Sunday, February 9, 2020

                              ਵਿਚਲੀ ਗੱਲ  
                 ਇੱਕ ਤੇਰੀ ਅੜ ਭੰਨਣੀ..!
                             ਚਰਨਜੀਤ ਭੁੱਲਰ
ਬਠਿੰਡਾ : ਚੇਤਿਆਂ ’ਚ ਮਰਹੂਮ ਜਥੇਦਾਰ ਟੌਹੜਾ ਘੁੰਮੇ ਨੇ। ਵੱਡੇ ਬਾਦਲ ਦੀ ਯਾਦ ਸ਼ਕਤੀ, ਸੱਚਮੁੱਚ ਕਮਾਲ ਦੀ ਐ, ਉਹ ਤਾਂ ਕਿਥੋਂ ਭੁੱਲੇ ਹੋਣਗੇ। ਢੀਂਡਸੇ ਹੁਣ ਦਿਨ ਰਾਤ ਧਿਆ ਰਹੇ ਹੋਣਗੇ। ਮਨ ਚਿੱਤ ਹੋ ਕੇ, ਇੱਕ ਲੱਤ ਖੜ੍ਹ ਕੇ। ਜਥੇਦਾਰ ਟੌਹੜਾ ਤੇ ਸ਼੍ਰੋਮਣੀ ਕਮੇਟੀ ਦੀ ਕੁਰਸੀ। ਪੱਚੀ ਸਾਲ ਤੋਂ ਵੱਧ ਸਮਾਂ ਨਿਭੇ। ਚਿੱਟੀ ਲੋਈ ਦਾਗ ਤੋਂ ਬਚੀ ਰਹੀ। ਭੁੱਲ ਅਖੀਰ ਦੇ ਮੌਕੇ ਕਰ ਬੈਠੇ। ਵੱਡੇ ਬਾਦਲ ਨੂੰ ਜੋ ਮਸ਼ਵਰਾ ਦੇ ਦਿੱਤਾ। ‘ਅਖੇ, ਕਿਸੇ ਹੋਰ ਨੂੰ ਬਣਾਓ, ਪਾਰਟੀ ਦਾ ਐਕਟਿੰਗ ਪ੍ਰਧਾਨ’। ਬਿਨਾਂ ਦੇਰੀ ਆਖਰ ਪ੍ਰਗਟ ਹੋਈ ਕੋਰ ਕਮੇਟੀ। ਜੋ ਹੁਕਮ ਮੇਰੇ ਆਕਾ, ਸੁਣਾ ਦਿੱਤਾ ਕੋਰਾ ਫੈਸਲਾ। ਦਿਨ 14 ਮਈ 1999 ਦਾ ਸੀ ਜਦੋਂ ਜਥੇਦਾਰ ਟੌਹੜਾ ਨੂੰ ਦਲ ਚੋਂ ਕੱਢਿਆ। ਜਥੇਦਾਰ ਨੇ ਮਨ ਨੂੰ ਧਰਵਾਸ ਦਿੱਤਾ ਹੋਊ, ‘ਮੇਰਾ ਰੁੱਸੇ ਨਾ ਕਲਗੀਆਂ ਵਾਲਾ..’। ਸਿਆਸੀ ਚੇਲੇ ਪੱਬਾਂ ਭਾਰ ਹੋਏ। ਸਰਬ ਹਿੰਦ ਅਕਾਲੀ ਦਲ ਬਣ ਗਿਆ। ਟੌਹੜਾ ਦੇ ਸਿਆਸੀ ਚੇਲੇ ਪੰਥਕ ਮੋਰਚਾ ਬਣਾ ਚੋਣਾਂ ’ਚ ਕੁੱਦੇ। ਬਾਦਲਾਂ ਨੇ ਟੌਹੜਾ ਦਲੀਆਂ ਨੂੰ ਕਾਂਗਰਸੀ ਏਜੰਟ ਕਿਹਾ। ਕਾਂਗਰਸ ਦੀ ਬੀ-ਟੀਮ ਹੋਣ ਦਾ ਟੈੱਗ ਵੀ ਜੜ ਦਿੱਤਾ। ਖੈਰ, ਟੌਹੜਾ ਦੇ ਚੇਲੇ ਚੋਣਾਂ ’ਚ ਜ਼ਮਾਨਤਾਂ ਬਚਾ ਨਾ ਸਕੇ। ਗੱਦੀ ਜਦੋਂ ਬਾਦਲਾਂ ਹੇਠੋਂ ਖਿਸਕ ਗਈ। ਜ਼ਮਾਨਤਾਂ ਦਾ ਦੁੱਖ ਭੁੱਲ ਗਿਆ। ਉਦੋਂ ਚੰਦੂਮਾਜਰਾ, ਮੁਹੰਮਦ ਸਦੀਕ ਦਾ ਗੀਤ ਜਰੂਰ ਗੁਣਗਣਾਏ ਹੋਣਗੇ, ‘ਇੱਕ ਤੇਰੀ ਅੜ ਭੰਨਣੀ..’। ਵੱਡੇ ਬਾਦਲ ਮੌਕਾ ਤਾੜ ਗਏ। ਬਾਦਲ-ਟੌਹੜਾ ਦੀ ਜੱਫੀ ਮੁੜ 13 ਜੂਨ 2003 ਨੂੰ ਪੈ ਗਈ। ਸਭ ਕੁਛ ਗੁਆ ਕਰ ਹੋਸ਼ ਮੇ ਆਏ..।
              ਸ਼ਾਇਰੋ ਸ਼ਾਇਰੀ ਛੱਡੋ, ਜਥੇਦਾਰ ਟੌਹੜਾ ਕੀ ਬੋਲੇ। ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਬਣਨ ਮਗਰੋਂ, ਪਹਿਲਾਂ ਉਹ ਤਾਂ ਸੁਣੋ। ਜਥੇਦਾਰ ਟੌਹੜਾ ਨੂੰ ਟਕੋਰ ਇੱਕ ਪੱਤਰਕਾਰ ਨੇ ਮਾਰੀ, ‘ਜਥੇਦਾਰ ਜੀ, ਤਖਤਾਂ ਤਾਜਾਂ ਨੂੰ ਠੁੱਡਾਂ ਮਾਰਨ ਵਾਲੇ ਅੱਜ ਕੱਲ ਪ੍ਰਧਾਨਗੀਆਂ ਨੂੰ ਜੱਫੇ ਕਿਉਂ ਮਾਰਨ ਲੱਗੇ ਨੇ।’ ਟੌਹੜਾ ਦੀ ਹਾਜ਼ਰ ਜਵਾਬੀ ਕਮਾਲ ਦੀ। ਜਥੇਦਾਰ ਗੁਰਚਰਨ ਸਿੰਘ ਟੌਹੜਾ ਹਾਸੇ ਹਾਸੇ ’ਚ ਇੰਝ ਬੋਲੇ, ‘ ਕਿਹੜੀ ਪ੍ਰਧਾਨਗੀ ਦੀ ਗੱਲ ਕਰਦੇ ਹੋ, ਸਿੱਖ ਤਾਂ ਹੱਥ ’ਚ ਆਇਆ ਕੜਾਹ ਪ੍ਰਸ਼ਾਦ ਵਾਲਾ ਥਾਲ ਨਹੀਂ ਛੱਡਦੇ’। ਖੈਰ, ਦਿਲ ’ਤੇ ਨਾ ਲਾਇਓ, ਗੱਲ ਹਾਸੇ ਦੀ ਸੀ, ਮਾਅਨੇ ਜਰੂਰ ਡੂੰਘੇ ਸਨ। ਵੱਡੇ ਬਾਦਲ ਤਾਂ ਬੁੱਝ ਗਏ ਸਨ। ਛੋਟੇ ਬਾਦਲ ਥੋੜੀ ਕਾਹਲ ਕਰ ਜਾਂਦੇ ਨੇ। ਨਾ ਨੋਟਿਸ ਦਿੱਤਾ, ਨਾ ਪੱਖ ਸੁਣਿਆ। ਢੀਂਡਸਾ ਪਿਓ ਪੁੱਤ ਦਲ ਚੋਂ ਅੌਹ ਵਗਾਹ ਮਾਰੇ। ਚੋਣਾਂ ’ਚ ਦੋ ਕੁ ਵਰੇ੍ਹ ਰਹਿੰਦੇ ਨੇ। ਢੀਂਡਸੇ ਟਕਸਾਲੀ ਘਰਾਂ ਵੱਲ ਹੋ ਤੁਰੇ ਨੇ। ਬ੍ਰਹਮਪੁਰਾ, ਸੇਖਵਾਂ ਤੇ ਅਜਨਾਲਾ। ਸਭ ਭਾਈ ਭਾਈ ਬਣੇ ਨੇ। ਸੁਖਬੀਰ ਆਖਦੈ.. ਏਹ ਤਾਂ ਕਾਂਗਰਸੀ ਏਜੰਟ ਨੇ, ਮਤਲਬ ਉਹੀਓ ਬੀ-ਟੀਮ। ਵੱਡੇ ਬਾਦਲ ਬੁੱਕਲ ’ਚ ਰੋੜੀ ਭੰਨਦੇ ਨੇ। ਸੰਗਰੂਰ ਰੈਲੀ ’ਚ ਜਾ ਕੇ ਤੰਦੂਰ ਤਪਾ ਆਏ ਨੇ। ਅੱਗੇ ਤੇਰੇ ਭਾਗ ਲੱਛੀਏ..। ਢੀਂਡਸੇ ਬਹੁਤਾ ਨਹੀਂ, ‘ਟੌਹੜੇ’ ਤਾਂ ਬਣ ਹੀ ਸਕਦੇ ਨੇ। ‘ਇੱਕ ਤੇਰੀ ਅੜ ਭੰਨਣੀ.. ਛੋਟਾ ਢੀਂਡਸਾ ਮਨੋ ਮਨ ਹੁਣ ਇਹੋ ਸੋਚਦਾ ਹੋਊ। ਲੱਸੀ ਦਾ ਸ਼ੌਕ ਢੀਂਡਸਿਆਂ ਨੂੰ ਕਿੰਨਾ ਕੁ ਹੈ, ਸੰਗਰੂਰ ਵਾਲੇ ਬਿਹਤਰ ਦੱਸ ਸਕਦੇ ਨੇ। ਪ੍ਰਿੰਸੀਪਲ ਸਰਬਣ ਸਿੰਘ ਨੇ ਜੋ ਦੱਸਿਐ। ਉਹ ਵੀ ਅੰਦਰਲਾ ਭੇਤ ਹੀ ਹੈ।
              ਪ੍ਰਿੰਸੀਪਲ ਦੀ ਸਵੈ ਜੀਵਨੀ ਦਾ ਇੱਕ ਬਿਰਤਾਂਤ ਐ। ‘ਵੱਡੇ ਢੀਂਡਸਾ ਜਦੋਂ ਛੋਟੇ ਹੁੰਦੇ ਸਨ, ਉਦੋਂ ਮੱਝ ਦੀ ਸਵਾਰੀ ਕਰਦੇ ਸਨ। ਕੇਰਾਂ ਮੱਝ ਤੋਂ ਡਿੱਗ ਕੇ ਬਾਂਹ ਤੁੜਾ ਬੈਠੇ। ਹਕੀਮ ਨੇ ਬਾਂਹ ਵਿੰਗੀ ਬੰਨ੍ਹ ਦਿੱਤੀ, ਅੱਜ ਵੀ ਉਵੇਂ ਲਈ ਫਿਰਦੇ ਨੇ।’ ਡਿੱਗ ਡਿੱਗ ਸਵਾਰ ਹੁੰਦੇ ਨੇ। ਮੱਝ ਵਾਲੇ ਢੀਂਡਸਾ 1977 ’ਚ ਟਰਾਂਸਪੋਰਟ ਮੰਤਰੀ ਬਣੇ। ਉਦੋਂ ਬਿਨਾਂ ਕਾਗ਼ਜ਼ਾਂ ਤੋਂ ਜੋ ਘੁੜੱਕੇ ਚੱਲਦੇ ਸਨ, ਉਹ ਅੱਜ ਤੱਕ ‘ਢੀਂਡਸਾ ਟਰਾਂਸਪੋਰਟ’ ਵਜੋਂ ਮਸ਼ਹੂਰ ਨੇ। ਸਿਆਸੀ ਬੱਸ ਨੂੰ ਨਵੇਂ ਰੂਟ ’ਤੇ ਪਾਇਆ। ਸਟੇਅਰਿੰਗ ’ਤੇ ਹੁਣ ਢੀਂਡਸੇ ਬੈਠੇ ਨੇ। ਦੇਖਦੇ ਹਾਂ ਅੱਗੇ ਕਿਥੋਂ ਕਿਥੋਂ ਸਵਾਰੀਆਂ ਚੁੱਕਦੇ ਨੇ। ਮਾਝੇ ਦੀ ਇੱਕ ਸਵਾਰੀ ਦਾ ਭਰੋਸਾ ਨਹੀਂ। ਕੋਈ ਕੰਨ ’ਚ ਦੱਸ ਕੇ ਗਿਆ। ‘ਛੋਟੇ ਬਾਦਲ ਨੇ ਗੁਪਤ ਮੀਟਿੰਗ ਕੀਤੀ ਐ। ਬਾਗੀ ਟਕਸਾਲੀ ਦੇ ਮੁੰਡੇ ਨਾਲ। ਸਿਆਸਤ ’ਚ ਨਾ ਕੋਈ ਪੱਕਾ ਦੁਸ਼ਮਣ ਤੇ ਨਾ ਦੋਸਤ। ਉਹ ਜ਼ਮਾਨਾ ਗਿਆ,‘ ਮੈਂ ਮਰਾਂ ਪੰਥ ਜੀਵੇ।’ ਹੁਣ ਕੁਰਸੀ ਪ੍ਰਧਾਨ ਹੋ ਗਈ ਹੈ। ਕੁਰਬਾਨੀ ਦੀ ਨਹੀਂ, ਵਫ਼ਾਦਾਰੀ ਦੀ ਚੌਧਰ ਐ। ਹਰਿਆਣਾ ਦਾ ਗਯਾ ਰਾਮ, ਨੌ ਘੰਟਿਆਂ ’ਚ ਤਿੰਨ ਵਾਰੀ ਪਾਰਟੀ ਬਦਲ ਗਿਆ ਸੀ। ਜਦੋਂ ਵਿਰੋਧੀ ਹੁੰਦੇ ਨੇ, ਉਦੋਂ ਦੁਨੀਆ ਭਰ ਦੇ ਐਬ ਦਿਖਦੇ ਨੇ। ਜਦੋਂ ਜੱਫੀ ਪੈਂਦੀ ਹੈ, ਉਦੋਂ ਉਹੀ ਆਗੂ ਦੁੱਧ ਧੋਤਾ ਹੁੰਦੈ। ਮਰਹੂਮ ਕੁਲਦੀਪ ਸਿੰਘ ਵਡਾਲਾ ਨੂੰ ਵੀ ਭੁਗਤਣਾ ਪਿਆ ਸੀ। ਕੈਪਟਨ ਅਮਰਿੰਦਰ ਸਿੰਘ ਪੁਰਾਣੇ ਅਕਾਲੀ ਨੇ, ਜਗਮੀਤ ਬਰਾੜ ਨਵੇਂ ਅਕਾਲੀ। ਨਵਜੋਤ ਸਿੱਧੂ, ਸੁਖਪਾਲ ਖਹਿਰਾ, ਘੁਬਾਇਆ ਆਦਿ। ਤੁਰ ਫਿਰ ਕੇ ਮੇਲਾ ਵੇਖਣ ਵਾਲੇ ਨੇ।
                ਜਦੋਂ ਪੰਜਾਬੀ ਸੂਬਾ ਬਣਿਆ ਸੀ। ਉਦੋਂ ਪਹਿਲੇ ਚਾਰ ਸਾਲਾਂ ’ਚ ਪੰਜਾਬ ’ਚ 114 ਲੀਡਰਾਂ ਨੇ ਪਾਰਟੀ ਬਦਲੀ ਸੀ। ਰੋਗ ਬੜਾ ਪੁਰਾਣਾ ਹੈ, ਕੋਈ ਵੈਦ ਨਹੀਂ ਲੱਭ ਰਿਹਾ। ਕੋਈ ਦੁੱਧ ਧੋਤਾ ਨਹੀਂ। ਦਲ ਬਦਲੀ ਮਗਰੋਂ ਸਭ ਨਿਰਮਲ ਹੋ ਜਾਂਦੇ ਨੇ। ਸਤਸੰਗੀ ਬਾਬੇ ਦੇ ਪ੍ਰਵਚਨ ਸੁਣੋ। ‘ਸ਼ਰਧਾ ਨਾਲ ਸਤਸੰਗ ਕਰੋ, ਯੁਗਾਂ ਯੁਗੰਤਰਾਂ ਦੀ ਮਨ ਦੀ ਮੈਲ ਇਵੇਂ ਉੱਤਰੂ, ਜਿਵੇਂ ਸਾਬਣ ਨਾਲ ਕੱਪੜਾ ਧੋਤਾ ਹੁੰਦੈ। ਕੇਂਦਰੀ ਖੁਰਾਕ ਰਾਜ ਮੰਤਰੀ, ਰਾਓ ਸਾਹਿਬ ਦਾਨਵੇ। ਫੁਰਮਾ ਰਹੇ ਨੇ, ਭਾਜਪਾ ਕੋਲ ਇੱਕ ਵਾਸ਼ਿੰਗ ਮਸ਼ੀਨ ਐ। ਜੋ ਦੂਸਰੀ ਪਾਰਟੀ ਚੋਂ ਭਾਜਪਾ ’ਚ ਆਉਂਦੈ। ਪਹਿਲੋਂ ਮਸ਼ੀਨ ’ਚ ਪਾਇਆ ਜਾਂਦੈ। ਗੁਜਰਾਤੀ ਡਿਟਰਜੈਂਟ ਪਾਊਡਰ ਵਰਤਦੇ ਹਾਂ। ਸਭ ਕੁਝ ਧੋਤਾ ਜਾਂਦੇ, ਸਭ ਐਬ ਤੇ ਵੈਲ। ਅਕਾਲੀ ਦਲ ਨੂੰ ਹੁਣ ਕਾਹਦਾ ਫਿਕਰ। ਲੋੜ ਪਈ ਤਾਂ ਭਾਜਪਾ ਦੇ ਘਰੋਂ ਵਾਸ਼ਿੰਗ ਮਸ਼ੀਨ ਚੱਕ ਲਿਆਉਣਗੇ। ਜੋ ਵੀ ‘ਕਾਂਗਰਸੀ ਏਜੰਟ’ ਦਿੱਖੇ। ਮਸ਼ੀਨ ’ਚ ਪਾਓ, ਸ਼ੁੱਧ ਬਣਾ ਕੇ ਮੁੱਖ ਧਾਰਾ ’ਚ ਲਿਆਓ। ਲੋਕ ਰਾਜ ਦੇ ਸਿਆਸੀ ਧੋਬੀ। ਕਮਾਲ ਦਾ ਪਟਕਾ ਮਾਰਦੇ ਨੇ। ਖ਼ੁਦਗਰਜ਼ੀ ਭਾਰੂ ਐ। ਨਾ ਵਿਚਾਰ ਐ ਤੇ ਨਾ ਕੋਈ ਧਾਰਾ। ਗੱਲ ਮੁੱਖ ਧਾਰਾ ਦੀ ਹੁੰਦੀ ਐ। ਪੰਜਾਬ ਦੇ ਲੋਕਾਂ ’ਚ ਬੜੀ ਕਲਾ ਹੈ। ਸ਼ੱਕ ਹੋਵੇ ਤਾਂ ਦੋ ਵਰ੍ਹਿਆਂ ਮਗਰੋਂ ਵੇਖਿਓ। ਬਿਨਾਂ ਮਸ਼ੀਨ ਤੋਂ ਕਿਵੇਂ ਕੋਈ ਧੋਣਾ, ਕੋਈ ਇਨ੍ਹਾਂ ਤੋਂ ਸਿੱਖੇ। ਅਕਾਲੀ ਪਹਿਲੋਂ ਸਿੱਖ ਗਏ ਸਨ, ‘ਆਪ’ ਵਾਲੇ ਲੋਕ ਸਭਾ ਚੋਣਾਂ ’ਚ। ਕਾਂਗਰਸ ਸ਼ਾਇਦ ਹੁਣ ਆਉਂਦੇ ਦਿਨਾਂ ’ਚ ਸਿੱਖੇ। ‘ਈਰੀਏ ਭਮੀਰੀਏ ਤੇਰਾ ਘਰ ਕਿਹੜਾ’, ਲੱਗ ਜਾਊ ਪਤਾ। ਦੇਖਦੇ ਤਾਂ ਜਾਓ। ਟਕਸਾਲੀ ਟਿੰਢ ’ਚ ਕਾਨਾ ਪਾਈ ਬੈਠੇ ਨੇ।
