‘ਭਾਗਾਂ ਵਾਲਾ ਦਿਨ’
ਵਿਧਾਇਕਾਂ ਦੇ ਫਰਜ਼ੰਦ ਬਣਨਗੇ ਅਫ਼ਸਰ!
ਚਰਨਜੀਤ ਭੁੱਲਰ
ਚੰਡੀਗੜ੍ਹ : ਪੰਜਾਬ ਸਰਕਾਰ ਨੇ ਕਰੋੜਪਤੀ ਕਾਂਗਰਸੀ ਵਿਧਾਇਕਾਂ ਦੇ ਪੁੱਤਰਾਂ ਨੂੰ ਸਰਕਾਰੀ ਨੌਕਰੀ ਦੇਣ ਲਈ ਰਾਹ ਪੱਧਰਾ ਕਰ ਦਿੱਤਾ ਹੈ। ਪੰਜਾਬ ਕੈਬਨਿਟ ਦੀ ਭਲਕੇ ਮੀਟਿੰਗ ਵਿਚ ਦੋ ਵੀ.ਆਈ.ਪੀ ਨੌਜਵਾਨਾਂ ਨੂੰ ਸਰਕਾਰੀ ਨੌਕਰੀ ਦੇਣ ’ਤੇ ਮੋਹਰ ਲੱਗਣ ਦੀ ਸੰਭਾਵਨਾ ਹੈ। ਇਸ ਵੇਲੇ ਜਦੋਂ ਪੰਜਾਬ ਦੇ ਪੜ੍ਹੇ ਲਿਖੇ ਨੌਜਵਾਨ ਰੁਜ਼ਗਾਰ ਲਈ ਸੜਕਾਂ ’ਤੇ ਕੂਕ ਰਹੇ ਹਨ ਤਾਂ ਠੀਕ ਉਸ ਵਕਤ ਪੰਜਾਬ ਸਰਕਾਰ ਵੱਲੋਂ ‘ਘਰ ਘਰ ਰੁਜ਼ਗਾਰ’ ਤਹਿਤ ਦੋ ਕਾਂਗਰਸੀ ਵਿਧਾਇਕਾਂ ਦੇ ਪੁੱਤਰਾਂ ਨੂੰ ਸਰਕਾਰੀ ਨੌਕਰੀ ਦੇਣ ਦਾ ਫੈਸਲਾ ਲਿਆ ਜਾਵੇਗਾ। ਪੰਜਾਬ ਕੈਬਨਿਟ ਲਈ ਗ੍ਰਹਿ ਵਿਭਾਗ ਪੰਜਾਬ ਤਰਫ਼ੋਂ ਹਲਕਾ ਕਾਦੀਆਂ ਤੋਂ ਵਿਧਾਇਕ ਫਤਹਿਜੰਗ ਸਿੰਘ ਬਾਜਵਾ ਦੇ ਪੁੱਤਰ ਅਰਜਨ ਪ੍ਰਤਾਪ ਸਿੰਘ ਬਾਜਵਾ ਨੂੰ ਪੁਲੀਸ ਸਬ ਇੰਸਪੈਕਟਰ/ਇੰਸਪੈਕਟਰ ਲਗਾਏ ਜਾਣ ਦਾ ਏਜੰਡਾ ਭੇਜਿਆ ਗਿਆ ਹੈ ਜਿਸ ’ਤੇ ਭਲਕੇ ਫੈਸਲਾ ਹੋਵੇਗਾ। ਇਸੇ ਤਰ੍ਹਾਂ ਮਾਲ ਵਿਭਾਗ ਵੱਲੋਂ ਹਲਕਾ ਲੁਧਿਆਣਾ (ਉੱਤਰੀ) ਤੋਂ ਕਾਂਗਰਸੀ ਵਿਧਾਇਕ ਰਾਕੇਸ਼ ਪਾਂਡੇ ਦੇ ਪੁੱਤਰ ਭੀਸ਼ਮ ਪਾਂਡੇ ਨੂੰ ਨਾਇਬ ਤਹਿਸੀਲਦਾਰ ਲਗਾਏ ਜਾਣ ਦਾ ਏਜੰਡਾ ਭੇਜਿਆ ਗਿਆ ਹੈ।
