Tuesday, March 14, 2023

                                                       ਕੌਣ ਦਿਲਾਂ ਦੀ ਜਾਣੇ 
                                 ਦਿਲ ਦੇ ਕਮਜ਼ੋਰ ਹੋ ਗਏ ਪੰਜਾਬੀ..! 
                                                        ਚਰਨਜੀਤ ਭੁੱਲਰ  

ਚੰਡੀਗੜ੍ਹ : ਪੰਜਾਬੀ ਹੁਣ ਦਿਲ ਦੇ ਇੰਨੇ ਕਮਜ਼ੋਰ ਹੋ ਗਏ ਹਨ ਕਿ ਉਹ ਨਾ ਤਾਂ ਦਬਾਅ ਝੱਲਣ ਜੋਗੇ ਰਹੇ ਨੇ ਅਤੇ ਨਾ ਹੀ ਹੱਥੀਂ ਕੰਮ ਕਰਨ ਦੇ ਜਨੂੰਨੀ ਰਹੇ ਹਨ। ਜ਼ਿੰਦਗੀ ਦੇ ਬਦਲੇ ਤੌਰ ਤਰੀਕੇ ਪੰਜਾਬ ਦੇ ਜੁੱਸੇ ਨੂੰ ਢਾਹੁਣ ਲੱਗੇ ਹਨ। ਸਿਹਤ ਵਿਭਾਗ ਵੱਲੋਂ ਪੇਸ਼ ਤਸਵੀਰ ਬੜੀ ਡਰਾਉਣੀ ਹੈ। ਲੰਘੇ 13 ਵਰ੍ਹਿਆਂ ਦਾ ਅੰਕੜਾ ਦੇਖੀਏ ਤਾਂ ਦਿਲ ਦਾ ਦੌਰਾ ਪੈਣ ਕਰਕੇ ਔਸਤਨ ਹਰ ਘੰਟੇ ਚਾਰ ਪੰਜਾਬੀ ਜ਼ਿੰਦਗੀ ਤੋਂ ਹੱਥ ਧੋ ਬੈਠਦੇ ਹਨ। ਪ੍ਰਤੀ ਦਿਨ 98.5 ਮੌਤਾਂ ਅਤੇ ਹਰ ਮਹੀਨੇ ਔਸਤਨ 3038 ਮੌਤਾਂ ਦਾ ਕਾਰਨ ਦਿਲ ਦਾ ਦੌਰਾ ਬਣਦਾ ਹੈ।ਸਿਹਤ ਵਿਭਾਗ ਪੰਜਾਬ ਦੇ ‘ਮੌਤ ਰਜਿਸਟ੍ਰੇਸ਼ਨ’ ਰਿਕਾਰਡ ਅਨੁਸਾਰ ਪੰਜਾਬ ਵਿਚ ਇੱਕ ਜਨਵਰੀ 2010 ਤੋਂ 31 ਦਸੰਬਰ 2022 ਤੱਕ ਦਿਲ ਦੇ ਦੌਰੇ ਨੇ 4,67,559 ਲੋਕਾਂ ਦੀ ਜਾਨ ਲੈ ਲਈ ਹੈ। ਮਤਲਬ ਕਿ ਹਰ ਵਰ੍ਹੇ ਔਸਤਨ 35,959 ਲੋਕਾਂ ਦੀ ਜਾਨ ਦਿਲ ਦਾ ਦੌਰਾ ਲੈ ਰਿਹਾ ਹੈ। ਪਿਛਲੇ ਤਿੰਨ ਚਾਰ ਮਹੀਨੇ ’ਚ ਵਿਦੇਸ਼ਾਂ ਵਿਚ ਪੜਾਈ ਲਈ ਗਏ ਨੌਜਵਾਨ ਵੀ ਦਿਲ ਦਾ ਦੌਰਾ ਪੈਣ ਕਰਕੇ ਫ਼ੌਤ ਹੋ ਚੁੱਕੇ ਹਨ। 40 ਸਾਲ ਦੀ ਉਮਰ ਤੋਂ ਘੱਟ ਦੇ ਨੌਜਵਾਨ ਇਸ ਦੀ ਜਕੜ ’ਚ ਆਉਣ ਲੱਗੇ ਹਨ। ਪਹਿਲਾਂ ਅਜਿਹਾ ਬਹੁਤ ਹੀ ਘੱਟ ਹੁੰਦਾ ਸੀ। 

         ਇਸੇ ਫਰਵਰੀ ਮਹੀਨੇ ’ਚ ਤਲਵਾੜਾ ਦਾ ਤਲਵਿੰਦਰ ਸਿੰਘ ਦਿਲ ਦਾ ਦੌਰਾ ਪੈਣ ਕਰਕੇ ਜ਼ਿੰਦਗੀ ਨੂੰ ਅਲਵਿਦਾ ਆਖ ਗਿਆ। ਉਹ ਅਮਰੀਕਾ ਵਿਚ ਪੜਾਈ ਲਈ ਗਿਆ ਹੋਇਆ ਸੀ। ਲੁਧਿਆਣਾ ਦਾ ਨੌਜਵਾਨ ਸ਼ਮਸ਼ੇਰ ਸਿੰਘ ਕੈਨੇਡਾ ਵਿਚ ਹਰਟ ਅਟੈਕ ਦੀ ਲਪੇਟ ਵਿਚ ਆਇਆ ਹੈ ਅਤੇ ਪਟਿਆਲਾ ਦਾ 25 ਵਰ੍ਹਿਆਂ ਦਾ ਲੜਕਾ ਹਰਸ਼ੀਸ਼ ਸਿੰਘ ਵੀ ਕੈਨੇਡਾ ਵਿਚ ਹਰਟ ਅਟੈਕ ਕਾਰਨ ਮੌਤ ਦੇ ਮੂੰਹ ਜਾ ਪਿਆ ਹੈ। ਲਹਿਰਾਗਾਗਾ ਦੇ ਇੱਕ ਪਿੰਡ ਵਿਚ 20 ਸਾਲ ਨੌਜਵਾਨ ਇਸੇ ਬਿਮਾਰੀ ਨਾਲ ਮੌਤ ਦਾ ਸ਼ਿਕਾਰ ਹੋ ਗਿਆ। ਜਲੰਧਰ ਤੋਂ ਸੰਸਦ ਮੈਂਬਰ ਚੌਧਰੀ ਸੰਤੋਖ ਸਿੰਘ ਦੀ ਜਨਵਰੀ ਮਹੀਨੇ ਵਿਚ ਦਿਲ ਦਾ ਦੌਰਾ ਪੈਣ ਕਰਕੇ ਹੀ ਮੌਤ ਹੋਈ ਹੈ। ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਦੇ ਸੁਆਲ ਦੇ ਜੁਆਬ ਵਿਚ ਵਿਧਾਨ ਸਭਾ ’ਚ ਜੋ ਲਿਖਤੀ ਜੁਆਬ ਆਇਆ ਹੈ, ਉਸ ਅਨੁਸਾਰ ਇਕੱਲੇ ਤਰਨਤਾਰਨ ਜ਼ਿਲ੍ਹੇ ਵਿਚ ਇਨ੍ਹਾਂ 13 ਸਾਲਾਂ ’ਚ 43,470 ਲੋਕਾਂ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋ ਚੁੱਕੀ ਹੈ। ਇਸ ਜ਼ਿਲ੍ਹੇ ’ਚ ਵਰ੍ਹਾ 2010 ਵਿਚ ਸਿਰਫ਼ 811 ਮੌਤਾਂ ਦਿਲ ਦਾ ਦੌਰਾ ਪੈਣ ਕਰਕੇ ਹੋਈਆਂ ਸਨ ਜਦੋਂ ਕਿ 2022 ਵਿਚ 4239 ਮੌਤਾਂ ਦਾ ਕਾਰਨ ਦਿਲ ਦਾ ਦੌਰਾ ਬਣਿਆ ਹੈ।                                                                    

