Showing posts with label award. Show all posts
Showing posts with label award. Show all posts

Sunday, March 8, 2026

 ਖਟਾਸ ’ਚ ਮਿਠਾਸ
 ਨੂੰਹਾਂ ਨੂੰ ਧੀ ਬਣਾਓ, ਐਵਾਰਡ ਲੈ ਜਾਓ
ਚਰਨਜੀਤ ਭੁੱਲਰ 

ਚੰਡੀਗੜ੍ਹ : ਬਠਿੰਡਾ ਜ਼ਿਲ੍ਹੇ ਦੇ ਪਿੰਡ ਬੱਲ੍ਹੋ ਦੀ ਗਰਾਮ ਪੰਚਾਇਤ ਨੇ ‘ਬੈਸਟ ਸੱਸ ਐਵਾਰਡ’ ਦੀ ਸ਼ੁਰੂਆਤ ਕੀਤੀ ਹੈ। ਪੰਚਾਇਤ ਹਰ ਵਰ੍ਹੇ ਕੌਮਾਂਤਰੀ ਮਹਿਲਾ ਦਿਵਸ ’ਤੇ ਇਹ ਐਵਾਰਡ ਦੇਵੇਗੀ। ਗਰਾਮ ਪੰਚਾਇਤ ਨੇ ਅੱਜ ਇਸ ਦਾ ਮੁੱਢ ਬੰਨ੍ਹਦਿਆਂ ਛੇ ਔਰਤਾਂ ਨੂੰ ‘ਬੈਸਟ ਸੱਸ ਐਵਾਰਡ’ ਨਾਲ ਸਨਮਾਨਿਆ, ਜਦੋਂ ਪੰਚਾਇਤ ਤੋਂ ਇਹ ਸੱਸਾਂ ਐਵਾਰਡ ਲੈ ਰਹੀਆਂ ਸਨ ਤਾਂ ਉਨ੍ਹਾਂ ਦੀਆਂ ਨੂੰਹਾਂ ਤਾੜੀਆਂ ਮਾਰ ਰਹੀਆਂ ਸਨ। ਨੂੰਹ-ਸੱਸ ਦੇ ਰਿਸ਼ਤੇ ’ਚ ਮਿਠਾਸ ਭਰਨ ਦੇ ਮਕਸਦ ਨਾਲ ਪਿੰਡ ਦੀ ਸਰਪੰਚ ਅਮਰਜੀਤ ਕੌਰ ਨੇ ਇਹ ਕਦਮ ਚੁੱਕਿਆ ਹੈ। ਕੌਮਾਂਤਰੀ ਮਹਿਲਾ ਦਿਵਸ ਨੂੰ ਸਮਰਪਿਤ ਪਿੰਡ ਬੱਲ੍ਹੋ ’ਚ ਅੱਜ ਹੋਏ ਸਮਾਗਮਾਂ ’ਚ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਸੀਨੀਅਰ ਵਾਈਸ ਚੇਅਰਪਰਸਨ ਰੁਪਿੰਦਰ ਕੌਰ ਗਿੱਲ ਨੇ ਛੇ ਔਰਤਾਂ ਨੂੰ ਇਸ ਐਵਾਰਡ ਨਾਲ ਸਨਮਾਨਿਤ ਕੀਤਾ, ਜਿਨ੍ਹਾਂ ਆਪਣੀ ਸਿਆਣਪ ਅਤੇ ਮੋਹ ਨਾਲ ਨੂੰਹ-ਸੱਸ ਦੇ ਰਿਸ਼ਤੇ ਨੂੰ ਮਾਂ-ਧੀ ਵਾਲੀ ਗੂੜ੍ਹੀ ਸਾਂਝ ’ਚ ਬਦਲਣ ਦੀ ਮਿਸਾਲ ਪੈਦਾ ਕੀਤੀ।

         ਸਰਪੰਚ ਅਮਰਜੀਤ ਕੌਰ ਨੇ ਕਿਹਾ ਕਿ ਪਰਿਵਾਰਕ ਸਾਂਝ ਨੂੰ ਮਜ਼ਬੂਤ ਕਰਨ ਲਈ ਇਹ ਉਪਰਾਲਾ ਸ਼ੁਰੂ ਕੀਤਾ ਗਿਆ ਹੈ। ਸਿਆਣੀ ਸੱਸ ਹੀ ਸੁਚੱਜੇ ਘਰ ਦੀ ਨੀਂਹ ਹੁੰਦੀ ਹੈ, ਜੋ ਨੂੰਹ ਨੂੰ ਗਲ ਨਾਲ ਲਾ ਕੇ ਘਰ ਨੂੰ ਸਵਰਗ ਬਣਾਉਂਦੀ ਹੈ।ਬੈਸਟ ਸੱਸ ਦਾ ਐਵਾਰਡ ਗੁਰਦੇਵ ਕੌਰ, ਜਸਵਿੰਦਰ ਕੌਰ, ਸੁਰਜੀਤ ਕੌਰ ,ਚਰਨਜੀਤ ਕੌਰ, ਮੁਖ਼ਤਿਆਰ ਕੌਰ ਅਤੇ ਜਸਵਿੰਦਰ ਕੌਰ ਨੂੰ ਦਿੱਤਾ ਗਿਆ। ਪੰਚਾਇਤ ਨੇ ਦੱਸਿਆ ਕਿ ‘ਬੈਸਟ ਸੱਸ ਐਵਾਰਡ’ ਦੀ ਚੋਣ ਲਈ ਪਹਿਲਾਂ ਪਿੰਡ ’ਚੋਂ ਮੁਕੰਮਲ ਰਿਪੋਰਟ ਹਾਸਲ ਕੀਤੀ ਗਈ। ਆਂਢ-ਗੁਆਂਢ ਅਤੇ ਨੂੰਹਾਂ ਦੀ ਸਿਫ਼ਾਰਸ਼ ਨੂੰ ਧਿਆਨ ’ਚ ਰੱਖਿਆ ਗਿਆ। ਗਰਾਮ ਪੰਚਾਇਤ ਕੋਲ ਇਨ੍ਹਾਂ ਸੱਸਾਂ ਦਾ ਕਦੇ ਵੀ ਘਰੇਲੂ ਝਗੜਾ ਨਹੀਂ ਪੁੱਜਿਆ। ਸਮਾਗਮ ਦੀ ਮੁੱਖ ਮਹਿਮਾਨ ਰੁਪਿੰਦਰ ਕੌਰ ਗਿੱਲ ਨੇ ਕਿਹਾ ਕਿ ਸੱਸ-ਨੂੰਹ ਦੇ ਰਿਸ਼ਤੇ ਨੂੰ ਇਸ ਪਿੰਡ ਦੀਆਂ ਸਤਿਕਾਰਤ ਔਰਤਾਂ ਨੇ ਨਵਾਂ ਅਕਸ ਦਿੱਤਾ ਹੈ।

       ਵਿਸ਼ੇਸ਼ ਮਹਿਮਾਨ ਨਵਦੀਪ ਸਿੰਘ ਗਿੱਲ (ਕੈਨੇਡਾ) ਨੇ ਕਿਹਾ ਕਿ ਇਹ ਨਵੀਂ ਪਹਿਲਕਦਮੀ ਰਿਸ਼ਤਿਆਂ ’ਤੇ ਲੱਗੇ ਪੁਰਾਣੇ ਦਾਗ਼ ਧੋਣ ਲਈ ਵੀ ਸਹਾਈ ਹੋਵੇਗੀ। ਪ੍ਰਿੰਸੀਪਲ ਜੋਤੀ ਗਰਗ ਨੇ ਮਾਪਿਆਂ ਨੂੰ ਕੁੜੀਆਂ ਨੂੰ ਵੱਧ ਤੋਂ ਵੱਧ ਪੜ੍ਹਾਉਣ ਦਾ ਸੁਨੇਹਾ ਦਿੱਤਾ। ਪਿੰਡ ਦੀ ਲਾਇਬਰੇਰੀ ਵਿੱਚ ਵੱਧ ਕਿਤਾਬਾਂ ਪੜ੍ਹਨ ਵਾਲੀਆਂ ਔਰਤਾਂ ਜਸਜੀਤ ਕੌਰ, ਅਮਨਦੀਪ ਕੌਰ ਅਤੇ ਮਿੰਟੂ ਪਾਲ ਕੌਰ ਨੂੰ ਵੀ ਸਨਮਾਨਿਤ ਕੀਤਾ ਗਿਆ। ਪਿੰਡ ਦੀ ਵੱਡੀ ਉਮਰ ਦੀ ਸੁਰਜੀਤ ਕੌਰ (98 ਸਾਲ) ਨੂੰ ਵਿਸ਼ੇਸ਼ ਪ੍ਰਸ਼ੰਸਾ ਪੱਤਰ ਦਿੱਤਾ ਗਿਆ। ਅਧਿਆਪਕਾ ਗੁਰਜੀਤ ਕੌਰ ਨੇ ਔਰਤਾਂ ਦੇ ਸਤਿਕਾਰ ਵਿੱਚ ਕਵਿਤਾ ਪੜ੍ਹੀ। ਸਟੇਜ ਸੰਚਾਲਨ ਭੁਪਿੰਦਰ ਸਿੰਘ ਜਟਾਣਾ ਨੇ ਕੀਤਾ। ਇਸ ਮੌਕੇ ਪ੍ਰਧਾਨ ਕਰਮਜੀਤ ਸਿੰਘ, ਹਰਿੰਦਰ ਸਿੰਘ ਬੀ ਆਰ ਸੀ, ਸੀ ਐੱਚ ਓ ਹਰਵਿੰਦਰ ਕੌਰ, ਪੰਚ ਰਾਜਵੀਰ ਕੌਰ­, ਰਣਜੀਤ ਕੌਰ, ਪਰਮਜੀਤ ਕੌਰ, ਹਰਵਿੰਦਰ ਕੌਰ, ਹਰਬੰਸ ਸਿੰਘ, ਜਗਸੀਰ ਸਿੰਘ, ਹਾਕਮ ਸਿੰਘ, ਕਰਮਜੀਤ ਸਿੰਘ ਫ਼ੌਜੀ ਅਤੇ ਪਰਮਜੀਤ ਭੁੱਲਰ ਵੀ ਡੀ ਓ ਹਾਜ਼ਰ ਸਨ।

Thursday, September 25, 2025

                                 ਦਾਤਿਆ ! ਤੇਰੇ ਰੰਗ ਨਿਆਰੇ...!           
                                                        ਚਰਨਜੀਤ ਭੁੱਲਰ