ਵੇਰਵਿਆਂ ਅਨੁਸਾਰ ਕਾਂਗਰਸੀ ਵਿਧਾਇਕ ਫਤਹਿਜੰਗ ਸਿੰਘ ਬਾਜਵਾ ਤਰਫ਼ੋਂ ਜੋ ਵਰ੍ਹਾ 2017 ’ਚ ਚੋਣਾਂ ਸਮੇਂ ਜਾਇਦਾਦ ਬਾਬਤ ਹਲਫ਼ੀਆ ਬਿਆਨ ਦਾਖਲ ਕੀਤਾ ਗਿਆ ਸੀ, ਉਸ ਅਨੁਸਾਰ ਵਿਧਾਇਕ ਬਾਜਵਾ ਕੋਲ ਕੁੱਲ 33.35 ਕਰੋੜ ਰੁਪਏ ਦੀ ਚੱਲ ਅਚੱਲ ਸੰਪਤੀ ਹੈ ਅਤੇ ਉਨ੍ਹਾਂ ਕੋਲ ਬੀ.ਐਮ.ਡਬਲਿਊ, ਲੈਂਡ ਕਰੂਜਰ ਤੇ ਇਨੋਵਾ ਗੱਡੀਆਂ ਵੀ ਹਨ। ਉਨ੍ਹਾਂ ਕੋਲ ਵਰ੍ਹਾ 2007 ਵਿਚ 17.71 ਕਰੋੜ ਦੀ ਸੰਪਤੀ ਸੀ। ਇਸ ਵਿਧਾਇਕ ਦੇ ਪਿਤਾ ਸਤਨਾਮ ਸਿੰਘ ਬਾਜਵਾ 1986-87 ਵਿਚ ਅੱਤਵਾਦੀਆਂ ਹੱਥੋਂ ਮਾਰੇ ਗਏ ਸਨ। ਇਸ ਅੱਤਵਾਦੀ ਘਟਨਾ ਦੇ ਇਵਜ਼ ਵਜੋਂ ਸਰਕਾਰ ਹੁਣ ਇਸ ਵਿਧਾਇਕ ਦੇ ਲੜਕੇ ਨੂੰ ਨੌਕਰੀ ਦੇਣਾ ਚਾਹੁੰਦੀ ਹੈ। ਸੂਤਰ ਦੱਸਦੇ ਹਨ ਕਿ ਗ੍ਰਹਿ ਵਿਭਾਗ ਦੇ ਵਧੀਕ ਮੁੱਖ ਸਕੱਤਰ ਵੱਲੋਂ ਇਸ ਵਿਧਾਇਕ ਦੇ ਪੁੱਤਰ ਨੂੰ ਨੌਕਰੀ ਦਿੱਤੇ ਜਾਣ ’ਤੇ ਲਿਖਤੀ ਇਤਰਾਜ਼ ਵੀ ਲਗਾ ਦਿੱਤਾ ਸੀ। ਏਜੰਡੇ ਅਨੁਸਾਰ ਹੁਣ ਇਸ ਵਿਧਾਇਕ ਦੇ ਲੜਕੇ ਨੂੰ ਸਬ ਇੰਸਪੈਕਟਰ/ਇੰਸਪੈਕਟਰ ਲਗਾਏ ਜਾਣ ਦੀ ਗੱਲ ਆਖੀ ਗਈ ਹੈ। ਬਾਕੀ ਫੈਸਲਾ ਕੈਬਨਿਟ ’ਤੇ ਛੱਡ ਦਿੱਤਾ ਗਿਆ ਹੈ।
