Friday, May 1, 2015

                                   ਔਰਬਿਟ ਕਾਂਡ
                    ਇੱਜ਼ਤ ਵੱਡੀ,ਜ਼ਿੰਦਗੀ ਛੋਟੀ
                                    ਚਰਨਜੀਤ ਭੁੱਲਰ
ਬਠਿੰਡਾ : ਕੋਈ ‘ਦੁੱਲਾ ਭੱਟੀ’ ਅਰਸ਼ਦੀਪ ਨੂੰ ਬਚਾ ਨਾ ਸਕਿਆ। ਜਦੋਂ ਇੱਜ਼ਤ ਮਹਿਫੂਜ ਨਾ ਲੱਗੀ ਤਾਂ ਉਸ ਨੂੰ ਜ਼ਿੰਦਗੀ ਛੋਟੀ ਜਾਪੀ। ਸੱਤਵੀਂ ਕਲਾਸ ਵਿਚ ਪੜ•ਦੀ ਅਰਸ਼ਦੀਪ ਕੌਰ ਜੀਵਨ ਦੇ ਪੰਧ ਤੇ ਤੁਰਨ ਤੋਂ ਪਹਿਲਾਂ ਹੀ ਸ਼ਿਕਾਰ ਹੋ ਗਈ। ਮੋਗਾ ਜਿਲ•ੇ ਦੇ ਪਿੰਡ ਲੰਢੇਕੇ ਦੇ ਸੁਖਦੇਵ ਸਿੰਘ ਦੀ ਧੀਅ ਅਰਸ਼ਦੀਪ ਕੌਰ ਹੁਣ ਇਸ ਜਹਾਨ ਵਿਚ ਨਹੀਂ ਰਹੀ। ਦੱਸਣਯੋਗ ਹੈ ਕਿ ਬੀਤੇ ਕੱਲ ਜਦੋਂ ਔਰਬਿਟ ਬੱਸ ਵਿਚ ਅਰਸ਼ਦੀਪ ਤੇ ਉਸ ਦੀ ਮਾਂ ਨੂੰ ਛੇੜਖਾਨੀ ਦਾ ਸ਼ਿਕਾਰ ਹੋਣਾ ਪਿਆ। ਮਗਰੋਂ ਮਾਂ ਧੀਅ ਨੂੰ ਬੱਸ ਚੋਂ ਧੱਕਾ ਦੇ ਦਿੱਤਾ ਸੀ।ਬਾਪ ਸੁਖਦੇਵ ਸਿੰਘ ਨੇ ਆਪਣੀ ਧੀਅ ਦਾ ਨਾਮ ਅਰਸ਼ ਤੇ ਪੁੱਤਰ ਦਾ ਨਾਮ ਅਕਾਸ਼ ਰੱਖਿਆ। ਹੁਣ ਅਕਾਸ਼ ਇਕੱਲਾ ਰਹਿ ਗਿਆ ਹੈ ਲੇਕਿਨ ਕੋਈ ਉਡਾਣ ਭਰਨ ਵਾਲੀ ਪਰੀ ਨਹੀਂ ਬਚੀ। ਮਾਪਿਆਂ ਨੇ ਇਸ ਧੀਅ ਚੋਂ ਸੁਪਨੇ ਵੇਖੇ ਸਨ ਜਿਨ•ਾਂ ਦੀ ਤੰਦ ਅੱਧ ਵਿਚਾਲੇ ਹੀ ਟੁੱਟ ਗਈ ਹੈ। ਬਾਪ ਸੁਖਦੇਵ ਸਿੰਘ ਇੱਕ ਵਰਕਸ਼ਾਪ ਵਿਚ ਕੰਮ ਕਰਦਾ ਹੈ। ਪਿੰਡ ਲੰਢੇਕੇ ਵਿਚ ਉਸ ਨੂੰ ਰੌਣਕੀ ਨਾਮ ਵਜੋਂ ਜਾਣਿਆ ਜਾਂਦਾ ਹੈ। ਅੱਜ ਉਸ ਦੇ ਵਿਹੜੇ ਵਿਚ ਕੋਈ ਰੌਣਕ ਨਹੀਂ ਸੀ। ਦਲਿਤ ਵਿਹੜੇ ਦੇ ਹਰ ਜੀਅ ਦੇ ਚਿਹਰੇ ਤੇ ਸਹਿਮ ਸੀ। ਕਈ ਸਿਆਸੀ ਚਿਹਰੇ ਵੀ ਆਪੋ ਆਪਣੀ ਸਿਆਸਤ ਸਮੇਤ ਇਸ ਪ੍ਰਵਾਰ ਦੇ ਵਿਹੜੇ ਵਿਚ ਪੁੱਜੇ ਹੋਏ ਸਨ।
