Thursday, June 17, 2021

                                                   ਚੱਲ ਉੱਡ ਚੱਲੀਏ
                              ਪੰਜਾਬ ’ਚ ਘਰ 55 ਲੱਖ, ਪਾਸਪੋਰਟ 54 ਲੱਖ ! 
                                                     ਚਰਨਜੀਤ ਭੁੱਲਰ

ਚੰਡੀਗੜ੍ਹ : ਪੰਜਾਬ ’ਚ ਪਾਸਪੋਰਟਾਂ ਦਾ ਹੜ੍ਹ ਵੇਖ ਲੱਗਦਾ ਹੈ ਕਿ ਪੰਜਾਬੀਆਂ ਦੀ ਰੀਸ ਕੌਣ ਕਰੂ ? ਪੰਜਾਬ ’ਚ ਕਰੀਬ 55 ਲੱਖ ਘਰ ਹਨ ਜਦੋਂ ਕਿ ਲੰਘੇ ਸੱਤ ਵਰਿ੍ਹਆਂ ’ਚ 54.36 ਲੱਖ ਪਾਸਪੋਰਟ ਬਣ ਗਏ ਹਨ। ਮਤਲਬ ਕਿ ਪੰਜਾਬ ਦੇ ਔਸਤਨ ਹਰ ਘਰ ਕੋਲ ਇੱਕ ਪਾਸਪੋਰਟ ਹੈ। ਹੁਣ ਕਰੋਨਾ ਮਹਾਂਮਾਰੀ ਨੇ ਪੰਜਾਬ ’ਚ ਪਾਸਪੋਰਟਾਂ ਦੇ ਹੜ ਨੂੰ ਠੱਲ ਪਾਈ ਹੈ। ਜਦੋਂ ਤੋਂ ਵਿਦੇਸ਼ਾਂ ਲਈ ਸਟੱਡੀ ਵੀਜ਼ੇ ਲਈ ਰਾਹ ਖੁੱਲ੍ਹੇ ਹਨ, ਉਦੋਂ ਤੋਂ ਪੰਜਾਬ ’ਚ ਧੜਾਧੜ ਨਵੇਂ ਪਾਸਪੋਰਟ ਬਣਨ ਲੱਗੇ ਹਨ। ਉੱਤਰੀ ਭਾਰਤ ਚੋਂ ਪੰਜਾਬ ਨੇ ਪਹਿਲਾ ਨੰਬਰ ਲਿਆ ਹੈ। ਪਹਿਲੀ ਜਨਵਰੀ 2014 ਤੋਂ ਫਰਵਰੀ 2021 ਤੱਕ ਪੰਜਾਬ ’ਚ 54.36 ਲੱਖ ਪਾਸਪੋਰਟ ਬਣੇ ਹਨ।

    ਕੇਂਦਰੀ ਵਿਦੇਸ਼ ਮੰਤਰਾਲੇ ਦੇ ਵੇਰਵਿਆਂ ਅਨੁਸਾਰ ਪੰਜਾਬ ਵਿਚ ਲੰਘੇ ਕਰੋਨਾ ਮਹਾਂਮਾਰੀ ਵਾਲੇ ਵਰੇ੍ਹ 2020 ਦੌਰਾਨ 4.82 ਲੱਖ ਪਾਸਪੋਰਟ ਬਣੇ ਹਨ ਜਦੋਂ ਕਿ ਸਾਲ 2019 ਦੌਰਾਨ 9.46 ਲੱਖ ਪਾਸਪੋਰਟ ਬਣੇ ਸਨ। ਇਸ ਲਿਹਾਜ਼ ਨਾਲ ਦੇਖੀਏ ਤਾਂ ਪੰਜਾਬ ਵਿਚ ਮਹਾਂਮਾਰੀ ਕਰਕੇ ਪਾਸਪੋਰਟ ਬਣਨ ਦੀ ਰਫ਼ਤਾਰ ਪੰਜਾਹ ਫੀਸਦੀ ਥੱਲੇ ਆਈ ਹੈ। ਵਰ੍ਹਾ 2019 ਦੌਰਾਨ ਔਸਤਨ ਰੋਜ਼ਾਨਾ 2593 ਪਾਸਪੋਰਟ ਬਣਦੇ ਸਨ ਜਦੋਂ ਕਿ ਵਰ੍ਹਾ 2020 (ਮਹਾਂਮਾਰੀ ਵਾਲਾ ਸਾਲ) ਦੌਰਾਨ ਰੋਜ਼ਾਨਾ ਔਸਤਨ 1321 ਪਾਸਪੋਰਟ ਬਣੇ ਹਨ। 

