Thursday, May 7, 2015

                                              ਦੌਲਤਮੰਦ 
              ਹਰਸਿਮਰਤ ਕੋਲ 5.40 ਕਰੋੜ ਦੇ ਗਹਿਣੇ
                                          ਚਰਨਜੀਤ ਭੁੱਲਰ
ਬਠਿੰਡਾ : ਕੇਂਦਰੀ ਵਜ਼ੀਰ ਹਰਸਿਮਰਤ ਕੌਰ ਬਾਦਲ ਕੋਲ ਪੂਰੀ ਕੇਂਦਰੀ ਵਜ਼ਾਰਤ ਚੋਂ ਸਭ ਤੋਂ ਵੱਧ ਗਹਿਣੇ ਹਨ। ਪ੍ਰਧਾਨ ਮੰਤਰੀ ਸਮੇਤ ਪੂਰੀ ਕੈਬਨਿਟ ਕੋਲ 4.50 ਕਰੋੜ ਦੇ ਗਹਿਣੇ ਹਨ ਜਦੋਂ ਕਿ ਇਕੱਲੀ ਬੀਬਾ ਬਾਦਲ ਕੋਲ 5.40 ਕਰੋੜ ਦੀ ਜਵੈਲਰੀ ਹੈ। 26 ਮੈਂਬਰੀ ਕੈਬਨਿਟ ਚੋਂ ਹਰਸਿਮਰਤ ਕੌਰ ਬਾਦਲ ਜਵੈਲਰੀ ਦੇ ਮਾਮਲੇ ਵਿਚ ਝੰਡੀ ਲੈ ਗਈ ਹੈ। ਪੂਰੀ ਜਾਇਦਾਦ ਦੇ ਮਾਮਲੇ ਵਿਚ ਕੇਂਦਰੀ ਮੰਤਰੀ ਬੀਬਾ ਬਾਦਲ ਦਾ ਕੈਬਨਿਟ ਚੋਂ ਦੂਸਰਾ ਨੰਬਰ ਹੈ। ਪ੍ਰਧਾਨ ਮੰਤਰੀ ਦਫਤਰ ਦੇ ਵੇਰਵਿਆਂ ਅਨੁਸਾਰ ਕੇਂਦਰੀ ਵਜ਼ੀਰਾਂ ਵਲੋਂ ਜੋ ਪ੍ਰਧਾਨ ਮੰਤਰੀ ਦਫਤਰ ਕੋਲ ਸੰਪਤੀ ਦੇ ਵੇਰਵੇ ਨਸ਼ਰ ਕੀਤੇ ਹਨ, ਉਨ•ਾਂ ਅਨੁਸਾਰ ਕੈਬਨਿਟ ਵਿਚ ਸ਼ਾਮਲ ਪੰਜ ਮਹਿਲਾ ਵਜ਼ੀਰਾਂ ਕੋਲ ਕੁੱਲ 7.41 ਕਰੋੜ ਦੇ ਗਹਿਣੇ ਹਨ। ਇਕੱਲੀ ਮਹਿਲਾ ਵਜ਼ੀਰ ਬੀਬਾ ਬਾਦਲ ਕੋਲ 5.40 ਕਰੋੜ ਦੀ ਜਵੈਲਰੀ ਹੈ ਜਦੋਂ ਕਿ ਬਾਕੀ ਚਾਰ ਮਹਿਲਾ ਵਜ਼ੀਰਾਂ ਕੋਲ ਸਿਰਫ 2.01 ਕਰੋੜ ਰੁਪਏ ਦੇ ਹੀ ਗਹਿਣੇ ਹਨ। ਜਦੋਂ ਹਰਸਿਮਰਤ ਕੌਰ ਬਾਦਲ ਪਹਿਲੀ ਜਦੋਂ ਸਾਲ 2009 ਵਿਚ ਸੰਸਦ ਮੈਂਬਰ ਬਣੇ ਸਨ ਤਾਂ ਉਦੋਂ ਉਨ•ਾਂ ਕੋਲ 1.94 ਕਰੋੜ ਰੁਪਏ ਦੇ ਗਹਿਣੇ ਸਨ।
       
                       ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਲ ਸਿਰਫ 1.20 ਲੱਖ ਰੁਪਏ ਦੀ ਜਵੈਲਰੀ ਹੈ ਜਦੋਂ ਕਿ ਉਹ ਕੁੱਲ 1.26 ਕਰੋੜ ਰੁਪਏ ਦੀ ਸੰਪਤੀ ਦੇ ਮਾਲਕ ਹਨ। ਪ੍ਰਧਾਨ ਮੰਤਰੀ ਨੇ ਆਪਣੀ ਪਤਨੀ ਵਾਲੇ ਕਾਲਮ ਵਿਚ ਸੰਪਤੀ ਦੇ ਵੇਰਵਿਆਂ ਵਾਰੇ ਕੋਈ ਜਾਣਕਾਰੀ ਨਹੀਂ ਲਿਖਿਆ ਹੈ। ਕੇਂਦਰੀ ਵਜ਼ਾਰਤ ਚੋਂ ਸਭ ਤੋਂ ਜਿਆਦਾ ਸੰਪਤੀ ਵਿੱਤ ਮੰਤਰੀ ਅਰੁਣ ਜੇਤਲੀ ਕੋਲ ਹੈ ਜੋ ਕਿ 113 ਕਰੋੜ ਰੁਪਏ ਦੇ ਕਰੀਬ ਬਣਦੀ ਹੈ। ਦੂਸਰਾ ਨੰਬਰ ਹਰਸਿਮਰਤ ਕੌਰ ਬਾਦਲ ਦਾ ਹੈ ਜਿਨ•ਾਂ ਕੋਲ ਕੁੱਲ ਸੰਪਤੀ 108 ਕਰੋੜ ਰੁਪਏ ਦੇ ਕਰੀਬ ਹੈ। ਗ੍ਰਹਿ ਮੰਤਰੀ ਰਾਜਨਾਥ ਸਿੰਘ ਕੋਲ 1.56 ਕਰੋੜ ਰੁਪਏ ਦੀ ਸੰਪਤੀ ਹੈ ਜਿਸ ਚੋਂ 4.80 ਲੱਖ ਰੁਪਏ ਦੇ ਗਹਿਣੇ ਹਨ। ਪੰਜਾਬ ਖੇਤ ਮਜ਼ਦੂਰ ਯੂਨੀਅਨ ਪੰਜਾਬ ਦੇ ਜਨਰਲ ਸਕੱਤਰ ਲਛਮਣ ਸਿੰਘ ਸੇਵੇਵਾਲਾ ਦਾ ਕਹਿਣਾ ਸੀ ਕਿ ਦੇਸ਼ ਵਿਚ ਇਸ ਵੇਲੇ ਗਰੀਬ ਲੋਕਾਂ ਨੂੰ ਦੋ ਡੰਗ ਦੀ ਰੋਟੀ ਨਹੀਂ ਜੁੜ ਰਹੀ ਹੈ ਜਦੋਂ ਕਿ ਮੁਲਕ ਨੂੰ ਚਲਾਉਣ ਵਾਲਿਆਂ ਕੋਲ ਗਹਿਣਿਆ ਸਮੇਤ ਜਾਇਦਾਦ ਦੀ ਕੋਈ ਕਮੀ ਨਹੀਂ ਹੈ। ਉਨ•ਾਂ ਆਖਿਆ ਕਿ ਗਰੀਬ ਮਜ਼ਦੂਰ ਦੇ ਪੀਪੇ ਵਿਚ ਉਨ•ਾਂ ਆਟਾ ਨਹੀਂ ਜਿਨ•ਾਂ ਕੋਲ ਕੇਂਦਰੀ ਮਹਿਲਾ ਵਜ਼ੀਰ ਕੋਲ ਸੋਨਾ ਹੈ। ਵੇਰਵਿਆਂ ਅਨੁਸਾਰ ਪੰਜਾਬ ਵਿਚ ਹਾਲੇ ਵੀ ਏਦੇ ਦੇ ਪਿੰਡ ਹਨ ਜਿਨ•ਾਂ ਵਿਚ ਗਰੀਬ ਲੋਕ ਕੱਚੇ ਘਰਾਂ ਵਿਚ ਰਹਿੰਦੇ ਹਨ ਅਤੇ ਹਜ਼ਾਰਾਂ ਦੀ ਗਿਣਤੀ ਘਰਾਂ ਵਿਚ ਹਾਲੇ ਤੱਕ ਦੀਵੇ ਦਾ ਹੀ ਚਾਨਣ ਹੈ।
