ਵਿਚਲੀ ਗੱਲ
ਕਾਗ ਬਨੇਰੇ ਬੋਲਿਆ
ਚਰਨਜੀਤ ਭੁੱਲਰ
ਚੰਡੀਗੜ੍ਹ : ਜਦ ਮਹਿਲਾਂ ਦੇ ਬਨੇਰੇ ’ਤੇ ਕਾਂ ਬੋਲਿਆ, ਜ਼ਰੂਰ ਅੱਜ ਪ੍ਰਾਹੁਣੇ ਆਉਣਗੇ, ਇਹ ਸੋਚ ਅਮਰਿੰਦਰ ਨੇ ਜਦੋਂ ਰਾਹ ਤੱਕਿਆ। ਦੂਰੋਂ ਆਉਂਦਾ ਇੱਕ ਸਾਈਕਲ ਦਿਸਿਆ। ਕਾਠੀ ’ਤੇ ਸੁਖਪਾਲ ਖਹਿਰਾ ਬੈਠਾ ਪੈਡਲ ਮਾਰੇ। ਡੰਡੇ ’ਤੇ ਪਿਰਮਲ ਬੈਠਾ ਤੇ ਪਿੱਛੇ ਜਗਦੇਵ ਕਮਾਲੂ। ਸਿਆਣੇ ਆਖਦੇ ਨੇ, ਬਈ! ਲੰਮੇ ਰਾਹਾਂ ਦੇ ਪਾਂਧੀ ਹੌਲੀ ਚੱਲਦੇ ਨੇ। ਖਹਿਰੇ ਕੋਲ ਏਨਾ ਸਮਾਂ ਕਿੱਥੇ। ਮਹਾਰਾਜੇ ਬੋਲੇ, ਧੰਨਭਾਗ ! ਅੱਗਿਓਂ ਤਿੱਕੜੀ ਨੇ ਸੁਰ ਲਾਇਆ...‘ਤੇਰੀ ਦੀਦ ਨੂੰ ਤਰਸੇ ਦੀਦੇ।’ ਪਰਲੋਕ ’ਚ ਬੈਠਾ ਗਯਾ ਰਾਮ ਧੰਨ ਹੋਇਆ। ਸੱਤਰ ਦੇ ਦਹਾਕੇ ’ਚ ਗੂੰਜ ਪਈ ਸੀ...‘ਆਇਆ ਰਾਮ, ਗਯਾ ਰਾਮ।’ ‘ਦਲ ਬਦਲੀ’ ਦਾ ਸ਼ਨਾਖ਼ਤੀ ਕਾਰਡ ਬਣਿਆ ਗਯਾ ਰਾਮ। ‘ਲੋਭ ਦਾ ਸ਼ੋਭ ਨਹੀਂ’, ਜ਼ਮੀਰ ਦੀ ਅੱਖ ਲੱਗੀ ਤਾਂ ਖਹਿਰੇ ਨੇ ਪਿਰਮਲ ਤੇ ਕਮਾਲੂ ਨੂੰ ਹੁੱਝ ਮਾਰੀ। ਆਖਦੇ ਨੇ ਜ਼ਿੰਦਗੀ ਇੱਕ ਸਾਈਕਲ ਵਾਂਗ ਹੈ, ਪੈਂਡਲ ਮਾਰਦੇ ਜਾਓ। ਖਹਿਰਾ ਐਂਡ ਕੰਪਨੀ ਸਿੱਧੀ ਫਾਰਮ ਹਾਊਸ ’ਤੇ ਜਾ ਪ੍ਰਗਟ ਹੋਈ। ਸਾਈਕਲ ਨੂੰ ਆਪਣੇ ਸਟੈਂਡ ’ਤੇ ਫ਼ਖ਼ਰ ਹੋਇਆ। ਭੁਲੱਥ ਦੇ ਫਰਜ਼ੰਦ ਨੇ ‘ਵਾਇਆ ਬਠਿੰਡਾ’ ਰੂਟ ਲੈ ਕੇ ਰਾਜੇ ਦੇ ਦਰਬਾਰ ਨੂੰ ਰੰਗ ਭਾਗ ਲਾ’ਤੇ। ‘ਕੁਹਾੜੀ ਭੁੱਲ ਜਾਂਦੀ ਐ, ਦਰੱਖ਼ਤ ਨਹੀਂ।’ ‘ਆਪ’ ਦੇ ਚੇਤੇ ਦਾ ਪਤਾ ਨਹੀਂ।
