Showing posts with label Passport. Show all posts
Showing posts with label Passport. Show all posts

Monday, July 21, 2025

                                                        ਸਟੱਡੀ ਵੀਜ਼ਾ
                        ਵਿਦੇਸ਼ ਦਾ ਖ਼ੁਆਬ, ਹੁਣ ਕਿਵੇਂ ਲਵੇ ਪੰਜਾਬ...!
                                                        ਚਰਨਜੀਤ ਭੁੱਲਰ    

ਚੰਡੀਗੜ੍ਹ : ਕੈਨੇਡਾ ਨੇ ‘ਸਟੱਡੀ ਵੀਜ਼ਾ’ ਦੇਣ ਤੋਂ ਬੂਹੇ ਭੇੜ ਲਏ ਹਨ, ਜਿਸ ਕਾਰਨ ਪੰਜਾਬ ’ਚ ਪਾਸਪੋਰਟ ਬਣਾਉਣ ਦਾ ਜਨੂੰਨ ਯਕਦਮ ਮੱਠਾ ਪੈ ਗਿਆ ਹੈ। ਲੰਘੇ ਵਰ੍ਹਿਆਂ ’ਚ ਪੰਜਾਬ ਦੇ ਲੋਕਾਂ ਨੇ ਲੱਕ ਬੰਨ੍ਹ ਕੇ ਪਾਸਪੋਰਟ ਬਣਾਏ ਅਤੇ ਹੁਣ ਪੁਰਾਣਾ ਜੋਸ਼ ਗ਼ਾਇਬ ਹੈ। ਖ਼ਾਸ ਕਰਕੇ ਕੈਨੇਡਾ ਸਰਕਾਰ ਵੱਲੋਂ ਦਿਖਾਈ ਸਖ਼ਤੀ ਨੇ ਪੰਜਾਬੀਆਂ ਦੇ ਉਤਸ਼ਾਹ ਨੂੰ ਸੱਟ ਮਾਰੀ ਹੈ। ਕੇਂਦਰੀ ਵਿਦੇਸ਼ ਮੰਤਰਾਲੇ ਵੱਲੋਂ ਜਾਰੀ ਤਾਜ਼ਾ ਅੰਕੜੇ ਗਵਾਹੀ ਭਰਦੇ ਹਨ ਕਿ ਜਨਵਰੀ 2025 ਤੋਂ ਜੂਨ 2025 ਦੇ ਛੇ ਮਹੀਨਿਆਂ ਦੌਰਾਨ ਪੰਜਾਬ ’ਚ ਔਸਤਨ ਪ੍ਰਤੀ ਦਿਨ 1978 ਪਾਸਪੋਰਟ ਬਣੇ ਹਨ ਜਦੋਂ ਕਿ ਸਾਲ 2024 ’ਚ ਇਹੋ ਔਸਤ ਪ੍ਰਤੀ ਦਿਨ 2906 ਪਾਸਪੋਰਟਾਂ ਦੀ ਸੀ। ਪੰਜਾਬ ਸਰਕਾਰ ਵੱਲੋਂ ‘ਵਤਨ ਵਾਪਸੀ’ ਦਾ ਨਾਅਰਾ ਦਿੱਤਾ ਗਿਆ ਸੀ ਅਤੇ ਹੁਣ ‘ਆਪ’ ਸਰਕਾਰ ਵਿਦੇਸ਼ ਜਾਣ ਦੇ ਰੁਝਾਨ ਨੂੰ ਠੱਲ੍ਹਣ ਨੂੰ ਆਪਣੀ ਪ੍ਰਾਪਤੀ ਵਜੋਂ ਵੀ ਪੇਸ਼ ਕਰ ਰਹੀ ਹੈ। ਹਕੀਕਤ ਇਹ ਹੈ ਕਿ ਕੈਨੇਡਾ ਸਰਕਾਰ ਸਖ਼ਤੀ ਦੇ ਰਾਹ ਪਈ ਹੈ। 

        ਪੰਜਾਬ ’ਚੋਂ ਜ਼ਿਆਦਾਤਰ ਵਿਦਿਆਰਥੀ ਕੈਨੇਡਾ ਹੀ ਪੜ੍ਹਨ ਜਾ ਰਹੇ ਸਨ। ਇਸ ਸਾਲ ਦੇ ਪਹਿਲੇ ਛੇ ਮਹੀਨਿਆਂ ਦੌਰਾਨ 3.60 ਲੱਖ ਪਾਸਪੋਰਟ ਹੀ ਬਣੇ ਹਨ ਅਤੇ ਸਾਲ 2024 ਵਿੱਚ ਇਹ ਅੰਕੜਾ 10.60 ਲੱਖ ਪਾਸਪੋਰਟਾਂ ਦਾ ਸੀ। ਸਾਲ 2023 ਵਿਚ ਤਾਂ ਇਸ ਰੁਝਾਨ ਦਾ ਸਿਖਰ ਸੀ ਜਦੋਂ ਕਿ ਪ੍ਰਤੀ ਦਿਨ ਔਸਤਨ 3271 ਪਾਸਪੋਰਟ ਬਣੇ ਸਨ। 2023 ’ਚ 11.94 ਲੱਖ ਪਾਸਪੋਰਟ ਬਣੇ ਸਨ। ਪੰਜਾਬ ’ਚ ਸਾਲ 2014 ਤੋਂ ਜੂਨ 2025 ਤੱਕ 95.41 ਲੱਖ ਪਾਸਪੋਰਟ ਬਣੇ ਹਨ ਜਦੋਂ ਕਿ ਪੰਜਾਬ ਦੇ ਘਰਾਂ ਦੀ ਗਿਣਤੀ 65 ਲੱਖ ਹੈ। ਮਤਲਬ ਕਿ ਹਰ ਦੋ ਘਰਾਂ ਪਿੱਛੇ ਤਿੰਨ ਪਾਸਪੋਰਟ ਬਣੇ ਹਨ। ਉਂਜ ਆਬਾਦੀ ਦੇ ਲਿਹਾਜ਼ ਨਾਲ ਹਰ ਤੀਜਾ ਪੰਜਾਬੀ ਪਾਸਪੋਰਟ ਹੋਲਡਰ ਹੈ। ਵਰ੍ਹਾ 2020 ਵਿੱਚ ਪ੍ਰਤੀ ਦਿਨ ਔਸਤਨ 1321 ਪਾਸਪੋਰਟ ਬਣੇ ਸਨ ਅਤੇ ਸਾਲ 2023 ਵਿੱਚ ਇਹ ਦਰ ਢਾਈ ਗੁਣਾ ਵਾਧੇ ਨੂੰ ਪਾਰ ਕਰ ਗਈ ਸੀ। ਕੈਨੇਡਾ ਵਾਸੀ ਕਮਲਜੀਤ ਸਿੰਘ ਸਿੱਧੂ ਆਖਦੇ ਹਨ ਕਿ ਮੁੱਖ ਦੋ ਕਾਰਨ ਇਸ ਲਈ ਜ਼ਿੰਮੇਵਾਰ ਹਨ। 

        ਪਹਿਲਾ, ਕੈਨੇਡਾ ਸਰਕਾਰ ਵੱਲੋਂ ਕਾਨੂੰਨਾਂ ’ਚ ਸਖ਼ਤੀ ਕਰਨਾ ਅਤੇ ਦੂਜਾ ਕੈਨੇਡਾ ਵਿੱਚ ਮੰਦਹਾਲੀ ਦਾ ਦੌਰ ਹੋਣ ਕਰਕੇ ਵਿਦਿਆਰਥੀਆਂ ਵੱਲੋਂ ਰੁਜ਼ਗਾਰ ਦੀ ਵੱਡੀ ਸਮੱਸਿਆ ਦਾ ਸਾਹਮਣਾ ਕਰਨਾ। ਵਿਦੇਸ਼ ਤੋਂ ਪਰਤੇ ਵਿਦਿਆਰਥੀ ਇਸ਼ਾਨ ਗਰਗ ਦਾ ਕਹਿਣਾ ਸੀ ਕਿ ਪ੍ਰੋਫੈਸ਼ਨਲ ਮੁਹਾਰਤ ਵਾਲੇ ਵਿਦਿਆਰਥੀ ਵੀ ਕੈਨੇਡਾ ’ਚ ਸੰਕਟ ਵਿੱਚੋਂ ਗੁਜ਼ਰ ਰਹੇ ਹਨ। ਦੇਖਿਆ ਜਾਵੇ ਤਾਂ ਪੰਜਾਬ ’ਚ ਆਈਲੈੱਟਸ ਕੇਂਦਰ ਵੀ ਵੱਡੇ ਪੱਧਰ ’ਤੇ ਬੰਦ ਹੋ ਗਏ ਹਨ ਅਤੇ ਪੇਂਡੂ ਬੱਚਿਆਂ ਲਈ ਜਹਾਜ਼ ਦੀ ਤਾਕੀ ਨੂੰ ਹੱਥ ਪਾਉਣਾ ਕਾਫ਼ੀ ਔਖਾ ਹੋ ਗਿਆ ਹੈ। ਬਠਿੰਡਾ ਦੇ ਬਰਿਲਜ਼ ਇੰਸਟੀਚਿਊਟ ਦੇ ਮਾਲਕ ਅਸ਼ੋਕ ਸਦਿਉੜਾ ਦਾ ਕਹਿਣਾ ਸੀ ਕਿ ਕੈਨੇਡਾ ਸਰਕਾਰ 50 ਫ਼ੀਸਦੀ ਦੇ ਕਰੀਬ ਵੀਜ਼ੇ ਰੱਦ ਕਰ ਰਹੀ ਹੈ ਅਤੇ ਸਟੱਡੀ ਵੀਜ਼ਾ ਲੈਣ ਲਈ ਰਾਹ ਕਾਫ਼ੀ ਔਖੇ ਹੋ ਗਏ ਹਨ। ਜੀਆਈਸੀ ਫ਼ੀਸ ਹੁਣ ਦੁੱਗਣੀ ਤੋਂ ਵੀ ਵਧਾ ਦਿੱਤੀ ਗਈ ਹੈ ਅਤੇ ਵਿਦਿਆਰਥੀਆਂ ਲਈ ਫੰਡਜ਼ ਵੀ ਛੇ ਮਹੀਨੇ ਪੁਰਾਣੇ ਹੋਣ ਦੀ ਸ਼ਰਤ ਲਾਜ਼ਮੀ ਕਰ ਦਿੱਤੀ ਗਈ ਹੈ। 

         ਉਨ੍ਹਾਂ ਕਿਹਾ ਕਿ ਮਾਪਿਆਂ ਨੂੰ ਵੀ ਵੀਜ਼ੇ ਦੇਣੇ ਕਾਫ਼ੀ ਘੱਟ ਕਰ ਦਿੱਤੇ ਹਨ।ਪਿਛਾਂਹ ਨਜ਼ਰ ਮਾਰੀਏ ਤਾਂ ਜਦੋਂ ਕੋਵਿਡ ਮਹਾਮਾਰੀ ਸੀ ਤਾਂ ਉਦੋਂ ਇਸ ਰੁਝਾਨ ’ਚ ਖੜੋਤ ਆ ਗਈ ਸੀ ਅਤੇ ਦੂਜਾ ਹੁਣ ਵਿਦੇਸ਼ ਦੀ ਸਖ਼ਤੀ ਨੇ ਮੋੜਾ ਪਾਇਆ ਹੈ। ਚੰਗਾ ਪੱਖ ਇਹ ਹੈ ਕਿ ਕੈਨੇਡਾ ਦੀ ਸਖ਼ਤੀ ਮਗਰੋਂ ਪੰਜਾਬ ਦੇ ਵਿੱਦਿਅਕ ਅਦਾਰਿਆਂ ’ਚ ਰੌਣਕ ਪਰਤਣ ਲੱਗੀ ਹੈ। ਪੰਜਾਬ ’ਚ ਸਟੱਡੀ ਵੀਜ਼ੇ ਦਾ ਰੁਝਾਨ ਸਾਲ 2016-17 ਵਿਚ ਸ਼ੁਰੂ ਹੋਇਆ ਸੀ। ਮੁੱਢਲੇ ਪੜਾਅ ’ਤੇ ਵਿਦੇਸ਼ਾਂ ’ਚ ਪੀਆਰ ਹੋਣ ਵਾਲੇ ਵਿਦਿਆਰਥੀਆਂ ਦੇ ਮਾਪੇ ਵੀ ਵਿਦੇਸ਼ ਜਾਣ ’ਚ ਸਫਲ ਹੋ ਗਏ ਸਨ ਜਿਸ ਕਰਕੇ ਪਾਸਪੋਰਟਾਂ ਦਾ ਅੰਕੜਾ ਵਧਿਆ ਸੀ। ਉੱਤਰੀ ਭਾਰਤ ’ਚੋਂ ਪੰਜਾਬ ਇਸ ਮਾਮਲੇ ’ਚ ਪਹਿਲੇ ਨੰਬਰ ’ਤੇ ਰਿਹਾ ਹੈ। ਹਰਿਆਣਾ ’ਚ ਵੀ ਇਸ ਵਰ੍ਹੇ ਦੇ ਛੇ ਮਹੀਨਿਆਂ ’ਚ 2.12 ਲੱਖ ਪਾਸਪੋਰਟ ਬਣੇ ਹਨ ਜਦੋਂ ਕਿ ਸਾਲ 2024 ਵਿੱਚ 5.49 ਲੱਖ ਪਾਸਪੋਰਟ ਬਣੇ ਸਨ।

              ਪੰਜਾਬ ’ਚ ਜਾਰੀ ਪਾਸਪੋਰਟ 

ਸਾਲ                   ਪਾਸਪੋਰਟਾਂ ਦੀ ਗਿਣਤੀ

2025 (ਜੂਨ ਤੱਕ)    3.60 ਲੱਖ 

2024 10.60 ਲੱਖ 

2023 11.94 ਲੱਖ

2022 9.35 ਲੱਖ

2021 6.44 ਲੱਖ

2020 9.35 ਲੱਖ

2019 9.46 ਲੱਖ

2018 10.69 ਲੱਖ

2017 9.73 ਲੱਖ


Monday, March 3, 2025

                                                         ਰੁਝਾਨ ਨੂੰ ਮੋੜਾ
                               ਪਾਸਪੋਰਟ ਦੀ ਹਨੇਰੀ ਨੂੰ ਹੁਣ ਠੱਲ੍ਹ 
                                                        ਚਰਨਜੀਤ ਭੁੱਲਰ   

