Sunday, February 2, 2020

                          ਵਿਚਲੀ ਗੱਲ   
             ਕਿਉਂ ਜਿੰਦ ਖਾਕ ਹੰਢਾਏ.. ! 
                          ਚਰਨਜੀਤ ਭੁੱਲਰ
ਬਠਿੰਡਾ : ਲਾਹੌਰ ਦਾ ਲਾਲਾ ਇੰਦਰ ਮੱਲ। ਬੇਗੋ ਨਾਰ ਤੋਂ ਬਲਿਹਾਰੇ ਗਿਆ। ਬਜਾਜੀ ਦੀ ਦੁਕਾਨ ਹੁਸਨ ਤੋਂ ਵਾਰ ਦਿੱਤੀ। ਸੌਦਾ ਦਿਲਾਂ ਦਾ ਹੋਵੇ, ਹੁਕਮ ਨਾਰ ਦਾ। ਅੱਗ ਲਾ ਹੱਟ ਹੀ ਸਾੜ ਦਿੱਤੀ। ਇਸ਼ਕ ’ਚ ਡੱੁਬਾ ਇੰਦਰ ਬਜਾਜੀ। ਝੱਟ ਛਾਲ ਰਾਵੀ ’ਚ ਮਾਰ ਦਿੱਤੀ। ਕਵੀਸ਼ਰ ਹੇਕਾਂ ਲਾਉਂਦੇ, ਕਿੱਸੇ ਸੁਣਾਉਂਦੇ, ਪਿੰਡ ਪਿੰਡ ਗਾਉਂਦੇ। ਲਾਲਾ ਇੰਦਰ ਮੱਲ ਨੂੰ ਅਮਰ ਕਰ ਜਾਂਦੇ। ਤੇਰੀ ਹੱਟੀ ਨੂੰ ਪ੍ਰਣਾਮ, ਤੇਰੀ ਰੂਹ ਨੂੰ ਸਲਾਮ। ਵਹਿੰਦੇ ਵਹਿੰਦੇ ਹੁਣ ਯੁੱਗ ਪਲਟ ਗਏ। ਨਵੇਂ ਸੌਦਾਗਰ, ਨਵੀਆਂ ਹੱਟਾਂ, ਸਜ ਗਏ ਥੋਕ ਬਾਜ਼ਾਰ। ਹੁਣ ਨਫ਼ਰਤਾਂ ਦਾ ਵਣਜ ਹੁੰਦੈ। ਕਾਦਰ ਦੀ ਰਜਾ ਦਾ ਕਿਸਨੂੰ ਚੇਤਾ। ਮੱਤ ਤਾਂ ਦਿੱਲੀ ਚੋਣਾਂ ਨੇ ਮਾਰੀ ਹੈ। ਹੱਡੀਆਂ ਦੀ ਮੁੱਠ ਲੋਕ ਰਾਜ ਬਣਿਐ। ਧੀਆਂ-ਭੈਣਾਂ ਦਾ ਦੇਸ਼ ਐ, ਬੋਲਣ ਲੱਗੇ ਅੱਗਾ ਪਿੱਛਾ ਵੀ ਨਹੀਂ ਦੇਖਦੇ। ਦਿੱਲੀ ਦਾ ਪਲੜਾ ਸੂਤ ਨਹੀਂ ਬੈਠ ਰਿਹਾ। ਮਜ਼ਹਬੀ ਵੱਟੇ ਤੱਕੜ ’ਚ ਨਾ ਧਰਨ ਤਾਂ ਫਿਰ ਹੋਰ ਕੀ ਕਰਨ। ਚੋਣਾਂ ਦਾ ਮੇਲਾ ਭਰਿਆ ਹੋਵੇ। ਫੁੱਲਾਂ ਦੀ ਫੜੀ ਨਹੀਂ ਲੱਗਦੀ। ਨਾ ਖ਼ੁਸ਼ਬੋ ਦਾ ਵਪਾਰ ਹੁੰਦੈ। ਢਾਈ ਅੱਖਰ ਪ੍ਰੇਮ ਦੇ.. ਤਾਂ ਲੱਭਣੇ ਕਿਥੋਂ ਨੇ। ਥੋਕ ਬਾਜ਼ਾਰ ਦੇ ਏਹ ਨਵੇਂ ਲਾਲੇ ਨੇ। ਗੁਜਰਾਤੋਂ ਆਏ ਨੇ, ਜੁਮਲੇ ਵੇਚਦੇ ਨੇ। ‘ਚਲਾਕ ਬਾਣੀਆ’ ਬਾਪੂ ਗਾਂਧੀ ਨੂੰ ਦੱਸਦੇ ਨੇ। ਆ ਦੇਖ ਲਓ, ਏਨਾ ਦਾ ਨਵਾਂ ਮੁਨਸ਼ੀ ਨਹੀਂ ਮਾਣ। ਵਿੱਤ ਰਾਜ ਮੰਤਰੀ ਕਾਕਾ ਅਨੁਰਾਗ ਠਾਕੁਰ। ਬੀਬੀ ਨਿਰਮਲਾ ਨੇ ਹਲਵਾ ਵੀ ਖੁਆਇਆ। ਮਿੱਠਾ ਫਿਰ ਵੀ ਨਹੀਂ ਬੋਲਿਆ। ਦਿੱਲੀ ਚੋਣਾਂ ’ਚ ਠਾਕੁਰ ਨੇ ਇੰਝ ਅਕਲ ਦਾ ਪੀਪਾ ਖੋਲ੍ਹਿਆ। ‘ਦੇਸ਼ ਕੇ ਗਦਾਰੋ ਕੋ ਗੋਲੀ ਮਾਰੋ..’ ਨਾਲੇ ਗਾਲ ਕੱਢੀ। ਬੀਬੀਆਂ ਨੇ ਮੂੰਹਾਂ ’ਚ ਚੁੰਨੀਆਂ ਲੈ ਲਈਆਂ। ਠਾਕੁਰ ਬਾਬੂ ਤੇਰੀ ਸੋਚ ’ਤੇ। ਪਹਿਰਾ ਗੋਪਾਲ ਦੇ ਗਿਆ। ਵਿਦਿਆਰਥੀ ਇਕੱਠ ’ਤੇ ‘ਯੇ ਲੋ ਆਜ਼ਾਦੀ’ ਆਖ ਗੋਲੀ ਚਲਾ ਦਿੱਤੀ।
       ਕਾਮਰੇਡ ਪਹਿਲੋਂ ਕਿਥੇ ਮੰਨਦੇ ਸੀ। ਆਖਰ ਹੁਣ ਮੰਨੇ ਨੇ, ਅਖੇ ਪੁਨਰਜਨਮ ਵੀ ਹੁੰਦੈ। ਐਵੇਂ ਕਿਤੇ ਗੌਡਸੇ ਦਾ ਝਊਲਾ ਪੈ ਗਿਆ ਹੋਊ। ਕਾਮਰੇਡੋ, ਆਪਣੀ ਹੱਟੀ ਦਾ ਖਿਆਲ ਰੱਖੋ। ਜੋ ਦੋ ਚਾਰ ਪੀਪੀਆਂ ਬਚੀਆਂ ਨੇ, ਉਹ ਨਾ ਚੁਕਾ ਬੈਠਿਓ। ਗੁਜਰਾਤੀ ਲਾਲੇ ਵਣਜ ਕਰਨਾ ਜਾਣਦੇ ਨੇ। ਕਵੀ ਅਵਤਾਰ ਪਾਸ਼ ਰਗ ਰਗ ਤੋਂ ਜਾਣੂ ਸੀ। ਜੋ ਦਿਲ ਦੀ ਲਿਖ ਗਿਆ, ‘ਪਿਆਰ ਕਰਨਾ ਤੇ ਜੀਣਾ ਉਨ੍ਹਾਂ ਨੂੰ ਕਦੇ ਨਹੀਂ ਆਉਣਾ/ਜਿਨ੍ਹਾਂ ਨੂੰ ਜ਼ਿੰਦਗੀ ਨੇ ਬਾਣੀਏ ਬਣਾ ਦਿੱਤਾ।’ ਟਲਣ ਵਾਲਾ ਭਾਜਪਾ ਐਮ.ਪੀ ਪਰਵੇਸ਼ ਸ਼ਰਮਾ ਵੀ ਨਹੀਂ। ਦਿੱਲੀ ਚੋਣਾਂ ’ਚ ਜੋ ਇਹ ਸ਼ਰਮਾ ਜੀ ਬੋਲੇ। ਸੱਚਮੁੱਚ ਦੱਸਦੇ ਸ਼ਰਮ ਆਉਂਦੀ ਐ। ਰਹਿੰਦੀ ਕਸਰ ਕਪਿਲ ਮਿਸ਼ਰਾ ਨੇ ਕੱਢ ਦਿੱਤੀ। ਐਮ.