Showing posts with label Hate. Show all posts
Showing posts with label Hate. Show all posts

Sunday, April 12, 2020

                         ਵਿਚਲੀ ਗੱਲ
              ਵਸਦਾ ਰਹੇ ਇਹ ਪਿੰਡ..!
                         ਚਰਨਜੀਤ ਭੁੱਲਰ
ਚੰਡੀਗੜ੍ਹ : ਜਦੋਂ ਇਮਾਨ ਕਰੰਡ ਹੋ ਜਾਏ। ਮਨ ਦਾ ਸ਼ੀਸ਼ਾ ਮੈਲਖੋਰਾ ਹੋ ਜਾਏ। ਕੀੜਾ ਸੋਚ ਨੂੰ ਲੱਗ ਜਾਏ। ਮਨੁੱਖ ’ਚੋਂ ਛਲੇਡੇ ਦਾ ਝਉਲਾ ਪਵੇ। ਤਹਿਜ਼ੀਬੀ ਲੋਗੜ ਭੰਬੂ ਬਣ ਉੱਡੇ। ਵਿਹੜਾ ਪਟਮੇਲੀ ਮੱਲ ਲਵੇ। ਰੂਹਾਂ ਦੇ ਸਿਰਨਾਵੇਂ ਉਦੋਂ ਲਿਖਣੇ ਪੈਂਦੇ ਨੇ। ਸੁੱਤੀ ਕਲਾ ਨੂੰ ਉਠਾਉਣਾ ਪੈਂਦੈ। ਧੁਰ ਦਰਗਾਹੋਂ ਇੱਕ ਤ੍ਰਿਪਤ ਰੂਹ ਬੋਲੀ ਹੈ। ਦਾਸ ਨੂੰ ਦਸੌਂਧੀ ਰਾਮ ਆਖਦੇ ਨੇ। ਪਟਿਆਲੇ ਵਾਲੇ ‘ਬੀਰਜੀ’ ਆਖ ਸੱਦਦੇ। ਲਾਵਾਰਸ ਲਾਸ਼ਾਂ ਦਾ ਵਾਰਸ ਬਣਿਆ। ਉਮਰ ਉਦੋਂ ‘ਬੀਰਜੀ’ ਦੀ ਮਸਾਂ 16 ਕੁ ਵਰ੍ਹੇ ਸੀ। ਸੜਕ ਕੰਢੇ ਪਈ ਲਾਸ਼ ਵੇਖੀ। ਸਭ ਨੱਕ ਵਲ੍ਹੇਟ ਲੰਘੀ ਜਾਣ। ਦਸੌਂਧੀ ਰਾਮ ਦੇ ਪੈਰ ਰੁਕ ਗਏ। ਰੇਹੜੀ ’ਤੇ ਲਾਸ਼ ਰੱਖੀ। ਸਿਵਿਆਂ ’ਚ ਲੈ ਗਿਆ। ਬੱਸ ਫਿਰ ਤਾਉਮਰ ਲਾਵਾਰਸ਼ ਲਾਸਾਂ ਢੋਂਦਾ ਰਿਹਾ। ਦਸੌਂਧੀ ਰਾਮ ਸਰਕਾਰੀ ਮੁਲਾਜ਼ਮ ਸੀ। ਜਹਾਨੋਂ ਤੁਰੇ ਨੂੰ ਚਾਲੀ ਸਾਲ ਬੀਤ ਚੱਲੇ ਨੇ। ਬਰਾਤ ਤਿਆਰ ਬਰ ਤਿਆਰ ਸੀ। ਲਾੜਾ ਸਿਵੇ ’ਚ ਕਿਸੇ ਲਾਸ਼ ਦੀ ਮਿੱਟੀ ਸਮੇਟ ਰਿਹਾ ਸੀ। ਜਿੰਨਾ ਸਮਾਂ ‘ਬੀਰਜੀ’ ’ਚ ਸਾਹ ਚੱਲੇ। ਮਜ਼ਾਲ ਐ ਕੋਈ ਲਾਸ਼ ਰੁਲੀ ਹੋਵੇ। ਮਹਾਰਾਜਾ ਯਾਦਵਿੰਦਰ ਸਿੰਘ ਦਾ ਮਹਿਲ ‘ਬੀਰਜੀ’ ਲਈ ਚੌਵੀ ਘੰਟੇ ਖੁੱਲ੍ਹਾ ਸੀ। ਮੁੱਖ ਮੰਤਰੀ ਹੁੰਦਿਆਂ ਕੇਰਾਂ ਗਿਆਨੀ ਜ਼ੈਲ ਸਿੰਘ ਪਟਿਆਲੇ ਆਏ। ਉਨ੍ਹਾਂ ‘ਬੀਰਜੀ’ ਦੇ ਪੈਰੀਂ ਹੱਥ ਲਾਏ। ਤੁੱਛ ਭੇਟਾ ਕਬੂਲ ਕਰੋ, ਆਖ ਗਿਆਰਾਂ ਹਜ਼ਾਰ ਰੁਪਏ ਦਿੱਤੇ। ਭਲਾ ਬੰਦਾ ਸੀ, ਜਿਥੋਂ ਦਸੌਂਧੀ ਰਾਮ ਲੰਘਦਾ। ਪੁਰਸ਼ ਹੱਥ ਜੋੜ ਖਲੋ ਜਾਂਦੇ। ਅੌਰਤਾਂ ਸਿਰ ਢਕ ਲੈਂਦੀਆਂ। ਖ਼ਬਰ ਛਪੀ, ‘ਬੀਰਜੀ ਨਹੀਂ ਰਹੇ’। ਅਰਥੀ ਪਿਛੇ ’ਕੱਠ ਕਿੰਨਾ ਸੀ। ਕਿਸੇ ਪੁਰਾਣੇ ਬੰਦੇ ਨੂੰ ਪੁੱਛਿਓ।