ਚੰਡੀਗੜ੍ਹ : ਪੰਜਾਬ ’ਚ ਹੁਣ ਨਵੇਂ ਪਾਸਪੋਰਟ ਬਣਾਉਣ ਦੇ ਰੁਝਾਨ ਨੂੰ ਮੋੜਾ ਪਿਆ ਹੈ। ਲੰਘੇ ਵਰ੍ਹਿਆਂ ਤੋਂ ਜੋ ਪਾਸਪੋਰਟ ਬਣਾਉਣ ਦੀ ਹਨੇਰੀ ਚੱਲੀ ਸੀ, ਉਸ ਨੂੰ ਹੁਣ ਠੱਲ੍ਹ ਪੈਣ ਲੱਗੀ ਹੈ। ਕੇਂਦਰੀ ਵਿਦੇਸ਼ ਮੰਤਰਾਲੇ ਨੇ ਜੋ ਜਨਵਰੀ 2025 ਤੱਕ ਦਾ ਵੇਰਵਾ ਜਨਤਕ ਕੀਤਾ ਹੈ, ਉਹ ਪੰਜਾਬ ਲਈ ਖੁਸ਼ਖਬਰ ਵਾਂਗ ਹੈ। ਪੰਜਾਬ ਵਿੱਚ ਸਾਲ 2023 ਵਿੱਚ ਪਾਸਪੋਰਟ ਬਣਾਏ ਜਾਣ ਦੇ ਸਭ ਰਿਕਾਰਡ ਟੁੱਟ ਗਏ ਸਨ ਅਤੇ ਉਸ ਇੱਕੋ ਸਾਲ ’ਚ 11.94 ਲੱਖ ਪਾਸਪੋਰਟ ਬਣੇ ਸਨ। ਨਵੇਂ ਤੱਥਾਂ ਅਨੁਸਾਰ ਸਾਲ 2024 ਵਿੱਚ 10.60 ਲੱਖ ਨਵੇਂ ਪਾਸਪੋਰਟ ਬਣੇ ਹਨ ਜੋ ਕਟੌਤੀ ਹੋਣ ਵੱਲ ਸੰਕੇਤ ਕਰਦੇ ਹਨ। ਮੁੱਖ ਮੰਤਰੀ ਭਗਵੰਤ ਮਾਨ ਨੇ ‘ਵਤਨ ਵਾਪਸੀ’ ਦਾ ਨਾਅਰਾ ਦਿੱਤਾ ਸੀ ਅਤੇ ਉੱਪਰੋਂ ਕੈਨੇਡਾ ਨੇ ਪਹਿਲਾਂ ਹੀ ਵੀਜ਼ੇ ਦੇਣ ਤੋਂ ਹੱਥ ਘੁੱਟਣਾ ਸ਼ੁਰੂ ਕਰ ਦਿੱਤਾ ਸੀ। 

       ਅਮਰੀਕਾ ’ਚੋਂ ਡਿਪੋਰਟ ਹੋ ਕੇ ਆਏ ਨੌਜਵਾਨਾਂ ਦੀ ਹੱਡ-ਬੀਤੀ ਅੱਖਾਂ ਖੋਲ੍ਹਣ ਵਾਲੀ ਹੈ। ਜਨਵਰੀ 2025 ਦੇ ਮਹੀਨੇ ’ਚ ਪੰਜਾਬ ’ਚ 59,907 ਪਾਸਪੋਰਟ ਬਣੇ ਹਨ। ਮਤਲਬ ਕਿ ਰੋਜ਼ਾਨਾ ਔਸਤਨ 1932 ਪਾਸਪੋਰਟ ਬਣੇ ਹਨ। ਸਾਲ 2023 ਵਿੱਚ ਸੂਬੇ ਵਿੱਚ ਰੋਜ਼ਾਨਾ ਔਸਤਨ 3271 ਜਦਕਿ ਸਾਲ 2024 2906 ਪਾਸਪੋਰਟ ਬਣੇ ਸਨ। ਪੰਜਾਬ ਵਿੱਚ ਸਾਲ 2014 ਤੋਂ ਇਹ ਰੁਝਾਨ ਸ਼ੁਰੂ ਹੋਇਆ ਸੀ ਜਦਕਿ ਇੱਕੋ ਸਾਲ ’ਚ 5.48 ਲੱਖ ਪਾਸਪੋਰਟ ਬਣੇ ਸਨ। ਸਾਲ 2016 ਇਹ ਅੰਕੜਾ 9.73 ਲੱਖ ’ਤੇ ਪਹੁੰਚ ਗਿਆ ਸੀ। ਸਿਰਫ਼ ਕਰੋਨਾ ਵਾਲੇ ਦੋ ਵਰ੍ਹਿਆਂ ’ਚ ਪਾਸਪੋਰਟਾਂ ’ਚ ਕਮੀ ਆਈ ਸੀ ਪਰ ਉਸ ਮਗਰੋਂ ਤੇਜ਼ ਰਫ਼ਤਾਰ ਨਾਲ ਪਾਸਪੋਰਟ ਵਧੇ ਸਨ।

       ਕਰੀਬ ਇੱਕ ਦਹਾਕੇ ਮਗਰੋਂ ਹੁਣ ਪਾਸਪੋਰਟਾਂ ਦੇ ਰੁਝਾਨ ਨੂੰ ਮੋੜਾ ਪਿਆ ਹੈ ਜੋ ਸੰਕੇਤ ਕਰਦਾ ਹੈ ਕਿ ਪੰਜਾਬੀਆਂ ਦੇ ਸਿਰ ’ਤੇ ਜੋ ਵਿਦੇਸ਼ ਜਾਣ ਦਾ ‘ਜਨੂੰਨ’ ਸਵਾਰ ਸੀ, ਉਹ ਹੁਣ ਉਤਰਨ ਲੱਗਾ ਹੈ। ਪੰਜਾਬ ’ਚ ਸਾਲ 2014 ਤੋਂ ਹੁਣ ਤੱਕ 92.40 ਲੱਖ ਪਾਸਪੋਰਟ ਬਣ ਚੁੱਕੇ ਹਨ। ਹਰਿਆਣਾ ’ਚ ਵੀ ਪਾਸਪੋਰਟ ਬਣਾਉਣ ਦਾ ਰੁਝਾਨ ਘਟਿਆ ਹੈ ਜਿੱਥੇ ਸਾਲ 2023 ਵਿੱਚ 5.82 ਲੱਖ ਜਦਕਿ ਸਾਲ 2024 ਵਿੱਚ 5.49 ਲੱਖ ਪਾਸਪੋਰਟ ਬਣੇ ਸਨ। ਪਾਸਪੋਰਟ ਬਣਾਉਣ ਦੇ ਮਾਮਲੇ ’ਚ ਕੇਰਲਾ ਦਾ ਪਹਿਲਾ ਸਥਾਨ ਹੈ ਜਿੱਥੇ ਸਾਲ 2023 ’ਚ 15.07 ਲੱਖ ਜਦਕਿ 2024 ਵਿਚ 15.93 ਲੱਖ ਪਾਸਪੋਰਟ ਬਣੇ। ਪੰਜਾਬ ਵਿੱਚ ਹੁਣ ਆਈਲੈਟਸ ਕੇਂਦਰਾਂ ਦਾ ਕਾਰੋਬਾਰ ਵੀ ਚੌਪਟ ਹੋਣ ਲੱਗਾ ਹੈ ਅਤੇ ਇਨ੍ਹਾਂ ਕੇਂਦਰਾਂ ਨੂੰ ਤੇਜ਼ੀ ਨਾਲ ਤਾਲੇ ਲੱਗੇ ਹਨ। 

       ਅਸਲ ਵਿੱਚ ਪੰਜਾਬ ਚੋਂ ਨੌਜਵਾਨ ਪਿਛਲੇ ਵਰ੍ਹਿਆਂ ’ਚ ਕੈਨੇਡਾ ਗਏ ਹਨ, ਉਹ ਉੱਥੇ ਪੀਆਰ ਹੋ ਚੁੱਕੇ ਹਨ ਅਤੇ ਪਿੱਛੇ ਉਨ੍ਹਾਂ ਦੇ ਮਾਪੇ ਵੀ ਕੈਨੇਡਾ ਚਲੇ ਗਏ ਹਨ। ਪੰਜਾਬ ’ਚ ਇਸ ਵੇਲੇ ਕਰੀਬ 55 ਲੱਖ ਘਰ ਹਨ ਜਦਕਿ ਪਾਸਪੋਰਟਾਂ ਦਾ ਅੰਕੜਾ 92.40 ਲੱਖ ਹੈ। ਇੱਕ ਦਹਾਕੇ ’ਚ ਕਰੀਬ 30 ਹਜ਼ਾਰ ਪੰਜਾਬੀ ਵਿਦੇਸ਼ ’ਚ ਨਾਗਰਿਕਤਾ ਮਿਲਣ ਮਗਰੋਂ ਪੰਜਾਬ ਨੂੰ ਪੱਕੇ ਤੌਰ ’ਤੇ ਅਲਵਿਦਾ ਵੀ ਆਖ ਚੁੱਕੇ ਹਨ। ਪੰਜਾਬ ਦੇ ਐੱਨਆਰਆਈ ਮਾਮਲਿਆਂ ਬਾਰੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜੋ ‘ਵਤਨ ਵਾਪਸੀ’ ਦਾ ਨਾਅਰਾ ਦਿੱਤਾ ਗਿਆ ਸੀ, ਉਹ ਰੰਗ ਦਿਖਾਉਣ ਲੱਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪੱਕਾ ਰੁਜ਼ਗਾਰ ਦਿੱਤਾ ਜਾ ਰਿਹਾ ਹੈ ਜਿਸ ਨਾਲ ਨੌਜਵਾਨਾਂ ਨੂੰ ਸੂਬੇ ਵਿੱਚ ਨੌਕਰੀਆਂ ਦੇ ਮੌਕੇ ਮਿਲਣ ਲੱਗੇ ਹਨ। ਇਸੇ ਦਾ ਅਸਰ ਹੁਣ ਸਾਹਮਣੇ ਆਉਣ ਲੱਗਿਆ ਹੈ।

Monday, July 15, 2024

                                                        ਪਾਸਪੋਰਟ ਯੁੱਗ
                                  ਸ਼ਾਹ ਮੁਹੰਮਦਾ ਕਰਨਾ ਪੰਜਾਬ ਖ਼ਾਲੀ..! 
                                                        ਚਰਨਜੀਤ ਭੁੱਲਰ  

ਚੰਡੀਗੜ੍ਹ : ਪੰਜਾਬ ’ਚ ਨਵੇਂ ਪਾਸਪੋਰਟਾਂ ਦੀ ਗੁੱਡੀ ਅਸਮਾਨੀ ਚੜ੍ਹਨ ਲੱਗੀ ਹੈ। ਵਰ੍ਹਾ 2023 ’ਚ ਬਣੇ ਪਾਸਪੋਰਟਾਂ ਨੇ ਪੁਰਾਣੇ ਸਭ ਰਿਕਾਰਡ ਤੋੜ ਦਿੱਤੇ ਹਨ। ਜਦੋਂ ‘ਵਤਨ ਵਾਪਸੀ’ ਦੀ ਨਾਅਰਾ ਗੂੰਜ ਰਿਹਾ ਹੈ ਤਾਂ ਉਸ ਵਕਤ ਨਵੇਂ ਪਾਸਪੋਰਟ ਬਣਾਉਣ ਵਾਲੇ ਕਤਾਰਾਂ ਬੰਨ੍ਹ ਖੜ੍ਹੇ ਹਨ। ਕਾਰਨ ਕੁੱਝ ਵੀ ਰਹੇ ਹੋਣ ਪ੍ਰੰਤੂ ਇਸ ਰੁਝਾਨ ਤੋਂ ਪੰਜਾਬੀ ਜਹਾਜ਼ ਚੜ੍ਹਨ ਲਈ ਕਾਹਲੇ ਜਾਪਦੇ ਹਨ। ਸਾਲ 2023 ਵਿਚ ਪੰਜਾਬ ਵਿਚ 11.94 ਲੱਖ ਪਾਸਪੋਰਟ ਬਣੇ ਹਨ ਜਦੋਂ ਕਿ 2024 ਦੇ ਪਹਿਲੇ ਛੇ ਮਹੀਨਿਆਂ ’ਚ ਹੀ ( ਜੂਨ ਮਹੀਨੇ ਤੱਕ) ਪੰਜਾਬ ਵਿਚ 5.82 ਲੱਖ ਪਾਸਪੋਰਟ ਬਣ ਚੁੱਕੇ ਹਨ।  ਜਦੋਂ ਕਰੋਨਾ ਮਹਾਂਮਾਰੀ ਦਾ ਦੌਰ ਸੀ ਤਾਂ ਉਦੋਂ ਪਾਸਪੋਰਟਾਂ ਨੂੰ ਠੱਲ੍ਹ ਪਈ ਸੀ। ਇਸ ਬਿਪਤਾ ਮਗਰੋਂ ਹੀ ਪਾਸਪੋਰਟ ਬਣਾਉਣ ਵਾਲਿਆਂ ਨੇ ਹਨ੍ਹੇਰੀ ਲਿਆ ਦਿੱਤੀ। ਪਹਿਲੀ ਜਨਵਰੀ 2014 ਤੋਂ ਜੂਨ 2024 (ਕਰੀਬ ਸਾਢੇ ਦਸ ਵਰ੍ਹਿਆਂ) ਵਿਚ ਪੰਜਾਬ ਵਿਚ 87.02 ਲੱਖ ਪਾਸਪੋਰਟ ਬਣ ਚੁੱਕੇ ਹਨ। 

          ਸਾਲ 2023 ’ਚ ਪੰਜਾਬ ਵਿਚ ਰੋਜ਼ਾਨਾ ਔਸਤਨ 3271 ਪਾਸਪੋਰਟ ਬਣੇ ਹਨ ਅਤੇ ਇਸ ਲਿਹਾਜ਼ ਨਾਲ ਹਰ ਘੰਟੇ ਪੰਜਾਬ ਵਿਚ ਔਸਤਨ 136 ਪਾਸਪੋਰਟ ਬਣ ਰਹੇ ਹਨ। ਹਰ ਮਹੀਨੇ ਇੱਕ ਲੱਖ ਪਾਸਪੋਰਟ ਬਣਦਾ ਹੈ। ਲੰਘੇ ਦਸ ਵਰ੍ਹਿਆਂ ਦੌਰਾਨ ਇਕੱਲਾ 2017 ਦਾ ਵਰ੍ਹਾ ਅਜਿਹਾ ਸੀ ਜਦੋਂ ਸਭ ਤੋਂ ਵੱਧ 9.73 ਲੱਖ ਪਾਸਪੋਰਟ ਬਣੇ ਸਨ ਅਤੇ ਇਹ ਰਿਕਾਰਡ ਹੁਣ ਸਾਲ 2023 ਨੇ ਤੋੜਿਆ ਹੈ। ਪੰਜਾਬ ਸਰਕਾਰ ਨੇ ‘ਵਤਨ ਵਾਪਸੀ’ ਦਾ ਹੋਕਾ ਦਿੱਤਾ ਹੈ। ਇਹ ਰੁਝਾਨ ਵੱਖਰੀ ਤਸਵੀਰ ਪੇਸ਼ ਕਰ ਰਿਹਾ ਹੈ। ਸਟੱਡੀ ਵੀਜ਼ੇ ਨੂੰ ਹੁਣ ਠੱਲ੍ਹ ਪਈ ਹੈ ਅਤੇ ਆਈਲੈੱਟਸ ਕੇਂਦਰਾਂ ਵਾਲਿਆਂ ਦਾ ਕਾਰੋਬਾਰ ਵੀ ਮੱਠਾ ਪਿਆ ਹੈ। ਕਈ ਮੁਲਕਾਂ ਵਿਚ ਨਿਯਮਾਂ ਦੀ ਸਖ਼ਤੀ ਨੇ ਪੰਜਾਬੀਆਂ ਨੂੰ ਪੰਜਾਬ ’ਚ ਟਿਕਣ ਲਈ ਕਿਹਾ ਹੈ। ‘ਸਟੱਡੀ ਵੀਜ਼ੇ’ ਨੇ ਹੀ ਸਭ ਤੋਂ ਵੱਧ ਪੰਜਾਬ ਨੂੰ ਖਿੱਚਿਆ ਸੀ। ਗੁਆਂਢੀ ਸੂਬੇ ਹਰਿਆਣਾ ਵਿਚ ਸਾਲ 2023 ਵਿਚ 5.82 ਲੱਖ ਪਾਸਪੋਰਟ ਬਣੇ ਹਨ ਜੋ ਕਿ ਪੰਜਾਬ ਨਾਲੋਂ ਅੱਧੇ ਹਨ।

          ਸਾਲ 2023 ਵਿਚ ਦੇਸ਼ ਭਰ ਚੋਂ ਪਹਿਲਾ ਨੰਬਰ ਮਹਾਰਾਸ਼ਟਰ ਦਾ ਰਿਹਾ ਹੈ ਜਿੱਥੇ 15.10 ਲੱਖ ਪਾਸਪੋਰਟ ਬਣੇ ਹਨ ਅਤੇ ਦੂਜੇ ਨੰਬਰ ’ਤੇ ਉੱਤਰ ਪ੍ਰਦੇਸ਼ ਵਿਚ 13.68 ਲੱਖ ਪਾਸਪੋਰਟ ਬਣੇ ਹਨ। ਤੀਜਾ ਨੰਬਰ ਪੰਜਾਬ ਦਾ ਹੈ ਜਿੱਥੇ 11.94 ਲੱਖ ਪਾਸਪੋਰਟ ਬਣੇ ਹਨ। ਇਸ ਰੁਝਾਨ ਨੂੰ ਦੇਖਦਿਆਂ ਪੰਜਾਬ ਵਿਚ ਖੇਤਰੀ ਪਾਸਪੋਰਟ ਦਫ਼ਤਰਾਂ ਤੋਂ ਇਲਾਵਾ 14 ਪਾਸਪੋਰਟ ਸੇਵਾ ਕੇਂਦਰ ਵੀ ਕੰਮ ਕਰ ਰਹੇ ਹਨ ਜਿਨ੍ਹਾਂ ਦਾ ਵਰਕਲੋਡ ਪੰਜਾਬ ਨੇ ਵਧਾ ਰੱਖਿਆ ਹੈ। ਪਾਸਪੋਰਟ ਦਫ਼ਤਰਾਂ ਨੂੰ ਪੰਜਾਬ ਤੋਂ ਚੋਖੀ ਕਮਾਈ ਹੋ ਰਹੀ ਹੈ। ਕੇਰਲਾ ਵੀ ਇਸ ਮਾਮਲੇ ਵਿਚ ਕਾਫ਼ੀ ਅੱਗੇ ਹੈ ਅਤੇ ਕੇਰਲਾ ਵਿਚ ਲੰਘੇ ਸਾਢੇ ਦਸ ਸਾਲਾਂ ਵਿਚ 1.22 ਕਰੋੜ ਪਾਸਪੋਰਟ ਬਣੇ ਹਨ ਅਤੇ ਜਦੋਂ ਕਿ ਮਹਾਰਾਸ਼ਟਰ ਵਿਚ 1.19 ਕਰੋੜ, ਉੱਤਰ ਪ੍ਰਦੇਸ਼ ਵਿਚ 1.02 ਕਰੋੜ ਅਤੇ ਤਾਮਿਲਨਾਡੂ ਵਿਚ ਇੱਕ ਕਰੋੜ ਪਾਸਪੋਰਟ ਬਣੇ ਹਨ। ਪੰਜਾਬ ਵਿਚ 87.02 ਲੱਖ ਪਾਸਪੋਰਟ ਬਣੇ ਹਨ। 

          ਪੰਜਾਬ ਸਰਕਾਰ ਨੇ ਇੱਧਰ ਸੂਬੇ ਵਿਚ ਸਰਕਾਰੀ ਨੌਕਰੀਆਂ ਦੇਣੀਆਂ ਸ਼ੁਰੂ ਕੀਤੀਆਂ ਹਨ ਅਤੇ ਮੁੱਖ ਮੰਤਰੀ ਭਗਵੰਤ ਮਾਨ ਆਖਦੇ ਹਨ ਕਿ ਰੈਗੂਲਰ ਨੌਕਰੀਆਂ ਮਿਲਣ ਕਰਕੇ ਪੰਜਾਬ ਦਾ ਨੌਜਵਾਨ ਵਿਦੇਸ਼ ਜਾਣ ਤੋਂ ਰੁਕਿਆ ਹੈ। ਪੰਜਾਬ ਦਾ ਜੋ ਨੌਜਵਾਨ ਕੈਨੇਡਾ ਵਗ਼ੈਰਾ ਵਿਚ ਪੀਆਰ ਹੋ ਗਏ ਹਨ, ਉਨ੍ਹਾਂ ਦੇ ਮਾਪੇ ਵੀ ਪਿੱਛੇ ਜਾਣ ਲੱਗੇ ਹਨ। ਪੰਜਾਬ ਵਿਚ ਕਰੀਬ 55 ਲੱਖ ਘਰ ਹਨ ਜਦੋਂ ਕਿ ਸਾਢੇ ਦਸ ਵਰ੍ਹਿਆਂ ਵਿਚ ਪਾਸਪੋਰਟ 87.02 ਲੱਖ ਬਣ ਗਏ ਹਨ। ਕੇਂਦਰੀ ਵਿਦੇਸ਼ ਮੰਤਰਾਲੇ ਦੇ ਵੇਰਵਿਆਂ ਅਨੁਸਾਰ ਪੰਜਾਬ ਦੇ ਕਰੀਬ 28 ਹਜ਼ਾਰ ਬਾਸ਼ਿੰਦੇ ਲੰਘੇ ਨੌ ਸਾਲਾਂ ਵਿਚ ਦੇਸ਼ ਦੀ ਨਾਗਰਿਕਤਾ ਛੱਡ ਚੁੱਕੇ ਹਨ। ਇਸ ਤਰ੍ਹਾਂ ਦੇ ਰੁਝਾਨ ਤੋਂ ਲੱਗਦਾ ਹੈ ਕਿ ਆਉਂਦੇ ਵਰ੍ਹਿਆਂ ਵਿਚ ਪੰਜਾਬ ਦੇ ਪਿੰਡ ਖ਼ਾਲੀ ਹੋ ਜਾਣਗੇ। ਬਹੁਤੇ ਪਿੰਡਾਂ ਵਿਚ ਤਾਂ ਅਜਿਹੇ ਹਾਲਾਤ ਬਣ ਵੀ ਚੁੱਕੇ ਹਨ।

Tuesday, December 5, 2023

                                                       ਨਹੀਂ ਬਦਲੀ ਹਵਾ
                                 ਪੰਜਾਬ ’ਚ ਆਈ ਪਾਸਪੋਰਟਾਂ ਦੀ ਹਨੇਰੀ..!
                                                        ਚਰਨਜੀਤ ਭੁੱਲਰ

ਚੰਡੀਗੜ੍ਹ : ਪਾਸਪੋਰਟ ਬਣਾਉਣ ਵਿੱਚ ਪੰਜਾਬ ਮੁੜ ਸਿਖਰ ਵੱਲ ਵਧਣ ਲੱਗਾ ਹੈ। ਕਰੋਨਾ ਮਹਾਮਾਰੀ ਕਾਰਨ ਪਾਸਪੋਰਟਾਂ ਦੀ ਆਈ ਹਨੇਰੀ ਨੂੰ ਕੁਝ ਸਮਾਂ ਠੱਲ੍ਹ ਪਈ ਸੀ ਪਰ ਇਹ ਰਫ਼ਤਾਰ ਮੁੜ ਤੇਜ਼ੀ ਫੜਨ ਲੱਗ ਪਈ ਹੈ। ਬੇਸ਼ੱਕ ‘ਆਪ’ ਸਰਕਾਰ ਨੇ ‘ਵਤਨ ਵਾਪਸੀ’ ਦੇ ਏਜੰਡੇ ’ਤੇ ਕੰਮ ਸ਼ੁਰੂ ਕੀਤਾ ਹੈ, ਪਰ ਪੰਜਾਬੀ ਪਾਸਪੋਰਟ ਬਣਾਉਣ ਵਿੱਚ ਕੋਈ ਢਿੱਲ ਨਹੀਂ ਦਿਖਾ ਰਹੇ ਹਨ। ਪਾਸਪੋਰਟਾਂ ਦੇ ਰੁਝਾਨ ’ਤੇ ਨਜ਼ਰ ਮਾਰੀਏ ਤਾਂ ਸਟੱਡੀ ਵੀਜ਼ੇ ’ਤੇ ਵਿਦੇਸ਼ ਜਾਣ ਵਾਲੇ ਵਿਦਿਆਰਥੀਆਂ ਨੂੰ ਕੋਈ ਠੱਲ੍ਹ ਪੈਂਦੀ ਨਹੀਂ ਦਿਖ ਰਹੀ ਹੈ। ਭਾਰਤੀ ਵਿਦੇਸ਼ ਮੰਤਰਾਲੇ ਦੇ ਤਾਜ਼ਾ ਅੰਕੜੇ ਹਨ ਕਿ ਸਾਲ 2023 ਦੇ ਨਵੰਬਰ ਮਹੀਨੇ ਤੱਕ ਪੰਜਾਬ ਵਿੱਚ 9.79 ਲੱਖ ਪਾਸਪੋਰਟ ਬਣੇ ਹਨ ਅਤੇ ਇਸ ਅੰਕੜੇ ਨਾਲ ਪੰਜਾਬ ਪੂਰੇ ਦੇਸ਼ ’ਚੋਂ ਚੌਥੇ ਨੰਬਰ ’ਤੇ ਆ ਗਿਆ ਹੈ। ਖੇਤਰੀ ਪਾਸਪੋਰਟ ਦਫ਼ਤਰਾਂ ਤੋਂ ਇਲਾਵਾ ਸੂਬੇ ਵਿੱਚ 14 ਪਾਸਪੋਰਟ ਸੇਵਾ ਕੇਂਦਰ ਵੀ ਕੰਮ ਕਰ ਰਹੇ ਹਨ, ਜਿਨ੍ਹਾਂ ਨੂੰ ਸਾਹ ਨਹੀਂ ਆ ਰਿਹਾ ਹੈ। 

         ਬੀਤੇ ਇੱਕ ਦਹਾਕੇ ਦੌਰਾਨ ਸਾਲ 2018 ਇਕਲੌਤਾ ਵਰ੍ਹਾ ਸੀ, ਜਦੋਂ ਇੱਕੋ ਸਾਲ ’ਚ ਪੰਜਾਬ ਵਿੱਚ ਰਿਕਾਰਡ 10.69 ਲੱਖ ਪਾਸਪੋਰਟ ਬਣੇ ਸਨ। ਵੇਰਵਿਆਂ ਅਨੁਸਾਰ ਸਾਲ 2020 ਵਿੱਚ ਇਹ ਅੰਕੜਾ ਘੱਟ ਕੇ 4.82 ਲੱਖ ਪਾਸਪੋਰਟਾਂ ਦਾ ਰਹਿ ਗਿਆ ਸੀ। ਪੰਜਾਬ ਵਿੱਚ ਸਾਲ 2021 ਵਿੱਚ 6.44 ਲੱਖ ਪਾਸਪੋਰਟ ਬਣੇ ਅਤੇ 2022 ਵਿੱਚ ਇਹ ਅੰਕੜਾ ਵਧ ਕੇ 9.35 ਲੱਖ ਪਾਸਪੋਰਟਾਂ ਦਾ ਹੋ ਗਿਆ। ਚਾਲੂ ਵਰ੍ਹੇ ਦੇ ਨਵੰਬਰ ਮਹੀਨੇ ਤੱਕ 9.79 ਲੱਖ ਪਾਸਪੋਰਟ ਬਣ ਚੁੱਕੇ ਹਨ। ਦਸੰਬਰ ਮਹੀਨੇ ਤੱਕ ਇਹ ਅੰਕੜਾ 10ਲੱਖ ਨੂੰ ਛੂਹ ਸਕਦਾ ਹੈ। ‘ਆਪ’ ਸਰਕਾਰ ਵੱਲੋਂ ਸੂਬੇ ਵਿੱਚ ਪੱਕੀਆਂ ਸਰਕਾਰੀ ਨੌਕਰੀਆਂ ਦਿੱਤੀਆਂ ਜਾ ਰਹੀਆਂ ਹਨ ਤੇ ਸਰਕਾਰ ਦਾ ਦਾਅਵਾ ਹੈ ਕਿ ਸੂਬੇ ਵਿੱਚ ਰੁਜ਼ਗਾਰ ਮਿਲਣ ਕਰ ਕੇ ਵਿਦੇਸ਼ ਜਾਣ ਦੇ ਰੁਝਾਨ ਨੂੰ ਠੱਲ੍ਹ ਪਵੇਗੀ। ਦੂਜੇ ਪਾਸੇ ਨਵੇਂ ਬਣ ਰਹੇ ਪਾਸਪੋਰਟ ਸਟੱਡੀ ਵੀਜ਼ੇ ਨੂੰ ਮੋੜਾ ਨਾ ਪੈਣ ਦੀ ਗਵਾਹੀ ਭਰ ਰਹੇ ਹਨ। 

         ਸਮੁੱਚੇ ਦੇਸ਼ ’ਚੋਂ ਇਸ ਵੇਲੇ 13 ਲੱਖ ਵਿਦਿਆਰਥੀ ਵਿਦੇਸ਼ੀ ਧਰਤੀ ’ਤੇ ਸਿੱਖਿਆ ਹਾਸਲ ਕਰ ਰਹੇ ਹਨ।ਗੁਆਂਢੀ ਸੂਬੇ ਹਰਿਆਣਾ ਵਿੱਚ ਚਾਲੂ ਵਰ੍ਹੇ ਦੇ ਨਵੰਬਰ ਮਹੀਨੇ ਤੱਕ 4.79 ਲੱਖ ਪਾਸਪੋਰਟ ਹੀ ਬਣੇ ਹਨ ਅਤੇ ਰਾਜਸਥਾਨ ’ਚ ਇਸ ਸਮੇਂ ਦੌਰਾਨ 3.84 ਲੱਖ ਪਾਸਪੋਰਟ ਬਣੇ ਹਨ। ਇਸੇ ਤਰ੍ਹਾਂ ਗੁਜਰਾਤ ਵਿੱਚ 8.19 ਲੱਖ ਤੇ ਹਿਮਾਚਲ ਪ੍ਰਦੇਸ਼ ਵਿੱਚ 57,153 ਪਾਸਪੋਰਟ ਬਣੇ ਹਨ। ਦੇਸ਼ ਭਰ ’ਚੋਂ ਇਸ ਵਰ੍ਹੇ ਪਾਸਪੋਰਟ ਬਣਾਉਣ ਵਿੱਚ ਕੇਰਲਾ ਦੀ ਝੰਡੀ ਰਹੀ ਹੈ, ਜਿੱਥੇ 11 ਮਹੀਨਿਆਂ ਵਿੱਚ 12.85 ਲੱਖ ਪਾਸਪੋਰਟ ਬਣੇ ਹਨ ਜਦਕਿ 12.57 ਲੱਖ ਪਾਸਪੋਰਟਾਂ ਨਾਲ ਮਹਾਰਾਸ਼ਟਰ ਦੂਸਰੇ ਨੰਬਰ ’ਤੇ ਅਤੇ ਉੱਤਰ ਪ੍ਰਦੇਸ਼ 11.49 ਲੱਖ ਪਾਸਪੋਰਟਾਂ ਨਾਲ ਤੀਜੇ ਨੰਬਰ ’ਤੇ ਹੈ। ਪੰਜਾਬ ਇਸ ਸੂਚੀ ਵਿੱਚ 9.79 ਲੱਖ ਪਾਸਪੋਰਟਾਂ ਨਾਲ ਚੌਥੇ ਨੰਬਰ ’ਤੇ ਹੈ।