                      ਮਾਂ ਛਿੰਦਰ ਕੌਰ ਆਪਣੀ ਧੀਅ ਨਾਲ ਆਪਣੇ ਨਾਨਕੇ ਪਿੰਡ ਕੋਠਾ ਗੁਰੂ ਜਾ ਰਹੀ ਸੀ। ਰਸਤੇ ਵਿਚ ਇਹ ਭਾਣਾ ਵਰਤ ਗਿਆ। ਪਿੰਡ ਲੰਢੇਕੇ ਅੱਜ ਸ਼ਰਮ ਵਿਚ ਡੁੱਬਿਆ ਹੋਇਆ ਸੀ। ਦਾਦੀ ਸੁਰਜੀਤ ਕੌਰ ਆਖਦੀ ਹੈ ਕਿ ਸਭ ਕੁਝ ਲੁੱਟਿਆ ਗਿਆ। ਪਿੰਡ ਦੇ ਸਾਬਕਾ ਸਰਪੰਚ ਅਮਰਜੀਤ ਸਿੰਘ ਦਾ ਪ੍ਰਤੀਕਰਮ ਸੀ ਕਿ ਇਸ ਘਟਨਾ ਨੇ ਪੂਰੇ ਪੰਜਾਬ ਨੂੰ ਫਿਕਰ ਵਿਚ ਡੋਬ ਦਿੱਤਾ ਹੈ ਅਤੇ ਇਸ ਘਟਨਾ ਤੇ ਹਰ ਘਰ ਦੀ ਦੇਹਲੀ ਨੇ ਅਫਸੋਸ ਕੀਤਾ ਹੈ। ਪਿੰਡ ਦੇ ਵਸਨੀਕ ਜਗਸੀਰ ਸਿੰਘ ਦਾ ਇਹੋ ਕਹਿਣਾ ਸੀ ਕਿ ਅੱਜ ਇਸ ਘਟਨਾ ਕਰਕੇ ਪੂਰੇ ਪਿੰਡ ਵਿਚ ਉਦਾਸੀ ਸੀ। ਪ੍ਰਵਾਰ ਅਨੁਸਾਰ ਜਦੋਂ ਔਰਬਿਟ ਬੱਸ ਵਿਚ ਛੇੜਖਾਨੀ ਦੀ ਅੱਤ ਸਿਖਰ ਵੱਧ ਵਧੀ ਤਾਂ ਮਾਂ ਧੀਅ ਨੇ ਆਪਣੀ ਇੱਜਤ ਬਚਾਉਣ ਲਈ ਜ਼ਿੰਦਗੀ ਦੀ ਡੋਰ ਛੱਡ ਦਿੱਤੀ। ਮਾਂ ਬਚ ਗਈ ਪ੍ਰੰਤੂ ਧੀਅ ਆਪਣੀ ਜਾਨ ਦੇ ਗਈ। ਮੁਲਜ਼ਮ ਸਲਾਖਾ ਪਿਛੇ ਹਨ ਪ੍ਰੰਤੂ ਇਸ ਦਲਿਤ ਪ੍ਰਵਾਰ ਦੇ ਅਰਮਾਨ ਸਦਾ ਲਈ ਮਿੱਟੀ ਵਿਚ ਮਿਲ ਗਏ ਹਨ।
                    ਪਲਸ ਮੰਚ ਦੇ ਪ੍ਰਧਾਨ ਅਮੋਲਕ ਸਿੰਘ ਦਾ ਕਹਿਣਾ ਸੀ ਕਿ ਅਰਸ਼ਦੀਪ ਕੌਰ ਦੀ ਮੌਤ ਨਹੀਂ ਬਲਕਿ ਇੱਕ ਸਹਾਦਤ ਹੈ। ਉਨ•ਾਂ ਆਖਿਆ ਕਿ ਬਟਵਾਰੇ ਵੇਲੇ ਹਜ਼ਾਰਾਂ ਔਰਤਾਂ ਨੇ ਆਪਣੀ ਇੱਜਤ ਦੀ ਰਾਖੀ ਲਈ ਖੂਹਾਂ ਵਿਚ ਛਾਲਾਂ ਮਾਰ ਦਿੱਤੀਆਂ ਸਨ ਪ੍ਰੰਤੂ ਇਹ ਘਟਨਾ ਵੀ ਉਸ ਤੋਂ ਘੱਟ ਨਹੀਂ। ਜਾਣਕਾਰੀ ਅਨੁਸਾਰ ਪਿੰਡ ਲੰਢੇ ਕੇ ਦੇ ਸਕੂਲ ਸਟਾਫ ਅਤੇ ਵਿਦਿਆਰਥੀਆਂ ਨੇ ਵਿਛੜੀ ਅਰਸ਼ਦੀਪ ਦੀ ਯਾਦ ਵਿਚ ਦੋ ਮਿੰਟ ਦਾ ਮੋਨ ਵੀ ਧਾਰਿਆ ਹੈ।
