Monday, March 13, 2023

                                                         ‘ ਉੱਡਤਾ ਪੰਜਾਬ ’ 
                                     ਹੁਣ ਪੱਲਾ ਨਹੀਂ ਛੱਡ ਰਿਹਾ
                                                          ਚਰਨਜੀਤ ਭੁੱਲਰ   

ਚੰਡੀਗੜ੍ਹ :  ‘ਉੱਡਤਾ ਪੰਜਾਬ ’ ਦੇ ਦਾਗ਼ ਧੋਣ ਲਈ ਰਾਜ ਦੇ ਲੱਖਾਂ ਨੌਜਵਾਨ ਅੱਗੇ ਆਏ ਪਰ ਨਸ਼ਿਆਂ ਤੋਂ ਪਿੱਛਾ ਟਾਵੇਂ ਹੀ ਛੁਡਾ ਸਕੇ। ਨਵਾਂ ਅੰਕੜਾ ਫ਼ਿਕਰ ਖੜ੍ਹੇ ਕਰਨ ਵਾਲਾ ਹੈ ਕਿ ਪੰਜਾਬ ਦੇ ਨਸ਼ਾ ਛੁਡਾਊ ਕੇਂਦਰਾਂ ’ਚ ਲੰਘੇ ਸਵਾ ਛੇ ਵਰ੍ਹਿਆਂ ’ਚ 8.82 ਲੱਖ ਮਰੀਜ਼ ਪੁੱਜੇ ਪ੍ਰੰਤੂ ਇਨ੍ਹਾਂ ਚੋਂ ਨਸ਼ੇ ਨੂੰ ਸਿਰਫ਼ 4106 ਵਿਅਕਤੀ ਹੀ ਅਲਵਿਦਾ ਆਖ ਸਕੇ। ਅੱਧਾ ਫ਼ੀਸਦੀ ਤੋਂ ਵੀ ਘੱਟ ਵਿਅਕਤੀ ਨਸ਼ਾ ਛੱਡਣ ’ਚ ਸਫਲ ਹੋਏ ਹਨ। ਵੱਡੀ ਗਿਣਤੀ ਉਨ੍ਹਾਂ ਦੀ ਹੈ ਜਿਨ੍ਹਾਂ ਨਸ਼ਾ ਛੱਡ ਦਿੱਤਾ ਲੇਕਿਨ ਉਹ ਓਟ ਸੈਂਟਰਾਂ ’ਚ ਮਿਲਦੀ ਗੋਲੀ ਦੀ ਚਾਟ ਤੇ ਲੱਗ ਗਏ ਹਨ। ਪੰਜਾਬ ’ਚ ਇਸ ਵਕਤ 26 ਸਰਕਾਰੀ ਅਤੇ 182 ਪ੍ਰਾਈਵੇਟ ਨਸ਼ਾ ਛੁਡਾਊ ਕੇਂਦਰ ਹਨ। ਇਸ ਤੋਂ ਬਿਨਾਂ 19 ਸਰਕਾਰੀ ਅਤੇ 75 ਪ੍ਰਾਈਵੇਟ ਮੁੜ ਵਸੇਬਾ ਸੈਂਟਰ ਹਨ। 26 ਅਕਤੂਬਰ 2017 ਤੋਂ ਇਨ੍ਹਾਂ ਕੇਂਦਰਾਂ ’ਚ ਰਜਿਸਟਰਡ ਹੋਣ ਵਾਲੇ ਮਰੀਜ਼ਾਂ ਦਾ ਰਿਕਾਰਡ ਮੇਨਟੇਨ ਕਰਨਾ ਸ਼ੁਰੂ ਕੀਤਾ ਸੀ। ਅਕਤੂਬਰ 2017 ਤੋਂ ਫਰਵਰੀ 2023 ਤੱਕ ਇਨ੍ਹਾਂ ਸਰਕਾਰੀ ਤੇ ਪ੍ਰਾਈਵੇਟ ਨਸ਼ਾ ਛੁਡਾਊ ਕੇਂਦਰਾਂ/ਓਟ ਕਲੀਨਿਕਾਂ ’ਚ 8.82 ਲੱਖ ਮਰੀਜ਼ ਰਜਿਸਟਰਡ ਹੋਏ ਹਨ ਜਿਨ੍ਹਾਂ ਚੋਂ 2.63 ਲੱਖ ਸਰਕਾਰੀ ਅਤੇ 6.19 ਲੱਖ ਮਰੀਜ਼ ਪ੍ਰਾਈਵੇਟ ਕੇਂਦਰਾਂ ਵਿਚ ਰਜਿਸਟਰਡ ਹੋਏ।   

