ਵਿਚਲੀ ਗੱਲ
ਅਸਾਂ ਆਪ ਲਿਖੀ ਤਕਦੀਰ
ਚਰਨਜੀਤ ਭੁੱਲਰ
ਬਠਿੰਡਾ : ਆਟੇ ਦੀ ਚਿੜੀ ਨਹੀਂ। ਕੋਈ ਮੋਮ ਦੀ ਗੁੱਡੀ ਨਹੀਂ। ਨਾ ਏਹ ਕੂੰਜ ਹੈ, ਨਾ ਪੁਕਾਰ ਹੈ। ਜੋ ਜਗ ਰਹੀ ਬਨੇਰੇ ’ਤੇ, ਏਹ ਨ੍ਹੇਰਿਆਂ ਲਈ ਵੰਗਾਰ ਹੈ। ਏਹਨੂੰ ਝੋਲੇ ਵਾਲਾ ਬਾਪੂ ‘ਲਾਡੋ ਪੁੱਤ’ ਆਖਦੈ। ਸੱਧਰਾਂ ਨੂੰ ਲਕਵਾ ਮਾਰ ਜਾਵੇ। ਗਰਜ਼ਾਂ ਦੇ ਵਰੋਲੇ ਉੱਠ ਪੈਣ। ਫੇਰ ਉੱਡਣਾ ਭੁੱਲ ਜਾਂਦੇ ਨੇ, ਖੇਤਾਂ ਦੇ ਸੁਪਰਮੈਨ। ਕੋਈ ‘ਲਾਡੋ ਪੁੱਤ’ ਮਿਲ ਜਾਏ। ਕਾਂਬਾ ਫਿਰ ਟੁੰਡੀ ਲਾਟਾਂ ਨੂੰ ਛਿੜਦੈ। ਪਿੰਜਰੇ ਦਾ ਟੁੱਟਣਾ, ਸ਼ਿਕਾਰੀ ਦਾ ਡਰ ਬਣਦੈ। ਇੰਝ ਬਰਨਾਲੇ ’ਚ ਹੋਇਐ। ‘ਬਾਪੂ ਬਚਾਓ’ ਲਹਿਰ ਤੁਰੀ ਹੈ। ਝੰਡਾ ਪਿੰਡ ਨੱਤ (ਸੰਗਰੂਰ) ਦੀ ਗਰੈਜੂਏਟ ਕੁੜੀ ਨੇ ਚੁੱਕਿਐ। ਸੋਲ਼ਾਂ ਪੇਂਡੂ ਧੀਆਂ ਦੀ ਬ੍ਰਿਗੇਡ ਪਿੰਡ-ਪਿੰਡ ਮਾਰਚ ਕਰ ਰਹੀ ਹੈ। ਕਰਜ਼ੇ ਦਾ ਚੀੜ੍ਹਾ ਰੂਪ ਵੇਖਿਆ। ਗੁਰਮੀਤ ਨੇ ਫੌਰੀ ਬ੍ਰਿਗੇਡ ਬਣਾ ਲਈ। ਪੇਂਡੂ ਕੁੜੀਆਂ ਦੀ ਇਹ ‘ਸੋਲ਼ਾਂ ਬਟਾਲੀਅਨ’ ਹੈ। ਇੱਕੋ ਮਿਸ਼ਨ ਤੇ ਇੱਕੋ ਨਿਸ਼ਾਨਾ। ਬਾਪੂ ਕਿਵੇਂ ਬਚਾਉਣੇ ਨੇ। ਸ਼ਾਹੂਕਾਰਾਂ ਤੇ ਬੈਂਕਾਂ ਦੀ ਠੱਗੀ ਤੋਂ। ਕਰਜ਼ੇ ’ਚ ਗ਼ੈਰ-ਕਾਨੂੰਨੀ ਜ਼ਰਬਾਂ। ਟਿੱਡੀ ਦਲ ਦੇ ਹੱਲੇ ਤੋਂ ਘੱਟ ਨਹੀਂ। ਸ਼ਾਹੂਕਾਰਾਂ ਦਾ ਵਿਆਜ ’ਤੇ ਵਿਆਜ। ਬੈਂਕਾਂ ਦੇ ਫਾਈਲਾਂ ’ਚ ਛੁਪੇ ਬੇਲੋੜੇ ਖਰਚੇ। ਭੋਲੇ ਬਾਪੂ ਕਿਥੋਂ ਫੜਨ ਜੋਗੇ ਨੇ। ਇਸ ਬ੍ਰਿਗੇਡ ਨੇ ਫੜੇ ਨੇ। ਇਕੱਲੇ ਪੇਂਡੂ ਬਰਨਾਲੇ ’ਚੋਂ 72 ਕੇਸ ਲੱਭੇ ਨੇ। ਕਿਸਾਨਾਂ ਨੂੰ ਰਾਹਤ ਮਿਲੀ ਹੈ। ਜੰਗ ਹਾਲੇ ਸ਼ੁਰੂ ਹੋਈ ਹੈ..! ਨੱਤ ਪਿੰਡ ਦੀ ਕੁੜੀ ਗੁਰਮੀਤ ਨੇ ਜਦੋਂ ਬਰਨਾਲੇ ਕਚਹਿਰੀ ’ਚ ਝੋਲੇ ਵਾਲਾ ਬਾਪੂ ਵੇਖਿਆ। ਹੱਥ ’ਚ ਸੋਟੀ, ਸੋਚਾਂ ’ਚ ਡੁੱਬਾ। ਕਰਜ਼ ਲਈ ਫਰਿਆਦਾਂ ਕਰਦਾ। ਗੁਰਮੀਤ ਨੇ ਬਾਪੂ ਨੂੰ ਬਿਠਾਇਆ। ਮਸਲਾ ਅੱਖ ਦੇ ਫੋਰੇ ਹੱਲ ਕਰਾਇਆ। ਨਾਲੇ ਬਾਪੂ ਕਰਜ਼ ਤੋਂ ਬਚਾਇਆ।‘ਜਿਉਂਦੀ ਰਹਿ ਮੇਰੀ ਲਾਡੋ ਪੁੱਤ’, ਆਖ ਸਿਰ ਪਲੋਸਿਆ। ਬਾਪੂ ਪਿੰਡ ਚਲਾ ਗਿਆ। ਧੀਆਂ ਦੀ ਬ੍ਰਿਗੇਡ ’ਚ ਪੇਂਡੂ ਕੁੜੀਆਂ ਨੇ। ਪੜ੍ਹੀਆਂ-ਲਿਖੀਆਂ ਨੇ ਜਿਨ੍ਹਾਂ ਨੇ ਤਿੰਨ ਕਾਊਂਟਰ ਲਾਏ ਨੇ। ਤਪਾ, ਧਨੌਲ਼ਾ ਤੇ ਬਰਨਾਲੇ ਤਹਿਸੀਲ ’ਚ।
ਖੇਤੀ ਲਿਮਟਾਂ ਦੇ ਕੇਸ ਹੋਣ, ਭਾਵੇਂ ਖੇਤੀ ਕਰਜ਼ ਦੇ। ਮਰਜ਼ ਦਾ ਮਾਮੂਲੀ ਖਰਚਾ ਲੈਂਦੀਆਂ ਨੇ। ਕਰਜ਼ੇ ਨਾਲ ਜੁੜੀ ਲੁੱਟ ਤੋਂ ਕਿਵੇਂ ਬਚਣਾ। 