                                    ਨੌਂ ਸਾਲਾਂ ’ਚ 79.05 ਲੱਖ ਪਾਸਪੋਰਟ ਬਣੇ

ਪੰਜਾਬ ਵਿੱਚ ਸਾਲ 2014 ਤੋਂ ਨਵੰਬਰ 2023 ਤੱਕ ਕੁੱਲ 79.05 ਲੱਖ ਪਾਸਪੋਰਟ ਬਣ ਚੁੱਕੇ ਹਨ। ਪੰਜਾਬ ਵਿੱਚ ਇਸ ਵੇਲੇ ਅੰਦਾਜ਼ਨ 55 ਲੱਖ ਘਰ ਹਨ ਜਦਕਿ ਪਾਸਪੋਰਟਾਂ ਦੀ ਔਸਤ ਦੇਖੀਏ ਤਾਂ ਹਰੇਕ ਘਰ ਵਿੱਚ ਇੱਕ ਤੋਂ ਜ਼ਿਆਦਾ ਪਾਸਪੋਰਟ ਹਨ। ਭਾਰਤੀ ਵਿਦੇਸ਼ ਮੰਤਰਾਲੇ ਨੂੰ ਨਵੇਂ ਪਾਸਪੋਰਟਾਂ ਨਾਲ ਪੰਜਾਬ ਤੋਂ ਕਾਫ਼ੀ ਕਮਾਈ ਹੋ ਰਹੀ ਹੈ। ਸਾਲ 2017 ਤੋਂ ਪੰਜਾਬ ਵਿੱਚ ਸਟੱਡੀ ਵੀਜ਼ੇ ਦੇ ਰੁਝਾਨ ਨੇ ਜ਼ੋਰ ਫੜਨਾ ਸ਼ੁਰੂ ਕੀਤਾ ਸੀ। ਹੁਣ ਜਦੋਂ ਪਹਿਲੋਂ ਪਹਿਲ ਗਏ ਵਿਦਿਆਰਥੀ ਦੂਸਰੇ ਮੁਲਕਾਂ ਵਿੱਚ ਨੌਕਰੀ ਕਰਨ ਲੱਗ ਪਏ ਹਨ ਤਾਂ ਹੁਣ ਉਨ੍ਹਾਂ ਦੇ ਮਾਪੇ ਵੀ ਪਿੱਛੇ-ਪਿੱਛੇ ਵਿਦੇਸ਼ ਜਾਣ ਲੱਗੇ ਹਨ।

Saturday, August 12, 2023

                                                     ਦੇਸ਼ ਹੋਇਆ ਪ੍ਰਦੇਸ਼ 
                              ਪੰਜਾਬ ਨੂੰ ਅਲਵਿਦਾ ਕਹਿਣ ਲੱਗੇ ਪੰਜਾਬੀ..! 
                                                      ਚਰਨਜੀਤ ਭੁੱਲਰ  

ਚੰਡੀਗੜ੍ਹ : ਦੇਸ਼ ਭਰ ਚੋਂ ਪੰਜਾਬੀ ਇਸ ਵੇਲੇ ਦੂਸਰੇ ਨੰਬਰ ’ਤੇ ਹਨ ਜਿਨ੍ਹਾਂ ਵੱਲੋਂ ਆਪਣੀ ਮਾਤ ਭੂਮੀ ਨੂੰ ਪੱਕੇ ਤੌਰ ’ਤੇ ਅਲਵਿਦਾ ਕਿਹਾ ਜਾ ਰਿਹਾ ਹੈ। ਲੰਘੇ ਨੌ ਵਰਿ੍ਹਆਂ ਦਾ ਰੁਝਾਨ ਹੈ ਕਿ ਹਰ ਵਰ੍ਹੇ ਔਸਤਨ 3124 ਪੰਜਾਬੀਆਂ ਨੇ ਆਪਣੀ ਧਰਤੀ ਨੂੰ ਪੱਕੇ ਤੌਰ ’ਤੇ ਛੱਡਿਆ ਹੈ। ਦਿੱਲੀ ਇਸ ਮਾਮਲੇ ’ਤੇ ਪਹਿਲੇ ਨੰਬਰ ਹੈ ਜਦੋਂ ਕਿ ਪੰਜਾਬੀ ਤੇ ਗੁਜਰਾਤੀ ਪੱਕੇ ਤੌਰ ’ਤੇ ਵਿਦੇਸ਼ੀ ਬਾਸ਼ਿੰਦੇ ਬਣਨ ਵਾਸਤੇ ਕਦਮ ਨਾਲ ਕਦਮ ਮਿਲਾ ਕੇ ਚੱਲ ਰਹੇ ਹਨ। ਪੰਜਾਬ ਚੋਂ ਸਟੱਡੀ ਵੀਜ਼ੇ ਨੇ ਜੋ ਜਵਾਨੀ ਨੂੰ ਖੰਭ ਲਾਏ ਹਨ, ਉਸ ਦੇ ਨਤੀਜੇ ਆਉਂਦੇ ਵਰਿ੍ਹਆਂ ’ਚ ਨਜ਼ਰ ਪੈਣਗੇ। ਕੇਂਦਰੀ ਵਿਦੇਸ਼ ਮੰਤਰਾਲੇ ਨੇ ਨੌ ਵਰਿ੍ਹਆਂ (2014 ਤੋਂ 2022) ਦਾ ਅੰਕੜਾ ਨਸ਼ਰ ਕੀਤਾ ਹੈ ਕਿ ਇਨ੍ਹਾਂ ਵਰਿ੍ਹਆਂ ਵਿਚ 2,46,580 ਭਾਰਤੀ ਲੋਕਾਂ ਨੇ ਵਿਦੇਸ਼ੀ ਨਾਗਰਿਕਤਾ ਹਾਸਲ ਕੀਤੀ ਹੈ ਅਤੇ ਇਨ੍ਹਾਂ ਭਾਰਤੀ ਲੋਕਾਂ ਨੇ ਆਪਣਾ ਭਾਰਤੀ ਪਾਸਪੋਰਟ ਸਰੰਡਰ ਕਰ ਦਿੱਤਾ ਹੈ। ਅਗਾਂਹ ਦੇਖੀਏ ਤਾਂ ਦਿੱਲੀ ਦੇ ਸਭ ਤੋਂ ਵੱਧ 60,414 ਲੋਕਾਂ ਨੇ ਭਾਰਤੀ ਪਾਸਪੋਰਟ ਨੂੰ ਸਰੰਡਰ ਕੀਤਾ ਹੈ। ਇਨ੍ਹਾਂ ਨੌ ਵਰਿ੍ਹਆਂ ’ਚ ਦੂਸਰਾ ਨੰਬਰ ਪੰਜਾਬ ਦਾ ਹੈ ਜਿੱਥੋਂ ਦੇ 28,717 ਲੋਕਾਂ ਨੇ ਵਿਦੇਸ਼ੀ ਨਾਗਰਿਕਤਾ ਹਾਸਲ ਕੀਤੀ ਹੈ ਅਤੇ ਭਾਰਤੀ ਪਾਸਪੋਰਟ ਨੂੰ ਛੱਡਿਆ ਹੈ।

      ਤੀਸਰਾ ਨੰਬਰ ਗੁਜਰਾਤੀ ਲੋਕਾਂ ਦਾ ਹੈ ਅਤੇ ਗੁਜਰਾਤ ਦੇ 22,300 ਲੋਕਾਂ ਨੇ ਭਾਰਤੀ ਪਾਸਪੋਰਟ ਨੂੰ ਸਰੰਡਰ ਕੀਤਾ ਹੈ। ਗੁਆਂਢੀ ਸੂਬੇ ਹਰਿਆਣਾ ਦੇ ਸਿਰਫ਼ 7226 ਲੋਕਾਂ ਨੇ ਹੀ ਨੌ ਸਾਲਾਂ ਵਿਚ ਵਿਦੇਸ਼ ’ਚ ਪੱਕੇ ਵਸੇ ਹਨ। ਚੰਡੀਗੜ੍ਹ ਦੇ ਕੇਵਲ 1904 ਲੋਕਾਂ ਨੇ ਭਾਰਤੀ ਨਾਗਰਿਕਤਾ ਨੂੰ ਛੱਡਿਆ ਹੈ। ਭਾਰਤੀ ਨਾਗਰਿਕਤਾ ਐਕਟ 1955 ਅਨੁਸਾਰ ਭਾਰਤੀ ਮੂਲ ਦਾ ਨਾਗਰਿਕ ਇੱਕੋ ਵੇਲੇ ਦੋ ਮੁਲਕਾਂ ਦੀ ਨਾਗਰਿਕਤਾ ਨਹੀਂ ਰੱਖ ਸਕਦਾ ਹੈ ਜਿਸ ਕਰਕੇ ਉਸ ਨੂੰ ਇੱਕ ਮੁਲਕ ਦੀ ਨਾਗਰਿਕਤਾ ਛੱਡਣੀ ਪੈਂਦੀ ਹੈ।ਬਠਿੰਡਾ ਦੇ ਪਿੰਡ ਰਾਈਆ ਦੇ ਕਮਲਜੀਤ ਸਿੰਘ ਸਿੱਧੂ ਜੋ ਕੈਨੇਡਾ ਦੇ ਪੱਕੇ ਨਾਗਰਿਕ ਹਨ, ਦਾ ਕਹਿਣਾ ਸੀ ਕਿ ਪੰਜਾਬੀਆਂ ਲਈ ਰੁਜ਼ਗਾਰ ਦਾ ਮਸਲਾ ਸਭ ਤੋਂ ਵੱਡਾ ਹੈ ਜੋ ਉਨ੍ਹਾਂ ਨੂੰ ਆਪਣੀ ਮਾਤ ਭੂਮੀ ਤੋਂ ਨਿਖੇੜ ਰਿਹਾ ਹੈ। ਉਨ੍ਹਾਂ ਕਿਹਾ ਕਿ ਸਟੱਡੀ ਵੀਜ਼ੇ ਦਾ ਰੁਝਾਨ ਵੀ ਇਸ ਦੀ ਪ੍ਰਤੱਖ ਮਿਸਾਲ ਹੈ। ਇਸੇ ਤਰ੍ਹਾਂ ਕੈਨੇਡੀਅਨ ਨਾਗਰਿਕ ਅਤੇ ਪਿੰਡ ਦਿਉਣ ਦੇ ਜੰਮਪਲ ਜਸਵੰਤ ਸਿੰਘ ਬਰਾੜ ਦਾ ਕਹਿਣਾ ਸੀ ਕਿ ਜਦੋਂ ਸਟੱਡੀ ਵੀਜ਼ੇ ਵਾਲੇ ਨੌਜਵਾਨ ਨਾਗਰਿਕਤਾ ਲੈਣ ਵਾਲੇ ਪੜਾਅ ’ਤੇ ਪੁੱਜ ਗਏ, ਉਦੋਂ ਇਹ ਅੰਕੜਾ ਇਕਦਮ ਵਧੇਗਾ।

        ਵੇਰਵਿਆਂ ਅਨੁਸਾਰ ਨੌ ਵਰਿ੍ਹਆਂ ਦੀ ਔਸਤਨ ਦੇਖਣੀ ਹੋਵੇ ਤਾਂ ਰੋਜ਼ਾਨਾ ਔਸਤਨ 8 ਪੰਜਾਬੀ ਆਪਣੀ ਜਨਮ ਭੂਮੀ ਨੂੰ ਪੱਕੇ ਤੌਰ ’ਤੇ ਛੱਡ ਰਹੇ ਹਨ ਅਤੇ ਕਰਮ ਭੂਮੀ ’ਤੇ ਪੈਰ ਜਮਾ ਰਹੇ ਹਨ। ਹਰ ਮਹੀਨੇ ਔਸਤਨ 260 ਪੰਜਾਬੀ ਦੂਸਰੇ ਮੁਲਕਾਂ ਦੇ ਬਾਸ਼ਿੰਦੇ ਬਣ ਰਹੇ ਹਨ। ਵਰ੍ਹਾ 2022 ਵਿਚ ਕੈਨੇਡਾ ਨੇ ਬਾਹਰੋਂ ਆਏ 1.20 ਲੱਖ ਲੋਕਾਂ ਨੂੰ ਪੀਆਰ ਦਿੱਤੀ ਹੈ। ਪੰਜਾਬੀਆਂ ਲਈ ਇਸ ਵੇਲੇ ਕੈਨੇਡਾ ਕਿਸੇ ਸਵਰਗ ਤੋਂ ਘੱਟ ਨਹੀਂ ਹੈ ਜਿੱਥੋਂ ਦਾ ਸਟੱਡੀ ਵੀਜ਼ਾ ਲੈਣ ਵਾਸਤੇ ਪੂਰਾ ਪੰਜਾਬ ਕਾਹਲਾ ਜਾਪਦਾ ਹੈ।ਲੁਧਿਆਣਾ ਦੇ ਐਡੂਵਿੰਗ (ਇਮੀਗਰੇਸ਼ਨ) ਦੇ ਐਮ.ਡੀ ਗੌਰਵ ਮੌਦਗਿੱਲ ਦਾ ਕਹਿਣਾ ਸੀ ਕਿ ਜਿਹੜੇ ਪੰਜਾਬੀ ਇੱਕ ਵਾਰੀ ਵਿਦੇਸ਼ ’ਚ ਪੈਰ ਪਾ ਲੈਂਦੇ ਹਨ, ਉਨ੍ਹਾਂ ਦਾ ਪਿਛਾਂਹ ਮੁੜਨਾ ਤਾਂ ਸੁਪਨੇ ਵਾਂਗ ਹੀ ਹੈ। ਸਭ ਤੋਂ ਵੱਧ ਪੰਜਾਬੀ ਕੈਨੇਡਾ, ਆਸਟ੍ਰੇਲੀਆ, ਅਮਰੀਕਾ, ਨਿਊਜ਼ੀਲੈਂਡ, ਇੰਗਲੈਂਡ ਜਾ ਰਹੇ ਹਨ। ਪੈਰਿਸ ’ਚ ਪੱਕੇ ਤੌਰ ’ਤੇ ਵਸੇ ਪਿੰਡ ਬੱਲ੍ਹੋ (ਰਾਮਪੁਰਾ) ਦੇ ਦਵਿੰਦਰ ਸਿੰਘ ਮਾਨ ਦਾ ਪ੍ਰਤੀਕਰਮ ਸੀ ਕਿ ਬਾਕੀ ਮੁਲਕਾਂ ਦੇ ਮੁਕਾਬਲੇ ਯੂਰਪ ’ਚ ਨਾਗਰਿਕਤਾ ਦੀ ਪ੍ਰਕਿਰਿਆ ਔਖੀ ਤੇ ਲੰਮੀ ਹੈ ਜਿਸ ਕਰਕੇ ਪੰਜਾਬੀ ਦੂਸਰੇ ਦੇਸ਼ਾਂ ਨੂੰ ਤਰਜੀਹ ਦਿੰਦੇ ਹਨ।

