Saturday, March 4, 2023

                                                         ਸਿਆਸੀ ਖਿੱਚੜੀ
                            ਮੁੱਖ ਮੰਤਰੀ  ਤੇ ਰਾਜਪਾਲ ਵਿਚ ਠੰਢੀ ਜੰਗ
                                                          ਚਰਨਜੀਤ ਭੁੱਲਰ   

ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਮਾਨ ਅਤੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਦਰਮਿਆਨ ਚੱਲ ਰਹੀ ਠੰਢੀ ਜੰਗ ਦਾ ਪਰਛਾਵਾਂ ਅੱਜ ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ’ਤੇ ਵੀ ਦੇਖਣ ਨੂੰ ਮਿਲਿਆ। ਹਾਲਾਂਕਿ ਦੋਵੇਂ ਧਿਰਾਂ ਵਿਚਾਲੇ ਸੈਸ਼ਨ ਦੇ ਪਹਿਲੇ ਦਿਨ ਕੋਈ ਵੱਡੀ ਅਣਬਣ ਤਾਂ ਨਹੀਂ ਉੱਭਰੀ, ਪਰ ਮਨਾਂ ਅੰਦਰਲੀ ਤਲਖ਼ੀ ਵੀ ਗੁੱਝੀ ਨਹੀਂ ਰਹਿ ਸਕੀ। ਜਿੰਨੀ ਤੇਜ਼ੀ ਨਾਲ ਰਾਜਪਾਲ ਨੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਦੀ ਸਲਾਹ ਮੰਨ ਕੇ ‘ਮੇਰੀ ਸਰਕਾਰ’ ਕਹਿਣ ਤੋਂ ਕਿਨਾਰਾ ਕਰ ਲਿਆ ਸੀ, ਉਸ ਤੋਂ ਜਾਪਦਾ ਸੀ ਕਿ ਅੰਦਰੋਂ ਕੁਝ ਹੋਰ ਹੀ ਸਿਆਸੀ ਖਿੱਚੜੀ ਰਿੱਝ ਰਹੀ ਹੈ। ਰਾਜਪਾਲ ਪੁਰੋਹਿਤ ਨੇ ਜਿਸ ਤਰੀਕੇ ਨਾਲ ਪੰਜਾਬ ਕੈਬਨਿਟ ਵੱਲੋਂ ਪ੍ਰਵਾਨ ਭਾਸ਼ਣ ’ਚ ਇੱਕ ਦਫ਼ਾ ਭੰਨ-ਤੋੜ ਕਰਨ ਦੀ ਗੱਲ ਸਵੀਕਾਰੀ, ਉਸ ਨੇ ਨਵੀਂ ਸਿਆਸੀ ਘੁਸਰ ਮੁਸਰ ਨੂੰ ਵੀ ਜਨਮ ਦਿੱਤਾ ਹੈ। ਬੇਸ਼ੱਕ ਰਾਜਪਾਲ ਨੇ ਆਪਣੇ ਭਾਸ਼ਣ ਵਿੱਚ ਪੰਜਾਬ ਸਰਕਾਰ ਦੀਆਂ ਪ੍ਰਾਪਤੀਆਂ ਦੀ ਇਕੱਲੀ ਇਕੱਲੀ ਗਿਣਤੀ ਕਰਾਈ, ਪਰ ਉਨ੍ਹਾਂ ਵੱਲੋਂ ਅਖੀਰ ’ਚ ਦਿੱਤੀ ਨਸੀਹਤ ਤੋਂ ਗੱਲ ਢਕੀ ਨਾ ਰਹਿ ਸਕੀ ਕਿ ਰਾਜਪਾਲ ਦੇ ਮਨ ’ਚ ਅਜੇ ਵੀ ਨਾਰਾਜ਼ਗੀ ਹੈ। 

