Tuesday, July 22, 2025

                                                      ਕਿਸਾਨ ਦਾ ਗੱਡਾ
                        ਵੱਡਾ ਭਰਾ ‘ਰਾਜਾ’ ਤੇ ਛੋਟਾ ਭਰਾ ‘ਮਹਾਰਾਜਾ’.!
                                                        ਚਰਨਜੀਤ ਭੁੱਲਰ 

ਚੰਡੀਗੜ੍ਹ : ਜਦੋਂ ਦੇਸ਼ ’ਚ ਟਰੈਕਟਰ ਘਣਤਾ ਦੇਖਦੇ ਹਾਂ ਤਾਂ ਜੇ ਵੱਡੇ ਭਰਾ ਦਾ ਰੁਤਬਾ ਰੱਖਣ ਵਾਲਾ ਪੰਜਾਬ ‘ਰਾਜਾ’ ਹੈ ਤਾਂ ਛੋਟੇ ਭਰਾ ਦੇ ਲਕਬ ਵਾਲਾ ਹਰਿਆਣਾ ‘ਮਹਾਰਾਜਾ’ ਜਾਪਦਾ ਹੈ। ਕਿਸਾਨੀ ਬੋਲਚਾਲ ’ਚ ਟਰੈਕਟਰ ‘ਖੇਤਾਂ ਦਾ ਰਾਜਾ’ ਅਖਵਾਉਂਦਾ ਹੈ। ਪੰਜਾਬ ਅਤੇ ਹਰਿਆਣਾ ’ਚ ਬੇਲੋੜੇ ਟਰੈਕਟਰ ਕਿਸਾਨਾਂ ਦਾ ਬੋਝ ਵਧਾ ਰਹੇ ਹਨ ਜਿਨ੍ਹਾਂ ਦੇ ਅੰਕੜੇ ਹੈਰਾਨੀ ਅਤੇ ਫਿਕਰਮੰਦੀ ਕਰਨ ਵਾਲੇ ਹਨ। ਦੇਸ਼ ’ਚ 18.10 ਕਰੋੜ ਹੈਕਟੇਅਰ ਰਕਬਾ ਖੇਤੀ ਹੇਠ ਹੈ ਅਤੇ ਇਸ ਲਿਹਾਜ਼ ਨਾਲ ਪੰਜਾਬ ’ਚ ਖੇਤੀ ਰਕਬਾ ਦੇਸ਼ ਦਾ ਮਹਿਜ਼ 2.33 ਫ਼ੀਸਦੀ ਬਣਦਾ ਹੈ ਪ੍ਰੰਤੂ ਦੇਸ਼ ਦੇ ਕੁੱਲ ਟਰੈਕਟਰਾਂ ’ਚੋਂ ਇਕੱਲੇ ਪੰਜਾਬ ਕੋਲ 5.80 ਫ਼ੀਸਦੀ ਟਰੈਕਟਰ ਹਨ। ਦੇਸ਼ ਦੇ ਖੇਤੀ ਰਕਬੇ ’ਚੋਂ ਹਰਿਆਣਾ ਦਾ ਰਕਬਾ 2.07 ਫ਼ੀਸਦੀ ਬਣਦਾ ਹੈ ਪ੍ਰੰਤੂ ਹਰਿਆਣਾ ’ਚ 6.19 ਫ਼ੀਸਦੀ ਟਰੈਕਟਰ ਹਨ। ਟਰੈਕਟਰਾਂ ਦੀ ਕੌਮੀ ਔਸਤ ਦੇਖੀਏ ਤਾਂ ਦੇਸ਼ ’ਚ 18.10 ਕਰੋੜ ਹੈਕਟੇਅਰ ਰਕਬੇ ਲਈ ਕੁੱਲ 1.09 ਕਰੋੜ ਖੇਤੀ ਟਰੈਕਟਰ ਹਨ। ਮਤਲਬ ਕਿ 16.52 ਹੈਕਟੇਅਰ ਪਿੱਛੇ ਔਸਤਨ ਇੱਕ ਟਰੈਕਟਰ ਬਣਦਾ ਹੈ। ਹਰਿਆਣਾ ’ਚ ਖੇਤੀ ਹੇਠ 37.59 ਲੱਖ ਹੈਕਟੇਅਰ ਰਕਬਾ ਹੈ ਜਿਸ ’ਤੇ 6.78 ਲੱਖ ਟਰੈਕਟਰ ਚੱਲ ਰਹੇ ਹਨ, ਭਾਵ ਕਿ 5.53 ਹੈਕਟੇਅਰ ਰਕਬੇ ਪਿੱਛੇ ਇੱਕ ਟਰੈਕਟਰ ਹੈ। 

         ਪੰਜਾਬ ’ਚ 42.35 ਲੱਖ ਹੈਕਟੇਅਰ ਰਕਬੇ ’ਤੇ ਖੇਤੀ ਲਈ 6.36 ਲੱਖ ਟਰੈਕਟਰ ਹਨ। ਪੰਜਾਬ ’ਚ 6.65 ਹੈਕਟੇਅਰ ਰਕਬੇ ਪਿੱਛੇ ਇੱਕ ਟਰੈਕਟਰ ਹੈ। ਸਮੁੱਚੇ ਦੇਸ਼ ’ਚੋਂ ਪੰਜਾਬ ਅਤੇ ਹਰਿਆਣਾ ਟਰੈਕਟਰ ਘਣਤਾ ਦੇ ਲਿਹਾਜ਼ ਨਾਲ ਮੋਹਰੀ ਹਨ। ਖੇਤੀ ਅਰਥਚਾਰੇ ਦੇ ਸੰਤੁਲਨ ਲਈ ਏਨੇ ਟਰੈਕਟਰ ਵਾਰਾ ਨਹੀਂ ਖਾਂਦੇ ਹਨ। ਦੂਜੇ ਸੂਬਿਆਂ ’ਤੇ ਤਰਦੀ ਨਜ਼ਰ ਮਾਰੀਏ ਤਾਂ ਮੱਧ ਪ੍ਰਦੇਸ਼ ’ਚ 11.06 ਹੈਕਟੇਅਰ ਪਿੱਛੇ ਇੱਕ ਟਰੈਕਟਰ, ਉੱਤਰ ਪ੍ਰਦੇਸ਼ ’ਚ 8.45 ਹੈਕਟੇਅਰ ਪਿੱਛੇ ਇੱਕ, ਗੁਜਰਾਤ ’ਚ 14.91 ਹੈਕਟੇਅਰ ਪਿੱਛੇ ਇੱਕ, ਕਰਨਾਟਕ ’ਚ 15.04 ਹੈਕਟੇਅਰ ਪਿੱਛੇ ਇੱਕ ਟਰੈਕਟਰ ਅਤੇ ਰਾਜਸਥਾਨ ’ਚ 16.57 ਹੈਕਟੇਅਰ ਪਿੱਛੇ ਔਸਤਨ ਇੱਕ ਟਰੈਕਟਰ ਹੈ। ਪੱਛਮੀ ਬੰਗਾਲ ’ਚ ਤਾਂ 55.47 ਹੈਕਟੇਅਰ ’ਤੇ ਔਸਤਨ ਇੱਕ ਟਰੈਕਟਰ ਚੱਲਦਾ ਹੈ। ਕੌਮੀ ਔਸਤ 16.52 ਹੈਕਟੇਅਰ ਪਿੱਛੇ ਔਸਤਨ ਇੱਕ ਟਰੈਕਟਰ ਦੀ ਹੈ। ਦੇਸ਼ ’ਚ ਕਰੀਬ 21 ਟਰੈਕਟਰ ਕੰਪਨੀਆਂ ਹਨ ਜਿਨ੍ਹਾਂ ਲਈ ਪੰਜਾਬ ਅਤੇ ਹਰਿਆਣਾ ਸੋਨੇ ਦੀ ਖਾਣ ਵਾਂਗ ਹਨ। ਖੇਤੀ ਮਾਹਿਰਾਂ ਮੁਤਾਬਕ ਪੰਜਾਬ ’ਚ ਦੋ ਫ਼ਸਲੀ ਪ੍ਰਣਾਲੀ ਭਾਰੂ ਹੋਣ ਕਰਕੇ ਇੱਕ ਏਕੜ ਦੀ ਖੇਤੀ ’ਚ ਸਾਲਾਨਾ 224 ਘੰਟੇ ਦਾ ਹੀ ਕੰਮ ਰਹਿ ਗਿਆ ਹੈ। 

