ਸਟੱਡੀ ਵੀਜ਼ਾ
ਵਿਦੇਸ਼ ਦਾ ਖ਼ੁਆਬ, ਹੁਣ ਕਿਵੇਂ ਲਵੇ ਪੰਜਾਬ...!
ਚਰਨਜੀਤ ਭੁੱਲਰ
ਚੰਡੀਗੜ੍ਹ : ਕੈਨੇਡਾ ਨੇ ‘ਸਟੱਡੀ ਵੀਜ਼ਾ’ ਦੇਣ ਤੋਂ ਬੂਹੇ ਭੇੜ ਲਏ ਹਨ, ਜਿਸ ਕਾਰਨ ਪੰਜਾਬ ’ਚ ਪਾਸਪੋਰਟ ਬਣਾਉਣ ਦਾ ਜਨੂੰਨ ਯਕਦਮ ਮੱਠਾ ਪੈ ਗਿਆ ਹੈ। ਲੰਘੇ ਵਰ੍ਹਿਆਂ ’ਚ ਪੰਜਾਬ ਦੇ ਲੋਕਾਂ ਨੇ ਲੱਕ ਬੰਨ੍ਹ ਕੇ ਪਾਸਪੋਰਟ ਬਣਾਏ ਅਤੇ ਹੁਣ ਪੁਰਾਣਾ ਜੋਸ਼ ਗ਼ਾਇਬ ਹੈ। ਖ਼ਾਸ ਕਰਕੇ ਕੈਨੇਡਾ ਸਰਕਾਰ ਵੱਲੋਂ ਦਿਖਾਈ ਸਖ਼ਤੀ ਨੇ ਪੰਜਾਬੀਆਂ ਦੇ ਉਤਸ਼ਾਹ ਨੂੰ ਸੱਟ ਮਾਰੀ ਹੈ। ਕੇਂਦਰੀ ਵਿਦੇਸ਼ ਮੰਤਰਾਲੇ ਵੱਲੋਂ ਜਾਰੀ ਤਾਜ਼ਾ ਅੰਕੜੇ ਗਵਾਹੀ ਭਰਦੇ ਹਨ ਕਿ ਜਨਵਰੀ 2025 ਤੋਂ ਜੂਨ 2025 ਦੇ ਛੇ ਮਹੀਨਿਆਂ ਦੌਰਾਨ ਪੰਜਾਬ ’ਚ ਔਸਤਨ ਪ੍ਰਤੀ ਦਿਨ 1978 ਪਾਸਪੋਰਟ ਬਣੇ ਹਨ ਜਦੋਂ ਕਿ ਸਾਲ 2024 ’ਚ ਇਹੋ ਔਸਤ ਪ੍ਰਤੀ ਦਿਨ 2906 ਪਾਸਪੋਰਟਾਂ ਦੀ ਸੀ। ਪੰਜਾਬ ਸਰਕਾਰ ਵੱਲੋਂ ‘ਵਤਨ ਵਾਪਸੀ’ ਦਾ ਨਾਅਰਾ ਦਿੱਤਾ ਗਿਆ ਸੀ ਅਤੇ ਹੁਣ ‘ਆਪ’ ਸਰਕਾਰ ਵਿਦੇਸ਼ ਜਾਣ ਦੇ ਰੁਝਾਨ ਨੂੰ ਠੱਲ੍ਹਣ ਨੂੰ ਆਪਣੀ ਪ੍ਰਾਪਤੀ ਵਜੋਂ ਵੀ ਪੇਸ਼ ਕਰ ਰਹੀ ਹੈ। ਹਕੀਕਤ ਇਹ ਹੈ ਕਿ ਕੈਨੇਡਾ ਸਰਕਾਰ ਸਖ਼ਤੀ ਦੇ ਰਾਹ ਪਈ ਹੈ।
ਪੰਜਾਬ ’ਚੋਂ ਜ਼ਿਆਦਾਤਰ ਵਿਦਿਆਰਥੀ ਕੈਨੇਡਾ ਹੀ ਪੜ੍ਹਨ ਜਾ ਰਹੇ ਸਨ। ਇਸ ਸਾਲ ਦੇ ਪਹਿਲੇ ਛੇ ਮਹੀਨਿਆਂ ਦੌਰਾਨ 3.60 ਲੱਖ ਪਾਸਪੋਰਟ ਹੀ ਬਣੇ ਹਨ ਅਤੇ ਸਾਲ 2024 ਵਿੱਚ ਇਹ ਅੰਕੜਾ 10.60 ਲੱਖ ਪਾਸਪੋਰਟਾਂ ਦਾ ਸੀ। ਸਾਲ 2023 ਵਿਚ ਤਾਂ ਇਸ ਰੁਝਾਨ ਦਾ ਸਿਖਰ ਸੀ ਜਦੋਂ ਕਿ ਪ੍ਰਤੀ ਦਿਨ ਔਸਤਨ 3271 ਪਾਸਪੋਰਟ ਬਣੇ ਸਨ। 