Tuesday, June 15, 2021

                                                  ਵਿਚਲੀ ਗੱਲ
                                         ਬਹੁੜੀਂ ਵੇ ਤਬੀਬਾ..!
                                                ਚਰਨਜੀਤ ਭੁੱਲਰ      

ਚੰਡੀਗੜ੍ਹ : ਕਵੀ ਸ਼ੈਲੇਂਦਰ ਦਾ ਗੀਤ, ਗਾਇਆ ਮੁਕੇਸ਼ ਨੇ, ਚੇਤਿਆਂ ’ਚ ਵਸਿਐ, ‘ਮੇਰਾ ਜੂਤਾ ਹੈ ਜਾਪਾਨੀ, ਯੇ ਪਤਲੂਨ ਇੰਗਲਿਸ਼ਤਾਨੀ, ਸਿਰ ਪੇ ਲਾਲ ਟੋਪੀ ਰੂਸੀ, ਫਿਰ ਭੀ ਦਿਲ ਹੈ ਹਿੰਦੁਸਤਾਨੀ’। ਦਿਲ ਦੀ ਗੰਢ ਰਾਜ ਕਪੂਰ ਨੇ ਤਾਂ ਖੋਲ੍ਹ’ਤੀ, ਕੈਪਟਨ ਅਮਰਿੰਦਰ ਨੇ ਭੇਤ ਰੱਖਿਐ। ਠੇਡਾ ਸਿਆਸੀ ਗ੍ਰਹਿ ਖਾ ਜਾਣ, ਉਦੋਂ ਲੰਚ ਦਿੰਦੇ ਨੇ, ਡਿਨਰ ਦਿੰਦੇ ਨੇ, ਹੁਣੇ ਹੁਣੇ ਭਾਸ਼ਣ ਵੀ ਦਿੱਤੈ..‘ਸਰਕਾਰੀ ਸਕੂਲਾਂ ’ਚ ਚੀਨੀ, ਅਰਬੀ ਤੇ ਫਰੈਂਚ ਭਾਸ਼ਾ ਪੜ੍ਹਾਵਾਂਗੇ।’ ਅਧਰੰਗ ਦਾ ਦੌਰਾ ਜ਼ਰੂਰ ਊੜੇ ਆੜੇ ਨੂੰ ਪਿਆ ਹੋਊ। ਸਿੱਖਿਆ ਮੰਤਰੀ ਝੁਕ ਕੇ ਬੋਲੇ, ਹਜ਼ੂਰ! ਗੋਲੀ ਕੀਹਦੀ ਤੇ ਗਹਿਣੇ ਕੀਹਦੇ। ਅਨਮੋਲ ਵਚਨ ਐ, ‘ਸਾਰੰਗੀ ਦਾ ਪਤਾ, ਉਸ ਦੇ ਸੁਰਾਂ ਤੋਂ ਲੱਗਦਾ ਹੈ।’ ਨਵੀਂ ਤਾਲ ਛੇੜੀ ਗਈ ਹੈ। ਬਈ! ਚੀਨੀ ਤੇ ਫਰੈਂਚ ਭਾਸ਼ਾ, ਮੁੰਡਿਆਂ ਦੇ ਵਿਦੇਸ਼ਾਂ ’ਚ ਕਰੀਅਰ ਬਣਾਉਣ ਦੇ ਕੰਮ ਆਊ। ‘ਮਾਂ ਮਜ਼ਦੂਰ, ਪੁੱਤ ਆਲਮ ਖਾਂ’। ਮੱਥੇ ’ਤੇ ਹੱਥ ਪੰਜਾਬੀ ’ਵਰਸਿਟੀ ਨੇ ਮਾਰਿਆ। ਗੁਰੂਆਂ ਪੀਰਾਂ, ਸੂਫ਼ੀ ਸੰਤ ਫ਼ਕੀਰਾਂ ਨੂੰ ਧਰਤੀ ਵਿਹਲ ਨਾ ਦੇਵੇ। ਤੁਸੀਂ ਤੋੜਾ ਭੰਨੋਗੇ, ‘ਪੰਜਾਬ ਪੁਰਾਣੇ ਜਨਮਾਂ ਦਾ ਫਲ ਭੋਗ ਰਿਹੈ।’ ਅਕਾਲੀ ਚਿੱਕੜ ਸੁੱਟਣਗੇ, ‘ਮਹਾਰਾਜਾ ਤਾਂ ਚੋੋਣਾਂ ਮੌਕੇ ਹੀ ਪੰਜਾਬੀ ਬੋਲਦੈ’। ਅਮਰਿੰਦਰ ਦੇ ਗੁਮਾਸ਼ਤੇ ਦਾ ਜੁਆਬ ਸੁਣੋ, ‘ਮਹਾਰਾਜੇ ਦੀ ਫੋਕਲ ਪੁਆਇੰਟੀ ਸੋਚ ਨਹੀਂ।’ ਵਿੱਚੋਂ ਕਵੀ ਸ਼ੈਲੇਂਦਰ ਨੇ ਟੋਕਿਐ..‘ਸੋਚਾਂ ਨੂੰ ਛੱਡੋ, ਦਿਲ ਬਾਰੇ ਦੱਸੋ।’

              ਸਿਆਣੇ ਆਖਦੇ ਨੇ ‘ਵਹਿਮ ਤਾਂ ਰੋਗ ਨਾਲੋਂ ਵੀ ਭੈੜਾ ਹੁੰਦੈ।’ ਅਕਾਲੀ ਭਾਸ਼ਣ ਕੰਨੀਂ ਗੂੰਜਦੇ ਨੇ, ‘ਪੰਜਾਬ ਨੂੰ ਪੈਰਿਸ ਬਣਾ ਦਿਆਂਗੇ।’ ਦਸੌਂਧਾ ਸਿਓਂ ਖੜ੍ਹੇ ਪੈਰ ਜੁਆਬ ਮੰਗਦੈ, ਭਲਿਓ! ਨੁਕਤਾਚੀਨ ਨਾ ਬਣੋ..ਓਹ ਤਾਂ ਪੰਜਾਬ ਨੂੰ ਪੈਰਿਸ ਬਣਾ ਗਏ। ਫਰਾਂਸ ਦੀ ਮਾਂ ਬੋਲੀ ਐ ਫਰੈਂਚ। ਮਹਾਰਾਜੇ ਦੀ ਸਰਕਾਰ ਫਰੈਂਚ ਪੜ੍ਹਾਏਗੀ। ਘਰ ਬੈਠੇ ਹੀ ਲੁੱਟੋ ਪੈਰਿਸ ਵਾਲੇ ਬੁੱਲ੍ਹੇ। ਬਾਬਾ ਬੁੱਲ੍ਹੇ ਸ਼ਾਹ ਤੋਂ ਰਿਹਾ ਨਾ ਗਿਆ, ਬਾਦਸ਼ਾਹੋ! ਵਿਦੇਸ਼ੀ ਭਾਸ਼ਾਵਾਂ ਵਾਲਾ ਹਲਟ ਜਿੰਨਾ ਮਰਜ਼ੀ ਚਲਾਓ, ਪਰ ਪੰਜਾਬੀ ਨੂੰ ਖਰਾਦ ’ਤੇ ਨਾ ਲਾਓ।ਅਮਰਿੰਦਰ ਦੀ ਸੋਚ ਦਾ ਖੇਤਰਫਲ, ਪੰਜਾਬ ਨਾਲੋਂ ਵੀ ਕਿਤੇ ਵੱਡੈ। ਜਰਮਨ ਨੂੰ ਜਰਮਨ ਪਿਆਰੀ, ਫਰਾਂਸ ਲਈ ਫਰੈਂਚ ਨਿਆਰੀ। ਪੱਛਮੀ ਬੰਗਾਲ ’ਚ ਬੰਗਾਲੀ ਦੀ ਕਿਆਰੀ, ਕਦੋਂ ਦੀ ਨਿੱਸਰੀ ਐ, ਰਾਖੀ ’ਤੇ ਮਮਤਾ ਬੈਨਰਜੀ ਬੈਠੀ ਐ। ‘ਪੰਜਾਬੀ’ ਦੇ ਖੇਤ, ਵਾੜ ਨੇ ਹੀ ਚਰ ਲਏ। ਬਾਬਿਆਂ ਨੇ ਪੰਜਾਬੀ ਦਾ ਛਿੱਟਾ ਦਿੱਤਾ, ਫਿਰੰਗਪੁਰੀਏ ਸੁਹਾਗੇ ਚਲਾ ਗਏ। ‘ਸਾਜਣ ਦੇ ਹੱਥ ਡੋਰ ਅਸਾਡੀ, ਮੈਂ ਸਾਜਣ ਦੀ ਗੁੱਡੀ।’ ਪੰਜਾਬੀਓ! ਬੱਸ ਮੋਹਰਾਂ ਪੰਜੇ ’ਤੇ ਲਾ ਦਿਓ, ਚੀਨੀ ਤੇ ਫਰੈਂਚ ਦੀ ਗੁੱਡੀ ਚੜ੍ਹਾ ਦਿਓ।

                ‘ਪਰਾਇਆ ਗਹਿਣਾ ਪਾਇਆ, ਅੱਧਾ ਰੂਪ ਗਵਾਇਆ।’ ਹੁਣ ਟਿੰਡ ’ਚ ਕਾਨਾ ਛੱਜੂ ਰਾਮ ਨੇ ਪਾਇਐ। ਪੁੱਛਦਾ ਪਿਆ ਏ ‘ਘਰ-ਘਰ ਰੁਜ਼ਗਾਰ’ ਵਾਲੀ ਹੱਟੀ ਦਾ ਕੀ ਬਣੂ। ਛੱਜੂ ਨੇ ਅੰਦਰਲੀ ਬੁੱਝੀ ਐ। ਹਕੂਮਤ ਵਿਦੇਸ਼ੀ ਭਾਸ਼ਾ ਸਿਖਾ ਮੁੰਡੇ ਵਿਦੇਸ਼ ਭੇਜ ਦੇਵੇਗੀ। ਫੇਰ ਕੌਣ ਟਾਵਰਾਂ ’ਤੇ ਚੜ੍ਹੂ? ਮਾਤ ਭਾਸ਼ਾ ਤਾਂ ਮੂੰਹ ਪਰਨੇ ਡਿੱਗੀ ਐ। ਮਾਸੀ ਤੇ ਤਾਈ ਭਾਸ਼ਾ ਨੇ ਕਿੱਕਲੀ ਪਾਈ ਐ। ਵਾਰਿਸ ਸ਼ਾਹ ਫੱਟੀ ਫੜਾ ਬੋਲੇ ਸਨ, ‘ਸੋਹਣੀ ਸੋਹਣੀ ਪੰਜਾਬੀ ਲਿਖਿਓ।’ ਅੰਗਰੇਜ਼ਾਂ ਨੇ ਗਾਚਨੀ ਦੇ ਢੇਰ ਲਾ’ਤੇ..ਆਪਣਿਆਂ ਨੇ ਫੱਟੀ ਪੋਚਤੀ। ਔਹ ਦੇਖੋ, ਕਵੀ ਹਰਮਨਜੀਤ ‘ਚਾਨਣ ਦਾ ਬਸਤਾ’ ਚੁੱਕੀ ਫਿਰਦੈ। ਸਤਿੰਦਰ ਸਰਤਾਜ ਗਾਉਣੋਂ ਨਹੀਂ ਹਟ ਰਿਹਾ..‘ਮੈਂ ਗੁਰਮੁਖੀ ਦਾ ਬੇਟਾ, ਮੈਨੂੰ ਤੋਰਦੇ ਨੇ ਅੱਖਰ/ਮਾਂ ਖੇਲਣੇ ਨੂੰ ਦਿੱਤੇ, ਬੜੀ ਲੋਰ ਦੇ ਨੇ ਅੱਖਰ।’