Saturday, March 25, 2023

                                                          ਨਹੀਂ ਮੁੱਕੀ ਝਾਕ
                          ਐਲਾਨੇ ਰੁਜ਼ਗਾਰ ’ਚੋਂ 17 ਫ਼ੀਸਦੀ ਨੂੰ ਨੌਕਰੀ
                                                          ਚਰਨਜੀਤ ਭੁੱਲਰ   

ਚੰਡੀਗੜ੍ਹ : ‘ਆਪ’ ਸਰਕਾਰ ਦੇ ਕਾਰਜਕਾਲ ਦੇ ਪਹਿਲੇ ਵਰ੍ਹੇ ਦੌਰਾਨ ਪ੍ਰਕਾਸ਼ਿਤ ਅਸਾਮੀਆਂ ’ਚੋਂ ਸਿਰਫ਼ 17 ਫ਼ੀਸਦੀ ਨੂੰ ਹੀ ਨਿਯੁਕਤੀ ਪੱਤਰ ਜਾਰੀ ਹੋਏ ਹਨ। ਸਰਕਾਰ ਨੇ 5 ਮਈ 2022 ਨੂੰ ਸੂਬੇ ਦੇ ਵੱਖ-ਵੱਖ 25 ਵਿਭਾਗਾਂ ’ਚ 26,454 ਅਸਾਮੀਆਂ ਦਾ ਇੱਕ ਸਾਂਝਾ ਇਸ਼ਤਿਹਾਰ ਦਿੱਤਾ ਸੀ। ਇਨ੍ਹਾਂ ਅਸਾਮੀਆਂ ’ਚੋਂ 57 ਫ਼ੀਸਦੀ ਵਾਸਤੇ ਤਾਂ ਹਾਲੇ ਤੱਕ ਕੋਈ ਪ੍ਰੀਖਿਆ ਵੀ ਨਹੀਂ ਹੋਈ ਹੈ, ਜਦੋਂਕਿ 13,981 ਅਸਾਮੀਆਂ ਲਈ ਪ੍ਰੀਖਿਆ ਹੋ ਚੁੱਕੀ ਹੈ। ਜਿਨ੍ਹਾਂ ਅਸਾਮੀਆਂ ਦੀ ਪ੍ਰੀਖਿਆ ਹੋ ਚੁੱਕੀ ਹੈ, ਉਨ੍ਹਾਂ ’ਚੋਂ ਸਿਰਫ਼ 40 ਫ਼ੀਸਦੀ ਦਾ ਨਤੀਜਾ ਐਲਾਨਿਆ ਗਿਆ ਹੈ, ਜੋ ਕਿ 5478 ਅਸਾਮੀਆਂ ਦਾ ਬਣਦਾ ਹੈ। ਅੱਗੇ 5478 ਅਸਾਮੀਆਂ ਦੇ ਐਲਾਨੇ ਨਤੀਜੇ ’ਚੋਂ 4588 ਨਿਯੁਕਤੀ ਪੱਤਰ ਦਿੱਤੇ ਗਏ ਹਨ। ਕੁੱਲ 25 ਵਿਭਾਗਾਂ ਦੀਆਂ ਅਸਾਮੀਆਂ ਪ੍ਰਕਾਸ਼ਿਤ ਹੋਈਆਂ ਸਨ, ਜਿਨ੍ਹਾਂ ’ਚੋਂ 10 ਵਿਭਾਗਾਂ ਦੀ ਪ੍ਰਕਿਰਿਆ ਹੀ ਸ਼ੁਰੂ ਨਹੀਂ ਹੋਈ ਹੈ।

         ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦੌਰਾਨ ਰੁਜ਼ਗਾਰ ਉਤਪਤੀ, ਹੁਨਰ ਵਿਕਾਸ ਤੇ ਸਿਖਲਾਈ ਮੰਤਰੀ ਅਮਨ ਅਰੋੜਾ ਨੇ ਇਹ ਉਕਤ ਜਾਣਕਾਰੀ ਕਾਂਗਰਸੀ ਵਿਧਾਇਕ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਪੁੱਛੇ ਸਵਾਲ ਦੇ ਜਵਾਬ ਵਿੱਚ ਦਿੱਤੀ ਹੈ। ਸੂਤਰ ਆਖਦੇ ਹਨ ਕਿ ਇਸ ’ਚ ਕੋਈ ਸ਼ੱਕ ਨਹੀਂ ਕਿ ਤਰਸ ਦੇ ਆਧਾਰ ’ਤੇ ਵੱਖ-ਵੱਖ ਵਿਭਾਗਾਂ ਦੇ ਨਿਯੁਕਤੀ ਪੱਤਰ ਮੁੱਖ ਮੰਤਰੀ ਤੇ ਵਜ਼ੀਰਾਂ ਨੇ ਲੰਘੇ ਇੱਕ ਵਰ੍ਹੇ ਦੌਰਾਨ ਵੰਡੇ ਹਨ। ਪੰਜਾਬ ਚੋਣਾਂ 2022 ਲਈ ਚੋਣ ਜ਼ਾਬਤਾ ਲੱਗਣ ਤੋਂ ਪਹਿਲਾਂ ਜੋ ਭਰਤੀ ਪ੍ਰਕਿਰਿਆ ਅਧੀਨ ਸੀ, ਉਸ ’ਚੋਂ ਵੀ ਕਾਫ਼ੀ ਅਸਾਮੀਆਂ ਭਰੀਆਂ ਗਈਆਂ ਹਨ।ਪੰਜਾਬ ਸਰਕਾਰ ਵੱਲੋਂ ਇੱਕ ਵੱਡੀ ਪ੍ਰਾਪਤੀ ਵਜੋਂ ਰੁਜ਼ਗਾਰ ਦੇਣ ਨੂੰ ਉਭਾਰਿਆ ਜਾ ਰਿਹਾ ਹੈ। ਕਾਰਜਕਾਲ ਦੇ ਪਹਿਲੇ ਵਰ੍ਹੇ ਹੀ ਨੌਕਰੀਆਂ ਕੱਢੇ ਜਾਣ ਦਾ ਪ੍ਰਚਾਰ ਵੀ ਕੀਤਾ ਜਾ ਰਿਹਾ ਹੈ।

         ‘ਆਪ’ ਸਰਕਾਰ ਵੱਲੋਂ ਪ੍ਰਕਾਸ਼ਿਤ ਸਾਂਝੇ ਇਸ਼ਤਿਹਾਰ ਦੀਆਂ 26,454 ਅਸਾਮੀਆਂ ’ਚੋਂ ਇਸ ਵੇਲੇ ਮੈਡੀਕਲ ਸਿੱਖਿਆ ਤੇ ਖੋਜ ਵਿਭਾਗ ਦੀਆਂ 230 ਅਸਾਮੀਆਂ ਅਤੇ ਗ੍ਰਹਿ ਵਿਭਾਗ ਦੀਆਂ 4588 ਅਸਾਮੀਆਂ ਲਈ ਯੋਗ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਦਿੱਤੇ ਜਾ ਚੁੱਕੇ ਹਨ। ਇਹ ਸਾਰੀਆਂ ਅਸਾਮੀਆਂ ਪੰਜਾਬ ਪਬਲਿਕ ਸਰਵਿਸ ਕਮਿਸ਼ਨ, ਐੱਸਐੱਸਐੱਸ ਬੋਰਡ ਤੇ ਵਿਭਾਗੀ ਕਮੇਟੀਆਂ ਵੱਲੋਂ ਭਰੀਆਂ ਜਾ ਰਹੀਆਂ ਹਨ। ਬਿਜਲੀ ਵਿਭਾਗ ’ਚ ਸਹਾਇਕ ਲਾਈਨਮੈਨਾਂ ਦੀਆਂ 1690 ਅਸਾਮੀਆਂ ਲਈ 30 ਸਤੰਬਰ 2022 ਨੂੰ ਟੈਸਟ ਹੋਇਆ ਸੀ ਪਰ ਕਰੀਬ ਛੇ ਮਹੀਨੇ ਮਗਰੋਂ ਵੀ ਇਸ ਦਾ ਨਤੀਜਾ ਨਹੀਂ ਐਲਾਨਿਆ ਗਿਆ। ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ ਦੀਆਂ 95 ਅਸਾਮੀਆਂ ਲਈ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਵੱਲੋਂ 24 ਸਤੰਬਰ 2022 ਨੂੰ ਪ੍ਰੀਖਿਆ ਲਈ ਗਈ ਸੀ ਪਰ ਨਤੀਜਾ ਨਹੀਂ ਐਲਾਨਿਆ ਗਿਆ।

