Friday, February 28, 2020

                  ਕੈਪਟਨ ਦੀ ਠਾਠ 
ਘੰਟੇ ਦਾ ਬਿਜਲੀ ਬਿੱਲ 357 ਰੁਪਏ !
                     ਚਰਨਜੀਤ ਭੁੱਲਰ
ਬਠਿੰਡਾ : ਮਹਿੰਗੀ ਬਿਜਲੀ ਦਾ ਸੇਕ ਪੰਜਾਬ ਦੇ ਵੱਡੇ ਘਰਾਂ ਨੂੰ ਨਹੀਂ ਲੱਗਦਾ ਹੈ? ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਾਈਵੇਟ ਰਿਹਾਇਸ਼ ਦਾ ਬਿਜਲੀ ਬਿੱਲ ਦੇਖੀਏ ਤਾਂ ਇਹ ਸੱਚ ਜਾਪਦਾ ਹੈ। ਇਵੇਂ ਬਾਦਲਾਂ ਨੂੰ ਵੀ ਹੁਣ ਮਹਿੰਗੀ ਬਿਜਲੀ ਚੁੱਭਦੀ ਨਹੀਂ ਹੈ। ਆਮ ਆਦਮੀ ਦੇ ਪਸੀਨੇ ਬਿਜਲੀ ਬਿੱਲਾਂ ਨੇ ਛੁਡਾ ਰੱਖੇ ਹਨ ਤੇ ਪੰਜਾਬ ’ਚ ਬਿਜਲੀ ਬਿੱਲ ਵੱਡਾ ਮਸਲਾ ਬਣੇ ਹਨ। ਵੱਡੇ ਘਰਾਂ ’ਚ ਕਾਹਦਾ ਘਾਟਾ, ਜਿਸ ਕਰਕੇ ਵੱਡੇ ਪਰਿਵਾਰਾਂ ਲਈ ਬਿਜਲੀ ਬਿੱਲ ਤਾਰਨੇ ਕੋਈ ਮੁਸ਼ਕਲ ਵੀ ਨਹੀਂ। ਵੱਡਿਆਂ ਦੇ ਬਿੱਲ ਆਮ ਆਦਮੀ ਨੂੰ ਚੱਕਰ ਲਿਆਉਣ ਵਰਗੇ ਹਨ। ਮੁੱਖ ਮੰਤਰੀ ਪੰਜਾਬ ਦੀ ਚੰਡੀਗੜ੍ਹ ਲਾਗੇ ਸਿਸਵਾਂ ਵਿਖੇ ਪ੍ਰਾਈਵੇਟ ਰਿਹਾਇਸ਼ (ਫਾਰਮ ਹਾਊਸ) ਹੈ। ਅਮਰਿੰਦਰ ਸਿੰਘ ਨੇ ਇਹ ਰਿਹਾਇਸ਼ ਥੋੜਾ ਸਮਾਂ ਪਹਿਲਾਂ ਹੀ ਉਸਾਰੀ ਹੈ। ਵੇਰਵਿਆਂ ਅਨੁਸਾਰ ਇਸ ਪ੍ਰਾਈਵੇਟ ਰਿਹਾਇਸ਼ ਦਾ ਕੈਪਟਨ ਅਮਰਿੰਦਰ ਸਿੰਘ ਨੇ ਬਿਜਲੀ ਕੁਨੈਕਸ਼ਨ ਜੁਲਾਈ 2019 ਵਿਚ ਲਿਆ ਹੈ ਜਿਸ ਦਾ ਬਿਜਲੀ ਲੋਡ ਕਰੀਬ 140 ਕਿਲੋਵਾਟ ਹੈ। ਅਮਰਿੰਦਰ ਸਿੰਘ ਦੀ ਰਿਹਾਇਸ਼ ਦੇ ਬਿਜਲੀ ਬਿੱਲਾਂ ਦੀ ਅੌਸਤਨ ਵੇਖੀਏ ਤਾਂ ਮੁੱਖ ਮੰਤਰੀ ਪ੍ਰਤੀ ਘੰਟਾ 250 ਰੁਪਏ ਦੀ ਬਿਜਲੀ ਬਾਲਦੇ ਹਨ ਅਤੇ ਇੱਕ ਦਿਨ ਦਾ ਬਿਜਲੀ ਬਿੱਲ ਅੌਸਤਨ 6100 ਰੁਪਏ ਤਾਰਦੇ ਹਨ।