ਚੰਡੀਗੜ੍ਹ : ਰੱਬ ਨੇ ਜ਼ਰੂਰ ਡੋਨਲਡ ਟਰੰਪ  ਦੇ ਕੰਨ ’ਚ ਕਿਹਾ ਹੋਊ, ਬਈ! ਤੂੰ ਬੜੀ ਪਹੁੰਚੀ ਹੋਈ ਸ਼ੈਅ ਆਂ। ਉਹ ਦਿਨ ਤੇ ਆਹ ਦਿਨ, ਹੁਣ ਕੋਈ ਦਿਨ ਸੁੱਕਾ ਨਹੀਂ ਜਾਣ ਦਿੰਦੇ। ਅੱਗਿਓਂ ਸਵਾ ਸੇਰ ਟੱਕਰ ਜਾਵੇ ਤਾਂ ਮੂੰਹ ਛਟਾਂਕੀ ਜਿੰਨਾ ਕਰ ਲੈਂਦੇ ਨੇ। ਵਾਈਟ ਹਾਊਸ ’ਚ ਯੂਕਰੇਨ ਆਲੇ ਜ਼ੇਲੈਂਸਕੀ ਨੇ ਮੜਕ ਦਿਖਾਈ, ਨਾਲੇ ਬੜ੍ਹਕ ਮਾਰੀ। ‘ਅਸਾਂ ਨੀ ਕਨੌੌੜ ਝੱਲਣੀ, ਗੱਲ ਸੋਚ ਕੇ ਕਰੀ ਤੂੰ ਜ਼ੈਲਦਾਰਾ’। ਹੁਣ ਦੁਨੀਆ ਸੱਚਮੁੱਚ ਗਲੋਬਲ ਪਿੰਡ ਹੈ, ਇਸ ਪਿੰਡ ਦਾ ਜ਼ੈਲਦਾਰ ਟਰੰਪ ਬਣਿਐ।

       ਜ਼ਰੂਰੀ ਨਹੀਂ ਕਿ ਹਰ ਕੋਈ ਆਸਿਮ ਮੁਨੀਰ ਹੋਵੇ ਜੋ ਵ੍ਹਾਈਟ ਹਾਊਸ ਦਾ ‘ਲੰਚ’ ਛਕ ਕੇ ਸ਼ੋਅਲੇ ਫ਼ਿਲਮ ਆਲੇ ਕਾਲੀਆ ਵਾਂਗੂ ਮੇਮਣਾ ਬਣੇ, ‘ਸਰਦਾਰ ਹਮਨੇ ਆਪਕਾ ਨਮਕ ਖ਼ਾਇਆ ਹੈ।’ ਟਰੰਪ ਵਿਸ਼ਵੀ ਵਿਚੋਲਾ ਬਣਿਐ, ਬਾਹਰ ਫੱਟਾ ‘ਸ਼ਾਂਤੀ ਬਿਊਰੋ’ ਦਾ ਲਾਇਐ, ਅੰਦਰੋਂ ਗੱਬਰ ਦਾ ਸਾਂਢੂ ਬਣਿਆ ਫਿਰਦੈ। ਟਰੰਪ ਕਿਹੜੀ ਕਾਰਪੋਰੇਟੀ ਮਿੱਟੀ ਦਾ ਬਣਿਐ, ਇਹ ਤਾਂ ਇਲਮ ਨਹੀਂ ਪਰ ਇਰਾਨ ਆਲਾ 86 ਵਰਿ੍ਹਆਂ ਦਾ ਖਮੇਨੀ ਜ਼ਰੂਰ ਚੀਕਨੀ ਮਿੱਟੀ ਦਾ ਬਣਿਐ, ਜੋ ਇੰਜ ਗੱਜਿਆ ਸੀ, ‘ਟਰੰਪ ਅੱਗੇ ਗੋਡੇ ਨਹੀਂ ਟੇਕਾਂਗਾ’ ।

       ‘ਆਪਣੇ ਤੂੰ ਦਿਨ ਭੁੱਲ ਗਈ, ਸੱਸੇ ਮੈਨੂੰ ਕਰੇਂ ਤਕੜਾਈਆਂ’। ਅਮਰੀਕਾ ਨੂੰ ਚੇਤੇ ਹੋਊ ਜਦ ਵੀਅਤਨਾਮ ’ਚੋਂ ਮੂੰਹ ਲਟਕਾ ਕੇ ਮੁੜਿਆ ਸੀ। ਜਾਰਜ ਬੁਸ਼ ਨੂੰ ਸੱਦਾਮ ਹੁਸੈਨ ਦੀ ਦਹਾੜ ਹਾਲੇ ਤੱਕ ਨਹੀਂ ਭੁੱਲੀ। ਸੋਵੀਅਤ ਯੂਨੀਅਨ ਦੇ ਟੁੱਟਣ ਮਗਰੋਂ ਅਮਰੀਕਾ ਵੱਧ ਚਾਂਭਲਿਐ। ਜਿਵੇਂ ਖੂੰਡੀ ਚਾਰਲੀ ਚੈਪਲਿਨ ਦੀ ਪਛਾਣ ਸੀ, ਉਵੇਂ ‘ਧੌਂਸਪੁਣਾ’ ਟਰੰਪ ਦਾ ਟੈਗਮਾਰਕ ਹੈ। ਅਮਰੀਕਾ ਤਾਲਿਬਾਨ ਤੇ ਅਲ ਕਾਇਦਾ ਨੂੰ ਗੋਦੀ ’ਚ ਖਿਡਾਂਉਦਾ ਰਿਹਾ। ਜਦੋਂ ਆਪਣੇ ਟਾਵਰ ਰਾਖ ਬਣ ਗਏ, ਉਦੋਂ ਅਮਰੀਕਾ ਦੀ ਜਾਗ ਖੁੱਲ੍ਹੀ, ਅਖੇ ਇਹ ਤਾਂ ਬੁੱਕਲ ਦੇ ਸੱਪ ਨਿਕਲੇ।

       ਬਾਬੇ ਟਰੰਪ ਦੀ ਨਜ਼ਰ ਕਮਜ਼ੋਰ ਹੈ, ਤਾਹੀਓਂ ਇਜ਼ਰਾਈਲ ’ਚ ਪਏ ਪਰਮਾਣੂ ਬੰਬ ਨਹੀਂ ਦਿਖੇ। ਇਰਾਨ ਦੀ ਜਾਮਾ ਤਲਾਸ਼ੀ ਲੈਣ ਤੁਰ ਪਿਆ। ਨੇਤਨਯਾਹੂ ਨੇ ਪਤਾ ਨੀਂ ਕੀ ਘੋਲ ਕੇ ਤਵੀਤ ਪਿਆਇਐ। ਅਮਰੀਕਾ ਆਖਦਾ ਪਿਐ, ‘ਤੇਰਾ ਵਾਲ ਵਿੰਗਾ ਨਾ ਹੋਵੇ, ਤੇਰੀ ਆਈ ਮੈਂ ਮਰਜਾਂ।’ ਸਿਆਣੇ ਆਖਦੇ ਨੇ, ਮਹਾਨ ਜਰਨੈਲ ਖ਼ੁਦ ਹਥਿਆਰ ਨਹੀਂ ਚੁੱਕਦੇ। ‘ਚੁੱਕੀ ਹੋਈ ਲੰਬੜਾਂ ਦੀ, ਠਾਣੇਦਾਰ ਦੇ ਬਰਾਬਰ ਬੋਲੇ’ ਦੇ ਮਹਾਂਵਾਕ ਅਨੁਸਾਰ ਅਮਰੀਕਾ ਨੇ ਇਰਾਨੀ ਅੱਗ ’ਚ ਛਾਲ ਮਾਰ ਦਿੱਤੀ। ਇਰਾਨ ਆਲਾ ਖਮੇਨੀ ਦੇ ਅੱਗੇ ਰੇਡੀਓ ’ਤੇ ਸਿੱਧੂ ਮੂਸੇਵਾਲਾ ਨੂੰ ਸੁਣੀ ਜਾਵੇ ‘ਮੁਸੀਬਤ ਤਾਂ ਮਰਦਾਂ ’ਤੇ ਪੈਂਦੀ ਹੁੰਦੀ ਹੈ..।’

       ਇਰਾਨ ਨੇ ਇਜ਼ਰਾਈਲ ਨੂੰ ਧੂੜ ਚਿਟਾ ਦਿੱਤੀ। ਹੰਕਾਰ ਦੀ ਪੌੜੀ ’ਤੇ ਚੜ੍ਹਿਆ ਟਰੰਪ ਆਖ਼ਰ ਮਿੰਨਤਾਂ ’ਤੇ ਉੱਤਰ ਆਇਆ, ਅਖੇ ਇਰਾਨੀ ਬਾਬੇ , ਠੰਢ ਰੱਖ। ‘ਡੁੱਬਦਾ ਆਦਮੀ ਮੀਂਹ ਦੀ ਪ੍ਰਵਾਹ ਨਹੀਂ ਕਰਦਾ’, ਇਰਾਨੀ ਬਾਬੇ ਨੇ ਇਹੋ ਵਾਕ ਧਿਆਇਆ, ਤਾਹੀਓਂ ਜੰਗਬੰਦੀ ਦਾ ਸੁਨੇਹਾ ਆਇਆ। ਇਰਾਨੀ ਬਾਬੇ, ਤੇਰੀ ਹਿੰਮਤ ਨੂੰ ਸਲਾਮਾਂ! ਅਸੀਂ ਤਾਂ ਮੈਗੋਂਬੋ ਤੋਂ ਵੱਧ ਖ਼ੁਸ਼ ਹਾਂ। ਆਹ ਗੀਤ ਤੁਹਾਨੂੰ ਅਰਪਿਤ ਕਰਦੇ ਹਾਂ, ‘ਤੇਰੇ ਯਾਰ ਨੂੰ ਦੱਬਣ ਨੂੰ ਫਿਰਦੇ ਸੀ..।’

       ਨਰਿੰਦਰ ਮੋਦੀ ਵੀ ਭੋਰਾ ਨੀ ਦੱਬਦੇ। ਟਰੰਪ ਬੋਲੇ, ਪਿਆਰੇ ਮਿੱਤਰ ਆਓ, ਦਾਸ ਦੀ ਕੁਟੀਆ ’ਚ ਚਰਨ ਪਾਓ। ਮੋਦੀ ਨੇ ਪਹਿਲਾਂ ਟਰੰਪ ਦਾ ਲੰਚ ਬਕਬਕਾ ਕੀਤਾ, ਫਿਰ ਫੋਨ ਚੁੱਕਣਾ ਛੱਡ ਦਿੱਤਾ। ਕਿਸੇ ਨੇ ਸੱਚ ਕਿਹੈ, ‘ਹਮ ਫਕੀਰੋ ਸੇ ਦੋਸਤੀ ਕਰ ਲੋ, ਗੁਰ ਸਿਖਾ ਦੇਂਗੇ ਬਾਦਸ਼ਾਹੀ ਕੇ।’ ਬਾਲਕ ਨਾਥ ਦੇ ਚੇਲਿਆਂ ਤੋਂ ਵੱਧ ਅਮਰੀਕਾ ਦੇ ਚੇਲੇ ਨੇ। ਭਾਰਤ ਪਾਕਿ ਜੰਗ ਛਿੜੀ ਤਾਂ ਚਾਰ ਦਿਨਾਂ ’ਚ ਨਾਨੀ ਚੇਤੇ ਆ ਗਈ। ਕਰਕੇ ਅਮਰੀਕਾ ਵੱਲ ਮੂੰਹ, ਆਸਿਮ ਮੁਨੀਰ ਨੇ ਪੁਕਾਰ ਲਾਈ, ‘ਜਬ ਕੋਈ ਬਾਤ ਬਿਗੜ ਜਾਏ, ਜਬ ਕੋਈ ਮੁਸ਼ਕਲ ਪੜ ਜਾਏ, ਤੁਮ ਦੇਣਾ ਸਾਥ ਮੇਰਾ।’

       ‘ਸੱਦੀ ਹੋਈ ਮਿੱਤਰਾਂ ਦੀ, ਪੈਰ ਜੁੱਤੀ ਨਾ ਪਾਵਾਂ’, ਵਾਯੂਮੰਡਲ ’ਚ ਵਿਸ਼ਵੀ ਵਿਚੋਲੇ ਟਰੰਪ ਪ੍ਰਗਟ ਹੋ ਗਏ। ਜਨਾਬ ਨੂੰ ਕੀ ਕਹੀਏ, ਚਾਚਾ ਚੌਧਰੀ ਜਾਂ ਘੜੰਮ ਚੌਧਰੀ। ਟਰੰਪ ਖ਼ੁਦ ਨੂੰ ਤਾਂ ਰਾਜਾ ਵਿਕਰਮਾਦਿੱਤ ਸਮਝਦੇ ਨੇ। ਪਹਿਲੋਂ ਭਾਰਤ ਪਾਕਿ ’ਚ ਜੰਗਬੰਦੀ ’ਚ ਹਿੱਕ ਥਾਪੜ ਲਈ। ਹੁਣ ਤੱਕ ਸੱਤ ਜੰਗਾਂ ਰੁਕਾਉਣ ਦਾ ਸਿਹਰਾ ਟਰੰਪ ਖੁਦ ਹੀ ਆਪਣੀ ਸਿਰ ਬੰਨ੍ਹੀ ਫਿਰਦੈ। ਵਿਸ਼ਵ ਸ਼ਾਂਤੀ ਦਾ ਲਾੜਾ ਸਮਝ ਰਿਹੈ। ਟਰੰਪ ਖੁਦ ਹੀ ਹਿੱਕ ਥਾਪੜ ਆਖਦਾ ਪਿਐ, ‘ਮੈਨੂੰ ਦਿਓ ਨੋਬੇਲ ਪੁਰਸਕਾਰ।’

       ਟਰੰਪ ਪਹਿਲੇ ਅਜਿਹੇ ਸ਼ਾਂਤੀ ਦੇ ਪੁੰਜ ਨੇ ਜੋ ਬੰਬਾਂ ਨਾਲ ਸ਼ਾਂਤੀ ਕਰਾਉਂਦੇ ਨੇ। ਕਿਤੇ ਕਲਪ ਬ੍ਰਿਛ ਹੇਠ ਚਾਰ ਪਲ ਬੈਠਦੇ, ਭਰਮ ਟੁੱਟ ਜਾਣੇ ਸਨ। ਸ਼ਾਂਤੀ ਦੇ ਨੋਬੇਲ ਪੁਰਸਕਾਰ ਦਾ ਅਸਲ ਹੱਕਦਾਰ ਕੌਣ? ਆਸਿਮ ਮੁਨੀਰ ਬੋਲੇ, ਅਸਾਡਾ ਯਾਰ ਟਰੰਪ। ਚੰਨ ਪ੍ਰਦੇਸੀ ਫ਼ਿਲਮ ’ਚ ਓਮਪੁਰੀ ਵਾਰ ਵਾਰ ਆਖਦੈ ‘ਮਾਲਕੋ! ਫੱਟੜ ਹੋਜਾਂ ਥੋਡੀ ਖ਼ਾਤਰ..।’ ਲੰਚ ਛਕਣ ਮਗਰੋਂ ਮੁਨੀਰ ਵੀ ਓਮਪੁਰੀ ਬਣਿਆ ਫਿਰਦੈ। ਟਰੰਪ ਫ਼ਰਮਾ ਨੇ, ‘ਮੈਨੂੰ ਤਾਂ ਚਾਰ ਪੰਜ ਨੋਬੇਲ ਇਨਾਮ ਮਿਲਣੇ ਚਾਹੀਦੇ ਨੇ।’ ਵਿਸ਼ਵ ਸ਼ਾਂਤੀ ਦਾ ਠੇਕੇਦਾਰ ਸਮਝ ਰਿਹੈ। ਟਰੰਪ ‘ਟੈਕਸ ਕਿੰਗ’ ਜ਼ਰੂਰ ਹੈ, ਕਿੰਨੇ ਮੁਲਕਾਂ ਨੂੰ ਟਿੰਢੀ ਦੇ ਬੀਅ ’ਤੇ ਚਾੜ ਰੱਖਿਐ। 

        ‘ਬਿਨ ਮਾਂਗੇ ਮੋਤੀ ਮਿਲੇ, ਮਾਂਗੇ ਮਿਲੇ ਨਾ ਭੀਖ।’ ਭਲਾ ਕੋਈ ਮੰਗ ਕੇ ਵੀ ਇਨਾਮ ਲੈਂਦੈ। ਜ਼ਰੂਰ ਕਿਸੇ ਪੰਜਾਬੀ ਭਰਾ ਨੇ ਟਰੰਪ ਕੋਲ ਚੁਗ਼ਲੀ ਕੀਤੀ ਹੋਊ। ਭੇਤ ਖੋਲਿ੍ਹਆ ਹੋਊ ਕਿ ਕਿਵੇਂ ਪੰਜਾਬੀ ਆਲੇ ਲੇਖਕ ਜੁਗਾੜਬੰਦੀ ਕਰ ਇਨਾਮ ਵਸੂਲ ਕਰਦੇ ਨੇ। ਸ਼ਿਵ ਬਟਾਲਵੀ ਦੀ ‘ਲੂਣਾ’ ਨੂੰ ਜਦ ਭਾਰਤੀ ਸਾਹਿਤ ਅਕਾਦਮੀ ਦਾ ਇਨਾਮ ਮਿਲਿਆ ਤਾਂ ਚਰਚਾ ਛਿੜ ਪਈ। ਸ਼ਿਵ ਬਟਾਲਵੀ ਨੇ ਲੋਰ ’ਚ ਖ਼ੁਲਾਸਾ ਕੀਤਾ, ‘ਢਾਈ ਹਜ਼ਾਰ ਦੀ ਸ਼ਰਾਬ ਪਿਲਾਓ, ਪੰਜ ਹਜ਼ਾਰ ਦਾ ਇਨਾਮ ਪਾਓ।’ 

       1964 ’ਚ ਨੋਬੇਲ ਪੁਰਸਕਾਰ ਸਾਰਤਰ ਨੂੰ ਦਿੱਤਾ, ਸਾਰਤਰ ਨੇ ਠੁਕਰਾ ਦਿੱਤਾ, ਅਖੇ! ਆਲੂਆਂ ਦੀ ਬੋਰੀ ਦਾ ਵਾਧੂ ਬੋਝ ਕਿਉਂ ਚੁੱਕਾ। ਟਰੰਪ ਨੇ ਅਸਮਾਨ ਸਿਰ ’ਤੇ ਚੁੱਕਿਐ। ਤਰਸਦਾਸੋ! ਭਲੇ ਪੁਰਸ਼ ਨੇ ਏਨੀ ਸ਼ਾਂਤੀ ਕਰਾਈ, ਲੰਬਰਦਾਰੀ ਤਾਂ ਦੇਣੀ ਬਣਦੀ ਸੀ। ਟਰੰਪ ਨੇ ਦੋ ਵਾਰ ਪਹਿਲੋਂ ਵਾਹ ਲਾਈ, ਸਵੀਡਨ ਆਲਿਆ ਨੇ ਐਰਾ ਗ਼ੈਰਾ ਸਮਝ ਟਾਲ ਦਿੱਤਾ। ਟਰੰਪ ਨੂੰ ਮਲਾਲ ਹੈ ਕਿ ਬਰਾਕ ਓਬਾਮਾ ਨੂੰ ਨੋਬੇਲ ਇਨਾਮ ਮਿਲ ਸਕਦੈ ਤਾਂ ਮੈਨੂੰ ਕਿਉਂ ਨਹੀਂ। ਪੰਜਾਬ ਤੋਂ ਕਿਸੇ ਨੇ ਚੁਗ਼ਲੀ ਕੀ ਕੀਤੀ, ਹੁਣ ਟਰੰਪ ਇਨਾਮ ਲਈ ਕਾਹਲਾ ਪਿਐ। ਬਿਨ ਮੰਗੀ ਸਲਾਹ ਹੈ ਟਰੰਪ ਬਾਬੂ! ਜਸਬੀਰ ਭੁੱਲਰ ਦਾ ਨਾਵਲ ‘ਖਿੱਦੋ’ ਪੜ੍ਹ ਕੇ ਦੇਖ ਲੋ, ਕੀ ਪਤਾ ਕੋਈ ਨੁਕਤਾ ਕੰਮ ਆ’ਜੇ। ਕਾਸ਼! ਟਰੰਪ ਆਪਣੇ ਗਰਾਈ ਇਰਵਿੰਗ ਵਾਲੇਸ ਦਾ ਨਾਵਲ ‘ਦ ਪ੍ਰਾਈਜ਼’ ਪੜ੍ਹ ਲੈਂਦੇ, ਜੀਹਦਾ ਇਹੋ ਮੰਤਰ ਹੈ ਕਿ ਇਨਾਮ ਜਬਰੀ ਜਾਂ ਫ਼ਰਮਾਨ ਨਾਲ ਨਹੀਂ ਖੋਹੇ ਜਾ ਸਕਦੇ।

       ‘ਜੀਹਨੇ ਕੀਤੀ ਸ਼ਰਮ, ਉਹਦੇ ਫ਼ੁੱਟੇ ਕਰਮ।’ ਪੰਜਾਬ ਦੇ ਲੀਡਰਾਂ ਨੇ ਨਿਚੋੜ ਕੱਢਿਆ ਕਿ ਸ਼ਰਮ ਤੇ ਠੰਢ ਤਾਂ ਮੰਨਣ ਦੀ ਹੈ। ਪਤਾ ਨੀ, ਸਵੀਡਨ ਆਲੇ ਕਿੰਨੀ ਕੁ ਉਡੀਕ ਕਰਾਉਣਗੇ, ਟਰੰਪ ਦੀ ਜਾਨ ਨਿਕਲੀ ਪਈ ਐ। ਗ਼ਜ਼ਬ ਦਾ ਸ਼ੇਅਰ ਹੈ, ‘ਉਮਰ ਏ ਦਰਾਜ਼ ਮਾਂਗ ਕਰ ਲਾਏ ਥੇ ਚਾਰ ਦਿਨ, ਦੋ ਆਰਜ਼ੂ ਮੇ ਕਟ ਗਏ, ਦੋ ਇੰਤਜ਼ਾਰ ਮੇ।’ ਉਡੀਕ ਦਾਸ ਇੱਛਾਪੁਰੀ ਆਖਦੇ ਨੇ ਕਿ ਜੇ ਟਰੰਪ ਦਾ ਨਹੀਂ ਸਰਦਾ ਤਾਂ ਛਪਾਰ ਦੇ ਮੇਲੇ ’ਤੇ ਸਨਮਾਨ ਦਿਵਾ ਦਿੰਦੇ ਹਾਂ। ਨਾਲੇ ਯਾਦਗਾਰੀ ਚਿੰਨ੍ਹ ਮਿਲੂ, ਨਾਲੇ ਲੋਈ।