        ਓਟ ਕਲੀਨਿਕਾਂ ਅਤੇ ਇਨ੍ਹਾਂ ਕੇਂਦਰਾਂ ਵਿਚ ਡਾਕਟਰਾਂ ਵੱਲੋਂ ਨਸ਼ੇ ਤੋਂ ਪ੍ਰਭਾਵਿਤ ਲੋਕਾਂ ਨੂੰ ਬੁਪਰੋਨੋਰਫਿਨ, ਨਾਲੇਕਸਨ, ਟਰਾਮਾਡੋਲ, ਲੋਰਾਜੇਪਾਮ, ਕਲੋਨਾਜੇਪਾਮ ਅਤੇ ਐਂਟੀ ਡਿਪਰੈਸ਼ਨ ਦਵਾਈ ਦਿੱਤੀ ਜਾਂਦੀ ਹੈ। ਅਧਿਕਾਰੀ ਦੱਸਦੇ ਹਨ ਕਿ ਬਹੁਤੇ ਨਸ਼ੇੜੀ ਤਾਂ ਇਨ੍ਹਾਂ ਦਵਾਈਆਂ ’ਤੇ ਲੱਗ ਗਏ ਹਨ। ਪੰਜਾਬ ਵਿਧਾਨ ਸਭਾ ’ਚ ਵੀ ਇਹ ਮਸਲਾ ਉੱਠਿਆ ਸੀ ਕਿ ਓਟ ਕਲੀਨਿਕਾਂ ’ਚ ਮਿਲਦੀ ਗੋਲੀ ਨੂੰ ਬਤੌਰ ਨਸ਼ਾ ਹੀ ਮਰੀਜ਼ ਲੈ ਰਹੇ ਹਨ ਅਤੇ ਇਸ ਪਾਸੇ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ ਹੈ। ਪੰਜਾਬ ’ਚ ਸਿਆਸੀ ਸੱਤਾ ਦੇ ਬਦਲਾਓ ਪਿੱਛੋਂ ਵੀ ਇਨ੍ਹਾਂ ਕੇਂਦਰਾਂ ਵਿਚ ਮਰੀਜ਼ਾਂ ਦੇ ਅੰਕੜੇ ਵਿਚ ਕੋਈ ਫ਼ਰਕ ਨਹੀਂ ਆਇਆ ਹੈ। ਵਿਧਾਨ ਸਭਾ ’ਚ ਬਸਪਾ ਵਿਧਾਇਕ ਡਾ. ਨਛੱਤਰ ਪਾਲ ਦੇ ਲਿਖਤੀ ਸੁਆਲ ਦੇ ਜੁਆਬ ਵਿਚ ਪੰਜਾਬ ਸਰਕਾਰ ਨੇ ਦੱਸਿਆ ਕਿ ਵਰ੍ਹਾ 2023 ਦੇ ਪਹਿਲੇ ਦੋ ਮਹੀਨਿਆਂ ਵਿਚ ਇਨ੍ਹਾਂ ਕੇਂਦਰਾਂ ਵਿਚ 15978 ਮਰੀਜ਼ ਪੁੱਜੇ ਹਨ। ਕਾਂਗਰਸੀ ਰਾਜ ਭਾਗ ਆਉਣ ਸਮੇਂ ਪਹਿਲੇ ਵਰ੍ਹੇ 2017 ਵਿਚ ਸਰਕਾਰੀ ਤੇ ਪ੍ਰਾਈਵੇਟ ਨਸ਼ਾ ਛੁਡਾਊ ਕੇਂਦਰਾਂ ਵਿਚ ਰਜਿਸਟਰਡ ਮਰੀਜ਼ਾਂ ਦੀ ਗਿਣਤੀ 1790 ਰਹੀ।

