Monday, May 4, 2015

                               ਕੋਚਿੰਗ ਫ਼ਰੀ
                  ਬਾਦਲਾਂ ਦੀ ਪਾਠਸ਼ਾਲਾ
                             ਚਰਨਜੀਤ ਭੁੱਲਰ
ਬਠਿੰਡਾ  : ਔਰਬਿਟ ਕੰਪਨੀ ਦੀ ਨਵੀਂ ਪਾਠਸ਼ਾਲਾ ਵਿਚ ਸਿਆਣਪ ਦੇ ਸਬਕ ਸਿਖਾਏ ਜਾਣੇ ਹਨ। ਦਿੱਲੀਓਂ ਗਿਆਰਾਂ ਅਧਿਆਪਕ ਬੁਲਾਏ ਗਏ ਹਨ ਜੋ ਵੀ.ਆਈ.ਪੀ ਡਰਾਈਵਰਾਂ ਕੰਡਕਟਰਾਂ ਦੀ ਕਲਾਸ ਲੈਣਗੇ।  ਬਠਿੰਡਾ ਡਬਵਾਲੀ ਸੜਕ ਮਾਰਗ ਤੇ ਜੋ ਵੀ.ਆਈ.ਪੀ ਵਰਕਸ਼ਾਪ ਹੈ, ਉਥੇ ਹੀ ਇਸ ਪਾਠਸ਼ਾਲਾ ਦਾ ਕੈਂਪਸ ਬਣਾਇਆ ਗਿਆ ਹੈ। ਪਾਠਸ਼ਾਲਾ ਦਾ ਮਹੂਰਤ 3 ਮਈ ਨੂੰ ਠੀਕ ਗਿਆਰਾਂ ਵਜੇ ਹੋਇਆ। ਔਰਬਿਟ ਕੰਪਨੀ ਨੇ ਪਹਿਲੇ ਦਿਨ ਬੱਸ ਸਟਾਫ ਨੂੰ ਪਹਿਲਾਂ ਫਿਟਕਾਰ ਪਾਈ ਅਤੇ ਫਿਰ ਉਨ•ਾਂ ਨੂੰ ਸਿਆਣੇ ਬਣਨ ਦੀ ਨਸੀਹਤ ਦਿੱਤੀ। ਔਰਬਿਟ ਕੰਪਨੀ ਨੇ ਆਪਣੀ ਸਾਰੀ ਟਰਾਂਸਪੋਰਟ ਸੜਕਾਂ ਤੋਂ ਉਤਾਰ ਕੇ ਅੱਜ ਬਠਿੰਡਾ ਵਿਚਲੀ ਵਰਕਸ਼ਾਪ ਵਿਚ ਖੜ•ੀ ਕਰ ਦਿੱਤੀ ਹੈ। ਔਰਬਿਟ ਕੰਪਨੀ ਦੇ ਪ੍ਰਬੰਧਕਾਂ ਨੇ ਅੱਜ ਕਰੀਬ ਤਿੰਨ ਸੌ ਡਰਾਈਵਰਾਂ ਕੰਡਕਟਰਾਂ ਨੂੰ ਵਰਕਸਾਪ ਨੁਮਾ ਪਾਠਸ਼ਾਲਾ ਵਿਚ ਸੱਦਿਆ ਹੋਇਆ ਸੀ। ਕਰੀਬ ਤਿੰਨ ਘੰਟੇ ਦੀ ਇੱਕ ਲੰਮੀ ਕਲਾਸ ਚੱਲੀ ਜਿਸ ਵਿਚ ਸਟਾਫ ਨੂੰ ਸਿੱਧੇ ਰਾਹ ਪੈਣ ਦੀ ਗੱਲ ਆਖੀ ਗਈ। ਮੋਗਾ ਕਾਂਡ ਤੋਂ ਭੜਕੇ ਰੋਹ ਨੇ ਔਰਬਿਟ ਨੂੰ ਨਵਾਂ ਸਬਕ ਸਿਖਾ ਦਿੱਤਾ ਹੈ। ਕੰਪਨੀ ਵਲੋਂ ਦਿੱਲੀ ਤੋਂ ਮਾਹਿਰਾਂ ਦੀ 11 ਮੈਂਬਰੀ ਟੀਮ ਬੁਲਾਈ ਗਈ ਹੈ ਜੋ ਕਿ ਬਠਿੰਡਾ ਪੁੱਜ ਗਈ ਹੈ। ਅੱਜ ਤੋਂ ਹੀ ਇਹ ਮਾਹਿਰ ਔਰਬਿਟ ਸਟਾਫ ਦੀ ਟਰੇਨਿੰਗ ਸ਼ੁਰੂ ਕਰਨਗੇ।                                                                                                                                                                                            ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦਾ ਬਠਿੰਡਾ ਪੁੱਜਣ ਦਾ ਪ੍ਰੋਗਰਾਮ ਸੀ ਜੋ ਕਿ ਮਗਰੋਂ ਕੈਂਸਲ ਹੋ ਗਿਆ। ਸੂਤਰ ਦੱਸਦੇ ਹਨ ਕਿ ਉਪ ਮੁੱਖ ਮੰਤਰੀ ਨੇ ਖੁਦ ਔਰਬਿਟ ਸਟਾਫ ਨੂੰ ਸੰਬੋਧਨ ਕਰਨਾ ਸੀ। ਅਹਿਮ ਸੂਤਰਾਂ ਅਨੁਸਾਰ ਅੱਜ ਔਰਬਿਟ ਕੰਪਨੀ ਤਰਫੋਂ ਲੱਖੀ ਜੈਲਦਾਰ ਅਤੇ ਮੁਹੰਮਦ ਜ਼ਮੀਲ ਨੇ ਡਰਾਈਵਰਾਂ ਕੰਡਕਟਰਾਂ ਦੀ ਕਲਾਸ ਲਈ ਜੋ ਕਿ 11 ਵਜੇ ਸ਼ੁਰੂ ਹੋਈ ਅਤੇ ਦੋ ਵਜੇ ਖਤਮ ਹੋਈ। ਵੇਰਵਿਆਂ ਅਨੁਸਾਰ ਔਰਬਿਟ ਕੰਪਨੀ ਤਰਫੋਂ ਹੁਣ ਹਰ ਬੱਸ ਵਿਚ ਸੀ.ਸੀ.ਟੀ.ਵੀ ਕੈਮਰੇ ਲਗਾਉਣ ਦਾ ਫੈਸਲਾ ਕੀਤਾ ਗਿਆ ਅਤੇ 15 ਦਿਨਾਂ ਦੇ ਅੰਦਰ ਅੰਦਰ ਇਹ ਕੈਮਰੇ ਲਗਾਏ ਜਾਣੇ ਹਨ। ਹਰ ਡਰਾਈਵਰ ਕੰਡਕਟਰ ਨੇਵੀ ਬਲੂ ਰੰਗ ਦੀ ਡਰੈਸ ਵਿਚ ਹੋਵੇਗਾ ਅਤੇ ਹਰ ਸਟਾਫ ਮੈਂਬਰ ਦੀ ਜੇਬ ਤੇ ਛੋਟੀ ਨੇਮ ਪਲੇਟ ਹੋਵੇਗੀ। ਕਲਾਸ ਵਿਚ ਨਸੀਹਤ ਦਿੱਤੀ ਗਈ ਹੈ ਕਿ ਕੋਈ ਵੀ ਡਰਾਈਵਰ ਕੰਡਕਟਰ ਚੱਲਦੀ ਬੱਸ ਦੌਰਾਨ ਗੱਡੀ ਵਿਚ ਮੋਬਾਇਲ ਫੋਨ ਨਹੀਂ ਸੁਣੇਗਾ। ਕਲਾਸ ਵਿਚ ਡਰਾਈਵਰਾਂ ਨੂੰ ਸਖਤ ਹਦਾਇਤ ਦਿੱਤੀ ਗਈ ਕਿ ਕੋਈ ਵੀ ਡਰਾਈਵਰ ਗੱਡੀ ਓਵਰ ਸਪੀਡ ਨਹੀਂ ਚਲਾਏਗਾ। ਵੱਡੀ ਨਸੀਹਤ ਦਿੱਤੀ ਗਈ ਕਿ ਹਰ ਡਰਾਈਵਰ ਕੰਡਕਟਰ ਆਪਣੀ ਬੋਲਬਾਣੀ ਸੁਧਾਰੇ। ਯਾਤਰੀਆਂ ਨਾਲ ਗੱਲਬਾਤ ਕਰਨ ਦੇ ਸਲੀਕੇ ਵਾਰੇ ਦੱਸਿਆ ਗਿਆ।                                                                                                                                                                                                        