       ਟਰੰਪ ਕਬਾੜੀਆ ਸੁਭਾਅ ਚੁੱਕੀ ਫਿਰਦੈ, ਲੋਈ ’ਤੇ ਵੀ ਕੋਈ ਦਾਗ਼ ਨੀ ਪੈਣਗੇ। ਟਰੰਪ ਨੇ ਕਿਤੇ ਪੰਜਾਬੀ ’ਵਰਸਿਟੀ ਆਲੇ ਲਾਲੀ ਬਾਬੇ ਦੀ ਸੰਗਤ ਕੀਤੀ ਹੁੰਦੀ ਤਾਂ ਨੋਬੇਲ ਇਨਾਮ ਪਿੱਛੇ ਭੱਜਣਾ ਨਹੀਂ ਸੀ। ਲਾਲੀ ਬਾਬੇ ਦਾ ਪ੍ਰਵਚਨ ਸੁਣੋ, ‘ਇਨਾਮ ਤੇ ਸਨਮਾਨ, ਦੋ ਹੀ ਤਰੀਕੇ ਨੇ ਚੰਗੇ ਬੰਦਿਆਂ ਨੂੰ ਕਾਬੂ ਕਰਨ ਵਾਲੇ। ਸਰਕਾਰੀ ਘਰੋਂ ਪਏ ਫੁੱਲਾਂ ਦੇ ਹਾਰ ਵੀ ਗਰਦਨਾਂ ਕੱਟ ਦਿੰਦੇ ਨੇ।’ ਗੁਰਬਖ਼ਸ਼ ਸਿੰਘ ਪ੍ਰੀਤਲੜੀ ਅਤੇ ਦਵਿੰਦਰ ਸਤਿਆਰਥੀ ਦੇ ਹਿੱਸੇ ਭਾਰਤੀ ਸਾਹਿਤ ਅਕਾਦਮੀ ਦਾ ਐਵਾਰਡ ਨੀ ਆਇਆ ਸੀ। ਦੋਵਾਂ ਦੇ ਕੱਦ ਅੱਗੇ ਐਵਾਰਡ ਗਿੱਠਮੁਠੀਆ ਸੀ। ਟਰੰਪ ਦੇ ਕੰਨ ’ਚ ਰੱਬ ਨੇ ਫ਼ੂਕ ਕਾਹਦੀ ਮਾਰ’ਤੀ, ਹੁਣ ਟੱਸ ਤੋਂ ਮੱਸ ਨੀ ਹੋ ਰਿਹਾ।

       ਵਿਸ਼ਵ ਦੇ ਜ਼ੈਲਦਾਰ ਨੂੰ ਉਦੋਂ ਸਕੂਨ ਮਿਲਦੈ ਜਦ ਮੁਲਕ ਭਿੜਦੇ ਹੋਣ। ਡਾਂਗ ਸੋਟਾ ਚੱਲੇਗਾ ਤਾਹੀਂ ਅਮਰੀਕਾ ਦੀ ਡਾਂਗ ਵਿਕੂ। ਮਗਰੋਂ ਸ਼ਾਂਤੀ ਫ਼ਾਰਮੂਲਾ ਵਿਕਦੈ। ਗੁਰਦਾਸ ਮਾਨ ਦਾ ਪੁਰਾਣਾ ਗਾਣੈ, ‘ਆਪੇ ਰੋਗ ਲਾਉਣੇ ਆਪੇ ਦੇਣੀਆਂ ਦੁਆਵਾਂ।’ ਰੱਬ ਨੇ ਟਰੰਪ ਨੂੰ ਮਾਤਲੋਕ ’ਚ ਭੇਜਿਆ, ਸੋ ਭਾਈ-ਮਾਈ ਨੂੰ ਲਾਹਾ ਲੈਣਾ ਚਾਹੀਦੈ, ਇਹੋ ਜਿਹੇ ਪੰਚਾਇਤੀ ਬੰਦੇ ਮੁੱਦਤਾਂ ਬਾਅਦ ਨਸੀਬ ਹੁੰਦੇ ਨੇ।

      ਕੇਰਾਂ ਮਰਾਸੀ ਦੇ ਘਰ ਕਿਸੇ ਰਾਹਗੀਰ ਨੇ ਘੋੜੀ ਬੰਨ੍ਹਤੀ, ਰਾਤ ਨੂੰ ਘੋੜੀ ਨੇ ਵਛੇਰਾ ਦਿੱਤਾ। ਮਰਾਸੀ ਨੇ ਜਦ ਰਾਹਗੀਰ ਨੂੰ ਵਛੇਰੇ ਦੀ ਥਾਂ ਕੱਟਾ ਫੜਾ’ਤਾ ਤਾਂ ਗੱਲ ਪੰਚਾਇਤ ਤੱਕ ਗਈ। ਪੰਚਾਇਤ ਨੇ ਫ਼ੈਸਲਾ ਮਰਾਸੀ ਦੇ ਹੱਕ ’ਚ ਕਰ’ਤਾ। ਫ਼ੈਸਲਾ ਸੁਣ ਮਰਾਸੀ ਉੱਚੀ ਉੱਚੀ ਰੋਵੇ। ਕਾਰਨ ਪੁੱਛਿਆ ਤਾਂ ਮਰਾਸੀ ਬੋਲਿਆ, ਇਸ ਕਰਕੇ ਰੋਂਦਾ ਪਿਆ ਕਿ ਬਈ! ਜਦੋਂ ਥੋਡੇ ਵਰਗੀ ਪੰਚਾਇਤ ਨਾ ਰਹੀ ਤਾਂ ਏਦਾਂ ਦੇ ਖ਼ੂਬਸੂਰਤ ਫ਼ੈਸਲੇ ਕੌਣ ਕਰੂ। ਸੋ ਗੁਰਮੁਖੋ! ਟਰੰਪ ਦੀ ਇੱਜ਼ਤ ਕਰਿਆ ਕਰੋ..।

(25 ਸਤੰਬਰ 2025)


Monday, June 5, 2023

                                                     ਐਵਾਰਡ ਲਈ ਚੋਣ
                                  ਪਿੰਡ ਬੱਲ੍ਹੋ ਦਾ ਗੁੜ ਮਿੱਠਾ ਨਿਕਲਿਆ..!
                                                       ਚਰਨਜੀਤ ਭੁੱਲਰ 

ਚੰਡੀਗੜ੍ਹ :ਪੰਜਾਬ ਸਰਕਾਰ ਵੱਲੋਂ ਬਠਿੰਡਾ ਦੇ ਪਿੰਡ ਬੱਲ੍ਹੋ ਨੂੰ ਚੌਗਿਰਦੇ ਦੀ ਸ਼ੁੱਧਤਾ ਲਈ ਨਿਭਾਈ ਭੂਮਿਕਾ ਬਦਲੇ ‘ਸ਼ਹੀਦ ਭਗਤ ਸਿੰਘ ਵਾਤਾਵਰਨ ਐਵਾਰਡ’ ਦਿੱਤਾ ਜਾਵੇਗਾ। ਮੁੱਖ ਮੰਤਰੀ ਭਗਵੰਤ ਮਾਨ ‘ਵਿਸ਼ਵ ਵਾਤਾਵਰਨ ਦਿਵਸ’ ਮੌਕੇ ਭਲਕੇ ਮੁਹਾਲੀ ਵਿੱਚ ਹੋਣ ਵਾਲੇ ਸੂਬਾ ਪੱਧਰੀ ਸਮਾਗਮ ਵਿੱਚ ਬੱਲ੍ਹੋ ਦੀ ਪੰਚਾਇਤ ਨੂੰ ਇਸ ਐਵਾਰਡ ਨਾਲ ਸਨਮਾਨਿਤ ਕਰਨਗੇ। ਪ੍ਰਾਪਤ ਜਾਣਕਾਰੀ ਅਨੁਸਾਰ ਗਰਾਮ ਪੰਚਾਇਤ ਨੇ ਪਿੰਡ ਬੱਲ੍ਹੋ ਨੂੰ ਪਲਾਸਟਿਕ ਮੁਕਤ ਕਰਨ ਲਈ ‘ਪਲਾਸਟਿਕ ਲਿਆਓ, ਗੁੜ/ਖੰਡ ਲੈ ਜਾਓ’ ਦਾ ਨਾਅਰਾ ਦਿੱਤਾ ਸੀ। ‘ਸਾਇੰਸ, ਤਕਨਾਲੋਜੀ ਤੇ ਵਾਤਾਵਰਨ ਵਿਭਾਗ ਪੰਜਾਬ’ ਵੱਲੋਂ ਪੰਜਾਬ ਦੀ ਇਕਲੌਤੀ ਗਰਾਮ ਪੰਚਾਇਤ ਬੱਲ੍ਹੋ ਨੂੰ ਇਸ ਐਵਾਰਡ ਲਈ ਚੁਣਿਆ ਗਿਆ ਹੈ, ਜਿਸ ਤਹਿਤ ਪੰਚਾਇਤ ਨੂੰ ਇੱਕ ਲੱਖ ਰੁਪਏ ਤੇ ਸਰਟੀਫਿਕੇਟ ਨਾਲ ਨਿਵਾਜਿਆ ਜਾਵੇਗਾ।

          ਜ਼ਿਕਰਯੋਗ ਹੈ ਕਿ ਪਿੰਡ ਦੀ ਮਹਿਲਾ ਸਰਪੰਚ ਪ੍ਰੀਤਮ ਕੌਰ ਦੀ ਅਗਵਾਈ ਹੇਠ ਗਰਾਮ ਸਭਾ ਨੇ ਆਮ ਇਜਲਾਸ ਵਿੱਚ ਪਿੰਡ ਦੇ ਚੌਗਿਰਦੇ ਦੀ ਸ਼ੁੱਧਤਾ ਲਈ ਕਈ ਅਹਿਮ ਫ਼ੈਸਲੇ ਲਏ ਸਨ। ਗੁਰਬਚਨ ਸਿੰਘ ਸੇਵਾ ਸਮਿਤੀ ਸੁਸਾਇਟੀ ਬੱਲ੍ਹੋ ਦੇ ਮੋਹਰੀ ਗੁਰਮੀਤ ਸਿੰਘ ਮਾਨ ਤੇ ਦਵਿੰਦਰ ਸਿੰਘ ਫਰਾਂਸ ਨੇ ਇਸ ਵਾਸਤੇ ਵਿੱਤੀ ਸਹਿਯੋਗ ਵੀ ਦਿੱਤਾ ਹੈ। ਪੰਚਾਇਤ ਮੈਂਬਰ ਜਗਤਾਰ ਸਿੰਘ ਨੇ ਦੱਸਿਆ ਕਿ ਪੰਚਾਇਤ ਵੱਲੋਂ ਝੋਨੇ ਦੀ ਪਰਾਲੀ ਨਾ ਸਾੜਨ ਵਾਲੇ ਕਿਸਾਨਾਂ ਨੂੰ 500 ਰੁਪਏ ਪ੍ਰਤੀ ਏਕੜ ਸਬਸਿਡੀ ਅਤੇ ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਨੂੰ 700 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਰਕਮ ਸਬਸਿਡੀ ਦਿੱਤੀ ਜਾਂਦੀ ਹੈ ਤੇ ਪੰਚਾਇਤ ਵੱਲੋਂ ਅਜਿਹੇ ਕਿਸਾਨਾਂ ਦਾ ਸਨਮਾਨ ਵੀ ਕੀਤਾ ਜਾਂਦਾ ਹੈ। ਸਰਪੰਚ ਨੇ ਦੱਸਿਆ ਕਿ ਦਾਨੀ ਸੱਜਣਾਂ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਤੋਂ ਇਲਾਵਾ ਗਰਾਮ ਸੇਵਕ ਪਰਮਜੀਤ ਸਿੰਘ ਭੁੱਲਰ ਨੇ ਵੀ ਆਪਣੇ ਤੌਰ ’ਤੇ ਇਨ੍ਹਾਂ ਕੰਮਾਂ ਲਈ ਪਿੰਡ ਦੀ ਅਗਵਾਈ ਕੀਤੀ ਹੈ।