19 ਪਿੰਡਾਂ ਦੀਆਂ ਸੱਥਾਂ ’ਚ ਇਸ ਬ੍ਰਿਗੇਡ ਨੇ ਨੁਕਤੇ ਦੱਸੇ ਹਨ। ਲੁੱਟ ਦੇ ਵਪਾਰੀ, ਅੱਖਾਂ ਮਸਲ ਰਹੇ ਨੇ। ਅੱਜ ਕੌਮਾਂਤਰੀ ਮਹਿਲਾ ਦਿਵਸ ਹੈ। ਸਲਾਮ ਇਨ੍ਹਾਂ ਕੁੜੀਆਂ ਨੂੰ, ਜਿਨ੍ਹਾਂ ਹਰ ਕਿਸਾਨ ’ਚੋਂ ਆਪਣਾ ਪਿਉ-ਦਾਦਾ ਦਿਖਦੈ। ਬ੍ਰਿਗੇਡ ਦਾ ਸੁਫ਼ਨਾ ਹੈ, ‘ਹਰ ਘਰ ਦਾ ਚੁੱਲ੍ਹਾ ਬਲੇ’। ਆਓ, ਹੁਣ ਫਿਰੋਜ਼ਪੁਰ ਦੇ ਪਿੰਡ ਮਰਖਾਈ ਚੱਲਦੇ ਹਾਂ। ਉਥੋਂ ਦੀ ਰਮਨਦੀਪ ਕੌਰ ਨੂੰ ਵੀ ਦਾਦ ਦਿੰਦੇ ਹਾਂ, ਜਿਸ ਨੇ ਨਿੱਕੀ ਉਮਰੇ ਹੀ ਵੇਖ ਲਈ ਘਰਾਂ ’ਚ ਹੁੰਦੀ ਚਾਚੀਆਂ-ਤਾਈਆਂ ਦੀ ਕੁੱਟਮਾਰ। ਸੜਕ ’ਤੇ ਭਰੂਣ ਦੇਖਿਆ। ਧੁਰ ਅੰਦਰੋਂ ਝੰਜੋੜੀ ਗਈ। ਭਰੂਣ ਹੱਤਿਆ ਖ਼ਿਲਾਫ਼ ਕੰਧ ਬਣ ਗਈ। ਵਿਆਹ ਹੋਇਆ, ਦਾਜ ਦੇ ਲਾਲਚੀ ਵੇਖ ਲਏ। ਪਤੀ ਤੋਂ ਤਲਾਕ ਬਿਹਤਰ ਲੱਗਾ। ਦੂਜਾ ਪਤੀ ਵੀ ਨਸ਼ੇੜੀ ਨਿਕਲਿਆ। ਨਸ਼ੇ ਨੇ ਵੈਣ ਪੁਆ ਦਿੱਤੇ। ਰਮਨ ਨੇ ਪਤੀ ਦੇ ਸਿਵੇ ’ਤੇ ਸਹੁੰ ਖਾਧੀ। ‘ਪੰਜਾਬ ਦੀਆਂ ਧੀਆਂ ਨੂੰ ਚਿੱਟੀ ਚੁੰਨੀ ਨਹੀਂ ਲੈਣ ਦਿਆਂਗੀ’। ਤਸਕਰਾਂ ਖ਼ਿਲਾਫ਼ ਨਿੱਤਰੀ। ਧਮਕੀਆਂ ਮਿਲੀਆਂ, ਮਾਪਿਆਂ ’ਤੇ ਹਮਲੇ ਹੋਏ। ਪਿੰਡ ਮੇਹਰ ਸਿੰਘ ਵਾਲਾ ’ਚ ਚਿੱਟੇ ਨਾਲ ਇੱਕ ਨੌਜਵਾਨ ਫੌਤ ਹੋ ਗਿਆ। ਪੁਲੀਸ ਅਫ਼ਸਰ ਪਿੰਡ ਆਏ, ਸਿੱਧੀ ਪੈ ਨਿਕਲੀ ਇਹ ਸ਼ੇਰ ਬੱਚੀ। ਚੜ੍ਹ ਗਈ ਗੁੱਡੀ, ਹੁਣ ਪਿੰਡ-ਪਿੰਡ ਜਾਂਦੀ ਹੈ। ਹਰ ਕੋਈ ਇਹੋ ਆਖਦੈ, ‘ਧੀਏ ਤੇਰੇ ਬੱਚੇ ਜੀਣ’। ਰਮਨਦੀਪ ਦੀ ਲਲਕਾਰ ਦਾ ਪ੍ਰਤਾਪ ਸਮਝੋ। ਉਸ ਨੇ ਚਿੱਟਾ ਹਰਾ ਦਿੱਤਾ, ਕਿੰਨੇ ਪੁੱਤ ਬਚਾ ਲਏ। ਲੌਗੋਂਵਾਲ ਸਕੂਲ ਦੀ ਵੈਨ ਨੂੰ ਅੱਗ ਲੱਗੀ। ਕਿੰਨੇ ਬੱਚੇ ਬਚਾਅ ਲਏ ਅਮਨਦੀਪ ਕੌਰ ਨੇ। ਇਸ ਸਕੂਲੀ ਬੱਚੀ ਨੂੰ ਵੀ ਸਲਾਮ।
ਪੱਖੋਵਾਲ (ਲੁਧਿਆਣਾ) ਦੀ ਜਸਵੀਰ ਕੌਰ। ਕਿੰਨੇ ਅਨਾਥ ਬੱਚੇ ਅਪਣਾ ਲਏ। ਜਾਣਨਾ ਹੋਵੇ ਤਾਂ ਧਾਮ ਤਲਵੰਡੀ ਚਲੇ ਜਾਇਓ। ਆਪ ਤਾਂ ਜਵਾਨ ਉਮਰੇ ਘਰ ਬਾਰ ਛੱਡ ਆਈ। ਅਨਾਥ ਬੱਚੇ ਆਖਦੇ ਹਨ, ‘ਸਾਨੂੰ ਮਾਂ ਮਿਲ ਗਈ’। ਕਵੀ ਗੁਰਭਜਨ ਗਿੱਲ ਨੇ ਇੰਝ ਸ਼ਬਦ ਬੁਣੇ ਨੇ, ‘ਮੇਰੀ ਮਾਂ ਨੂੰ ਸਵੈਟਰ ਬੁਣਨਾ ਨਹੀਂ ਸੀ ਆਉਂਦਾ ਪਰ ਉਹ ਰਿਸ਼ਤੇ ਬੁਣਨਾ ਜਾਣਦੀ ਸੀ..!’ ਅੱਜ ਬੀਬੀਆਂ ਦਾ ਦਿਨ ਹੈ, ਅੱਗੇ ਤੁਰਦੇ ਹਾਂ। ਮੁਕਤਸਰ ਦਾ ਪਿੰਡ ਜਗਤ ਸਿੰਘ ਵਾਲਾ। ਗਰੈਜੂਏਟ ਕੁੜੀ ਹਰਜਿੰਦਰ ਕੌਰ। ਅੱਗੋਂ ਪਿਛਿਓਂ ਪੰਜ ਮੌਤਾਂ ਵੇਖੀਆਂ। ਮਾਪੇ ਜਿੱਤੀ ਬਾਜ਼ੀ ਹਾਰ ਗਏ। ਅਸਮਾਨੋਂ ਗੁੱਡੀ ਟੁੱਟ ਗਈ। ਬਾਪ ਚਲਾ ਗਿਆ, ਨਾਲੇ ਭਰਾ। ਜਦੋਂ ਹਰਜਿੰਦਰ ਖੇਤਾਂ ਦਾ ਪੁੱਤ ਬਣੀ। ਮਾਂ ਨੇ ਆਖਿਆ ‘ਕਬੀਲਦਾਰੀ ਦਾ ਕੰਡਾ ਛੋਟੀ ਨੇ ਕੱਢ ਦਿੱਤਾ’। ਘਰ ਵੀ ਸੰਭਾਲਦੀ ਹੈ, ਨਾਲੇ ਖੇਤ ਵੀ। ਪਿੰਡ ਹੁਣ ਆਖਦੈ, ‘ਵਾਹ ਧੀਏ’। ਵਾਹ-ਵਾਹ ਪਿੰਡ ਭਰਾਜ (ਸੰਗਰੂਰ) ਦੀ ਨਰਿੰਦਰ ਕੌਰ ਨੇ ਵੀ ਖੱਟੀ।