Tuesday, May 5, 2015

                                                                       ਹਕੂਮਤੀ ਲਾਹਾ 
         ਔਰਬਿਟ ਪਾਠਸ਼ਾਲਾ ਵਿਚ ਅਧਿਆਪਕ ਸਰਕਾਰੀ
                                                                     ਚਰਨਜੀਤ ਭੁੱਲਰ
ਬਠਿੰਡਾ  : ਔਰਬਿਟ ਕੰਪਨੀ ਦੀ ਪ੍ਰਾਈਵੇਟ ਪਾਠਸ਼ਾਲਾ ਵਿਚ ਅੱਜ ਸਰਕਾਰੀ ਅਧਿਆਪਕਾਂ ਨੇ ਕਲਾਸ ਲਾਈ। ਇਸ ਪ੍ਰਾਈਵੇਟ ਕੰਪਨੀ ਦੀ ਬਠਿੰਡਾ ਵਿਚਲੀ ਵਰਕਸ਼ਾਪ ਵਿਚ ਅੱਜ ਬਕਾਇਦਾ ਸਿਖਲਾਈ ਕਲਾਸ ਸ਼ੁਰੂ ਹੋ ਗਈ ਹੈ। ਅਧਿਆਪਕਾਂ ਨੇ ਅੱਜ ਔਰਬਿਟ ਸਟਾਫ ਨੂੰ ਗਾਂਧੀਗਿਰੀ ਦਾ ਪਾਠ ਪੜਾਇਆ। ਇਹ ਸਿੱਖਿਆ ਦਿੱਤੀ ਗਈ ਕਿ ਅਗਰ ਕੋਈ ਯਾਤਰੀ ਕੌੜਾ ਵੀ ਬੋਲੇ ਤਾਂ ਉਸ ਦਾ ਪਿਆਰ ਨਾਲ ਜੁਆਬ ਦੇਣਾ। ਨਸੀਹਤ ਦਿੱਤੀ ਗਈ ਕਿ ਇੱਟ ਦਾ ਜੁਆਬ ਪੱਥਰ ਵਿਚ ਤਾਂ ਕਦੇ ਵੀ ਨਹੀਂ ਦੇਣਾ। ਯਾਤਰੀ ਦਾ ਮਾਣ ਇੱਜਤ ਕਰਨ ਦੇ ਨੁਕਤੇ ਵੀ ਸਿਖਾਏ ਗਏ। ਸਟੇਟ ਇੰਸਟੀਚੂਟ ਆਫ ਆਟੋਮੋਟਿਵ ਐਂਡ ਡਰਾਈਵਿੰਗ ਸਕਿੱਲਜ਼ ਪਿੰਡ ਮਾਹੂਆਣਾ (ਜਿਲ•ਾ ਮੁਕਤਸਰ) ਦੇ ਕਰੀਬ ਚਾਰ ਅਧਿਆਪਕਾਂ ਨੇ ਅੱਜ ਕਰੀਬ ਤਿੰਨ ਘੰਟੇ ਔਰਬਿਟ ਕੰਪਨੀ ਦੀ ਪ੍ਰਾਈਵੇਟ ਵਰਕਸ਼ਾਪ ਵਿਚ ਕਲਾਸ ਲਗਾਈ। ਰੋਜ਼ਗਾਰ ਜਨਰੇਸ਼ਨ ਅਤੇ ਸਿਖਲਾਈ ਵਿਭਾਗ ਦੇ ਪ੍ਰਮੁੱਖ ਸਕੱਤਰ ਕੇ.ਜੇ.ਐਸ.ਚੀਮਾ ਇਸ ਇੰਸਟੀਚੂਟ ਦੇ ਚੇਅਰਮੈਨ ਹਨ ਜਦੋਂ ਕਿ ਪੀ.ਆਰ.ਟੀ.ਸੀ ਦੇ ਮੈਨੇਜਿੰਗ ਡਾਇਰੈਕਟਰ ਇਸ ਸਿਖਲਾਈ ਸੰਸਥਾ ਦੇ ਮੈਂਬਰ ਸੈਕਟਰੀ ਹਨ। ਜਦੋਂ ਇੰਸਟੀਚੂਟ ਦੇ ਅੰਦਰ ਡਰਾਈਵਿੰਗ ਦਾ ਦੋ ਦਿਨਾਂ ਦਾ ਕੋਰਸ ਹੁੰਦਾ ਹੈ ਤਾਂ ਪ੍ਰਤੀ ਡਰਾਈਵਰ 337 ਰੁਪਏ ਸਰਕਾਰੀ ਫੀਸ ਲਈ ਜਾਂਦੀ ਹੈ। ਹੁਣ ਜੋ ਔਰਬਿਟ ਕੰਪਨੀ ਵਾਸਤੇ ਇਸ ਇੰਸਟੀਚੂਟ ਨੇ ਵਿਸ਼ੇਸ਼ ਟਰੇਨਿੰਗ ਲਗਾਈ ਹੈ, ਉਸ ਦੀ ਫੀਸ ਵਾਰੇ ਹਾਲੇ ਭੇਤ ਬਣਿਆ ਹੋਇਆ ਹੈ।