2023 ’ਚ 11.94 ਲੱਖ ਪਾਸਪੋਰਟ ਬਣੇ ਸਨ। ਪੰਜਾਬ ’ਚ ਸਾਲ 2014 ਤੋਂ ਜੂਨ 2025 ਤੱਕ 95.41 ਲੱਖ ਪਾਸਪੋਰਟ ਬਣੇ ਹਨ ਜਦੋਂ ਕਿ ਪੰਜਾਬ ਦੇ ਘਰਾਂ ਦੀ ਗਿਣਤੀ 65 ਲੱਖ ਹੈ। ਮਤਲਬ ਕਿ ਹਰ ਦੋ ਘਰਾਂ ਪਿੱਛੇ ਤਿੰਨ ਪਾਸਪੋਰਟ ਬਣੇ ਹਨ। ਉਂਜ ਆਬਾਦੀ ਦੇ ਲਿਹਾਜ਼ ਨਾਲ ਹਰ ਤੀਜਾ ਪੰਜਾਬੀ ਪਾਸਪੋਰਟ ਹੋਲਡਰ ਹੈ। ਵਰ੍ਹਾ 2020 ਵਿੱਚ ਪ੍ਰਤੀ ਦਿਨ ਔਸਤਨ 1321 ਪਾਸਪੋਰਟ ਬਣੇ ਸਨ ਅਤੇ ਸਾਲ 2023 ਵਿੱਚ ਇਹ ਦਰ ਢਾਈ ਗੁਣਾ ਵਾਧੇ ਨੂੰ ਪਾਰ ਕਰ ਗਈ ਸੀ। ਕੈਨੇਡਾ ਵਾਸੀ ਕਮਲਜੀਤ ਸਿੰਘ ਸਿੱਧੂ ਆਖਦੇ ਹਨ ਕਿ ਮੁੱਖ ਦੋ ਕਾਰਨ ਇਸ ਲਈ ਜ਼ਿੰਮੇਵਾਰ ਹਨ।
ਪਹਿਲਾ, ਕੈਨੇਡਾ ਸਰਕਾਰ ਵੱਲੋਂ ਕਾਨੂੰਨਾਂ ’ਚ ਸਖ਼ਤੀ ਕਰਨਾ ਅਤੇ ਦੂਜਾ ਕੈਨੇਡਾ ਵਿੱਚ ਮੰਦਹਾਲੀ ਦਾ ਦੌਰ ਹੋਣ ਕਰਕੇ ਵਿਦਿਆਰਥੀਆਂ ਵੱਲੋਂ ਰੁਜ਼ਗਾਰ ਦੀ ਵੱਡੀ ਸਮੱਸਿਆ ਦਾ ਸਾਹਮਣਾ ਕਰਨਾ। ਵਿਦੇਸ਼ ਤੋਂ ਪਰਤੇ ਵਿਦਿਆਰਥੀ ਇਸ਼ਾਨ ਗਰਗ ਦਾ ਕਹਿਣਾ ਸੀ ਕਿ ਪ੍ਰੋਫੈਸ਼ਨਲ ਮੁਹਾਰਤ ਵਾਲੇ ਵਿਦਿਆਰਥੀ ਵੀ ਕੈਨੇਡਾ ’ਚ ਸੰਕਟ ਵਿੱਚੋਂ ਗੁਜ਼ਰ ਰਹੇ ਹਨ। ਦੇਖਿਆ ਜਾਵੇ ਤਾਂ ਪੰਜਾਬ ’ਚ ਆਈਲੈੱਟਸ ਕੇਂਦਰ ਵੀ ਵੱਡੇ ਪੱਧਰ ’ਤੇ ਬੰਦ ਹੋ ਗਏ ਹਨ ਅਤੇ ਪੇਂਡੂ ਬੱਚਿਆਂ ਲਈ ਜਹਾਜ਼ ਦੀ ਤਾਕੀ ਨੂੰ ਹੱਥ ਪਾਉਣਾ ਕਾਫ਼ੀ ਔਖਾ ਹੋ ਗਿਆ ਹੈ। ਬਠਿੰਡਾ ਦੇ ਬਰਿਲਜ਼ ਇੰਸਟੀਚਿਊਟ ਦੇ ਮਾਲਕ ਅਸ਼ੋਕ ਸਦਿਉੜਾ ਦਾ ਕਹਿਣਾ ਸੀ ਕਿ ਕੈਨੇਡਾ ਸਰਕਾਰ 50 ਫ਼ੀਸਦੀ ਦੇ ਕਰੀਬ ਵੀਜ਼ੇ ਰੱਦ ਕਰ ਰਹੀ ਹੈ ਅਤੇ ਸਟੱਡੀ ਵੀਜ਼ਾ ਲੈਣ ਲਈ ਰਾਹ ਕਾਫ਼ੀ ਔਖੇ ਹੋ ਗਏ ਹਨ। ਜੀਆਈਸੀ ਫ਼ੀਸ ਹੁਣ ਦੁੱਗਣੀ ਤੋਂ ਵੀ ਵਧਾ ਦਿੱਤੀ ਗਈ ਹੈ ਅਤੇ ਵਿਦਿਆਰਥੀਆਂ ਲਈ ਫੰਡਜ਼ ਵੀ ਛੇ ਮਹੀਨੇ ਪੁਰਾਣੇ ਹੋਣ ਦੀ ਸ਼ਰਤ ਲਾਜ਼ਮੀ ਕਰ ਦਿੱਤੀ ਗਈ ਹੈ।
ਉਨ੍ਹਾਂ ਕਿਹਾ ਕਿ ਮਾਪਿਆਂ ਨੂੰ ਵੀ ਵੀਜ਼ੇ ਦੇਣੇ ਕਾਫ਼ੀ ਘੱਟ ਕਰ ਦਿੱਤੇ ਹਨ।ਪਿਛਾਂਹ ਨਜ਼ਰ ਮਾਰੀਏ ਤਾਂ ਜਦੋਂ ਕੋਵਿਡ ਮਹਾਮਾਰੀ ਸੀ ਤਾਂ ਉਦੋਂ ਇਸ ਰੁਝਾਨ ’ਚ ਖੜੋਤ ਆ ਗਈ ਸੀ ਅਤੇ ਦੂਜਾ ਹੁਣ ਵਿਦੇਸ਼ ਦੀ ਸਖ਼ਤੀ ਨੇ ਮੋੜਾ ਪਾਇਆ ਹੈ। ਚੰਗਾ ਪੱਖ ਇਹ ਹੈ ਕਿ ਕੈਨੇਡਾ ਦੀ ਸਖ਼ਤੀ ਮਗਰੋਂ ਪੰਜਾਬ ਦੇ ਵਿੱਦਿਅਕ ਅਦਾਰਿਆਂ ’ਚ ਰੌਣਕ ਪਰਤਣ ਲੱਗੀ ਹੈ। ਪੰਜਾਬ ’ਚ ਸਟੱਡੀ ਵੀਜ਼ੇ ਦਾ ਰੁਝਾਨ ਸਾਲ 2016-17 ਵਿਚ ਸ਼ੁਰੂ ਹੋਇਆ ਸੀ। ਮੁੱਢਲੇ ਪੜਾਅ ’ਤੇ ਵਿਦੇਸ਼ਾਂ ’ਚ ਪੀਆਰ ਹੋਣ ਵਾਲੇ ਵਿਦਿਆਰਥੀਆਂ ਦੇ ਮਾਪੇ ਵੀ ਵਿਦੇਸ਼ ਜਾਣ ’ਚ ਸਫਲ ਹੋ ਗਏ ਸਨ ਜਿਸ ਕਰਕੇ ਪਾਸਪੋਰਟਾਂ ਦਾ ਅੰਕੜਾ ਵਧਿਆ ਸੀ। ਉੱਤਰੀ ਭਾਰਤ ’ਚੋਂ ਪੰਜਾਬ ਇਸ ਮਾਮਲੇ ’ਚ ਪਹਿਲੇ ਨੰਬਰ ’ਤੇ ਰਿਹਾ ਹੈ। ਹਰਿਆਣਾ ’ਚ ਵੀ ਇਸ ਵਰ੍ਹੇ ਦੇ ਛੇ ਮਹੀਨਿਆਂ ’ਚ 2.12 ਲੱਖ ਪਾਸਪੋਰਟ ਬਣੇ ਹਨ ਜਦੋਂ ਕਿ ਸਾਲ 2024 ਵਿੱਚ 5.49 ਲੱਖ ਪਾਸਪੋਰਟ ਬਣੇ ਸਨ।
ਪੰਜਾਬ ’ਚ ਜਾਰੀ ਪਾਸਪੋਰਟ
ਸਾਲ ਪਾਸਪੋਰਟਾਂ ਦੀ ਗਿਣਤੀ
2025 (ਜੂਨ ਤੱਕ) 3.60 ਲੱਖ
2024 10.60 ਲੱਖ
2023 11.94 ਲੱਖ
2022 9.35 ਲੱਖ
2021 6.44 ਲੱਖ
2020 9.35 ਲੱਖ
2019 9.46 ਲੱਖ
2018 10.69 ਲੱਖ
2017 9.73 ਲੱਖ
No comments:
Post a Comment