        ਰਾਜਪਾਲ ਦੀਆਂ ਇਹ ਗੱਲਾਂ ਤਾਂ ਖਰੀਆਂ ਸਨ, ‘ਸਾਰੇ ਵਡੱਪਣ ਦਿਖਾਓ, ਛੋਟੀਆਂ ਗੱਲਾਂ ਵਿੱਚ ਨਾ ਪਓ’। ਮੁੱਖ ਮੰਤਰੀ ਭਗਵੰਤ ਮਾਨ ਵੀ ਉਦੋਂ ਗੁੱਸਾ ਖਾ ਗਏ ਜਦੋਂ ਬਾਜਵਾ ਦੀ ਸਲਾਹ ਨੂੰ ਮੰਨ ਕੇ ਕੈਬਨਿਟ ਦੇ ਪ੍ਰਵਾਨ ਭਾਸ਼ਣ ਨੂੰ ਹੀ ਲਾਂਭੇ ਰੱਖ ਦਿੱਤਾ ਗਿਆ। ਸਿਆਸੀ ਹਲਕੇ ਆਖਦੇ ਹਨ ਕਿ ਇਹ ਸਭ ਕੁਝ ਸਹਿਜੇ ਨਹੀਂ ਹੋਇਆ ਹੈ। ਪ੍ਰਵਾਨਿਤ ਭਾਸ਼ਣ ਦੇ ਇੱਕ ਸ਼ਬਦ ਤੋਂ ਵੀ ਰਾਜਪਾਲ ਬਾਹਰ ਨਹੀਂ ਜਾ ਸਕਦੇ ਹਨ ਪਰ ਅੱਜ ਇੱਥੇ ਤਾਮਿਲਨਾਡੂ ਦੀ ਵਿਧਾਨ ਸਭਾ ਵਾਲੀ ਕਹਾਣੀ ਦਾ ਦੁਹਰਾਅ ਹੋਣ ਤੋਂ ਬਚਾਅ ਹੋ ਗਿਆ। ਤਾਮਿਲਨਾਡੂ ਦੇ ਰਾਜਪਾਲ ਨੇ ਪਿਛਲੇ ਦਿਨੀਂ ਆਪਣੇ ਭਾਸ਼ਣ ਵਿੱਚੋਂ ਕੁਝ ਹਿੱਸੇ ਹੀ ਛੱਡ ਦਿੱਤੇ ਸਨ। ਅੱਜ ਰਾਜਪਾਲ ਨੇ ਭਾਸ਼ਣ ਵਿੱਚ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਪ੍ਰਕੋਪ ਨੂੰ ਠੱਲ੍ਹਣ ਲਈ ਕੀਤੇ ਕੰਮਾਂ ਦਾ ਖ਼ੁਲਾਸਾ ਵੀ ਕੀਤਾ, ਜਿਸ ਬਾਰੇ ਸਦਨ ਤੋਂ ਬਾਹਰ ਆ ਕੇ ਪ੍ਰਤਾਪ ਬਾਜਵਾ ਨੇ ਕਿਹਾ ਕਿ ਰਾਜਪਾਲ ਨੂੰ ਸਰਕਾਰ ਵੱਲੋਂ ਤਿਆਰ ਕੀਤਾ ਝੂਠ ਦਾ ਪੁਲੰਦਾ ਪੜ੍ਹਨਾ ਪਿਆ ਹੈ ਤੇ ਅਜਿਹਾ ਸਭ ਕੁਝ ਰਾਜਪਾਲ ਨੂੰ ਆਪਣੀ ਜ਼ਮੀਰ ਮਾਰ ਕੇ ਕਰਨਾ ਪਿਆ। 

         ਬਾਜਵਾ ਨੇ ਕਿਹਾ ਕਿ ਸਰਹੱਦੀ ਜ਼ਿਲ੍ਹਿਆਂ ਦੇ ਦੌਰੇ ਮੌਕੇ ਰਾਜਪਾਲ ਆਖ ਚੁੱਕੇ ਸਨ ਕਿ ਕਰਿਆਨਾ ਸਟੋਰਾਂ ’ਤੇ ਨਸ਼ੇ ਵਿਕਦੇ ਹਨ। ‘ਆਪ’ ਸਰਕਾਰ ਲਈ ਅੱਜ ਸਦਨ ਵਿਚ ਉਹ ਪਲ ਤਸੱਲੀ ਵਾਲੇ ਸਨ ਜਦੋਂ ਰਾਜਪਾਲ ਸਿੰਗਾਪੁਰ ਸਿਖਲਾਈ ਲਈ ਭੇਜੇ ਪ੍ਰਿੰਸੀਪਲਾਂ ਨੂੰ ਆਪਣੀ ਸਰਕਾਰ ਦੀ ਪ੍ਰਾਪਤੀ ਵਜੋਂ ਵਡਿਆ ਰਹੇ ਸਨ। ਦੱਸਣਯੋਗ ਹੈ ਕਿ 13 ਫਰਵਰੀ ਨੂੰ ਰਾਜਪਾਲ ਨੇ ਪੱਤਰ ਲਿਖ ਕੇ ਮੁੱਖ ਮੰਤਰੀ ਤੋਂ ਸਿੰਗਾਪੁਰ ਭੇਜੇ ਪ੍ਰਿੰਸੀਪਲਾਂ ਦੀ ਚੋਣ ਅਤੇ ਖ਼ਰਚੇ ਬਾਰੇ ਸੂਚਨਾ ਮੰਗੀ ਸੀ, ਜਿਸ ਦੀ ਜਾਣਕਾਰੀ ਸਰਕਾਰ ਵੱਲੋਂ ਨਹੀਂ ਦਿੱਤੀ ਗਈ ਸੀ। ਚੇਤੇ ਰਹੇ ਕਿ ਸੁਪਰੀਮ ਕੋਰਟ ਨੇ ਮੁੱਖ ਮੰਤਰੀ ਅਤੇ ਰਾਜਪਾਲ ਨੂੰ ਇੱਕ ਦੂਸਰੇ ਨਾਲ ਦਾਨਸ਼ਮੰਦਾਂ ਵਾਲਾ ਵਿਹਾਰ ਕਰਨ ਦੀ ਨਸੀਹਤ ਦਿੱਤੀ ਸੀ। ਪਤਾ ਲੱਗਿਆ ਹੈ ਕਿ ਅੱਜ ਸਦਨ ਵਿੱਚ ਰਾਜਪਾਲ ਦੇ ਭਾਸ਼ਣ ਦੌਰਾਨ ਪਏ ਰੌਲੇ ਵਾਲਾ ਹਿੱਸਾ ਲਾਈਵ ਨਹੀਂ ਦਿਖਾਇਆ ਗਿਆ। ਇਸੇ ਦੌਰਾਨ ਜਦੋਂ ਬਾਜਵਾ ਵੱਲੋਂ ਸਦਨ ’ਚ ਵਾਕਆਊਟ ਮੌਕੇ ਜਦੋਂ ਵਿਧਾਇਕ ਸੁਖਜਿੰਦਰ ਸਿੰਘ ਰੰਧਾਵਾ ਵੱਧ-ਚੜ੍ਹ ਕੇ ਸਾਥ ਦੇ ਰਹੇ ਸਨ ਤਾਂ ਇਸ ਮੌਕੇ ਕਾਂਗਰਸ ਦੇ ਸੂਬਾ ਪ੍ਰਧਾਨ ਰਾਜਾ ਵੜਿੰਗ ਸ਼ਾਂਤ ਰਹੇ।

