Monday, March 6, 2023

                                                          ਬਿੱਲ ਕੌਣ ਤਾਰੂ 
                                 ਸਿਆਸੀ ਭੱਲ ਖੱਟ ਕੇ ਕਾਂਗੜ ਔਹ ਗਏ..!
                                                     ਚਰਨਜੀਤ ਭੁੱਲਰ   


ਚੰਡੀਗੜ੍ਹ  : ਸਾਬਕਾ ਬਿਜਲੀ ਮੰਤਰੀ ਅਤੇ ਭਾਜਪਾ ਆਗੂ ਗੁਰਪ੍ਰੀਤ ਸਿੰਘ ਕਾਂਗੜ ਨੇ ‘ਬਿਜਲੀ ਸਬਸਿਡੀ’ ਛੱਡ ਕੇ ਸਿਆਸੀ ਸ਼ੁਹਰਤ ਤਾਂ ਖੱਟ ਲਈ ਪ੍ਰੰਤੂ ਉਹ ਖੇਤੀ ਮੋਟਰਾਂ ਦਾ ਬਿੱਲ ਤਾਰਨ ਤੋਂ ਕਿਨਾਰਾ ਕਰ ਗਏ ਹਨ। ਪਾਵਰਕੌਮ ਦੇ ਵੀ ਹੱਥ ਖ਼ਾਲੀ ਹਨ ਜਿਸ ਨੇ ਸਾਬਕਾ ਮੰਤਰੀ ਕਾਂਗੜ ਤੋਂ ਮੋਟਰਾਂ ਦੇ ਬਿੱਲ ਦੀ ਵਸੂਲੀ ਲਈ ਕੋਈ ਕਾਰਵਾਈ ਵੀ ਨਹੀਂ ਕੀਤੀ। ਜਦੋਂ ਕਾਂਗਰਸ ਸਰਕਾਰ ਬਣੀ ਸੀ ਤਾਂ ਉਦੋਂ ਕੈਪਟਨ ਅਮਰਿੰਦਰ ਸਿੰਘ ਨੇ ਸਰਦੇ ਪੁੱਜਦਿਆਂ ਨੂੰ ਅਪੀਲ ਕੀਤੀ ਸੀ ਕਿ ਉਹ ਬਿਜਲੀ ਸਬਸਿਡੀ ਦਾ ਖ਼ਜ਼ਾਨੇ ’ਤੇ ਬੋਝ ਘਟਾਉਣ ਲਈ ਸਵੈ ਇੱਛਾ ਨਾਲ ਬਿਜਲੀ ਸਬਸਿਡੀ ਛੱਡਣ ਦਾ ਐਲਾਨ ਕਰਨ।
       ਪੰਜਾਬ ਭਰ ਵਿਚ ਕੁੱਲ 13.88 ਲੱਖ ਟਿਊਬਵੈੱਲ ਕੁਨੈਕਸ਼ਨ ਹਨ ਜਿਨ੍ਹਾਂ ਚੋਂ ਸਿਰਫ਼ 10 ਕੁਨੈਕਸ਼ਨ ਮਾਲਕਾਂ ਨੇ ਬਿਜਲੀ ਸਬਸਿਡੀ ਛੱਡਣ ਦਾ ਫ਼ੈਸਲਾ ਕੀਤਾ ਸੀ। ਇਨ੍ਹਾਂ ਚੋਂ ਜ਼ਿਆਦਾ ਸਿਆਸੀ ਹਸਤੀਆਂ ਹੀ ਹਨ। ਪਾਵਰਕੌਮ ਦੇ ਫਰਵਰੀ 2018 ਦੇ ਨੋਟੀਫ਼ਿਕੇਸ਼ਨ ਅਨੁਸਾਰ ਪ੍ਰਤੀ ਹਾਰਸ ਪਾਵਰ 403 ਰੁਪਏ ਤੈਅ ਕੀਤਾ ਸੀ। ਸਾਬਕਾ ਮੰਤਰੀ ਕਾਂਗੜ ਨੇ ਕਰੀਬ ਸਾਢੇ ਚਾਰ ਵਰ੍ਹਿਆਂ ਮਗਰੋਂ ਵੀ ਬਿਜਲੀ ਬਿੱਲ ਨਹੀਂ ਤਾਰਿਆ ਹੈ। ਗੁਰਪ੍ਰੀਤ ਕਾਂਗੜ ਨੇ ਖਾਤਾ ਨੰਬਰ ਏ.ਪੀ 19/40 ਅਤੇ ਉਨ੍ਹਾਂ ਦੀ ਧਰਮ-ਪਤਨੀ ਸੁਖਪ੍ਰੀਤ ਕੌਰ ਨੇ ਖਾਤਾ ਨੰਬਰ ਏ.