Friday, February 14, 2020

                          ਬਾਦਸ਼ਾਹੀ ਅੰਦਾਜ਼ 
 ਅਮਰਿੰਦਰ ਨੇ ਸ਼ਾਹੀ ਖੇਡ ਤੋਂ ਵਾਰਿਆ ਖ਼ਜ਼ਾਨਾ
                             ਚਰਨਜੀਤ ਭੁੱਲਰ
ਬਠਿੰਡਾ :  ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ਾਹੀ ਖੇਡ ‘ਪੋਲੋ ਅਤੇ ਘੋੜ ਸਵਾਰੀ’ ਤੋਂ ਸਰਕਾਰੀ ਖ਼ਜ਼ਾਨੇ ਚੋਂ ਕਰੋੜਾਂ ਰੁਪਏ ਵਾਰ ਦਿੱਤੇ ਹਨ ਜਦੋਂ ਕਿ ਪੰਜਾਬ ਖ਼ਜ਼ਾਨੇ ਦੀ ਤੰਗੀ ਝੱਲ ਰਿਹਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਬਾਦਲਾਂ ਦੀ ਤਰਜ਼ ’ਤੇ ਪਟਿਆਲੇ ਨੂੰ ਫੰਡਾਂ ਦੇ ਖੁੱਲ੍ਹੇ ਗੱਫੇ ਵਰਤਾ ਦਿੱਤੇ ਹਨ। ਮੁੱਖ ਮੰਤਰੀ ਤਰਫ਼ੋਂ ਛੋਟੀਆਂ ਬੱਚਤਾਂ ਫੰਡ ਚੋਂ 98 ਫੀਸਦੀ ਫੰਡ ਇਕੱਲੇ ਪਟਿਆਲਾ ਜ਼ਿਲ੍ਹੇ ’ਚ ਦਿੱਤੇ ਗਏ ਹਨ। ਇਵੇਂ ਹੀ ਅਕਾਲੀ ਵਜ਼ਾਰਤ ਵੇਲੇ ਹਲਕਾ ਲੰਬੀ ਨੂੰ ਮੌਜ ਲੱਗੀ ਹੋਈ ਸੀ। ਬਾਕੀ ਪੰਜਾਬ ਹੁਣ ਕਿਧਰ ਜਾਏ, ਜੋ ਫੰਡਾਂ ਬਿਨਾਂ ਹਾਸ਼ੀਏ ’ਤੇ ਹੈ। ਬੇਸ਼ੱਕ ਮੁੱਖ ਮੰਤਰੀ ਖੁਦ ਪਟਿਆਲੇ ਘੱਟ ਗੇੜਾ ਮਾਰਦੇ ਹਨ ਪ੍ਰੰਤੂ ਨੋਟਾਂ ਵਾਲੇ ਟਰੱਕ ਪਟਿਆਲੇ ’ਚ ਧੂੜਾਂ ਪੁੱਟ ਰਹੇ ਹਨ।  ਛੋਟੀਆਂ ਬੱਚਤਾਂ ਵਿਭਾਗ ਤੋਂ ਸੂਚਨਾ ਦਾ ਅਧਿਕਾਰ ਕਾਨੂੰਨ ਤਹਿਤ ਜੋ ਲਿਖਤੀ ਵੇਰਵੇ ਮਿਲੇ ਹਨ, ਉਹ ਵੱਡਿਆਂ ਦੀ ਝੋਲੀ ਭਰਨ ਦਾ ਖੁਲਾਸਾ ਕਰਦੇ ਹਨ। ਛੋਟੀਆਂ ਬੱਚਤਾਂ ਚੋਂ ਇਕੱਲੇ ਪਟਿਆਲਾ ਜ਼ਿਲ੍ਹੇ ਨੂੰ 13.08 ਕਰੋੜ ਦੇ ਫੰਡ ਕਾਂਗਰਸੀ ਹਕੂਮਤ ਦੌਰਾਨ ਮਿਲੇ ਹਨ ਜਿਨ੍ਹਾਂ ਚੋਂ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਵੀ ਪਟਿਆਲਾ ਜ਼ਿਲ੍ਹੇ ਨੂੰ 30.50 ਲੱਖ ਰੁਪਏ ਦਿੱਤੇ ਹਨ। ਗੱਲ ਉਦੋਂ ਸ਼ੁਰੂ ਹੋਈ ਸੀ ਜਦੋਂ ਪਸ਼ੂ ਭਲਾਈ ਫੰਡਾਂ ਚੋਂ ਦਸੰਬਰ 2017 ਵਿਚ ‘ਪੋਲੋ ਮੈਚਾਂ’ ਵਾਸਤੇ 50 ਲੱਖ ਦੇ ਫੰਡ ਜਾਰੀ ਕੀਤੇ ਗਏ ਸਨ। ਮੁੱਖ ਮੰਤਰੀ ਨੇ ਛੋਟੀਆਂ ਬੱਚਤਾਂ ਫੰਡਾਂ ਚੋਂ 49.80 ਦੇ ਫੰਡ 23 ਫਰਵਰੀ 2018 ਨੂੰ ‘ਪਟਿਆਲਾ ਪੋਲੋ ਐਂਡ ਰਾਈਡਿੰਗ ਕਲੱਬ’ ਨੂੰ ਜਾਰੀ ਕੀਤੇ ਗਏ ਸਨ ਜੋ ਸ਼ਾਹੀ ਲੋਕਾਂ ਦਾ ਕਲੱਬ ਹੈ।
              ਵੇਰਵਿਆਂ ਅਨੁਸਾਰ ਮੁੱਖ ਮੰਤਰੀ ਨੇ ‘ਪਟਿਆਲਾ ਘੋੜ ਸਵਾਰ ਅਤੇ ਪੋਲੋ ਅਕੈਡਮੀ’ ਨੂੰ 5 ਫਰਵਰੀ 2019 ਨੂੰ ਛੇ ਲੱਖ ਰੁਪਏ ਜਾਰੀ ਕੀਤੇ ਅਤੇ ਪੁਰਾਣੇ ਪੋਲੋ ਗਰਾਊਂਡ ਵਾਸਤੇ 50 ਲੱਖ ਰੁਪਏ 30 ਜਨਵਰੀ 2019 ਨੂੰ ਜਾਰੀ ਹੋਏ ਹਨ। ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਨਾਭਾ ਦੇ ਪੰਜਾਬ ਪਬਲਿਕ ਸਕੂਲ ਨੂੰ ‘ਪੋਲੋ ਸਪੋਰਟਸ’ ਲਈ 30 ਲੱਖ ਰੁਪਏ ਦੇ ਫੰਡ 10 ਸਤੰਬਰ 2019 ਨੂੰ ਜਾਰੀ ਕੀਤੇ ਹਨ। ਦੱਸਣਯੋਗ ਹੈ ਕਿ ਇਹ ਉਹ ਪ੍ਰਾਈਵੇਟ ਸਕੂਲ ਹੈ ਜਿਥੇ ਭਾਰੀ ਫੀਸ ਹੋਣ ਕਰਕੇ ਆਮ ਪੰਜਾਬੀ ਆਪਣੇ ਬੱਚੇ ਨੂੰ ਇਸ ਸਕੂਲ ਵਿਚ ਪੜਾਉਣ ਦਾ ਸੁਫਨਾ ਵੀ ਨਹੀਂ ਵੇਖ ਸਕਦਾ ਹੈ। ਮੁੱਖ ਮੰਤਰੀ ਨੇ ‘ਪਟਿਆਲਾ ਏਵੀਂਏਸ਼ਨ ਕੰਪਲੈਕਸ’ ਦੀ ਸੁੰਦਰਤਾ ਅਤੇ ਇਮਾਰਤ ਲਈ 1.30 ਕਰੋੜ ਦੀ ਗਰਾਂਟ 26 ਅਗਸਤ 2019 ਨੂੰ ਦਿੱਤੀ ਹੈ।ਦੱਸਣਯੋਗ ਹੈ ਕਿ ਮੁੱਖ ਮੰਤਰੀ ਖੁਦ ‘ਪੋਲੋ’ ਦੇ ਖਿਡਾਰੀ ਹਨ ਅਤੇ ਘੋੜ ਸਵਾਰੀ ਦਾ ਸ਼ੌਕ ਰੱਖਦੇ ਹਨ। ਮੁੱਖ ਮੰਤਰੀ ਨੇ ਪਟਿਆਲੇ ਦੀ ਮਹਿੰਦਰਾ ਕੋਠੀ ਦੀ ਇਮਾਰਤ ਲਈ ਵੀ 27 ਮਾਰਚ 2018 ਨੂੰ 50 ਲੱਖ ਦੇ ਫੰਡ ਦਿੱਤੇ ਹਨ। ਦੱਸ ਦੇਈਏ ਕਿ ਛੋਟੀਆਂ ਬੱਚਤਾਂ ਚੋਂ ਮੁੱਖ ਮੰਤਰੀ ਅਤੇ ਵਿੱਤ ਮੰਤਰੀ ਆਪਣੇ ਪੱਧਰ ’ਤੇ ਅਖ਼ਤਿਆਰੀ ਕੋਟਾ ਹੋਣ ਕਰਕੇ ਫੰਡ ਦੇ ਸਕਦੇ ਹਨ। ਮੁੱਖ ਮੰਤਰੀ ਪੰਜਾਬ ਨੇ ਛੋਟੀਆਂ ਬੱਚਤਾਂ ਫੰਡਾਂ ਚੋਂ ਹੀ 30 ਅਗਸਤ 2018 ਨੂੰ ਆਪਣੇ ਪੁਰਖਿਆਂ ਦੇ ਪਿੰਡ ਮਹਿਰਾਜ ਲਈ ਵੀ ਇੱਕ ਕਰੋੜ ਦੇ ਫੰਡ ਭੇਜੇ ਹਨ।