                     ਔਰਬਿਟ ਵਰਕਸ਼ਾਪ ਵਿਚ ਅੱਜ ਕਰੀਬ ਤਿੰਨ ਸੌ ਤੋਂ ਜਿਆਦਾ ਡਰਾਈਵਰ ਕੰਡਕਟਰਾਂ ਨੇ ਟਰੇਨਿੰਗ ਵਿਚ ਸਮੂਲੀਅਤ ਕੀਤੀ। ਕੰਪਨੀ ਤਰਫੋਂ ਇਸ ਮੌਕੇ ਮੁਹੰਮਦ ਜ਼ਮੀਲ ਹਾਜ਼ਰ ਸਨ। ਕੰਪਨੀ ਵਲੋਂ ਇਸ ਮੌਕੇ ਬੁਲਾਏ ਟੇਲਰਜ਼ ਨੇ ਹਰ ਡਰਾਈਵਰ ਦੀ ਵਰਦੀ ਦਾ ਨਾਪ ਲਿਆ ਜਦੋਂ ਕਿ ਕੰਡਕਟਰਾਂ ਦਾ ਨਾਪ ਭਲਕੇ ਲਿਆ ਜਾਣਾ ਹੈ। ਕੰਪਨੀ ਤਰਫੋਂ ਹਰ ਸਟਾਫ ਮੈਂਬਰ ਨੂੰ ਵਰਦੀ ਦਿੱਤੀ ਜਾਣੀ ਹੈ। ਔਰਬਿਟ ਪ੍ਰਬੰਧਕਾਂ ਨੇ ਅੱਜ ਡਰਾਈਵਰਾਂ ਤੋਂ ਡਰਾਈਵਿੰਗ ਲਾਇਸੈਂਸ ਲਏ ਹਨ ਅਤੇ ਹੋਰ ਇੱਕ ਇੱਕ ਸਬੂਤ ਲਿਆ ਹੈ। ਕੰਪਨੀ ਤਰਫੋਂ ਹਰ ਸਟਾਫ ਮੈਂਬਰ ਦੀ ਵੈਰੀਫਿਕੇਸ਼ਨ ਕਰਾਈ ਜਾ ਰਹੀ ਹੈ। ਕਰੀਬ ਤਿੰਨ ਘੰਟੇ ਚੱਲੀ ਟਰੇਨਿੰਗ ਵਿਚ ਰੈਡ ਬੱਤੀ ਨੂੰ ਜੰਪ ਨਾ ਕਰਨ ਅਤੇ ਹੋਰ ਰੋਡ ਸੇਫਟੀ ਆਦਿ ਦੇ ਨੁਕਤੇ ਸਿਖਾਏ ਗਏ। ਮਾਹਿਰ ਅਧਿਆਪਕਾਂ ਨੇ ਡਰਾਈਵਰਾਂ ਤੇ ਕੰਡਕਟਰਾਂ ਨੂੰ ਬੋਲਣ ਦਾ ਸਲੀਕਾ ਵੀ ਸਿਖਾਇਆ। ਸਰਕਾਰੀ ਇੰਸਟੀਚੂਟ ਦੇ ਅਧਿਆਪਕ ਭਲਕੇ ਦੂਸਰੇ ਦਿਨ ਦੀ ਟਰੇਨਿੰਗ ਦੇਣਗੇ। ਸਟੇਟ ਇੰਸਟੀਚੂਟ ਦੇ ਪ੍ਰਿੰਸੀਪਲ ਸ੍ਰੀ ਪੀ.ਆਰ.ਆਨੰਦ ਦਾ ਕਹਿਣਾ ਸੀ ਕਿ ਮੈਂਬਰ ਸੈਕਟਰੀ ਦੀ ਹਦਾਇਤ ਉਪਰ ਔਰਬਿਟ ਕੰਪਨੀ ਲਈ ਕੈਂਪ ਲਗਾਇਆ ਗਿਆ ਹੈ। ਉਨ•ਾਂ ਆਖਿਆ ਕਿ ਉਹ ਆਊਟ ਆਫ ਸਟੇਸ਼ਨ ਹਨ ਜਿਸ ਕਰਕੇ ਵਿਸਥਾਰ ਵਿਚ ਬਹੁਤਾ ਕੁਝ ਪਤਾ ਨਹੀਂ ਹੈ।                                                                                                                                                                 