Friday, March 27, 2020

                                                           ਆਫਤ ਦੀ ਘੜੀ 
                                  ਪੰਜਾਬ ਦੇ ਮੰਤਰੀ ਲੋਕਾਂ ਤੋਂ ਮੀਲਾਂ ਦੂਰ..!
                                                              ਚਰਨਜੀਤ ਭੁੱਲਰ
ਚੰਡੀਗੜ੍ਹ : ਕੈਬਨਿਟ ਵਜ਼ੀਰਾਂ ਨੇ ਅੌਖ ਦੇ ਪਲਾਂ ’ਚ ਲੋਕਾਂ ਤੋਂ ਮੀਲਾਂ ਦੀ ਦੂਰੀ ਬਣਾ ਲਈ ਹੈ। ਪੰਜਾਬ ’ਚ ਇੱਕ ਤਾਂ ਕਰੋਨਾ ਦਾ ਭੈਅ, ਉਪਰੋਂ ਰੋਜ਼ਮੱਰ੍ਹਾ ਲੋੜਾਂ ਦਾ ਸੰਕਟ, ਲੋਕਾਂ ਦੀ ਪ੍ਰੇਸ਼ਾਨੀ ਦਾ ਸਬੱਬ ਬਣਿਆ ਹੈ। ਪੰਜਾਬ ਦੇ ਲੋਕ ਖਾਸ ਕਰ ਦੋ ਤਿੰਨ ਦਿਨਾਂ ਤੋਂ ਰਾਹ ਤੱਕ ਰਹੇ ਹਨ। ਵਿਧਾਇਕ ਤੇ ਵਜ਼ੀਰ ਕਿਧਰੇ ਨਜ਼ਰ ਨਹੀਂ ਪੈ ਰਹੇ। ਵੱਡਾ ਮਸਲਾ ਰਾਸ਼ਨ ਪਾਣੀ ਦਾ ਬਣ ਚੱਲਿਆ ਹੈ। ਕਰਫਿਊ ਦੀ ਤੰਦ ’ਚ ਫਸੇ ਲੋਕ ਢਿੱਡ ਦੀ ਉਲਝਣ ਕਿਵੇਂ ਸੁਲਝਾਉਣ। ਵਜ਼ੀਰਾਂ ਨੇ ਚੰਡੀਗੜ੍ਹ ’ਚ ਡੇਰੇ ਲਾ ਰੱਖੇ ਹਨ। ਹਲਕੇ ਦੇ ਲੋਕ ਕਿਥੇ ਫਰਿਆਦ ਕਰਨ। ਜਿਨ੍ਹਾਂ ਵੋਟਾਂ ਪਾਈਆਂ, ਉਹ ਬਿਪਤਾ ਮੌਕੇ ਕਿਸ ਦੇ ਗਲ ਲੱਗਣ। ਪੰਜ ਵਜ਼ੀਰਾਂ ਨੇ ਹਲਕੇ ਦੇ ਲੋਕਾਂ ਨੂੰ ਤਰਜੀਹ ਦਿੱਤੀ ਹੈ। ਤਕਨੀਕੀ ਸਿੱਖਿਆ ਮੰਤਰੀ ਚਰਨਜੀਤ ਸਿੰਘ ਚੰਨੀ ਇਸ ਗੱਲੋਂ ਨਿਵੇਕਲੇ ਨਿੱਤਰੇ ਹਨ। ਕਰੋਨਾ ਆਫਤ ਮਗਰੋਂ ਉਹ ਆਪਣੇ ਹਲਕਾ ਸ੍ਰੀ ਚਮਕੌਰ ਸਾਹਿਬ ’ਚ ਲੋਕਾਂ ਨੂੰ ਸਮਾਂ ਦੇ ਰਹੇ ਹਨ। ਮੰਤਰੀ ਚੰਨੀ ਆਖਦਾ ਹੈ ਕਿ ਜ਼ਮੀਰ ਨੇ ਇਜਾਜ਼ਤ ਨਹੀਂ ਦਿੱਤੀ ਕਿ ਇਸ ਅੌਖੀ ਘੜੀ ਵਿਚ ਲੋਕਾਂ ਨੂੰ ਆਪਣੇ ਹਾਲ ’ਤੇ ਛੱਡ ਦੇਵਾਂ। ਅੌਖੇ ਸਮੇਂ ’ਚ ਲੋਕਾਂ ਤੋਂ ਮੂੰਹ ਕਿਵੇਂ ਫੇਰ ਲੈਂਦਾ। ਉਸ ਨੇ ਪੇਂਡੂ ਤੇ ਸ਼ਹਿਰਾਂ ਸਿਹਤ ਕੇਂਦਰਾਂ ਦਾ ਦੌੌਰਾ ਕੀਤਾ ਹੈ। ਅਫਸਰਾਂ ਨਾਲ ਮੀਟਿੰਗਾਂ ਕੀਤੀਆਂ ਹਨ। ਨਾਲੋਂ ਨਾਲ ਰਾਸ਼ਨ ਦੀ ਸਮੱਸਿਆ ਹੱਲ ਕਰਨ ਵਾਸਤੇ ਜੁਟੇ ਹੋਏ ਹਾਂ। ਵਿਧਾਇਕ ਰਾਣਾ ਗੁਰਜੀਤ ਸਿੰਘ ਵੀ ਆਪਣੇ ਹਲਕੇ ਕਪੂਰਥਲਾ ’ਚ ਪੁੱਜੇ ਹੋਏ ਹਨ।
         ਕੈਬਨਿਟ ਮੰਤਰੀ ਅਰੁਨਾ ਚੌਧਰੀ ਨੇ ਚੰਡੀਗੜ੍ਹ ’ਚ ਡੇਰਾ ਜਮਾਇਆ ਹੈ। ਉਹ ਕੌਮਾਂਤਰੀ ਆਫਤ ਮਗਰੋਂ ਹਲਕੇ ’ਚ ਨਹੀਂ ਗਏ। ਮਹਿਲਾ ਮੰਤਰੀ ਦੇ ਪਤੀ ਅਸ਼ੋਕ ਚੌਧਰੀ ਦਾ ਤਰਕ ਸੀ ਕਿ ਹਲਕੇ ’ਚ ਗਏ ਤਾਂ ਇਕੱਠ ਹੋਵੇਗਾ ਜੋ ਕਰਫਿਊ ਦੀ ਉਲੰਘਣਾ ਹੋਵੇਗੀ। ਮਾਹੌਲ ਠੀਕ ਹੋਣ ’ਤੇ ਜਾਣਗੇ। ਉਹ ਹਲਕੇ ਨਾਲ ਪੂਰੀ ਤਰ੍ਹਾਂ ਸੰਪਰਕ ’ਚ ਹਨ। ਲੋਕਾਂ ਦੇ ਫੋਨ ਅਟੈਂਡ ਕਰ ਰਹੇ ਹਨ ਅਤੇ ਮਸਲੇ ਹੱਲ ਕਰ ਰਹੇ ਹਨ। ਪਿੰਡ ਪਿੰਡ ਟੀਮਾਂ ਭੇਜੀਆਂ ਗਈਆਂ ਹਨ। ਰਾਸ਼ਨ ਦਾ ਮਸਲਾ ਹੱਲ ਕੀਤਾ ਹੈ। ਕੈਬਨਿਟ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ ਅਤੇ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵੀ ਆਪਣੇ ਹਲਕੇ ਤੋਂ ਦੂਰ ਚੰਡੀਗੜ੍ਹ ਵਿਚ ਬੈਠੇ ਹਨ। ਬਤੌਰ ਸਿਹਤ ਮੰਤਰੀ ਬਲਵੀਰ ਸਿੰਘ ਸਿੱਧੂ ਨੇ ਵੀ ਪੰਜਾਬ ਦਾ ਕੋਈ ਦੌਰਾ ਨਹੀਂ ਕੀਤਾ ਹੈ ਜਦੋਂ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਆਪਣੇ ਫਾਰਮ ਹਾਊਸ ਸਿਸਵਾਂ ’ਚ ਬੈਠੇ ਹਨ। ਉਨ੍ਹਾਂ ਨੇ ਵੀ ਕੋਈ ਦੌਰਾ ਨਹੀਂ ਕੀਤਾ ਹੈ। ਪਤਾ ਲੱਗਾ ਹੈ ਕਿ ਬਾਦਲ ਪਰਿਵਾਰ ਵੀ ਆਪਣੇ ਪਿੰਡ ਬਾਦਲ ਵਿਚ ਘਰ ਬੈਠਾ ਹੈ। ਵਜ਼ੀਰ ਭਾਰਤ ਭੂਸ਼ਨ ਆਸ਼ੂ ਵੀ ਅੱਜ ਦੁਪਹਿਰ ਤੱਕ ਚੰਡੀਗੜ੍ਹ ਵਿਚ ਹੀ ਸਨ। ਉਨ੍ਹਾਂ ਦੱਸਿਆ ਕਿ ਅੱਜ ਹਲਕੇ ਵਿਚ ਜਾ ਰਹੇ ਹਨ। ਇਵੇਂ ਮਾਲ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਦੱਸਿਆ ਕਿ ਉਹ ਵੀ ਅੱਜ ਹਲਕੇ ਵਿਚ ਜਾ ਰਹੇ ਹਨ ਅਤੇ ਸਭ ਪ੍ਰਬੰਧਾਂ ਦੀ ਦੇਖ ਰੇਖ ਕਰਨਗੇ। ਉਨ੍ਹਾਂ ਦੱਸਿਆ ਕਿ ਸਰਕਾਰ ਤਰਫ਼ੋਂ ਡਿਪਟੀ ਕਮਿਸ਼ਨਰਾਂ ਨੂੰ 25 ਕਰੋੜ ਦੀ ਰਾਸ਼ੀ ਜਾਰੀ ਕਰ ਦਿੱਤੀ ਗਈ ਹੈ ਤਾਂ ਜੋ ਕਿਸੇ ਨੂੰ ਕੋਈ ਦਿੱਕਤ ਨਾ ਆਵੇ।
               ਅਮਰਿੰਦਰ ਸਿੰਘ ਦੇ ਪੁਰਖਿਆਂ ਦੇ ਪਿੰਡ ਮਹਿਰਾਜ ਦੇ ਸਾਬਕਾ ਮੈਂਬਰ ਤੋਤਾ ਸਿੰਘ ਦਾ ਡੇਢ ਸਾਲ ਦਾ ਪੋਤਾ ਰਾਤ ਤੋਂ ਬਿਮਾਰ ਹੈ। ਇਲਾਜ ਖੁਣੋਂ ਤੜਫਦਾ ਰਿਹਾ। ਤੋਤਾ ਸਿੰਘ ਨੇ ਆਖਿਆ ਕਿ ਬੱਚੇ ਨੂੰ ਕੁਝ ਹੋ ਗਿਆ, ਮੁੱਖ ਮੰਤਰੀ ਜਿੰਮੇਵਾਰ ਹੋਣਗੇ। ਇਵੇਂ ਵਿਧਾਇਕ ਚੰਡੀਗੜ੍ਹ ਵਿਚ ਬੈਠੇ ਹਨ। ਵਿਧਾਇਕ ਕੁਲਬੀਰ ਜੀਰਾ ਆਖਦੇ ਹਨ ਕਿ ਉਹ ਹਲਕੇ ’ਚ ਜਾਣਾ ਚਾਹੁੰਦੇ ਹਨ ਪ੍ਰੰਤੂ ਕਰਫਿਊ ਕਰਕੇ ਫਸ ਗਏ ਹਨ। ਉਨ੍ਹਾਂ ਪਾਸਾਂ ਦੀ ਮੰਗ ਕੀਤੀ। ਉਨ੍ਹਾਂ ਆਖਿਆ ਕਿ ਅੱਜ ਲੋਕਾਂ ਨੂੰ ਇਸ ਮੌਕੇ ਲੋੜ ਹੈ ਅਤੇ ਜਿਸ ਕਰਕੇ ਵਿਧਾਇਕ/ਵਜ਼ੀਰ ਵੀ ਹਲਕਿਆਂ ਵਿਚ ਜਾਣ। ਵਿਧਾਇਕ ਪਰਮਿੰਦਰ ਪਿੰਕੀ ਆਖ ਰਹੇ ਹਨ ਕਿ ਉਹ ਤਾਂ ਕਰਫਿਊ ਕਰਕੇ ਚੰਡੀਗੜ੍ਹ ਵਿਚ ਫਸੇ ਪ੍ਰੰਤੂ ਵਜ਼ੀਰਾਂ ਨੂੰ ਜ਼ਿਲ੍ਹਿਆਂ ਵਿਚ ਜਾਣਾ ਚਾਹੀਦਾ ਹੈ ਅਤੇ ਪ੍ਰਬੰਧਾਂ ਦੀ ਮੌਨੀਟਰਿੰਗ ਕਰਨੀ ਚਾਹੀਦੀ ਹੈ। ਵਿਧਾਇਕ ਸੁਖਪਾਲ ਭੁੱਲਰ ਤੇ ਗੁਰਕੀਰਤ ਕੋਟਲੀ ਵੀ ਚੰਡੀਗੜ੍ਹ ਵਿਚ ਹੀ ਹਨ। ਵਿਰੋਧੀ ਧਿਰ ਦੇ ਵਿਧਾਇਕ ਵੀ ਅੌਖੇ ਮੌਕੇ ਬਹੁਤਾ ਨਜ਼ਰ ਨਹੀਂ ਪੈ ਰਹੇ ਹਨ। ‘ਆਪ’ ਆਗੂ ਤੇ ਸੰਸਦ ਮੈਂਬਰ ਭਗਵੰਤ ਮਾਨ ਵੀ ਆਪਣੇ ਹਲਕੇ ਤੋਂ ਮੀਲਾਂ ਦੂਰ ਬੈਠੇ ਹਨ। ਸਟੇਟ ਯੂਥ ਐਵਾਰਡੀ ਅੰਗਰੇਜ਼ ਸਿੰਘ ਦਾ ਕਹਿਣਾ ਸੀ ਕਿ ਸਮਾਜੀ ਸੇਵੀ ਲੋਕ ਤਾਂ ਸਿਹਤ ਨਿਯਮਾਂ ਦੀ ਪਾਲਣਾ ਕਰਦੇ ਹੋਏ ਲੋਕਾਂ ’ਚ ਵਿਚਰ ਰਹੇ ਹਨ ਜਦੋਂ ਕਿ ਚੁਣੇ ਹੋਏ ਨੁਮਾਇੰਦੇ ਗੈਰਹਾਜ਼ਰ ਹਨ। ਲੋਕ ਨੁਮਾਇੰਦੇ ਨਿੱਜੀ ਤੌਰ ’ਤੇ ਆਫਤ ਕੰਮਾਂ ਲਈ ਪੈਸਾ ਦੇਣ। ਨਾਗਰਿਕ ਚੇਤਨਾ ਮੰਚ ਦੇ ਪ੍ਰਿੰਸੀਪਲ ਬੱਗਾ ਸਿੰਘ ਆਖਦੇ ਹਨ ਕਿ ਘੱਟੋ ਘੱਟ ਜ਼ਿਲ੍ਹਿਆਂ ਵਿਚ ਬੈਠ ਕੇ ਮੰਤਰੀ ਨਿਗਰਾਨੀ ਤਾਂ ਕਰ ਸਕਦੇ ਹਨ।
              ਜਾਣਕਾਰੀ ਅਨੁਸਾਰ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਇਸ ਆਫਤੀ ਘੜੀ ਵਿਚ ਪੰਜਾਬ ਦੇ ਨੇੜੇ ਵੀ ਢੁੱਕ ਨਹੀਂ ਰਹੇ ਹਨ। ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋੜਾ ਜਰੂਰ ਆਪਣੇ ਹਲਕੇ ਵਿਚ ਮੌਜੂਦ ਹਨ ਅਤੇ ਖੁਦ ਪ੍ਰਬੰਧਾਂ ਦੀ ਨਿਗਰਾਨੀ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਸਲੱਮ ਇਲਾਕਿਆਂ ਵਿਚ ਰਾਸ਼ਨ ਦਿੱਤਾ ਜਾ ਰਿਹਾ ਹੈ ਅਤੇ ਹਰ ਪਿੰਡ ਨਾਲ ਉਹ ਜੁੜੇ ਹੋਏ ਹਨ ਤਾਂ ਜੋ ਲੋਕਾਂ ਨੂੰ ਕੋਈ ਤਕਲੀਫ਼ ਨਾ ਆਵੇ। ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਵੀ ਆਪਣੇ ਹਲਕੇ ਵਿਚ ਆਏ ਹੋਏ ਹਨ। ਵਜ਼ੀਰ ਓ.ਪੀ.ਸੋਨੀ ਵੀ ਅੰਮ੍ਰਿਤਸਰ ਵਿਚ ਹਨ। ਬਾਕੀ ਸਾਰੇ ਵਜ਼ੀਰ ਪੰਜਾਬ ਤੋਂ ਬਾਹਰ ਹੀ ਹਨ। ਸੰਸਦ ਮੈਂਬਰ ਵੀ ਕਿਧਰੇ ਦਿੱਖ ਨਹੀਂ ਰਹੇ। ਲੋਕ ਆਖਦੇ ਹਨ ਕਿ ਨੁਮਾਇੰਦੇ ਕਰੋਨਾ ਦੇ ਡਰੋਂ ਰਾਬਤਾ ਨਾ ਤੋੜਨ। ਘੱਟੋ ਘੱਟ ਜ਼ਿਲ੍ਹਾ ਹੈਡਕੁਆਰਟਰਾਂ ’ਤੇ ਬੈਠ ਕੇ ਇੰਤਜ਼ਾਮ ਤਾਂ ਕਰਾ ਦੇਣ। ਬੀ.