Sunday, May 31, 2015

                                                                  ਦੁਰਵਰਤੋਂ
                                    ਪ੍ਰਾਈਵੇਟ ਕੰਮਾਂ ਲਈ ਸਰਕਾਰੀ ਹੈਲੀਕਾਪਟਰ
                                                                     ਚਰਨਜੀਤ ਭੁੱਲਰ
ਬਠਿੰਡਾ : ਮੁੱਖ ਮੰਤਰੀ ਪੰਜਾਬ ਆਪਣੇ ਪ੍ਰਾਈਵੇਟ ਕੰਮਾਂ ਲਈ ਸਰਕਾਰੀ ਹੈਲੀਕਾਪਟਰ ਵਰਤਦੇ ਹਨ ? ਸਰਕਾਰੀ ਤੱਥਾਂ ਤੇ ਨਜ਼ਰ ਮਾਰੀਏ ਤਾਂ ਇਹ ਸੱਚ ਜਾਪਦਾ ਹੈ। ਹਵਾਈ ਯਾਤਰਾ ਦੇ ਮਕਸਦ ਵਾਰੇ ਪੰਜਾਬ ਸਰਕਾਰ ਓਹਲਾ ਰੱਖ ਰਹੀ ਹੈ। ਤਾਹੀਓਂ ਆਡਿਟ ਮਹਿਕਮੇ ਨੇ ਸਰਕਾਰੀ ਹੈਲੀਕਾਪਟਰ ਦੀ ਵਰਤੋਂ ਤੇ ਉਂਗਲ ਉਠਾਈ ਹੈ। ਏਹ ਗੱਲ ਤਾਂ ਜੱਗ ਜ਼ਾਹਰ ਹੈ ਕਿ ਮੁੱਖ ਮੰਤਰੀ ਪੰਜਾਬ ਵਲੋਂ ਜਦੋਂ ਵੀ ਪਿੰਡ ਬਾਦਲ ਦਾ ਗੇੜਾ ਮਾਰਿਆ ਜਾਂਦਾ ਹੈ ਤਾਂ ਉਦੋਂ ਸਰਕਾਰੀ ਹੈਲੀਕਾਪਟਰ ਦੀ ਵਰਤੋਂ ਹੁੰਦੀ ਹੈ। ਇੱਥੋਂ ਤੱਕ ਕਿ ਬਾਦਲ ਪਰਿਵਾਰ ਪੰਜਾਬ ਵਿਚ ਵਿਆਹਾਂ ਤੇ ਭੋਗਾਂ ਵਾਸਤੇ ਵੀ ਸਰਕਾਰੀ ਹੈਲੀਕਾਪਟਰ ਦੀ ਵਰਤੋਂ ਕਰਦਾ ਹੈ। ਭਾਵੇਂ ਇਨ•ਾਂ ਪ੍ਰਾਈਵੇਟ ਦੌਰਿਆਂ ਤੇ ਆਨੀ ਬਹਾਨੀ ਸਰਕਾਰੀ ਲੇਪ ਚੜਾ ਦਿੱਤਾ ਜਾਂਦਾ ਹੈ। ਸ਼ਹਿਰੀ ਹਵਾਬਾਜ਼ੀ ਵਿਭਾਗ ਵਲੋਂ ਆਰ.ਟੀ.ਆਈ ਵਿਚ ਦਿੱਤੇ ਵੇਰਵਿਆਂ ਅਨੁਸਾਰ ਪੰਜਾਬ ਸਰਕਾਰ ਨੇ ਅਕਤੂਬਰ 2013 ਤੋਂ ਸਤੰਬਰ 2014 ਦੌਰਾਨ ਵਰਤੇ ਸਰਕਾਰੀ ਹੈਲੀਕਾਪਟਰ ਦੀ ਯਾਤਰਾ ਦਾ ਭੇਤ ਰੱਖ ਰਿਹਾ ਹੈ। ਮਈ 2014 ਵਿਚ ਲੋਕ ਸਭਾ ਚੋਣਾਂ ਹੋਈਆਂ ਸਨ। ਭਾਵੇਂ ਲੋਕ ਚੋਣਾਂ ਦੌਰਾਨ ਹਾਕਮ ਧਿਰ ਤਰਫੋਂ ਪ੍ਰਾਈਵੇਟ ਹੈਲੀਕਾਪਟਰ ਦੀ ਵਰਤੋਂ ਕੀਤੀ ਗਈ ਸੀ ਪ੍ਰੰਤੂ ਇਸ ਸਮੇਂ ਦੌਰਾਨ ਹੈਲੀਕਾਪਟਰ ਦੀ ਯਾਤਰਾ ਦਾ ਕਿਤੇ ਵੀ ਮੰਤਵ ਜ਼ਾਹਰ ਨਹੀਂ ਕੀਤਾ ਹੈ।
                   ਆਡਿਟ ਮਹਿਕਮੇ ਨੇ ਵੀ ਇਤਰਾਜ਼ ਲਗਾਇਆ ਹੈ ਕਿ ਇਸ ਇੱਕ ਵਰੇ• ਦੌਰਾਨ ਹੈਲੀਕਾਪਟਰ ਦੇ ਯਾਤਰੀਆਂ ਅਤੇ ਯਾਤਰਾ ਦੇ ਮਕਸਦ ਵਾਰੇ ਕਿਤੇ ਵੀ ਕੋਈ ਜ਼ਿਕਰ ਨਹੀਂ ਕੀਤਾ ਗਿਆ ਹੈ। ਹਾਲਾਂਕਿ ਹੈਲੀਕਾਪਟਰ ਦੀ ਵਰਤੋਂ ਕਰਨ ਵਾਲੇ ਵੀ.ਵੀ.ਆਈ.ਪੀ ਦੇ ਨਾਮ ਆਦਿ ਵਾਰੇ ਦੱਸਿਆ ਜਾਣਾ ਹੁੰਦਾ ਹੈ। ਪੰਜਾਬ ਸਰਕਾਰ ਦੇ ਖਜ਼ਾਨੇ ਚੋਂ ਅਕਤੂਬਰ 2013 ਤੋਂ ਸਤੰਬਰ 2014 ਤੱਕ 1.01 ਕਰੋੜ ਰੁਪਏ ਦਾ ਤੇਲ (ਐਵੀਏਸ਼ਨ ਟਰਬਾਈਨ ਫਿਊਲ) ਸਰਕਾਰੀ ਹੈਲੀਕਾਪਟਰ ਵਿਚ ਵਰਤਿਆ ਗਿਆ ਹੈ। ਇਸ ਤੋਂ ਬਿਨ•ਾਂ ਇਸ ਸਮੇਂ ਦੌਰਾਨ ਭਾੜੇ ਤੇ ਲਏ ਪ੍ਰਾਈਵੇਟ ਹੈਲੀਕਾਪਟਰ 73.63 ਲੱਖ ਰੁਪਏ ਰੁਪਏ ਤਾਰੇ ਗਏ ਹਨ ਪ੍ਰੰਤੂ ਇਹ ਨਹੀਂ ਦੱਸਿਆ ਗਿਆ ਕਿ ਭਾੜੇ ਵਾਲੇ ਹੈਲੀਕਾਪਟਰ ਦੀ ਯਾਤਰਾ ਦਾ ਮੰਤਵ ਕੀ ਸੀ। ਜ਼ਿਕਰਯੋਗ ਹੈ ਕਿ ਇਸ ਸਮੇਂ ਦੌਰਾਨ ਤੇਲ ਖਰਚ ਤੇ ਭਾੜਾ ਤਾਂ ਹੋਰ ਵੀ ਜਿਆਦਾ ਹੈ ਪ੍ਰੰਤੂ ਇਥੇ ਉਹੀ ਜ਼ਿਕਰ ਕੀਤਾ ਗਿਆ ਹੈ ਜਿਸ ਯਾਤਰਾ ਦੇ ਮਕਸਦ ਦਾ ਭੇਤ ਰੱਖਿਆ ਗਿਆ। ਭਾਰਤੀ ਕਮਿਊਨਿਸਟ ਪਾਰਟੀ ਦੇ ਜਿਲ•ਾ ਸਕੱਤਰ ਕਾਮਰੇਡ ਜਗਜੀਤ ਸਿੰਘ ਜੋਗਾ ਦਾ ਪ੍ਰਤੀਕਰਮ ਸੀ ਕਿ ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਵਲੋਂ ਆਪਣੇ ਪ੍ਰਾਈਵੇਟ ਕੰਮਾਂ ਵਾਸਤੇ ਸਰਕਾਰੀ ਖਜ਼ਾਨੇ ਨੂੰ ਵਰਤਿਆ ਜਾ ਰਿਹਾ ਹੈ। ਉਨ•ਾਂ ਆਖਿਆ ਕਿ ਵਿਆਹਾਂ ਅਤੇ ਭੋਗਾਂ ਵਾਸਤੇ ਵੀ ਹੈਲੀਕਾਪਟਰ ਦੀ ਵਰਤੋਂ ਕੀਤੀ ਜਾ ਰਹੀ ਹੈ। ਉਨ•ਾਂ ਆਖਿਆ ਕਿ ਅਗਰ ਹੈਲੀਕਾਪਟਰ ਦੀ ਵਰਤੋਂ ਸਰਕਾਰੀ ਕੰਮਾਂ ਵਾਸਤੇ ਹੁੰਦੀ ਹੈ ਤਾਂ ਸਰਕਾਰ ਨੂੰ ਯਾਤਰਾ ਦਾ ਮਕਸਦ ਦੱਸਣ ਵਿਚ ਕਾਹਦੀ ਝਿਜਕ ਹੈ।
                       ਦੱਸਣਯੋਗ ਹੈ ਕਿ ਪੰਜਾਬ ਸਰਕਾਰ ਨੇ ਬਠਿੰਡਾ ਜਿਲ•ੇ ਦੇ ਪਿੰਡ ਕਾਲਝਰਾਨੀ ਵਿਚ ਆਰਜੀ ਹੈਲੀਪੈਡ ਬਣਾ ਰੱਖਿਆ ਹੈ ਜਿਥੇ ਪੁਲੀਸ ਦਾ ਪਹਿਰਾ ਰਹਿੰਦਾ ਹੈ। ਜਦੋਂ ਵੀ ਮੁੱਖ ਮੰਤਰੀ ਜਾਂ ਉਪ ਮੁੱਖ ਮੰਤਰੀ ਪਿੰਡ ਬਾਦਲ ਦਾ ਗੇੜਾ ਮਾਰਦੇ ਹਨ ਤਾਂ ਉਹ ਹੈਲੀਕਾਪਟਰ ਦੀ ਲੈਂਡਿੰਗ ਪਿੰਡ ਕਾਲਝਰਾਨੀ ਦੇ ਹੈਲੀਪੈਡ ਤੇ ਹੁੰਦੀ ਹੈ। ਸ਼ਹਿਰੀ ਹਵਾਬਾਜ਼ੀ ਵਿਭਾਗ ਪੰਜਾਬ ਦੇ ਸਲਾਹਕਾਰ ਕੈਪਟਨ ਅਭੈ ਦਾ ਕਹਿਣਾ ਸੀ ਕਿ ਆਡਿਟ ਮਹਿਕਮੇ ਨੂੰ ਹੈਲੀਕਾਪਟਰ ਵਿਚ ਸਫਰ  ਕਰਨ ਵਾਲੇ ਵੀ.ਵੀ.ਆਈ.ਪੀਜ਼ ਵਾਰੇ ਦੱਸ ਦਿੱਤਾ ਗਿਆ ਸੀ ਪ੍ਰੰਤੂ ਯਾਤਰਾ ਦਾ ਮਕਸਦ ਦੱਸਿਆ ਨਹੀਂ ਜਾ ਸਕਦਾ ਹੈ। ਉਨ•ਾਂ ਦੱਸਿਆ ਕਿ ਹੈਲੀਕਾਪਟਰ ਦੀ ਲਾਗ ਬੁੱਕ ਵਿਚ ਕਿਧਰੇ ਵੀ ਯਾਤਰਾ ਦੇ ਮਕਸਦ ਵਾਲਾ ਕਾਲਮ ਨਹੀਂ ਹੈ। ਉਨ•ਾਂ ਆਖਿਆ ਕਿ ਮਕਸਦ ਵਾਰੇ ਤਾਂ ਮੁੱਖ ਮੰਤਰੀ ਦਫਤਰ ਹੀ ਦੱਸ ਸਕਦਾ ਹੈ।
                                             ਹਵਾਬਾਜ਼ੀ ਮਹਿਕਮੇ ਦੇ 75.33 ਲੱਖ ਫਸੇ
ਸ਼ਹਿਰੀ ਹਵਾਬਾਜ਼ੀ ਮਹਿਕਮੇ ਦੇ ਕਰੀਬ 75.33 ਲੱਖ ਰੁਪਏ ਮਾਲ ਮਹਿਕਮੇ ਵੱਲ ਫਸ ਗਏ ਹਨ। ਜਦੋਂ ਉਤਰਾਖੰਡ ਨੂੰ ਜੂਨ 2013 ਵਿਚ ਕੁਦਰਤੀ ਆਫਤ ਦਾ ਸਾਹਮਣਾ ਕਰਨਾ ਪਿਆ ਸੀ ਤਾਂ ਉਦੋਂ ਪੰਜਾਬ ਸਰਕਾਰ ਨੇ ਏਅਰ ਕਿੰਗ ਚਾਰਟਰਜ਼ ਪ੍ਰਾਈਵੇਟ ਲਿਮਟਿਡ ਦਾ ਹੈਲੀਕਾਪਟਰ ਭਾੜੇ ਤੇ ਲਿਆ ਸੀ। ਜੂਨ ਤੇ ਜੁਲਾਈ 2013 ਦੌਰਾਨ ਸ਼ਹਿਰੀ ਹਵਾਬਾਜੀ ਮਹਿਕਮੇ ਤਰਫੋਂ ਹਵਾਈ ਕੰਪਨੀ ਨੂੰ 75.33 ਲੱਖ ਰੁਪਏ ਦੀ ਅਦਾਇਗੀ ਕਰ ਦਿੱਤੀ ਸੀ। ਹੁਣ ਮਾਲ ਵਿਭਾਗ ਤੋਂ ਇਹ ਭਾੜਾ ਸ਼ਹਿਰੀ ਹਵਾਬਾਜ਼ੀ ਵਿਭਾਗ ਮੰਗ ਰਿਹਾ ਹੈ ਪ੍ਰੰਤੂ ਹਾਲੇ ਤੱਕ ਮਾਲ ਮਹਿਕਮੇ ਨੇ ਇਹ ਰਾਸ਼ੀ ਤਾਰੀ ਨਹੀਂ ਹੈ। 

No comments:

Post a Comment