ਪੰਜਾਬ ਦੀ ਖ਼ੁਦਮੁਖ਼ਤਿਆਰੀ ਆਖਰ ਸ਼ਹੀਦ ਹੋ ਗਈ। ਪੰਜਾਬ ਦੋਖੀਓ! ਨਾ ਕਰੋ ਤੋਏ-ਤੋਏ। ਅਮਰਿੰਦਰ ਸਿੰਘ ਤੋਂ ਗੁਟਕਾ ਸਾਹਿਬ ਲੈ ਕੇ, ਜਲਦੀ ਹੀ ਖਹਿਰਾ ਸਾਹਿਬ ਪੰਜਾਬ ਦੀ ਸੁੱਖ-ਸ਼ਾਂਤੀ ਲਈ ਸਹੁੰ ਚੁੱਕਣਗੇ। ਖਹਿਰਾ ਸਾਹਿਬ ‘ਖ਼ੁਦਮੁਖ਼ਤਿਆਰੀ’ ਦੀ ਮੜ੍ਹੀ ਪੱਲਿਓਂ ਬਣਾਉਣਗੇ, ਵੇਲੇ-ਕੁਵੇਲੇ ਮੜ੍ਹੀ ’ਤੇ ਲੱਸੀ ਵੀ ਪਾਉਣਗੇ। ਪੰਜਾਬ ਕਿਵੇਂ ਭੁੱਲੇ, ਆਵਾਜ਼-ਏ-ਪੰਜਾਬ ਖਹਿਰਾ ਦੇ ਬਠਿੰਡਾ ਰੈਲੀ ਵਿਚਲੇ ਓਹ ਬੋਲ...‘ਪੰਜਾਬੀਓ! ਪੰਜਾਬ ਦੀ ਖ਼ੁਦਮੁਖ਼ਤਿਆਰੀ ਲਈ ਲੜਾਂਗਾ।’ ਖਹਿਰਾਮਈ ਵਾਅਦਾ ਵੀ ਕੀਤਾ, ‘ਜੁਝਾਰੂ ਪੰਜਾਬੀਓ! ਘਰ ਬੈਠ ਜਾਵਾਂਗਾ, ਕਾਂਗਰਸ ਨਾਲ ਕਲਾਮ ਨਹੀਂ ਕਰਾਂਗਾ।’ ਘਾਹ ਫੁੱਲੇ, ਮੀਂਹ ਭੁੱਲੇ।ਪੰਜਾਬ ਦੇ ਭਵਿੱਖ ਲਈ ਹਰ ਦਰ ਗਏ। ‘ਟੈਮ ਹੋ ਗਿਆ, ਬਦਲ ਗਏ ਕਾਂਟੇ।’ ਪੰਜਾਬ ’ਚ ਚੋਣਾਂ ਦੂਰ ਨਹੀਂ, ਤਾਹੀਂ ਆਖਰ ਮਹਿਲਾਂ ਦੇ ਨੇੜੇ ਆਏ। ਮਾਪੇ ਮਰ ਜਾਣ, ਬੰਦਾ ਸੰਭਲ ਜਾਂਦੈ। ਕਿਤੇ ਮੱਤ ਮਰ ਜਾਏ, ਪੰਜਾਬ ਨੂੰ ਯਤੀਮ ਹੋਣਾ ਪੈਂਦੈ। ਦਸੌਧਾ ਸਿੰਘ ਦਾ ਵੱਸ ਚੱਲੇ ਤਾਂ ਜ਼ਰੂਰ ਇੱਕ ਯਾਦਗਾਰੀ ਸਿੱਕਾ ਜਾਰੀ ਕਰੇ। ਪੰਜਾਬ ਰੇਸ਼ਮੀ ਪੁਸ਼ਾਕ ਹੁੰਦਾ ਸੀ, ਗਯਾ ਰਾਮ ਦੇ ਵਾਰਸਾਂ ਨੇ ਖੱਦਰ ਭੰਡਾਰ ਬਣਾ’ਤਾ।