ਪੀ ਸਾਧਵੀ ਪ੍ਰਗਿਆ ਨੇ ਜਰੂਰ ਇਨ੍ਹਾਂ ਦਾ ਸਿਰ ਪਲੋਸਿਆ ਹੋਊ। ਚੋਣ ਕਾਹਦੀ ਆਈ, ਵੱਡੇ ਵੱਡੇ ਖਿਡਾਰੀ, ਨਫ਼ਰਤ ਦੇ ਪੁਜਾਰੀ ਬਣੇ ਨੇ। ਲੋਕ ਰਾਜ ਦੀ ਸਵਾਰੀ ‘ਪ੍ਰੇਮ ਪੁਜਾਰੀ ਨੂੰ ਲੱਭ ਰਹੀ ਹੈ। ਬਾਬੇ ਨਾਨਕ ਤੋਂ ਸਿੱਖ ਲੈਂਦੇ, ‘ਨਾ ਕੋਈ ਹਿੰਦੂ ਨਾ ਮੁਸਲਮਾਨ’। ਨਫ਼ਰਤੀ ਹੱਟ ਵਾਲੇ ਕੱਚੀਆਂ ਗੋਲੀਆਂ ਨਹੀਂ ਖੇਡੇ। ਮਸਾਂ ਕੁਰਸੀ ਨੂੰ ਹੱਥ ਪਿਐ। ਲੀਕਾਂ ਕਢਵਾ ਕੇ ਛੱਡਣਗੇ। ‘ਸੱਪ ਦੀ ਕੰਜ ਲਹਿ ਜਾਂਦੀ ਐ, ਜ਼ਹਿਰ ਨਹੀਂ ਜਾਂਦੀ’। ਥੋਡੀ ਨਿਗ੍ਹਾਂ ’ਚ ਕੋਈ ਵੈਦ ਹੈ। ਕੇਜਰੀਵਾਲ ਦੇ ਚੇਲੇ ਬੋਲੇ ਨੇ। ਦਿੱਲੀ ਦੀ ਜੰਤਾ ਕੋਲ ਸਿੰਗੀਆਂ ਨੇ। ਭੋਲੇ ਪੰਛਿਓ, ਅਗਲਿਆਂ ਕੋਲ ਗਿੱਦੜ-ਸਿੰਗੀ ਹੈ। ਸੌਦਾ ਐਵੇਂ ਨਹੀਂ ਵਿਕ ਰਿਹਾ। ਪਿੰ੍ਰਸੀਪਲ ਸੁਜਾਨ ਸਿੰਘ ਦੀ ਕਹਾਣੀ ‘ਬਾਗਾਂ ਦਾ ਰਾਖਾ’ ਪੜ੍ਹਿਓ। ਕਹਾਣੀ ਵਿਚਲੇ ਲਾਲੇ ਨਾਲੋਂ ਕਿਤੇ ਭੈੜੇ ਨੇ ਏਹ ਸਿਆਸੀ ਲਾਲੇ। ਨਵੀਂ ਹੱਟ ਦੀ ਕੈਮਿਸਟਰੀ ਸਮਝਣੀ ਐ, ਤਾਂ ਮੰਟੋ ਦੀ ਕਹਾਣੀ ‘ਟੀਟਵਾਲਾ ਦਾ ਕੁੱਤਾ’ ਜਰੂਰ ਪੜ੍ਹ ਲੈਣੀ।
      ਆਓ ਹੁਣ ਦਿੱਲੀ ਦੇ ਸ਼ਾਹੀਨ ਬਾਗ ’ਚ ਚੱਲੀਏ। ਬਾਗਾਂ ਦੇ ਰਾਖੇ ਪੂਰੇ ਪੰਜਾਹ ਦਿਨਾਂ ਤੋਂ ਬੈਠੇ ਹਨ। ਕੋਇਲ ਦੀ ਕੂਕ, ਮੋਰਾਂ ਦੀ ਪੈਲ, ਫੁੱਲਾਂ ਦੀ ਖ਼ੁਸ਼ਬੋ, ਚਿੜੀਆਂ ਦੀ ਚਹਿਕ। ਇਵੇਂ ਹੀ ਮੁਲਕ ਦੇ ਬਾਗ ’ਚ ਹਰ ਫੁੱਲ ਖਿੜੇ। ਤਾਹੀਓ ਨਾਅਰੇ ਗੂੰਜ ਰਹੇ ਨੇ। ਜੈਪੁਰ ’ਚ ਵੀ, ਲਖਨਊ ’ਚ ਵੀ, ਨਾਲੇ ਕਲਕੱਤਾ ’ਚ। ਬਿਦਰ (ਕਰਨਾਟਕਾ) ਦਾ ਸ਼ਾਹੀਨ ਪ੍ਰਾਇਮਰੀ ਸਕੂਲ। ਜਿਥੋਂ ਦੇ ਛੋਟੇ ਬੱਚੇ ਡਰੇ ਹੋਏ ਨੇ। ਹੱਟੀ ’ਤੇ ਉਂਗਲ ਚੁੱਕ ਦਿੱਤੀ, ਕਾਹਦੀ ਸਕਿੱਟ ਖੇਡ ਬੈਠੇ ਬੱਚੇ। ਪੁਲੀਸ ਨੇ ਬੱਚੇ ਤਲਬ ਕਰ ਲਏ। ਬੱਚੇ ਤਾਂ ਹੁੰਦੇ ਹੀ ਫੁੱਲਾਂ ਵਰਗੇ ਨੇ। ਕੰਡੇ ਪ੍ਰਵਾਹ ਨਹੀਂ ਕਰਦੇ। ਖ਼ਾਸ ਕਰਕੇ ਜਦੋਂ ਸਿਆਸੀ ਕੰਡਾ ਕੱਢਣਾ ਹੋਵੇ। ਉਦੋਂ ਟੁੰਡੇ ਲਾਟ ਨੂੰ ਟਿੱਚ ਸਮਝਦੇ ਨੇ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਬਜਟ ਦਾ ਵਹੀ ਖਾਤਾ ਖੋਲ੍ਹਿਐ। ਅਰਥਚਾਰੇ ਦੀ ਲਾਟ ਨਿਕਲੀ ਪਈ ਐ। ਖੇਤੀ ਵਿਕਾਸ ਡਰ ਡਿੱਗੀ ਹੈ। ਅੰਕੜਿਆਂ ਨੇ ਮੋਮ ਦਾ ਬੁੱਤ ਖੜ੍ਹਾ ਕੀਤੈ। ਮੁਲਕ ਦੀ ਵਹੀ ’ਤੇ ਧਿਆਨ ਧਰਦੇ, ਕਿਸਾਨ ਦੀ ਵਾਹੀ ਨਾ ਰੁਲਦੀ।  ਪੰਜਾਬ ਦੀ ਕਿਸਾਨੀ ਭੈ-ਭੀਤ ਹੈ। ਸਰਕਾਰੀ ਹੱਟ ਵਾਲੇ ਵਚਨਾਂ ਤੋਂ ਮੁੜੇ ਨੇ। ਫਸਲਾਂ ਖ੍ਰੀਦਣ ਤੋਂ ਭੱਜਦੇ ਲੱਗਦੇ ਨੇ। ਇਸ ਹੱਟ ਨੇ ਜੋ ਫੱਟ ਦਿੱਤੇ ਨੇ, ਉਸ ਤੋਂ ਅੰਨਦਾਤਾ ਕਿਵੇਂ ਆਸ ਰੱਖੇ। ਸੁਦਰਸ਼ਨ ਫ਼ਾਕਿਰ ਨੇ ਠੀਕ ਹੀ ਤਾਂ ਕਿਹੈ ‘ਮੇਰਾ ਕਾਤਿਲ ਹੀ ਮੇਰਾ ਮੁਨਸਿਫ ਹੈ/ਕਿਆ ਮੇਰੇ ਹੱਕ ਮੇ ਫੈਸਲਾ ਦੇਗਾ।’ ਬੀਕਾਨੇਰ ਦੇ ਇੱਕ ਕਿਸਾਨ ਨੇ ਟਿੱਡੀ ਦਲ ਦਾ ਰੌਲਾ ਪਾਇਆ। ਪੁਲੀਸ ਨੇ ਪਰਚਾ ਦਰਜ ਕਰ ਦਿੱਤਾ। ਇੱਕ ਭਾਜਪਾ ਵਿਧਾਇਕ ਟਿੱਡੀਆਂ ਦਾ ਟੋਕਰਾ ਵਿਧਾਨ ਸਭਾ ’ਚ ਲੈ ਆਇਆ।                                                        ਅਬੋਹਰ-ਫਾਜ਼ਿਲਕਾ ਦੇ ਕਿਸਾਨ ਸੌਂਦੇ ਨਹੀਂ। ਸੁਪਨੇ ’ਚ ਵੀ ਟਿੱਡੀ ਦਲ ਦਿੱਖਦੈ। ਸੋਸ਼ਲ ਮੀਡੀਆ ਨੇ ਇੱਕ ਸ਼ਗੂਫ਼ਾ ਘੁੰਮ ਰਿਹੈ। ‘ਟਿੱਡੀ ਦਲ ਪੰਜਾਬ ਦੇ ਬਾਰਡਰ ਤੋਂ ਕੱਚਾ ਜੇਹਾ ਹੋ ਕੇ ਮੁੜ ਗਿਆ, ਅਖੇ ਇਹਨੂੰ ਤਾਂ ਪਹਿਲਾਂ ਹੀ ਕੋਈ ਦਲ ਚੱਟ ਗਿਆ।’ ਵੋ ਭੀ ਦਿਨ ਥੇ.. ਜਦੋਂ ਅਕਾਲੀਆਂ ਦੀ ਸਿਆਸੀ ਹੱਟ ਖੂਬ ਚੱਲਦੀ ਸੀ। ਕਾਕਾ ਜੀ ਦੀ ਜਲ ਬੱਸ ਵਾਂਗੂ। ਹੁਣ ਸੇਲ ਦੇ ਦਿਨਾਂ ’ਚ ਵੀ ਟਾਵਾਂ ਗਾਹਕ ਆਉਂਦੈ। ਤੱਕੜੀ ’ਚ ਵੱਟੇ ਢੀਂਡਸੇ ਪਾਉਣ ਨੂੰ ਫਿਰਦੇ ਨੇ। ਸੁਖਬੀਰ ਅੱਜ ਭਾਜੀ ਮੋੜਨ ਸੰਗਰੂਰ ਪੁੱਜੇ ਨੇ। ਪਹਿਲੋਂ ਦਿੱਲੀ ਗਏ ਹੋਏ ਸਨ। ਨਵੇਂ ਭਾਜਪਾ ਪ੍ਰਧਾਨ ਜੇ.ਪੀ.ਨੱਢਾ ਵੀ ਖਿਡਾਰੀ ਨਿਕਲੇ। ਸਿੱਧੇ ਸੁਖਬੀਰ ਦੇ ਘਰ ਗਏ। ਸ਼ਾਇਦ ਕੰਨ ’ਚ ਆਖਿਆ ਹੋਊ ‘ਡੁੱਲੇ ਬੇਰਾਂ ਦਾ ਕੁੱਝ ਨਹੀਂ ਵਿਗੜਿਆ’। ਸੁਖਬੀਰ ਨੇ ਨਹੁੰ ਮਾਸ ਦੇ ਰਿਸ਼ਤੇ ’ਤੇ ਮੋਹਰ ਲਾਈ। ‘ਰਿਸ਼ਤਾ ਮਨਜੂਰ ਹੈ’ ਆਖ ਕੇ ਐਲਾਨ ਕਰ ਦਿੱਤਾ। ਟਕਸਾਲੀ ਵੀ ਭਾਜਪਾ ਦੀ ਹੱਟ ’ਤੇ ਜਾ ਖੜ੍ਹੇ। ਪ੍ਰਧਾਨ ਸੁਖਬੀਰ ਜੀ ਆਖਦੇ ਨੇ, ਟਕਸਾਲੀ ਨਾ ਕਹੋ, ਜਾਅਲੀ ਕਹੋ। ਲੁਧਿਆਣੇ ਵਾਲੇ ਬੈਂਸ ਭਰਾ, ਭੰਬੀਰੀ ਬਣੇ ਹੋਏ ਨੇ, ਨਾਲੇ ਟਟੀਹਰੀ ਵੀ। ਮਹਾਰਾਜਾ ਸਾਹਿਬ ਦੀ ‘ਉੱਚੀ ਦੁਕਾਨ..’ ਹੈ। ਮਨਪ੍ਰੀਤ ਬਾਦਲ ਆਖਦੈ, ਕੀ ਕਰੀਏ, ਗ਼ੱਲੇ ’ਚ ਪੈਸੇ ਹੀ ਨਹੀਂ।’ ਪੰਜਾਬ ਗੁੱਸੇ ਵਿਚ ਹੈ। ਖੇਤਾਂ ਦਾ ਪੁੱਤ ਅੱਕੇ ਹੋਏ ਨੇ। ਇੰਜ ਜਾਪਦੈ ਕਿ ਪੈਸੇ ਦੇ ਪੁੱਤਾਂ ਨੂੰ ਘਰੋਂ ਨਿਕਲਣੋਂ ਅੌਖਾ ਹੋ ਜਾਊ। ਪ੍ਰਤਾਪ ਬਾਜਵਾ ਦਿੱਲੀ ਚੋਂ ਨਿਕਲੇ ਨੇ। ਆਖ ਰਹੇ ਨੇ, ਮੁੱਖ ਮੰਤਰੀ ਜੀ ਆਲਸ ਛੱਡੋ। ਵੱਡੇ ਘਰਾਂ ਦੇ ਵੱਡੇ ਨਖਰੇ। ਆਪਾਂ ਕੀ ਲੈਣਾ ਇਸ ਭੇੜ ਤੋਂ।
