਿਰ ਦਾ ਕੋਈ ਨੇਤਾ ਨਹੀਂ ਪੁੱਜਿਆ ਹੈ। ਇੱਥੋਂ ਤੱਕ ਕਿ ਪੰਜਾਬ ਦੀ ਵਿਰੋਧੀ ਧਿਰ ਦੇ ਕਿਸੇ ਵੀ ਆਗੂ ਨੇ ਦਲਿਤ ਪ੍ਰਵਾਰਾਂ ਦੀ ਸਾਰ ਨਹੀਂ ਲਈ ਹੈ।
                         ਪੰਚਾਇਤ ਮੈਂਬਰ ਬਲਜਿੰਦਰ ਸਿੰਘ ਦਾ ਕਹਿਣਾ ਸੀ ਕਿ ਹੁਣ ਤਾਂ ਪਿੰਡ ਵਿਚ ਸ਼ਾਂਤੀ ਬਣੀ ਹੋਈ ਹੈ ਅਤੇ ਅੱਜ ਦੀ ਘਟਨਾ ਤੋਂ ਪਹਿਲਾਂ ਕਦੇ ਵੀ ਪਿੰਡ ਵਿਚ ਕੋਈ ਲੜਾਈ ਝਗੜਾ ਨਹੀਂ ਹੋਇਆ ਸੀ। ਬਹੁਜਨ ਸਮਾਜ ਪਾਰਟੀ ਦੇ ਗੁਰਚਰਨ ਸਿੰਘ ਦਾ ਕਹਿਣਾ ਸੀ ਕਿ ਦਲਿਤ ਵਿਹੜਾ ਪੂਰੀ ਤਰ•ਾਂ ਪੁਲੀਸ ਦੇ ਤਸੱਸਦ ਤੋਂ ਡਰਿਆ ਹੋਇਆ ਹੈ ਅਤੇ ਬਹੁਤੇ ਮਜ਼ਦੂਰ ਡਰ ਦੇ ਮਾਰੇ ਘਰਾਂ ਚੋਂ ਬਾਹਰ ਨਹੀਂ ਨਿਕਲ ਰਹੇ ਹਨ। ਮਜ਼ਦੂਰ ਆਗੂਆਂ ਦਾ ਕਹਿਣਾ ਸੀ ਕਿ ਮਜ਼ਦੂਰਾਂ ਨੂੰ ਡਰ ਹੈ ਕਿ ਪੁਲੀਸ ਹੁਣ ਉਨ•ਾਂ ਨੂੰ ਝੂਠੇ ਕੇਸਾਂ ਵਿਚ ਨਾ ਪਾ ਦੇਵੇ।

No comments:

Post a Comment