                ਸਲੀਬ ’ਤੇ ਮੁਲਕ ਚੜਾਇਐ। ਮਨ ਦੇ ਖੋਟ, ਨਫ਼ਰਤੀ ਸੋਚ। ਘੱਟ ਗਿਣਤੀ ਨੂੰ ਪੰਝੀਂ ਦਾ ਭੌਣ ਦਿਖਾ ਰਹੀ ਹੈ। ਮਹਾਂਨਗਰ ’ਚ ਜਵਾਨੀ ਕੂਕ ਰਹੀ ਹੈ। ਕਿਤੇ ਕਵਿਤਾ ਗਾਣ ਚੱਲ ਰਿਹੈ। ਕਿਤੇ ਬੁੱਲ੍ਹੇ ਸ਼ਾਹ ਦੇ ਕਲਾਮ। ਡਫਲੀ ਵੀ ਵੱਜ ਰਹੀ ਹੈ ਅਤੇ ਜਵਾਨੀ ਨੱਚ ਵੀ ਰਹੀ ਹੈ, ਸੱਤਾ ਦੇ ਖ਼ਿਲਾਫ਼, ਸਿਰਫ਼ ਨਿਆਂ ਖਾਤਰ। ‘ਰੌਲਾ ਤਾਂ ਛੱਜੂ ਦੀ ਲੋਈ ਦਾ’, ਹੋਰ ਤਾਂ ਸਭ ਬਹਾਨੇ ਨੇ। ਸੱਤਾ ਵਾਲੇ ਮੂੰਹ ਚੋਂ ਰਾਮ ਰਾਮ ਜਪ ਰਹੇ ਹਨ। ‘ਆਪਦੇ ਵਾਲੇ ਪੋਲੇ, ਸਾਡੇ ਵਾਲੇ ਠੋਲੇ੍ਹ।’ ਕੋਈ ਇਹ ਨਾ ਭੁੱਲੇ, ਭੱਜਦਿਆਂ ਨੂੰ ਵਾਹਨ ਇੱਕੋ ਜੇਹੇ ਹੁੰਦੇ ਨੇ। ਦੂਰ ਨਾ ਜਾਓ, ਦੋ ਦਿਨ ਪਹਿਲਾਂ ਦੀ ਸੁਣੋ। ਮੁੰਬਈ ’ਚ ਇੱਕ ਨੌਜਵਾਨ ਨੇ ਟੈਕਸੀ ਕਰਾਈ। ਗਲ ਵਿਚ ਪਰਨਾ, ਹੱਥ ’ਚ ਡਫਲੀ। ਜਦੋਂ ਫੋਨ ’ਤੇ ਦੋਸਤ ਨਾਲ ਨਵੇਂ ਕਾਨੂੰਨਾਂ ਦੀ ਗੱਲ ਕਰਨ ਲੱਗਾ। ਡਰਾਈਵਰ ਨੇ ਟੈਕਸੀ ਸਿੱਧੀ ਥਾਣੇ ਲਾ ਦਿੱਤੀ। ਪੁਲੀਸ ਨੇ ਤਾੜਨਾ ਕੀਤੀ, ਗਲ ’ਚ ਲਾਲ ਪਰਨਾ ਨੀ ਪਾਉਣਾ, ਹੱਥ ਵਿਚ ਡਫਲੀ ਨਹੀਂ ਫੜਨੀ। ਦੱਸੋ ਭਲਾ , ਹੁਣ ਗੁਰਦਾਸ ਮਾਨ ਦਾ ਕੀ ਬਣੂ। ਜੋ ਉੱਚੀ ਸੁਰ ’ਚ ਗਾ ਰਿਹੈ , ਕੀ ਬਣੂ ਦੁਨੀਆ ਦਾ..। ਡਫਲੀ ਤਾਂ ਲੋਕ ਸਾਜ਼ ਹੈ ਜੋ ਪਿਆਰ ਦੀ ਭਾਸ਼ਾ ਦਾ ਤਰਜਮਾ ਕਰਦੀ ਹੈ। ਲੋਕ ਰੋਹ ਦੀ ਪੈਂਤੀ ਨਾ ਜਾਣੋਗੇ ਤਾਂ ਫਿਰ ਦੇਰ ਨਹੀਂ ਲੱਗਣੀ। ਜਵਾਨੀ ਦਾ ਪਤਾ ਨਹੀਂ ਲੱਗਦਾ, ਕੀਹਦੀ ਡਫਲੀ ਕਦੋਂ ਵਜਾ ਦੇਵੇ। ਦਿੱਲੀ ’ਚ ਵੋਟਾਂ ਪੈ ਗਈਆਂ ਨੇ । ਬੱਸ ਦੋ ਕੁ ਦਿਨਾਂ ਦਾ ਹੋਰ ਸਬਰ ਰੱਖੋ..।
                               

No comments:

Post a Comment