       ਬਿਊਰੋ ਆਫ਼ ਇਮੀਗਰੇਸ਼ਨ ਦੇ ਤੱਥ ਹਨ ਕਿ ਪਹਿਲੀ ਜਨਵਰੀ 2016 ਤੋਂ ਮਾਰਚ 2021 ਤੱਕ ਪੰਜਾਬ ਚੋਂ 2.62 ਲੱਖ ਪੰਜਾਬੀ ਸਟੱਡੀ ਵੀਜ਼ੇ ’ਤੇ ਵਿਦੇਸ਼ ਜਾ ਚੁੱਕੇ ਹਨ ਅਤੇ 4.78 ਲੱਖ ਵਿਅਕਤੀ ‘ਰੁਜ਼ਗਾਰ ਵੀਜ਼ਾ’ ’ਤੇ ਵਿਦੇਸ਼ ਗਏ ਹਨ। ਇਨ੍ਹਾਂ ਵਰਿ੍ਹਆਂ ਵਿਚ ਪੰਜਾਬ ਚੋਂ ਹਰ ਮਹੀਨੇ ਔਸਤਨ 7750 ਵਿਅਕਤੀ ਵਿਦੇਸ਼ ਰੁਜ਼ਗਾਰ ਲਈ ਗਏ ਹਨ। ਇਸ ਲਿਹਾਜ਼ ਨਾਲ ਹਰ ਵਰ੍ਹੇ ਔਸਤਨ ਕਰੀਬ 91,250 ਵਿਅਕਤੀ ਵਿਦੇਸ਼ੀ ਧਰਤੀ ’ਤੇ ਰੁਜ਼ਗਾਰ ਖ਼ਾਤਰ ਪੰਜਾਬ ਛੱਡ ਰਹੇ ਹਨ। ਪਾਸਪੋਰਟ ਐਕਟ 1967 ਅਨੁਸਾਰ ਇਹ ਲਾਜ਼ਮੀ ਹੁੰਦਾ ਹੈ ਕਿ ਜਿਉਂ ਹੀ ਕੋਈ ਵਿਅਕਤੀ ਦੂਸਰੇ ਦੇਸ਼ ਦੀ ਨਾਗਰਿਕਤਾ ਪ੍ਰਾਪਤ ਕਰ ਲੈਂਦਾ ਹੈ ਤਾਂ ਉਸ ਨੂੰ ਫ਼ੌਰੀ ਭਾਰਤੀ ਪਾਸਪੋਰਟ ਸਰੰਡਰ ਕਰਨਾ ਪੈਂਦਾ ਹੈ। ਅਗਰ ਕੋਈ ਵਿਅਕਤੀ ਅਜਿਹਾ ਨਹੀਂ ਕਰਦਾ ਹੈ ਤਾਂ ਉਸ ਦੀ ਪਾਸਪੋਰਟ ਦੀ ਦੁਰਵਰਤੋਂ ਦੇ ਮਾਮਲੇ ਵਿਚ ਪਾਸਪੋਰਟ ਐਕਟ ਦੀ ਧਾਰਾ 12 (1ਏ) ਤਹਿਤ ਕਾਰਵਾਈ ਕੀਤੀ ਜਾਂਦੀ ਹੈ।

                ਪਾਸਪੋਰਟ ਸਰੰਡਰ ਕਰਨ ਵਾਲੇ ਮੋਹਰੀ ਰਾਜ

ਸੂਬੇ ਦਾ ਨਾਮ              ਪਾਸਪੋਰਟ ਛੱਡਣ ਵਾਲਿਆਂ ਦੀ ਗਿਣਤੀ

ਦਿੱਲੀ                         60,414

ਪੰਜਾਬ                          28,117

ਗੁਜਰਾਤ                       22,300

ਗੋਆ                         18,610

ਮੱਧ ਪ੍ਰਦੇਸ਼                       17,171

ਕੇਰਲਾ                             16,247

ਤਾਮਿਲਨਾਡੂ                    14,046

ਕਰਨਾਟਕਾ                    10,245

ਆਂਧਰਾ ਪ੍ਰਦੇਸ਼                   9235      


Monday, December 19, 2022

                                                     ਪਾਸਪੋਰਟਾਂ ਦੀ ਹਨੇਰੀ..!
                                       ਹਰ ਚੌਥੇ ਪੰਜਾਬੀ ਕੋਲ ਪਾਸਪੋਰਟ..!
                                                         ਚਰਨਜੀਤ ਭੁੱਲਰ   

ਚੰਡੀਗੜ੍ਹ : ਪੰਜਾਬ ਵਿੱਚ ਪਾਸਪੋਰਟ ਬਣਵਾਉਣ ਵਾਲਿਆਂ ਦੀ ਹਨੇਰੀ ਆ ਗਈ ਹੈ ਤੇ ਇਸ ਕੰਮ ਵਿੱਚ ਪੰਜਾਬ ਨੇ ਵੱਡੇ ਵੱਡੇ ਸੂਬਿਆਂ ਨੂੰ ਵੀ ਪਛਾੜ ਦਿੱਤਾ ਹੈ। ਭਾਵੇਂ ਮਜਬੂਰੀ ਕਹਿ ਲਓ ਜਾਂ ਫਿਰ ਵਿਦੇਸ਼ ਜਾਣ ਦਾ ਸ਼ੌਕ, ਪਰ ਪੰਜਾਬ ਦੇ ਔਸਤਨ ਹਰ ਚੌਥੇ ਵਿਅਕਤੀ ਕੋਲ ਅੱਜ ਪਾਸਪੋਰਟ ਹੈ। ਸਟੱਡੀ ਵੀਜ਼ੇ ’ਤੇ ਜਾਣ ਦੇ ਇੱਛੁਕਾਂ ਦੇ ਪਾਸਪੋਰਟਾਂ ਦੇ ਤਾਂ ਢੇਰ ਲੱਗ ਗਏ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਇਸ ਵੇਲੇ ਲਗਪਗ ਤਿੰਨ ਕਰੋੜ ਦੀ ਆਬਾਦੀ ਵਾਲੇ ਸੂਬੇ ਪੰਜਾਬ ਵਿੱਚ 77.17 ਲੱਖ ਲੋਕਾਂ ਕੋਲ ਪਾਸਪੋਰਟ ਹਨ।  ਕੇਂਦਰੀ ਵਿਦੇਸ਼ ਮੰਤਰਾਲੇ ਵੱਲੋਂ ਦਿੱਤੇ ਗਏ ਤਾਜ਼ਾ ਵੇਰਵਿਆਂ ਅਨੁਸਾਰ ਦੇਸ਼ ਭਰ ਵਿੱਚ 9.58 ਕਰੋੜ ਪਾਸਪੋਰਟ ਹੋਲਡਰ ਹਨ ਤੇ ਪੰਜਾਬ ਇਸ ਸੂਚੀ ਵਿੱਚ ਸਮੁੱਚੇ ਦੇਸ਼ ’ਚੋਂ ਚੌਥੇ ਨੰਬਰ ’ਤੇ ਆਉਂਦਾ ਹੈ। ਪਹਿਲੇ ਨੰਬਰ ’ਤੇ 1.12 ਕਰੋੜ ਪਾਸਪੋਰਟਾਂ ਨਾਲ ਕੇਰਲਾ ਹੈ, ਜਦਕਿ ਦੂਸਰਾ ਨੰਬਰ 1.04 ਕਰੋੜ ਪਾਸਪੋਰਟਾਂ ਨਾਲ ਮਹਾਰਾਸ਼ਟਰ ਦਾ ਹੈ। ਉੱਤਰ ਪ੍ਰਦੇਸ਼ ਵਿੱਚ 87.03 ਲੱਖ ਪਾਸਪੋਰਟ ਬਣੇ ਹਨ, ਜੋ ਤੀਜੇ ਨੰਬਰ ’ਤੇ ਹੈ। 

           ਇਸੇ ਤਰ੍ਹਾਂ ਪੰਜਾਬ 77.17 ਲੱਖ ਪਾਸਪੋਰਟਾਂ ਨਾਲ ਚੌਥੇ ਸਥਾਨ ’ਤੇ ਹੈ। ਦਿੱਲੀ ’ਚ 39.06 ਲੱਖ ਤੇ ਚੰਡੀਗੜ੍ਹ ਵਿਚ 3.16 ਲੱਖ ਪਾਸਪੋਰਟ ਹਨ। ਗ਼ੌਰਤਲਬ ਹੈ ਕਿ ਜਦੋਂ ਤੋਂ ਸਟੱਡੀ ਵੀਜ਼ੇ ਦਾ ਰੁਝਾਨ ਵਧਿਆ ਹੈ, ਉਦੋਂ ਤੋਂ ਪੰਜਾਬ ਪੁਲੀਸ ਦਾ ਵੈਰੀਫਿਕੇਸ਼ਨ ਦਾ ਕੰਮ ਵੀ ਤੇਜ਼ੀ ਨਾਲ ਵਧਿਆ ਹੈ। ਪੰਜਾਬ ਦੇ ਪਿੰਡਾਂ ’ਚੋਂ ਵੱਡੀ ਗਿਣਤੀ ਨੌਜਵਾਨ ਸਟੱਡੀ ਵੀਜ਼ੇ ’ਤੇ ਪਰਵਾਸ ਕਰ ਰਹੇ ਹਨ। ਜਾਣਕਾਰੀ ਅਨੁਸਾਰ 2017 ਤੋਂ ਸਟੱਡੀ ਵੀਜ਼ੇ ’ਤੇ ਜਾਣ ਵਾਲਿਆਂ ਦਾ ਅੰਕੜਾ ਤੇਜ਼ੀ ਨਾਲ ਵਧਿਆ ਹੈ। 2022 ਦੇ ਨਵੰਬਰ ਮਹੀਨੇ ਤੱਕ 7.40 ਲੱਖ ਪਾਸਪੋਰਟ ਬਣ ਚੁੱਕੇ ਹਨ, ਜਦਕਿ 2021 ਵਿੱਚ 6.44 ਲੱਖ ਪਾਸਪੋਰਟ ਬਣਾਏ ਗਏ ਸਨ।ਜੇਕਰ ਜ਼ਿਲ੍ਹਾ ਵਾਰ ਨਜ਼ਰ ਮਾਰੀਏ ਤਾਂ ਪੰਜਾਬ ਦੇ ਜਲੰਧਰ ਜ਼ਿਲ੍ਹੇ ਵਿੱਚ ਸਭ ਤੋਂ ਵੱਧ 9.58 ਲੱਖ ਪਾਸਪੋਰਟ ਹਨ ਜਦਕਿ ਲੁਧਿਆਣਾ ਜ਼ਿਲ੍ਹੇ ਵਿੱਚ 7.28 ਲੱਖ, ਹੁਸ਼ਿਆਰਪੁਰ ਵਿੱਚ 5.67 ਲੱਖ, ਪਟਿਆਲਾ ਜ਼ਿਲ੍ਹੇ ਵਿੱਚ 4.88 ਲੱਖ, ਸੰਗਰੂਰ ਜ਼ਿਲ੍ਹੇ ਵਿੱਚ 3.20 ਲੱਖ, ਬਠਿੰਡਾ ਜ਼ਿਲ੍ਹੇ ਵਿੱਚ 2.47 ਲੱਖ ਤੇ ਮਾਨਸਾ ਜ਼ਿਲ੍ਹੇ ਵਿੱਚ 86,352 ਪਾਸਪੋਰਟ ਮੌਜੂਦ ਹਨ। 

           ਇਹ ਵੀ ਗੱਲ ਸਾਹਮਣੇ ਆਈ ਹੈ ਕਿ ਪੰਜਾਬ ਵਿੱਚ ਜਿਨ੍ਹਾਂ ਦੇ ਸਟੱਡੀ ਵੀਜ਼ੇ ਨਹੀਂ ਲੱਗੇ, ਉਨ੍ਹਾਂ ਵੱਲੋਂ ਆਪਣੇ ਪਾਸਪੋਰਟ ਰੀਨਿਊ ਵੀ ਨਹੀਂ ਕਰਵਾਏ ਗਏ।  ਅੰਕੜਿਆਂ ਅਨੁਸਾਰ ਸਮੁੱਚੇ ਪੰਜਾਬ ਵਿੱਚ 5.62 ਲੱਖ ਪਾਸਪੋਰਟ ਹਨ, ਜੋ ਰੀਨਿਊ ਨਹੀਂ ਕਰਵਾਏ ਗਏ। ਇਸ ਵਿੱਚ ਲੁਧਿਆਣਾ ਜ਼ਿਲ੍ਹੇ ਦੇ 1.10 ਲੱਖ, ਜਲੰਧਰ ਜ਼ਿਲ੍ਹੇ ਦੇ 69489, ਹੁਸ਼ਿਆਰਪੁਰ ਜ਼ਿਲ੍ਹੇ ਦੇ 35,055, ਮੋਗਾ ਜ਼ਿਲ੍ਹੇ ਦੇ 30632, ਬਠਿੰਡਾ ਜ਼ਿਲ੍ਹੇ ਦੇ 20,889 ਤੇ ਬਰਨਾਲਾ ਜ਼ਿਲ੍ਹੇ ਦੇ 11,994 ਪਾਸਪੋਰਟ ਰੀਨਿਊ ਨਹੀਂ ਹੋਏ ਹਨ। ਇੱਕ ਪਾਸੇ ਪਾਸਪੋਰਟ ਬਣਵਾਉਣ ਵਾਲਿਆਂ ਤੋਂ ਵਿਦੇਸ਼ ਮੰਤਰਾਲੇ ਨੂੰ ਆਮਦਨ ਹੋ ਰਹੀ ਹੈ, ਉੱਥੇ ਪੰਜਾਬ ਪੁਲੀਸ ਨੂੰ ਵੀ ਵੈਰੀਫਿਕੇਸ਼ਨ ਬਦਲੇ ਪੈਸਾ ਮਿਲ ਰਿਹਾ ਹੈ। ਪੁਲੀਸ ਅਧਿਕਾਰੀ ਆਖਦੇ ਹਨ ਕਿ ਪਾਸਪੋਰਟ ਵੈਰੀਫਿਕੇਸ਼ਨ ਕਰਕੇ ਪੁਲੀਸ ਵਿਭਾਗ ਦਾ ਕੰਮ ਕਾਫ਼ੀ ਵੱਧ ਗਿਆ ਹੈ।

                                    ਹੁਣ ਵਿਦੇਸ਼ ਦੇ ਰਾਹ ਮੋਕਲੇ ਹੋਏ: ਭੰਦੋਹਲ      

ਸਮਾਜਿਕ ਤੇ ਰਾਜਸੀ ਮਸਲਿਆਂ ਦੇ ਚਿੰਤਕ ਐਡਵੋਕੇਟ ਜਗਦੇਵ ਸਿੰਘ ਭੰਦੋਹਲ ਨੇ ਇਸ ਵਰਤਾਰੇ ਬਾਰੇ ਕਿਹਾ ਕਿ ਇੱਕ ਸਟੱਡੀ ਵੀਜ਼ਾ ਸਿਰਫ਼ ਇੱਕ ਵਿਦਿਆਰਥੀ ਲਈ ਨਹੀਂ, ਸਗੋਂ ਸਮੁੱਚੇ ਪਰਿਵਾਰ ਲਈ ਵਿਦੇਸ਼ ਦਾ ਰਾਹ ਖੋਲ੍ਹ ਦਿੰਦਾ ਹੈ, ਜਿਸ ਨਾਲ ਨਵੇਂ ਪਾਸਪੋਰਟ ਬਣਾਉਣ ਦਾ ਰੁਝਾਨ ਵਧਣਾ ਕੁਦਰਤੀ ਹੈ। ਉਨ੍ਹਾਂ ਕਿਹਾ ਕਿ ਪੰਜਾਬੀ ਸੁਭਾਅ ਪੱਖੋਂ ਹਿੰਮਤੀ ਪ੍ਰਵਿਰਤੀ ਦੇ ਹਨ ਤੇ ਹਰ ਖੇਤਰ ’ਚ ਇਸ ਕਰਕੇ ਮੋਹਰੀ ਨਜ਼ਰ ਪੈਂਦੇ ਹਨ।   


Thursday, June 17, 2021

                                                   ਚੱਲ ਉੱਡ ਚੱਲੀਏ
                              ਪੰਜਾਬ ’ਚ ਘਰ 55 ਲੱਖ, ਪਾਸਪੋਰਟ 54 ਲੱਖ ! 
                                                     ਚਰਨਜੀਤ ਭੁੱਲਰ

