Friday, April 24, 2020

                                                         ਕੌਣ ਹੋਇਆ ਫੇਲ੍ਹ 
                                 ਤਾਲਾਬੰਦੀ ’ਚ ਪੌਣੇ ਪੰਜ ਲੱਖ ਪੰਜਾਬੀ ਖੁੱਲ੍ਹੇ
                                                          ਚਰਨਜੀਤ ਭੁੱਲਰ
ਚੰਡੀਗੜ੍ਹ : ਪੰਜਾਬ ਕਰੋਨਾ ਆਫ਼ਤ ਦੌਰਾਨ ਪੂਰੀ ਤਰ੍ਹਾਂ ਕਰਫਿਊ ਪਾਸਾਂ ਦੇ ਗੇੜ ਵਿਚ ਫਸ ਗਿਆ ਹੈ। ਲੋੜਵੰਦ ਇਨ੍ਹਾਂ ਪਾਸਾਂ ਲਈ ਲੇਲ੍ਹੜੀਆਂ ਕੱਢ ਰਹੇ ਹਨ ਜਦੋਂ ਕਿ ਸਿਫਾਰਸ਼ੀ ਲੋਕਾਂ ਨੂੰ ਮੌਜ ਲੱਗੀ ਹੈ। ਕਾਨੂੰਨੀ ਜ਼ਾਬਤਾ ਵੀ ਜਰੂਰੀ ਹੈ ਪ੍ਰੰਤੂ ਇਸ ਕੁੜਿੱਕੀ ਵਿਚ ਲੋੜਵੰਦਾਂ ਨੂੰ ਪਾਸ ਨਾ ਦੇਣੇ ਵੀ ਜਿਆਦਤੀ ਜਾਪਦੀ ਹੈ। ਕਰਫਿਊ ਪਾਸਾਂ ਲਈ ਦਿੱਤੀਆਂ ਅਰਜ਼ੀਆਂ ਚੋਂ 80 ਫੀਸਦੀ ਰੱਦ ਹੋ ਰਹੀਆਂ ਹਨ। ਚੱਕੀ ਦੇ ਪੁੜਾਂ ਵਿਚ ਸਭ ਤੋਂ ਵੱਧ ਮਰੀਜ਼ ਅਤੇ ਗਰੀਬ ਲੋਕ ਪਿਸ ਰਹੇ ਹਨ।ਪੰਜਾਬ ਵਿਚ 22 ਮਾਰਚ ਤੋਂ ਲੌਕਡਾਊਨ ਸ਼ੁਰੂ ਹੋਇਆ ਸੀ ਅਤੇ ਕਰਫਿਊ ਲਗਾਤਾਰ ਜਾਰੀ ਹੈ। ਵੇਰਵਿਆਂ ਅਨੁਸਾਰ 21 ਅਪਰੈਲ ਤੱਕ ਪੰਜਾਬ ਭਰ ਵਿਚ ਕਰੀਬ 23.53 ਲੱਖ ਲੋਕਾਂ ਨੇ ਕਰਫਿਊ ਪਾਸ ਲਈ ਅਰਜ਼ੀਆਂ ਦਿੱਤੀਆਂ ਸਨ ਜਿਨ੍ਹਾਂ ਚੋਂ 4.70 ਲੱਖ ਲੋਕਾਂ ਨੂੰ ਕਰਫਿਊ ਪਾਸ ਜਾਰੀ ਹੋਇਆ ਹੈ। ਇਨ੍ਹਾਂ ਚੋਂ ਕਰੀਬ 2.90 ਲੱਖ ਆਨ ਲਾਈਨ ਈ-ਪਾਸ ਜਾਰੀ ਕੀਤੇ ਗਏ ਹਨ। ਬਹੁਤੇ ਲੋਕਾਂ ਨੂੰ ਪਾਸ ਨਾ ਮਿਲਣ ਕਰਕੇ ਮਾਲੀ ਨੁਕਸਾਨ ਵੀ ਝੱਲਣੇ ਪਏ ਹਨ। ਸ਼ਹੀਦ ਮੱਖ ਪਾਲਕ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਨਰਪਿੰਦਰ ਸਿੰਘ ਧਾਲੀਵਾਲ ਆਖਦੇ ਹਨ ਕਿ ਮੱਖੀ ਪਾਲਕਾਂ ਦੇ ਬਕਸੇ ਹਰਿਆਣਾ ਤੇ ਰਾਜਸਥਾਨ ਵਿਚ ਪਏ ਸਨ ਪ੍ਰੰਤੂ ਪ੍ਰਸ਼ਾਸਨ ਤਰਫ਼ੋਂ ਚੋਣਵੇਂ ਪਾਸ ਹੀ ਜਾਰੀ ਕੀਤੇ ਗਏ ਹਨ ਜਿਸ ਕਰਕੇ ਸੈਂਕੜੇ ਮੱਖੀ ਪਾਲਕਾਂ ਦਾ ਰਾਜਸਥਾਨ ਵਿਚ ਸ਼ਹਿਦ ਖਰਾਬ ਹੋ ਰਿਹਾ ਹੈ।
       ਪਿੰਡ ਰਾਮਨਵਾਸ (ਬਠਿੰਡਾ) ਦੇ ਸੁਖਦੀਪ ਸਿੰਘ ਨੂੰ ਪਾਸ ਲਈ ਖੱਜਲ ਹੋਣਾ ਪਿਆ ਹੈ ਜਿਸ ਦੇ ਬਕਸੇ ਰਾਜਸਥਾਨ ਵਿਚ ਪਏ ਹਨ। ਮੱਖੀ ਪਾਲਕ ਆਖਦੇ ਹਨ ਕਿ ਗਰਮੀ ਹੋਣ ਕਰੇ ਸ਼ਹਿਦ ਦਾ ਖ਼ਰਾਬਾ ਹੋ ਰਿਹਾ ਹੈ। ਇਵੇਂ ਵੱਡੀ ਸੱਟ ਕੈਂਸਰ ਮਰੀਜ਼ਾਂ ਨੂੰ ਵੱਜ ਰਹੀ ਹੈ। ਬਠਿੰਡਾ ਜ਼ਿਲ੍ਹੇ ਦੇ ਨਾਜ਼ਰ ਸਿੰਘ ਨੇ ਦੱਸਿਆ ਕਿ ਉਸ ਦੀ ਪਤਨੀ ਕੈਂਸਰ ਤੋਂ ਪੀੜਤ ਹੈ ਅਤੇ ਉਸ ਨੇ ਪੀ.ਜੀ.ਆਈ ਲੈ ਕੇ ਜਾਣਾ ਸੀ ਪ੍ਰੰਤੂ ਉਸ ਨੂੰ ਪੰਜ ਵਾਰ ਅਪਲਾਈ ਕਰਨ ਮਗਰੋਂ ਕਰਫਿਊ ਪਾਸ ਮਿਲਿਆ। ਦੱਸਣਯੋਗ ਹੈ ਕਿ ਈ-ਪਾਸ ਜਾਰੀ ਕਰਨ ਦੇ ਅਧਿਕਾਰ ਜ਼ਿਲ੍ਹਾ ਪ੍ਰਸ਼ਾਸਨ ਕੋਲ ਹਨ ਪ੍ਰੰਤੂ ਮੁਹਾਲੀ ਜ਼ਿਲ੍ਹੇ ਵਿਚ ਐਸ.ਐਸ.ਪੀ ਅਤੇ ਇੱਕ ਥਾਣੇਦਾਰ ਨੇ ਹੀ ਕਰਫਿਊ ਪਾਸ ਜਾਰੀ ਕੀਤੇ ਹਨ। ਇਵੇਂ ਹੀ ਰੁਜ਼ਗਾਰ ਵਿਭਾਗ ਪੰਜਾਬ ਦੀ ਇੱਕ ਮਹਿਲਾ ਅਧਿਕਾਰੀ ਕਰਫਿਊ ਪਾਸ ਜਾਰੀ ਕਰ ਰਹੀ ਹੈ। ਸੂਤਰ ਦੱਸਦੇ ਹਨ ਕਿ ਸਰਕਾਰ ਤਰਫ਼ੋਂ ਏਦਾਂ ਦਾ ਕੋਈ ਅਧਿਕਾਰ ਨਹੀਂ ਦਿੱਤਾ ਗਿਆ ਹੈ। ਵੇਰਵਿਆਂ ਅਨੁਸਾਰ ਪੰਜਾਬ ’ਚ ਸਭ ਤੋਂ ਵੱਧ ਜ਼ਿਲ੍ਹਾ ਲੁਧਿਆਣਾ ਵਿਚ 1.18 ਲੱਖ ਕਰਫਿਊ ਪਾਸ ਜਾਰੀ ਹੋਏ ਹਨ ਜਦੋਂ ਕਿ ਜਲੰਧਰ ਜ਼ਿਲ੍ਹੇ ਵਿਚ 51,882 ਕਰਫਿਊ ਪਾਸ ਜਾਰੀ ਹੋਏ ਹਨ। ਅੰਮ੍ਰਿਤਸਰ ਜ਼ਿਲ੍ਹੇ ਵਿਚ 46,867 ਕਰਫਿਊ ਪਾਸ ਜਾਰੀ ਹੋਏ ਹਨ। ਸਭ ਤੋਂ ਘੱਟ ਜ਼ਿਲ੍ਹਾ ਫਰੀਦਕੋਟ ਵਿਚ 4176 ਕਰਫਿਊ ਪਾਸ ਜਾਰੀ ਹੋਏ ਹਨ।
               ਸਰਕਾਰੀ ਪੱਖ ਹੈ ਕਿ ਬਹੁਤੇ ਲੋਕ ਬਿਨਾਂ ਗੱਲੋਂ ਹੀ ਰਿਸ਼ਤੇਦਾਰਾਂ ਕੋਲ ਆਉਣ ਜਾਣ ਵਾਸਤੇ ਕਰਫਿਊ ਪਾਸ ਵਾਸਤੇ ਅਪਲਾਈ ਕਰ ਰਹੇ ਹਨ। ਅਗਰ ਪਾਸ ਦੇਣ ਵਿਚ ਢਿੱਲ ਵਰਤੀ ਤਾਂ ਫਿਰ ਕਰਫਿਊ ਦਾ ਕੋਈ ਮਕਸਦ ਨਹੀਂ ਰਹਿ ਜਾਣਾ ਹੈ। ਇਹ ਵੀ ਦੱਸਿਆ ਕਿ ਬਹੁਤੇ ਲੋਕ ਵਿਧਾਇਕਾਂ ਅਤੇ ਵਜ਼ੀਰਾਂ ਤੋਂ ਵੀ ਸਿਫਾਰਸ਼ ਲਗਵਾ ਰਹੇ ਹਨ। ਪੰਜਾਬ ਦੇ ‘ਕੋਵਿਡ-19 ਕੰਟਰੋਲ ਰੂਮ’ ਦੇ ਇੰਚਾਰਜ ਸੀਨੀਅਰ ਅਧਿਕਾਰੀ ਸ੍ਰੀ ਰਾਹੁਲ ਤਿਵਾੜੀ ਦਾ ਕਹਿਣਾ ਸੀ ਕਿ ਮੈਡੀਕਲ ਐਮਰਜੈਂਸੀ ਅਤੇ ਜ਼ਰੂਰੀ ਸੇਵਾਵਾਂ ਦੀ ਕੈਟਾਗਿਰੀ ਵਿਚ ਕਰਫਿਊ ਪਾਸ ਦੇਣ ਵਿਚ ਕੋਈ ਢਿੱਲ ਨਹੀਂ ਵਰਤੀ ਜਾਂਦੀ ਹੈ ਪ੍ਰੰਤੂ ਜੋ ਅਰਜ਼ੀਆਂ ਬਿਨਾਂ ਖਾਸ ਲੋੜ ਤੋਂ ਆਉਂਦੀਆਂ ਹਨ, ਉਹੀ ਹੀ ਰੱਦ ਕੀਤੀਆਂ ਜਾਂਦੀਆਂ ਸਨ। ਉਨ੍ਹਾਂ ਦੱਸਿਆ ਕਿ ਡਿਪਟੀ ਕਮਿਸ਼ਨਰਾਂ ਵੱਲੋਂ ਆਪਣੇ ਪੱਧਰ ’ਤੇ ਪਾਸ ਜਾਰੀ ਕਰਨ ਦੇ ਫੈਸਲੇ ਲਏ ਜਾਂਦੇ ਹਨ।


No comments:

Post a Comment