                 ਤਪਾ ਮੰਡੀ ਦਾ ਅਮਰ ਚਾਚਾ। ਮਰ ਕੇ ਵੀ ਅਮਰ ਹੋ ਗਿਆ। ਜੁਗੜੇ ਬੀਤ ਗਏ ਨੇ, ਅਲਵਿਦਾ ਆਖੇ ਨੂੰ। ਕਿਸੇ ਘਰ ਅੱਗ ’ਚ ਬੱਚਾ ਫਸ ਗਿਆ। ਸਲਾਮਤ ਕੱਢ ਲਿਆਇਐ। ਚਾਚੇ ਨੇ ਅੱਖਾਂ ਸਾੜ ਲਈਆਂ। ਕਿਸੇ ਘਰ ਖੁਸ਼ੀ ਹੁੰਦੀ, ਤਾਂ ਅੱਗੇ, ਗਮੀ ਹੁੰਦੇ ਤਾਂ ਅੱਗੇ। ਜਦੋਂ ਪਲੇਗ ਪਈ ਸੀ। ਅਰਥੀ ਥੱਕ ਗਈ, ਚਾਚਾ ਨਾ ਥੱਕਿਆ। ਕੋਈ ਅਲਾਮਤ ਆਉਂਦੀ, ਚਾਚੇ ਨੂੰ ਵਾਜ ਪੈਂਦੀ। ਜ਼ਿੰਦਗੀ ਭਰ ਇਕੱਲਤਾ ਭੋਗੀ। ਤੀਆਂ ਤੋਂ ਮੁੜਦੀਆਂ ਕੁੜੀਆਂ, ਚਾਚੇ ਦੇ ਪੈਰੀਂ ਹੱਥ ਲਾਉਂਦੀਆਂ। ਬਠਿੰਡੇ ਵਾਲਾ ਚਾਚਾ ਵੀ ਘੱਟ ਨਹੀਂ। ਫੁੱਟਪਾਥ ’ਤੇ ਬੈਠਦੈ। ਚਾਚਾ ਵਿਜੇ ਗੋਇਲ। ਕਿਤੋਂ ਲਾਵਾਰਸ ਮਿਲ ਜਾਏ, ਖੁਦ ਸਿਰਾਂ ’ਚੋਂ ਕੀੜੇ ਕੱਢਣ ਬੈਠ ਜਾਂਦੈ। ਸਸਕਾਰ ਕਿੰਨੇ ਕਰਤੇ, ਕੋਈ ਹਿਸਾਬ ਨਹੀਂ। ਏਡਜ਼ ਪੀੜਤ ਬੱਚੀ ਮਿਲ ਗਈ। ਏਹ ਚਾਚਾ ਘਰ ਲੈ ਆਇਆ। ਧੀ ਰਾਣੀ ਬਣਾ ਲਈ। ਸਾਬਕਾ ਮੰਤਰੀ ਬਾਬੂ ਚਿਰੰਜੀ ਲਾਲ ਗਰਗ। ਇੱਕੋ ਗੱਲੋਂ ਮਸ਼ਹੂਰ ਨੇ। ਗਲੀ ਮੁਹੱਲੇ, ਸੜਕ ਦੁਆਲੇ, ਕੋਈ ਅਰਥੀ ਜਾ ਰਹੀ ਹੋਵੇ। ਬਾਬੂ ਅਰਥੀ ਪਿੱਛੇ ਤੁਰ ਪੈਂਦੈ। ਫਿਰ ਸਸਕਾਰ ਕਰਾ ਕੇ ਮੁੜਦੈ। ਕਹਾਣੀਕਾਰ ਗੁਰਬਚਨ ਭੁੱਲਰ ਪਤੈ, ਕੀ ਆਖਦੈ। ‘ਭਾਈ ਉਦੋਂ ਭਲੇ ਲੋਕ ਸਨ, ਕੱਚੇ ਦੁੱਧ ਵਰਗੇ।’ ਦਿੱਲੀ ਵਾਲੇ ਭੁੱਲਰ ਕੀ ਜਾਣਨ। ਦੁੱਧ ਤਾਂ ਹੁਣ ਕਦੋਂ ਦਾ ਉਬਲਿਐ। ਕਰੋਨਾ ਨੇ ਭਾਂਬੜ ਬਾਲਿਐ। ਜ਼ਿੰਦਗੀ ਕੜ੍ਹਣ ਲੱਗੀ ਹੈ। ਵਿਸ਼ਵ ’ਚ ਲੱਖ ਬੰਦਾ ਸੁਆਹ ਹੋਇਐ। ਕੋਈ ਦੇਸ਼ ਨਹੀਂ ਬਚਿਆ। ਪੰਜਾਬ ਕਿਥੋਂ ਬਚਣਾ ਸੀ। ਗੁਰੂ ਘੰਟਾਲ ’ਕੱਲਾ ਨਹੀਂ ਆਉਂਦਾ। ਕੁੜਮ ਕਬੀਲਾ ਵੀ ਨਾਲ ਲਿਆਉਂਦੈ।
               ਖੂਨ ਕਿੰਨਾ ਬਦਰੰਗ ਹੋਇਐ। ਕਰੋਨਾ ਤੋਂ ਵੱਡੀ ਮਹਾਮਾਰੀ ਹੈ। ਆਹ ਦਿਲਾਂ ਦੀ ਦੂਰੀ ਤੇ ਈਰਖਾ ਦੀ ਘੂਰੀ। ਨਫ਼ਰਤੀ ਵਾਇਰਸ, ਹੁਣ ਗੁੱਥੋ ਗੁੱਥੀ ਹੋ ਰਿਹਾ। ਰੂਹ ਸ਼ਿਵ ਕੁਮਾਰ ਬਟਾਲਵੀ ਦੀ। ਕਿਵੇਂ ਹਾੜ੍ਹੇ ਕੱਢ ਰਹੀ ਹੈ। ‘ਹਾੜ੍ਹਾ ਜੇ ਅਕਲਾਂ ਵਾਲਿਓ..!’ ਮੁੰਬਈ ’ਚ ਮਣੀਪੁਰੀ ਕੁੜੀ ’ਤੇ ਥੁੱਕ ਦਿੱਤਾ। ਅਖੇ ਤੂੰ ਤਾਂ ਕਰੋਨਾ ਹੈ। ਜੀਂਦ ਨੇੜੇ ਮੁਸਲਿਮ ਭਰਾ ਕੁੱਟ ਦਿੱਤੇ। ਅਖੇ ਤੁਸੀਂ ਦੀਵੇ ਕਿਉਂ ਨਹੀਂ ਬਾਲੇ। ਭੜਕੀ ਭੀੜ ਨੇ ਦਿੱਲੀ ’ਚ ਮੁੰਡਾ ਢਾਹ ਲਿਆ। ਅਖੇ ਆਫ਼ਤ ਤੂੰ ਲਿਆਂਦੀ ਐ। ਮੁਹੱਲੇ ’ਚੋਂ ਸਬਜ਼ੀ ਵਾਲੇ ਭਜਾ ਦਿੱਤੇ। ਅਖੇ ਤੁਸੀਂ ਮੁਸਲਿਮ ਹੋ। ‘ਪੱਥਰ ਕੂਲੇ ਹੋਣ ਤਾਂ ਗਿੱਦੜ ਹੀ ਚੱਟ ਜਾਣ’। ਏਹ ਸੋਚ ਤਾਂ ਕਰੋਨਾ ਤੋਂ ਵੀ ਭੈੜੀ ਹੈ। ਅਫ਼ਸੋਸ, ਦਿਲਾਂ ’ਚ ਜ਼ਹਿਰ ਘੁਲੀ ਹੈ। ਕਰਫਿਊ ਮਗਰੋਂ ਮੌਸਮ ਰੰਗਾਂ ’ਚ ਆਇਐ। ਪੰਜਾਬ ’ਚ ’ਕੱਲਾ ਪਾਣੀ ਨਹੀਂ, ਸੋਚ ਉਸ ਤੋਂ ਵੀ ਹੇਠਾਂ ਡਿੱਗੀ ਐ। ਸੱਤ ਬੇਗਾਨੇ ਨੂੰ ਗਲੇ ਲਾਉਣ ਵਾਲਾ ਪੰਜਾਬ। ਹੁਣ ਪੱਤਣ ਭਾਲਦਾ ਫਿਰਦੈ। ਅੰਮ੍ਰਿਤਸਰ ’ਚ ਕਰੋਨਾ ਪੀੜਤ ਅਧਿਕਾਰੀ ਫ਼ੌਤ ਹੋਇਆ। ਪਰਿਵਾਰ ਮੂੰਹ ਫੇਰ ਗਿਆ। ਇੱਕ ਪਟਵਾਰੀ ਨੇ ਸਿਰ ’ਤੇ ਕਫ਼ਨ ਬੰਨ੍ਹਿਆ। ਐੱਸਡੀਐੱਮ ਵਿਕਾਸ ਹੀਰਾ ਨੇ ਜਾਨ ਧਲੀ ’ਤੇ ਧਰੀ। ਮ੍ਰਿਤਕ ਦਾ ਰਹੁ ਰੀਤਾਂ ਨਾਲ ਸਸਕਾਰ ਕੀਤਾ। ਲੁਧਿਆਣੇ ’ਚ ਕਰੋਨਾ ਪੀੜਤ ਮਾਂ ਦਾ ਸਿਵਾ ਬਲਿਆ। ਜਿਨ੍ਹਾਂ ਧੀਆਂ ਪੁੱਤਾਂ ਨੂੰ ਅਸਮਾਨੀ ਚਾੜ੍ਹਿਆ। ਸਿਵਿਆਂ ’ਚ ਖੜ੍ਹੀ ਕਾਰ ’ਚੋਂ ਨਾ ਉੱਤਰੇ। ਧਰਮਰਾਜ ਖੂਬ ਹੱਸਿਆ ਹੋਊ। ਪੰਜਾਬ ਸ਼ਰਮ ’ਚ ਡੁੱਬ ਗਿਆ। ‘ਮਰੇ ਦਾ ਕੌਣ ਮਿੱਤਰ।’
               ਸੁਖਵਿੰਦਰ ਰਟੌਲ ਨੇ ਜ਼ਿੰਦਗੀ ਦੀ ਪੈਂਤੀ ਲਿਖੀ ਹੈ। ‘ਊੜਾ ਉਲਟੇ ਆਏ ਜ਼ਮਾਨੇ, ਐੜਾ ਆਪਣੇ ਹੋਏ ਬੇਗਾਨੇ।’ ਕਰੋਨਾ ਮਰੀਜ਼ ਮਗਰੋਂ ਮਰੇ। ਪਹਿਲਾਂ ਜ਼ਮੀਰਾਂ ਨੇ ਸਾਹ ਤਿਆਗੇ। ਮੋਰਾਂਵਾਲੀ ਦਾ ਹਰਭਜਨ ਸਿੰਘ ਮਰਿਆ। ਬਾਕੀ ਪਰਿਵਾਰ ਹਸਪਤਾਲ ਸੀ। ਦਿਲ ਦਾ ਜਗੀਰਦਾਰ ਪਟਵਾਰੀ ਜਗੀਰ ਸਿੰਘ। ਸਸਕਾਰ ਕਰਕੇ ਘਰ ਮੁੜਿਆ। ਹਜ਼ੂਰੀ ਰਾਗੀ ਭਾਈ ਨਿਰਮਲ ਸਿੰਘ। ਜ਼ਰੂਰ ਉਨ੍ਹਾਂ ਦੀ ਰੂਹ ਕੁਰਲਾਈ ਹੋਊ। ਜ਼ਿੰਦਗੀ ਭਰ ਅਲਾਹੀ ਬਾਣੀ ਸੁਣਾਈ। ਜਦੋਂ ਵੇਰਕਾ ਦੇ ਲੋਕਾਂ ਨੇ ਬੂਹੇ ਭੇੜ ਲਏ। ਉਦੋਂ ਰੂਹ ਸੋਚਦੀ ਹੋਊ ਕਿ ਵੇਰਕਾ ਵਾਲੇ ਤਾਂ ਸ੍ਰੀ ਦਰਬਾਰ ਸਾਹਿਬ ’ਚੋਂ ਇਕੱਲੀ ਸੈਲਫੀ ਖਿੱਚ ਕੇ ਮੁੜਦੇ ਰਹੇ। ਹੁਣ ਜਿਊਂਦੀਆਂ ਰੂਹਾਂ ਦੀ ਕੌਣ ਗਤੀ ਕਰੂ। ਗੁੱਜਰ ਭਾਈਚਾਰੇ ਤੋਂ ਕੋਈ ਦੁੱਧ ਨਹੀਂ ਲੈ ਰਿਹਾ। ਦੁੱਧ ਮਖਮਲ ਵਰਗੈ, ਕਾਲੇ ਦਿਲਾਂ ਨੂੰ ਪਸੰਦ ਨਹੀਂ। ਕਿਤੇ ਬਾਬਾ ਨਾਨਕ ਅੱਜ ਗੇੜਾ ਮਾਰਦਾ। ਮੁੱਖ ’ਚੋਂ ਇਹੋ ਉਚਾਰਦਾ, ‘ਵਸਦਾ ਰਹੇ ਇਹ ਪਿੰਡ।’ ਡੋਨਾਲਡ ਟਰੰਪ ਹਾਲੇ ਵੈਲਪੁਣਾ ਨਹੀਂ ਛੱਡ ਰਿਹਾ। ਨਿੱਤ ਧਮਕੀ ’ਤੇ ਧਮਕੀ। ਮੁਲਾਹਜ਼ੇਦਾਰਾਂ ਨੂੰ ਕਾਂਬਾ ਛਿੜਿਐ। ਚੀਨ ਬਿਨਾਂ ਪੁੱਛੇ ਨੇਕੀ ਕਰ ਰਿਹੈ। ਅਮਰੀਕਾ ਤੇ ਭਾਰਤ ਨੂੰ ਮੁਫ਼ਤ ’ਚ ਸਾਮਾਨ ਘੱਲਿਐ। ਇੱਕ ਛੋਟਾ ਜੇਹਾ ਮੁਲਕ ਹੈ ਇਕੁਆਡੋਰ। ਆਲਮੀ ਅਲਾਮਤ ਨੇ ਏਨਾ ਭੰਨਿਐ। ਗਲੀਆਂ ’ਚ ਲਾਸ਼ਾਂ ਵਿਛ ਗਈਆਂ। ਕਬਰਾਂ ’ਚ ਵੇਟਿੰਗ ਲਿਸਟ ਲਾਉਣੀ ਪਈ। ਤਾਬੂਤ ਮਿਲਦੇ ਨਹੀਂ, ਰਾਸ਼ਨ ਵਾਲੇ ਡੱਬੇ ਵਰਤਦੇ ਨੇ। ਦੇਖੋ ਚਾਰੋ ਪਾਸੇ ਹਨੇਰ ਹੈ।