ਪੀ 19/183 ਤਹਿਤ 29 ਸਤੰਬਰ 2018 ਨੂੰ ਖੇਤੀ ਮੋਟਰਾਂ ਦੀ ਸਬਸਿਡੀ ਛੱਡ ਦਿੱਤੀ ਸੀ। 7.5-7.5 ਹਾਰਸ ਪਾਵਰ ਦੀਆਂ ਦੋਵਾਂ ਮੋਟਰਾਂ ਦਾ ਬਿਜਲੀ ਬਿੱਲ ਪ੍ਰਤੀ ਮਹੀਨਾ 6044 ਰੁਪਏ ਬਣਦਾ ਹੈ ਅਤੇ ਹੁਣ ਤੱਕ ਇਨ੍ਹਾਂ ਦੋਵਾਂ ਖੇਤੀ ਮੋਟਰਾਂ ਦਾ ਬਿਜਲੀ ਬਿੱਲ 3.51 ਲੱਖ ਰੁਪਏ ਤਾਰਿਆ ਨਹੀਂ ਹੈ।
        ਸੀਨੀਅਰ ਆਗੂ ਸੁਨੀਲ ਜਾਖੜ ਨੇ ਬਿਜਲੀ ਸਬਸਿਡੀ ਛੱਡਣ ਦੀ ਪਹਿਲ ਕੀਤੀ ਸੀ ਅਤੇ ਉਨ੍ਹਾਂ ਨੇ 9 ਮਈ 2017 ਨੂੰ ਸਬਸਿਡੀ ਛੱਡਣ ਦੀ ਲਿਖਤੀ ਸਹਿਮਤੀ ਦਿੱਤੀ ਸੀ। ਸੁਨੀਲ ਜਾਖੜ ਦੇ ਨਾਮ ’ਤੇ ਪੰਜ ਹਾਰਸ ਪਾਵਰ ਦੀ ਪਿੰਡ ਪੰਜਕੋਸੀ ਵਿਚ ਖੇਤੀ ਮੋਟਰ ਹੈ ਜਿਸ ਦਾ ਉਹ ਹੁਣ ਤੱਕ ਦਾ ਬਣਦਾ ਬਿਜਲੀ ਬਿੱਲ 1.43 ਲੱਖ ਰੁਪਏ ਤਾਰ ਚੁੱਕੇ ਹਨ ਅਤੇ ਜਾਖੜ ਦਾ ਭਤੀਜਾ ਅਜੇ ਵੀਰ ਜਾਖੜ ਵੀ ਆਪਣੇ ਪੂਰੇ ਬਿੱਲ 1.43 ਲੱਖ ਦਾ ਭੁਗਤਾਨ ਕਰ ਚੁੱਕਾ ਹੈ।
        ਸਾਬਕਾ ਖ਼ਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਨੇ 3 ਮਈ 2018 ਨੂੰ ਆਪਣੀਆਂ ਤਿੰਨ ਖੇਤੀ ਮੋਟਰਾਂ ਦੀ ਬਿਜਲੀ ਸਬਸਿਡੀ ਛੱਡਣ ਦੀ ਸਹਿਮਤੀ ਦਿੱਤੀ ਸੀ। ਮਨਪ੍ਰੀਤ ਬਾਦਲ ਦਾ ਇਨ੍ਹਾਂ ਤਿੰਨਾਂ ਮੋਟਰਾਂ ਦਾ ਬਿੱਲ ਹੁਣ ਤੱਕ 5.82 ਲੱਖ ਰੁਪਏ ਬਣਿਆ ਹੈ ਜਿਸ ਦਾ ਉਹ ਪੂਰਾ ਭੁਗਤਾਨ ਕਰ ਚੁੱਕੇ ਹਨ। ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਰੰਧਾਵਾ ਨੇ ਦੋ ਮੋਟਰਾਂ ਦਾ ਹੁਣ ਤੱਕ ਦਾ 1.16 ਲੱਖ ਰੁਪਏ ਬਿੱਲ ਭਰ ਦਿੱਤਾ ਹੈ। ਇਹ ਦੋਵੇਂ ਮੋਟਰਾਂ ਤਿੰਨ ਤਿੰਨ ਹਾਰਸ ਪਾਵਰ ਦੀਆਂ ਹਨ।