           ਪਿੰਡ ਦੇ ਸਕੂਲ ਵਿੱਚ ਮੀਂਹ ਦੇ ਪਾਣੀ ਨੂੰ ਧਰਤੀ ਹੇਠਲੇ ਪਾਣੀ ਵਿੱਚ ਰੀਚਾਰਜ ਕਰਨ ਲਈ ਰੇਨ ਵਾਟਰ ਰੀਚਾਰਜ ਪਿਟ ਬਣਾਏ ਗਏ ਹਨ। ਸੰਸਥਾ ਦੇ ਮੈਂਬਰ ਕਰਮਜੀਤ ਸਿੰਘ ਦਾ ਕਹਿਣਾ ਹੈ ਕਿ ਪਿੰਡ ਵਿੱਚ ਪਾਰਕ ਬਣਾ ਕੇ ਸਾਂਝੀਆਂ ਥਾਵਾਂ ’ਤੇ ਬੂਟੇ ਲਾਏ ਗਏ ਹਨ। ਪਿੰਡ ਬੱਲ੍ਹੋ ਦੇ ਪਲਾਸਟਿਕ ਵੇਸਟ ਮੈਨੇਜਮੈਂਟ ਯੂਨਿਟ ’ਚੋਂ ਬਲਾਕ ਦੇ ਪਿੰਡਾਂ ’ਚੋਂ ਨਿਕਲਣ ਵਾਲੇ ਪਲਾਸਟਿਕ ਨੂੰ ਰੀਸਾਈਕਲ ਕਰਕੇ ਮੁੜ ਵਰਤੋਂ ਵਿੱਚ ਲਿਆਉਣ ਵਾਲਾ ਪ੍ਰਾਜੈਕਟ ਚੱਲ ਰਿਹਾ ਹੈ। ਐਵਾਰਡ ਲਈ ਚੁਣੇ ਜਾਣ ’ਤੇ ਖ਼ੁਸ਼ੀ ਸਾਂਝੀ ਕਰਦਿਆਂ ਸਰਪੰਚ ਪ੍ਰੀਤਮ ਕੌਰ ਤੇ ਉੱਘੇ ਕਾਰੋਬਾਰੀ ਗੁਰਮੀਤ ਸਿੰਘ ਬੱਲ੍ਹੋ ਨੇ ਇਸ ਹੱਲਾਸ਼ੇਰੀ ਲਈ ਮੁੱਖ ਮੰਤਰੀ ਭਗਵੰਤ ਮਾਨ ਤੇ ਵਾਤਾਵਰਨ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦਾ ਉਚੇਚੇ ਤੌਰ ’ਤੇ ਧੰਨਵਾਦ ਕੀਤਾ ਤੇ ਪਿੰਡ ਵਿੱਚ ਲੱਡੂ ਵੀ ਵੰਡੇ।

Tuesday, September 28, 2021

                                               ਸਰਕਾਰੀ ਸੋਚ
                       ਭਗਤ ਸਿੰਘ ਯੁਵਾ ਐਵਾਰਡ ਲਈ ਫੰਡਾਂ ਦੀ ਤੋਟ..!
                                               ਚਰਨਜੀਤ ਭੁੱਲਰ    

ਚੰਡੀਗੜ੍ਹ : ਪੰਜਾਬ ਸਰਕਾਰ ਨੇ ਬੀਤੇ ਛੇ ਵਰ੍ਹਿਆਂ ਤੋਂ ਸ਼ਹੀਦ-ਏ-ਆਜ਼ਮ ਭਗਤ ਸਿੰਘ ਰਾਜ ਯੁਵਾ ਪੁਰਸਕਾਰ ਨਹੀਂ ਦਿੱਤਾ ਹੈ। ਪੰਜਾਬ ਦਾ ਇਹ ਇਕਲੌਤਾ ਐਵਾਰਡ ਹੈ, ਜੋ ਭਗਤ ਸਿੰਘ ਨੂੰ ਸਮਰਪਿਤ ਹੈ। ਦੋ ਵਰ੍ਹਿਆਂ ਤੋਂ ਸਰਕਾਰ ਨੇ ਇਸ ਪੁਰਸਕਾਰ ਲਈ ਦਰਖਾਸਤਾਂ ਲੈਣ ਦੀ ਲੋੜ ਵੀ ਨਹੀਂ ਸਮਝੀ। ਹਾਲਾਂਕਿ ਕੇਂਦਰ ਸਰਕਾਰ ਵੱਲੋਂ ਕੌਮੀ ਯੁਵਕ ਐਵਾਰਡ ਰੈਗੂਲਰ ਦਿੱਤਾ ਜਾ ਰਿਹਾ ਹੈ। ਭਲਕੇ 28 ਸਤੰਬਰ ਨੂੰ ਭਗਤ ਸਿੰਘ ਦਾ ਜਨਮ ਦਿਹਾੜਾ ਹੈ।ਪ੍ਰਾਪਤ ਵੇਰਵਿਆਂ ਅਨੁਸਾਰ ਕਰੀਬ ਦਸ ਵਰ੍ਹਿਆਂ ਤੋਂ ਇਹ ਰਾਜ ਯੁਵਾ ਪੁਰਸਕਾਰ ਕਦੇ ਵੀ ਸਮੇਂ ਸਿਰ ਨਹੀਂ ਦਿੱਤਾ ਗਿਆ। ਮੌਜੂਦਾ ਸਥਿਤੀ ਇਹ ਹੈ ਕਿ ਵਰ੍ਹਾ 2015-16 ਤੋਂ ਅੱਜ ਤੱਕ ਸ਼ਹੀਦ-ਏ-ਆਜ਼ਮ ਭਗਤ ਸਿੰਘ ਰਾਜ ਯੁਵਾ ਪੁਰਸਕਾਰ ਨਹੀਂ ਦਿੱਤਾ ਗਿਆ ਹੈ। 

         ਮੁੱਢਲੇ ਦੋ-ਤਿੰਨ ਵਰ੍ਹਿਆਂ ਵਿੱਚ ਪੁਰਸਕਾਰ ਲਈ ਨੌਜਵਾਨਾਂ ਨੇ ਅਰਜ਼ੀਆਂ ਵੀ ਭੇਜੀਆਂ ਸਨ ਪਰ ਪੰਜਾਬ ਸਰਕਾਰ ਕੋਲ ਪੁਰਸਕਾਰ ਲਈ ਚੋਣ ਕਰਨ ਦੀ ਵੀ ਵਿਹਲ ਨਹੀਂ ਹੈ। ਮਾਨਸਾ ਜ਼ਿਲ੍ਹੇ ਦੇ ਪਿੰਡ ਛਾਪਿਆਂ ਵਾਲੀ ਦੇ ਨੌਜਵਾਨ ਮਨੋਜ ਕੁਮਾਰ ਨੇ ਦੱਸਿਆ ਕਿ ਉਸ ਨੇ ਛੇ ਸਾਲ ਪਹਿਲਾਂ ਐਵਾਰਡ ਲਈ ਅਪਲਾਈ ਕੀਤਾ ਸੀ ਪਰ ਸਰਕਾਰ ਨੇ ਕੋਈ ਫ਼ੈਸਲਾ ਹੀ ਨਹੀਂ ਕੀਤਾ।ਵਿਧਾਨ ਅਨੁਸਾਰ ਹਰ ਜ਼ਿਲ੍ਹੇ ਵਿੱਚ ਵੱਧ ਤੋਂ ਵੱਧ ਦੋ ਨੌਜਵਾਨਾਂ ਨੂੰ ਰਾਜ ਯੁਵਾ ਪੁਰਸਕਾਰ ਦਿੱਤਾ ਜਾ ਸਕਦਾ ਹੈ। 15 ਤੋਂ 35 ਸਾਲ ਤੱਕ ਦਾ ਨੌਜਵਾਨ ਇਸ ਐਵਾਰਡ ਲਈ ਯੋਗ ਹੈ। ਯੁਵਕ ਸੇਵਾਵਾਂ ਵਿਭਾਗ ਵੱਲੋਂ ਪਹਿਲਾਂ ਹਰ ਵਰ੍ਹੇ ਅਖ਼ਬਾਰਾਂ ’ਚ ਜਨਤਕ ਨੋਟਿਸ ਜਾਰੀ ਕਰ ਕੇ ਇਸ ਪੁਰਸਕਾਰ ਲਈ ਅਰਜ਼ੀਆਂ ਦੀ ਮੰਗ ਕੀਤੀ ਜਾਂਦੀ ਸੀ। ਹੁਣ ਦੋ ਵਰ੍ਹਿਆਂ ਤੋਂ ਅਰਜ਼ੀਆਂ ਦੀ ਮੰਗ ਕਰਨੀ ਵੀ ਬੰਦ ਕਰ ਦਿੱਤੀ ਗਈ ਹੈ।

          ਇਸ ਯੁਵਾ ਪੁਰਸਕਾਰ ਤਹਿਤ 51 ਹਜ਼ਾਰ ਰੁਪਏ ਦੀ ਰਾਸ਼ੀ ਦਿੱਤੀ ਜਾਂਦੀ ਹੈ। ਵੱਧ ਤੋਂ ਵੱਧ ਐਵਾਰਡ ਵੀ ਦਿੱਤੇ ਜਾਣ ਤਾਂ ਵੀ ਸਰਕਾਰ ਨੂੰ ਸਿਰਫ਼ 23.46 ਲੱਖ ਰੁਪਏ ਦੇ ਸਾਲਾਨਾ ਬਜਟ ਦੀ ਲੋੜ ਹੈ। ਨਵੇਂ ਮੁੱਖ ਮੰਤਰੀ ਚਰਨਜੀਤ ਚੰਨੀ ਭਲਕੇ ਮੰਗਲਵਾਰ ਨੂੰ ਖਟਕੜ ਕਲਾਂ ਵਿੱਚ ਸ਼ਹੀਦ-ਏ-ਆਜ਼ਮ ਨੂੰ ਸਿਜਦਾ ਕਰਨ ਜਾ ਰਹੇ ਹਨ। ਨੌਜਵਾਨਾਂ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਚੰਨੀ ਨੂੰ ਪੁਰਾਣੇ ਐਵਾਰਡ ਕਲੀਅਰ ਕਰਨ ਦੇ ਨਾਲ ਹੀ ਐਵਾਰਡ ਰਾਸ਼ੀ ਵਧਾ ਕੇ ਇੱਕ ਲੱਖ ਰੁਪਏ ਕਰਨ ਦਾ ਐਲਾਨ ਕਰਨਾ ਚਾਹੀਦਾ ਹੈ। ਪੰਜਾਬ ਸਰਕਾਰ ਵੱਲੋਂ ਆਖ਼ਰੀ ਵਾਰ 23 ਮਾਰਚ 2017 ਨੂੰ ਯੁਵਾ ਪੁਰਸਕਾਰਾਂ ਦੀ ਵੰਡ ਕੀਤੀ ਗਈ ਸੀ, ਜੋ ਕਿ ਵਰ੍ਹਾ 2013-14 ਅਤੇ 2014-15 ਦੇ ਸਨ। ਉਸ ਤੋਂ ਪਹਿਲਾਂ 2012-13 ਵਿਚ ਇਹ ਪੁਰਸਕਾਰ ਦਿੱਤੇ ਗਏ ਸਨ।