              ਇਸ ਰਿਹਾਇਸ਼ ਦੀ ਜਨਵਰੀ 2020 ਮਹੀਨੇ ਦੀ ਖਪਤ 33260 ਯੂਨਿਟ ਰਹੀ ਹੈ। ਮਤਲਬ ਕਿ ਮੁੱਖ ਮੰਤਰੀ ਦਾ ਰੋਜ਼ਾਨਾ ਦਾ ਅੌਸਤਨ 8584 ਰੁਪਏ ਦੀ ਬਿਜਲੀ ਬਿੱਲ ਆਇਆ ਅਤੇ ਪ੍ਰਤੀ ਘੰਟਾ ਬਿਜਲੀ ਖਰਚਾ 357 ਰੁਪਏ ਰਿਹਾ।ਚਾਲੂ ਫਰਵਰੀ ਮਹੀਨੇ ਦਾ ਬਿਜਲੀ ਬਿੱਲ ਵੀ 27 ਹਜ਼ਾਰ ਯੂਨਿਟਾਂ ਨੂੰ ਪਾਰ ਕਰ ਗਿਆ ਹੈ। ਜੁਲਾਈ 2019 ਤੋਂ 31 ਦਸੰਬਰ 2019 ਤੱਕ ਦਾ ਇਸ ਰਿਹਾਇਸ਼ ਦਾ ਬਿਜਲੀ ਬਿੱਲ 6.52 ਲੱਖ ਰੁਪਏ ਆਇਆ ਹੈ ਜੋ ਕਿ 159 ਦਿਨਾਂ ਦੀ ਬਿਜਲੀ ਖਪਤ ਦਾ ਹੈ। ਇਨ੍ਹਾਂ ਛੇ ਮਹੀਨਿਆਂ ਦੀ ਅੌਸਤਨ ਵੇਖੀਏ ਤਾਂ ਮੁੱਖ ਮੰਤਰੀ ਨੇ ਰੋਜ਼ਾਨਾ 4103 ਰੁਪਏ ਦੀ ਬਿਜਲੀ ਬਾਲੀ ਹੈ। ਕੁਨੈਕਸ਼ਨ ਚਾਲੂ ਹੋਣ ਤੋਂ ਫਰਵਰੀ ਮਹੀਨੇ ਤੱਕ ਅੌਸਤਨ ’ਤੇ ਨਜ਼ਰ ਮਾਰੀਏ ਤਾਂ ਅਮਰਿੰਦਰ ਸਿੰਘ ਦਾ ਰੋਜ਼ਾਨਾ ਦਾ ਅੌਸਤਨ ਬਿਜਲੀ ਖਰਚ 5500 ਰੁਪਏ ਰਿਹਾ ਹੈ। ਜਨਵਰੀ ਮਹੀਨੇ ’ਚ ਪ੍ਰਤੀ ਘੰਟਾ ਬਿਜਲੀ ਖਰਚਾ 357 ਰੁਪਏ ਰਿਹਾ ਹੈ ਜਦੋਂ ਕਿ ਪੰਜਾਬ ਵਿਚ ਮਗਨਰੇਗਾ ਮਜ਼ਦੂਰਾਂ ਨੂੰ ਪੂਰੇ ਦਿਨ ਦੀ ਦਿਹਾੜੀ 241 ਰੁਪਏ ਮਿਲਦੀ ਹੈ। ਪ੍ਰਤੱਖ ਹੈ ਕਿ ਪੰਜਾਬ ਦੇ ਪੜ੍ਹੇ ਲਿਖੇ ਨੌਜਵਾਨਾਂ ਨੂੰ ਤਾਂ ਪ੍ਰਤੀ ਮਹੀਨਾ ਏਨੀ ਤਨਖਾਹ ਵੀ ਮਸਾਂ ਮਿਲਦੀ ਹੈ। ਦੂਸਰੀ ਤਰਫ਼ ਵੀ.ਆਈ.ਪੀ ਪਿੰਡ ਬਾਦਲ ’ਚ ਜੋ ਬਾਦਲ ਪਰਿਵਾਰ ਦੀ ਰਿਹਾਇਸ਼ ਹੈ, ਉਸ ਦਾ ਬਿਜਲੀ ਬਿੱਲ ਕਿਸੇ ਬੰਨ੍ਹਿਓ ਮਹਾਰਾਜੇ ਤੋਂ ਘੱਟ ਨਹੀਂ ਜਾਪਦਾ ਹੈ।
               ਬਾਦਲਾਂ ਦੀ ਰਿਹਾਇਸ਼ ਦਾ ਬਿਜਲੀ ਲੋਡ 180 ਕਿਲੋਵਾਟ ਹੈ। ਜੋ ਆਖਰੀ ਬਿਜਲੀ ਬਿੱਲ ਇਸ ਪਰਿਵਾਰ ਨੇ ਭਰਿਆ ਹੈ, ਉਹ 2.12 ਲੱਖ ਰੁਪਏ ਦਾ ਹੈ। ਜਮਾ ਘਟਾਓ ਕਰੀਏ ਤਾਂ ਬਾਦਲ ਪਰਿਵਾਰ ਵੱਲੋਂ ਰੋਜ਼ਾਨਾ ਅੌਸਤਨ 6838 ਰੁਪਏ ਬਿਜਲੀ ਬਿੱਲ ਦੇ ਤਾਰੇ ਹਨ ਅਤੇ ਪ੍ਰਤੀ ਘੰਟਾ ਬਿਜਲੀ ਬਿੱਲ ਅੌਸਤਨ 284 ਰੁਪਏ ਤਾਰਿਆ ਗਿਆ ਹੈ। ਜੋ ਹੁਣ ਬਿਜਲੀ ਬਿੱਲ 6 ਮਾਰਚ ਤੱਕ ਭਰਨਾ ਹੈ, ਉਹ ਵੀ 1.31 ਲੱਖ ਰੁਪਏ ਬਣਿਆ ਹੈ ਅਤੇ 14,492 ਯੂਨਿਟ ਬਿਜਲੀ ਖਪਤ ਆਈ ਹੈ। ਮੋਟੇ ਅੰਦਾਜ਼ੇ ਅਨੁਸਾਰ ਬਾਦਲ ਪਰਿਵਾਰ ਨੂੰ 9 ਰੁਪਏ ਪ੍ਰਤੀ ਯੂਨਿਟ ਬਿਜਲੀ ਪੈ ਰਹੀ ਹੈ। ਦੱਸਦੇ ਹਨ ਕਿ ਬਾਦਲ ਪਰਿਵਾਰ ਦੀ ਰਿਹਾਇਸ਼ ’ਤੇ ਸੋਲਰ ਪਲਾਂਟ ਵੀ ਲੱਗਾ ਹੋਇਆ ਹੈ। ਸੋਲਰ ਪਲਾਂਟ ਦੀ ਬਿਜਲੀ ਤੋਂ ਇਲਾਵਾ ਪਾਵਰਕੌਮ ਦੀ ਬਿਜਲੀ ਵੀ ਵਰਤੀ ਜਾਂਦੀ ਹੈ। ਪਾਵਰਕੌਮ ਦੇ ਸਥਾਨਿਕ ਅਧਿਕਾਰੀ ਦੱਸਦੇ ਹਨ ਕਿ ਕਈ ਵਾਰੀ ਇਸ ਪਰਿਵਾਰ ਵੱਲੋਂ ਸੋਲਰ ਪਲਾਂਟ ਦੀ ਬਿਜਲੀ ਪਾਵਰਕੌਮ ਨੂੰ ਵੀ ਦਿੱਤੀ ਜਾਂਦੀ ਹੈ ਅਤੇ ਬਦਲੇ ਵਿਚ ਬਿਜਲੀ ਲੈ ਵੀ ਲਈ ਜਾਂਦੀ ਹੈ। ਭਾਵੇਂ ਇਨ੍ਹਾਂ ਪਰਿਵਾਰਾਂ ਦੇ ਬਿਜਲੀ ਬਿੱਲ ਮੋਟੇ ਆ ਰਹੇ ਹਨ ਪ੍ਰੰਤੂ ਇਨ੍ਹਾਂ ਪਰਿਵਾਰ ਲਈ ਏਨੀ ਕੁ ਰਕਮ ਵੱਡੀ ਗੱਲ ਵੀ ਨਹੀਂ ਹੈ।
                ਪੰਜਾਬ ਦੇ ਆਮ ਖਪਤਕਾਰਾਂ ਦੀ ਏਨੀ ਪਹੁੰਚ ਨਹੀਂ ਹੈ ਕਿ ਉਹ ਮਹਿੰਗੀ ਬਿਜਲੀ ਦੇ ਬਿੱਲ ਤਾਰ ਸਕਣ। ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵੀ ਪਿਛਲੇ ਸਮੇਂ ਤੋਂ ਗਰੀਬ ਲੋਕਾਂ ਦੇ ਵੱਡੇ ਬਿੱਲਾਂ ਨੂੰ ਮੁੱਦੇ ਦੇ ਤੌਰ ’ਤੇ ਚੁੱਕਦੇ ਆ ਰਹੇ ਹਨ। ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਜਨਰਲ ਸਕੱਤਰ ਲਛਮਣ ਸਿੰਘ ਸੇਵੇਵਾਲਾ ਦਾ ਕਹਿਣਾ ਸੀ ਕਿ ਬਹੁਤੇ ਮਜ਼ਦੂਰਾਂ ਦੇ ਤਾਂ ਕੁਨੈਕਸ਼ਨ ਹੀ ਕੱਟੇ ਜਾਂਦੇ ਹਨ ਕਿਉਂਕਿ ਇਕੱਲੀ ਦਿਹਾੜੀ ਦੀ ਕਮਾਈ ਨਾਲ ਬਿੱਲ ਤਾਰਨੇ ਮੁਸ਼ਕਲ ਹਨ। ਦੱਸਣਯਗ ਹੈ ਕਿ ਗਠਜੋੜ ਸਰਕਾਰ ਵੇਲੇ ਹੋਏ ਮਹਿੰਗੇ ਬਿਜਲੀ ਸਮਝੌਤੇ ਹੁਣ ਪੰਜਾਬ ਦੇ ਗਲੇ ਦੀ ਹੱਡੀ ਬਣੇ ਹੋਏ ਹਨ ਜਿਨ੍ਹਾਂ ਨੇ ਖਪਤਕਾਰਾਂ ਦੀ ਰੱਤ ਨਿਚੋੜ ਦਿੱਤੀ ਹੈ।


No comments:

Post a Comment