ਵਿਚਲੀ ਗੱਲ
ਜ਼ਿੰਦਗੀ ਦੀ ਗੇਮ ਜ਼ੀਰੋ..!
ਚਰਨਜੀਤ ਭੁੱਲਰ
ਚੰਡੀਗੜ੍ਹ : ਜ਼ਿਲ੍ਹਾ ਨਵਾਂ ਸ਼ਹਿਰ ਹੈ ਤੇ ਕਿੱਸਾ ਪੁਰਾਣਾ। ਪਿੰਡ ਪਠਲਾਵਾ ਦੇ ਚੇਤੇ ’ਚ ਘੁੰਮਿਐ। ਪਲੇਗ ਨੇ ਉਦੋਂ ਕਈ ਪਿੰਡ ਹਿਲਾਏ। ਬਿਨ ਬੁਲਾਏ ਯਮਦੂਤ ਇੰਝ ਆਏ ਜਿਵੇਂ ਕੱਫਨਾਂ ਦੇ ਬਜਾਜੀ ਹੋਣ। ਅੱਗਿਓਂ ਟੱਕਰੇ ਕੋਈ ਸਿੱਧ ਪੁਰਸ਼, ਜਿਨ੍ਹਾਂ ਪੁੱਠਾ ਹਲ਼ ਵਾਹਿਆ। ਬਿਮਾਰੀ ਛੂ ਮੰਤਰ ਹੋ ਗਈ, ਨਾਲੇ ਯਮਦੂਤ। ਪਿੰਡ ਦਾ ਇੱਥੋਂ ਹੀ ਨਾਮ ਬੱਝਾ ‘ਪਠਲਾਵਾ’। ਕੋਈ ਮੰਨੇ ਚਾਹੇ ਨਾ, ਪਿੰਡ ਦੇ ਬਜ਼ੁਰਗ ਜ਼ਰੂਰ ਮੰਨਦੇ ਹਨ। ਪਿੰਡ ਤੱਤੀ ’ਵਾ ਤੋਂ ਬਚਿਆ ਰਿਹਾ। ਕਰੋਨਾ ਤੋਂ ਹੁਣ ਕਿਵੇਂ ਬਚਦਾ। ਵੱਡੇ ਵੱਡੇ ਲਾਟ ਨੀ ਬਚੇ। ਗਿਆਨੀ ਬਲਦੇਵ ਸਿਓਂ ਕੀਹਦਾ ਵਿਚਾਰੈ। ਪਠਲਾਵਾ ਦਾ ਏਹ ਗਿਆਨੀ। ਇਟਲੀ ਗਿਆ ਤਾਂ ਕਥਾ ਕਰਨ ਸੀ, ਮੁੜਦਾ ਕਰੋਨਾ ਮੋਢੇ ਚੁੱਕ ਲਿਆਇਆ। ਪੰਜਾਬ ’ਚ ਕਰੋਨਾ ਮਰੀਜ਼ ਦਾ ਪਹਿਲਾ ਸਿਵਾ ਪਠਲਾਵਾ ’ਚ ਬਲਿਆ। ਪੰਜਾਬ ਨੂੰ ਪਿੱਸੂ ਪਏ ਹੋਏ ਨੇ, ਜਿੰਨੇ ਮੂੰਹ, ਓਨੀਆਂ ਗੱਲਾਂ। ਤਪਿਆ ਪਿਐ ਪੰਜਾਬ। ਅਖੇ ਗਿਆਨੀ ਜੀ, ਘਰੇ ਟਿਕ ਕੇ ਨਹੀਂ ਬੈਠ ਸਕਦੇ ਸੀ। ਸਾਨੂੰ ਬਿਨਾਂ ਗੱਲੋਂ ਟਿੰਢੀ ਦੇ ਬੀਅ ’ਤੇ ਚਾੜ੍ਹਤਾ। ਗਿਆਨੀ ਜੀ ਵਿਦੇਸ਼ੋਂ ਆਏ। ਦੂਜੇ ਦਿਨ ਹੋਲੇ ਮਹੱਲੇ ’ਚ ਚਲੇ ਗਏ। ‘ਖਾਮੋਸ਼ ਕਾਤਲ’ ਨੇ ਮੇਲੇ ’ਚ ਛਿੱਟਾ ਦੇ ਦਿੱਤਾ। ਲੰਗਰ ਲਾਇਆ, ਨਾਲੇ ਪ੍ਰਸ਼ਾਦ ਵੰਡਿਆ। ਲੱਕ ਨਾਲ ਮੌਤ ਬੰਨ੍ਹ ਕੇ ਪਿੰਡ ਮੁੜੇ। ਘਰ ਦੇ ਅੱਠ ਮੈਂਬਰ, ਪਠਲਾਵਾ ਦੇ ਕੁੱਲ 11 ਜਣੇ, ਕਰੋਨਾ ਪਾਜ਼ੇਟਿਵ ਹਨ। ਜਾਂਦੀ ਉਮਰੇ ਗਿਆਨੀ ਜੀ ਦੇ ਢੋਲ ਵੱਜ ਗਏ। 550 ਜਣੇ ਤਾਂ ਅਗਿਆਨੀ ਹੀ ਨਿਕਲੇ, ਜੋ ਗਿਆਨੀ ਜੀ ਤੋਂ ਖ਼ਤਾ ਖਾ ਗਏ। ‘ਛੱਡੋ ਜੀ, ਜੋ ਮਾਲਕ ਦੀ ਰਜ਼ਾ, ਪੂਰੀ ਦੁਨੀਆਂ ’ਤੇ ਕੋਈ ਗ੍ਰਹਿ ਲੱਗਦੈ।’ ਦੱਸੋ ਭਲਾ, ਏਦਾਂ ਦਾ ਬਿਆਨ ਕੌਣ ਦੇ ਸਕਦੈ।
ਪਠਲਾਵਾ ਹੁਣ ਮੌਤ ਦੇ ਸਾਏ ਹੇਠ ਹੈ। ਪਿੰਡ ਵੱਲ ਕੋਈ ਮੂੰਹ ਨਹੀਂ ਕਰਦਾ। ਖੰਘਣਾ ਤਾਂ ਦੂਰ ਦੀ ਗੱਲ। ਜਲੰਧਰ ਵਾਲਾ ਪੱਤਰਕਾਰ ਆਈ.ਪੀ.ਸਿੰਘ ਆਖਦੈ, ਗਿਆਨੀ ਜੀ ਦਾ ਕੋਈ ਕਸੂਰ ਨਹੀਂ। ਸਰਕਾਰ ਘੂਕ ਸੁੱਤੀ ਰਹੀ, ਹਸਪਤਾਲ ਡੁੰਨਵੱਟਾ ਬਣ ਗਏ। ਖ਼ੈਰ, ਕਸੂਰ ਕਿਸੇ ਦਾ ਹੋਵੇ। ਗਿਆਨੀ ਜੀ ਪੰਜਾਬ ਨੂੰ ਕਲਬੂਤ ਦੇ ਗਏ। ਭਾਵੇਂ ਸਰਕਾਰ ਨੇ ਠੀਕਰਾ ਗਿਆਨੀ ਜੀ ’ਤੇ ਭੰਨਿਐ। ਲੱਗਦੈ ਪਠਲਾਵਾ ਨੂੰ ਹੁਣ ਗਿਆਨੀ ਜੀ ਦਾ ਯਾਦਗਾਰੀ ਗੇਟ ਨਹੀਂ ਬਣਾਉਣਾ ਪੈਣਾ। ਅੱਗੇ ਤੁਰਦੇ ਹਾਂ। ਭੀਲਵਾੜਾ (ਰਾਜਸਥਾਨ) ਵੀ ‘ਮਿੰਨੀ ਇਟਲੀ’ ਬਣ ਗਿਐ। ਨਰਾਇਣ ਸਿੰਘ ਮੌਤ ਦਾ ਦੂਤ ਬਣਿਐ। ਖ਼ੁਦ ਤਾਂ ਕਰੋਨਾ ਨਾਲ ਫ਼ੌਤ ਹੋ ਗਿਆ। ਪਿੱਛੇ ਪੁੱਤ ਪੋਤੇ ਵੀ ਰਗੜੇ ਗਏ। ਭੀਲਵਾੜਾ ਵਿਚ 21 ਪਾਜ਼ੇਟਿਵ ਕੇਸ ਨਿਕਲੇ ਨੇ। ਦੱਖਣੀ ਕੋਰੀਆ ’ਚ ‘ਮਰੀਜ਼ ਨੰਬਰ-31’ ਦੇ ਚਰਚੇ ਹਨ। ਹਸਪਤਾਲ ਦੇ ਬੈੱਡ ਨੰਬਰ ਇਕੱਤੀ ’ਤੇ ਜੋ ਮਹਿਲਾ ਪਈ, ਪਹਿਲਾਂ ਗਿਰਜਾ ਘਰ, ਫਿਰ ਹੋਟਲ ਤੇ ਅੱਗੇ ਬਾਜ਼ਾਰਾਂ ’ਚ ਘੁੰਮੀ। ਬਾਰਾਂ ਦਿਨਾਂ ’ਚ ਪੰਜ ਹਜ਼ਾਰ ਦਾ ਸਿਰ ਪਲੋਸ ਗਈ। ਆਸਟਰੀਆ ’ਚ ਇੱਕ ਸਾਕੀ ਨੇ ਪਿਆਲੇ ਵੰਡ ਦਿੱਤੇ। ਰਿਜ਼ੌਰਟ ਨੇ ਆਪਣਾ ਮਰੀਜ਼ ਛੁਪਾ ਲਿਆ। ਕਿੰਨੇ ਹੀ ਹੁਣ ਮਦਹੋਸ਼ੀ ’ਚ ਪਏ ਹਨ। ਡੋਨਲਡ ਟਰੰਪ ਹੁਣ ਚੀਨ ’ਤੇ ਦੰਦੀਆਂ ਵੱਢ ਰਿਹੈ।
‘ਗੇਮ ਜ਼ੀਰੋ’ ਨੇ ਇਟਲੀ ਮਸਲ ਦਿੱਤਾ। ਰੋਮ ਇਕੱਲਾ ਨਹੀਂ, ਸਭ ਸ਼ਹਿਰ ਜਲ ਰਹੇ ਨੇ। ਇਟਲੀ ਦਾ ਸ਼ਹਿਰ ਮਿਲਾਨ, ਜਿੱਥੇ ਫੁੱਟਬਾਲ ਦੀ ‘ਚੈਂਪੀਅਨਜ਼ ਲੀਗ’ ਹੋਈ। ਸਟੇਡੀਅਮ ’ਚ ਬਰਗਾਮੋ (ਇਟਲੀ) ਦੇ 40 ਹਜ਼ਾਰ ਦਰਸ਼ਕ, ਸਪੇਨ ਦੇ 2500 ਦਰਸ਼ਕ ਸਜੇ। ਇਟਲੀ ਦੀ ਕਲੱਬ ਟੀਮ ਨੇ ਚਾਰ ਗੋਲ ਕੀਤੇ। ਖੁਸ਼ੀ ’ਚ ਚਾਲੀ ਹਜ਼ਾਰ ਦਰਸ਼ਕਾਂ ਨੇ ਚਾਰ ਵਾਰ ਇਕ ਦੂਜੇ ਨੂੰ ਚੁੰਮਿਆ। ਦਰਸ਼ਕਾਂ ’ਚ ਕਿਤੇ ‘ਖਾਮੋਸ਼ ਕਾਤਲ’ ਵੀ ਬੈਠਾ ਸੀ। ਇਕੱਲੇ ਬਰਗਾਮੋ ’ਚ ਸੱਤ ਹਜ਼ਾਰ ਨੂੰ ਮੌਤ ਨੇੜੇ ਕਰ ਦਿੱਤਾ। ਸਪੇਨ ਮੈਚ ਵੀ ਹਾਰਿਆ ਤੇ ਜ਼ਿੰਦਗੀ ਵੀ। ਕਰੋਨਾ ਮਹਾਮਾਰੀ ਮਗਰੋਂ ਚਾਰ ਗੋਲਾਂ ਵਾਲੇ ਮੈਚ ਨੂੰ ‘ਗੇਮ ਜ਼ੀਰੋ’ ਦਾ ਨਾਮ ਮਿਲਿਐ। ਦੁਨੀਆਂ ’ਚ ਜੋ ਨਹੀਂ ਰਹੇ, ਉਹ ਵਿਸ਼ਵ ਨੂੰ ‘ਜਾਗਦੇ ਰਹੋ’ ਦਾ ਹੋਕਾ ਦੇ ਗਏ। ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ, ਪ੍ਰਿੰਸ ਚਾਰਲਸ, ਟਰੂਡੋ ਦੀ ਪਤਨੀ, ਸਪੇਨ ਦੇ ਪ੍ਰਧਾਨ ਮੰਤਰੀ ਦੀ ਬੀਵੀ, ਆਸਟਰੇਲੀਆ ਦਾ ਗ੍ਰਹਿ ਮੰਤਰੀ, ਬ੍ਰਿਟੇਨ ਦੀ ਸਿਹਤ ਮੰਤਰੀ, ਕਿੰਨੇ ਵੀ.ਵੀ.ਆਈ.ਪੀ ਨੇ ਜਿਨ੍ਹਾਂ ਨੂੰ ਕਰੋਨਾ ਨੇ ਅੌਕਾਤ ਦਿਖਾਈ ਹੈ। ਯੂਰੋਪ ਦਾ ਮਹਾਮਾਰੀ ਨਾਲ ਵਾਹ ਪੁਰਾਣਾ ਹੈ। 14ਵੀਂ ਸਦੀ ਵਿਚ ਪਲੇਗ ਤੇ 2009 ’ਚ ਸਵਾਈਨ ਫਲੂ। ਚੇਚਕ, ਹੈਜ਼ਾ, ਮਲੇਰੀਆ, ਸਾਰਸ, ਬਰਡ ਫਲੂ, ਨਿਪਾਹ, ਡੇਂਗੂ, ਜ਼ੀਕਾ ਵਾਇਰਸ, ਹੋਰ ਕਿੰਨੇ ਹੀ ਰੋਗ ਨੇ ਜੋ ਵਿਸ਼ਵ ਨੂੰ ਲੰਮਾ ਪਾ ਗਏ। ਕੋਈ ਰੋਗ ਸੂਰਾਂ ਤੋਂ ਫੈਲਿਆ ਤੇ ਕੋਈ ਚੂਹਿਆਂ ਤੋਂ। ਚੀਨ ਨੇ ਹੁਣੇ ਵਣ ਜੀਵ ਬਾਜ਼ਾਰ ਬੰਦ ਕੀਤੈ, ਜਿੱਥੇ ਜਿਊਂਦੇ ਜੀਵਾਂ ਦੀ ਮੰਡੀ ਲੱਗਦੀ ਸੀ। ਕੋਈ ਚਮਗਿੱਦੜ ਦਾ ਸੂਪ ਪੀਂਦਾ ਸੀ ਤੇ ਕੋਈ ਕੇਕੜੇ ਖਾਂਦਾ ਸੀ। ਜੰਗਲੀ ਚੂਹੇ ਤੇ ਸੱਪਾਂ ਦੇ ਸ਼ੌਕੀ ਵੀ ਹਨ। ਭਾਰਤ ਦੀ ਚਾਦਰ ਛੋਟੀ ਹੈ ਤੇ ਮੈਲੀ ਵੀ ਹੈ। ਚਾਦਰ ’ਚ ਸੁੰਗੜ ਕੇ ਪੈਣਾ ਆ ਗਿਐ। ਤਾਹੀਓਂ ਪ੍ਰਧਾਨ ਮੰਤਰੀ ਨੇ ਸਭ ਘਰੋ-ਘਰੀ ਤਾੜੇ ਹਨ। ਖ਼ੈਰ ਪਰਹੇਜ਼ ਤਾਂ ਚੰਗਾ ਹੈ। ਘੱਟੋ ਘੱਟ ਆਪਣੀ ਜ਼ਿੰਦਗੀ ਬਾਰੇ ਤਾਂ ਸੋਚੋ। ਅਮਰਿੰਦਰ ਨੇ ਵੀ ਪ੍ਰਸ਼ਾਸਕੀ ਰੰਗ ਦਿਖਾਇਐ, ਜਿਵੇਂ ਪੰਜਾਬ ਪੁਲੀਸ ਨੇ ਆਪਣੇ ਲੰਮੇ ਹੱਥ ਦਿਖਾਏ ਨੇ। ਪੁਲੀਸ ‘ਲਛਮਣ ਰੇਖਾ’ ਹੀ ਟੱਪ ਗਈ। ਸਖ਼ਤੀ ’ਤੇ ਕਾਹਦਾ ਇਤਰਾਜ਼ ਸੀ। ਅੱਜ ਕੱਲ੍ਹ ਖੰਘਣ ’ਤੇ ਜ਼ਰੂਰ ਹੈ। ਕਦੇ ਮੁਹੰਮਦ ਸਦੀਕ ਗਾਉਂਦਾ ਹੁੰਦਾ ਸੀ। ‘ਮਿੱਤਰਾਂ ਦੀ ਖੰਘ ਵਿਚ ਖੰਘ ਬੱਲੀਏ।’ ਹੁਣ ਖੰਘ ਦੇ ਡਰੋਂ ਸਦੀਕ ਘਰੇ ਡਰਿਆ ਬੈਠੈ। ਥੋਡੇ ‘ਖੰਘ ਵਾਲੀ ਦਵਾਈ’ ਚੇਤੇ ’ਚ ਵੱਜੀ ਹੋਊ, ਨਾਲੇ ਰਾਜਾ ਵੜਿੰਗ। ਮਹਾਮਾਰੀ ਜੰਗ ਤੋਂ ਘੱਟ ਨਹੀਂ ਹੁੰਦੀ, ‘ਜ਼ਿੰਦਗੀ ਹਰ ਕਦਮ ਇਕ ਨਵੀਂ ਜੰਗ ਹੈ’। ਪੰਜਾਬ ਦਾ ਰਾਜ ਪੰਛੀ ਬਾਜ਼ ਹੈ। ਬਾਜ਼ ਤੋਂ ਸਿੱਖੋ, ਤਕਲੀਫ਼ਾਂ ਨਾਲ ਜੂਝਣਾ। ਮੁਸੀਬਤਾਂ ਨੂੰ ਕਿਵੇਂ ਟੱਕਰਨੈ। ਇਹੋ ਗੱਲ ਛੱਜੂ ਰਾਮ ਸਮਝਾ ਰਿਹੈ। ’ਕੱਲੇ ਪ੍ਰਵਚਨਾਂ ਨਾਲ ਕਿੱਥੇ ਢਿੱਡ ਭਰਦੈ। ਭੁੱਖ ਕਿਹੜਾ ਬਿਮਾਰੀ ਤੋਂ ਘੱਟ ਹੈ। ਰੋਟੀ ਮਿਲੂ ਤਾਂ ਇਲਾਜ ਹੋਊ। ਗ਼ਰੀਬ ਬੰਦਾ ਦੋਹਰੀ ਜੰਗ ਲੜ ਰਿਹੈ। ਕਰੋਨਾ ਖ਼ਿਲਾਫ਼ ਤੇ ਦੂਜੀ ਢਿੱਡ ਦੀ।