‘ਕਦੇ ਦਾਦੇ ਦੀਆਂ, ਕਦੇ ਪੋਤੇ ਦੀਆਂ’। ਮਹਾਰਾਜਾ ਭੁਪਿੰਦਰ ਸਿੰਘ ਦਾ ‘ਪੰਜਾਬੀ ਮੋਹ’ ਗਜ਼ਬ ਦਾ ਸੀ। ਗੁਰਬਚਨ ਸਿੰਘ ਭੁੱਲਰ ਦੀ ਕਿਤਾਬ ‘ਕਲਮ ਸਿਆਹੀ’ ਪੜ੍ਹੋਗੇ, ਦਿਮਾਗ ’ਚ ਲਾਟੂ ਜਗਣਗੇ। ਮਹਾਰਾਜਾ ਭੁਪਿੰਦਰ ਸਿੰਘ ਨੇ ਪੰਜਾਬੀ ਨੂੰ ਰਿਆਸਤ ਦੀ ਰਾਜ ਭਾਸ਼ਾ ਬਣਾਇਆ। ‘ਮਹਿਕਮਾ ਪੰਜਾਬੀ’ ਬਣਾ ਗੱਦੀ ਬਿਠਾਇਆ, ਹੁਣ ਭਾਸ਼ਾ ਵਿਭਾਗ ਆਖਦੇ ਨੇ। ਭਾਈ ਕਾਹਨ ਸਿੰਘ ਨਾਭਾ ਕੋਲ ਮਹਾਨਕੋਸ਼ ਦੀ ਪਹਿਲੀ ਛਪਾਈ ਲਈ ਪੈਸੇ ਦੀ ਥੁੜ੍ਹ ਸੀ, ਮਹਾਰਾਜਾ ਭੁਪਿੰਦਰ ਸਿੰਘ ਨੇ ਖ਼ਜ਼ਾਨੇ ਦਾ ਮੂੰਹ ਖੋਲ੍ਹ ਦਿੱਤਾ। ‘ਵੇਲੇ ਵੇਲੇ ਦਾ ਮੰਗਲ ਹੁੰਦੈ।’

                ਪਿਓ ਦੀ ਲਕੀਰ ਅੱਗਿਓਂ ਲੰਮੀ ਕੀਤੀ, ਮਹਾਰਾਜਾ ਯਾਦਵਿੰਦਰ ਸਿੰਘ ਨੇ। ਜਿਨ੍ਹਾਂ ਪੰਜਾਬੀ ’ਵਰਸਿਟੀ ਦੀ ਮੋਹੜੀ ਗੱਡੀ। ‘ਦੁਖੇ ਸਿਰ, ਬੰਨੋ੍ਹ ਗੋਡਾ’। ਪੋਤੇ ਅਮਰਿੰਦਰ ਨੇ ਪੰਜਾਬੀ ’ਵਰਸਿਟੀ ਤੋਂ ਹੀ ਮੁੱਖ ਮੋੜ ਲਿਆ। ਅਖ਼ੇ.. ਚੀਨੀ ਤੇ ਫਰੈਂਚ ਜਿੰਨੀ ਮਰਜ਼ੀ ਸਿੱਖ ਲੈਣਾ। ਭਾਸ਼ਾ ਵਿਭਾਗ ਦਾ ਚੁੱਲ੍ਹਾ ਠੰਢਾ ਹੋਇਐ, ਮੰਜੇ ਦੀ ਪੈਂਦ ’ਤੇ ਪੰਜਾਬੀ ਬੈਠੀ ਹੈ। ਗੋਦੀ ’ਚ ਬੈਠੇ ਊੜਾ ਐੜਾ ਸਿਸਕ ਰਹੇ ਨੇ। ਚੀਨੀ ਤੇ ਫਰੈਂਚ ਲਈ ਸਰਕਾਰੀ ਵਿਛੋਣਾ ਵਿਛਾਇਐ। ਇੱਧਰ, ਕਵੀ ਤੈ੍ਰਲੋਚਨ ਲੋਚੀ ਆਪਣਾ ਰਾਗ ਛੇੜ ਗਏ..‘ਸਿੱਖ ਅੰਗਰੇਜ਼ੀ, ਲਿਖ ਅੰਗਰੇਜ਼ੀ, ਇਹ ਵੀ ਇੱਕ ਅਮੀਰੀ/ਪਰ ਨਾ ਭੁੱਲੀ ਜਿਉਣ ਜੋਗਿਆ,ਊੜਾ ਐੜਾ ਈੜੀ।’ ਮਮਤਾ ਬੈਨਰਜੀ ਦੀ ਪੰਜਾਬੀ ਪ੍ਰਤੀ ਮਮਤਾ ਦਾ ਕਮਾਲ ਦੇਖੋ। ਖੁੱਲ੍ਹੀ ਆਫਰ ਭੇਜੀ, ‘ਬੰਗਾਲ ਆਓ, ਪੰਜਾਬੀ ਭਵਨ ਬਣਾਓ, ਚਾਹੇ ਪੰਜਾਬੀ ਅਕਾਦਮੀ ਬਣਾਓ, ਖਰਚਾ ਬੰਗਾਲ ਸਰਕਾਰ ਚੁੱਕੇਗੀ।’

