Tuesday, March 28, 2023

                                                          ਕੈਬਨਿਟ ਵਜ਼ੀਰ
                              ਆਖ਼ਰੀ ਮਹੀਨੇ ਲਾਈ ਫੰਡਾਂ ਦੀ ਝੜੀ !
                                                           ਚਰਨਜੀਤ ਭੁੱਲਰ  

ਚੰਡੀਗੜ੍ਹ : ਪੰਜਾਬ ਦੇ ਕੈਬਨਿਟ ਵਜ਼ੀਰਾਂ ਨੇ ਆਖ਼ਰ ਅਖ਼ਤਿਆਰੀ ਕੋਟੇ ਦੇ ਫੰਡ ਲੈਪਸ ਹੋਣ ਦੇ ਡਰੋਂ ਹੱਥੋ ਹੱਥ ਵੰਡ ਦਿੱਤੇ ਹਨ। ਚਲੰਤ ਮਾਲੀ ਵਰ੍ਹੇ ਦੇ ਪਹਿਲੇ ਨੌਂ ਮਹੀਨੇ ਕੈਬਨਿਟ ਵਜ਼ੀਰਾਂ ਨੂੰ ਅਖ਼ਤਿਆਰੀ ਕੋਟੇ ਦੇ ਫੰਡਾਂ ਦਾ ਸੋਕਾ ਪਿਆ ਰਿਹਾ ਤੇ ਹੁਣ ਜਿਉਂ ਹੀ ਇਹ ਫੰਡ ਉਨ੍ਹਾਂ ਕੋਲ ਆਏ, ਉਨ੍ਹਾਂ ਬਿਨਾਂ ਦੇਰੀ ਇਨ੍ਹਾਂ ਦੀ ਵੰਡ ਕਰ ਦਿੱਤੀ ਹੈ। ਐਤਕੀਂ ਵਜ਼ੀਰਾਂ ਨੂੰ ਪਹਿਲਾਂ ਦੇ ਮੁਕਾਬਲੇ ਅਖ਼ਤਿਆਰੀ ਕੋਟੇ ਦੇ ਫੰਡ ਕਟੌਤੀ ਕਰਕੇ ਮਿਲੇ ਹਨ। ਪਹਿਲਾਂ ਕੈਬਨਿਟ ਵਜ਼ੀਰਾਂ ਨੂੰ ਅਖ਼ਤਿਆਰੀ ਕੋਟੇ ਵਜੋਂ ਸਾਲਾਨਾ ਤਿੰਨ ਕਰੋੜ ਰੁਪਏ ਮਿਲਦੇ ਸਨ, ਜਦਕਿ ਹੁਣ ਇਹ ਫੰਡ ਘਟਾ ਕੇ ਸਾਲਾਨਾ ਡੇਢ ਕਰੋੜ ਪ੍ਰਤੀ ਵਜ਼ੀਰ ਕਰ ਦਿੱਤੇ ਗਏ ਹਨ। ਮੁੱਖ ਮੰਤਰੀ ਨੂੰ ਪਹਿਲਾਂ ਸਾਲਾਨਾ 10 ਕਰੋੜ ਰੁਪਏ ਦਾ ਅਖ਼ਤਿਆਰੀ ਕੋਟਾ ਤੈਅ ਸੀ, ਪਰ ਹੁਣ ਇਸ ’ਚ ਕਟੌਤੀ ਕਰ ਕੇ ਪੰਜ ਕਰੋੜ ਰੁਪਏ ਕਰ ਦਿੱਤਾ ਗਿਆ ਹੈ। ਵੇਰਵਿਆਂ ਅਨੁਸਾਰ ਮੁੱਖ ਮੰਤਰੀ ਭਗਵੰਤ ਮਾਨ ਨੇ ਹੁਣ ਤੱਕ ਆਪਣੇ ਅਖ਼ਤਿਆਰੀ ਕੋਟੇ ਦੇ 4.69 ਕਰੋੜ ਦੇ ਫੰਡ ਜਾਰੀ ਕਰ ਦਿੱਤੇ ਹਨ, ਜਦਕਿ 31 ਲੱਖ ਰੁਪਏ ਹਾਲੇ ਬਕਾਇਆ ਪਏ ਹਨ। ਅਖ਼ਤਿਆਰੀ ਕੋਟਿਆਂ ਦੇ ਬਕਾਇਆ ਸਾਰੇ ਫੰਡ 31 ਮਾਰਚ ਨੂੰ ਲੈਪਸ ਹੋ ਜਾਣੇ ਹਨ।

         ਵਿੱਤ ਵਿਭਾਗ ਵੱਲੋਂ 8 ਦਸੰਬਰ 2022 ਨੂੰ ਅਖ਼ਤਿਆਰੀ ਗਰਾਂਟਾਂ ਲਈ 26 ਕਰੋੜ ਰੁਪਏ ਦੀ ਰਕਮ ਤੈਅ ਕੀਤੀ ਗਈ ਸੀ, ਜੋ ਮੁੱਖ ਮੰਤਰੀ ਤੇ 14 ਕੈਬਨਿਟ ਮੰਤਰੀਆਂ ਦੇ ਅਖ਼ਤਿਆਰੀ ਕੋਟੇ ਲਈ ਜਾਰੀ ਕੀਤੀ ਗਈ। ਸੂਤਰ ਦੱਸਦੇ ਹਨ ਕਿ ਬੀਤੇ ਦੋ ਹਫ਼ਤਿਆਂ ਵਿੱਚ ਹੀ ਵਜ਼ੀਰਾਂ ਨੇ ਕਰੀਬ 10 ਕਰੋੜ ਰੁਪਏ ਦੇ ਅਖ਼ਤਿਆਰੀ ਫੰਡ ਵੰਡੇ ਹਨ। ਉਸ ਤੋਂ ਪਹਿਲਾਂ ਵਜ਼ੀਰਾਂ ਅਤੇ ਮੁੱਖ ਮੰਤਰੀ ਨੇ 11.83 ਕਰੋੜ ਦੇ ਫੰਡ ਜਾਰੀ ਕੀਤੇ ਸਨ। ਇਹ ਵੀ ਸਾਹਮਣੇ ਆਇਆ ਹੈ ਕਿ ਜਿਨ੍ਹਾਂ ਜ਼ਿਲ੍ਹਿਆਂ ਦੀ ਕੈਬਨਿਟ ਵਿੱਚ ਨੁਮਾਇੰਦਗੀ ਨਹੀਂ, ਉਨ੍ਹਾਂ ਦੇ ਹਿੱਸੇ ਅਖ਼ਤਿਆਰੀ ਕੋਟੇ ਦੇ ਫੰਡ ਬਹੁਤ ਘੱਟ ਆਏ ਹਨ। ਲੁਧਿਆਣਾ ਜ਼ਿਲ੍ਹੇ ਦੇ ਹਿੱਸੇ ਅਖ਼ਤਿਆਰੀ ਕੋਟੇ ਦੀ ਰਾਸ਼ੀ 30 ਲੱਖ ਤੋਂ ਵੀ ਘੱਟ ਆਈ ਹੈ, ਜਦਕਿ ਅੰਮ੍ਰਿਤਸਰ ਤੇ ਤਰਨ ਤਾਰਨ ਜ਼ਿਲ੍ਹੇ ਨੂੰ ਇਹ ਫੰਡ ਜ਼ਿਆਦਾ ਮਿਲੇ ਹਨ ਕਿਉਂਕਿ ਇਨ੍ਹਾਂ ਦੋਵੇਂ ਜ਼ਿਲ੍ਹਿਆਂ ’ਚੋਂ ਚਾਰ ਵਜ਼ੀਰ ਨੁਮਾਇੰਦਗੀ ਕਰ ਰਹੇ ਹਨ। ਸਿਹਤ ਮੰਤਰੀ ਡਾ. ਬਲਵੀਰ ਸਿੰਘ ਨੇ ਆਪਣੇ ਹਲਕਾ ਪਟਿਆਲਾ ਦਿਹਾਤੀ ’ਚ ਕਰੀਬ 72 ਲੱਖ ਰੁਪਏ ਦੇ ਫੰਡ ਆਪਣੇ ਅਖ਼ਤਿਆਰੀ ਕੋਟੇ ’ਚੋਂ ਦਿੱਤੇ ਹਨ।