ਚੰਡੀਗੜ੍ਹ : ਪੰਜਾਬ ’ਚ ਪਾਸਪੋਰਟਾਂ ਦਾ ਹੜ੍ਹ ਵੇਖ ਲੱਗਦਾ ਹੈ ਕਿ ਪੰਜਾਬੀਆਂ ਦੀ ਰੀਸ ਕੌਣ ਕਰੂ ? ਪੰਜਾਬ ’ਚ ਕਰੀਬ 55 ਲੱਖ ਘਰ ਹਨ ਜਦੋਂ ਕਿ ਲੰਘੇ ਸੱਤ ਵਰਿ੍ਹਆਂ ’ਚ 54.36 ਲੱਖ ਪਾਸਪੋਰਟ ਬਣ ਗਏ ਹਨ। ਮਤਲਬ ਕਿ ਪੰਜਾਬ ਦੇ ਔਸਤਨ ਹਰ ਘਰ ਕੋਲ ਇੱਕ ਪਾਸਪੋਰਟ ਹੈ। ਹੁਣ ਕਰੋਨਾ ਮਹਾਂਮਾਰੀ ਨੇ ਪੰਜਾਬ ’ਚ ਪਾਸਪੋਰਟਾਂ ਦੇ ਹੜ ਨੂੰ ਠੱਲ ਪਾਈ ਹੈ। ਜਦੋਂ ਤੋਂ ਵਿਦੇਸ਼ਾਂ ਲਈ ਸਟੱਡੀ ਵੀਜ਼ੇ ਲਈ ਰਾਹ ਖੁੱਲ੍ਹੇ ਹਨ, ਉਦੋਂ ਤੋਂ ਪੰਜਾਬ ’ਚ ਧੜਾਧੜ ਨਵੇਂ ਪਾਸਪੋਰਟ ਬਣਨ ਲੱਗੇ ਹਨ। ਉੱਤਰੀ ਭਾਰਤ ਚੋਂ ਪੰਜਾਬ ਨੇ ਪਹਿਲਾ ਨੰਬਰ ਲਿਆ ਹੈ। ਪਹਿਲੀ ਜਨਵਰੀ 2014 ਤੋਂ ਫਰਵਰੀ 2021 ਤੱਕ ਪੰਜਾਬ ’ਚ 54.36 ਲੱਖ ਪਾਸਪੋਰਟ ਬਣੇ ਹਨ।

    ਕੇਂਦਰੀ ਵਿਦੇਸ਼ ਮੰਤਰਾਲੇ ਦੇ ਵੇਰਵਿਆਂ ਅਨੁਸਾਰ ਪੰਜਾਬ ਵਿਚ ਲੰਘੇ ਕਰੋਨਾ ਮਹਾਂਮਾਰੀ ਵਾਲੇ ਵਰੇ੍ਹ 2020 ਦੌਰਾਨ 4.82 ਲੱਖ ਪਾਸਪੋਰਟ ਬਣੇ ਹਨ ਜਦੋਂ ਕਿ ਸਾਲ 2019 ਦੌਰਾਨ 9.46 ਲੱਖ ਪਾਸਪੋਰਟ ਬਣੇ ਸਨ। ਇਸ ਲਿਹਾਜ਼ ਨਾਲ ਦੇਖੀਏ ਤਾਂ ਪੰਜਾਬ ਵਿਚ ਮਹਾਂਮਾਰੀ ਕਰਕੇ ਪਾਸਪੋਰਟ ਬਣਨ ਦੀ ਰਫ਼ਤਾਰ ਪੰਜਾਹ ਫੀਸਦੀ ਥੱਲੇ ਆਈ ਹੈ। ਵਰ੍ਹਾ 2019 ਦੌਰਾਨ ਔਸਤਨ ਰੋਜ਼ਾਨਾ 2593 ਪਾਸਪੋਰਟ ਬਣਦੇ ਸਨ ਜਦੋਂ ਕਿ ਵਰ੍ਹਾ 2020 (ਮਹਾਂਮਾਰੀ ਵਾਲਾ ਸਾਲ) ਦੌਰਾਨ ਰੋਜ਼ਾਨਾ ਔਸਤਨ 1321 ਪਾਸਪੋਰਟ ਬਣੇ ਹਨ। 

   ਚਾਲੂ ਵਰੇ੍ਹ ਦੇ ਪਹਿਲੇ ਦੋ ਮਹੀਨਿਆਂ ਦੌਰਾਨ 90,791 ਪਾਸਪੋਰਟ ਬਣੇ ਹਨ। ਬੇਸ਼ੱਕ ਸਮੁੱਚੇ ਭਾਰਤ ਵਿਚ ਨਵੇਂ ਪਾਸਪੋਰਟਾਂ ਬਣਨ ਦੀ ਗਿਣਤੀ ਨੂੰ ਬਰੇਕ ਲੱਗੀ ਹੈ ਪ੍ਰੰਤੂ ਪੰਜਾਬ ਦੂਸਰੇ ਸੂਬਿਆਂ ਦੇ ਮੁਕਾਬਲੇ ਫਿਰ ਵੀ ਪਾਸਪੋਰਟ ਬਣਾਉਣ ਵਿਚ ਜੁਟਿਆ ਹੀ ਰਿਹਾ ਹੈ। ਪਾਸਪੋਰਟ ਬਣਾਏ ਜਾਣ ’ਤੇ ਔਸਤਨ ਕਰੀਬ ਦੋ ਹਜ਼ਾਰ ਰੁਪਏ ਤੋਂ ਜਿਆਦਾ ਖਰਚ ਆਉਂਦਾ ਹੈ ਅਤੇ ਲੰਘੇ ਸੱਤ ਸਾਲਾਂ ਵਿਚ ਪੰਜਾਬੀਆਂ ਨੇ ਕਰੀਬ 900 ਕਰੋੜ ਪਾਸਪੋਰਟ ਬਣਾਉਣ ’ਤੇ ਹੀ ਖਰਚ ਦਿੱਤੇ ਹਨ। 

  ਕੈਨੇਡਾ ਵਸਦੇ ਪਰਵਾਸੀ ਭਾਰਤੀ ਕਮਲਜੀਤ ਸਿੱਧੂ (ਰਾਈਆ) ਦਾ ਕਹਿਣਾ ਸੀ ਕਿ ਸਮੁੱਚਾ ਵਿਸ਼ਵ ਹੀ ਕਰੋਨਾ ਦੀ ਲਪੇਟ ਵਿਚ ਆਇਆ ਹੈ ਜਿਸ ਕਰਕੇ ਸਟੱਡੀ ਵੀਜ਼ੇ ’ਤੇ ਆਉਣ ਵਾਲੇ ਵਿਦਿਆਰਥੀਆਂ ਦੀ ਦਰ ਘਟੀ ਹੈ। ਤੱਥਾਂ ਵੱਲ ਦੇਖੀਏ ਤਾਂ ਪੰਜਾਬ ਨੇ ਪਾਸਪੋਰਟ ਬਣਾਉਣ ਲਈ ਗਤੀ ਵਰ੍ਹਾ 2017 ਤੋਂ ਫੜੀ ਹੈ ਅਤੇ ਇਸ ਵਰੇ੍ਹ ਵਿਚ 9.73 ਲੱਖ ਪਾਸਪੋਰਟ ਬਣੇ ਹਨ ਜਦੋਂ ਕਿ ਸਾਲ 2018 ਵਿਚ ਪੰਜਾਬ ’ਚ 10.69 ਲੱਖ ਪਾਸਪੋਰਟ ਬਣੇ ਸਨ ਜੋ ਆਪਣੇ ਆਪ ਵਿਚ ਰਿਕਾਰਡ ਹੈ। ਵਰ੍ਹਾ 2018 ਵਿਚ ਰੋਜ਼ਾਨਾ ਔਸਤਨ ਕਰੀਬ 2929 ਪਾਸਪੋਰਟ ਬਣਦੇ ਰਹੇ ਹਨ। 

           ਸ਼ੁਰੂਆਤੀ ਵਰਿ੍ਹਆਂ ਵੱਲ ਦੇਖੀਏ ਤਾਂ ਪੰਜਾਬ ਵਿਚ ਸਾਲ 2014 ਵਿਚ 5.48 ਲੱਖ, ਸਾਲ 2015 ਵਿਚ 6.65 ਲੱਖ ਅਤੇ ਸਾਲ 2016 ਵਿਚ 6.59 ਲੱਖ ਪਾਸਪੋਰਟ ਬਣੇ ਹਨ। ਪਾਸਪੋਰਟਾਂ ਦਾ ਇਹ ਰੁਝਾਨ ਤਸਦੀਕ ਕਰਦਾ ਹੈ ਕਿ ਜਵਾਨੀ ਪੰਜਾਬ ਨੂੰ ਛੱਡ ਕੇ ਜਾਣ ਲਈ ਕਿੰਨੀ ਕਾਹਲੀ ਹੈ। ਮੋਟੇ ਅੰਦਾਜ਼ੇ ਅਨੁਸਾਰ ਦੇਸ਼ ਭਰ ਚੋਂ ਕਰੀਬ 9 ਤੋਂ 10 ਫੀਸਦੀ ਪਾਸਪੋਰਟ ਇਕੱਲੇ ਪੰਜਾਬ ’ਚ ਬਣਦੇ ਹਨ। ਮੁਲਕ ਭਰ ਚੋਂ ਪੰਜਾਬ ਪਾਸਪੋਰਟਾਂ ਦੇ ਮਾਮਲੇ ਵਿਚ ਪੰਜਵੇਂ ਨੰਬਰ ’ਤੇ ਹੈ। ਪਾਸਪੋਰਟਾਂ ਦੀ ਵੈਰੀਫਿਕੇਸ਼ਨ ਬਦਲੇ ਪੰਜਾਬ ਪੁਲੀਸ ਨੂੰ ਵੀ ਪ੍ਰਤੀ ਪਾਸਪੋਰਟ 200 ਰੁਪਏ ਦੀ ਸਰਕਾਰੀ ਕਮਾਈ ਹੁੰਦੀ ਹੈ। 

           ਪੰਜਾਬ ਵਿਚ 14 ਪਾਸਪੋਰਟ ਸੇਵਾ ਕੇਂਦਰ ਚੱਲ ਰਹੇ ਰਹੇ ਹਨ। ਕੇਂਦਰੀ ਵਿਦੇਸ਼ ਮੰਤਰਾਲੇ ਵੱਲੋਂ 7 ਤੋਂ 11 ਦਿਨ ਦਾ ਸਮਾਂ ਪਾਸਪੋਰਟ ਜਾਰੀ ਕਰਨ ਲਈ ਲਿਆ ਜਾਂਦਾ ਹੈ। ਇਸ ਤੋਂ ਪਹਿਲਾਂ ਸਾਲ 2015 ਵਿਚ ਪਾਸਪੋਰਟ ਲਈ 21 ਦਿਨ ਲੱਗ ਜਾਂਦੇ ਸਨ। ਪਾਸਪੋਰਟਾਂ ਦੀ ਖੇਤੀ ਨੂੰ ਕਰੋਨਾ ਮਹਾਂਮਾਰੀ ਨੇ ਕਰੰਡ ਕਰ ਦਿੱਤਾ ਹੈ। ਜਿਥੇ ਮਹਾਂਮਾਰੀ ਕਰਕੇ ਆਈਲੈੱਟਸ ਸੈਂਟਰਾਂ ਦਾ ਕੰਮ ਠੱਪ ਪਿਆ ਹੈ, ਉਥੇ ਵਿਦੇਸ਼ ਜਾਣ ਵਾਲੇ ਮੁੰਡੇ ਕੁੜੀਆਂ ਦੀ ਦਰ ’ਚ ਵੀ ਕਟੌਤੀ ਹੋਈ ਹੈ।  

         ਪੰਜਾਬ ’ਚ ਜਾਰੀ ਪਾਸਪੋਰਟ 

ਸਾਲ ਪਾਸਪੋਰਟਾਂ ਦੀ ਗਿਣਤੀ

2014 5,48,075

2015 6,65,200

2016 6,59,721

2017 9,73,866

2018 10,69,446

2019 9,46,797

2020 4,82,418

2021 (ਫਰਵਰੀ ਤੱਕ)  90,791

     