          ਸਰਕਾਰੀ ਤੱਥਾਂ ਅਨੁਸਾਰ ਸਾਲ 2018 ਵਿਚ ਇਨ੍ਹਾਂ ਮਰੀਜ਼ਾਂ ਦੀ ਗਿਣਤੀ 1.20 ਲੱਖ, ਸਾਲ 2019 ਵਿਚ 2.43 ਲੱਖ, ਵਰ੍ਹਾ 2020 ਵਿਚ 2.47 ਲੱਖ, ਸਾਲ 2021 ਵਿਚ 1.26 ਲੱਖ ਅਤੇ ਸਾਲ 2022 ਵਿਚ ਇਹ ਅੰਕੜਾ 1.05 ਲੱਖ ਦੀ ਰਹੀ। ਸਰਕਾਰੀ ਨਸ਼ਾ ਛੁਡਾਊ ਕੇਂਦਰਾਂ/ਓਟ ਕਲੀਨਿਕਾਂ ’ਤੇ ਨਜ਼ਰ ਮਾਰੀਏ ਤਾਂ ਬਠਿੰਡਾ ਜ਼ਿਲ੍ਹੇ ਦਾ ਪਹਿਲਾ ਨੰਬਰ ਹੈ ਜਿੱਥੇ ਇਨ੍ਹਾਂ ਸਵਾ ਛੇ ਸਾਲਾਂ ਵਿਚ 24,328 ਮਰੀਜ਼ ਪੁੱਜੇ, ਦੂਸਰਾ ਨੰਬਰ ਤਰਨਤਾਰਨ ਦਾ ਹੈ ਜਿੱਥੇ 23,648 ਮਰੀਜ਼ ਰਜਿਸਟਰਡ ਹੋਏ। ਅੰਮ੍ਰਿਤਸਰ ਵਿਚ 20379, ਗੁਰਦਾਸਪੁਰ ਵਿਚ 20901, ਮੋਗਾ ਵਿਚ 19622 ਅਤੇ ਫ਼ਰੀਦਕੋਟ ਵਿਚ 11636 ਮਰੀਜ਼ ਇਨ੍ਹਾਂ ਕੇਂਦਰਾਂ ’ਚ ਪੁੱਜੇ। 

          ਬਦਨਾਮੀ ਦੇ ਡਰੋਂ ਬਹੁਤੇ ਨਸ਼ੇੜੀ ਪ੍ਰਾਈਵੇਟ ਕੇਂਦਰਾਂ ਨੂੰ ਤਰਜ਼ੀਹ ਦਿੰਦੇ ਹਨ ਜਿਸ ਕਰਕੇ ਸਰਕਾਰੀ ਨਾਲੋਂ ਚਾਰ ਗੁਣਾ ਵੱਧ ਭੀੜ ਪ੍ਰਾਈਵੇਟ ਨਸ਼ਾ ਛੁਡਾਊ ਕੇਂਦਰਾਂ ਵਿਚ ਰਹੀ ਹੈ। ਮੁਹਾਲੀ ਦੇ ਸਰਕਾਰੀ ਕੇਂਦਰਾਂ ਵਿਚ ਸਵਾ ਛੇ ਸਾਲਾਂ ਵਿਚ ਸਿਰਫ਼ 3246 ਮਰੀਜ਼ ਪੁੱਜੇ ਜਦੋਂ ਕਿ ਪ੍ਰਾਈਵੇਟ ਕੇਂਦਰਾਂ ਵਿਚ 31709 ਮਰੀਜ਼ ਪੁੱਜੇ ਹਨ। ਮਿਸਾਲ ਦੇ ਤੌਰ ’ਤੇ ਰੋਪੜ ਦੇ ਸਰਕਾਰੀ ਕੇਂਦਰਾਂ ਵਿਚ ਸਿਰਫ਼ 4716 ਮਰੀਜ਼ ਪੁੱਜੇ ਜਦੋਂ ਕਿ ਪ੍ਰਾਈਵੇਟ ਕੇਂਦਰਾਂ ਵਿਚ 11254 ਮਰੀਜ਼ ਇਲਾਜ ਲਈ ਰਜਿਸਟਰਡ ਹੋਏ। 

          ਪੰਜਾਬ ਦੇ ਪ੍ਰਾਈਵੇਟ ਕੇਂਦਰਾਂ ਦਾ ਅੰਕੜਾ ਵੇਖੀਏ ਤਾਂ ਜ਼ਿਲ੍ਹਾ ਲੁਧਿਆਣਾ ਵਿਚ ਲੰਘੇ ਸਵਾ ਛੇ ਸਾਲਾਂ ਵਿਚ 1.21 ਲੱਖ ਮਰੀਜ਼ ਰਜਿਸਟਰਡ ਹੋਏ ਹਨ ਜਦੋਂ ਕਿ ਪਟਿਆਲਾ ਜ਼ਿਲ੍ਹੇ ਵਿਚ 54933 ਮਰੀਜ਼ ਪੁੱਜੇ ਹਨ। ਇਸੇ ਤਰ੍ਹਾਂ ਫ਼ਿਰੋਜ਼ਪੁਰ ਦੇ ਪ੍ਰਾਈਵੇਟ ਕੇਂਦਰਾਂ ਵਿਚ 25682, ਮੁਕਤਸਰ ਵਿਚ 42380, ਹੁਸ਼ਿਆਰਪੁਰ ਵਿਚ 31104 ਅਤੇ ਬਰਨਾਲਾ ਵਿਚ 19779 ਮਰੀਜ਼ ਰਜਿਸਟਰਡ ਹੋਏ ਹਨ। ਨਸ਼ਿਆਂ ਨੂੰ ਛੱਡਣ ਵਾਲੇ ਮਰੀਜ਼ਾਂ ਦੀ ਗਿਣਤੀ ਸਿਰਫ਼ 4106 ਹੈ ਜਿਸ ਚੋਂ ਸਰਕਾਰੀ ਕੇਂਦਰਾਂ ਵਿਚ 3810 ਅਤੇ ਪ੍ਰਾਈਵੇਟ ਕੇਂਦਰਾਂ ਵਿਚ 296 ਲੋਕਾਂ ਨੇ ਨਸ਼ਿਆਂ ਨੂੰ ਅਲਵਿਦਾ ਕਿਹਾ ਹੈ। 