        ਹਲਕਾ ਰਾਮਪੁਰਾ ਦੇ ਪਿੰਡ ਮਹਿਰਾਜ ਦੇ ਕਮਲਜੀਤ ਦਿਓਲ ਨੇ ਵੀ 25 ਅਪਰੈਲ 2018 ਨੂੰ ਬਿਜਲੀ ਸਬਸਿਡੀ ਤਿਆਗ ਦਿੱਤੀ ਸੀ। ਉਨ੍ਹਾਂ ਦਾ ਹੁਣ ਤੱਕ ਦਾ ਬਿਜਲੀ ਬਿੱਲ 2.34 ਲੱਖ ਬਣਿਆ ਹੈ ਪ੍ਰੰਤੂ ਉਨ੍ਹਾਂ ਵੱਲ 68,523 ਰੁਪਏ ਦਾ ਬਕਾਇਆ ਖੜ੍ਹਾ ਹੈ। ਜਾਣਕਾਰੀ ਅਨੁਸਾਰ ਬਿਜਲੀ ਸਬਸਿਡੀ ਛੱਡਣ ਦਾ ਜਨਤਿਕ ਐਲਾਨ ਤਾਂ ਵਿਧਾਇਕ ਸੁਖਪਾਲ ਖਹਿਰਾ ਨੇ ਵੀ ਕੀਤਾ ਸੀ ਪ੍ਰੰਤੂ ਉਨ੍ਹਾਂ ਲਿਖਤੀ ਰੂਪ ਵਿਚ ਕੋਈ ਸਹਿਮਤੀ ਨਹੀਂ ਦਿੱਤੀ ਸੀ। ਖਹਿਰਾ ਪਰਿਵਾਰ ਕੋਲ ਕਰੀਬ 9 ਕੁਨੈਕਸ਼ਨ ਹਨ। ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਪਰਿਵਾਰ ਕੋਲ ਵੀ ਤਿੰਨ ਖੇਤੀ ਮੋਟਰ ਕੁਨੈਕਸ਼ਨ ਹਨ ਪ੍ਰੰਤੂ ਉਨ੍ਹਾਂ ਨੇ ਬਿਜਲੀ ਸਬਸਿਡੀ ਛੱਡਣ ਦਾ ਕੋਈ ਫ਼ੈਸਲਾ ਨਹੀਂ ਲਿਆ ਸੀ। ਦੱਸਣਯੋਗ ਹੈ ਕਿ ਪੰਜਾਬ ਵਿਚ ਅਜਿਹੇ ਕਰੀਬ 10 ਹਜ਼ਾਰ ਕਿਸਾਨ ਹਨ ਜਿਨ੍ਹਾਂ ਕੋਲ ਚਾਰ ਜਾਂ ਚਾਰ ਤੋਂ ਜ਼ਿਆਦਾ ਖੇਤੀ ਮੋਟਰਾਂ ਦੇ ਕੁਨੈਕਸ਼ਨ ਹਨ।
                                  ਸਾਰੀ ਰਾਸ਼ੀ ਭਰ ਦਿੱਤੀ ਸੀ : ਕਾਂਗੜ
ਸਾਬਕਾ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਦਾ ਕਹਿਣਾ ਸੀ ਕਿ ਉਨ੍ਹਾਂ ਨੇ ਬਿਜਲੀ ਮੰਤਰੀ ਹੁੰਦਿਆਂ ਹੀ ਬਿਜਲੀ ਸਬਸਿਡੀ ਦੀ ਰਾਸ਼ੀ ਤਾਰ ਦਿੱਤੀ  ਸੀ ਅਤੇ ਇਸ ਵੇਲੇ ਉਨ੍ਹਾਂ ਵੱਲ ਕੋਈ ਬਕਾਇਆ ਨਹੀਂ ਹੈ। ਉਨ੍ਹਾਂ ਕਿਹਾ ਕਿ ਅਸਲ ਵਿਚ ਪਾਵਰਕੌਮ ਦੇ ਹੇਠਲੇ ਦਫ਼ਤਰਾਂ ਵਿਚ ਬੁਰਾ ਹਾਲ ਹੈ ਅਤੇ ਕੋਈ ਹਿਸਾਬ ਕਿਤਾਬ ਰੱਖਿਆ ਹੀ ਨਹੀਂ ਜਾਂਦਾ ਹੈ। ਉਨ੍ਹਾਂ ਨੂੰ ਹਾਲ ’ਚ ਘਰੇਲੂ ਬਿਜਲੀ ਦਾ ਵੱਧ ਬਿੱਲ ਭੇਜ ਦਿੱਤਾ ਸੀ ਜੋ ਬਾਅਦ ਵਿਚ ਦਫ਼ਤਰਾਂ ਚੋਂ ਠੀਕ ਕਰਾਉਣਾ ਪਿਆ। ਦੂਸਰੀ ਤਰਫ਼ ਪਾਵਰਕੌਮ ਦੇ ਰਿਕਾਰਡ ਵਿਚ ਮੋਟਰਾਂ ਦੇ ਬਿੱਲਾਂ ਦੀ ਹਾਲੇ ਤੱਕ ਅਦਾਇਗੀ ਨਹੀਂ ਹੋਈ ਹੈ।

No comments:

Post a Comment