               ਚੇਤੇ ਮਨਪ੍ਰੀਤ ਬਾਦਲ ਵੀ ਆਏ ਨੇ। ਪੰਜਾਬੀ ਭਵਨ ਲੁਧਿਆਣਾ ਦਾ ਵਿਹੜਾ, ਗੱਠਜੋੜ ਸਰਕਾਰ ਸੀ ਤੇ ਮੁੱਖ ਮਹਿਮਾਨ ਮਨਪ੍ਰੀਤ ਬਾਦਲ ਸਨ। ਕਵੀਆਂ ਨੇ ਸੰਗਦੇ ਸੰਗਦੇ 10 ਲੱਖ ਦੀ ਗਰਾਂਟ ਮੰਗੀ। ਮਨਪ੍ਰੀਤ ਦੀ ਫਰਾਖ਼ਦਿਲੀ ਵੇਖੋ..‘ਪੰਜਾਬੀ ਦੇ ਵਾਰਸੋ! ਕੇਵਲ ਦਸ ਲੱਖ, ਥੋਨੂੰ ਤਾਂ ਮੰਗਣਾ ਵੀ ਨਹੀਂ ਆਇਆ, ਏਨਾ ਵੱਡਾ ਪੰਜਾਬ ਦਾ ਖ਼ਜ਼ਾਨਾ, ਪੂਰੇ ਪੰਜ ਕਰੋੜ ਦਿਆਂਗਾ। ਤਾੜੀਆਂ ਦੀ ਗੂੰਜ ਨੇ ਭਵਨ ਹਿਲਾ’ਤਾ। ਚਾਅ ਨਾ ਚੁੱਕਿਆ ਜਾਏ। ਕਵੀ ਤਾਂ ਭੋਲੇ ਪੰਛੀ ਹੁੰਦੇ ਨੇ। ਹੁਣ ਕਿੰਨੇ ਹੀ ਵਰ੍ਹੇ ਬੀਤ ਚੱਲੇ ਨੇ..। ਲੇਖਕ ਪੰਜਾਬੀ ਭਵਨ ਦੀ ਦੇਹਲੀ ’ਤੇ ਬੈਠੇ ਨੇ.. ਨੋਟਾਂ ਵਾਲਾ ਟਰੱਕ ਉਡੀਕਦੇ ਪਏ ਨੇ। ਭਾਸ਼ਾ ਵਿਭਾਗ ਦੇ ਖਰੜਿਆਂ ਨਾਲ ਜੋ ਜੱਗੋਂ ਤੇਰ੍ਹਵੀਂ ਹੋਈ, ਉਹ ਕਦੇ ਫੇਰ ਦੱਸਾਂਗੇ। ਨੇਤਾ ਜਨੋ! ਘੱਟੋ ਘੱਟ ਮਹਿੰਦਰ ਸਿੰੰਘ ਰੰਧਾਵਾ ਵਾਲੀ ਡੰਡੀ ’ਤੇ ਹੀ ਤੁਰ ਪੈਂਦੇ। ਵੱਡੇ ਬਾਦਲ ਦੇ ਸਿਆਸੀ ਗੁਰੂ ਗਿਆਨੀ ਕਰਤਾਰ ਸਿੰਘ ਸਨ। ਗਿਆਨੀ ਜੀ ਮਾਲ ਮੰਤਰੀ ਸਨ, ਉਨ੍ਹਾਂ ਪੰਜਾਬੀ ਭਵਨ ਲਈ ਦੋ ਕਿੱਲੇ ਜ਼ਮੀਨ ਅਲਾਟ ਕੀਤੀ ਸੀ। ਇੱਕ ਕਿੱਲਾ ਵੱਡੇ ਬਾਦਲ ਨੇ ਵੀ ‘ਲੇਖਕ ਭਵਨ’ ਲਈ ਐਲਾਨਿਆ ਸੀ। ਲੇਖਕ ਜਰੀਬਾਂ ਚੁੱਕੀ ਫਿਰਦੇ ਨੇ, ਮੁਹਾਲੀ ’ਚ ਕਿਧਰੇ ਕਿੱਲਾ ਲੱਭਾ ਨਹੀਂ। ‘ਸੱਚ ਕਹੇ ਮੈਂ ਨੰਗਾ ਚੰਗਾ’।