          ਪੰਜਾਬ ਸਰਕਾਰ ਨੇ ਯੁਵਕ ਭਲਾਈ ਬੋਰਡ ਤਾਂ ਬਣਾਇਆ ਹੈ ਪਰ ਯੁਵਾ ਐਵਾਰਡ ਲਈ ਸਰਕਾਰ ਕੋਲ ਬਜਟ ਨਹੀਂ ਹੈ। ਸ਼ੁਰੂ ਵਿੱਚ ਇਸ ਐਵਾਰਡ ਦੀ ਰਾਸ਼ੀ ਸਿਰਫ਼ 10 ਹਜ਼ਾਰ ਰੁਪਏ ਹੁੰਦੀ ਸੀ। ਉਸ ਮਗਰੋਂ ਵਧਾ ਕੇ 21 ਹਜ਼ਾਰ ਕਰ ਦਿੱਤੀ ਗਈ ਸੀ। ਆਖ਼ਰੀ ਵਾਰ ਇਹ ਰਾਸ਼ੀ 51 ਹਜ਼ਾਰ ਕੀਤੀ ਗਈ। ਯੁਵਕ ਸੇਵਾਵਾਂ ਵਿਭਾਗ ਦੇ ਡਾਇਰੈਕਟਰ ਡੀਪੀਐਸ ਖਰਬੰਦਾ ਨੇ ਦੱਸਿਆ ਕਿ ਯੁਵਾ ਪੁਰਸਕਾਰ ਬਾਰੇ ਰਿਕਾਰਡ ਦੇਖ ਕੇ ਹੀ ਕੁਝ ਦੱਸਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਉਤਸ਼ਾਹਿਤ ਕਰਨ ਲਈ ਵਿਭਾਗ ਵੱਲੋਂ ਲਗਾਤਾਰ ਉਪਰਾਲੇ ਕੀਤੇ ਜਾਂਦੇ ਹਨ। ਦਿਲਚਸਪ ਗੱਲ ਇਹ ਹੈ ਕਿ ਵਿਭਾਗ ਦੇ ਮੁੱਖ ਦਫ਼ਤਰ ਜਾਂ ਕਿਸੇ ਜ਼ਿਲ੍ਹਾ ਅਧਿਕਾਰੀ ਨੂੰ ਵੀ ਇਹ ਚੇਤਾ ਵੀ ਨਹੀਂ ਹੈ ਕਿ ਆਖ਼ਰੀ ਪੁਰਸਕਾਰ ਕਦੋਂ ਦਿੱਤੇ ਗਏ ਸਨ।

                                 ਸ਼ਹੀਦ ਭਗਤ ਸਿੰਘ ਰੁਜ਼ਗਾਰ ਯੋਜਨਾ ਵੀ ਹੋਈ ਫੇਲ੍ਹ

ਕਾਂਗਰਸ ਸਰਕਾਰ ਵੱਲੋਂ ਵਰ੍ਹਾ 2015-17 ਵਿੱਚ ਐਲਾਨੀ ਗਈ ‘ਸ਼ਹੀਦ ਭਗਤ ਸਿੰਘ ਰੁਜ਼ਗਾਰ ਸਿਰਜਣ ਯੋਜਨਾ’ ਵੀ ਫਾਈਲਾਂ ਦਾ ਸ਼ਿੰਗਾਰ ਬਣ ਕੇ ਹੀ ਰਹਿ ਗਈ। ਇਸ ਸਕੀਮ ਤਹਿਤ ਇੱਕ ਲੱਖ ਨੌਜਵਾਨਾਂ ਨੂੰ ਰੁਜ਼ਗਾਰ ਦਿੱਤਾ ਜਾਣਾ ਸੀ ਅਤੇ ਨੌਜਵਾਨਾਂ ਨੂੰ ਆਪਣਾ ਰੁਜ਼ਗਾਰ ਸ਼ੁਰੂ ਕਰਨ ਵਾਸਤੇ ਬੈਂਕ ਲੋਨ ਦੇ ਵਿਆਜ਼ ਦੀ ਭਰਪਾਈ ਵਿੱਚ ਵਿੱਤੀ ਮਦਦ ਕੀਤੀ ਜਾਣੀ ਸੀ। ਇਸ ਵਾਸਤੇ ਪਹਿਲੇ ਵਰ੍ਹੇ 150 ਕਰੋੜ ਦੀ ਬਜਟ ਵਿਚ ਵਿਵਸਥਾ ਕੀਤੀ ਗਈ ਪਰ ਇਸ ਸਕੀਮ ’ਤੇ ਸਾਢੇ ਚਾਰ ਸਾਲਾਂ ਤੋਂ ਕੋਈ ਪੈਸਾ ਖ਼ਰਚ ਨਹੀਂ ਕੀਤਾ ਗਿਆ ਹੈ। ਸਰਕਾਰ ਅਨੁਸਾਰ ਸਕੀਮ ਲਈ ਪੈਸੇ ਦਾ ਪ੍ਰਬੰਧ ਨਹੀਂ ਹੋ ਸਕਿਆ ਹੈ।

