Wednesday, May 13, 2015


                                         ਤਜਵੀਜ਼ ਪ੍ਰਵਾਨ
                       ਨਹਿਰਾਂ ਵਿਚ ਬੱਸਾਂ ਚਲਾਉਣ ਦੀ ਤਿਆਰੀ
                                           ਚਰਨਜੀਤ ਭੁੱਲਰ
ਬਠਿੰਡਾ : ਕੀ ਪੰਜਾਬ ਦੀ ਇੰਦਰਾ ਗਾਂਧੀ ਨਹਿਰ ਵਿਚ ਬੱਸਾਂ ਦੌੜਨਗੀਆਂ ? ਉਪ ਮੁੱਖ ਮੰਤਰੀ ਬਾਦਲ ਇਸ ਦਾ ਪਹਿਲਾਂ ਹੀ ਐਲਾਨ ਕਰ ਚੁੱਕੇ ਹਨ। ਹੁਣ ਕੇਂਦਰ ਸਰਕਾਰ ਨੇ ਇਸ ਦਿਸ਼ਾ ਵੱਲ ਕਦਮ ਚੁੱਕਿਆ ਹੈ। ਪੰਜਾਬ ਦੀ ਇੰਦਰਾ ਗਾਂਧੀ ਨਹਿਰ ਨੂੰ ਕੌਮੀ ਜਲ ਮਾਰਗ ਬਣਾਉਣ ਦੀ ਤਜਵੀਜ਼ ਨੂੰ ਪ੍ਰਵਾਨਗੀ ਮਿਲ ਗਈ ਹੈ। ਕੇਂਦਰ ਸਰਕਾਰ ਦੀ ਇੰਦਰਾ ਗਾਂਧੀ ਨਹਿਰ (ਰਾਜਸਥਾਨ ਫੀਡਰ) ਵਿਚ ਜਲ ਵਾਹਨ ਚਲਾਉਣ ਦੀ ਯੋਜਨਾ ਹੈ। ਕੇਂਦਰ ਸਰਕਾਰ ਵਲੋਂ 101 ਦਰਿਆਵਾਂ ਤੇ ਨਹਿਰਾਂ ਨੂੰ ਕੌਮੀ ਜਲਮਾਰਗ ਬਣਾਉਣ ਦੀ ਤਜਵੀਜ਼ ਹੈ ਜਿਸ ਵਿਚ ਹੁਣ ਇੰਦਰਾ ਗਾਂਧੀ ਨਹਿਰ ਨੂੰ ਵੀ ਸ਼ਾਮਲ ਕਰ ਲਿਆ ਗਿਆ ਹੈ। ਇਸ ਯੋਜਨਾ ਵਿਚ ਬਿਆਸ ਤੇ ਸਤਲੁਜ ਦਰਿਆ ਪਹਿਲਾਂ ਹੀ ਸ਼ਾਮਲ ਕੀਤੇ ਗਏ ਸਨ। ਕੇਂਦਰੀ ਸ਼ਿਪਿੰਗ ਮੰਤਰਾਲੇ ਦੀ ਸੂਚਨਾ ਅਨੁਸਾਰ ਕੇਂਦਰ ਸਰਕਾਰ ਨੇ ਇੰਦਰਾ ਗਾਂਧੀ ਨਹਿਰ ਸਮੇਤ 101 ਜਲਮਾਰਗ ਪ੍ਰੋਜੈਕਟਾਂ ਲਈ ਸਾਲ 2015-16 ਵਾਸਤੇ 25 ਕਰੋੜ ਰੁਪਏ ਦੇ ਫੰਡ ਰੱਖੇ ਗਏ ਹਨ ਤਾਂ ਜੋ ਇਨ•ਾਂ ਪ੍ਰੋਜੈਕਟਾਂ ਦੀ ਫਿਜੀਬਿਲਟੀ ਰਿਪੋਰਟ ਅਤੇ ਵਿਸਥਾਰਤ ਪ੍ਰੋਜੈਕਟ ਰਿਪੋਰਟ (ਡੀ.ਪੀ.ਆਰ) ਤਿਆਰ ਕਰਾਈ ਜਾ ਸਕੇ। 