              ਪੁਆੜੇ ਦੀ ਜੜ੍ਹ ਮਰਹੂਮ ਮੁੱਖ ਮੰਤਰੀ ਲਛਮਣ ਸਿੰਘ ਗਿੱਲ ਨੇ। ਐਸੀ ਮੁਹਾਰਨੀ ਫੜੀ, ‘ਰਾਜ ਭਾਸ਼ਾ ਐਕਟ-1967’ ਬਣਾ ਕੇ ਹਟੇ। ਪੰਜਾਬੀ ਭਾਸ਼ਾ ਨੂੰ ਤਖ਼ਤ ’ਤੇ ਗੱਦੀਨਸ਼ੀਨ ਕੀਤਾ। ਜਥੇਦਾਰ ਤੋਤਾ ਸਿੰਘ ਵੀ ਕਿਤੇ ਘੱਟ ਨੇ। ਬਤੌਰ ਸਿੱਖਿਆ ਮੰਤਰੀ ਗਰਜੇ, ‘ਪਹਿਲੀ ਜਮਾਤ ਤੋਂ ਅੰਗਰੇਜ਼ੀ ਪੜ੍ਹਾਵਾਂਗੇ।’ ਜਥੇਦਾਰ ਜੀ ਨੇ ਲਛਮਣ ਗਿੱਲ ਦੇ ਪਿੰਡ ਚੂਹੜਚੱਕ ਤੋਂ ਅੰਗਰੇਜ਼ੀ ਵਾਲਾ ਫੀਤਾ ਖਿੱਚਿਆ। ਪੰਜਾਬੀ ਦਾ ਅਖਾਣ ਚੇਤੇ ਹੋਏਗਾ..‘ਹਿੱਕ ’ਤੇ ਦੀਵਾ ਬਾਲਣਾ’। ਪੰਜਾਬੀ ਦਾ ਢੂਲਾ ਹਿੱਲਿਐ। ਅੰਗਰੇਜ਼ੀ ਚੁਬਾਰੇ ਚੜ੍ਹ ਬੈਠੀ ਹੈ।ਵੱਡੇ ਬਾਦਲ ਨੇ ਅਗਲੀ ਪਾਰੀ ’ਚ, ‘ਰਾਜ ਭਾਸ਼ਾ ਐਕਟ’ ’ਚ ਸੋਧ ਕਰ ਕੇ, ਮਾਂ ਬੋਲੀ ਦੇ ਮੁੜ ਪੈਰੀਂ ਹੱਥ ਲਾਏ। ਅਕਾਲੀਆਂ ਨੇ ਨਾਅਰੇ ਲਾਏ, ‘ਮਾਂ ਬੋਲੀ ਦਾ ਰਾਖਾ.. ਜ਼ਿੰਦਾਬਾਦ।’ ਬੱਸ ਉਹ ਦਿਨ ਤੇ ਆਹ ਦਿਨ, ਭਾਸ਼ਾ ਵਿਭਾਗ ਨੂੰ ਕਦੇ ‘ਪੰਜਾਬ ਦਿਵਸ’ ਮਨਾਉਣ ਜੋਗੇ ਪੈਸੇ ਵੀ ਨਹੀਂ ਜੁੜੇ। ਮਾਤ ਭਾਸ਼ਾ ਦੇ ਹੱਡ ਪੈਰ ਜੁੜੇ ਨੇ, ਕੋਈ ਵੈਦ ਤਾਂ ਬਹੁੜੇ। ਲੇਖਕਾਂ ਕੋਲ ਬਹੁਤਾ ਪੈਸਾ ਧੇਲਾ ਤਾਂ ਹੁੰਦਾ ਨਹੀਂ। ਜਸਵੰਤ ਸਿੰਘ ਰਾਹੀ ਵਾਂਗੂ ਅੱਖਰ ਝਰੀਟਣ ਜੋਗੇ ਨੇ..‘ਗੌਰਮਿੰਟ ਨੇ ਝੱਗਾ ਦਿੱਤਾ, ਪਾ ਲਓ ਲੋਕੋ ਪਾ ਲਓ/ਅੱਗਾ ਪਿੱਛਾ ਹੈ ਨਹੀਂ ਜੇ ਤੇ, ਬਾਹਵਾਂ ਆਪ ਲੁਆ ਲਓ।’

