Wednesday, April 15, 2020

                       ਕਰੋਨਾ ਦਾ ਭੈਅ 
 ਰਾਤਾਂ ਨੂੰ ਡਰ-ਡਰ ਉੱਠਣ ਲੱਗੇ ਪੰਜਾਬੀ
                       ਚਰਨਜੀਤ ਭੁੱਲਰ
ਚੰਡੀਗੜ੍ਹ : ਆਲਮੀ ਮਹਾਮਾਰੀ ਦੇ ਭੈਅ ਨੇ ਪੰਜਾਬ ਦੇ ਲੋਕਾਂ ਦੀ ਨੀਂਦ ਉੱਡਾ ਦਿੱਤੀ ਹੈ। ਬਿਮਾਰੀ ਦਾ ਖ਼ੌਫ ਤੇ ਉਪਰੋਂ ਤਾਲਾਬੰਦੀ ਦੀ ਜਕੜ ਨੇ ਲੋਕਾਂ ’ਚ ਮਾਨਸਿਕ ਤਣਾਅ ਵਧਾ ਦਿੱਤਾ ਹੈ। ਮਨੋਰੋਗ ਮਾਹਿਰਾਂ ਕੋਲ ਹਫਤੇ ਤੋਂ ਡਿਪਰੈਸ਼ਨ ਦੇ ਮਰੀਜ਼ਾਂ ਦੀ ਗਿਣਤੀ ਵਧੀ ਹੈ। ਕਾਰੋਬਾਰੀ ਲੋਕ ਸਨਅਤਾਂ ਨੂੰ ਜਿੰਦਰੇ ਵੱਜਣ ਕਰਕੇ ਬੇਚੈਨ ਹੋ ਗਏ ਹਨ। ਦਿਹਾੜੀਦਾਰ ਕੰਮਾਂ ਤੋਂ ਵਿਹਲੇ ਹੋਣ ਕਰਕੇ ਪ੍ਰੇਸ਼ਾਨ ਹਨ। ਵੱਡੀ ਗੱਲ ਇਹ ਹੈ ਕਿ ਬਹੁਤੇ ਲੋਕਾਂ ਨੂੰ ਵਹਿਮ ਹੋ ਗਿਆ ਹੈ ਕਿ ਕਿਤੇ ਉਨ੍ਹਾਂ ਨੂੰ ਕਰੋਨਾ ਤਾਂ ਨਹੀਂ ਹੋ ਗਿਆ।ਵੇਰਵਿਆਂ ਅਨੁਸਾਰ ਬਹੁਤੇ ਲੋਕ ਰਾਤਾਂ ਜਾਗ ਕੇ ਕੱਢਣ ਲੱਗੇ ਹਨ। ਰਾਤ ਨੂੰ ਨੀਂਦ ਹੀ ਨਹੀਂ ਆਉਂਦੀ। ਹੁਸ਼ਿਆਰਪੁਰ ਦੇ ਪ੍ਰਾਈਵੇਟ ਨਿਊ ਸੈਣੀ ਹਸਪਤਾਲ ਵਿਚ ਗੁਰਦਾਸਪੁਰ ਤੋਂ ਅੱਜ ਦੋ ਨਵੇਂ ਮਰੀਜ਼ ਆਏ ਜਿਨ੍ਹਾਂ ਨੂੰ ਤਾਲਾਬੰਦੀ ਮਗਰੋ ਮਰਜ਼ ਵਧ ਗਈ ਸੀ। ਹਸਪਤਾਲ ਦੇ ਮਨੋਰੋਗਾਂ ਦੇ ਮਾਹਿਰ ਡਾ. ਬਲਜੀਤ ਸਿੰਘ ਸੈਣੀ ਨੇ ਦੱਸਿਆ ਕਿ ਰੋਜ਼ਾਨਾ ਦਰਜਨਾਂ ਨਵੇਂ ਮਰੀਜ਼ ਅਜਿਹੇ ਆ ਰਹੇ ਹਨ ਜਿਨ੍ਹਾਂ ’ਚ ਕਰੋਨਾ ਤੇ ਕਰਫਿਊ ਕਰਕੇ ਮਾਨਸਿਕ ਤਣਾਓ ਬਣਿਆ ਹੋਇਆ ਹੈ। ਉਨ੍ਹਾਂ ਦੱਸਿਆ ਕਿ ਵਾਰ ਵਾਰ ਇੱਕੋ ਗੱਲ ਸੋਚਣ ਅਤੇ ਵਾਰ ਵਾਰ ਹੱਥ ਧੋਣ ਵਾਲੇ ਮਰੀਜ਼ ਵੀ ਵਧੇ ਹਨ। ਇਸ ਹਸਪਤਾਲ ਵਿਚ ਰੋਜ਼ਾਨਾ ਅੌਸਤਨ 70 ਤੋਂ 80 ਮਰੀਜ਼ ਪੁੱਜ ਰਹੇ ਹਨ।
        ਬਰਨਾਲਾ ਦੇ ਪਿੰਡ ਢਿੱਲਵਾਂ ਦੇ ਬਲਦੇਵ ਸਿੰਘ ਢਿਲੋਂ ਨੇ ਦੱਸਿਆ ਕਿ ਪਿੰਡ ਦੇ ਕਾਫ਼ੀ ਬੱਚੇ ਵਿਦੇਸ਼ ਸਟੱਡੀ ਵੀਜ਼ੇ ’ਤੇ ਗਏ ਹਨ ਜਿਨ੍ਹਾਂ ਦੇ ਮਾਪੇ ਹੁਣ ਕਰੋਨਾ ਵਾਇਰਸ ਕਰਕੇ ਚਿੰਤਾ ਵਿਚ ਹਨ। ਪਤਾ ਲੱਗਾ ਹੈ ਕਿ ਇੱਕ ਪਰਿਵਾਰ ਨੇ ਜ਼ਮੀਨ ਵੇਚ ਕੇ ਲੜਕੀ ਨੂੰ ਵਿਦੇਸ਼ ਭੇਜਿਆ ਸੀ ਜਿਸ ਕੋਲੋਂ ਵਿਦੇਸ਼ ਵਿਚ ਕੰਮ ਖੁਸ ਗਿਆ ਹੈ। ਉਸ ਦੇ ਮਾਪੇ ਮਾਨਸਿਕ ਤਣਾਓ ਵਿਚ ਆ ਗਏ ਹਨ। ਜਲੰਧਰ ਦੇ ਸਿਵਲ ਹਸਪਤਾਲ ਵਿਚ ਡਿਪਰੈਸ਼ਨ ਦੇ ਮਰੀਜ਼ਾਂ ਦੀ ਗਿਣਤੀ ਵਧੀ ਹੈ। ਡਾ. ਅਮਨ ਸੂਦ ਨੇ ਦੱਸਿਆ ਕਿ ਤਣਾਓ ਦੇ ਮਰੀਜ਼ ਜਿਆਦਾ ਵਧੇ ਹਨ ਅਤੇ ਬਹੁਤੇ ਫੋਨ ’ਤੇ ਸਲਾਹ ਮਸ਼ਵਰਾ ਵੀ ਲੈ ਰਹੇ ਹਨ। ਸੂਤਰਾਂ ਨੇ ਦੱਸਿਆ ਕਿ ਜਲੰਧਰ ਦੇ ਕਈ ਕਾਰੋਬਾਰੀ ਵੀ ਦਵਾਈ ਖਾਣ ਲੱਗੇ ਹਨ।ਲੁਧਿਆਣਾ ਦੇ ਸਿਵਲ ਹਸਪਤਾਲ ਵਿਚ ਘਬਰਾਹਟ ਅਤੇ ਚਿੰਤਾ ਵਾਲੇ ਮਰੀਜ਼ ਆ ਰਹੇ ਹਨ। ਹਸਪਤਾਲ ਦੇ ਮਨੋਰੋਗ ਵਿਭਾਗ ਦੇ ਡਾ.ਵਿਵੇਕ ਗੋਇਲ ਨੇ ਦੱਸਿਆ ਕਿ ਰੋਜ਼ਾਨਾ 10 ਤੋਂ 12 ਮਰੀਜ਼ ਨਵੇਂ ਆ ਰਹੇ ਹਨ ਜਿਨ੍ਹਾਂ ਦੀ ਸ਼ਿਕਾਇਤ ਹੁੰਦੀ ਹੈ ਕਿ ਰਾਤ ਨੂੰ ਨੀਂਦ ਨਹੀਂ ਆਉਂਦੀ ਅਤੇ ਘਬਰਾਹਟ ਹੁੰਦੀ ਰਹਿੰਦੀ ਹੈ।
                 ਫਿਰੋਜ਼ਪੁਰ ਦੇ ਪਿੰਡ ਸ਼ੇਖ ਖਾਂ ਦੇ ਦਲਵਿੰਦਰ ਸਿੰਘ ਨੇ ਦੱਸਿਆ ਕਿ ਲੋਕਾਂ ’ਚ ਕਰੋਨਾ ਕਰਕੇ ਇੱਥੋਂ ਤੱਕ ਵਹਿਮ ਬਣ ਗਿਆ ਹੈ ਕਿ ਲੋਕ ਗੁਰੂ ਘਰਾਂ ਵਿਚ ਵੀ ਖੜ੍ਹੇ ਖੜੇ੍ਹ ਮੱਥਾ ਟੇਕਣ ਲੱਗੇ ਹਨ।ਸਿਵਲ ਹਸਪਤਾਲ ਬਠਿੰਡਾ ਦੇ ਡਾ.ਅਰੁਣ ਬਾਂਸਲ ਨੇ ਵੀ ਪੁਸ਼ਟੀ ਕੀਤੀ ਕਿ ਏਦਾਂ ਦੇ ਮਰੀਜ਼ ਆਉਣ ਲੱਗੇ ਹਨ ਜੋ ਆਖਦੇ ਹਨ ਕਿ ਉਨ੍ਹਾਂ ਨੂੰ ਕਰੋਨਾ ਹੋਣ ਦਾ ਵਹਿਮ ਹੋ ਗਿਆ ਹੈ। ਕਈ ਮਾਪੇ ਦਵਾਈ ਲੈ ਕੇ ਗਏ ਹਨ ਜਿਨ੍ਹਾਂ ਦੇ ਬੱਚੇ ਵਿਦੇਸ਼ ਪੜ੍ਹਨ ਗਏ ਹੋਏ ਹਨ। ਜੋ ਪੁਰਾਣੇ ਮਰੀਜ਼ ਡਿਪਰੈਸ਼ਨ ਦੇ ਸਨ, ਉਨ੍ਹਾਂ ਵਿਚ ਵੀ ਫਿਕਰਮੰਦੀ ਵਧੀ ਹੋਈ ਹੈ। ਇਸੇ ਤਰ੍ਹਾਂ ਮੋਗਾ ਦੇ ਸਿਵਲ ਹਸਪਤਾਲ ਵਿਚ ਵੀ ਤਣਾਓ ਵਾਲੇ ਕੇਸਾਂ ਦੀ ਮਰੀਜ਼ਾਂ ਦੀ ਗਿਣਤੀ ਵਧਣ ਲੱਗੀ ਹੈ। ਇਸ ਹਸਪਤਾਲ ਦੇ ਡਾ.ਚਰਨਪ੍ਰੀਤ ਸਿੰਘ ਦਾ ਕਹਿਣਾ ਸੀ ਕਿ ਉਦਾਸੀ ਤੇ ਘਬਰਾਹਟ ਵਾਲੇ ਮਰੀਜ਼ ਆ ਰਹੇ ਹਨ ਜੋ ਭਵਿੱਖ ਨੂੰ ਲੈ ਕੇ ਫਿਕਰਮੰਦ ਹਨ। ਪਤਾ ਲੱਗਾ ਹੈ ਕਿ ਸ਼ਹਿਰਾਂ ਵਿਚ ਤਾਂ ਲੋਕ ਘਰਾਂ ਵਿਚ ਯੋਗਾ ਤੇ ਮੈਡੀਟੇਸ਼ਨ ਵਗੈਰਾ ਵੀ ਹੁਣ ਕਰਨ ਲੱਗੇ ਹਨ ਤਾਂ ਜੋ ਤਣਾਓ ਨੂੰ ਘਟਾਇਆ ਜਾ ਸਕੇ।
       ਮੁਹਾਲੀ ਦੇ ਫੋਰਟਿਸ ਹਸਪਤਾਲ ਦੇ ਮਨੋਰੋਗ ਵਿਭਾਗ ਦੇ ਡਾ. ਹਰਦੀਪ ਸਿੰਘ ਦਾ ਪ੍ਰਤੀਕਰਮ ਸੀ ਕਿ ਆਉਂਦੇ ਸਮੇਂ ਵਿਚ ਮਾਨਸਿਕ ਰੋਗਾਂ ਦਾ ਉਬਾਲ ਸਾਹਮਣੇ ਆਏਗਾ ਕਿਉਂਕਿ ਫਿਲਹਾਲ ਲੋਕ ਇਸ ਮਾਹੌਲ ਨੂੰ ਝੱਲ ਰਹੇ ਹਨ। ਜਿਥੇ ਲੋਕਾਂ ’ਚ ਵਹਿਮ ਵਧਣ ਦਾ ਖਦਸ਼ਾ ਹੈ, ਉਥੇ ਸਕੂਲੀ ਬੱਚਿਆਂ ਨੂੰ ਵੀ ਮੁੜ ਪੁਰਾਣੇ ਰੌਂਅ ’ਚ ਲਿਆਉਣ ਲਈ ਵੀ ਵਕਤ ਲੱਗੇਗਾ। ਦੱਸਣਯੋਗ ਹੈ ਕਿ ਜੋ ਕਰੋਨਾ ਪੀੜਤਾਂ ਦੇ ਸਕੇ ਸਬੰਧੀ ਹਨ,ਉਨ੍ਹਾਂ ਦੀ ਕੌਂਸਲਿੰਗ ਕਰਨ ਵਾਸਤੇ ਵੀ ਸਿਹਤ ਵਿਭਾਗ ਨੇ ਹਦਾਇਤਾਂ ਜਾਰੀ ਕੀਤੀਆਂ ਹਨ। ਫਰੀਦਕੋਟ ਦੇ ਸਰਕਾਰੀ ਹਸਪਤਾਲ ਵਿਚ 55 ਵਰ੍ਹਿਆਂ ਦੀ ਇੱਕ ਮਹਿਲਾ ਇਲਾਜ ਲਈ ਪੁੱਜੀ ਜਿਸ ਨੂੰ ਕਰੋਨਾ ਦਾ ਵਹਿਮ ਹੋ ਗਿਆ ਸੀ। ਮੁਕੇਰੀਆਂ ਨੇੜਲੇ ਪਿੰਡ ਪੁਰਾਣਾ ਭੁਗਾਲਾ ਦੇ ਆਗੂ ਓਂਕਾਰ ਸਿੰਘ ਦਾ ਕਹਿਣਾ ਸੀ ਕਿ ਗਰੀਬ ਤਬਕਾ ਮਾਨਸਿਕ ਪੀੜਾ ਚੋਂ ਗੁਜ਼ਰ ਰਿਹਾ ਹੈ ਜਿਨ੍ਹਾਂ ਤੋਂ ਕੰਮ ਖੁਸ ਗਿਆ ਹੈ ਅਤੇ ਉਪਰੋਂ ਰਾਸ਼ਨ ਲਈ ਬਿਗਾਨੇ ਹੱਥਾਂ ਵੱਲ ਵੇਖਣਾ ਪੈਂਦਾ ਹੈ। ਸੂਤਰ ਆਖਦੇ ਹਨ ਕਿ ਨੀਂਦ ਤੇ ਘਬਰਾਹਟ ਦੀ ਮੈਡੀਸਨ ਦੀ ਖਪਤ ਵਧ ਗਈ ਹੈ। ਵੱਡੀ ਤਸਵੀਰ ਕਰਫਿਊ ਖੁੱਲ੍ਹਣ ਮਗਰੋਂ ਸਾਹਮਣੇ ਆਵੇਗੀ।


No comments:

Post a Comment