         ਖੇਤੀ ਮਸ਼ੀਨਰੀ ਦੀ ਬਹੁਤਾਤ ਕਰਕੇ ਕਰੀਬ ਦੋ ਲੱਖ ਕਿਸਾਨ ਖੇਤੀ ’ਚੋਂ ਬਾਹਰ ਹੋ ਚੁੱਕੇ ਹਨ। ਡਾ. ਸੁਖਪਾਲ ਸਿੰਘ ਵੱਲੋਂ ਸਾਲ 2005 ਵਿੱਚ ਕਿਸਾਨੀ ਕਰਜ਼ੇ ’ਤੇ ਕੀਤੀ ਸਟੱਡੀ ’ਚ ਤੱਥ ਉੱਭਰੇ ਸਨ ਕਿ ਬਿਨਾਂ ਟਰੈਕਟਰਾਂ ਵਾਲੇ ਕਿਸਾਨਾਂ ਨਾਲੋਂ ਟਰੈਕਟਰਾਂ ਵਾਲੇ ਕਿਸਾਨਾਂ ਸਿਰ ਢਾਈ ਗੁਣਾ ਜ਼ਿਆਦਾ ਕਰਜ਼ਾ ਹੈ। ਪੰਜਾਬ ਖੇਤੀ ’ਵਰਸਿਟੀ ਦੇ ਪ੍ਰਮੁੱਖ ਖੇਤੀ ਅਰਥਸ਼ਾਸਤਰੀ ਡਾ. ਗੁਰਜਿੰਦਰ ਸਿੰਘ ਰੋਮਾਣਾ ਨੇ ਕਿਹਾ ਕਿ ਜੇ ਖੇਤੀ ਲਈ ਇੱਕ ਟਰੈਕਟਰ ਸਾਲਾਨਾ ਘੱਟੋ ਘੱਟ ਇੱਕ ਹਜ਼ਾਰ ਘੰਟੇ ਚੱਲਦਾ ਹੈ ਤਾਂ ਹੀ ਵਿੱਤੀ ਤੌਰ ’ਤੇ ਵਾਰਾ ਖਾਂਦਾ ਹੈ ਪ੍ਰੰਤੂ ਪੰਜਾਬ ਵਿੱਚ ਖੇਤੀ ਲਈ ਸਿਰਫ਼ 250 ਘੰਟੇ ਸਾਲਾਨਾ ਹੀ ਟਰੈਕਟਰ ਚੱਲ ਰਿਹਾ ਹੈ ਜੋ ਘਾਟੇ ਦਾ ਸੌਦਾ ਹੈ। ਕੇਂਦਰ ਸਰਕਾਰ ਨੇ ਸਾਲ 2018 ’ਚ ਪਰਾਲੀ ਪ੍ਰਬੰਧਨ ਲਈ ਖੇਤੀ ਮਸ਼ੀਨਰੀ ’ਤੇ ਸਬਸਿਡੀ ਦੇਣੀ ਸ਼ੁਰੂ ਕੀਤੀ ਤਾਂ ਪੰਜਾਬ ਅਤੇ ਹਰਿਆਣਾ ’ਚ ਖੇਤੀ ਸੰਦਾਂ ਤੇ ਵੱਡੇ ਟਰੈਕਟਰਾਂ ਦਾ ਘੜਮੱਸ ਹੀ ਪੈ ਗਿਆ। ਪਰਾਲੀ ਪ੍ਰਬੰਧਨ ਦੇ ਖੇਤੀ ਸੰਦ ਜਿਵੇਂ ਮਲਚਰ, ਵੇਲਰ, ਸੁਪਰਸੀਡਰ ਆਦਿ ਲਈ 50 ਹਾਰਸ ਪਾਵਰ ਤੋਂ ਵੱਧ ਵਾਲਾ ਵੱਡਾ ਟਰੈਕਟਰ ਲੋੜ ਬਣਾ ਦਿੱਤਾ ਗਿਆ। ਕੇਂਦਰ ਦੀ ਸਬਸਿਡੀ ਨੇ ਖੇਤੀ ਸੰਦ ਘਰ-ਘਰ ’ਚ ਤੁੰਨ ਦਿੱਤੇ ਹਨ।

        ਜਦੋਂ ਸ਼ਿੰਗਾਰੇ ਹੋਏ ਟਰੈਕਟਰ ਸੜਕਾਂ ’ਤੇ ਦੇਖਦੇ ਹਾਂ ਤਾਂ ਇੱਕ ਵੱਖਰਾ ਪੰਜਾਬ ਨਜ਼ਰ ਪੈਂਦਾ ਹੈ। ਹਾਲਾਂਕਿ ਛੋਟੀ ਤੇ ਦਰਮਿਆਨੀ ਕਿਸਾਨੀ ਦੀ ਕਹਾਣੀ ਵੱਖਰੀ ਹੈ। ਬਠਿੰਡਾ ਦੇ ਪਿੰਡ ਕਰਾੜਵਾਲਾ ਦੇ ਅਗਾਂਹਵਧੂ ਕਿਸਾਨ ਹਰਚਰਨ ਸਿੰਘ ਢਿੱਲੋਂ ਨੇ ਆਖਿਆ ਕਿ ਜਿਨ੍ਹਾਂ ਕਿਸਾਨ ਘਰਾਂ ’ਚ ਨਵੀਂ ਪੀੜੀ ਦਾ ਦਾਬਾ ਹੋ ਗਿਆ ਹੈ, ਉੱਥੇ ਛੋਟੀ ਪੈਲੀ ’ਤੇ ਵੀ ਵੱਡੇ ਟਰੈਕਟਰ ਗੂੰਜ ਰਹੇ ਹਨ। ਉਨ੍ਹਾਂ ਕਿਹਾ ਕਿ ਬੇਲੋੜੀ ਖੇਤੀ ਮਸ਼ੀਨਰੀ ਕਿਸਾਨਾਂ ਦੀ ਕਮਾਈ ਨੂੰ ਚੂਸ ਜਾਂਦੀ ਹੈ, ਉਲਟਾ ਪਰਿਵਾਰ ਕਰਜ਼ੇ ’ਚ ਦੱਬ ਜਾਂਦੇ ਹਨ। ਸੋਚ ਕੇ ਚੱਲਣ ਦੀ ਲੋੜ ਹੈ ਕਿ ਕਿਤੇ ਪੰਜਾਬੀਪੁਣਾ ਜੜ੍ਹੀਂ ਹੀ ਨਾ ਬੈਠ ਜਾਵੇ।ਬਲਦਾਂ ਦੀ ਖੇਤੀ ਵਾਲਾ ਪੰਜਾਬ ਵਾਇਆ ਹਰੀ ਕ੍ਰਾਂਤੀ ਅੱਜ ਟਰੈਕਟਰਾਂ ’ਚ ਮੋਹਰੀ ਬਣ ਬੈਠਾ ਹੈ। ਅਕਾਲੀ ਹਕੂਮਤ ਨੇ ਪੁਰਾਣੇ ਸਮਿਆਂ ’ਚ ਟਰੈਕਟਰ ਨੂੰ ‘ਕਿਸਾਨ ਦਾ ਗੱਡਾ’ ਕਰਾਰ ਦਿੱਤਾ ਸੀ ਤਾਂ ਜੋ ਫ਼ਜ਼ੂਲ ਟੈਕਸਾਂ ਦਾ ਕਿਸਾਨੀ ’ਤੇ ਬੋਝ ਨਾ ਪਵੇ। ਹੁਣ ਪੰਜਾਬ ’ਚ ਮਹਿੰਦਰਾ, ਜੌਹਨ ਡੀਅਰ, ਸਵਰਾਜ, ਨਿਊ ਹਾਲੈਂਡ ਅਤੇ ਸੋਨਾਲੀਕਾ ਆਦਿ ਟਰੈਕਟਰ ਕੰਪਨੀਆਂ ਦੀ ਚਾਂਦੀ ਬਣੀ ਹੋਈ ਹੈ। ਇੱਕ ਵੇਲੇ ਦੋ ਪੰਜਾਬ ਨਜ਼ਰ ਪੈਂਦੇ ਹਨ, ਇੱਕ ਵੱਡੇ ਵੱਡੇ ਟਾਇਰਾਂ ਵਾਲੇ ਵੱਡੇ ਟਰੈਕਟਰਾਂ ਵਾਲਾ, ਦੂਜਾ ਬਿਨਾਂ ਟਰੈਕਟਰਾਂ ਤੋਂ ਵਾਹੀ ਕਰਦੇ ਕਿਸਾਨਾਂ ਵਾਲਾ ਪੰਜਾਬ।