ਔਰਬਿਟ ਕੰਪਨੀ ਨੇ ਇਹ ਵੀ ਫੈਸਲਾ ਕੀਤਾ ਹੈ ਕਿ ਹਰ ਬੱਸ ਵਿਚ ਡਰਾਈਵਰ ਕੰਡਕਟਰ ਤੋਂ ਇਲਾਵਾ ਕੋਈ ਤੀਸਰਾ ਸਟਾਫ ਮੈਂਬਰ ਨਹੀਂ ਹੋਵੇਗਾ। ਡਰਾਈਵਰਾਂ ਨੂੰ ਇਹ ਗੱਲ ਯਕੀਨੀ ਬਣਾਉਣ ਵਾਸਤੇ ਵੀ ਆਖਿਆ ਗਿਆ ਹੈ। ਟਰੇਨਿੰਗ ਦੀ ਸ਼ੁਰੂਆਤ  ਵਿਚ ਸਖਸੀਅਤ ਨਿਖਾਰ ਵਾਰੇ ਵੀ ਨੁਕਤੇ ਦੱਸੇ ਜਾਣੇ ਹਨ। ਵੇਰਵਿਆਂ ਅਨੁਸਾਰ ਔਰਬਿਟ ਦੇ ਸੜਕਾਂ ਤੋਂ ਉਤਰਨ ਨਾਲ ਇਸ ਕੰਪਨੀ ਨੂੰ ਕਰੀਬ 70 ਲੱਖ ਰੁਪਏ ਰੋਜ਼ਾਨਾ ਦਾ ਮਾਲੀ ਨੁਕਸਾਨ ਹੋਣ ਲੱਗਾ ਹੈ। ਔਰਬਿਟ ਦੀ ਗੈਰਹਾਜ਼ਰੀ ਵਿਚ ਅੱਜ ਮਾਲਵਾ ਪੱਟੀ ਦੇ ਬੱਸ ਅੱਡਿਆਂ ਤੇ ਸ਼ਾਂਤੀ ਛਾਈ ਹੋਈ ਹੈ। ਬਠਿੰਡਾ ਦੇ ਬੱਸ ਅੱਡੇ ਤੇ ਅੱਜ ਕਿਧਰੇ ਕੋਈ ਪ੍ਰੈਸਰ ਹਾਰਨ ਸੁਣਨ ਨੂੰ ਨਹੀਂ ਮਿਲ ਰਿਹਾ ਸੀ ਅਤੇ ਕਿਧਰੇ ਸਵਾਰੀਆਂ ਚੜਾਉਣ ਲਾਈ ਮਾਰੋ ਮਾਰੀ ਨਹੀਂ ਹੋ ਰਹੀ ਸੀ। ਅੱਜ ਬਠਿੰਡਾ ਵਿਚ ਇੱਕ ਮੈਡੀਕਲ ਦੀ ਪ੍ਰੀਖਿਆ ਵੀ ਸੀ ਜਿਸ ਕਰਕੇ ਅੱਜ ਪੀ.ਆਰ.ਟੀ.ਸੀ ਦੀਆਂ ਬੱਸਾਂ ਭਰੀਆਂ ਹੀ ਅੱਡਿਆਂ ਚੋਂ ਨਿਕਲੀਆਂ।
                        ਦੱਸਣਯੋਗ ਹੈ ਕਿ ਔਰਬਿਟ ਕੰਪਨੀ ਨੇ ਥੋੜਾ ਅਰਸਾ ਪਹਿਲਾਂ ਹੀ ਬਠਿੰਡਾ ਵਿਚ ਬੱਸਾਂ ਦੀ ਵਰਕਸ਼ਾਪ ਬਣਾਈ ਹੈ ਜਿਥੇ ਕਾਫੀ ਸਮਾਂ ਪੰਜਾਬ ਪੁਲੀਸ ਦੀ ਤਾਇਨਾਤੀ ਵੀ ਰਹੀ ਹੈ। ਬਠਿੰਡਾ ਪੁਲੀਸ ਨੇ ਥੋੜਾ ਸਮਾਂ ਪਹਿਲਾਂ ਹੀ ਪੁਲੀਸ ਗਾਰਦ ਹਟਾ ਲਈ ਸੀ। ਪੀ.ਆਰ.ਟੀ.ਸੀ ਦੇ ਇੱਕ ਕੰਡਕਟਰ ਦਾ ਕਹਿਣਾ ਸੀ ਕਿ ਕਰੀਬ 10 ਵਰਿਅ•ਾ ਮਗਰੋਂ ਅੱਡਿਆਂ ਤੇ ਏਦਾ ਦਾ ਮਾਹੌਲ ਬਣਿਆ ਹੈ ਅਤੇ ਸਰਕਾਰੀ ਬੱਸਾਂ ਨੂੰ ਏਨੀ ਬੁਕਿੰਗ ਮਿਲੀ ਹੈ। ਬਠਿੰਡਾ ਡਿਪੂ ਚੋਂ ਚੰਡੀਗੜ• ਦੇ ਸਰਕਾਰੀ ਬੱਸਾਂ ਦੇ 32 ਟਾਈਮ ਹਨ। ਭਾਵੇਂ ਅੱਜ ਛੁੱਟੀ ਵਾਲਾ ਦਿਨ ਸੀ ਪ੍ਰੰਤੂ ਇਸ ਦੇ ਬਾਵਜੂਦ ਅੱਜ ਸਰਕਾਰੀ ਬੱਸਾਂ ਦੀ ਬੁਕਿੰਗ ਚੰਗੀ ਰਹੀ ਹੈ। 

No comments:

Post a Comment