               ਭਾਰਤ ਦੇ ਬਨੇਰੇ ’ਤੇ ਕਾਂ ਆ ਬੈਠੈ। ਕੋਈ ਚੰਗਾ ਸੁਨੇਹਾ ਸੁਣਾ ਰਿਹੈ। ਭੋਪਾਲ ਦਾ ਡਾਕਟਰ ਰਾਤਾਂ ਕਾਰ ’ਚ ਕੱਟਦੈ। ਅਸਲ ਨਾਇਕ ਇਹੋ ਹਨ। ਇੰਦੌਰ ’ਚ ਇੱਕ ਮਾਂ ਮਰੀ। ਪੁੱਤ ਆ ਨਹੀਂ ਸਕੇ। ਗੁਆਂਢੀ ਮੁਸਲਿਮ ਪਰਿਵਾਰ ਨੇ ਅਰਥੀ ਚੁੱਕੀ। ਏਹਨੂੰ ਆਖਦੇ ਨੇ ‘ਗੰਗਾ ਜਮੁਨਾ ਸੰਸਕ੍ਰਿਤੀ।’ ਮੁੰਬਈ ਦਾ ਗਰੀਬ ਨਗਰ। ਅਮੀਰ ਦਿਲ ਮੁਸਲਿਮ ਲੋਕਾਂ ਨੇ ਖੁਦ ਅਰਥੀ ਬਣਾਈ। ਪ੍ਰੇਮ ਚਾਚਾ ਦਾ ਸਸਕਾਰ ਕਰਕੇ ਮੁੜੇ। ਬੁਲੰਦ ਸ਼ਹਿਰ ਦੇ ਰਵੀ ਸ਼ੰਕਰ ਦੀ ਅਰਥੀ ਨੂੰ ਖਾਨ ਭਰਾਵਾਂ ਨੇ ਮੋਢਾ ਦਿੱਤਾ। ਕਲਕੱਤਾ ’ਚ ਪੁਲੀਸ ਨੇ ਸਸਕਾਰ ਕੀਤੈ। ਜਲੰਧਰ ਦਾ ਡੀਸੀ ਵਰਿੰਦਰ ਕੁਮਾਰ ਸ਼ਰਮਾ। ਨਾਲੇ ਪਟਿਆਲੇ ਦਾ ਐੱਸਐੱਸਪੀ ਮਨਦੀਪ ਸਿੱਧੂ, ਦੋਹਾਂ ਦੀ ਪ੍ਰਸ਼ੰਸਾ ਕਾਫੀ ਸੁਣੀ ਹੈ।‘ਸੁਖੀ ਸੌਣ ਸ਼ੇਖ ਜਿਨ੍ਹਾਂ ਦੇ, ਨਾ ਟੱਟੂ, ਨਾ ਮੇਖ’। ਗਰੀਬ ਲੋਕਾਂ ਨਾਲ ਜ਼ਿੰਦਗੀ ਲਾਗ ਡਾਟ ਕੱਢਣ ਲੱਗੀ ਹੈ। ਸੁਆਲ ਪਾਪੀ ਪੇਟ ਦਾ ਹੈ। ਆਂਧਰਾ ਦਾ ਵਿਧਾਇਕ ਬੀ.ਐਮ.ਰੈਡੀ। ਘਰੋ ਘਰੀਂ ਚਿਕਨ/ਆਂਡੇ ਵੰਡ ਰਿਹੈ। ਹਰਿਆਣੇ ਦੇ ਡਾਕਟਰਾਂ ਨੂੰ ਦੁੱਗਣੀ ਤਨਖਾਹ ਦਾ ਐਲਾਨ ਹੋਇਐ। ਕੇਜਰੀਵਾਲ ਨੇ ਮੁੜ ਜਿਗਰਾ ਦਿਖਾਇਐ, ਮਹਾਰਾਜੇ ਨੇ ਡਰ ਦਿਖਾਇਐ। ‘ਰੋਡ ਸਕਾਲਰਾਂ’ ਦੀ ਵੀ ਸੁਣੋ। ਸੜਕਾਂ ’ਤੇ ਜੋ ਪੈਦਲ ਤੁਰੇ। ਉਨ੍ਹਾਂ ਸਣੇ 103 ਲੋਕ ਮਰ ਗਏ। ਵੀਹ ਲੋਕ ਭੁੱਖ/ਥਕਾਨ ਨਾਲ ਮਰੇ। 15 ਖੁਦਕੁਸ਼ੀ ਕਰ ਗਏ। 40 ਕਰੋੜ ਮਜ਼ਦੂਰ ਫਸੇ ਨੇ। ਬਾਰਾਂ ਕਰੋੜ ਨੌਕਰੀਆਂ ਫ਼ੌਤ। 92 ਹਜ਼ਾਰ ਬੱਚੇ ਹਿੰਸਾ ਪ੍ਰਭਾਵਿਤ ਹੋਏ। ਬੇਕਾਰੀ ਦਰ 23 ਫੀਸਦੀ ਹੋ ਗਈ। ‘ਬਾਕੀ ਸਭ ਸੁੱਖ ਸਾਂਦ ਹੈ’, ਸੱਜਣੋ ਏਹ ਮੋਹਨ ਭੰਡਾਰੀ ਦੀ ਕਹਾਣੀ ਹੈ। ਛੱਜੂ ਰਾਮ ਇਕਾਂਤਵਾਸ ’ਚ ਚਲਾ ਗਿਐ। ਤੁਸੀਂ ਵੀ ਬਚਾਅ ਰੱਖਿਓ।
             ਅਖੀਰ ’ਚ ਸਕੂਨ ਵਾਲੀ ਗੱਲ। ਮੁਹਾਲੀ ਦੇ ਇੱਕ ਸੱਜਣ ਨੇ ਕੋਠੀ ਕਿਰਾਏ ’ਤੇ ਲਈ। ਧੀਆਂ ਪੁੱਤਾਂ ਖਾਤਰ ਕਰੋੜਾਂ ਦੀ ਕੋਠੀ ਦੱਬ ਲਈ। ਮਾਲਕ ਉਦੋਂ ਪ੍ਰੇਸ਼ਾਨ ਹੋਏ ਜਦੋਂ ਅਦਾਲਤੀ ਫੈਸਲਾ ਵੀ ‘ਨੱਪਣ ਸਿੰਘ’ ਦੇ ਹੱਕ ‘ਚ ਹੋ ਗਿਆ। ਅਸਲ ਮਾਲਕ ਢੇਰੀ ਢਾਹ ਕੇ ਬੈਠ ਗਏ। ਮਹਾਮਾਰੀ ‘ਨੱਪਣ ਸਿਓ’ ਨੂੰ ਹਲੂਣਾ ਦੇ ਗਈ, ਜੋ ਹੁਣੇ ਮੁਹਾਲੀ ਦੇ ਗੁਰੂ ਘਰ ਗਿਆ। ਗੁਰੂ ਦੀ ਹਾਜ਼ਰੀ ’ਚ ਅਸਲੀ ਮਾਲਕਾਂ ਨੂੰ ਚਾਬੀਆਂ ਸੌਂਪ ਆਇਆ। ਅਰਦਾਸ ਕਰਾਈ, ਮਾਲਕਾਂ ਭੁੱਲਾਂ ਬਖ਼ਸ਼ ਦੇਵੀ।

Sunday, February 2, 2020

                          ਵਿਚਲੀ ਗੱਲ   
             ਕਿਉਂ ਜਿੰਦ ਖਾਕ ਹੰਢਾਏ.. ! 