               ਖੈਰ ਤੁਸੀਂ ਤਾਂ ਦੱਸੋ.. ਦੇਸ਼ ਕਾ ਨੇਤਾ ਕੈਸਾ ਹੋ..। ਚੱਲੋ ਛੱਡੋ, ਬੋਝ ਨਾ ਪਾਓ, ਵਿਹਲ ਮਿਲੇ ਤਾਂ ਕਿਤੇ ਫਿਰ ਦੱਸ ਜਾਇਓ। ਪਹਿਲੋਂ ਇੱਕ ਭੱਦਰਪੁਰਸ਼ ਦੀ ਸੁਣੋ। ‘ਇੱਕ ਵਾਰੀ ਇੱਕ ਬਾਬਾ ਘਰੋਂ ਰੁੱਸ ਗਿਆ। ਬਾਹਰ ਫਿਰਨੀ ’ਤੇ ਜਾ ਕੇ ਬੈਠ ਗਿਆ। ਕੋਈ ਮਨਾਉਣ ਹੀ ਨਾ ਆਇਆ। ਸ਼ਾਮ ਵੇਲੇ ਜਦੋਂ ਪਸ਼ੂ ਬਾਹਰੋਂ ਚਰ ਕੇ ਘਰਾਂ ਨੂੰ ਮੁੜੇ। ਬਾਬੇ ਨੇ ਇੱਕ ਵੱਛੇ ਦੀ ਪੂਛ ਫੜ ਲਈ। ਅਖੇ  ‘ਗਊ ਦੇ ਜਾਏ ਦਾ ਮੈਂ ਕਿਵੇਂ ਆਖਾ ਮੋੜਦਾ।’ ਰਿਸ਼ਤਾ ਪੁਰਾਣਾ ਹੋਵੇ, ਉਪਰੋਂ ਨਹੁੰ ਮਾਸ ਦਾ ਹੋਵੇ, ਸੱਚੀ ਜੁਆਬ ਦੇਣਾ ਅੌਖਾ ਲੱਗਦੈ। ਛੱਜੂ ਰਾਮ ਇਸ ਗੱਲੋਂ ਖ਼ਰਾ ਹੈ। ਮੂੰਹ ’ਤੇ ਫੱਟ ਕਹਿ ਦਿੰਦੈ। ਹੌਸਲੇ ਦੀ ਦਾਦ ਦੇਣੀ ਬਣਦੀ ਹੈ। ਆਸਵੰਦ ਹੈ ਕਿ ਕੂੜ ਦੀ ਦੁਕਾਨ ਬਹੁਤਾ ਸਮਾਂ ਨਹੀਂ ਚੱਲਦੀ। ਫਿਰਕੂ ਤੋਤੇ ਲੱਖ ਧਾਵੇ ਬੋਲਣ, ਬਾਗਾਂ ਦੇ ਰਾਖੇ ਵੀ ਸੁੱਤੇ ਨਹੀਂ। ਚੋਣਾਂ ਦਾ ਮੋਰਚਾ ਛੋਟਾ ਨਹੀਂ ਹੁੰਦਾ, ਜਾਗਣਾ ਜਰੂਰੀ ਹੈ। ਜਾਗ ਲੱਗੇਗਾ ਤਾਂ ਦਿਨ ਬਦਲਾਂਗੇ। ਅਖੀਰ ’ਚ ਕੇਹਰ ਸ਼ਰੀਫ਼ ਦੇ ਇਹ ਬੋਲ, ‘ਕਾਫਲਿਆਂ ਬਿਨ ਬੇੜੀ ਬੰਨੇ ਨਹੀਂ ਲੱਗਣੀ, ਬੰਨ੍ਹਣੀ ਪਊ ਕਤਾਰ ਜ਼ਮਾਨਾ ਬਦਲਾਂਗੇ।’


       

       



No comments:

Post a Comment