Monday, May 1, 2017

                                       ਨਾਗਪੁਰੀ ਏਜੰਡਾ
            ਕੌਮੀ ਪੁਰਸਕਾਰਾਂ 'ਤੇ ਭਗਵਾਂ ਰੰਗ ਚਾੜਿਆ
                                      ਚਰਨਜੀਤ ਭੁੱਲਰ
ਬਠਿੰਡਾ : ਮੋਦੀ ਸਰਕਾਰ ਨੇ ਕੌਮੀ ਪੁਰਸਕਾਰਾਂ 'ਤੇ ਵੀ ਭਗਵਾਂ ਰੰਗ ਚਾੜ ਦਿੱਤਾ ਹੈ ਜਿਸ ਦਾ ਪੰਜਾਬ ਸਰਕਾਰ ਨੇ ਵਿਰੋਧ ਕੀਤਾ ਹੈ। ਪੰਚਾਇਤੀ ਰਾਜ ਮੰਤਰਾਲੇ ਤਰਫ਼ੋਂ ਜੋ ਹਾਲ 'ਚ ਹੀ ਕੌਮੀ ਪੁਰਸਕਾਰ ਦਿੱਤੇ ਗਏ ਹਨ, ਉਨ•ਾਂ ਪੁਰਸਕਾਰਾਂ ਦਾ ਨਾਮ ਭਾਰਤੀ ਜਨ ਸੰਘ ਦੇ ਮਰਹੂਮ ਪ੍ਰਧਾਨ ਤੇ ਪ੍ਰਚਾਰਕ ਦੀਨ ਦਿਆਲ ਉਪਾਧਿਆਏ ਅਤੇ ਜਨ ਸੰਘ ਦੇ ਪ੍ਰਚਾਰ ਨਾਨਾ ਜੀ ਦੇਸ਼ਮੁਖ ਦੇ ਨਾਮ 'ਤੇ ਰੱਖ ਦਿੱਤਾ ਗਿਆ ਹੈ। ਲਖਨਊ ਵਿਚ 24 ਅਪਰੈਲ ਨੂੰ 'ਪੰਚਾਇਤ ਸਸ਼ਕਤੀਕਰਨ ਪੁਰਸਕਾਰ' ਅਤੇ 'ਰਾਸ਼ਟਰੀਆ ਗੌਰਵ ਗਰਾਮ ਸਭਾ ਪੁਰਸਕਾਰ' ਦਿੱਤੇ ਗਏ ਹਨ। ਪੰਚਾਇਤਾਂ ਦੀ ਹੌਸਲਾ ਅਫਜਾਈ ਲਈ ਦੇਸ਼ ਭਰ ਵਿਚ ਇਹ ਕੌਮੀ ਪੁਰਸਕਾਰ ਹਰ ਵਰੇ• ਦਿੱਤੇ ਜਾਂਦੇ ਹਨ। ਦੇਸ਼ ਭਰ 'ਚ ਚੰਗੀ ਕਾਰਗੁਜ਼ਾਰੀ ਦਿਖਾਉਣ ਵਾਲਿਆਂ ਨੂੰ ਕਰੀਬ 900 ਕੌਮੀ ਪੁਰਸਕਾਰ ਦਿੱਤੇ ਗਏ ਹਨ। ਕੌਮੀ ਸਮਾਗਮਾਂ 'ਚ ਪੰਜਾਬ ਨੂੰ 10 ਕੌਮੀ ਪੁਰਸਕਾਰ ਦਿੱਤੇ ਗਏ ਹਨ ਜਦੋਂ ਕਿ ਕੁੱਲ 25 ਪੁਰਸਕਾਰ ਸਨ। ਇਨ•ਾਂ ਪੁਰਸਕਾਰਾਂ ਤੋਂ ਪਤਾ ਲੱਗਾ ਹੈ ਕਿ ਕੇਂਦਰ ਸਰਕਾਰ ਨੇ ਕੌਮੀ ਪੁਰਸਕਾਰਾਂ ਦਾ ਨਾਮਕਰਨ ਆਰਐਸਐਸ ਪ੍ਰਚਾਰਕਾਂ ਦੇ ਨਾਮ ਤੇ ਕਰ ਦਿੱਤਾ ਗਿਆ ਹੈ। ਹੁਣ ਇਨ•ਾਂ ਪੁਰਸਕਾਰਾਂ ਦਾ ਨਾਮ 'ਦੀਨ ਦਿਆਲ ਉਪਾਧਿਆਏ ਪੰਚਾਇਤ ਸਸ਼ਕਤੀਕਰਨ ਪੁਰਸਕਾਰ' ਅਤੇ 'ਨਾਨਾ ਜੀ ਦੇਸ਼ਮੁਖ ਰਾਸ਼ਟਰੀਆਂ ਗੌਰਵ ਗਰਾਮ ਸਭਾ ਪੁਰਸਕਾਰ' ਹੋ ਗਿਆ ਹੈ।
                        ਇਨ•ਾਂ ਪੁਰਸਕਾਰਾਂ 'ਤੇ ਭਾਰਤੀਆ ਜਨ ਸੰਘ ਦੇ ਮਰਹੂਮ ਪ੍ਰਧਾਨ ਦੀਨ ਦਿਆਲ ਉਪਾਧਿਆਏ  ਅਤੇ ਨਾਨਾ ਜੀ ਦੇਸ਼ਮੁਖ ਦੀ ਤਸਵੀਰ ਵੀ ਛਾਪੀ ਗਈ ਹੈ। ਤਕਰੀਬਨ ਸਰਪੰਚ ਹੀ ਇਨ•ਾਂ ਸ਼ਖਸੀਅਤਾਂ ਤੋਂ ਬੇਖ਼ਬਰ ਸਨ। ਜਦੋਂ ਕਿ ਪਿਛਲੇ ਵਰਿ•ਆਂ ਵਿਚ ਇਹ ਇਨ•ਾਂ ਪੁਰਸਕਾਰਾਂ ਦਾ ਨਾਮ ਕਿਸੇ ਸ਼ਖਸੀਅਤ ਨਾਲ ਨਹੀਂ ਜੁੜਦਾ ਸੀ। ਭਾਜਪਾ ਵਲੋਂ ਭਾਰਤੀ ਜਨ ਸੰਘ ਦੇ ਦੂਸਰੇ ਪ੍ਰਧਾਨ ਦੀਨ ਦਿਆਲ ਉਪਾਧਿਆਏ ਦੀ 25 ਸਤੰਬਰ 2016 ਤੋਂ 25 ਸਤੰਬਰ 2017 ਤੱਕ ਜਨਮ ਸ਼ਤਾਬਦੀ ਮਨਾਈ ਜਾ ਰਹੀ ਹੈ ਅਤੇ ਇਹ ਐਵਾਰਡ ਵੀ ਉਸੇ ਸ਼ਤਾਬਦੀ ਪ੍ਰੋਗਰਾਮਾਂ ਵਜੋਂ ਸਮਰਪਿਤ ਕੀਤੇ ਗਏ ਹਨ। ਪੰਚਾਇਤੀ ਰਾਜ ਮੰਤਰਾਲੇ ਦੇ ਸੰਯੁਕਤ ਸਕੱਤਰ ਡਾ.ਡੀ.ਕੇ.ਸ਼ਰਮਾ ਤਰਫ਼ੋਂ 7 ਅਪਰੈਲ 2017 ਨੂੰ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਪੰਜਾਬ ਦੇ ਪ੍ਰਮੁੱਖ ਸਕੱਤਰ ਨੂੰ ਜੋ ਪੱਤਰ ਭੇਜਿਆ ਗਿਆ ਸੀ, ਉਨ•ਾਂ 'ਚ ਸਿਰਫ਼ 'ਪੰਚਾਇਤ ਸਸ਼ਕਤੀਕਰਨ ਪੁਰਸਕਾਰ' ਅਤੇ 'ਰਾਸ਼ਟਰੀਆ ਗੌਰਵ ਗਰਾਮ ਸਭਾ ਪੁਰਸਕਾਰ' ਦਾ ਜ਼ਿਕਰ ਹੀ ਕੀਤਾ ਗਿਆ ਸੀ। ਲਖਨਊ ਵਿਚ ਜੋ ਪੁਰਸਕਾਰ ਦਿੱਤੇ ਗਏ ਹਨ, ਉਹ ਆਰ.ਐਸ.ਐਸ ਪ੍ਰਚਾਰਕ ਮਰਹੂਮ ਦੀਨ ਦਿਆਲ ਉਪਾਧਿਆਏ ਅਤੇ ਨਾਨਾ ਜੀ ਦੇਸ਼ਮੁਖ ਦੇ ਨਾਮ 'ਤੇ ਹਨ ਜਿਨ•ਾਂ ਤੇ ਉਨ•ਾਂ ਦੀ ਤਸਵੀਰ ਵੀ ਛਪੀ ਹੋਈ ਹੈ।
                        ਮਾਨਸਾ ਜ਼ਿਲ•ੇ ਦੇ ਪਿੰਡ ਤਾਮਕੋਟ ਦੇ ਸਰਪੰਚ ਰਣਜੀਤ ਸਿੰਘ ਨੂੰ ਐਤਕੀਂ ਚੌਥੀ ਦਫਾ ਕੌਮੀ ਪੁਰਸਕਾਰ ਮਿਲਿਆ ਹੈ। ਸਰਪੰਚ ਰਣਜੀਤ ਸਿੰਘ ਦਾ ਕਹਿਣਾ ਸੀ ਕਿ ਕੇਂਦਰ ਸਰਕਾਰ ਨੇ ਐਤਕੀਂ ਪੁਰਸਕਾਰਾਂ ਦਾ ਭਗਵਾਂਕਰਨ ਕਰ ਦਿੱਤਾ ਹੈ ਜਦੋਂ ਕਿ ਉਸ ਨੂੰ ਪਿਛਲੇ ਵਰਿ•ਆਂ ਵਿਚ ਮਿਲੇ ਕੌਮੀ ਐਵਾਰਡ ਇਸ ਤੋਂ ਨਿਰਲੇਪ ਸਨ। ਉਨ•ਾਂ ਆਖਿਆ ਕਿ ਪੁਰਸਕਾਰ ਨੂੰ ਕਿਸੇ ਕੱਟੜ ਸੋਚ ਨਾਲ ਨਹੀਂ ਜੋੜਿਆ ਜਾਣਾ ਚਾਹੀਦਾ ਹੈ। ਭਾਜਪਾ ਯੁਵਾ ਮੋਰਚਾ ਦੇ ਸਾਬਕਾ ਸੂਬਾ ਪ੍ਰਧਾਨ ਅਤੇ ਮੌਜੂਦਾ ਜ਼ਿਲ•ਾ ਪ੍ਰਧਾਨ ਮੋਹਿਤ ਗੁਪਤਾ ਦਾ ਕਹਿਣਾ ਸੀ ਕਿ ਪੰਡਿਤ ਦੀਨ ਦਿਆਲ ਉਪਾਧਿਆਏ ਉਚ ਵਿਚਾਰਧਾਰਾ ਦੇ ਮਾਲਕ ਸਨ ਜਿਨ•ਾਂ ਨੇ ਪੂਰਾ ਜੀਵਨ ਪਿੰਡਾਂ ਦੇ ਜੀਵਨ ਪੱਧਰ ਨੂੰ ਉਚਾ ਚੁੱਕਣ ਤੇ ਲਾ ਦਿੱਤਾ ਅਤੇ ਹਮੇਸ਼ਾ ਗਰੀਬੀ ਰੇਖਾ ਤੋਂ ਹੇਠਾਂ ਵਸਦੇ ਤਬਕੇ ਦੀ ਗੱਲ ਕੀਤੀ। ਨਾਨਾ ਜੀ ਦੇਸ਼ਮੁਖ ਨੇ ਸਮਾਜ ਸੇਵਾ ਖਾਤਰ ਕੇਂਦਰੀ ਮੰਤਰੀ ਦਾ ਅਹੁਦਾ ਠੁਕਰਾ ਦਿੱਤਾ ਸੀ। ਉਨ•ਾਂ ਦੇ ਨਾਮ 'ਤੇ ਐਵਾਰਡ ਦਾ ਨਾਮ ਰੱਖਣਾ ਹਰ ਪੱਖੋਂ ਜਾਇਜ਼ ਹਨ ਕਿਉਂਕਿ ਉਨ•ਾਂ ਦੇਸ਼ ਦੀ ਤਰੱਕੀ ਵਿਚ ਵੱਡਾ ਯੋਗਦਾਨ ਪਾਇਆ ਹੈ।
                                             ਸਿਆਸੀ ਪੁੱਠ ਨਾ ਚਾੜੋ• : ਬਾਜਵਾ
ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦਾ ਕਹਿਣਾ ਸੀ ਕਿ ਕੇਂਦਰ ਸਰਕਾਰ ਕੌਮੀ ਗੌਰਵ ਵਾਲੇ ਪੁਰਸਕਾਰਾਂ ਨੂੰ ਭਾਜਪਾਈ ਪੁੱਠ ਚਾੜ ਰਹੀ ਹੈ ਜੋ ਬਿਲਕੁਲ ਗਲਤ ਹੈ। ਉਨ•ਾਂ ਆਖਿਆ ਕਿ ਕੌਮੀ ਪੁਰਸਕਾਰ ਤਾਂ ਦੇਸ਼ ਦੀਆਂ ਮਹਾਨ ਸ਼ਖਸੀਅਤਾਂ ਦੇ ਨਾਮ ਤੇ ਹੋਣੇ ਚਾਹੀਦੇ ਹਨ। ਉਨ•ਾਂ ਆਖਿਆ ਕਿ ਪੰਚਾਇਤਾਂ ਨੂੰ ਦਿੱਤੇ ਜਾਣ ਵਾਲੇ ਕੌਮੀ ਪੁਰਸਕਾਰ ਵੀ ਆਰਐਸਐਸ ਪ੍ਰਚਾਰਕ ਦੇ ਨਾਮ ਤੇ ਦਿੱਤੇ ਗਏ ਹਨ ਜੋ ਕਿਸੇ ਪੱਖੋਂ ਠੀਕ ਨਹੀਂ ਹੈ ਅਤੇ ਉਹ ਇਸ ਦਾ ਡਟਵਾਂ ਵਿਰੋਧ ਕਰਦੇ ਹਨ।