   ਚਾਲੂ ਵਰੇ੍ਹ ਦੇ ਪਹਿਲੇ ਦੋ ਮਹੀਨਿਆਂ ਦੌਰਾਨ 90,791 ਪਾਸਪੋਰਟ ਬਣੇ ਹਨ। ਬੇਸ਼ੱਕ ਸਮੁੱਚੇ ਭਾਰਤ ਵਿਚ ਨਵੇਂ ਪਾਸਪੋਰਟਾਂ ਬਣਨ ਦੀ ਗਿਣਤੀ ਨੂੰ ਬਰੇਕ ਲੱਗੀ ਹੈ ਪ੍ਰੰਤੂ ਪੰਜਾਬ ਦੂਸਰੇ ਸੂਬਿਆਂ ਦੇ ਮੁਕਾਬਲੇ ਫਿਰ ਵੀ ਪਾਸਪੋਰਟ ਬਣਾਉਣ ਵਿਚ ਜੁਟਿਆ ਹੀ ਰਿਹਾ ਹੈ। ਪਾਸਪੋਰਟ ਬਣਾਏ ਜਾਣ ’ਤੇ ਔਸਤਨ ਕਰੀਬ ਦੋ ਹਜ਼ਾਰ ਰੁਪਏ ਤੋਂ ਜਿਆਦਾ ਖਰਚ ਆਉਂਦਾ ਹੈ ਅਤੇ ਲੰਘੇ ਸੱਤ ਸਾਲਾਂ ਵਿਚ ਪੰਜਾਬੀਆਂ ਨੇ ਕਰੀਬ 900 ਕਰੋੜ ਪਾਸਪੋਰਟ ਬਣਾਉਣ ’ਤੇ ਹੀ ਖਰਚ ਦਿੱਤੇ ਹਨ। 

  ਕੈਨੇਡਾ ਵਸਦੇ ਪਰਵਾਸੀ ਭਾਰਤੀ ਕਮਲਜੀਤ ਸਿੱਧੂ (ਰਾਈਆ) ਦਾ ਕਹਿਣਾ ਸੀ ਕਿ ਸਮੁੱਚਾ ਵਿਸ਼ਵ ਹੀ ਕਰੋਨਾ ਦੀ ਲਪੇਟ ਵਿਚ ਆਇਆ ਹੈ ਜਿਸ ਕਰਕੇ ਸਟੱਡੀ ਵੀਜ਼ੇ ’ਤੇ ਆਉਣ ਵਾਲੇ ਵਿਦਿਆਰਥੀਆਂ ਦੀ ਦਰ ਘਟੀ ਹੈ। ਤੱਥਾਂ ਵੱਲ ਦੇਖੀਏ ਤਾਂ ਪੰਜਾਬ ਨੇ ਪਾਸਪੋਰਟ ਬਣਾਉਣ ਲਈ ਗਤੀ ਵਰ੍ਹਾ 2017 ਤੋਂ ਫੜੀ ਹੈ ਅਤੇ ਇਸ ਵਰੇ੍ਹ ਵਿਚ 9.73 ਲੱਖ ਪਾਸਪੋਰਟ ਬਣੇ ਹਨ ਜਦੋਂ ਕਿ ਸਾਲ 2018 ਵਿਚ ਪੰਜਾਬ ’ਚ 10.69 ਲੱਖ ਪਾਸਪੋਰਟ ਬਣੇ ਸਨ ਜੋ ਆਪਣੇ ਆਪ ਵਿਚ ਰਿਕਾਰਡ ਹੈ। ਵਰ੍ਹਾ 2018 ਵਿਚ ਰੋਜ਼ਾਨਾ ਔਸਤਨ ਕਰੀਬ 2929 ਪਾਸਪੋਰਟ ਬਣਦੇ ਰਹੇ ਹਨ। 