ਸਿਆਣਿਆ ਦਾ ਕਹਿਣੈ ‘ਗ਼ਰੀਬਾਂ ਲਈ ਮੌਤ ਸਭ ਤੋਂ ਚੰਗੀ ਡਾਕਟਰ ਹੁੰਦੀ ਹੈ।’ ਕਾਮਰੇਡਾਂ ਨੇ ਗਿਲਾ ਕੀਤਾ ਹੈ। ਉਧਰੋਂ, ਜਗਸੀਰ ਜੀਦਾ ਦੀ ਬੋਲੀ ਖੜ੍ਹਕੀ ਹੈ ‘ਹੱਕ ਮੰਗੀਏ ਬਰਾਬਰ ਦੇ, ਕਾਹਤੋਂ ਬੂਟ ਪਾਲਿਸ਼ਾਂ ਕਰੀਏ’। ਸਾਥੀਓ, ਪਹਿਲਾਂ ਕਰੋਨਾ ਨਾਲ ਸਿੱਝ ਲਓ। ਅਕਲ ਨੂੰ ਹੱਥ ਵੀ ਮਾਰੋ। ਕਿਊਬਾ ਤੋਂ ਹੀ ਸਿੱਖ ਲਵੋ। ਕੇਵਲ 1.10 ਕਰੋੜ ਦੀ ਆਬਾਦੀ ਹੈ। ਸਿਹਤ ਪ੍ਰਬੰਧਾਂ ’ਚ ਪੂਰੇ ਵਿਸ਼ਵ ਨੂੰ ਦੀਵਾ ਦਿਖਾ ਰਿਹਾ ਹੈ। ਕਿਊਬਾ ’ਚ ਇਕ ਹਜ਼ਾਰ ਆਬਾਦੀ ਪਿੱਛੇ 8 ਡਾਕਟਰ ਹਨ। ਭਾਰਤ ’ਚ ਸਿਰਫ਼ 0.8 ਫ਼ੀਸਦੀ। ਮੁਫ਼ਤ ਸਿੱਖਿਆ ਤੇ ਮੁਫ਼ਤ ਸਿਹਤ ਪ੍ਰਬੰਧ ਹਨ। ਕਿਊਬਾ ਨੇ 92 ਡਾਕਟਰ ਇਟਲੀ ਭੇਜੇ ਹਨ। ਚੀ ਗਵੇਰਾ ਦੀ ਡਾਕਟਰ ਧੀ ਵੀ ਬਾਲ ਭਲਾਈ ਦੇ ਲੇਖੇ ਲੱਗੀ ਹੈ। ਅਸੀਂ ਤਾਲੀ ਤੇ ਥਾਲੀ ਵਜਾ ਰਹੇ ਹਾਂ। ਭਾਂਡੇ ਖਾਲੀ ਹਨ, ਸਰਕਾਰੀ ਤੇ ਗ਼ਰੀਬ ਲੋਕਾਂ ਦੇ ਵੀ। ਭਾਰਤ ਸਰਕਾਰ ਨੇ 1.70 ਲੱਖ ਕਰੋੜ ਦਾ ਪੈਕੇਜ ਦਿੱਤੈ, 60 ਫ਼ੀਸਦੀ ਗ਼ਰੀਬ ਲੋਕਾਂ ਲਈ। ਕਰੋਨਾ ਨੇ ਗ਼ਰੀਬ ਦੇ ਗਲ ’ਗੂਠਾ ਦਿੱਤਾ ਹੈ। ਕਿਤੇ ਬੱਚੇ ਰੋਟੀ ਮੰਗ ਰਹੇ ਨੇ। ਕਿਤੇ ਬੱਚੇ ਘਾਹ ਖਾ ਰਹੇ ਨੇ।