‘ਹਾਥੀ ਚੱਲੇ ਬਾਜ਼ਾਰ, ਕੁੱਤੇ ਭੌਕਣ ਹਜ਼ਾਰ।’ ਖਹਿਰਾ ਸਾਹਿਬ! ਪ੍ਰਵਾਹ ਨਹੀਂਓ ਕਰਨੀ। ਖ਼ੁਦਮੁਖ਼ਤਿਆਰੀ ਖਾਤਰ ਪਿੰਡ ਬਾਦਲ ਵੀ ਜਾਣਾ ਪਵੇ, ਗੱਜ ਵੱਜ ਕੇ ਜਾਇਓ। ਦੇਖਿਓ ਹਾਲੇ ਕਿਤੇ ਦਿੱਲੀ ਨਾ ਚਲੇ ਜਾਣਾ, ਸੋਨੀਆ ਦਰਬਾਰ ’ਚ ਅੱਗੇ ਕਾਂਗਰਸੀ ਬੈਠੇ ਨੇ, ਅਖ਼ੇ ‘ਖ਼ੁਦਮੁਖ਼ਤਿਆਰੀ’ ਵਾਲਾ ਟਰੰਕ ਲੈ ਕੇ ਪੰਜਾਬ ਮੁੜਾਂਗੇ। ਚੋਣਾਂ ਨੇੜੇ ਕੌਣ ਸੌਂਦਾ ਹੈ। ਹੁਣ ਜ਼ਮੀਰ ਜ਼ਰੂਰ ਲੰਮੀਆਂ ਤਾਣ ਸੌਵੇਗੀ। ਪੰਜਾਬ ਨੂੰ ਪੰਜ ਭੱਠ ਬੁਖ਼ਾਰ ਚੜ੍ਹਿਐ। ਕੋਈ ਚੰਗਾ ਵੈਦ ਮਿਲੇ ਤਾਂ ਸਹੀ। ਕਿਸੇ ਸੱਚ ਕਿਹਾ, ‘ਘੋੜ ਸਵਾਰਾਂ ਨੂੰ ਪੈਦਲਾਂ ਦੇ ਕਸ਼ਟ ਦਾ ਅੰਦਾਜ਼ਾ ਨਹੀਂ ਹੁੰਦਾ।’ ਵਾਰਸਾਂ ਨੂੰ ਦੇਣ ਲਈ ਪੰਜਾਬ ਕੋਲ ਸਿਰਫ਼ ਕਰਜ਼ਾ ਬਚਿਐ। ਅਮਰਿੰਦਰ ਦਾ ਸੁਰੱਖਿਆ ਇੰਚਾਰਜ ਖੂਬੀ ਰਾਮ ਜ਼ਰੂਰ ਅੱਭੜਵਾਹੇ ਉੱਠਿਆ ਹੋਵੇਗਾ, ਸੁੁਪਨੇ ’ਚ ਉੱਲੂ ਦਿਖਿਆ ਹੋਊ। ਦੂਜੇ ਦਿਨ ਕਾਂਗਰਸੀ ਪਿੱਟ ਉੱਠੇ, ਅਖੇ ਅਮਰਿੰਦਰ ਦੋਸਤਾਨਾ ਮੈਚ ਖੇਡ ਰਿਹੈ। ਪੀਚੋ ਬੱਕਰੀ ਵੱਡੇ ਅਫ਼ਸਰ ਖੇਡ ਗਏੇ, ਕਾਂਗਰਸੀ ਰੋਣ ਹਾਕੇ ਹੋਏ ਨੇ... ਅਸੀਂ ਕੀਹਦੀ ਮਾਂ ਨੂੰ ਮਾਸੀ ਆਖੀਏ।