ਮੈਂਬਰ ਪਾਰਲੀਮੈਂਟ ਭਗਵੰਤ ਮਾਨ ਦਾ ਕਹਿਣਾ ਸੀ ਕਿ ਇਹ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਦਾ ਮਾਮਲਾ ਹੈ। ਉਨ•ਾਂ ਆਖਿਆ ਕਿ ਅਗਰ ਔਰਬਿਟ ਨੇ ਕੋਈ ਟਰੇਨਿੰਗ ਦਿਵਾਉਣੀ ਹੈ ਤਾਂ ਉਹ ਇੰਸਟੀਚੂਟ ਵਿਚ ਸਟਾਫ ਭੇਜ ਕੇ ਬਕਾਇਦਾ ਫੀਸ ਭਰ ਕੇ ਸਿਖਲਾਈ ਦਿਵਾਏ। ਸੂਤਰਾਂ ਅਨੁਸਾਰ ਪੀ.ਆਰ.ਟੀ.ਸੀ ਵਲੋਂ ਵੀ ਆਪਣੇ ਡਰਾਈਵਰਾਂ ਨੂੰ ਇੰਸਟੀਚੂਟ ਵਿਚ ਭੇਜ ਕੇ ਟਰੇਨਿੰਗ ਦਿਵਾਈ ਜਾਂਦੀ ਹੈ। ਪੀ.ਆਰ.ਟੀ.ਸੀ ਨੇ ਵੀ ਕਦੇ ਇੰਸਟੀਚੂਟ ਦੇ ਮਾਹਿਰ ਡਿਪੂਆਂ ਵਿਚ ਨਹੀਂ ਬੁਲਾਏ ਹਨ। ਹਾਲਾਂਕਿ ਪੀ.ਆਰ. ਟੀ.ਸੀ ਦਾ ਇਹ ਆਪਣਾ ਇੰਸਟੀਚੂਟ ਹੈ। ਦੱਸਣਯੋਗ ਹੈ ਕਿ ਸਟੇਟ ਇੰਸਟੀਚੂਟ ਵਾਸਤੇ ਪਿੰਡ ਮਾਹੂਆਣਾ ਦੀ ਪੰਚਾਇਤ ਨੇ ਮੁਫਤ ਜ਼ਮੀਨ ਦਿੱਤੀ ਸੀ ਅਤੇ ਪੀ.ਆਰ.ਟੀ.ਸੀ ਨੇ ਇਮਾਰਤ ਉਸਾਰਨ ਵਾਸਤੇ ਫੰਡ ਖਰਚੇ ਸਨ। ਟਾਟਾ ਮੋਟਰਜ ਅਤੇ ਪੀ.ਆਰ.ਟੀ.ਸੀ ਤਰਫੋਂ ਸਾਂਝੇ ਤੌਰ ਤੇ ਇਹ ਇੰਸਟੀਚੂਟ ਚਲਾਇਆ ਜਾ ਰਿਹਾ ਹੈ ਜਿਸ ਦੇ ਅਧਿਆਪਕਾਂ ਨੂੰ ਤਨਖਾਹ ਵਗੈਰਾ ਇਕੱਤਰ ਹੁੰਦੀ ਫੀਸ ਤੋਂ ਦਿੱਤੀ ਜਾਂਦੀ ਹੈ। ਇਸ ਇੰਸਟੀਚੂਟ ਵਿਚ ਦੋ ਕੋਰਸ ਵੀ ਚੱਲ ਰਹੇ ਹਨ।
                                                ਔਰਬਿਟ ਦੀ ਟਰੇਨਿੰਗ ਪੇਡ : ਨਾਰੰਗ
ਸਟੇਟ ਇੰਸਟੀਚੂਟ ਮਾਹੂਆਣਾ ਦੇ ਮੈਂਬਰ ਸਕੱਤਰ ਮਨਜੀਤ ਸਿੰਘ ਨਾਰੰਗ (ਐਮ.ਡੀ,ਪੀ.ਆਰ.ਟੀ.ਸੀ) ਦਾ ਪ੍ਰਤੀਕਰਮ ਸੀ ਕਿ ਉਨ•ਾਂ ਦੀ ਤਰਜੀਹ ਤਾਂ ਇੰਸਟੀਚੂਟ ਕੈਂਪਸ ਵਿਚ ਹੀ ਸਿਖਲਾਈ ਦੇਣ ਦੀ ਹੁੰਦੀ ਹੈ ਪ੍ਰੰਤੂ ਅਗਰ ਕੋਈ ਜਿਆਦਾ ਗਿਣਤੀ ਵਿਚ ਸਟਾਫ ਨੂੰ ਟਰੇਨਿੰਗ ਦਿਵਾਉਣਾ ਚਾਹੇ ਤਾਂ ਮਾਹਿਰ ਇੰਸਟੀਚੂਟ ਤੋਂ ਬਾਹਰ ਵੀ ਜਾ ਸਕਦੇ ਹਨ। ਉਨ•ਾਂ ਆਖਿਆ ਕਿ ਔਰਬਿਟ ਕੰਪਨੀ ਦੇ ਸਟਾਫ ਲਈ ਲਗਾਈ ਟਰੇਨਿੰਗ ਪੇਡ ਹੈ ਜਿਸ ਵਿਚ ਕੁਝ ਵੀ ਗਲਤ ਨਹੀਂ ਹੈ। 

No comments:

Post a Comment