Saturday, September 28, 2019

                        ਪਰਵਾਸ ਕ੍ਰਾਂਤੀ
   ਪੰਜਾਬ ’ਚ ਹੁਣ ਪਾਸਪੋਰਟਾਂ ਦੀ ਖੇਤੀ ! 
                        ਚਰਨਜੀਤ ਭੁੱਲਰ
ਬਠਿੰਡਾ : ਪੰਜਾਬ ’ਚ ਪਾਸਪੋਰਟਾਂ ਦਾ ਏਨਾ ਹੜ੍ਹ ਆ ਗਿਆ ਹੈ ਕਿ ਜਿਵੇਂ ਪੂਰਾ ਪੰਜਾਬ ਖੇਤੀ ਹੀ ਪਾਸਪੋਰਟਾਂ ਦੀ ਕਰਨ ਲੱਗ ਗਿਆ ਹੋਵੇ। ਪਾਸਪੋਰਟ ਬਣਾਉਣ ’ਚ ਪੰਜਾਬੀ ਹੁਣ ਦੇਸ਼ ਚੋਂ ਪੰਜਵੇਂ ਨੰਬਰ ’ਤੇ ਹਨ। ਉੱਤਰੀ ਭਾਰਤ ਚੋਂ ਪੰਜਾਬ ਦਾ ਨੰਬਰ ਪਹਿਲਾ ਹੈ। ਪੰਜਾਬ ਜਨਵਰੀ 2017 ਤੋਂ ਪਾਸਪੋਰਟਾਂ ਦੀਆਂ ਪੰਡਾਂ ਬੰਨ੍ਹਣ ਲੱਗਾ ਹੈ। ਨਾਲੋਂ ਨਾਲ ਕਿਸਾਨੀ ਦੇ ਕਰਜ਼ ਦੇ ਪੰਡ ਵੀ ਬੋਝਲ ਹੋਣ ਲੱਗੀ ਹੈ। ਸਟੱਡੀ ਵੀਜ਼ੇ ਦੇ ਜਦੋਂ ਤੋਂ ਬੰਨ੍ਹ ਖੁੱਲ੍ਹੇ ਹਨ, ਉਦੋਂ ਤੋਂ ਪੰਜਾਬ ਦੇ ਪਿੰਡਾਂ ਦੇ ਮੁੰਡੇ ਵਿਦੇਸ਼ ਦੇ ਸੁਫਨੇ ਵੇਖਣ ਲੱਗੇ ਹਨ। ਬਾਕੀ ਖਰਚੇ ਛੱਡੋ, ਇਕੱਲੇ ਪਾਸਪੋਰਟਾਂ ਦੇ ਖਰਚ ਦੀ ਗੱਲ ਕਰੀਏ ਤਾਂ ਪੰਜਾਬੀਆਂ ਨੇ 1 ਜਨਵਰੀ 2014 ਤੋਂ ਅਗਸਤ 2019 ਤੱਕ (ਪੌਣੇ ਛੇ ਵਰ੍ਹਿਆਂ) ਤੱਕ ਕਰੀਬ 914.45 ਕਰੋੜ ਰੁਪਏ ਖਰਚੇ ਹਨ। ਕੇਂਦਰੀ ਵਿਦੇਸ਼ ਮੰਤਰਾਲੇ ਦੇ ਵੇਰਵਿਆਂ ਅਨੁਸਾਰ ਦੇਸ਼ ਭਰ ’ਚ 1 ਜਨਵਰੀ 2014 ਤੋਂ ਅਗਸਤ 2019 ਤੱਕ 5.81 ਕਰੋੜ ਪਾਸਪੋਰਟ ਜਾਰੀ ਕੀਤੇ ਗਏ ਹਨ। ਪੰਜਾਬ ’ਚ ਇਸੇ ਸਮੇਂ ਦੌਰਾਨ (ਪੌਣੇ ਛੇ ਵਰ੍ਹਿਆਂ) 45.72 ਲੱਖ ਪਾਸਪੋਰਟ ਬਣੇ ਹਨ ਜਦੋਂ ਕਿ ਲੰਘੇ ਢਾਈ ਸਾਲਾਂ (1 ਜਨਵਰੀ 2017 ਤੋਂ ਅਗਸਤ 2019 ਤੱਕ) ਪੰਜਾਬ ਵਿਚ 26.99 ਲੱਖ ਪਾਸਪੋਰਟ ਬਣੇ ਹਨ। ਵੱਡੀ ਗਿਣਤੀ ਸਟੱਡੀ ਵੀਜ਼ੇ ਵਾਲੇ ਵਿਦਿਆਰਥੀਆਂ ਦੀ ਹੈ ਅਤੇ ਉਨ੍ਹਾਂ ਦੇ ਮਾਪਿਆਂ ਦੀ ਹੈ। ਢਾਈ ਵਰ੍ਹਿਆਂ ਦੀ ਅੌਸਤਨ ਦੇਖੀਏ ਤਾਂ ਪੰਜਾਬ ’ਚ ਰੋਜ਼ਾਨਾ ਕਰੀਬ 2800 ਪਾਸਪੋਰਟ ਬਣ ਰਹੇ ਹਨ। ਹਰ ਵਰੇ੍ਹ ਪਾਸਪੋਰਟਾਂ ਦਾ ਰਿਕਾਰਡ ਟੁੱਟ ਰਿਹਾ ਹੈ। ਕਿੰਨੇ ਪਾਸਪੋਰਟਾਂ ’ਤੇ ਵੀਜ਼ੇ ਦਾ ਠੱਪਾ ਲੱਗਦਾ ਹੈ, ਇਹ ਵੱਖਰੀ ਗੱਲ ਹੈ।
        ਤੱਥਾਂ ਅਨੁਸਾਰ ਪੰਜਾਬ ’ਚ ਸਾਲ 2017 ਵਿਚ 9.73 ਲੱਖ ਪਾਸਪੋਰਟ ਜਾਰੀ ਹੋਏ ਜਦੋਂ ਕਿ ਸਾਲ 2018 ਵਿਚ ਇਹ ਗਿਣਤੀ ਵਧ ਕੇ 10.69 ਲੱਖ ਹੋ ਗਈ। ਚਾਲੂ ਸਾਲ ਦੇ ਅੱਠ ਮਹੀਨਿਆਂ ’ਚ 6.55 ਲੱਖ ਪਾਸਪੋਰਟ ਬਣੇ ਹਨ। ਪਿਛਾਂਹ ਨਜ਼ਰ ਮਾਰੀਏ ਤਾਂ ਸਾਲ 2014 ਵਿਚ 5.48 ਲੱਖ, ਸਾਲ 2015 ਵਿਚ 6.65 ਲੱਖ ਅਤੇ ਸਾਲ 2016 ਵਿਚ 6.59 ਲੱਖ ਪਾਸਪੋਰਟ ਬਣੇ ਹਨ। ਪਾਸਪੋਰਟਾਂ ਦਾ ਇਹ ਰੁਝਾਨ ਪੰਜਾਬ ਦੇ ਭਵਿੱਖ ਨੂੰ ਤਸਦੀਕ ਕਰਦਾ ਹੈ ਅਤੇ ਪ੍ਰਵਾਸ ਦੇ ਨਾਗ ਵਲ ਨੂੰ ਵੀ। ਲੰਘੇ ਢਾਈ ਸਾਲਾਂ ’ਚ ਦੇਸ਼ ਭਰ ’ਚ ਤਿੰਨ ਕਰੋੜ ਪਾਸਪੋਰਟ ਬਣੇ ਹਨ ਜਿਸ ਦਾ ਕਰੀਬ 9 ਫੀਸਦੀ ਇਕੱਲੇ ਪੰਜਾਬ ’ਚ ਬਣੇ ਪਾਸਪੋਰਟਾਂ ਦਾ ਹੈ। ਬਾਕੀ ਸੂਬਿਆਂ ਦਾ ਰੁਝਾਨ ਦੇਖੀਏ ਤਾਂ ਦੇਸ਼ ਚੋਂ ਪਹਿਲਾ ਨੰਬਰ ਮਹਾਰਾਸ਼ਟਰ ਦਾ ਹੈ ਜਿਥੇ ਪੌਣੇ ਛੇ ਸਾਲਾਂ ਵਿਚ 68.38 ਲੱਖ ਪਾਸਪੋਰਟ ਬਣੇ ਹਨ ਅਤੇ ਕੇਰਲਾ 64.52 ਲੱਖ ਪਾਸਪੋਰਟਾਂ ਨਾਲ ਦੂਜੇ ਨੰਬਰ ’ਤੇ ਹੈ। ਤੀਜੇ ਨੰਬਰ ਵਾਲੇ ਤਾਮਿਲਨਾਡੂ ਵਿਚ 57.70 ਲੱਖ ਤੇ ਚੌਥੇ ਨੰਬਰ ’ਤੇ ਉੱਤਰ ਪ੍ਰਦੇਸ਼ ਹੈ ਜਿਥੇ 56.69 ਲੱਖ ਪਾਸਪੋਰਟ ਬਣੇ ਹਨ। ਉੱਤਰੀ ਭਾਰਤ ਚੋਂ ਪੰਜਾਬ ਨੇ ਇਸ ਫਰੰਟ ’ਤੇ ਬੱਲੇ ਬੱਲੇ ਕਰਾਈ ਹੈ। ਹਰਿਆਣਾ ਵਿਚ ਪੌਣੇ ਛੇ ਸਾਲਾਂ ’ਚ 17.86 ਲੱਖ ਅਤੇ ਰਾਜਸਥਾਨ ਵਿਚ 18.42 ਲੱਖ ਪਾਸਪੋਰਟ ਬਣੇ ਹਨ ਜਦੋਂ ਕਿ ਹਿਮਾਚਲ ਪ੍ਰਦੇਸ਼ ਵਿਚ 2.79 ਲੱਖ ਪਾਸਪੋਰਟ ਜਾਰੀ ਹੋਏ ਹਨ।
                ਦਿੱਲੀ ਵਿਚ 24.46 ਲੱਖ ਅਤੇ ਚੰਡੀਗੜ੍ਹ ਵਿਚ 1.74 ਲੱਖ ਪਾਸਪੋਰਟ ਬਣੇ ਹਨ। ਪੰਜਾਬ ਦਾ ਪੰਜਵਾਂ ਨੰਬਰ ਹੈ ਅਤੇ ਯੂ.ਪੀ ਨਾਲ ਪੰਜਾਬ ਟੱਕਰ ਲੈਣ ਲੱਗਾ ਹੈ। ਹਵਾ ਇਹੋ ਰਹੀ ਤਾਂ ਪੰਜਾਬ ਲਈ ਦਿੱਲੀ ਦੂਰ ਨਹੀਂ। ਇਸ ਤੋਂ ਬਿਨਾਂ ਪੰਜਾਬ ਦਾ ਸਰਮਾਇਆ ਵੀ ਉਡਾਣ ਭਰ ਰਿਹਾ ਹੈ। ਗੱਲ ਕਰੀਏ ਤਾਂ ਇਕੱਲੇ ਪਾਸਪੋਰਟ ਬਣਾਉਣ ’ਤੇ 914 ਕਰੋੋੜ ਪੌਣੇ ਛੇ ਵਰ੍ਹਿਆਂ ’ਚ ਪੰਜਾਬੀਆਂ ਨੇ ਖਰਚ ਕੀਤੇ ਹਨ। ਪਾਸਪੋਰਟ ਬਣਾਉਣ ਦੀ 1500 ਰੁਪਏ ਸਰਕਾਰੀ ਫੀਸ ਹੈ ਅਤੇ ਬਾਕੀ ਖ਼ਰਚਿਆਂ ਸਮੇਤ ਪਾਸਪੋਰਟ ’ਤੇ ਅੌਸਤਨ ਦੋ ਹਜ਼ਾਰ ਰੁਪਏ ਦਾ ਖਰਚਾ ਆਉਂਦਾ ਹੈ। ਪੰਜਾਬੀ ਰੋਜ਼ਾਨਾ ਅੌਸਤਨ 56 ਲੱਖ ਰੁਪਏ ਪਾਸਪੋਰਟ ਬਣਾਉਣ ’ਤੇ ਖ਼ਰਚਦੇ ਹਨ। ਏਹ ਫਰਾਟੇ ਤਾਂ ਪੰਜਾਬ ਪੁਲੀਸ ਦਾ ਖ਼ਜ਼ਾਨਾ ਵੀ ਤਰ ਕਰ ਰਹੇ ਹਨ। ਪੰਜਾਬ ਪੁਲੀਸ ਨੂੰ ਪਾਸਪੋਰਟਾਂ ਦੀ ਵੈਰੀਫਿਕੇਸ਼ਨ ਤੋਂ ਪੌਣੇ ਛੇ ਵਰ੍ਹਿਆਂ ’ਚ 91.44 ਕਰੋੜ ਦੀ ਕਮਾਈ ਹੋਈ ਹੈ।
                ਫਰੀਦਕੋਟ ਦੇ ਐਸ.ਪੀ (ਸਥਾਨਿਕ) ਭੁਪਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਅਗਰ ਪੁਲੀਸ ਪਾਸਪੋਰਟ ਦੀ ਵੈਰੀਫਿਕੇਸ਼ਨ ਨਿਸ਼ਚਿਤ 21 ਦਿਨਾਂ ’ਚ ਮੁਕੰਮਲ ਕਰ ਦਿੰਦੀ ਹੈ ਤਾਂ ਵਿਦੇਸ਼ ਮੰਤਰਾਲੇ ਤਰਫ਼ੋਂ ਪ੍ਰਤੀ ਪਾਸਪੋਰਟ 100 ਰੁਪਏ ਪੰਜਾਬ ਪੁਲੀਸ ਦੇ ਖ਼ਜ਼ਾਨੇ ’ਚ ਭੇਜੇ ਜਾਂਦੇ ਹਨ। ਪੁਲੀਸ ਦੇ ਜੋ ਆਪਣੇ ਸਾਂਝ ਕੇਂਦਰ ਹਨ, ਉਨ੍ਹਾਂ ਦੀ ਫੀਸ 100 ਰੁਪਏ ਪ੍ਰਤੀ ਪਾਸਪੋਰਟ ਵੱਖਰੀ ਹੁੰਦੀ ਹੈ। ਪੰਜਾਬ ਵਿਚ ਇਸ ਵੇਲੇ 14 ਪਾਸਪੋਰਟ ਸੇਵਾ ਕੇਂਦਰ ਕੰਮ ਕਰ ਰਹੇ ਹਨ। ਮਾਲਵੇ ਦੇ ਸ਼ਹਿਰਾਂ ਵਿਚ ਵੀ ਰੁਝਾਨ ਨੂੰ ਦੇਖਦੇ ਹੋਏ ਇਹ ਸੇਵਾ ਕੇਂਦਰ ਖੋਲ ਦਿੱਤੇ ਗਏ ਹਨ। ਕੇਂਦਰੀ ਵਿਦੇਸ਼ ਮੰਤਰਾਲੇ ਵੱਲੋਂ ਪਾਸਪੋਰਟ ਜਾਰੀ ਕਰਨ ਲਈ 7 ਤੋਂ 11 ਦਿਨ ਦਾ ਸਮਾਂ ਲਿਆ ਜਾ ਰਿਹਾ ਹੈ। ਸਾਲ 2015 ਵਿਚ ਪਾਸਪੋਰਟ ਲਈ 21 ਦਿਨ ਲੱਗ ਜਾਂਦੇ ਸਨ। ਹੁਣ ਧੜਾਧੜ ਪਾਸਪੋਰਟ ਜਾਰੀ ਹੋ ਰਹੇ ਹਨ।
                    ਪੰਜਾਬ ਦਾ ਚਰਿੱਤਰ ਦਾਅ ’ਤੇ : ਬਰਾੜ
ਪੰਜਾਬੀ ’ਵਰਸਿਟੀ ਦੇ ਪੰਜਾਬੀ ਵਿਭਾਗ ਦੇ ਪ੍ਰੋ. ਰਜਿੰਦਰਪਾਲ ਬਰਾੜ ਦਾ ਪ੍ਰਤੀਕਰਮ ਸੀ ਕਿ ਪ੍ਰਵਾਸ ਦਾ ਤੇਜ ਰਫਤਾਰੀ ਰੁਝਾਨ ਪੰਜਾਬ ਦੇ ਮੂਲ ਚਰਿੱਤਰ ’ਚ ਬਦਲਾਓ ਲਿਆਏਗਾ ਕਿਉਂਕਿ ਬਰੇਨ ਡਰੇਨ ਨਾਲ ਪੰਜਾਬ ’ਚ ਯੋਗ ਲੀਡਰਸ਼ਿਪ ਤੇ ਉਦਮੀ ਵਰਗ ਦੀ ਕਮੀ ਪੈਦਾ ਹੋਵੇਗੀ। ਨਾਲ ਹੀ ਦੂਸਰੇ ਰਾਜਾਂ ਤੋਂ ਬੌਧਿਕ ਲੇਬਰ ਦਾ ਪੰਜਾਬ ’ਚ ਦਾਖਲਾ ਹੋਵੇਗਾ। ਅਬਾਦੀ ਦੇ ਅਨੁਪਾਤ ਦੇ ਲਿਹਾਜ ਨਾਲ ਪੰਜਾਬ ਦੇਸ਼ ਚੋਂ ਸਿਖਰ ’ਤੇ ਹੀ ਹੋਵੇਗਾ।
  ਪੰਜਾਬ ’ਚ ਜਾਰੀ ਹੋਏ ਪਾਸਪੋਰਟ
ਸਾਲ ਪਾਸਪੋਰਟਾਂ ਦੀ ਗਿਣਤੀ
2014 5,48,075
2015 6,65,200
2016 6,59,721
2017 9,73,866
2018 10,69,446
2019 6,55,980 (ਅਗਸਤ ਤੱਕ)
           