ਰੁਜ਼ਗਾਰ ਖੁਹਾ ਕੇ ਗੁਜਰਾਤ ਤੋਂ ਰਮੇਸ਼ ਮੀਣਾ ਪੈਦਲ ਰਾਜਸਥਾਨ ਲਈ ਤੁਰਿਆ। ਪਤਨੀ ਦੇ ਫਰੈਕਚਰ ਹੈ, ਜੋ ਮੋਢੇ ’ਤੇ ਚੁੱਕੀ ਹੈ। ਜਰਨੈਲੀ ਸੜਕਾਂ ’ਤੇ ਭੀੜਾਂ ਹਨ। ਮਦਦ ਲਈ ਕੋਈ ਹੱਥ ਨਹੀਂ ਉੱਠ ਰਿਹਾ। ਯੂਰੋਪ ’ਚ ਕਈ ਅਰਬਪਤੀ ਉੱਠੇ ਹਨ, ‘ਅਸੀਂ ਚੁੱਕਾਂਗੇ ਬੋਝ।’ ਸਾਡੇ ਤਾਂ ਇੱਕ-ਅੱਧੇ ਨੂੰ ਛੱਡ ਕੇ ਸਭ ਛਾਪਲ ਗਏ ਹਨ। ਸਿਆਸੀ ਜਮਾਤ ਤੋਂ ਕੀ ਆਸ ਰੱਖੀਏ। ਪੰਜਾਬ ਦੇ ਮੌਜੂਦਾ 117 ਵਿਧਾਇਕਾਂ ਕੋਲ ਕੁੱਲ 1378 ਕਰੋੜ ਦੀ ਸੰਪਤੀ ਹੈ। ਦੋ ਨੰਬਰ ਵਾਲੇ ਧਨ ਨੂੰ ਛੱਡ ਕੇ। ਕੋਈ ਦਸਵੰਧ ਨਹੀਂ ਕੱਢਦਾ। ਅੌਖੇ ਸਮੇਂ ਤਾਂ ਮਾੜੇ ਘਰ ਵੀ ਸੰਦੂਕ ਹਿਲਾ ਦਿੰਦੇ ਨੇ। ਏਹ ਧਨਾਢ, ਮਹਾਮਾਰੀ ਤੋਂ ਹੀ ਕੁਝ ਸਿੱਖ ਲੈਣ। ਜ਼ਿੰਦਗੀ ਚਾਰ ਦਿਹਾੜੇ। ਜੋ ਆਮ ਲੋਕ ਘਰਾਂ ’ਚ ਤੜੇ ਬੈਠੇ ਹਨ, ਉਹ ਹੱਸ ਖੇਡ ਕੇ ਸਮਾਂ ਕੱਢਣ। ਅਖ਼ੀਰ ’ਚ ਇਨ੍ਹਾਂ ਸੱਜਣਾਂ ਦੀ ਦਿਲੀ ਆਵਾਜ਼, ‘ਇੱਕੀ ਦਿਨ, ਚੌਵੀ ਘੰਟੇ, ਬੀਵੀ ਨਾਲ ਰਹਿਣਾ ਤੂੰ ਕੀ ਜਾਣੇ ਨਰਿੰਦਰ ਬਾਬੂ।’

ਵਾਹ ! ਇਹੋ ਜਿਹਾ ਤਾਂ ਖ਼ੈਰ ਚਰਨਜੀਤ ਭੁੱਲਰ ਹੀ ਲਿਖ ਸਕਦਾ ਹੈ !
ReplyDeleteਸੇਕ ਤੇ ਢੂਕਣੇ ਸਭ ਦੇ.....
ReplyDeleteBilkul theek likhia dhanvad
ReplyDeleteਚਰਨਜੀਤ ਜੀ ਬਹੁਤ ਜਾਣਕਾਰੀ ਮਿਲੀ ਸਹਿਜ ਭਾਸ਼ਾ ਵਿਚ ਗੰਭੀਰ ਵਿਚਾਰ
ReplyDelete