           ਸ਼ੁਰੂਆਤੀ ਵਰਿ੍ਹਆਂ ਵੱਲ ਦੇਖੀਏ ਤਾਂ ਪੰਜਾਬ ਵਿਚ ਸਾਲ 2014 ਵਿਚ 5.48 ਲੱਖ, ਸਾਲ 2015 ਵਿਚ 6.65 ਲੱਖ ਅਤੇ ਸਾਲ 2016 ਵਿਚ 6.59 ਲੱਖ ਪਾਸਪੋਰਟ ਬਣੇ ਹਨ। ਪਾਸਪੋਰਟਾਂ ਦਾ ਇਹ ਰੁਝਾਨ ਤਸਦੀਕ ਕਰਦਾ ਹੈ ਕਿ ਜਵਾਨੀ ਪੰਜਾਬ ਨੂੰ ਛੱਡ ਕੇ ਜਾਣ ਲਈ ਕਿੰਨੀ ਕਾਹਲੀ ਹੈ। ਮੋਟੇ ਅੰਦਾਜ਼ੇ ਅਨੁਸਾਰ ਦੇਸ਼ ਭਰ ਚੋਂ ਕਰੀਬ 9 ਤੋਂ 10 ਫੀਸਦੀ ਪਾਸਪੋਰਟ ਇਕੱਲੇ ਪੰਜਾਬ ’ਚ ਬਣਦੇ ਹਨ। ਮੁਲਕ ਭਰ ਚੋਂ ਪੰਜਾਬ ਪਾਸਪੋਰਟਾਂ ਦੇ ਮਾਮਲੇ ਵਿਚ ਪੰਜਵੇਂ ਨੰਬਰ ’ਤੇ ਹੈ। ਪਾਸਪੋਰਟਾਂ ਦੀ ਵੈਰੀਫਿਕੇਸ਼ਨ ਬਦਲੇ ਪੰਜਾਬ ਪੁਲੀਸ ਨੂੰ ਵੀ ਪ੍ਰਤੀ ਪਾਸਪੋਰਟ 200 ਰੁਪਏ ਦੀ ਸਰਕਾਰੀ ਕਮਾਈ ਹੁੰਦੀ ਹੈ। 

           ਪੰਜਾਬ ਵਿਚ 14 ਪਾਸਪੋਰਟ ਸੇਵਾ ਕੇਂਦਰ ਚੱਲ ਰਹੇ ਰਹੇ ਹਨ। ਕੇਂਦਰੀ ਵਿਦੇਸ਼ ਮੰਤਰਾਲੇ ਵੱਲੋਂ 7 ਤੋਂ 11 ਦਿਨ ਦਾ ਸਮਾਂ ਪਾਸਪੋਰਟ ਜਾਰੀ ਕਰਨ ਲਈ ਲਿਆ ਜਾਂਦਾ ਹੈ। ਇਸ ਤੋਂ ਪਹਿਲਾਂ ਸਾਲ 2015 ਵਿਚ ਪਾਸਪੋਰਟ ਲਈ 21 ਦਿਨ ਲੱਗ ਜਾਂਦੇ ਸਨ। ਪਾਸਪੋਰਟਾਂ ਦੀ ਖੇਤੀ ਨੂੰ ਕਰੋਨਾ ਮਹਾਂਮਾਰੀ ਨੇ ਕਰੰਡ ਕਰ ਦਿੱਤਾ ਹੈ। ਜਿਥੇ ਮਹਾਂਮਾਰੀ ਕਰਕੇ ਆਈਲੈੱਟਸ ਸੈਂਟਰਾਂ ਦਾ ਕੰਮ ਠੱਪ ਪਿਆ ਹੈ, ਉਥੇ ਵਿਦੇਸ਼ ਜਾਣ ਵਾਲੇ ਮੁੰਡੇ ਕੁੜੀਆਂ ਦੀ ਦਰ ’ਚ ਵੀ ਕਟੌਤੀ ਹੋਈ ਹੈ।  

         ਪੰਜਾਬ ’ਚ ਜਾਰੀ ਪਾਸਪੋਰਟ 

ਸਾਲ ਪਾਸਪੋਰਟਾਂ ਦੀ ਗਿਣਤੀ

2014 5,48,075

2015 6,65,200

2016 6,59,721

2017 9,73,866

2018 10,69,446

2019 9,46,797

2020 4,82,418

2021 (ਫਰਵਰੀ ਤੱਕ)  90,791

     


No comments:

Post a Comment