        ਇਸੇ ਤਰ੍ਹਾਂ 1156 ਸਿਪਾਹੀਆਂ, 560 ਸਬ-ਇੰਸਪੈਕਟਰਾਂ ਅਤੇ 787 ਹੌਲਦਾਰਾਂ ਦੀ ਭਰਤੀ ਲਈ ਪ੍ਰੀਖਿਆ 14 ਅਕਤੂਬਰ ਤੋਂ 16 ਅਕਤੂਬਰ 2022 ਤੱਕ ਹੋ ਚੁੱਕੀ ਹੈ ਪਰ ਇਸ ਦਾ ਨਤੀਜਾ ਵੀ ਉਡੀਕਿਆ ਜਾ ਰਿਹਾ ਹੈ।200 ਜੰਗਲਾਤ ਗਾਰਡਾਂ ਦੀ ਪ੍ਰੀਖਿਆ 13 ਨਵੰਬਰ 2022 ਨੂੰ ਹੋਈ ਸੀ, ਜਿਸ ਦਾ ਨਤੀਜਾ ਵੀ ਆ ਚੁੱਕਾ ਹੈ ਪਰ ਇਨ੍ਹਾਂ ਨੂੰ ਨਿਯੁਕਤੀ ਪੱਤਰ ਨਹੀਂ ਮਿਲੇ। ਸਹਿਕਾਰਤਾ ਵਿਭਾਗ ਵਿਚ ਰੱਖੇ ਜਾਣ ਵਾਲੇ 738 ਕਲਰਕਾਂ ਲਈ ਪ੍ਰੀਖਿਆ ਲੰਮੇ ਸਮੇਂ ਮਗਰੋਂ 12 ਮਾਰਚ ਨੂੰ ਹੋਈ ਹੈ।

                                ਸਾਰਾ ਜ਼ੋਰ ਪ੍ਰਚਾਰ ’ਤੇ ਹੀ ਲਾਇਆ: ਰੰਧਾਵਾ

ਸਾਬਕਾ ਉੱਪ ਮੁੱਖ ਮੰਤਰੀ ਅਤੇ ਮੌਜੂਦਾ ਕਾਂਗਰਸੀ ਵਿਧਾਇਕ ਸੁਖਜਿੰਦਰ ਸਿੰਘ ਰੰਧਾਵਾ ਦਾ ਕਹਿਣਾ ਸੀ ਕਿ ਸਰਕਾਰ ਨੇ ਖ਼ੁਦ ਹੀ ਸਾਫ਼ ਕਰ ਦਿੱਤਾ ਹੈ ਕਿ ਉਨ੍ਹਾਂ ਨੇ ਪਹਿਲੇ ਵਰ੍ਹੇ ਵਿਚ 4588 ਉਮੀਦਵਾਰਾਂ ਨੂੰ ਹੀ ਨਿਯੁਕਤੀ ਪੱਤਰ ਦਿੱਤੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਨੇ ਨੌਕਰੀਆਂ ਦੇਣ ਲਈ ਪ੍ਰਚਾਰ ਕਰਨ ’ਤੇ ਹੀ ਸਾਰਾ ਜ਼ੋਰ ਲਗਾ ਦਿੱਤਾ, ਜਦੋਂ ਕਿ ਇਨ੍ਹਾਂ ਅਸਾਮੀਆਂ ਲਈ ਪ੍ਰੀਖਿਆ ਅਤੇ ਇੰਟਰਵਿਊ ਲੈਣ ਲਈ ਕੁਝ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਸਮੇਂ ਜੋ ਪ੍ਰਕਿਰਿਆ ਆਖ਼ਰੀ ਪੜਾਅ ’ਤੇ ਸੀ, ਉਨ੍ਹਾਂ ਨੂੰ ਹੀ ਨਿਯੁਕਤੀ ਪੱਤਰ ਵੰਡੇ ਹਨ।

No comments:

Post a Comment