              ਇੰਦਰਾ ਗਾਂਧੀ ਨਹਿਰ ਹਰੀਕੇ ਤੋਂ ਸ਼ੁਰੂ ਹੁੰਦੀ ਹੈ ਅਤੇ ਪੰਜਾਬ ਦੇ ਫਿਰੋਜਪੁਰ,ਫਰੀਦਕੋਟ,ਮੁਕਤਸਰ ਅਤੇ ਬਠਿੰਡਾ ਜਿਲ•ੇ ਵਿਚੋਂ ਦੀ ਲੰਘਦੀ ਹੈ। ਅੱਗੇ ਇਹ ਨਹਿਰ ਰਾਜਸਥਾਨ ਵਿਚ ਦਾਖਲ ਹੁੰਦੀ ਹੈ। ਇਸ ਨਹਿਰ ਵਿਚ 11 ਹਜ਼ਾਰ ਕਿਊਸਿਕ ਪਾਣੀ ਚੱਲ ਰਿਹਾ ਹੈ ਅਤੇ ਕਰੀਬ 60 ਸਾਲ ਪੁਰਾਣੀ ਨਹਿਰ ਹੈ। ਕੇਂਦਰ ਸਰਕਾਰ ਦੀ ਇਸ ਨਹਿਰ ਨੂੰ ਢੋਆ ਢੋਆਈ ਦੇ ਸਾਧਨ ਵਜੋਂ ਜਲ ਮਾਰਗ ਆਵਾਜਾਈ ਲਈ ਵਰਤਣ ਦੀ ਯੋਜਨਾ ਹੈ। ਕੇਂਦਰ ਸਰਕਾਰ ਵਲੋਂ ਇਨ•ਾਂ ਪ੍ਰੋਜੈਕਟਾਂ ਨੂੰ ਕੌਮੀ ਜਲ ਮਾਰਗ ਐਲਾਨਣ ਵਾਸਤੇ ਬਿੱਲ ਪਾਰਲੀਮੈਂਟ ਵਿਚ ਰੱਖਿਆ ਜਾਵੇਗਾ। ਜਦੋਂ ਕੇਂਦਰੀ ਸੜਕ ਮੰਤਰੀ ਨਿਤਿਨ ਗਡਕਰੀ ਬਠਿੰਡਾ ਵਿਖੇ ਆਏ ਸਨ ਤਾਂ ਉਦੋਂ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਉਨ•ਾਂ ਨੂੰ ਇਹ ਨਹਿਰ ਦਿਖਾਈ ਸੀ। ਉਪ ਮੁੱਖ ਮੰਤਰੀ ਬਾਦਲ ਨੇ ਬਠਿੰਡਾ ਸਮਾਗਮ ਵਿਚ ਨਹਿਰਾਂ ਵਿਚ ਬੱਸਾਂ ਚੱਲਣ ਦੀ ਗੱਲ ਵੀ ਆਖੀ ਸੀ। ਭਾਵੇਂ ਮਾਲਵਾ ਖਿੱਤੇ ਮੁਢਲੀਆਂ ਸਹੂਲਤਾਂ ਨੂੰ ਤਰਸ ਰਿਹਾ ਹੈ ਅਤੇ ਕੈਂਸਰ ਵਰਗੀ ਬਿਮਾਰੀ ਤੋਂ ਹਾਰ ਗਿਆ ਹੈ ਲੇਕਿਨ ਕੇਂਦਰ ਨੇ ਇਸ ਖਿੱਤੇ ਦੀ ਨਹਿਰ ਨੂੰ ਜਲਮਾਰਗ ਬਣਾਉਣ ਦਾ ਫੈਸਲਾ ਕਰ ਲਿਆ ਹੈ।
              ਮੁੱਖ ਇੰਜੀਨੀਅਰ (ਨਹਿਰਾਂ) ਅਮਰਜੀਤ ਸਿੰਘ ਦੁੱਲਟ ਦਾ ਪ੍ਰਤੀਕਰਮ ਸੀ ਕਿ ਅੰਗਰੇਜਾਂ ਦੇ ਜ਼ਮਾਨੇ ਵਿਚ ਵੀ ਨਹਿਰਾਂ ਨੂੰ ਆਵਾਜਾਈ ਦੇ ਸਾਧਨ ਵਜੋਂ ਵਰਤਿਆ ਜਾਂਦਾ ਸੀ ਅਤੇ ਹੁਣ ਵੀ ਇਨ•ਾਂ ਨਹਿਰਾਂ ਦੀ ਵਰਤੋਂ ਆਵਾਜਾਈ ਵਾਸਤੇ ਹੋ ਸਕਦੀ ਹੈ। ਉਨ•ਾਂ ਆਖਿਆ ਕਿ ਅਗਰ ਕੋਈ ਕੇਂਦਰੀ ਯੋਜਨਾ ਹੈ ਤਾਂ ਇਸ ਰਾਜਸਥਾਨ ਫੀਡਰ ਦੀ ਮੁੜ ਉਸਾਰੀ ਕਰਨੀ ਪਵੇਗੀ। ਕੇਂਦਰੀ ਵੇਰਵਿਆਂ ਅਨੁਸਾਰ ਸਾਜੋ ਸਮਾਨ ਦੀ ਵਪਾਰਿਕ ਆਵਾਜਾਈ ਲਈ ਕੇਂਦਰ ਸਰਕਾਰ ਨੇ ਪੰਜ ਕੌਮੀ ਜਲਮਾਰਗ ਐਲਾਨੇ ਹਨ। ਕੇਂਦਰ ਸਰਕਾਰ ਦਾ  ਕੌਮੀ ਜਲ ਮਾਰਗਾਂ ਨੂੰ ਕੌਮੀ ਅਤੇ ਰਾਜ ਹਾਈਵੇਅ ਨਾਲ ਜੋੜਨ ਦਾ ਮੰਤਵ ਹੈ। ਵਿਸ਼ਵ ਬੈਂਕ ਨੇ ਹਾਲਦੀਆ ਅਲਾਹਾਬਾਦ ਕੌਮੀ ਜਲਮਾਰਗ ਲਈ ਜਲ ਮਾਰਗ ਵਿਕਾਸ ਪ੍ਰੋਜੈਕਟ ਪ੍ਰਵਾਨ ਵੀ ਕੀਤਾ ਹੈ। ਪੰਜਾਬ ਦੇ ਬਿਆਸ ਤੇ ਸਤਲੁਜ ਦਰਿਆ ਪਹਿਲਾਂ ਵੀ ਇਸ ਯੋਜਨਾ ਵਿਚ ਸ਼ਾਮਲ ਹਨ ਜਦੋਂ ਕਿ ਹਰਿਆਣਾ ਦੀ ਯਮਨਾ ਅਤੇ ਇੰਦਰਾ ਗਾਂਧੀ ਨਹਿਰ ਵੀ ਇਸ ਵਿਚ ਸ਼ਾਮਲ ਹੈ। ਰਾਜਸਥਾਨ ਵਿਚ ਵੀ ਇੰਦਰਾ ਗਾਂਧੀ ਨਹਿਰ ਨੂੰ ਇਸ ਯੋਜਨਾ ਵਿਚ ਸ਼ਾਮਲ ਕੀਤਾ ਗਿਆ ਹੈ। ਹਿਮਾਚਲ ਪ੍ਰਦੇਸ਼ ਦੇ ਬਿਆਸ ਦਰਿਆ ਨੂੰ ਇਸ ਵਿਚ ਸ਼ਾਮਲ ਕੀਤਾ ਗਿਆ ਹੈ।
                        ਹਾਲੇ ਲਿਖਤੀ ਸੂਚਨਾ ਨਹੀਂ ਆਈ : ਸਿੰਚਾਈ ਮੰਤਰੀ    
        ਸਿੰਚਾਈ ਵਿਭਾਗ ਪੰਜਾਬ ਦੇ ਪ੍ਰਬੰਧਕੀ ਸਕੱਤਰ ਸ੍ਰੀ ਕਾਹਨ ਸਿੰਘ ਪੰਨੂ ਦਾ ਕਹਿਣਾ ਸੀ ਕਿ ਰਾਜਸਥਾਨ ਫੀਡਰ ਦੀ ਫਿਜੀਬਿਲਟੀ ਸਟੱਡੀ ਮਗਰੋਂ ਸਕੋਪ ਦਾ ਪਤਾ ਲੱਗ ਸਕਦਾ ਹੈ। ਉਨ•ਾਂ ਆਖਿਆ ਕਿ ਅਗਰ ਕੇਂਦਰੀ ਯੋਜਨਾ ਪ੍ਰਵਾਨ ਹੋ ਗਈ ਹੈ ਤਾਂ ਇਸ ਨਹਿਰ ਨੂੰ ਟਰਾਂਸਪੋਟੇਸ਼ਨ ਲਈ ਵਰਤਿਆ ਜਾ ਸਕਦਾ ਹੈ ਅਤੇ ਇਸ ਵਾਸਤੇ ਪੁੱਲ ਵਗੈਰਾ ਉਚੇ ਕਰਨੇ ਪੈਣਗੇ। ਸਿੰਚਾਈ ਮੰਤਰੀ ਸ੍ਰੀ ਸ਼ਰਨਜੀਤ ਸਿੰਘ ਢਿਲੋਂ ਦਾ ਕਹਿਣਾ ਸੀ ਕਿ ਕੇਂਦਰ ਤਰਫੋਂ ਅਜਿਹੀ ਕੋਈ ਲਿਖਤੀ ਸੂਚਨਾ ਉਨ•ਾਂ ਕੋਲ ਪੁੱਜੀ ਨਹੀਂ ਹੈ। ਉਨ•ਾਂ ਆਖਿਆ ਕਿ ਅਗਰ ਏਦਾ ਦਾ ਯੋਜਨਾ ਹੈ ਤਾਂ ਉਹ ਪਹਿਲਾਂ ਮਾਮਲੇ ਦੀ ਸਟੱਡੀ ਕਰਨਗੇ, ਉਸ ਮਗਰੋਂ ਹੀ ਕੁਝ ਆਖਿਆ ਜਾ ਸਕਦਾ ਹੈ।
     

No comments:

Post a Comment