ਲੋਕ ਰਾਜ ਦਾ ਆਲਮ ਨਿਰਾਲਾ ਹੈ। ਫਰੈਂਕ ਡੇਨ ਦਾ ਕਥਨ ਐ...‘ਸਾਰੇ ਮੂਰਖ ਆਪਣੇ ਵਾਲੇ ਪਾਸੇ ਇਕੱਠੇ ਕਰ ਲਓ, ਫੇਰ ਤੁਸੀਂ ਕਿਸੇ ਵੀ ਅਹੁਦੇ ਲਈ ਚੁਣੇ ਜਾ ਸਕਦੇ ਹੋ।’ ਨਵਜੋਤ ਸਿੱਧੂ ਆਖਦੈ, ‘ਕੋਈ ਅਹੁਦਾ ਨਹੀਂ ਚਾਹੁੰਦਾ, ਪੰਜਾਬ ਲਈ ਨਿਆਂ ਚਾਹੁੰਦਾ ਹਾਂ।’ ਪਰਗਟ ਸਿੰਘ ਨੇ ਪਿੱਠ ਥਾਪੜ ਦਿੱਤੀ। ਮਝੈਲ ਵਜ਼ੀਰ ਸੁਖਜਿੰਦਰ ਰੰਧਾਵਾ ਨੂੰ ਜ਼ਮੀਰ ਨੇ ਹੁੱਝ ਮਾਰੀ। ਨਾਲ ਕਈ ਹੋਰ ਵਜ਼ੀਰਾਂ ਦੀ ਵੀ ਜਾਗ ਖੁੱਲ੍ਹ ਗਈ। ਦੇਖਦੇ-ਦੇਖਦੇ ਕਾਫ਼ਲਾ ਬਣ ਗਿਆ। ਸਭ ਤੁਰ ਪਏ ਦਿੱਲੀ ਵੱਲ...। ਲੋਕ ਬੋਲੀ ਐ...‘ਰੰਨ ਗਈ ਬਸਰੇ ਨੂੰ, ਮੋੜੀ ਬਾਬਾ ਡਾਂਗ ਵਾਲਿਆ।’ ਮਹਾਰਾਜੇ ਨੇ ਬਾਬੇ ਨੂੰ ਨਹੀਂ, ਵਿਜੀਲੈਂਸ ਨੂੰ ਡਾਂਗ ਫੜਾ’ਤੀ, ਜਿਹਨੇ ਵਿਧਾਇਕਾਂ ਦੀ ਪੱਤਰੀ ਫਰੋਲ ’ਤੀ। ਵੋ ਭੀ ਦਿਨ ਥੇ, ਜਬ.. ਵਿਜੀਲੈਂਸ ਨੂੰ ਰਾਜੇ ਨੇ ਖੂੰਡਾ ਫੜਾਇਆ ਸੀ। ਕਾਂਗਰਸੀ ਕਾਟੋ-ਕਲੇਸ਼ ਸਿਖਰ ’ਤੇ ਹੈ। ‘ਚੰਗਾ ਘੋੜਾ ਬਿਨਾਂ ਮੰਡੀ ਤੋਂ ਵੀ ਵਿਕ ਜਾਂਦਾ ਹੈ।’ ਪੰਜਾਬ ਕਿਸ ’ਤੇ ਕਾਠੀ ਪਾਵੇ। ‘ਆਪ’ ਦੇ ਮੋਟਰਸਾਈਕਲ ’ਤੇ ਭਗਵੰਤ ਮਾਨ ਬੈਠੈ। ਢੀਂਡਸਾ ਟਰਾਂਸਪੋਰਟ ਪੰਜਾਬ ’ਚ ਘੁੰਮ ਰਹੀ ਹੈ। ਜਿੱਥੋਂ ਸਵਾਰੀ ਮਿਲਦੀ ਐ, ਚੁੱਕ ਲੈਂਦੇ ਨੇ। ਅਗਲੀ ਸੀਟ ’ਤੇ ਬ੍ਰਹਮਪੁਰਾ ਸਾਹਿਬ ਬੈਠੇ ਨੇ। ਪਰਮਿੰਦਰ ਢੀਂਡਸਾ ਸੀਟੀ ’ਤੇ ਸੀਟੀ ਮਾਰ ਰਿਹਾ ਹੈ, ਕੋਈ ਸਵਾਰੀ ਮਿਲੇ ਤਾਂ ਸਹੀ।