                          ਚਰਨਜੀਤ ਭੁੱਲਰ
ਬਠਿੰਡਾ : ਲਾਹੌਰ ਦਾ ਲਾਲਾ ਇੰਦਰ ਮੱਲ। ਬੇਗੋ ਨਾਰ ਤੋਂ ਬਲਿਹਾਰੇ ਗਿਆ। ਬਜਾਜੀ ਦੀ ਦੁਕਾਨ ਹੁਸਨ ਤੋਂ ਵਾਰ ਦਿੱਤੀ। ਸੌਦਾ ਦਿਲਾਂ ਦਾ ਹੋਵੇ, ਹੁਕਮ ਨਾਰ ਦਾ। ਅੱਗ ਲਾ ਹੱਟ ਹੀ ਸਾੜ ਦਿੱਤੀ। ਇਸ਼ਕ ’ਚ ਡੱੁਬਾ ਇੰਦਰ ਬਜਾਜੀ। ਝੱਟ ਛਾਲ ਰਾਵੀ ’ਚ ਮਾਰ ਦਿੱਤੀ। ਕਵੀਸ਼ਰ ਹੇਕਾਂ ਲਾਉਂਦੇ, ਕਿੱਸੇ ਸੁਣਾਉਂਦੇ, ਪਿੰਡ ਪਿੰਡ ਗਾਉਂਦੇ। ਲਾਲਾ ਇੰਦਰ ਮੱਲ ਨੂੰ ਅਮਰ ਕਰ ਜਾਂਦੇ। ਤੇਰੀ ਹੱਟੀ ਨੂੰ ਪ੍ਰਣਾਮ, ਤੇਰੀ ਰੂਹ ਨੂੰ ਸਲਾਮ। ਵਹਿੰਦੇ ਵਹਿੰਦੇ ਹੁਣ ਯੁੱਗ ਪਲਟ ਗਏ। ਨਵੇਂ ਸੌਦਾਗਰ, ਨਵੀਆਂ ਹੱਟਾਂ, ਸਜ ਗਏ ਥੋਕ ਬਾਜ਼ਾਰ। ਹੁਣ ਨਫ਼ਰਤਾਂ ਦਾ ਵਣਜ ਹੁੰਦੈ। ਕਾਦਰ ਦੀ ਰਜਾ ਦਾ ਕਿਸਨੂੰ ਚੇਤਾ। ਮੱਤ ਤਾਂ ਦਿੱਲੀ ਚੋਣਾਂ ਨੇ ਮਾਰੀ ਹੈ। ਹੱਡੀਆਂ ਦੀ ਮੁੱਠ ਲੋਕ ਰਾਜ ਬਣਿਐ। ਧੀਆਂ-ਭੈਣਾਂ ਦਾ ਦੇਸ਼ ਐ, ਬੋਲਣ ਲੱਗੇ ਅੱਗਾ ਪਿੱਛਾ ਵੀ ਨਹੀਂ ਦੇਖਦੇ। ਦਿੱਲੀ ਦਾ ਪਲੜਾ ਸੂਤ ਨਹੀਂ ਬੈਠ ਰਿਹਾ। ਮਜ਼ਹਬੀ ਵੱਟੇ ਤੱਕੜ ’ਚ ਨਾ ਧਰਨ ਤਾਂ ਫਿਰ ਹੋਰ ਕੀ ਕਰਨ। ਚੋਣਾਂ ਦਾ ਮੇਲਾ ਭਰਿਆ ਹੋਵੇ। ਫੁੱਲਾਂ ਦੀ ਫੜੀ ਨਹੀਂ ਲੱਗਦੀ। ਨਾ ਖ਼ੁਸ਼ਬੋ ਦਾ ਵਪਾਰ ਹੁੰਦੈ। ਢਾਈ ਅੱਖਰ ਪ੍ਰੇਮ ਦੇ.. ਤਾਂ ਲੱਭਣੇ ਕਿਥੋਂ ਨੇ। ਥੋਕ ਬਾਜ਼ਾਰ ਦੇ ਏਹ ਨਵੇਂ ਲਾਲੇ ਨੇ। ਗੁਜਰਾਤੋਂ ਆਏ ਨੇ, ਜੁਮਲੇ ਵੇਚਦੇ ਨੇ। ‘ਚਲਾਕ ਬਾਣੀਆ’ ਬਾਪੂ ਗਾਂਧੀ ਨੂੰ ਦੱਸਦੇ ਨੇ। ਆ ਦੇਖ ਲਓ, ਏਨਾ ਦਾ ਨਵਾਂ ਮੁਨਸ਼ੀ ਨਹੀਂ ਮਾਣ। ਵਿੱਤ ਰਾਜ ਮੰਤਰੀ ਕਾਕਾ ਅਨੁਰਾਗ ਠਾਕੁਰ। ਬੀਬੀ ਨਿਰਮਲਾ ਨੇ ਹਲਵਾ ਵੀ ਖੁਆਇਆ। ਮਿੱਠਾ ਫਿਰ ਵੀ ਨਹੀਂ ਬੋਲਿਆ। ਦਿੱਲੀ ਚੋਣਾਂ ’ਚ ਠਾਕੁਰ ਨੇ ਇੰਝ ਅਕਲ ਦਾ ਪੀਪਾ ਖੋਲ੍ਹਿਆ। ‘ਦੇਸ਼ ਕੇ ਗਦਾਰੋ ਕੋ ਗੋਲੀ ਮਾਰੋ..’ ਨਾਲੇ ਗਾਲ ਕੱਢੀ। ਬੀਬੀਆਂ ਨੇ ਮੂੰਹਾਂ ’ਚ ਚੁੰਨੀਆਂ ਲੈ ਲਈਆਂ। ਠਾਕੁਰ ਬਾਬੂ ਤੇਰੀ ਸੋਚ ’ਤੇ। ਪਹਿਰਾ ਗੋਪਾਲ ਦੇ ਗਿਆ। ਵਿਦਿਆਰਥੀ ਇਕੱਠ ’ਤੇ ‘ਯੇ ਲੋ ਆਜ਼ਾਦੀ’ ਆਖ ਗੋਲੀ ਚਲਾ ਦਿੱਤੀ।