                ਪਟਿਆਲਾ ਜ਼ਿਲ੍ਹੇ ਵਿਚ ਫੰਡਾਂ ਦੀ ਵਰਤੋਂ ਡਿਪਟੀ ਕਮਿਸ਼ਨਰ ਜ਼ਰੀਏ ਕੀਤੀ ਜਾ ਰਹੀ ਹੈ।ਮੁੱਖ ਮੰਤਰੀ ਨੇ ਪਟਿਆਲਾ ਵਿਚ ਐਮ.ਸੀ ਮੀਟਿੰਗ ਹਾਲ ਲਈ ਇੱਕ ਕਰੋੜ, ਪਬਲਿਕ ਕਾਲਜ ਸਮਾਣਾ ਨੂੰ 10 ਲੱਖ, ਲੜਕੀਆਂ ਦੇ ਸਰਕਾਰੀ ਕਾਲਜ ਪਟਿਆਲਾ ਨੂੰ 50 ਲੱਖ ਅਤੇ ਰਜਿੰਦਰਾ ਹਸਪਤਾਲ ਨੂੰ ਇੱਕ ਕਰੋੜ ਦੇ ਫੰਡ ਦਿੱਤੇ ਹਨ। ਪਟਿਆਲਾ ਦੀ ਛੋਟੀ ਨਦੀ ਦੀ ਲੇਡਸਕੇਪਿੰਗ ਲਈ 24.16 ਲੱਖ ਵੀ ਦਿੱਤੇ ਹਨ। ਮੁੱਖ ਮੰਤਰੀ ਨੇ ਪੰਜਾਹ ਲੱਖ ਦੇ ਫੰਡ ਰਾਜਪੁਰਾ ਦੇ ਪਿੰਡਾਂ ਵਿਚ ਵੰਡੇ ਹਨ। ਇਵੇਂ  ਹੀ ਪੁਲੀਸ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਪਟਿਆਲਾ ਨੂੰ ਵੀ 10 ਲੱਖ ਦੀ ਗਰਾਂਟ ਦਿੱਤੀ ਗਈ ਹੈ। ਸੰਸਦ ਮੈਂਬਰ ਭਗਵੰਤ ਮਾਨ ਦਾ ਪ੍ਰਤੀਕਰਮ ਸੀ ਕਿ ਮੱੁਖ ਮੰਤਰੀ ਵੀ ‘ਲੰਬੀ ਤਰਜ਼’ ਤੇ ਆਪਣਿਆਂ ਨੂੰ ਰਿਊੜੀਆਂ ਵੰਡ ਰਹੇ ਹਨ ਜੋ ਖ਼ਜ਼ਾਨੇ ਦੀ ਦੁਰਵਰਤੋਂ ਹੈ। ਉਨ੍ਹਾਂ ਕਿਹਾ ਕਿ ਇਕੱਲੀ ਪੋਲੋ ਸਪੋਰਟਸ ਨੂੰ ਵੰਡ ਦੇਣੇ ਮੁੱਖ ਮੰਤਰੀ ਦੀ ਤਰਜੀਹ ਨੂੰ ਦਰਸਾਉਂਦਾ ਹੈ ਜਦੋਂ ਕਿ ਪਿੰਡਾਂ ਦੇ ਖੇਡ ਮੈਦਾਨ ਫੰਡਾਂ ਤੋਂ ਦੂਰ ਹਨ। ਖੇਡ ਕਿੱਟਾਂ ਲਈ ਵੀ ਸਰਕਾਰ ਕੋਲ ਪੈਸਾ ਨਹੀਂ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਖ਼ਜ਼ਾਨੇ ਨੂੰ ਬਾਦਸ਼ਾਹੀ ਤਰੀਕੇ ਨਾਲ ਵਰਤਿਆ ਜਾ ਰਿਹਾ ਹੈ ਜਦੋਂ ਕਿ ਪੰਜਾਬ ਦੇ ਆਮ ਲੋਕ ਪਾਈ-ਪਾਈ ਨੂੰ ਤਰਸ ਰਹੇ ਹਨ।



No comments:

Post a Comment