                  ਜਵੈਲਰੀ ਦੇ ਮਾਮਲੇ ਵਿਚ ਕੇਂਦਰੀ ਵਜ਼ਾਰਤ ਚੋਂ ਦੂਸਰਾ ਨੰਬਰ ਕੇਂਦਰੀ ਮਹਿਲਾ ਤੇ ਬਾਲ ਵਿਕਾਸ ਮੰਤਰੀ ਮੇਨਕਾ ਗਾਂਧੀ ਦਾ ਹੈ ਜਿਨ•ਾਂ ਕੋਲ 1.47 ਕਰੋੜ ਰੁਪਏ ਦੇ ਗਹਿਣੇ ਹਨ। ਮੇਨਕਾ ਗਾਂਧੀ ਕੋਲ ਕੁੱਲ ਜਾਇਦਾਦ 37.66 ਕਰੋੜ ਰੁਪਏ ਦੀ ਹੈ। ਕੇਂਦਰੀ ਮਾਨਵ ਸਰੋਤ ਵਿਕਾਸ ਮੰਤਰੀ ਸਿਮਰਤੀ ਇਰਾਨੀ ਕੋਲ 19.85 ਲੱਖ ਰੁਪਏ ਦੇ ਗਹਿਣੇ ਹਨ ਜਦੋਂ ਕਿ ਉਸ ਕੋਲ ਕੁੱਲ ਸੰਪਤੀ 9.30 ਕਰੋੜ ਰੁਪਏ ਦੀ ਹੈ। ਕੇਂਦਰੀ ਵਿਦੇਸ਼ ਮੰਤਰੀ ਸੁਸਮਾ ਸਵਰਾਜ ਕੋਲ ਸਿਰਫ 8.36 ਲੱਖ ਰੁਪਏ ਦੇ ਹੀ ਗਹਿਣੇ ਹਨ ਜਦੋਂ ਕਿ ਉਨ•ਾਂ ਕੋਲ ਕੁੱਲ ਸੰਪਤੀ 12.19 ਕਰੋੜ ਰੁਪਏ ਦੀ ਹੈ। ਇਵੇਂ ਹੀ ਡਾ. ਨਜਮਾ ਹੈਪਤੁੱਲਾ ਕੋਲ 21 ਲੱਖ ਰੁਪਏ ਦੇ ਗਹਿਣੇ ਹਨ ਜਦੋਂ ਕਿ ਕੁੱਲ ਸੰਪਤੀ 26.69 ਕਰੋੜ ਰੁਪਏ ਦੀ ਹੈ। ਵਿਰੋਧੀ ਧਿਰ ਚੋਂ ਸੋਨੀਆ ਗਾਂਧੀ ਦੀ ਜਵੈਲਰੀ ਦੀ ਕੀਮਤ ਤੇ ਨਜ਼ਰ ਮਾਰੀਏ ਤਾਂ ਸੋਨੀਆ ਗਾਂਧੀ ਕੋਲ ਇਸ ਵੇਲੇ 62.26 ਲੱਖ ਰੁਪਏ ਦੇ ਗਹਿਣੇ ਹਨ ਜਦੋਂ ਕਿ ਸਾਲ 2009 ਵਿਚ ਸੋਨੀਆ ਗਾਂਧੀ ਕੋਲ 29.37 ਲੱਖ ਰੁਪਏ ਦੇ ਗਹਿਣੇ ਸਨ। ਵੇਰਵਿਆਂ ਅਨੁਸਾਰ ਕੇਂਦਰੀ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਚੌਧਰੀ ਬਿਰੇਂਦਰ ਸਿੰਘ ਕੋਲ 24.30 ਲੱਖ ਰੁਪਏ ਦੀ ਜਵੈਲਰੀ ਹੈ ਜਦੋਂ ਕਿ ਉਨ•ਾਂ ਕੋਲ 9.72 ਕਰੋੜ ਰੁਪਏ ਦੀ ਕੁੱਲ ਸੰਪਤੀ ਹੈ।
                                                                                                                                                                                       

No comments:

Post a Comment