                                               ਔਰਬਿਟ ਨੂੰ ਸਰਕਾਰੀ ਛੱਤਰੀ ਦੀ ਛਾਂ
ਪੰਜਾਬ ਦੇ ਵੱਡੇ ਘਰਾਣੇ ਦੀ ਔਰਬਿਟ ਬੱਸ ਕੰਪਨੀ ਨੂੰ ਹਮੇਸਾਂ ਸਰਕਾਰੀ ਛੱਤਰੀ ਦੀ ਛਾਂ ਰਹੀ ਹੈ। ਹੁਣ ਇਸ ਬੱਸ ਕੰਪਨੀ ਦੀ ਬਠਿੰਡਾ ਵਿਚ ਵੱਡੀ ਵਰਕਸ਼ਾਪ ਬਣੀ ਹੋਈ ਹੈ ਜਿਥੇ ਜਿਲ•ਾ ਪੁਲੀਸ ਦਾ ਕਾਫੀ ਲੰਮਾ ਸਮਾਂ ਪੁਲੀਸ ਪਹਿਰਾ ਵੀ ਰਿਹਾ ਹੈ। ਜਿਲ•ਾ ਪੁਲੀਸ ਵਲੋਂ ਵਰਕਸ਼ਾਪ ਦੀ ਸੁਰੱਖਿਆ ਵਾਸਤੇ ਅੱਠ ਸਿਪਾਹੀ ਅਤੇ ਦੋ ਹੌਲਦਾਰਾਂ ਦੀ ਤਾਇਨਾਤੀ ਕੀਤੀ ਹੋਈ ਸੀ। ਹੁਣ ਜਿਲ•ਾ ਪੁਲੀਸ ਨੇ ਇਹ ਸੁਰੱਖਿਆ ਗਾਰਦ ਵਾਪਸ ਬੁਲਾ ਲਏ ਹਨ। ਪਤਾ ਲੱਗਾ ਹੈ ਕਿ ਪ੍ਰਾਈਵੇਟ ਸੁਰੱਖਿਆ ਪਹਿਰਾ ਲਗਾਇਆ ਹੋਇਆ ਹੈ। ਜਿਲ•ਾ ਮੋਗਾ ਵਿਚ ਔਰਬਿਟ ਕਾਂਡ ਵਾਪਰਨ ਕਰਕੇ ਅੱਜ ਦੁਪਾਹਿਰ ਤੱਕ ਪੰਜਾਬ ਵਿਚ ਇਸ ਬੱਸ ਕੰਪਨੀਆਂ ਦੀਆਂ ਬੱਸਾਂ ਸੜਕਾਂ ਤੋਂ ਗਾਇਬ ਰਹੀਆਂ ਹਨ। ਪੀ.ਆਰ.ਟੀ.ਸੀ ਦੇ ਜਿਲ•ਾ ਮੈਨੇਜਰ ਐਮ.ਪੀ.ਸਿੰਘ ਦਾ ਕਹਿਣਾ ਸੀ ਕਿ ਉਨ•ਾਂ ਨੂੰ ਸੂਚਨਾ ਮਿਲੀ ਸੀ ਕਿ ਔਰਬਿਟ ਦੇ ਕੁਝ ਰੂਟ ਅੱਜ ਚੱਲੇ ਨਹੀਂ ਹਨ ਪ੍ਰੰਤੂ ਜਦੋਂ ਉਨ•ਾਂ ਅੱਡੇ ਤੇ ਵੇਖਿਆ ਤਾਂ ਔਰਬਿਟ ਚੱਲ ਰਹੀ ਸੀ।
                    ਬਠਿੰਡਾ ਦੇ ਬੱਸ ਅੱਡੇ ਦੇ ਠੇਕੇਦਾਰ ਗੁਰਸੇਵਕ ਸਿੰਘ ਦਾ ਕਹਿਣਾ ਸੀ ਕਿ ਅੱਜ ਪੰਜਾਹ ਫੀਸਦੀ ਹੀ ਔਰਬਿਟ ਬੱਸਾਂ ਬਠਿੰਡਾ ਅੱਡੇ ਵਿਚ ਪੁੱਜੀਆਂ ਹਨ। ਉਨ•ਾਂ ਨੇ ਇਸ ਪਿਛੇ ਹੜਤਾਲ ਦਾ ਕਾਰਨ ਦੱਸਿਆ ਪ੍ਰੰਤੂ ਸੂਤਰਾਂ ਦਾ ਕਹਿਣਾ ਹੈ ਕਿ ਬੱਸ ਮਾਲਕਾਂ ਨੇ ਅੱਜ ਬੱਸਾਂ ਦੀ ਹਿਫਾਜਤ ਦੇ ਮੱਦੇਨਜ਼ਰ ਥੋੜਾ ਪਾਸਾ ਵੱਟਿਆ ਸੀ। ਵੇਰਵਿਆਂ ਅਨੁਸਾਰ ਪੀ.