                                       ਬਾਜਵਾ ਵੱਲੋਂ ਸਪੀਕਰ ਨੂੰ ਪੱਤਰ

ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਅੱਜ ਸਪੀਕਰ ਨੂੰ ਪੱਤਰ ਲਿਖ ਕੇ ਬਿਜ਼ਨਸ ਐਡਵਾਈਜ਼ਰੀ ਕਮੇਟੀ ਦੀ ਮੀਟਿੰਗ ਲਈ ਸੁਝਾਅ ਭੇਜੇ ਹਨ। ਉਨ੍ਹਾਂ ਲਿਖਿਆ ਹੈ ਕਿ ਰਾਜਪਾਲ ਦੇ ਭਾਸ਼ਣ ’ਤੇ ਬਹਿਸ ਲਈ ਇੱਕ ਬੈਠਕ ਹੀ ਰੱਖੀ ਹੈ ਤੇ ਇਸੇ ਤਰ੍ਹਾਂ ਬਜਟ ਸੈਸ਼ਨ ਵਾਲੇ ਦਿਨ ਹੀ ਬਹਿਸ ਕਰਾਏ ਜਾਣ ਦਾ ਪ੍ਰੋਗਰਾਮ ਤੈਅ ਕੀਤਾ ਹੈ ਕਿਉਂਕਿ ਉਸੇ ਦਿਨ ਬਹਿਸ ਤੋਂ ਪਹਿਲਾਂ ਪੂਰਾ ਬਜਟ ਪੜ੍ਹਨਾ ਕੋਈ ਛੋਟਾ ਕੰਮ ਨਹੀਂ ਹੈ। ਉਨ੍ਹਾਂ ਸੈਸ਼ਨ ਦੇ ਬਿਜ਼ਨਸ ਨੂੰ ਅੰਤਿਮ ਰੂਪ ਦੇਣ ਸਮੇਂ ਇਨ੍ਹਾਂ ਸਲਾਹਾਂ ਨੂੰ ਵਿਚਾਰਨ ਲਈ ਕਿਹਾ ਹੈ।

                                    ਮੁੱਖ ਮੰਤਰੀ ਨੇ ਮੌਕਾ ਖੁੰਝਾਇਆ: ਭਾਜਪਾ

ਭਾਜਪਾ ਪੰਜਾਬ ਦੇ ਪ੍ਰਧਾਨ ਅਤੇ ਵਿਧਾਇਕ ਅਸ਼ਵਨੀ ਸ਼ਰਮਾ ਨੇ ਸਦਨ ਤੋਂ ਬਾਹਰ ਆ ਕੇ ਕਿਹਾ ਕਿ ਅੱਜ ਸਦਨ ਅੰਦਰ ਕਾਂਗਰਸੀ ਵਿਧਾਇਕਾਂ ਨੂੰ ਰਾਜਪਾਲ ਦਾ ਭਾਸ਼ਣ ਸੁਣਨਾ ਚਾਹੀਦਾ ਸੀ ਤੇ ਵਾਕਆਊਟ ਨਹੀਂ ਕਰਨਾ ਚਾਹੀਦਾ ਸੀ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਨੇ ਅੱਜ ਸਦਨ ਵਿੱਚ ਮੁੱਦਾ ਠੀਕ ਚੁੱਕਿਆ ਸੀ। ਅਸ਼ਵਨੀ ਸ਼ਰਮਾ ਨੇ ਕਿਹਾ ਕਿ ਹਾਊਸ ਦੇ ਨੇਤਾ ਕੋਲ ਅੱਜ ਕੁੜੱਤਣ ਖ਼ਤਮ ਕਰਨ ਦਾ ਚੰਗਾ ਮੌਕਾ ਸੀ, ਜੋ ਉਨ੍ਹਾਂ ਨੇ ਖੁੰਝਾ ਲਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਅੱਜ ਛੋਟਾਪਣ ਦਿਖਾਇਆ ਹੈ।

No comments:

Post a Comment