       ਕਾਮਰੇਡ ਪਹਿਲੋਂ ਕਿਥੇ ਮੰਨਦੇ ਸੀ। ਆਖਰ ਹੁਣ ਮੰਨੇ ਨੇ, ਅਖੇ ਪੁਨਰਜਨਮ ਵੀ ਹੁੰਦੈ। ਐਵੇਂ ਕਿਤੇ ਗੌਡਸੇ ਦਾ ਝਊਲਾ ਪੈ ਗਿਆ ਹੋਊ। ਕਾਮਰੇਡੋ, ਆਪਣੀ ਹੱਟੀ ਦਾ ਖਿਆਲ ਰੱਖੋ। ਜੋ ਦੋ ਚਾਰ ਪੀਪੀਆਂ ਬਚੀਆਂ ਨੇ, ਉਹ ਨਾ ਚੁਕਾ ਬੈਠਿਓ। ਗੁਜਰਾਤੀ ਲਾਲੇ ਵਣਜ ਕਰਨਾ ਜਾਣਦੇ ਨੇ। ਕਵੀ ਅਵਤਾਰ ਪਾਸ਼ ਰਗ ਰਗ ਤੋਂ ਜਾਣੂ ਸੀ। ਜੋ ਦਿਲ ਦੀ ਲਿਖ ਗਿਆ, ‘ਪਿਆਰ ਕਰਨਾ ਤੇ ਜੀਣਾ ਉਨ੍ਹਾਂ ਨੂੰ ਕਦੇ ਨਹੀਂ ਆਉਣਾ/ਜਿਨ੍ਹਾਂ ਨੂੰ ਜ਼ਿੰਦਗੀ ਨੇ ਬਾਣੀਏ ਬਣਾ ਦਿੱਤਾ।’ ਟਲਣ ਵਾਲਾ ਭਾਜਪਾ ਐਮ.ਪੀ ਪਰਵੇਸ਼ ਸ਼ਰਮਾ ਵੀ ਨਹੀਂ। ਦਿੱਲੀ ਚੋਣਾਂ ’ਚ ਜੋ ਇਹ ਸ਼ਰਮਾ ਜੀ ਬੋਲੇ। ਸੱਚਮੁੱਚ ਦੱਸਦੇ ਸ਼ਰਮ ਆਉਂਦੀ ਐ। ਰਹਿੰਦੀ ਕਸਰ ਕਪਿਲ ਮਿਸ਼ਰਾ ਨੇ ਕੱਢ ਦਿੱਤੀ। ਐਮ.ਪੀ ਸਾਧਵੀ ਪ੍ਰਗਿਆ ਨੇ ਜਰੂਰ ਇਨ੍ਹਾਂ ਦਾ ਸਿਰ ਪਲੋਸਿਆ ਹੋਊ। ਚੋਣ ਕਾਹਦੀ ਆਈ, ਵੱਡੇ ਵੱਡੇ ਖਿਡਾਰੀ, ਨਫ਼ਰਤ ਦੇ ਪੁਜਾਰੀ ਬਣੇ ਨੇ। ਲੋਕ ਰਾਜ ਦੀ ਸਵਾਰੀ ‘ਪ੍ਰੇਮ ਪੁਜਾਰੀ ਨੂੰ ਲੱਭ ਰਹੀ ਹੈ। ਬਾਬੇ ਨਾਨਕ ਤੋਂ ਸਿੱਖ ਲੈਂਦੇ, ‘ਨਾ ਕੋਈ ਹਿੰਦੂ ਨਾ ਮੁਸਲਮਾਨ’। ਨਫ਼ਰਤੀ ਹੱਟ ਵਾਲੇ ਕੱਚੀਆਂ ਗੋਲੀਆਂ ਨਹੀਂ ਖੇਡੇ। ਮਸਾਂ ਕੁਰਸੀ ਨੂੰ ਹੱਥ ਪਿਐ। ਲੀਕਾਂ ਕਢਵਾ ਕੇ ਛੱਡਣਗੇ। ‘ਸੱਪ ਦੀ ਕੰਜ ਲਹਿ ਜਾਂਦੀ ਐ, ਜ਼ਹਿਰ ਨਹੀਂ ਜਾਂਦੀ’। ਥੋਡੀ ਨਿਗ੍ਹਾਂ ’ਚ ਕੋਈ ਵੈਦ ਹੈ। ਕੇਜਰੀਵਾਲ ਦੇ ਚੇਲੇ ਬੋਲੇ ਨੇ। ਦਿੱਲੀ ਦੀ ਜੰਤਾ ਕੋਲ ਸਿੰਗੀਆਂ ਨੇ। ਭੋਲੇ ਪੰਛਿਓ, ਅਗਲਿਆਂ ਕੋਲ ਗਿੱਦੜ-ਸਿੰਗੀ ਹੈ। ਸੌਦਾ ਐਵੇਂ ਨਹੀਂ ਵਿਕ ਰਿਹਾ। ਪਿੰ੍ਰਸੀਪਲ ਸੁਜਾਨ ਸਿੰਘ ਦੀ ਕਹਾਣੀ ‘ਬਾਗਾਂ ਦਾ ਰਾਖਾ’ ਪੜ੍ਹਿਓ। ਕਹਾਣੀ ਵਿਚਲੇ ਲਾਲੇ ਨਾਲੋਂ ਕਿਤੇ ਭੈੜੇ ਨੇ ਏਹ ਸਿਆਸੀ ਲਾਲੇ। ਨਵੀਂ ਹੱਟ ਦੀ ਕੈਮਿਸਟਰੀ ਸਮਝਣੀ ਐ, ਤਾਂ ਮੰਟੋ ਦੀ ਕਹਾਣੀ ‘ਟੀਟਵਾਲਾ ਦਾ ਕੁੱਤਾ’ ਜਰੂਰ ਪੜ੍ਹ ਲੈਣੀ।
      ਆਓ ਹੁਣ ਦਿੱਲੀ ਦੇ ਸ਼ਾਹੀਨ ਬਾਗ ’ਚ ਚੱਲੀਏ। ਬਾਗਾਂ ਦੇ ਰਾਖੇ ਪੂਰੇ ਪੰਜਾਹ ਦਿਨਾਂ ਤੋਂ ਬੈਠੇ ਹਨ। ਕੋਇਲ ਦੀ ਕੂਕ, ਮੋਰਾਂ ਦੀ ਪੈਲ, ਫੁੱਲਾਂ ਦੀ ਖ਼ੁਸ਼ਬੋ, ਚਿੜੀਆਂ ਦੀ ਚਹਿਕ। ਇਵੇਂ ਹੀ ਮੁਲਕ ਦੇ ਬਾਗ ’ਚ ਹਰ ਫੁੱਲ ਖਿੜੇ। ਤਾਹੀਓ ਨਾਅਰੇ ਗੂੰਜ ਰਹੇ ਨੇ। ਜੈਪੁਰ ’ਚ ਵੀ, ਲਖਨਊ ’ਚ ਵੀ, ਨਾਲੇ ਕਲਕੱਤਾ ’ਚ। ਬਿਦਰ (ਕਰਨਾਟਕਾ) ਦਾ ਸ਼ਾਹੀਨ ਪ੍ਰਾਇਮਰੀ ਸਕੂਲ। ਜਿਥੋਂ ਦੇ ਛੋਟੇ ਬੱਚੇ ਡਰੇ ਹੋਏ ਨੇ। ਹੱਟੀ ’ਤੇ ਉਂਗਲ ਚੁੱਕ ਦਿੱਤੀ, ਕਾਹਦੀ ਸਕਿੱਟ ਖੇਡ ਬੈਠੇ ਬੱਚੇ। ਪੁਲੀਸ ਨੇ ਬੱਚੇ ਤਲਬ ਕਰ ਲਏ। ਬੱਚੇ ਤਾਂ ਹੁੰਦੇ ਹੀ ਫੁੱਲਾਂ ਵਰਗੇ ਨੇ। ਕੰਡੇ ਪ੍ਰਵਾਹ ਨਹੀਂ ਕਰਦੇ। ਖ਼ਾਸ ਕਰਕੇ ਜਦੋਂ ਸਿਆਸੀ ਕੰਡਾ ਕੱਢਣਾ ਹੋਵੇ। ਉਦੋਂ ਟੁੰਡੇ ਲਾਟ ਨੂੰ ਟਿੱਚ ਸਮਝਦੇ ਨੇ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਬਜਟ ਦਾ ਵਹੀ ਖਾਤਾ ਖੋਲ੍ਹਿਐ। ਅਰਥਚਾਰੇ ਦੀ ਲਾਟ ਨਿਕਲੀ ਪਈ ਐ। ਖੇਤੀ ਵਿਕਾਸ ਡਰ ਡਿੱਗੀ ਹੈ। ਅੰਕੜਿਆਂ ਨੇ ਮੋਮ ਦਾ ਬੁੱਤ ਖੜ੍ਹਾ ਕੀਤੈ। ਮੁਲਕ ਦੀ ਵਹੀ ’ਤੇ ਧਿਆਨ ਧਰਦੇ, ਕਿਸਾਨ ਦੀ ਵਾਹੀ ਨਾ ਰੁਲਦੀ।  ਪੰਜਾਬ ਦੀ ਕਿਸਾਨੀ ਭੈ-ਭੀਤ ਹੈ। ਸਰਕਾਰੀ ਹੱਟ ਵਾਲੇ ਵਚਨਾਂ ਤੋਂ ਮੁੜੇ ਨੇ। ਫਸਲਾਂ ਖ੍ਰੀਦਣ ਤੋਂ ਭੱਜਦੇ ਲੱਗਦੇ ਨੇ। ਇਸ ਹੱਟ ਨੇ ਜੋ ਫੱਟ ਦਿੱਤੇ ਨੇ, ਉਸ ਤੋਂ ਅੰਨਦਾਤਾ ਕਿਵੇਂ ਆਸ ਰੱਖੇ। ਸੁਦਰਸ਼ਨ ਫ਼ਾਕਿਰ ਨੇ ਠੀਕ ਹੀ ਤਾਂ ਕਿਹੈ ‘ਮੇਰਾ ਕਾਤਿਲ ਹੀ ਮੇਰਾ ਮੁਨਸਿਫ ਹੈ/ਕਿਆ ਮੇਰੇ ਹੱਕ ਮੇ ਫੈਸਲਾ ਦੇਗਾ।’ ਬੀਕਾਨੇਰ ਦੇ ਇੱਕ ਕਿਸਾਨ ਨੇ ਟਿੱਡੀ ਦਲ ਦਾ ਰੌਲਾ ਪਾਇਆ। ਪੁਲੀਸ ਨੇ ਪਰਚਾ ਦਰਜ ਕਰ ਦਿੱਤਾ। ਇੱਕ ਭਾਜਪਾ ਵਿਧਾਇਕ ਟਿੱਡੀਆਂ ਦਾ ਟੋਕਰਾ ਵਿਧਾਨ ਸਭਾ ’ਚ ਲੈ ਆਇਆ।                                                        ਅਬੋਹਰ-ਫਾਜ਼ਿਲਕਾ ਦੇ ਕਿਸਾਨ ਸੌਂਦੇ ਨਹੀਂ। ਸੁਪਨੇ ’ਚ ਵੀ ਟਿੱਡੀ ਦਲ ਦਿੱਖਦੈ। ਸੋਸ਼ਲ ਮੀਡੀਆ ਨੇ ਇੱਕ ਸ਼ਗੂਫ਼ਾ ਘੁੰਮ ਰਿਹੈ। ‘ਟਿੱਡੀ ਦਲ ਪੰਜਾਬ ਦੇ ਬਾਰਡਰ ਤੋਂ ਕੱਚਾ ਜੇਹਾ ਹੋ ਕੇ ਮੁੜ ਗਿਆ, ਅਖੇ ਇਹਨੂੰ ਤਾਂ ਪਹਿਲਾਂ ਹੀ ਕੋਈ ਦਲ ਚੱਟ ਗਿਆ।’ ਵੋ ਭੀ ਦਿਨ ਥੇ.. ਜਦੋਂ ਅਕਾਲੀਆਂ ਦੀ ਸਿਆਸੀ ਹੱਟ ਖੂਬ ਚੱਲਦੀ ਸੀ। ਕਾਕਾ ਜੀ ਦੀ ਜਲ ਬੱਸ ਵਾਂਗੂ। ਹੁਣ ਸੇਲ ਦੇ ਦਿਨਾਂ ’ਚ ਵੀ ਟਾਵਾਂ ਗਾਹਕ ਆਉਂਦੈ। ਤੱਕੜੀ ’ਚ ਵੱਟੇ ਢੀਂਡਸੇ ਪਾਉਣ ਨੂੰ ਫਿਰਦੇ ਨੇ। ਸੁਖਬੀਰ ਅੱਜ ਭਾਜੀ ਮੋੜਨ ਸੰਗਰੂਰ ਪੁੱਜੇ ਨੇ। ਪਹਿਲੋਂ ਦਿੱਲੀ ਗਏ ਹੋਏ ਸਨ। ਨਵੇਂ ਭਾਜਪਾ ਪ੍ਰਧਾਨ ਜੇ.ਪੀ.