                       ਸਮਾਜਿਕ ਦਬਾਓ ਵੀ ਵੱਡਾ ਕਾਰਨ : ਡਾ.ਨਿਧੀ ਗੁਪਤਾ

ਬਠਿੰਡਾ ਦੀ ਮਾਨਸਿਕ ਰੋਗਾਂ ਦੇ ਮਾਹਿਰ ਡਾ. ਨਿਧੀ ਗੁਪਤਾ ਦਾ ਪ੍ਰਤੀਕਰਮ ਸੀ ਕਿ ਅਸਲ ਵਿਚ ਉੱਚ ਤਬਕੇ ਦੇ ਮਰੀਜ਼ ਸਮਾਜਿਕ ਦਬਾਓ ਕਰਕੇ ਆਪਣੀ ਪਛਾਣ ਜੱਗ ਜ਼ਾਹਿਰ ਹੋਣ ਦੇ ਡਰੋਂ ਸਰਕਾਰੀ ਕੇਂਦਰਾਂ ਵਿਚ ਨਹੀਂ ਜਾਂਦੇ ਹਨ ਜਿਸ ਕਰਕੇ ਉਹ ਪ੍ਰਾਈਵੇਟ ਸੈਂਟਰਾਂ ਨੂੰ ਤਰਜੀਹ ਦਿੰਦੇ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਨਸ਼ੇੜੀਆਂ ਦੇ ਇਲਾਜ ਲਈ ਬੁਪਰੋਨੋਰਫਿਨ ਦਿੱਤੀ ਜਾਂਦੀ ਹੈ ਜਿਸ ਨਾਲ ਭਿਆਨਕ ਨਸ਼ਿਆਂ ਦੀ ਲਤ ਤੋਂ ਛੁਟਕਾਰਾ ਤਾਂ ਮਿਲਦਾ ਹੈ ਪ੍ਰੰਤੂ ਕਈ ਵਾਰ ਮਰੀਜ਼ ਇਸ ਗੋਲੀ ’ਤੇ ਲੱਗ ਜਾਂਦਾ ਹੈ। 

                                   ‘ਮੁਫ਼ਤ ਦੀ ਗੋਲੀ’ ਦੀ ਚਾਟ ’ਤੇ ਲੱਗੇ

ਸਿਹਤ ਵਿਭਾਗ ਦੇ ਕਈ ਫ਼ੀਲਡ ਅਧਿਕਾਰੀਆਂ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਓਟ ਕਲੀਨਿਕਾਂ ਵਿਚ ‘ਬੁਪਰੋਨੋਰਫਿਨ’ ਮੁਫ਼ਤ ਵਿਚ ਦਿੱਤੀ ਜਾਂਦੀ ਹੈ ਜਿਨ੍ਹਾਂ ਦੀ ਚਾਟ ’ਤੇ ਹੀ ਬਹੁਤੇ ਲੱਗ ਗਏ ਹਨ। ਦਿਹਾਤੀ ਪੰਜਾਬ ’ਚ ਇਹ ‘ਮੁਫ਼ਤ ਦੀ ਗੋਲੀ’ ਵਜੋਂ ਮਸ਼ਹੂਰ ਹੈ। ਚਰਚੇ ਹਨ ਕਿ ਕਈ ਲੋਕਾਂ ਨੇ ਤਾਂ ਮੁਫ਼ਤ ਦੀ ਗੋਲੀ ਸਰਕਾਰ ਤੋਂ ਲੈ ਕੇ ਅੱਗੇ ਵੇਚਣੀ ਵੀ ਸ਼ੁਰੂ ਕਰ ਦਿੱਤੀ ਹੈ। ਸਿਹਤ ਮਹਿਕਮਾ ਇਸ ਗੋਲੀ ’ਤੇ ਕਰੋੜਾਂ ਰੁਪਏ ਖ਼ਰਚ ਰਿਹਾ ਹੈ। 

 


No comments:

Post a Comment