ਮਹਾਮਾਰੀ ਨੇ ਵਾਜੇ ਵਜਾਏ ਨੇ। ਕਿਸਾਨਾਂ ਨੇ ਬੈਂਡ ਵਜਾਇਐ, ਮੋਦੀ ਸਰਕਾਰ ਦੇ ਕੰਨ ਪਾੜ’ਤੇ। ਕਿਸਾਨ ਪਰਿਵਾਰ ਚੁੱਲ੍ਹਿਆਂ ਲਈ ਘਰੋਂ ਨਿਕਲੇ ਨੇ, ਉੱਧਰ ਚੱਕਵੇਂ ਚੁੱਲ੍ਹੇ ਨਵੇਂ ਸਿਆਸੀ ਘਰ ਲੱਭ ਰਹੇ ਨੇ। ਗੱਲ ਪੱਲੇ ਨਹੀਂ ਪੈ ਰਹੀ ਤਾਂ ਦਰਸ਼ਨ ਮਿਤਵਾ ਦਾ ਨਾਟਕ ‘ਕੁਰਸੀ ਨਾਚ ਨਚਾਏ’ ਦੇਖ ਲੈਣਾ। ਕਾਂਗਰਸੀ ਖੇਡਾਂ ਦੇਖ, ਛੱਜੂ ਰਾਮ ਟੇਵਾ ਲਾ ਰਿਹੈ... ਕੁਝ ਨਹੀਂਓ ਹੋਣਾ, ਦੋ ਚਾਰ ਨੇਤਾਵਾਂ ਦੀ ਕੁਰਸੀ ਬਦਲੂ, ਪੰਜਾਬ ਦੇ ਭਾਗ ਨਹੀਂ ਬਦਲਣੇ। ਨਵਜੋਤ ਸਿੱਧੂ ਆਖਦਾ ਐ... ‘ਅਸਾਂ ਕੋਲ ਝੁਰਲੂ ਐ, ਅੱਖ ਦੇ ਫੋਰੇ ਪੰਜਾਬ ਬਦਲੂ।’ ਪੰਜਾਬ ਪੱਥਰ ਬਣ ਕੰਧ ਨਾਲ ਲੱਗਾ ਬੈਠੈ, ਕਿਸੇ ਫਰਿਸ਼ਤੇ ਦੀ ਉਡੀਕ ’ਚ...। ਪ੍ਰਧਾਨ ਸੁਖਬੀਰ ਸਿੰਘ ਬਾਦਲ ਮਨੋ-ਮਨ ਆਖਦੇ ਹੋਣੇ ਨੇ... ਪੰਜਾਬੀ ਇੱਕ ਵਾਰੀ ਕੁਰਸੀ ਦੇ ਪਾਵੇ ਨੂੰ ਹੱਥ ਪਵਾ ਦੇਣ, ਫੇਰ ਦੇਖਣਾ, ਕੰਧਾਂ ਬੋਲਣ ਲਾ ਦਿਆਂਗੇ। ਸੁਨੀਲ ਜਾਖੜ ਦਾ ਹਾਸਾ ਨਹੀਂ ਰੁਕ ਰਿਹਾ। ਆਉਂਦੇ ਸਮੇਂ ’ਚ, ਕੋਈ ਕਾਂਗਰਸੀ ਬਣੇਗਾ, ਕੋਈ ਅਕਾਲੀ, ਕੋਈ ‘ਆਪ’ ਦੇ ਯੱਕੇ ’ਤੇ ਬੈਠੇਗਾ। ਕੁਰਸੀ ਖਾਤਰ ਛਿੱਤਰੀਂ ਦਾਲ ਵੰਡਣਗੇ। ਟਕਸਾਲੀ-ਟਕਸਾਲੀ ਦਾ ਰੌਲਾ ਪਵੇਗਾ। ਕੇਰਾ ਬਰਨਾਲੇ ’ਚ ਵੱਡੇ ਬਾਦਲ ਨੂੰ ਇੱਕ ਪੱਤਰਕਾਰ ਨੇ ਸੁਆਲ ਕੀਤਾ। ਬਾਦਲ ਸਾਹਿਬ ! ਟਕਸਾਲੀ ਆਗੂ ਨੂੰ ਛੱਡ ਮਲਕੀਤ ਕੀਤੂ ਨੂੰ ਟਿਕਟ ਦੇਣ ਦੀ ਵਜ੍ਹਾ? ਅੱਗਿਓਂ ਬਾਦਲ ਨੇ ਤਰਕ ਦਿੱਤਾ, ਕਾਕਾ! ਅੱਜ-ਕੱਲ੍ਹ ਤਾਂ ਜੀਹਦੇ ਪੱਲੇ ਚਾਰ ਵੋਟਾਂ ਨੇ, ਓਹੀ ਟਕਸਾਲੀ ਐ। ਪੰਜਾਬ ਅੱਕੀ ਪਲਾਹੀ ਹੱਥ ਮਾਰ ਰਿਹੈ। ਮੰਗੋਲੀਆ ਦੇ ਵਿਦਵਾਨ ਮੱਤ ਦਿੰਦੇ ਨੇ, ‘ਜਦੋਂ ਤੱਕ ਨਦੀ ਨਜ਼ਰ ਨਾ ਆਵੇ, ਉਦੋਂ ਤੱਕ ਆਪਣੇ ਬੂਟਾਂ ਦੇ ਫੀਤੇ ਨਹੀਂ ਖੋਲ੍ਹਣੇ ਚਾਹੀਦੇ।’
ਕੋਈ ਤਾਇਆ ‘ਖੇਤੀ ਕਾਨੂੰਨਾਂ’ ਨਾਲ ਭਿੜ ਰਿਹੈ ਤੇ ਕੋਈ ਚਾਚਾ ਮਹਾਮਾਰੀ ਨਾਲ ਦੋ ਹੱਥ ਕਰ ਰਿਹੈ। ਪੰਜਾਬ ਦੇ ਸਿਆਸੀ ਨੇਤਾ ਫੋਕਾ ਹੇਜ ਦਿਖਾ ਰਹੇ ਹਨ। ਨਵਾਂ ਦਾਅ ਭਰਨ ਦੀ ਤਿਆਰੀ ਵਿੱਚ ਹਨ। ਦਲ ਬਦਲੂ ਹਰ ਇੱਟ ’ਤੇ ਬੈਠੇਗਾ। ਅੱਜ ਮੁੜ ਫਰੀਦਕੋਟ ਜ਼ਿਲ੍ਹੇ ਵਾਲਾ ਸਾਧਾ ਚੇਤੇ ਆਇਐ। ਸਾਧੇ ਦਾ ਚਾਹ ਦਾ ਅੱਡਾ ਐ। ਗੱਲ ਪੁਰਾਣੀ ਐ, ਅਮਰਿੰਦਰ ਦੀ ਫੋਟੋ ਵਾਲਾ ਕੱਪੜਾ ਉਵੇਂ ਚਾਹ ਵਾਲੇ ਖੋਖੇ ਦੇ ਪਿੱਛੇ ਲੱਗਾ ਹੋਇਆ ਸੀ। ਹਕੂਮਤ ਗਠਜੋੜ ਦੇ ਹੱਥ ਆ ਚੁੱਕੀ ਸੀ। ਕਿਸੇ ਨੇ ਅਮਰਿੰਦਰ ਦੀ ਫੋਟੋ ਦੇਖ ਆਖਿਆ, ਸਾਧਿਆ! ਸਰਕਾਰ ਬਦਲ ਗਈ, ਤੂੰ ਵੀ ਅਮਰਿੰਦਰ ਦੀ ਤਸਵੀਰ ਵਾਲਾ ਕੱਪੜਾ ਬਦਲ ਲੈ। ਗਰੀਬ ਸਾਧੇ ਦਾ ਜੁਆਬ ਸੁਣੋ... ‘ਸਰਦਾਰਾ! ਮੇਰਾ ਮਨੀ ਰਾਮ ਨਹੀਂ ਮੰਨਦਾ, ਕਿਤੇ ਏਹ ਕੱਪੜਾ ਬਦਲ ਦਿੱਤਾ, ਲੋਕ ਐਵੇਂ ਦਲ ਬਦਲੂ ਜੇਹਾ ਸਮਝਣਗੇ। ਕਾਸ਼! ਏਹ ਨੇਤਾ ਵੀ ਸਾਧੇ ਦਾ ਜੂਠਾ ਛਕ ਲੈਂਦੇ।
No comments:
Post a Comment