ਨੱਢਾ ਵੀ ਖਿਡਾਰੀ ਨਿਕਲੇ। ਸਿੱਧੇ ਸੁਖਬੀਰ ਦੇ ਘਰ ਗਏ। ਸ਼ਾਇਦ ਕੰਨ ’ਚ ਆਖਿਆ ਹੋਊ ‘ਡੁੱਲੇ ਬੇਰਾਂ ਦਾ ਕੁੱਝ ਨਹੀਂ ਵਿਗੜਿਆ’। ਸੁਖਬੀਰ ਨੇ ਨਹੁੰ ਮਾਸ ਦੇ ਰਿਸ਼ਤੇ ’ਤੇ ਮੋਹਰ ਲਾਈ। ‘ਰਿਸ਼ਤਾ ਮਨਜੂਰ ਹੈ’ ਆਖ ਕੇ ਐਲਾਨ ਕਰ ਦਿੱਤਾ। ਟਕਸਾਲੀ ਵੀ ਭਾਜਪਾ ਦੀ ਹੱਟ ’ਤੇ ਜਾ ਖੜ੍ਹੇ। ਪ੍ਰਧਾਨ ਸੁਖਬੀਰ ਜੀ ਆਖਦੇ ਨੇ, ਟਕਸਾਲੀ ਨਾ ਕਹੋ, ਜਾਅਲੀ ਕਹੋ। ਲੁਧਿਆਣੇ ਵਾਲੇ ਬੈਂਸ ਭਰਾ, ਭੰਬੀਰੀ ਬਣੇ ਹੋਏ ਨੇ, ਨਾਲੇ ਟਟੀਹਰੀ ਵੀ। ਮਹਾਰਾਜਾ ਸਾਹਿਬ ਦੀ ‘ਉੱਚੀ ਦੁਕਾਨ..’ ਹੈ। ਮਨਪ੍ਰੀਤ ਬਾਦਲ ਆਖਦੈ, ਕੀ ਕਰੀਏ, ਗ਼ੱਲੇ ’ਚ ਪੈਸੇ ਹੀ ਨਹੀਂ।’ ਪੰਜਾਬ ਗੁੱਸੇ ਵਿਚ ਹੈ। ਖੇਤਾਂ ਦਾ ਪੁੱਤ ਅੱਕੇ ਹੋਏ ਨੇ। ਇੰਜ ਜਾਪਦੈ ਕਿ ਪੈਸੇ ਦੇ ਪੁੱਤਾਂ ਨੂੰ ਘਰੋਂ ਨਿਕਲਣੋਂ ਅੌਖਾ ਹੋ ਜਾਊ। ਪ੍ਰਤਾਪ ਬਾਜਵਾ ਦਿੱਲੀ ਚੋਂ ਨਿਕਲੇ ਨੇ। ਆਖ ਰਹੇ ਨੇ, ਮੁੱਖ ਮੰਤਰੀ ਜੀ ਆਲਸ ਛੱਡੋ। ਵੱਡੇ ਘਰਾਂ ਦੇ ਵੱਡੇ ਨਖਰੇ। ਆਪਾਂ ਕੀ ਲੈਣਾ ਇਸ ਭੇੜ ਤੋਂ।
               ਖੈਰ ਤੁਸੀਂ ਤਾਂ ਦੱਸੋ.. ਦੇਸ਼ ਕਾ ਨੇਤਾ ਕੈਸਾ ਹੋ..। ਚੱਲੋ ਛੱਡੋ, ਬੋਝ ਨਾ ਪਾਓ, ਵਿਹਲ ਮਿਲੇ ਤਾਂ ਕਿਤੇ ਫਿਰ ਦੱਸ ਜਾਇਓ। ਪਹਿਲੋਂ ਇੱਕ ਭੱਦਰਪੁਰਸ਼ ਦੀ ਸੁਣੋ। ‘ਇੱਕ ਵਾਰੀ ਇੱਕ ਬਾਬਾ ਘਰੋਂ ਰੁੱਸ ਗਿਆ। ਬਾਹਰ ਫਿਰਨੀ ’ਤੇ ਜਾ ਕੇ ਬੈਠ ਗਿਆ। ਕੋਈ ਮਨਾਉਣ ਹੀ ਨਾ ਆਇਆ। ਸ਼ਾਮ ਵੇਲੇ ਜਦੋਂ ਪਸ਼ੂ ਬਾਹਰੋਂ ਚਰ ਕੇ ਘਰਾਂ ਨੂੰ ਮੁੜੇ। ਬਾਬੇ ਨੇ ਇੱਕ ਵੱਛੇ ਦੀ ਪੂਛ ਫੜ ਲਈ। ਅਖੇ  ‘ਗਊ ਦੇ ਜਾਏ ਦਾ ਮੈਂ ਕਿਵੇਂ ਆਖਾ ਮੋੜਦਾ।’ ਰਿਸ਼ਤਾ ਪੁਰਾਣਾ ਹੋਵੇ, ਉਪਰੋਂ ਨਹੁੰ ਮਾਸ ਦਾ ਹੋਵੇ, ਸੱਚੀ ਜੁਆਬ ਦੇਣਾ ਅੌਖਾ ਲੱਗਦੈ। ਛੱਜੂ ਰਾਮ ਇਸ ਗੱਲੋਂ ਖ਼ਰਾ ਹੈ। ਮੂੰਹ ’ਤੇ ਫੱਟ ਕਹਿ ਦਿੰਦੈ। ਹੌਸਲੇ ਦੀ ਦਾਦ ਦੇਣੀ ਬਣਦੀ ਹੈ। ਆਸਵੰਦ ਹੈ ਕਿ ਕੂੜ ਦੀ ਦੁਕਾਨ ਬਹੁਤਾ ਸਮਾਂ ਨਹੀਂ ਚੱਲਦੀ। ਫਿਰਕੂ ਤੋਤੇ ਲੱਖ ਧਾਵੇ ਬੋਲਣ, ਬਾਗਾਂ ਦੇ ਰਾਖੇ ਵੀ ਸੁੱਤੇ ਨਹੀਂ। ਚੋਣਾਂ ਦਾ ਮੋਰਚਾ ਛੋਟਾ ਨਹੀਂ ਹੁੰਦਾ, ਜਾਗਣਾ ਜਰੂਰੀ ਹੈ। ਜਾਗ ਲੱਗੇਗਾ ਤਾਂ ਦਿਨ ਬਦਲਾਂਗੇ। ਅਖੀਰ ’ਚ ਕੇਹਰ ਸ਼ਰੀਫ਼ ਦੇ ਇਹ ਬੋਲ, ‘ਕਾਫਲਿਆਂ ਬਿਨ ਬੇੜੀ ਬੰਨੇ ਨਹੀਂ ਲੱਗਣੀ, ਬੰਨ੍ਹਣੀ ਪਊ ਕਤਾਰ ਜ਼ਮਾਨਾ ਬਦਲਾਂਗੇ।’