ਆਰ.ਟੀ.ਸੀ ਤਰਫੋਂ ਬਠਿੰਡਾ ਦੇ ਬੱਸ ਅੱਡੇ ਵਿਚ ਔਰਬਿਟ ਕੰਪਨੀ ਨੂੰ ਇੱਕ ਪ੍ਰਾਈਵੇਟ ਕੈਬਿਨ ਲਗਾਉਣ ਦੀ ਇਜਾਜਤ ਦਿੱਤੀ ਹੋਈ ਹੈ। ਪੰਜਾਬ ਵਿਚ ਜਦੋਂ ਵੀ ਹਿੰਸਾ ਹੋਈ ਤਾਂ ਪੁਲੀਸ ਨੇ ਸਭ ਤੋਂ ਪਹਿਲਾਂ ਇਸ ਬੱਸ ਕੰਪਨੀ ਦੀਆਂ ਬੱਸਾਂ ਦੀ ਹਿਫਾਜਤ ਕੀਤੀ। ਉਂਝ ਇੱਕ ਭਾਜਪਾ ਵਰਕਰਾਂ ਨੇ ਗੁੱਸੇ ਵਿਚ ਆ ਕੇ ਬਠਿੰਡਾ ਦੇ ਬੱਸ ਅੱਡੇ ਦੇ ਬਾਹਰ ਔਰਬਿਟ ਬੱਸ ਭੰਨ ਦਿੱਤੀ ਸੀ। ਡੇਰਾ ਸਿਰਸਾ ਦੇ ਵਿਵਾਦ ਸਮੇਂ ਮੋਗਾ ਅਤੇ ਤਪਾ ਵਿਚ ਔਰਬਿਟ ਕੰਪਨੀ ਦੀ ਬੱਸ ਭੰਨ ਦਿੱਤੀ ਗਈ ਸੀ। ਉਦੋਂ ਪੰਜਾਬ ਪੁਲੀਸ ਨੇ ਮੋਹਾਲੀ,ਬਰਨਾਲਾ ਅਤੇ ਬਠਿੰਡਾ ਦੀ ਪੁਲੀਸ ਲਾਈਨ ਵਿਚ ਔਰਬਿਟ ਬੱਸਾਂ ਨੂੰ ਪੁਲੀਸ ਪਹਿਰੇ ਹੇਠ ਰੱਖਿਆ ਸੀ।
                     ਡੇਰਾ ਸਿਰਸਾ ਵਿਵਾਦ ਸਮੇਂ ਪੰਜਾਬ ਵਿਚ 33 ਸਰਕਾਰੀ ਬੱਸਾਂ ਅਤੇ 32 ਪ੍ਰਾਈਵੇਟ ਬੱਸਾਂ ਸਾੜੀਆਂ ਗਈਆਂ ਸਨ। ਇਸ ਤੋਂ ਇਲਾਵਾ 57 ਪ੍ਰਾਈਵੇਟ ਹੋਰ ਵਾਹਨ ਸਾੜੇ ਗਏ ਸਨ । ਉਦੋਂ ਤਿੰਨ ਦਿਨ ਇਸ ਕੰਪਨੀ ਦੀਆਂ ਬੱਸਾਂ ਸੜਕਾਂ ਤੇ ਚੱਲੀਆਂ ਨਹੀਂ ਸਨ। ਇੱਕ ਦਫਾ ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਔਰਬਿਟ ਬੱਸਾਂ ਘੇਰਨ ਦਾ ਐਲਾਨ ਕੀਤਾ ਸੀ ਤਾਂ ਉਦੋਂ ਪੰਜਾਬ ਪੁਲੀਸ ਨੇ ਹਰ ਔਰਬਿਟ ਨਾਲ ਰੂਟ ਤੇ ਦੋ ਦੋ ਪੁਲੀਸ ਮੁਲਾਜ਼ਮ ਤਾਇਨਾਤ ਕਰ ਦਿੱਤੇ ਸਨ।

No comments:

Post a Comment