Wednesday, March 23, 2016

                                ਯਾਦ ਕਰੋ ਕੁਰਬਾਨੀ  
   ਭਗਤ ਸਿੰਘ ਪੁਰਸਕਾਰ ਲਈ ਖ਼ਜ਼ਾਨਾ ਖਾਲੀ
                                   ਚਰਨਜੀਤ ਭੁੱਲਰ
ਬਠਿੰਡਾ  : ਪੰਜਾਬ ਸਰਕਾਰ ਦਾ ਖ਼ਜ਼ਾਨਾ ਸ਼ਹੀਦੇ ਆਜ਼ਮ ਭਗਤ ਸਿੰਘ ਰਾਜ ਯੁਵਾ ਪੁਰਸਕਾਰ ਲਈ ਖਾਲੀ ਹੈ। ਰਾਜ ਯੁਵਾ ਪੁਰਸਕਾਰ ਦੇਣ ਲਈ ਸਲਾਨਾ ਸਿਰਫ਼ 8.80 ਲੱਖ ਰੁਪਏ ਦੇ ਫੰਡਾਂ ਦੀ ਲੋੜ ਹੈ ਪ੍ਰੰਤੂ ਸਰਕਾਰੀ ਖ਼ਜ਼ਾਨੇ ਚੋਂ ਏਨੀ ਰਾਸ਼ੀ ਵੀ ਰਲੀਜ਼ ਨਹੀਂ ਹੋ ਸਕੀ ਹੈ। ਤਿੰਨ ਵਰਿ•ਆਂ ਤੋਂ ਪੰਜਾਬ ਦੇ ਨੌਜਵਾਨਾਂ ਨੂੰ ਇਹ ਪੁਰਸਕਾਰ ਨਹੀਂ ਦਿੱਤਾ ਗਿਆ ਹੈ। ਪੰਜਾਬ ਸਰਕਾਰ ਦਾ ਇਹ ਇਕਲੌਤਾ ਪੁਰਸਕਾਰ ਹੈ ਜੋ ਸ਼ਹੀਦੇ ਆਜ਼ਮ ਭਗਤ ਸਿੰਘ ਨੂੰ ਸਮਰਪਿਤ ਹੈ। ਪੰਜਾਬ ਸਰਕਾਰ ਵਲੋਂ ਨੌਜਵਾਨਾਂ ਦੀ ਭਲਾਈ ਦੇ ਦਮਗਜੇ ਮਾਰੇ ਜਾ ਰਹੇ ਹਨ ਪ੍ਰੰਤੂ ਅਵਾਰਡਾਂ ਲਈ ਰਾਸ਼ੀ ਜਾਰੀ ਨਹੀਂ ਕੀਤੀ ਗਈ ਹੈ। ਆਖਰੀ ਸਮੇਂ ਸਰਕਾਰ ਨੇ ਸਾਲ 2012-13 ਵਿਚ ਇਹ ਪੁਰਸਕਾਰ ਮੋਹਾਲੀ ਵਿਚ ਦਿੱਤੇ ਸਨ। ਵੇਰਵਿਆਂ ਅਨੁਸਾਰ ਤਿੰਨ ਵਰਿ•ਆਂ ਤੋਂ ਯੁਵਾ ਪੁਰਸਕਾਰ ਦਿੱਤੇ ਨਹੀਂ ਗਏ ਹਨ ਜਦੋਂ ਕਿ ਹਰ ਜ਼ਿਲ•ੇ ਚੋਂ ਯੋਗ ਉਮੀਦਵਾਰਾਂ ਦੀਆਂ ਦਰਖਾਸਤਾਂ ਮੁੱਖ ਦਫ਼ਤਰ ਭੇਜੀਆਂ ਹੋਈਆਂ ਹਨ। ਪੰਜਾਬ ਸਰਕਾਰ ਵਲੋਂ ਇਸ ਅਵਾਰਡ ਵਿਚ 20 ਹਜ਼ਾਰ ਰੁਪਏ ਦੀ ਨਗਦ ਰਾਸ਼ੀ ਦਿੱਤੀ ਜਾਂਦੀ ਹੈ। ਹਰ ਜ਼ਿਲ•ੇ ਚੋਂ ਵੱਧ ਤੋਂ ਵੱਧ ਦੋ ਨੌਜਵਾਨਾਂ ਦੇ ਨਾਵਾਂ ਦੀ ਸਿਫਾਰਸ਼ ਮੁੱਖ ਦਫ਼ਤਰ ਨੂੰ ਭੇਜੀ ਜਾਂਦੀ ਹੈ।
                    ਪੰਜਾਬ ਸਰਕਾਰ ਵਲੋਂ ਸਾਲ 2015-16 ਦੇ ਬਜਟ ਵਿਚ ਫੈਸਟੀਵਲ, ਕੈਂਪਾਂ ਅਤੇ ਅਵਾਰਡ ਲਈ ਢਾਈ ਕਰੋੜ ਦਾ ਬਜਟ ਰੱਖਿਆ ਸੀ ਪ੍ਰੰਤੂ ਇਸ ਦੇ ਬਿੱਲ ਖ਼ਜ਼ਾਨੇ ਵਿਚ ਫਸੇ ਹੋਏ ਹਨ। ਕਈ ਵਰਿ•ਆਂ ਤੋਂ ਨੌਜਵਾਨਾਂ ਨੂੰ ਇਹ ਅਵਾਰਡ ਕਦੇ ਵੀ ਸਮੇਂ ਸਿਰ ਨਹੀਂ ਮਿਲਿਆ ਹੈ। ਇਹ ਯੁਵਾ ਪੁਰਸਕਾਰ ਉਨ•ਾਂ ਨੌਜਵਾਨਾਂ ਨੂੰ ਦਿੱਤਾ ਜਾਂਦਾ ਹੈ ਜਿਨ•ਾਂ ਦਾ ਸਮਾਜ ਪ੍ਰਤੀ ਵਡਮੁੱਲਾ ਯੋਗਦਾਨ ਪਾਉਂਦੇ ਹਨ। ਵਿਭਾਗ ਨੇ ਸਾਲ 2013-14 ਅਤੇ ਸਾਲ 2014-15 ਦੇ ਅਵਾਰਡ ਹਾਲੇ ਨਹੀਂ ਦਿੱਤੇ ਹਨ ਅਤੇ ਚਾਲੂ ਮਾਲੀ ਵਰ•ੇ ਦੇ ਅਵਾਰਡ ਵੀ ਪੈਂਡਿੰਗ ਹੋ ਗਏ ਹਨ। ਆਮ ਆਦਮੀ ਪਾਰਟੀ ਦੇ ਪ੍ਰਧਾਨ ਸੁੱਚਾ ਸਿੰਘ ਛੋਟੇਪੁਰ ਦਾ ਕਹਿਣਾ ਸੀ ਕਿ ਪੰਜਾਬ ਸਰਕਾਰ ਸ਼ਹੀਦਾਂ ਪ੍ਰਤੀ ਸੰਜੀਦਾ ਹੁੰਦੀ ਤਾਂ ਅਵਾਰਡ ਹਰ ਵਰੇ• ਦਿੱਤਾ ਜਾਂਦਾ। ਉਨ•ਾਂ ਆਖਿਆ ਕਿ ਸਰਕਾਰ ਵੀ.ਆਈ.ਪੀਜ਼ ਦੇ ਕਰੋੜਾਂ ਦੇ ਖਰਚੇ ਹਰ ਵਰੇ• ਚੁੱਕਦੀ ਹੈ ਪ੍ਰੰਤੂ ਅਵਾਰਡ ਦਾ ਖਰਚਾ ਚੁੱਕਣ ਵਾਸਤੇ ਸਰਕਾਰ ਕੋਲ ਫੰਡ ਨਹੀਂ ਹਨ। ਕੌਮੀ ਪੁਰਸਕਾਰ ਵਿਜੇਤਾ ਸਰਬਜੀਤ ਸਿੰਘ ਜੇਠੂਕੇ ਦਾ ਕਹਿਣਾ  ਸੀ ਕਿ ਯੁਵਾ ਪੁਰਸਕਾਰ ਵਿਚ ਮਾਮੂਲੀ ਰਾਸ਼ੀ ਦੀ ਵਿਵਸਥਾ ਕੀਤੀ ਹੋਈ ਹੈ। ਉਨ•ਾਂ ਆਖਿਆ ਕਿ ਸਰਕਾਰ ਨੇ ਇਸ ਰਾਸ਼ੀ ਵਿਚ ਵਾਧਾ ਤਾਂ ਕੀ ਕਰਨਾ ਸੀ ਬਲਕਿ ਅਵਾਰਡ ਵੀ ਸਮੇਂ ਸਿਰ ਨਹੀਂ ਦੇ ਰਹੀ ਹੈ।
                    ਪੰਜਾਬ ਵਿਚ ਐਨ.ਐਸ.ਐਸ ਦੇ ਦੋ ਲੱਖ ਵਲੰਟੀਅਰ ਹਨ ਜਿਨ•ਾਂ ਦੇ ਕੈਂਪ ਆਦਿ ਵੀ ਫੰਡਾਂ ਦੀ ਕਮੀ ਕਰਕੇ ਬੰਦ ਪਏ ਹਨ। ਸਰਕਾਰ ਨੌਜਵਾਨਾਂ ਪ੍ਰਤੀ ਮੋਹ ਦਾ ਦਿਖਾਵਾ ਤਾਂ ਕਰ ਰਹੀ ਹੈ ਪ੍ਰੰਤੂ ਫੰਡ ਜਾਰੀ ਨਹੀਂ ਕਰ ਰਹੀ ਹੈ। ਇਨ•ਾਂ ਕੈਂਪਾਂ ਵਾਸਤੇ ਕਰੀਬ 7.13 ਕਰੋੜ ਦੇ ਸਲਾਨਾ ਫੰਡ ਹੁੰਦੇ ਹਨ ਜਿਨ•ਾਂ ਵਿਚ 4.16 ਕਰੋੜ ਦਾ ਕੇਂਦਰੀ ਹਿੱਸਾ ਹੁੰਦਾ ਹੈ। ਰਾਜ ਸਰਕਾਰ ਵਲੋਂ ਹਿੱਸੇਦਾਰੀ ਨਾ ਪਾਏ ਜਾਣ ਕਰਕੇ ਕੇਂਦਰੀ ਹਿੱਸਾ ਵੀ ਕੈਂਪਾਂ ਵਾਸਤੇ ਜਾਰੀ ਨਹੀਂ ਹੋ ਸਕਿਆ ਹੈ। ਯੁਵਕ ਸੇਵਾਵਾਂ ਵਿਭਾਗ ਦੀ ਡਾਇਰੈਕਟਰ ਹਿਰਦੇਪਾਲ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪ੍ਰੰਤੂ ਸੰਪਰਕ ਨਹੀਂ ਹੋ ਸਕਿਆ। ਜਦੋਂ ਕਿ ਮੁੱਖ ਸੰਸਦੀ ਸਕੱਤਰ(ਯੁਵਕ ਸੇਵਾਵਾਂ ਵਿਭਾਗ) ਪਵਨ ਕੁਮਾਰ ਟੀਨੂੰ ਦਾ ਕਹਿਣਾ ਸੀ ਕਿ ਉਨ•ਾਂ ਦੇ ਅਜਿਹਾ ਨੋਟਿਸ ਵਿਚ ਨਹੀਂ ਹੈ ਅਤੇ ਫੰਡਾਂ ਦਾ ਵੀ ਕੋਈ ਅੜਿੱਕਾ ਨਹੀਂ ਹੈ।
                                  ਚਾਰ ਵਰਿ•ਆਂ ਮਗਰੋਂ ਹੋਈਆਂ ਸ਼ਹੀਦ ਭਗਤ ਸਿੰਘ ਖੇਡਾਂ
ਪੰਜਾਬ ਸਰਕਾਰ ਵਲੋਂ ਸਾਲ 2010-11 ਵਿਚ ਸ਼ਹੀਦੇ ਆਜ਼ਮ ਭਗਤ ਸਿੰਘ ਖੇਡਾਂ ਦੀ ਸੁਰੂਆਤ ਕੀਤੀ ਸੀ। ਮਾਰਚ 2011 ਵਿਚ ਜਲੰਧਰ ਵਿਚ ਇਨ•ਾਂ ਖੇਡਾਂ ਦੇ ਹੋਏ ਸਮਾਪਤੀ ਸਮਾਰੋਹਾਂ ਤੇ ਬਾਲੀਵੁੱਡ ਅਦਾਕਾਰ ਧਰਮਿੰਦਰ,ਸੰਨ•ੀ ਦਿਉਲ ਤੇ ਬੌਬੀ ਦਿਉੁਲ ਪੁੱਜੇ ਸਨ। ਉਦੋਂ ਇਨ•ਾਂ ਖੇਡਾਂ ਦਾ ਬਜਟ 7.17 ਕਰੋੜ ਰੱਖਿਆ ਸੀ। ਉਸ ਮਗਰੋਂ ਹੀ ਫਰਵਰੀ 2012 ਵਿਚ ਅਸੈਂਬਲੀ ਚੋਣਾਂ ਸਨ। ਮੁੜ ਗਠਜੋੜ ਦੀ ਸਰਕਾਰ ਬਣਨ ਮਗਰੋਂ ਇਹ ਖੇਡਾਂ ਕਰਾਉਣਾ ਸਰਕਾਰ ਭੁੱਲ ਗਈ। ਚਾਰ ਵਰੇ• ਇਹ ਖੇਡਾਂ ਸ਼ੁਰੂ ਹੀ ਨਹੀਂ ਹੋਈਆਂ ਅਤੇ ਹੁਣ ਚਾਰ ਵਰਿ•ਆਂ ਮਗਰੋਂ ਸਰਕਾਰ ਨੇ ਫਰਵਰੀ 2016 ਵਿਚ ਇਹ ਖੇਡਾਂ ਕਰਾਈਆਂ ਹਨ। ਖੇਡ ਵਿਭਾਗ ਦੇ ਸੀਨੀਅਰ ਅਧਿਕਾਰੀ ਰੁਪਿੰਦਰ ਸਿੰਘ ਨੇ ਦੱਸਿਆ ਕਿ ਐਤਕੀਂ ਇਨ•ਾਂ ਖੇਡਾਂ ਵਾਸਤੇ ਸੱਤ ਕਰੋੜ ਤੋਂ ਜਿਆਦਾ ਦੇ ਫੰਡ ਖਰਚ ਕੀਤੇ ਗਏ ਹਨ ਜਿਨ•ਾਂ ਵਿਚ ਤਿੰਨ ਕਰੋੜ ਦੇ ਇਕੱਲੀ ਇਨਾਮੀ ਰਾਸ਼ੀ ਹੈ।