         ਖੇਤੀ ਮਹਿਕਮੇ ਦੇ ਡਾਇਰੈਕਟਰ ਜਸਵੰਤ ਸਿੰਘ ਨੇ ਕਿਹਾ ਕਿ ਕਿਸਾਨ ਘਰਾਂ ’ਚ ਬਹੁਤੇ ਪੁਰਾਣੇ ਟਰੈਕਟਰ ਵੀ ਹਾਲੇ ਖੜ੍ਹੇ ਹਨ ਜਿਨ੍ਹਾਂ ਤੋਂ ਕੰਮ ਨਹੀਂ ਲਿਆ ਜਾ ਰਿਹਾ ਹੈ, ਉਹ ਵੀ ਅੰਕੜੇ ਨੂੰ ਵੱਡਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਖੇਤੀ ਤੋਂ ਇਲਾਵਾ ਕਿਸਾਨ ਢੋਆ-ਢੁਆਈ ਵਾਸਤੇ ਵੀ ਟਰੈਕਟਰ-ਟਰਾਲੀ ਦੀ ਵਰਤੋਂ ਕਰਦੇ ਹਨ।ਸੰਯੁਕਤ ਕਿਸਾਨ ਮੋਰਚਾ ਦੇ ਸੀਨੀਅਰ ਆਗੂ ਰਮਿੰਦਰ ਸਿੰਘ ਪਟਿਆਲਾ ਤਰਕ ਦਿੰਦੇ ਹਨ ਕਿ ਪੰਜਾਬ ’ਚ ਬੇਲੋੜਾ ਮਸ਼ੀਨੀਕਰਨ ਹਰੀ ਕ੍ਰਾਂਤੀ ਦੇ ਵਿਕਾਸ ਮਾਡਲ ਦੀ ਦੇਣ ਹੈ। ਇਹ ਮਾਡਲ ਕਾਰਪੋਰੇਟ ਦੀ ਤਰਫ਼ਦਾਰੀ ਵਾਲਾ ਹੈ ਅਤੇ ਕਿਸਾਨੀ ਕਰਜ਼ੇ ਲਈ ਜ਼ਿੰਮੇਵਾਰ ਇੱਕ ਫੈਕਟਰ ਖੇਤੀ ਮਸ਼ੀਨਰੀ ਦੀ ਬੇਲੋੜੀ ਖ਼ਰੀਦ ਵੀ ਹੈ। ਉਨ੍ਹਾਂ ਕਿਹਾ ਕਿ ਵੱਡੇ ਟਰੈਕਟਰਾਂ ਦਾ ਰੁਝਾਨ ਦੁਆਬੇ ਵਿੱਚ ਵੱਧ ਹੈ ਜਿੱਥੇ ਹਾਲਾਂਕਿ ਜੋਤਾਂ ਛੋਟੀਆਂ ਹਨ।

                                       ਵੱਡੇ ਟਰੈਕਟਰਾਂ ’ਚ ਪੰਜਾਬ ਨੰਬਰ ਵਨ

ਪੰਜਾਹ ਹਾਰਸ ਪਾਵਰ ਤੋਂ ਵੱਧ ਵਾਲੇ ਵੱਡੇ ਟਰੈਕਟਰਾਂ ’ਚ ਨੰਬਰ ਵਨ ਬਣ ਗਿਆ ਹੈ। ਇੱਥੋਂ ਤੱਕ ਕਿ 75 ਹਾਰਸ ਪਾਵਰ ਤੱਕ ਦੇ ਟਰੈਕਟਰ ਵੀ ਪੰਜਾਬੀ ਖ਼ਰੀਦ ਰਹੇ ਹਨ। ਅਪਰੈਲ-ਮਈ ’ਚ ਦੇਸ਼ ਭਰ ’ਚ 50 ਹਾਰਸ ਪਾਵਰ ਤੋਂ ਵੱਧ ਵਾਲੇ 2796 ਵੱਡੇ ਟਰੈਕਟਰਾਂ ਦੀ ਵਿਕਰੀ ਹੋਈ ਜਿਸ ’ਚੋਂ 565 ਟਰੈਕਟਰ (20.21 ਫ਼ੀਸਦੀ) ਇਕੱਲੇ ਪੰਜਾਬ ’ਚ ਵਿਕੇ। ਅਪਰੈਲ ਤੋਂ ਨਵੰਬਰ 2024 ਦਰਮਿਆਨ 25.46 ਫ਼ੀਸਦੀ ਵੱਡੇ ਟਰੈਕਟਰ ਇਕੱਲੇ ਪੰਜਾਬ ’ਚ ਪੁੱਜੇ ਸਨ।



No comments:

Post a Comment