              ਕਿਤੇ ਤੱਪੜਾਂ ਵਾਲੇ ਸਕੂਲਾਂ ’ਚ ਪੜ੍ਹੇ ਹੁੁੰਦੇ, ਨਿੱਕੇ ਹੁੰਦੇ ਪੰਜਾਬੀ ਵਾਲਾ ’ਗੂਠਾ ਚੁੰਘਦੇ ਹੁੰਦੇ ਤਾਂ ਏਹ ਨੇਤਾ ਭਾਵੇਂ ਪਤਲੂਨ ਇੰਗਲਿਸਤਾਨੀ ਹੀ ਪਾਉਂਦੇ, ਦਿਲ ਦੇ ਮੰਦਰ ’ਚ ਟੱਲ ਪੰਜਾਬੀ ਦੇ ਹੀ ਖੜਕਦੇ। ਫਿਲਪੀਨੀ ਫ਼ਰਮਾਉਂਦੇ ਨੇ..‘ਬਿਨਾਂ ਆਪਣੀ ਬੋਲੀ ਦੇ ਕੋਈ ਵੀ ਕੌਮ ਬਿਨਾਂ ਦਿਲ ਵਾਲੀ ਕੌਮ ਅਖਵਾਉਂਦੀ ਹੈ।’ ਅਸੈਂਬਲੀ ’ਚ ਵੀ ਮੁੱਖ ਮੰਤਰੀ ਨੇ ‘ਚੀਨੀ ਭਾਸ਼ਾ’ ਦੇ ਗੁਣ ਗਾਏ ਸਨ। ਪੰਜਾਬੀ ਦੇ ਜਥੇਦਾਰ ਜੋਦੜੀ ਕਰਦੇ ਪਏ ਨੇ, ਸਿਆਸੀ ਗੁਰਮੁਖੋ! ਹੇਕ ਕਿਸੇ ਮਰਜ਼ੀ ਭਾਸ਼ਾ ਦੀ ਗੱਜ ਵੱਜ ਲਾਓ ਪਰ ਪੰਜਾਬੀ ਨੂੰ ਤਰਸਦੀਨ ਨਾ ਬਣਾਓ।

2 comments:

  1. ਬਹੁਤ ਹੀ ਵਧੀਆ ਲਿਖਿਆ ਵੀਰ ਜੀ। ਸ਼ਾਇਦ ਇਹ ਮੋਟੀ ਚਮੜੀ ਵਾਲਿਆਂ ਦੇ ਪਿੰਡੇ ਤੇ ਖੁਰਕ ਮਹਿਸੂਸ ਹੋਵੇ।

    ReplyDelete
  2. ਚਰਨਜੀਤ ਭੁੱਲਰ ਜੀ ਹਮੇਸ਼ਾ ਹੀ ਵਧੀਆ ਲਿਖਦੇ ਹਨ। ਅਮਰਿੰਦਰ ਸਿੰਘ ਨੂੰ ਪੁੱਛਣ ਵਾਲਾ ਹੋਵੇ ਬਈ ਅੱਧੇ ਪੰਜਾਬ ਦੇ ਸਕੂਲਾਂ ਵਿੱਚ ਤਾਂ ਪੰਜਾਬੀ ਦੇ ਲੈਕਚਰਾਰ ਨਹੀਂ ਤੂੰ ਚੀਨੀ ਤੇ ਫਰੈਂਚ ਅਤੇ ਹੋਰ ਵਿਦੇਸ਼ੀ ਭਾਸ਼ਾਵਾਂ ਪੜਾਉਣ ਦੀ ਗੱਲ ਕਰਦੈਂ, ਠੀਕ ਹੈ ਜਦੋਂ ਤੱਕ ਲੋਕ ਸੁੱਤੇ ਪਏ ਨੇ ਕੁੱਝ ਮਰਜ਼ੀ ਬੋਲੀ ਜਾਓ ਜਿੱਦਣ ਜਨਤਾ ਜਾਗ ਪਈ ਕਰ ਲਵੇਗੀ ਹਿਸਾਬ ਪੂਰਾ।

    ReplyDelete