Friday, June 7, 2019

                          ਵੀਜ਼ੇ ਹੀ ਵੀਜ਼ੇ
    ਟਿੱਬਿਆਂ ’ਚ ਪਾਸਪੋਰਟਾਂ ਦੀ ਹਨੇਰੀ ! 
                         ਚਰਨਜੀਤ ਭੁੱਲਰ
ਬਠਿੰਡਾ : ਬਠਿੰਡਾ ਖ਼ਿੱਤੇ ਦੇ ਟਿੱਬਿਆਂ ’ਚ ਹੁਣ ਪਾਸਪੋਰਟਾਂ ਦੀ ਹਨੇਰੀ ਉੱਠੀ ਹੈ। ਏਦਾ ਜਾਪਦਾ ਹੈ ਜਿਵੇਂ ਸਟੱਡੀ ਵੀਜ਼ੇ ਲੈਣ ਲਈ ਸਭ ਤੋਂ ਵੱਧ ਕਾਹਲਾ ਬਠਿੰਡਾ ਹੋਵੇ। ਵਿਦੇਸ਼ ਪੜਾਈ ਲਈ ਸਟੱਡੀ ਵੀਜ਼ੇ ਦੀ ਸਫਲ ਦਰ ਕਿੰਨੀ ਹੈ, ਵੱਖਰਾ ਮਾਮਲਾ ਹੈ ਪਰ ਨਵੇਂ ਪਾਸਪੋਰਟ ਬਣਾਉਣ ’ਚ ਬਠਿੰਡਾ ਖ਼ਿੱਤੇ ਨੇ ਪੰਜਾਬ ਨੂੰ ‘ਹਟ ਪਿੱਛੇ’ ਆਖ ਦਿੱਤਾ ਹੈ। ਇਕੱਲੇ ਬਠਿੰਡਾ ਜ਼ਿਲ੍ਹੇ ’ਚ ਹੁਣ ਅੌਸਤਨ ਸਵਾ ਸੌ ਨਵੇਂ ਪਾਸਪੋਰਟ ਪ੍ਰਤੀ ਦਿਨ ਬਣ ਰਹੇ ਹਨ ਜਦੋਂ ਕਿ ਸਾਲ 2018 ਵਿਚ ਪ੍ਰਤੀ ਦਿਨ ਅੌਸਤਨ 109 ਪਾਸਪੋਰਟ ਬਣਦੇ ਸਨ। ਪਿਛਾਂਹ ਚੱਲੀਏ ਤਾਂ ਸਾਲ 2012 ਵਿਚ ਬਠਿੰਡਾ ਜ਼ਿਲ੍ਹੇ ਵਿਚ ਪ੍ਰਤੀ ਦਿਨ ਦੀ ਅੌਸਤਨ ਸਿਰਫ 26 ਪਾਸਪੋਰਟਾਂ ਦੀ ਰਹੀ ਸੀ। ਕੋਈ ਵੇਲਾ ਸੀ ਜਦੋਂ ਪਛੜੇ ਖ਼ਿੱਤੇ ਕਰਕੇ ਬਿਗਾਨੇ ਇੱਥੋਂ ਦੇ ਲੋਕਾਂ ਨੂੰ ‘ਵਾਇਆ ਬਠਿੰਡਾ’ ਆਖ ਕੇ ਛੇੜਦੇ ਹੁੰਦੇ ਸਨ। ਹੁਣ ਵਿੱਦਿਅਕ ਤਰੱਕੀ ਅਤੇ ਪ੍ਰਵਾਸ ਦੇ ਰੁਝਾਨ ਨੇ ਬਿਗਾਨਿਆਂ ਦੀ ਮੜਕ ਭੰਨ ਦਿੱਤੀ ਹੈ। ਪੰਜਾਬ ’ਚ ਬਠਿੰਡਾ ਖ਼ਿੱਤਾ ਹੋਣ ਨਵੇਂ ਪਾਸਪੋਰਟ ਬਣਾਉਣ (ਰੀਨਿਊ ਸਮੇਤ) ’ਚ ਝੰਡੀ ਲੈਣ ਲੱਗਾ ਹੈ। ਪੰਜਾਬ ਪੁਲੀਸ ਤੋਂ ਸੂਚਨਾ ਦੇ ਅਧਿਕਾਰ ਕਾਨੂੰਨ ਤਹਿਤ ਜੋ ਵੇਰਵੇ ਮਿਲੇ ਹਨ, ਉਨ੍ਹਾਂ ਅਨੁਸਾਰ ਮਾਲਵਾ ਖ਼ਿੱਤੇ ਵਿਚ ਪਾਸਪੋਰਟ ਬਣਾਉਣ ਦਾ ਰੁਝਾਨ ਸਾਲ 2016 ਮਗਰੋਂ ਤੇਜ਼ੀ ਨਾਲ ਵਧਿਆ ਹੈ। ਸਭ ਤੋਂ ਵੱਧ ਨਵੇਂ ਪਾਸਪੋਰਟ ਸਟੱਡੀ ਵੀਜ਼ੇ ਵਾਲੇ ਮੁੰਡੇ ਬਣਾ ਰਹੇ ਹਨ।
                 ਬਠਿੰਡਾ ਜ਼ਿਲ੍ਹੇ ਵਿਚ ਸਾਲ 2014 ਤੋਂ ਫਰਵਰੀ 2019 ਤੱਕ 1.21 ਲੱਖ ਨਵੇਂ ਪਾਸਪੋਰਟ ਬਣੇ ਹਨ ਜਿਨ੍ਹਾਂ ਦੀ ਵੈਰੀਫਿਕੇਸ਼ਨ ਪੁਲੀਸ ਨੇ ਕੀਤੀ ਹੈ। ਇਸ ਕੈਲੰਡਰ ਵਰੇ੍ਹ ਦੇ ਪਹਿਲੇ ਡੇਢ ਮਹੀਨੇ ’ਚ 5627 ਨਵੇਂ ਪਾਸਪੋਰਟ ਬਣੇ ਹਨ ਜਿਸ ਦਾ ਮਤਲਬ ਹੈ ਕਿ ਰੋਜ਼ਾਨਾ 125 ਪਾਸਪੋਰਟ ਬਣੇ ਹਨ। ਸਾਲ 2018 ਵਿਚ ਇਸ ਜ਼ਿਲ੍ਹੇ ਵਿਚ 39891 ਪਾਸਪੋਰਟ ਬਣੇ ਹਨ ਜਦੋਂ ਕਿ ਸਾਲ 2017 ਵਿਚ 27716 ਪਾਸਪੋਰਟ ਬਣੇ ਸਨ। ਇਵੇਂ ਸਾਲ 2016 ਵਿਚ 17329 ਤੇ ਸਾਲ 2012 ਵਿਚ ਸਿਰਫ਼ 9684 ਪਾਸਪੋਰਟ ਬਣੇ ਸਨ। ਲੰਘੇ ਛੇ ਵਰ੍ਹਿਆਂ ਵਿਚ ਇਸ ਜ਼ਿਲ੍ਹੇ ਦੇ ਲੋਕਾਂ ਨੇ ਪਾਸਪੋਰਟ ਬਣਾਉਣ ’ਤੇ 18.15 ਕਰੋੜ ਰੁਪਏ ਖਰਚ ਕੀਤੇ ਹਨ। ਸਾਲ 2018 ਤੋਂ ਬਠਿੰਡਾ ਜ਼ਿਲ੍ਹੇ ਦੇ ਦੁਆਬੇ ਨੂੰ ਇਸ ਮਾਮਲੇ ਵਿਚ ਪਿਛਾਂਹ ਛੱਡ ਦਿੱਤਾ ਹੈ।ਨਵਾਂ ਸ਼ਹਿਰ ਵਿਚ ਇਸ ਕੈਲੰਡਰ ਵਰੇ੍ਹ ਦੇ ਡੇਢ ਮਹੀਨੇ ਵਿਚ 4148 ਪਾਸਪੋਰਟ ਬਣੇ ਹਨ ਜਦੋਂ ਕਿ ਸਾਲ 2018 ਵਿਚ 34315 ਪਾਸਪੋਰਟ ਬਣੇ ਸਨ ਜਦੋਂ ਕਿ ਬਠਿੰਡਾ ਜ਼ਿਲ੍ਹੇ ਵਿਚ 39891 ਬਣੇ ਹਨ। ਬਠਿੰਡਾ ਦੀ ਅਜੀਤ ਰੋਡ ਤਾਂ ਹੁਣ ‘ਆਈਲੈੱਟਸ’ ਦੀ ਰਾਜਧਾਨੀ ਬਣ ਗਈ ਹੈ। ਇੱਥੋਂ ਤੱਕ ਕਿ ਹੁਣ ਛੋਟੇ ਸ਼ਹਿਰਾਂ ਵਿਚ ਵੀ ਆਈਲੈੱਟਸ ਸੈਂਟਰਾਂ ਦਾ ਹੜ ਆ ਗਿਆ ਹੈ।
                ਨਰਮਾ ਪੱਟੀ ਦਾ ਕਿਸਾਨ ਖੇਤੀ ਵਿਚ ਟੁੱਟਿਆ ਹੈ। ਬੱਚਿਆਂ ਲਈ ਰੁਜ਼ਗਾਰ ਦੇ ਮੌਕੇ ਕਿਧਰੋਂ ਲੱਭਦੇ ਦਿਖਦੇ ਨਹੀਂ। ਜ਼ਮੀਨਾਂ ਵੇਚ ਕੇ ਸਟੱਡੀ ਵੀਜ਼ੇ ਲੈਣ ਨੂੰ ਵੀ ਕਿਸਾਨ ਖੇਤੀ ਨਾਲੋਂ ਚੰਗਾ ਸਮਝਣ ਲੱਗਾ ਹੈ। ਫਰੀਦਕੋਟ ਛੋਟਾ ਜ਼ਿਲ੍ਹਾ ਹੈ ਜਿਥੇ ਸਾਲ 2014 ਤੋਂ 15 ਫਰਵਰੀ 2019 ਤੱਕ 75429 ਨਵੇਂ ਪਾਸਪੋਰਟ (ਸਮੇਤ ਰੀਨਿਊ) ਬਣੇ ਹਨ। ਵਰ੍ਹਾ 2012 ਵਿਚ ਫਰੀਦਕੋਟ ਜ਼ਿਲ੍ਹੇ ਵਿਚ ਸਿਰਫ਼ 4639 ਪਾਸਪੋਰਟ ਬਣੇ ਸਨ ਜਦੋਂ ਕਿ ਸਾਲ 2018 ਦੇ ਇੱਕੋ ਵਰੇ੍ਹ ’ਚ ਇਸ ਜ਼ਿਲ੍ਹੇ ’ਚ 23,655 ਪਾਸਪੋਰਟ ਬਣੇ ਹਨ।  ਫਰੀਦਕੋਟ ਜ਼ਿਲ੍ਹੇ ’ਚ ਸਾਲ 2012 ਵਿਚ ਅੌਸਤਨ ਸਿਰਫ਼ 13 ਪਾਸਪੋਰਟ ਪ੍ਰਤੀ ਦਿਨ ਬਣਦੇ ਸਨ ਜਦੋਂ ਕਿ ਸਾਲ 2018 ਵਿਚ ਇਹ ਦਰ ਪ੍ਰਤੀ ਦਿਨ 65 ਦੀ ਹੋ ਗਈ ਹੈ। ਇਨ੍ਹਾਂ ਛੇ ਵਰ੍ਹਿਆਂ ’ਚ ਫਰੀਦਕੋਟ ਦੇ ਲੋਕਾਂ ਨੇ 11.16 ਕਰੋੜ ਰੁਪਏ ਨਵੇਂ ਪਾਸਪੋਰਟਾਂ ਦੀ ਇਕੱਲੀ ਫੀਸ ਤਾਰੀ ਹੈ।
                ਸਰਹੱਦੀ ਜ਼ਿਲ੍ਹਾ ਫਿਰੋਜ਼ਪੁਰ ਵੀ ਪਿਛੇ ਨਹੀਂ। ਛੇ ਵਰ੍ਹਿਆਂ ’ਚ ਇਸ ਜ਼ਿਲ੍ਹੇ ’ਚ 86,129 ਪਾਸਪੋਰਟ ਬਣੇ ਹਨ। ਇਕੱਲੇ ਸਾਲ 2018 ਵਿਚ ਫਿਰੋਜ਼ਪੁਰ ਜ਼ਿਲ੍ਹੇ ’ਚ 28,868 ਪਾਸਪੋਰਟ ਬਣੇ ਹਨ ਜਿਸ ਦਾ ਮਤਲਬ ਪ੍ਰਤੀ ਦਿਨ 79 ਪਾਸਪੋਰਟ ਬਣੇ। ਸਾਲ 2012 ਵਿਚ ਇਸ ਜ਼ਿਲ੍ਹੇ ਵਿਚ ਸਿਰਫ਼ 6124 ਪਾਸਪੋਰਟ ਬਣੇ ਸਨ। ਸਾਲ 2016 ਵਿਚ 9445  ਅਤੇ ਸਾਲ 2017 ਵਿਚ 25,329 ਪਾਸਪੋਰਟ ਬਣੇ। ਇਸ ਜ਼ਿਲ੍ਹੇ ਨੇ 12.91 ਨਵੇਂ ਪਾਸਪੋਰਟਾਂ ਦੀ ਛੇ ਸਾਲਾਂ ’ਚ ਫੀਸ ਭਰੀ। ਦੁਆਬੇ ਦੇ ਜ਼ਿਲ੍ਹਾ ਨਵਾਂ ਸ਼ਹਿਰ ਵਿਚ ਲੰਘੇ ਛੇ ਵਰ੍ਹਿਆਂ ਵਿਚ 1.38 ਲੱਖ ਨਵੇਂ ਪਾਸਪੋਰਟ ਬਣੇ ਹਨ। ਮੌਜੂਦਾ ਵਰੇ੍ਹ ਦੀ ਪ੍ਰਤੀ ਦਿਨ ਅੌਸਤਨ ਇਸ ਜ਼ਿਲ੍ਹੇ ਦੀ 92 ਪਾਸਪੋਰਟਾਂ ਦੀ ਨਿਕਲੀ ਹੈ ਜਦੋਂ ਕਿ ਸਾਲ 2012 ਵਿਚ ਇਹ ਦਰ 35 ਪਾਸਪੋਰਟਾਂ ਦੀ ਸੀ।
               ਕੇਂਦਰ ਸਰਕਾਰ ਨੇ ਨਵੇਂ ਰੁਝਾਨ ਦੇ ਮੱਦੇਨਜ਼ਰ ਪੰਜਾਬ ਦੇ ਅੱਠ ਸ਼ਹਿਰਾਂ ਵਿਚ ‘ਪੋਸਟ ਆਫਿਸ ਪਾਸਪੋਰਟ ਸੇਵਾ ਕੇਂਦਰ’ ਖੋਲ੍ਹ ਦਿੱਤੇ ਹਨ ਜਿਨ੍ਹਾਂ ਵਿਚ ਬਠਿੰਡਾ, ਸੰਗਰੂਰ, ਪਟਿਆਲਾ, ਮੋਗਾ,ਤਰਨਤਾਰਨ,ਫਗਵਾੜਾ,ਨਵਾਂ ਸ਼ਹਿਰ ਤੇ ਗੁਰਦਾਸਪੁਰ ਸ਼ਾਮਿਲ ਹੈ। ਪੰਜਾਬ ਵਿਚ ਹੁਣ ਸਟੱਡੀ ਵੀਜ਼ੇ ਦਾ ਵੱਡਾ ਬਿਜਨਿਸ਼ ਖੜ੍ਹਾ ਹੋ ਗਿਆ ਹੈ। ਨਵੇਂ ਪਾਸਪੋਰਟ ਦੀ ਫੀਸ ਜੋ ਪਹਿਲਾਂ ਇੱਕ ਹਜ਼ਾਰ ਰੁਪਏ ਸੀ, ਉਹ ਕਾਫ਼ੀ ਵਰ੍ਹੇ ਪਹਿਲਾਂ ਵਧ ਕੇ 1500 ਰੁਪਏ ਹੋ ਗਈ ਹੈ। ਪੁਲੀਸ ਦਾ ਵੀ ਬਹੁਤਾ ਸਮਾਂ ਹੁਣ ਨਵੇਂ ਪਾਸਪੋਰਟਾਂ ਦੀ ਵੈਰੀਫਿਕੇਸ਼ਨ ਵਿਚ ਲੰਘਦਾ ਹੈ।       
                                                  ਪੇਂਡੂ ਮਾਲਵੇ ’ਚ ਕਾਹਲ ਵਧੀ : ਸੰਘਾ
ਦਸਮੇਸ਼ ਗਰਲਜ਼ ਕਾਲਜ ਬਾਦਲ ਦੇ ਪ੍ਰਿੰਸੀਪਲ ਤੇ ਸੈਨੇਟ ਮੈਂਬਰ ਡਾ. ਐੱਸ.ਐੱਸ.ਸੰਘਾ ਦਾ ਪ੍ਰਤੀਕਰਮ ਸੀ ਕਿ ਪੇਂਡੂ ਮਾਲਵੇ ’ਚ ਹੁਣ ਵਿਦੇਸ਼ ਪੜਾਈ ਦਾ ਰੁਝਾਨ ਤੇਜ਼ੀ ਨਾਲ ਵਧਿਆ ਹੈ। ਪਾਸਪੋਰਟਾਂ ਦੇ ਅੰਕੜੇ ’ਚ ਇਜਾਫਾ ਇਸੇ ਵਜ੍ਹਾ ਕਰਕੇ ਹੈ। ਜਵਾਨੀ ਸਟੱਡੀ ਵੀਜ਼ੇ ਚੋਂ ਭਵਿੱਖ ਤਲਾਸ਼ਣ ਲੱਗੀ ਹੈ ਅਤੇ ਮਾਪਿਆਂ ਨੂੰ ਵੀ ਹੋਰ ਕੋਈ ਰਾਹ ਨਹੀਂ ਦਿੱਖ ਰਿਹਾ ਹੈ।