        ਮਾਹਿਰ ਡਾਕਟਰ ਆਖਦੇ ਹਨ ਕਿ ਇਸ ਦੀ ਮਾਰ ਵਿਸ਼ਵ ਪੱਧਰ ’ਤੇ ਹੀ ਹੈ। ਪੰਜਾਬ ’ਚ ਦਿਲ ਦਾ ਰੋਗਾਂ ਦੇ ਪ੍ਰਾਈਵੇਟ ਹਸਪਤਾਲ ਥਾਂ ਥਾਂ ਖੁੱਲ੍ਹ ਗਏ ਹਨ। ਛੋਟੀ ਉਮਰੇ ਹੀ ਸਟੈਂਟ ਪੈਣ ਲੱਗੇ ਹਨ। ਕੇਂਦਰੀ ਸਿਹਤ ਸਰਵੇ ’ਚ ਦਿਲ ਦਾ ਦੌਰਾ ਪੈਣ ਦੇ ਮੁੱਖ ਚਾਰ ਕਾਰਨ ਸ਼ਨਾਖ਼ਤ ਕੀਤੇ ਗਏ ਹਨ। ਦਿਲ ਦੇ ਦੌਰੇ ਦਾ ਖ਼ਤਰਾ ਤੰਬਾਕੂ ਦੀ ਵਧੇਰੇ ਵਰਤੋਂ ਹੈ। ਲੋੜੋਂ ਘੱਟ ਸਰੀਰਕ ਗਤੀਵਿਧੀ ਅਤੇ ਉੱਪਰੋਂ ਪੌਸ਼ਟਿਕ ਖ਼ੁਰਾਕ ਦੀ ਕਮੀ, ਵੱਡਾ ਕਾਰਨ ਬਣਦੀ ਹੈ। ਸ਼ਰਾਬ ਨੂੰ ਵੀ ਇਸ ਦਾ ਕਾਰਨ ਸਮਝਿਆ ਜਾਂਦਾ ਹੈ। ਪੰਜਾਬ ’ਚ ਵੇਖਣ ਨੂੰ ਮਿਲਿਆ ਹੈ ਕਿ ਜਿੰਮ ਅੰਦਰ ਵੀ ਨੌਜਵਾਨਾਂ ਨੂੰ ਦਿਲ ਦੇ ਦੌਰੇ ਪੈ ਜਾਂਦੇ ਹਨ। ਮਾਹਿਰ ਆਖਦੇ ਹਨ ਕਿ ਇਕਦਮ ਭਾਰੀ ਵਰਜ਼ਿਸ਼ ਕਰਨੀ ਵੀ ਘਾਤਕ ਹੈ ਅਤੇ ਉਸ ਤੋਂ ਪਹਿਲਾਂ ਹਲਕੀ ਵਰਜ਼ਿਸ਼ ਜ਼ਰੂਰੀ ਹੈ। ਫਲ਼ਾਂ ਤੇ ਸਬਜ਼ੀਆਂ ਦੀ ਮਾਤਰਾ ਘੱਟ ਹੋਣੀ ਅਤੇ ਜੰਕ ਫੂਡ ਵਧੇਰੇ ਲੈਣ ਦਾ ਰੁਝਾਨ ਵੀ ਬਿਮਾਰੀਆਂ ਨੂੰ ਸੱਦਾ ਦੇ ਰਿਹਾ ਹੈ। ਮਾਨਸਿਕ ਬਿਮਾਰੀਆਂ ਦਾ ਸ਼ਿਕਾਰ ਵੀ ਪੰਜਾਬੀ ਜ਼ਿਆਦਾ ਹੋ ਰਹੇ ਹਨ। 

               ਮਨ ਤੇ ਤਨ ਵੀ ਗੁਆ ਲਏ : ਡਾ. ਰਵੀ ਰਵਿੰਦਰ

ਦਿੱਲੀ ’ਵਰਸਿਟੀ ਦੇ ਪੰਜਾਬੀ ਵਿਭਾਗ ਦੇ ਮੁਖੀ ਡਾ. ਰਵੀ ਰਵਿੰਦਰ ਦਾ ਪ੍ਰਤੀਕਰਮ ਹੈ ਕਿ ਅਸਲ ਵਿਚ ਨਵੀਂ ਪੀੜੀ ਪੰਜਾਬੀ ਵਿਰਾਸਤ ਤੇ ਕਲਚਰ ਤੋਂ ਦੂਰ ਹੋ ਗਈ ਹੈ। ਬਾਬੇ ਨਾਨਕ ਦੇ ਕਿਰਤ ਦੇ ਹੋਕੇ ਨੂੰ ਵਿਸਾਰ ਦਿੱਤਾ ਹੈ ਅਤੇ ਖਾਣ ਪੀਣ ਪੁਰਾਣਾ ਹੀ ਰੱਖਿਆ ਹੈ। ਉਨ੍ਹਾਂ ਕਿਹਾ ਕਿ ਨਵੇਂ ਦੌਰ ਨੇ ਮਾਨਸਿਕ ਵਿਹਲ ਵੀ ਖੋਹ ਲਈ ਹੈ। ਚੜ੍ਹਦੀ ਕਲਾ ਵਾਲਾ ਮਨ ਵੀ ਗੁਆ ਲਿਆ ਅਤੇ ਪੱਛਮੀ ਖਾਣਿਆਂ ਨੇ ਤਨ ਵੀ ਖਾ ਲਿਆ। ਨੌਜਵਾਨ ਬਿਪਤਾ ਨੂੰ ਝੱਲਣ ਜੋਗੇ ਹੀ ਨਹੀਂ ਰਹੇ ਹਨ ਜਿਸ ਦਾ ਨਤੀਜਾ ਸਾਹਮਣੇ ਹੈ। 


No comments:

Post a Comment