‘ਮਿੰਨੀ ਪੰਜਾਬ’
ਤਰਾਈ ’ਚ ਨਿੱਸਰੀ ਕਿਸਾਨੀ ਲਹਿਰ
ਚਰਨਜੀਤ ਭੁੱਲਰ
ਚੰਡੀਗੜ੍ਹ : ਉੱਤਰਾਖੰਡ ਦੇ ਤਰਾਈ ਖ਼ਿੱਤੇ ਦੀ ਕਿਸਾਨ ਲਹਿਰ ਨੇ ‘ਗਾਜ਼ੀਪੁਰ ਮੋਰਚੇ’ ਨੂੰ ਤਾਕਤ ਬਖ਼ਸ਼ ਦਿੱਤੀ ਹੈ ਜਿਸ ’ਚ ਮੋਹਰੀ ਪੰਜਾਬੀ ਕਿਸਾਨ ਬਣੇ ਹਨ। ਜ਼ਿਲ੍ਹਾ ਊਧਮ ਸਿੰਘ ਨਗਰ ਅਤੇ ਹਰਿਦੁਆਰ ਦੇ ਕਰੀਬ ਸੌ ਪਿੰਡਾਂ ਵਿਚ ਪੰਜਾਬੀ ਕਿਸਾਨਾਂ ਦੀ ਵੱਡੀ ਵਸੋਂ ਹੈ ਜਿਨ੍ਹਾਂ ਉੱਤਰਾਖੰਡ-ਉੱਤਰ ਪ੍ਰਦੇਸ਼ ਦੇ ਸਰਹੱਦੀ ਖ਼ਿੱਤੇ ’ਚ ਖੇਤੀ ਕਾਨੂੰਨਾਂ ਖ਼ਿਲਾਫ਼ ਇੱਕ ਕੰਧ ਖੜ੍ਹੀ ਕਰ ਦਿੱਤੀ ਹੈ। ਗਣਤੰਤਰ ਦਿਵਸ ਮੌਕੇ ਸ਼ਹੀਦ ਹੋਏ ਨਵਰੀਤ ਸਿੰਘ ਦੀ ਮੌਤ ਮਗਰੋਂ ਨੌਜਵਾਨਾਂ ਨੇ ਵੀ ਕਿਸਾਨੀ ਨਾਲ ਮੋਢਾ ਜੋੜਿਆ ਹੈ। ਵੇਰਵਿਆਂ ਅਨੁਸਾਰ ਤਰਾਈ ਖੇਤਰ ’ਚ ਕਰੀਬ 45 ਫ਼ੀਸਦੀ ਆਬਾਦੀ ਪੰਜਾਬੀ ਕਿਸਾਨਾਂ ਦੀ ਹੈ ਜਿਨ੍ਹਾਂ ਨੇ ਜਾਨ ਹੂਲ ਕੇ ਇਸ ਖ਼ਿੱਤੇ ਨੂੰ ਆਬਾਦ ਕੀਤਾ ਹੈ। ਰਾਕੇਸ਼ ਟਿਕੈਤ ਦੇ ਹੰਝੂਆਂ ਨੇ ਤਰਾਈ ਦੇ ਕਿਸਾਨਾਂ ਨੂੰ ਹਲੂਣ ਕੇ ਰੱਖ ਦਿੱਤਾ। ਤਰਾਈ ਦੇ ਸਥਾਨਕ ਯਾਦਵ, ਪਾਂਡੇ, ਤਿਵਾੜੀ ਤੇ ਮੁਸਲਿਮ ਭਾਈਚਾਰੇ ਨੇ ਪੰਜਾਬੀ ਕਿਸਾਨਾਂ ਨਾਲ ਜੋਟੀ ਪਾਈ ਹੈ। ਕਿਸਾਨ ਆਗੂ ਹਰਭਜਨ ਸਿੰਘ ਦੱਸਦੇ ਹਨ ਕਿ ਖੇਤੀ ਕਾਨੂੰਨਾਂ ਖ਼ਿਲਾਫ਼ ਤਰਾਈ ਵਿੱਚ ਮਾਹੌਲ ‘ਮਿੰਨੀ ਪੰਜਾਬ’ ਦਾ ਭੁਲੇਖਾ ਪਾਉਂਦਾ ਹੈ। ਉਨ੍ਹਾਂ ਦੱਸਿਆ ਕਿ ਪਹਿਲੀ ਦਫ਼ਾ ਹੈ ਕਿ ਕਿਸਾਨ ਪਰਿਵਾਰਾਂ ਦੀਆਂ ਔਰਤਾਂ ਘਰਾਂ ’ਚੋਂ ਬਾਹਰ ਨਿਕਲੀਆਂ ਹਨ। ਸਾਰਿਆਂ ਨੂੰ ਜ਼ਮੀਨਾਂ ਹੱਥੋਂ ਨਿਕਲਣ ਦਾ ਡਰ ਹੈ ਜਿਸ ਕਰਕੇ ਬਹੁਤੇ ਪਿੰਡਾਂ ਵਿਚ ਤਾਂ ਭਾਜਪਾ ਆਗੂਆਂ ਦੇ ਦਾਖ਼ਲੇ ’ਤੇ ਰੋਕ ਵਾਲੇ ਪੋਸਟਰ ਅਤੇ ਬੈਨਰ ਵੀ ਲੱਗ ਗਏ ਹਨ। ਉਨ੍ਹਾਂ ਦੱਸਿਆ ਕਿ ਪਹਿਲੀ ਵਾਰ ਹੋਇਆ ਹੈ ਕਿ ਸਾਰੇ ਫਿਰਕਿਆਂ ਦੀਆਂ ਔਰਤਾਂ ਇਕੱਠੀਆਂ ਗਾਜ਼ੀਪੁਰ ਪੁੱਜੀਆਂ ਹਨ।