ਚਰਚੇ ਹਨ ਕਿ ਗਵਰਨਰੀ ਰਾਜ ਸਮੇਂ ਮੌਜੂਦਾ ਵਿਧਾਇਕ ਫਤਹਿਜੰਗ ਸਿੰਘ ਬਾਜਵਾ ਨੇ ਡੀ.ਐਸ.ਪੀ ਦੀ ਨੌਕਰੀ ਲਈ ਅਪਲਾਈ ਕੀਤਾ ਸੀ ਪ੍ਰੰਤੂ ਗੱਲ ਸਿਰੇ ਨਹੀਂ ਲੱਗ ਸਕੀ ਸੀ। ਹੁਣ ਹਵਾਲਾ ਦਿੱਤਾ ਗਿਆ ਹੈ ਜਿਸ ਤਰ੍ਹਾਂ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਦੇ ਪੋਤਰੇ ਨੂੰ ਨੌਕਰੀ ਦਿੱਤੀ ਗਈ ਹੈ, ਉਸ ਤਰ੍ਹਾਂ ਇਸੇ ਵਿਧਾਇਕ ਦੇ ਲੜਕੇ ਨੂੰ ਨੌਕਰੀ ਦੇ ਦਿੱਤੀ ਜਾਵੇ। ਹੁਣ ਜਦੋਂ ਪੰਜਾਬ ਕਾਂਗਰਸ ਵਿਚ ਬਗਾਵਤੀ ਸੁਰ ਉਠੇ ਹੋਏ ਹਨ ਤਾਂ ਘਟਨਾ ਤੋਂ ਕਰੀਬ 33 ਵਰੇ੍ਹ ਮਗਰੋਂ ਸਰਕਾਰ ਤਰਸ ਦੇ ਅਧਾਰ ’ਤੇ ਨੌਕਰੀ ਦੇ ਰਹੀ ਹੈ। ਲੁਧਿਆਣਾ (ਉੱਤਰੀ) ਤੋਂ ਵਿਧਾਇਕ ਰਾਕੇਸ਼ ਪਾਂਡੇ ਦੇ ਬਾਪ ਜੋਗਿੰਦਰਪਾਲ ਪਾਂਡੇ ਜੋ ਮੰਤਰੀ ਵੀ ਰਹੇ ਹਨ, ਵੀ ਅੱਤਵਾਦੀਆਂ ਹੱਥੋਂ ਮਾਰੇ ਗਏ ਸਨ। ਇਸ ਵਿਧਾਇਕ ਦੇ ਲੜਕੇ ਨੂੰ ਵੀ ਕਈ ਦਹਾਕਿਆਂ ਮਗਰੋਂ ਨਾਇਬ ਤਹਿਸੀਲਦਾਰ ਲਗਾਏ ਜਾਣ ਦੀ ਸਿਫਾਰਸ਼ ਕੀਤੀ ਗਈ ਹੈ। ਵਿਧਾਇਕ ਪਾਂਡੇ ਵੱਲੋਂ ਚੋਣਾਂ ਮੌਕੇ ਦਿੱਤੇ ਹਲਫੀਆਂ ਬਿਆਨ ਅਨੁਸਾਰ ਪਾਂਡੇ ਪਰਿਵਾਰ ਕੋਲ 3.26 ਕਰੋੜ ਦੀ ਜਾਇਦਾਦ ਹੈ ਅਤੇ ਉਨ੍ਹਾਂ ਕੋਲ ਚਾਰ ਗੱਡੀਆਂ ਵੀ ਹਨ।
ਮੰਤਰੀ ਦਾ ਜਵਾਈ ਬਣੇਗਾ ਇੰਸਪੈਕਟਰ ?