          ਮੁੱਖ ਮੰਤਰੀ ਭਗਵੰਤ ਮਾਨ ਦੇ ਜੱਦੀ ਜ਼ਿਲ੍ਹੇ ਸੰਗਰੂਰ ’ਚ ਅਖ਼ਤਿਆਰੀ ਕੋਟੇ ਦੀ ਗਰਾਂਟ ਸਵਾ ਦੋ ਕਰੋੜ ਰੁਪਏ ਜਾਰੀ ਹੋ ਚੁੱਕੀ ਹੈ। ਇਕੱਲੇ ਬਰਨਾਲਾ ਬਲਾਕ ’ਚ ਸਿੰਜਾਈ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ 1.05 ਕਰੋੜ ਦੇ ਅਖ਼ਤਿਆਰੀ ਕੋਟੇ ਦੇ ਫੰਡ ਜਾਰੀ ਕੀਤੇ ਹਨ। ਹੁਸ਼ਿਆਰਪੁਰ ਦੇ ਦੋ ਬਲਾਕਾਂ ਵਿੱਚ ਕਰੀਬ 1.15 ਕਰੋੜ ਰੁਪਏ ਦੇ ਫੰਡ ਜਾਰੀ ਹੋਏ ਹਨ। ਕਈ ਵਜ਼ੀਰਾਂ ਨੇ ਦੱਸਿਆ ਕਿ ਅਖ਼ਤਿਆਰੀ ਫੰਡ ਦੇਰ ਨਾਲ ਮਿਲੇ ਸਨ ਤੇ 31 ਮਾਰਚ ਨੇੜੇ ਹੋਣ ਕਰਕੇ ਉਨ੍ਹਾਂ ਨੇ ਫ਼ੌਰੀ ਆਪਣੇ ਫੰਡ ਜਾਰੀ ਕੀਤੇ ਹਨ। ਕੈਬਨਿਟ ਮੰਤਰੀ ਹਰੋਜਤ ਬੈਂਸ ਆਪਣੇ ਅਖ਼ਤਿਆਰੀ ਕੋਟੇ ਦੇ ਫੰਡ ਜਾਰੀ ਨਹੀਂ ਕਰ ਸਕੇ। ਯਾਦ ਰਹੇ ਕਿ ਇਸ ਵਾਰ ਅਖ਼ਤਿਆਰੀ ਕੋਟੇ ਦੇ ਫੰਡਾਂ ਲਈ ਨਵੀਂ ਪਾਲਿਸੀ ਬਣੀ ਹੈ, ਜਿਸ ਨੂੰ ਮੁੱਖ ਮੰਤਰੀ ਵੱਲੋਂ ਨਵੰਬਰ ਮਹੀਨੇ ’ਚ ਪ੍ਰਵਾਨਗੀ ਦਿੱਤੀ ਗਈ ਸੀ। ‘ਆਪ’ ਸਰਕਾਰ ਦੀ ਕੈਬਨਿਟ ’ਚ ਰਹੇ ਦੋ ਵਜ਼ੀਰਾਂ ਨੂੰ ਤਾਂ ਅਖ਼ਤਿਆਰੀ ਕੋਟੇ ਦੇ ਫੰਡ ਵੰਡਣੇ ਹੀ ਨਸੀਬ ਨਹੀਂ ਹੋਏ। ਮਾਨਸਾ ਤੋਂ ਵਿਜੈ ਸਿੰਗਲਾ ਇਸ ਕੋਟੇ ਦੇ ਫੰਡ ਵੰਡਣ ਤੋਂ ਪਹਿਲਾਂ ਹੀ ਕੈਬਨਿਟ ’ਚੋਂ ਬਰਖ਼ਾਸਤ ਕਰ ਦਿੱਤੇ ਗਏ। ਇਸੇ ਤਰ੍ਹਾਂ ਫੌਜਾ ਸਿੰਘ ਸਰਾਰੀ ਵੀ ਕੈਬਨਿਟ ’ਚੋਂ ਬਾਹਰ ਕਰ ਦਿੱਤੇ ਗਏ ਸਨ।

                               ਸਪੀਕਰ ਤੇ ਡਿਪਟੀ ਸਪੀਕਰ ਖੁਸ਼ਨਸੀਬ ਰਹੇ

ਪੰਜਾਬ ਵਿਧਾਨ ਸਭਾ ਦੇ ਸਪੀਕਰ ਤੇ ਡਿਪਟੀ ਸਪੀਕਰ ’ਤੇ ਸਰਕਾਰ ਦੀ ਅਖ਼ਤਿਆਰੀ ਕੋਟੇ ਦੀ ਨਵੀਂ ਨੀਤੀ ਦਾ ਕੋਈ ਅਸਰ ਨਹੀਂ ਪਿਆ ਹੈ। ਬੇਸ਼ੱਕ ਵਜ਼ੀਰਾਂ ਦੇ ਅਖ਼ਤਿਆਰੀ ਫੰਡ ਪੰਜਾਹ ਫ਼ੀਸਦ ਘਟ ਗਏ ਹਨ, ਪਰ ਸਪੀਕਰ ਅਤੇ ਡਿਪਟੀ ਸਪੀਕਰ ਦੇ ਅਖ਼ਤਿਆਰੀ ਕੋਟੇ ਦੇ ਫੰਡ ਤਿੰਨ ਤਿੰਨ ਕਰੋੜ ਹੀ ਰਹੇ ਹਨ। ਸਪੀਕਰ ਕੁਲਤਾਰ ਸਿੰਘ ਸੰਧਵਾਂ ਅਤੇ ਡਿਪਟੀ ਸਪੀਕਰ ਨੂੰ ਜੈ ਕ੍ਰਿਸ਼ਨ ਰੋੜੀ ਨੂੰ ਫੰਡਾਂ ਵਿਚ ਕੋਈ ਮੁਸ਼ਕਲ ਨਹੀਂ ਆਈ ਹੈ। 

No comments:

Post a Comment