ਕਿਸਾਨ ਆਗੂ ਕਰਮ ਸਿੰਘ ਪੱਡਾ ਨੇ ਕਿਹਾ ਕਿ ਖੇਤੀ ਕਾਨੂੰਨਾਂ ਨੇ ਸਮੁੱਚੀ ਕਿਸਾਨੀ ਨੂੰ ਜਗਾ ਦਿੱਤਾ ਹੈ। ਹਰ ਪਿੰਡ ’ਚੋਂ ਹੁਣ ਪੰਜ-ਪੰਜ, ਦਸ-ਦਸ ਟਰੈਕਟਰ-ਟਰਾਲੀਆਂ ਵਾਰੋ ਵਾਰੀ ਗਾਜ਼ੀਪੁਰ ਜਾ ਰਹੀਆਂ ਹਨ। ਇਸੇ ਹਫ਼ਤੇ ਕਿਸਾਨ ਆਗੂ ਪਿੰਡਾਂ ਵਿਚ ਇੱਕ ਟਰੈਕਟਰ ਮਾਰਚ ਕੱਢ ਰਹੇ ਹਨ ਤਾਂ ਜੋ ਖੇਤ ਮਜ਼ਦੂਰਾਂ ਨੂੰ ਵੀ ਘੋਲ ’ਚ ਹਿੱਸੇਦਾਰ ਬਣਾਇਆ ਜਾ ਸਕੇ। ਤਰਾਈ ਕਿਸਾਨ ਸਭਾ ਦੇ ਪ੍ਰਧਾਨ ਤੇਜਿੰਦਰ ਸਿੰਘ ਵਿਰਕ ਵੀ ਰੋਜ਼ਾਨਾ ਲਾਮਬੰਦੀ ਲਈ ਕਿਸਾਨਾਂ ਨਾਲ ਮੀਟਿੰਗਾਂ ਕਰ ਰਹੇ ਹਨ।ਜ਼ਿਲ੍ਹਾ ਊਧਮ ਸਿੰਘ ਨਗਰ ਦੀ ਤਹਿਸੀਲ ਬਾਜ਼ਪੁਰ ਦੇ ਕਿਸਾਨ ਦਲਜੀਤ ਸਿੰਘ ਰੰਧਾਵਾ ਮੁਤਾਬਕ ਪਹਿਲ ਪੰਜਾਬੀ ਕਿਸਾਨਾਂ ਨੇ ਕੀਤੀ ਹੈ ਅਤੇ ਹੁਣ ਤਰਾਈ ਦੇ ਬਾਕੀ ਕਿਸਾਨ ਵੀ ਖੇਤੀ ਕਾਨੂੰਨਾਂ ਖ਼ਿਲਾਫ਼ ਕੁੱਦ ਪਏ ਹਨ। ਜਾਣਕਾਰੀ ਅਨੁਸਾਰ ਉੱਤਰਾਖੰਡ ਦੇ 13 ਜ਼ਿਲ੍ਹਿਆਂ ’ਚ ਰਾਜ ਦੀ 42 ਫ਼ੀਸਦੀ ਅਨਾਜ ਪੈਦਾਵਾਰ ਹੁੰਦੀ ਹੈ। ਊਧਮ ਸਿੰਘ ਨਗਰ ਜ਼ਿਲ੍ਹੇ ਦੇ ਪਿੰਡਾਂ ਦੇ ਬਾਹਰ ਪੰਜਾਬ ਦੇ ਪਿੰਡਾਂ ਵਾਂਗ ਬੈਨਰ ਲਟਕ ਰਹੇ ਹਨ ਜਿਨ੍ਹਾਂ ਵਿਚ ਭਾਜਪਾ ਆਗੂਆਂ ਦੀ ਪਿੰਡ ’ਚ ਦਾਖ਼ਲੇ ਦੀ ਮਨਾਹੀ ਬਾਰੇ ਲਿਖਿਆ ਹੋਇਆ ਹੈ। ਗਦਰਪੁਰ ਦੇ ਕਿਸਾਨ ਰਾਜਿੰਦਰਪਾਲ ਸਿੰਘ ਨੇ ਦੱਸਿਆ ਕਿ ਖੇਤੀ ਕਾਨੂੰਨਾਂ ਨੇ ਤਰਾਈ ਖ਼ਿੱਤੇ ਵਿਚ ਵਿਤਕਰੇ ਦੀ ਹਰ ਕੰਧ ਢਾਹ ਦਿੱਤੀ ਹੈ ਅਤੇ ਸਾਰੇ ਖੇਤੀ ਬਚਾਉਣ ਲਈ ਅੱਗੇ ਆ ਗਏ ਹਨ। ਉਨ੍ਹਾਂ ਦੱਸਿਆ ਕਿ ਏਨੀ ਚੇਤਨਾ ਪਹਿਲੀ ਦਫ਼ਾ ਵੇਖਣ ਨੂੰ ਮਿਲੀ ਹੈ। ਦੇਹਰਾਦੂਨ ਜ਼ਿਲ੍ਹੇ ਦੇ ਕਰੀਬ ਦਰਜਨ ਕਸਬਿਆਂ ਵਿਚ 30 ਫ਼ੀਸਦੀ ਤੱਕ ਆਬਾਦੀ ਪੰਜਾਬੀ ਕਿਸਾਨਾਂ ਦੀ ਹੈ।
ਕਿਸਾਨ ਆਗੂ ਦੱਸਦੇ ਹਨ ਕਿ ਕਰੀਬ ਅੱਠ ਹਜ਼ਾਰ ਕਿਸਾਨਾਂ ਨੂੰ ਸੂਬਾ ਸਰਕਾਰਾਂ ਵੱਲੋਂ ਨੋਟਿਸ ਦਿੱਤੇ ਗਏ ਹਨ ਅਤੇ ਕਿਸਾਨਾਂ ਦੀ ਜ਼ਮੀਨ ਮਾਲਕੀ ’ਤੇ ਉਂਗਲ ਉਠਾਈ ਗਈ ਹੈ। ਉਨ੍ਹਾਂ ਨੂੰ ਗਾਜ਼ੀਪੁਰ ਜਾਣ ਤੋਂ ਰੋਕਣ ਲਈ ਡਰਾਇਆ ਜਾ ਰਿਹਾ ਹੈ। ਗਰੀਬ ਕਿਸਾਨ ਅਤੇ ਮਜ਼ਦੂਰ ਭੈਅ ਵਿਚ ਹਨ ਜਿਨ੍ਹਾਂ ਦਾ ਡਰ ਕੱਢਣ ਲਈ ਹੁਣ ਪਿੰਡਾਂ ਵਿਚ ਟਰੈਕਟਰ ਮਾਰਚ ਕੱਢੇ ਜਾ ਰਹੇ ਹਨ।ਉੱਤਰ ਪ੍ਰਦੇਸ਼ ਦੇ ਮੁਰਾਦਾਬਾਦ, ਬਰੇਲੀ, ਬਿਜਨੌਰ ਅਤੇ ਪੀਲੀਭੀਤ ਆਦਿ ਵਿਚ ਵੀ ਕਿਸਾਨ ਲਹਿਰ ਜ਼ੋਰ ਫੜ ਗਈ ਹੈ। ਕਿਸਾਨੀ ਮੀਟਿੰਗਾਂ ਜਾਂ ਛੋਟੀਆਂ ਰੈਲੀਆਂ ਵਿਚ ਹੁਣ ਲੰਗਰ ਦੇ ਪ੍ਰਬੰਧ ਵੀ ਹੋਣ ਲੱਗ ਪਏ ਹਨ ਜਦਕਿ ਪਹਿਲਾਂ ਅਜਿਹਾ ਨਹੀਂ ਹੁੰਦਾ ਸੀ। ਤਰਾਈ ਖ਼ਿੱਤੇ ਦੇ ਗੁਰੂ ਘਰਾਂ ਵਿਚ ਕਿਸਾਨਾਂ ਦੇ ਇਕੱਠ ਵੀ ਜੁੜਨ ਲੱਗ ਪਏ ਹਨ। ਬਹੁਤੇ ਕਿਸਾਨ ਆਗੂ ਇਹੋ ਆਖਦੇ ਹਨ ਕਿ ਕਿਸਾਨ ਮੋਰਚੇ ਨੇ ਸਾਰੀਆਂ ਦੂਰੀਆਂ ਮਿਟਾ ਦਿੱਤੀਆਂ ਹਨ ਅਤੇ ਉੱਤਰਾਖੰਡ ਦੀ ਕਿਸਾਨੀ ਉੱਠ ਖੜ੍ਹੀ ਹੋਈ ਹੈ ਜੋ ਕਿਸੇ ਤਰ੍ਹਾਂ ਵੀ ਪੰਜਾਬ ਨਾਲੋਂ ਘੱਟ ਨਹੀਂ ਹੈ। ਤਰਾਈ ਖ਼ਿੱਤੇ ਵਿਚ ਵੀ ਹੁਣ ਮਹਾਪੰਚਾਇਤ ਕਰਾਏ ਜਾਣ ਦੀ ਯੋਜਨਾ ਚੱਲ ਰਹੀ ਹੈ।
No comments:
Post a Comment