ਸੂਤਰਾਂ ਅਨੁਸਾਰ ਪੰਜਾਬ ਦੇ ਇੱਕ ਮੰਤਰੀ ਦੇ ਜਵਾਈ ਨੂੰ ਵੀ ਇੰਸਪੈਕਟਰ ਲਗਾਏ ਜਾਣ ਦੀ ਸੰਭਾਵਨਾ ਹੈ ਜਿਸ ਦਾ ਏਜੰਡਾ ਖ਼ਬਰ ਲਿਖੇ ਜਾਣ ਤੱਕ ਸਰਕਾਰ ਕੋਲ ਪੁੱਜਾ ਨਹੀਂ ਸੀ। ਉਂਜ ਕਰੀਬ ਡੇਢ ਮਹੀਨਾ ਪਹਿਲਾਂ ਇਸ ਮੰਤਰੀ ਦੇ ਜਵਾਈ ਨੂੰ ਆਬਕਾਰੀ ਵਿਭਾਗ ਵਿਚ ਇੰਸਪੈਕਟਰ ਲਾਉਣ ਦਾ ਏਜੰਡਾ ਕੈਬਨਿਟ ਕੋਲ ਪੁੱਜ ਗਿਆ ਸੀ ਪ੍ਰੰਤੂ ਵਿੱਤ ਵਿਭਾਗ ਦੀ ਪ੍ਰਵਾਨਗੀ ਨਾ ਹੋਣ ਕਰਕੇ ਏਜੰਡਾ ਵਾਪਸ ਹੋ ਗਿਆ ਸੀ। ਚਰਚੇ ਹਨ ਕਿ ਭਲਕੇ ਇਸ ਮੰਤਰੀ ਦੇ ਜਵਾਈ ਨੂੰ ਵੀ ਸਰਕਾਰੀ ਨੌਕਰੀ ਮਿਲ ਸਕਦੀ ਹੈ।
ਅਮਰਿੰਦਰ ਦਾ ਸਾਥ ਨਹੀਂ ਛੱਡਾਂਗਾ : ਬਾਜਵਾ
ਕਾਂਗਰਸੀ ਵਿਧਾਇਕ ਫਤਹਿਜੰਗ ਸਿੰਘ ਬਾਜਵਾ ਨੇ ਲੰਘੇ ਕੱਲ ਮੁੱਖ ਮੰਤਰੀ ਅਮਰਿੰਦਰ ਸਿੰਘ ਨਾਲ ਮੀਟਿੰਗ ਮਗਰੋਂ ਆਖਿਆ ਸੀ ਕਿ ਸਿਆਸੀ ਤੌਰ ’ਤੇ ਉਨ੍ਹਾਂ ਦੇ ਲੀਡਰ ਕੈਪਟਨ ਅਮਰਿੰਦਰ ਸਿੰਘ ਹਨ ਅਤੇ ਅਮਰਿੰਦਰ ਵਰਗਾ ਚਿਹਰਾ ਕਿਸੇ ਪਾਰਟੀ ਕੋਲ ਨਹੀਂ ਹੈ। ਉਨ੍ਹਾਂ ਕਿਹਾ ਕਿ ਅਮਰਿੰਦਰ ਦਾ ਸਾਥ ਛੱਡਣ ਦਾ ਸੁਆਲ ਹੀ ਪੈਦਾ ਨਹੀਂ ਹੁੰਦਾ। ਉਨ੍ਹਾਂ ਇੱਕ ਨਿੱਜੀ ਚੈਨਲ ’ਤੇ ਕਿਹਾ ਕਿ ਭਰਾ ਦੇ ਨਾਤੇ ਉੁਹ ਪ੍ਰਤਾਪ ਸਿੰਘ ਬਾਜਵਾ ਨਾਲ ਹਨ ਪ੍ਰੰਤੂ ਕੈਪਟਨ ਅਮਰਿੰਦਰ ਨੇ ਉਨ੍ਹਾਂ ਦੀ ਕਦੇ ਬਾਂਹ ਨਹੀਂ ਛੱਡੀ।
No comments:
Post a Comment