ਕੇ.ਯੂ (ਲੱਖੋਵਾਲ) ਦੇ ਆਗੂ ਸਰੂਪ ਸਿੰਘ ਰਾਮਾਂ ਨੇ ਦੱਸਿਆ ਕਿ ਕਣਕ ਤੇ ਕਾਲੇ ਤੇਲੇ ਦਾ ਹਮਲਾ ਹੋ ਗਿਆ ਹੈ ਅਤੇ ਕਿਸਾਨਾਂ ਨੂੰ ਕਿਧਰੋਂ ਕੀਟਨਾਸ਼ਕ ਨਹੀਂ ਮਿਲ ਰਹੇ ਹਨ। ਉਨ੍ਹਾਂ ਮੰਗ ਕੀਤੀ ਕਿ ਖੇਤੀ ਮਹਿਕਮਾ ਪਿੰਡਾਂ ਵਿਚ ਕੀਟਨਾਸ਼ਕਾਂ ਦੀ ਸਪਲਾਈ ਦਾ ਪ੍ਰਬੰਧ ਕਰੇ। ਗੋਬਿੰਦਪੁਰਾ ਦਾ ਕੁਲਦੀਪ ਸਿੰਘ ਆਖਦਾ ਹੈ ਕਿ ਉਹ ਪੱਕੇ ਹੋਏ ਬੇਰਾਂ ਦਾ ਕੀ ਕਰਨ। ਖ਼ਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਨੇ ਅੱਜ ਬਠਿੰਡਾ ’ਚ ਪ੍ਰਸ਼ਾਸਨ ਨਾਲ ਮੀਟਿੰਗ ਕੀਤੀ ਹੈ। ਬਾਕੀ ਬਹੁਤੇ ਵਿਧਾਇਕ ਹਲਕਿਆਂ ਚੋਂ ਗਾਇਬ ਹੀ ਹਨ। ਲੋਕਾਂ ਨਾਲ ਮੁਲਾਕਾਤਾਂ ਦਾ ਸਿਲਸਿਲਾ ਤਾਂ ਪਹਿਲੋਂ ਹੀ ਬੰਦ ਕਰ ਦਿੱਤਾ ਸੀ।
                              ਗੰਨਮੈਨਾਂ ਦੀ ਛੁੱਟੀ
ਕਰੋਨਾ ਦੇ ਡਰੋਂ ਲੀਡਰਾਂ ਨੇ ਗੰਨਮੈਨਾਂ ਅਤੇ ਡਰਾਈਵਰਾਂ ਨੂੰ ਛੁੱਟੀ ਕਰ ਦਿੱਤੀ ਹੈ। ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਹੁਣ ਖੁਦ ਹੀ ਗੱਡੀ ਚਲਾ ਰਹੇ ਹਨ। ਮੰਤਰੀ ਚਰਨਜੀਤ ਚੰਨੀ ਵੀ ਖੁਦ ਗੱਡੀ ਚਲਾਉਂਦੇ ਹਨ। ਉਨ੍ਹਾਂ ਕਿਹਾ ਕਿ ਡਰਾਈਵਰਾਂ ਅਤੇ ਗੰਨਮੈਨਾਂ ਨੂੰ ਛੁੱਟੀ ਦੇ ਦਿੱਤੀ ਹੈ। ਅੰਮ੍ਰਿਤਸਰ ਤੋਂ ਸੰਸਦ ਮੈਂਬਰ ਗੁਰਜੀਤ ਅੌਜਲਾ ਵੀ ਹੁਣ ਖੁਦ ਗੱਡੀ ਚਲਾਉਂਦੇ ਹਨ। ਬਾਕੀ ਕਈ ਵਜ਼ੀਰਾਂ ਨੇ ਗੰਨਮੈਨ ਕਾਫ਼ੀ ਘਟਾ ਦਿੱਤੇ ਹਨ।


No comments:

Post a Comment