ਜਦੋਂ ਪਿੰਡ ‘ਚ ਸਿਆਸੀ ਦਹਿਸ਼ਤ ਸੀ। ਚੋਣਾਂ ਦੇ ਦਿਨ ਸਨ। ਉਹ ਅੱਗ ਦੀ ਨਾਲ ਬਣ ਗਈ। ਨਰਿੰਦਰ ਕੌਰ ਇਕੱਲੀ ਪੋਲਿੰਗ ਬੂਥ ’ਤੇ ਬੈਠੀ। ਪੋਲਿੰਗ ਏਜੰਟ ਬਣੀ, ਵਿਰੋਧੀ ਰੋਣ ਹਾਕੇ ਹੋ ਗਏ। ਇਕੱਲੀ ਖੇਤੀ ਨਹੀਂ, ਪੜ੍ਹਦੀ ਵੀ ਹੈ। ਉਂਜ ਵੀ ‘ਸੁੰਦਰ ਮੁੰਦਰੀਏ ਤੇਰਾ…’ ਵਾਲਾ ਜ਼ਮਾਨਾ ਬਦਲਿਐ। ਅੱਜ ਦੀ ਲੱਧੀ ਹੁਣ ਕਨ੍ਹੱਈਏ ਜੰਮਦੀ ਹੈ। ਕੁੱਖ ਸੁਲੱਖਣੀ ਹੈ, ਆਇਸ਼ੀ ਘੋਸ਼ ਜੰਮਦੀ ਹੈ। ਬਾਬੇ ਨੇ ਆਖਿਆ ‘ਸੋ ਕਿਉ ਮੰਦਾ ਆਖੀਐ, ਜਿਤੁ ਜੰਮਹਿ ਰਾਜਾਨ’। ਉੱਤਲੇ ਭਾਜਪਾਈ ਫਿਰ ਨਹੀਂ ਸਮਝਦੇ। ਯੂਪੀ ਵਾਲੇ ਯੋਗੀ ਨੇ ਤਾਂ ਕੀ ਸਮਝਣੈ। ਐਂਟੀ ਰੋਮੀਓ ਸਕੁਐਡ ਖੜ੍ਹੇ ਕੀਤੇ। ਅਖੇ, ਕੁੜੀਓ, ਜੀਵਨ ਸਾਥੀ ਚੁਣਨ ’ਚ ਮਰਜ਼ੀ ਨਹੀਂ ਚੱਲਣੀ।
ਹੱਕ ਸੱਚ ਦੀ ਚਿਣਗ ਅਤੇ ਮਾਂ ਦਾ ਜਿਗਰਾ ਵੇਖਣਾ ਹੋਵੇ, ਬੰਗਾਲੀ ਲੇਖਿਕਾ ਮਹਾਸ਼ਵੇਤਾ ਦੇਵੀ ਦਾ ਨਾਵਲ ‘1084ਵੇਂ ਦੀ ਮਾਂ ’ ਜਾਂ ਫਿਰ ਮੈਕਸਿਮ ਗੋਰਕੀ ਦਾ ਰੂਸੀ ਨਾਵਲ ‘ਮਾਂ’ ਪੜ੍ਹ ਲੈਣਾ। ਮੁਕਤਸਰ ਦੇ ਇੱਕ ਪਿੰਡ ਦੇ ਸਿਵੇ ’ਚ ਚੋਰੀ ਹੋਈ। ਮਾਂ ਦੇ ਫੁੱਲ ਚੋਰੀ ਹੋ ਗਏ, ਪੁੱਤ ਹੀ ਚੋਰ ਨਿਕਲੇ। ਮਹਿਲਾ ਦਿਵਸ ਹੈ, ਹੈ ਤਾਂ ਗੁਸਤਾਖ਼ੀ। ਫਾਜ਼ਿਲਕਾ ਦੀ ਪਾਰੋ ਦੇਵੀ ਦੀ ਉਮਰ 75 ਸਾਲ ਹੈ, ਨਸ਼ਾ ਤਸਕਰੀ ਦੇ 100 ਕੇਸ ਦਰਜ ਨੇ। ਇਸ ਮਾਈ ਦੇ ਪੁੱਤ ਪੋਤੇ, ਨੂੰਹਾਂ ਧੀਆਂ ਅਤੇ ਜਵਾਈ। ਸਭ ‘ਚਿੱਟਾ’ ਕਾਰੋਬਾਰ ਕਰਦੇ ਨੇ। ਦੁਨੀਆ ਰੰਗ ਬਿਰੰਗੀ। ਅਬੋਹਰ ’ਚ ਉਹ ਵੀ ਪਿੰਡ ਨੇ, ਜਿਥੇ ਅੱਜ ਵੀ ਅੌਰਤਾਂ ‘ਘੁੰਡ’ ਕੱਢਦੀਆਂ ਨੇ। ਜਦੋਂ ਹਾਕਮ ‘ਘੁੰਡ’ ਕੱਢ ਲੈਣ, ਉਦੋਂ ਦਾਦੀਆਂ ਨੂੰ ਸ਼ਾਹੀਨ ਬਾਗ ’ਚ ਬੈਠਣਾ ਪੈਂਦਾ। ਵਿਰਸਾ ਬੇਹੱਦ ਅਮੀਰ ਹੈ, ਮਾਈ ਭਾਗੋ ਵੀ ਹੈ, ਰਾਣੀ ਝਾਂਸੀ ਵੀ।ਦੀਦਾਰ ਸੰਧੂ ਦਾ ਇੱਕ ਗੀਤ ਬਹੁਤ ਵੱਜਿਐ। ‘ਨਾ ਮਾਰ ਜਾਲਮਾ ਵੇ, ਪੇਕੇ ਤੱਤੜੀ ਦੇ ਦੂਰ..!’ ਜਿਉਂ ਹੀ ਨਾਗਰਿਕਤਾ ਕਾਨੂੰਨ ਦਾ ਕਰੰਟ ਲੱਗਾ, ਧੀਆਂ ਨੇ ਦੱਸ ਦਿੱਤਾ ਕਿ ਉਹ ਕਿਸਮਤ ਪੁੜੀਆਂ ਨਹੀਂ। ਗੁੱਡੀਆਂ ਨੇ ਮੰਡਾਸੇ ਬੰਨ੍ਹੇ ਨੇ ਗੁੰਡਿਆਂ ਖ਼ਿਲਾਫ਼। ਗੱਲ ਥੋੜ੍ਹੀ ਪੁਰਾਣੀ ਹੈ। ਲੋਹਾਖੇੜਾ ਦੀ ਇੱਕ ਕੁੜੀ ਨੇ ਰਫ਼ਲ ਚੁੱਕੀ ਸੀ। ਉਸ ਮੁੰਡੇ ਦੇ ਘਰ ਅੱਗੇ ਜਾ ਦਹਾੜੀ ਜਿਹਨੇ ਮਾੜੀ ਅੱਖ ਨਾਲ ਵੇਖਿਆ ਸੀ। ਕੇਰਲਾ ਦਾ ਸ਼ਬਰੀਮਾਲਾ ਮੰਦਰ। ਪਾਬੰਦੀ ਅੌਰਤਾਂ ਦੇ ਦਾਖ਼ਲੇ ’ਤੇ ਲੱਗੀ ਹੈ। ਕਵਿਤਾ ਤੇ ਫਾਤਿਮਾ ਨੇ ਜੁਰਅਤ ਦਿਖਾਈ। ਦਿਮਾਗ ਜਗੇ ਨੇ, ਹੌਸਲੇ ਵਧੇ ਨੇ, ਅੌਰਤਾਂ ਨੇ ਪਰਵਾਜ਼ ਭਰੀ ਹੈ, ਜਾਲ ਯਰਕੇ ਨੇ।
ਪਿਛਲੇ ਦਿਨਾਂ ਦੀ ਗੱਲ ਹੈ। ਕਸ਼ਮੀਰ ਦੀ ਬੇਟੀ ਇਫ਼ਰਾ ਨੇ ਹਰਿਆਣਾ ਦੇ ਹਿੰਦੂ ਭਰਾ ਅਜੇ ਨੂੰ ਗੁਰਦਾ ਦਿੱਤੈ। ਗੀਤਾ ਨੇ ਮੁਸਲਿਮ ਜੁਬੈਦਾ ਬਾਨੋ ਨੂੰ ਗੁਰਦਾ ਦਿੱਤਾ। ਕਮਲ ਨਾਥ ਗੁਰਦੇ ਖ਼ਰਾਬ ਕਰਨ ਦੇ ਰਾਹ ਪਿਐ। ਮੱਧ ਪ੍ਰਦੇਸ਼ ’ਚ ਅੌਰਤਾਂ ਲਈ ਵੱਖਰੇ ਸ਼ਰਾਬ ਦੇ ਠੇਕੇ ਖੁੱਲ੍ਹਣਗੇ। ਘੱਟ ਪੰਜਾਬੀ ਵੀ ਨਹੀਂ। ਧੀਆਂ ਨੂੰਹਾਂ ਦੇ ਨਾਮ ’ਤੇ ਠੇਕੇ ਚਲਾ ਰਹੇ ਨੇ। ਸਰਕਾਰੀ ਸਕੀਮ ‘ਬੇਟੀ ਬਚਾਓ, ਬੇਟੀ ਪੜ੍ਹਾਓ’ ਗਵਾਹ ਹੈ ਕਿ ਅੌਰਤਾਂ ਲਈ ਹਾਲੇ ਦਿੱਲੀ ਦੂਰ ਹੈ। ਤਾਜ਼ਾ ਰਿਪੋਰਟ ਸੁਣੋ। ਅਦਾਲਤਾਂ ’ਚ 2.44 ਲੱਖ ਬਲਾਤਕਾਰ ਦੇ ਕੇਸ ਪੈਂਡਿੰਗ ਹਨ, 66,994 ਇਕੱਲੇ ਯੂਪੀ ਵਿਚ। ਹਰਿਆਣਾ ਦੀ ਖਾਪ ਪੰਚਾਇਤ, ਬੰਗਾਲ ਦੀ ਸਾਲਸੀ ਸਭਾ, ਅੌਰਤਾਂ ਦੇ ਪੈਰ ਦਾ ਕੰਡਾ ਹਨ। ਇਸ ਗੱਲੋਂ ਛੱਜੂ ਰਾਮ ਸਿਆਣੈ, ਅੌਰਤਾਂ ਦੇ ਕੰਮ ’ਚ ਦਖ਼ਲ ਨਹੀਂ ਦਿੰਦਾ। ਗੱਲ ਕਵਿੱਤਰੀ ਸੁਖਵਿੰਦਰ ਅੰਮ੍ਰਿਤ ਦੀ ਵੀ ਸਿਆਣੀ ਹੈ, ‘ਜੇ ਰਾਹਾਂ ਵਿੱਚ ਬੰਦਿਆਂ ਦੇ ਮੂੰਹਾਂ ਵਾਲੇ ਸ਼ੇਰ ਬਘੇਲੇ ਨਾ ਹੁੰਦੇ/ਤਾਂ ਕੁੜੀਆਂ ਵੀ ਜਾ ਸਕਦੀਆਂ ਸੀ ਬਾਬੇ ਨਾਨਕ ਵਾਂਗ ਉਦਾਸੀਆਂ ’ਤੇ।

No comments:
Post a Comment