Wednesday, July 2, 2025

                                                           ਧੂੰਆਂ-ਧਾਰ 
                           ਪੰਜਾਬ ’ਚ ਤੰਬਾਕੂ ’ਤੇ ਉੱਡਦੇ ਨੇ ਕਰੋੜਾਂ..! 
                                                         ਚਰਨਜੀਤ ਭੁੱਲਰ  

ਚੰਡੀਗੜ੍ਹ :ਪੰਜਾਬ ਲਈ ਇਹ ਚਿੰਤਾ ਵਾਲੀ ਗੱਲ ਹੈ ਕਿ ਸੂਬੇ ’ਚ ਰੋਜ਼ਾਨਾ ਔਸਤਨ ਕਰੀਬ ਪੌਣੇ ਪੰਜ ਕਰੋੜ ਰੁਪਏ ਦੇ ਤੰਬਾਕੂ ਦੀ ਖਪਤ ਹੁੰਦੀ ਹੈ। ਹਾਲਾਂਕਿ ਦੇਸ਼ ਚੋਂ ਤੰਬਾਕੂ ਦੀ ਖਪਤ ਵਾਲੇ ਸੂਬਿਆਂ ’ਚ ਹੇਠਲੇ ਥਾਵਾਂ ’ਤੇ ਹੈ ਪ੍ਰੰਤੂ ਪੰਜਾਬ ਦੀ ਸਮਾਜਿਕ-ਧਾਰਮਿਕ ਬਣਤਰ ਤੋਂ ਇਹ ਰੁਝਾਨ ਕਿਸੇ ਪੱਖੋਂ ਸਿਹਤਮੰਦ ਨਹੀਂ। ਪੰਜਾਬ ਸਰਕਾਰ ਸੂਬੇ ਨੂੰ ਤੰਬਾਕੂ ਮੁਕਤ ਕਰਨ ਲਈ ਉਪਰਾਲੇ ਕਰ ਰਹੀ ਹੈ। ਉਂਜ, ਬਹੁਤੇ ਲੋਕਾਂ ਨੇ ਬੀੜੀ ਸਿਗਰਟ ਦੇ ਬਦਲ ਤਲਾਸ਼ ਲਏ ਹਨ ਜਿਸ ਵਜੋਂ ਗੁਟਕਾ, ਖੈਣੀ ਤੇ ਪਾਨ ਮਸਾਲਾ ਆਦਿ ਦੀ ਖਪਤ ਵਧੀ ਹੈ। ਵੇਰਵਿਆਂ ਅਨੁਸਾਰ ਲੰਘੇ ਅੱਠ ਵਰ੍ਹਿਆਂ ਵਿੱਚ ਪੰਜਾਬ ’ਚ ਤੰਬਾਕੂ, ਬੀੜੀ-ਸਿਗਰਟ ਤੇ ਪਾਨ ਮਸਾਲਾ ਆਦਿ ਦੀ 9684.36 ਕਰੋੜ ਦੀ ਖਪਤ ਹੋਈ ਹੈ ਅਤੇ ਲੰਘੇ ਸਾਲ 2024-25 ਵਿੱਚ ਰੋਜ਼ਾਨਾ ਔਸਤਨ ਪੌਣੇ ਚਾਰ ਕਰੋੜ ਦੀ ਤੰਬਾਕੂ ਸਮੇਤ ਬੀੜੀ ਸਿਗਰਟ ਤੇ ਪਾਨ ਮਸਾਲਾ ਦੀ ਵਿੱਕਰੀ ਰਹੀ ਹੈ। ਸੂਬਾ ਸਰਕਾਰ ਦੇ ਖ਼ਜ਼ਾਨੇ ਨੂੰ ਇਨ੍ਹਾਂ ਅੱਠ ਸਾਲਾਂ ’ਚ 466.76 ਕਰੋੜ ਦੀ ਕਮਾਈ ਹੋਈ ਹੈ। ਸਾਲ 2017-18 ਵਿੱਚ ਪੰਜਾਬ ਤੰਬਾਕੂ ਤੇ ਬੀੜੀ ਸਿਗਰਟ ਆਦਿ ਦੀ 496.38 ਕਰੋੜ ਦੀ ਵਿੱਕਰੀ ਸੀ ਜੋ ਹੁਣ ਸਾਲ 2024-25 ’ਚ ਵਧ ਕੇ 1733.92 ਕਰੋੜ ਦੀ ਹੋ ਗਈ ਹੈ।

        ਪੰਜਾਬ ਸਰਕਾਰ ਦੇ ਖ਼ਜ਼ਾਨੇ ਨੂੰ ਸਾਲ 2017-18 ਵਿੱਚ 42.89 ਕਰੋੜ ਰੁਪਏ ਟੈਕਸ ਵਸੂਲ ਹੋਇਆ ਸੀ ਜੋ ਕਿ ਲੰਘੇ ਵਿੱਤੀ ਵਰ੍ਹੇ ’ਚ ਵਧ ਕੇ 65.42 ਕਰੋੜ ਰੁਪਏ ਹੋ ਗਿਆ ਹੈ। ਸਾਲ 2023-24 ਵਿੱਚ ਤੰਬਾਕੂ ਉਤਪਾਦਾਂ ਦੀ ਵਿੱਕਰੀ 1419.19 ਕਰੋੜ ਸੀ ਜੋ ਕਿ ਅਗਲੇ ਸਾਲ 2024-25 ਵਿੱਚ ਇਕਦਮ ਵੱਧ ਕੇ 1733.92 ਕਰੋੜ ਦੀ ਹੋ ਗਈ ਜੋ ਕਿ 22.18 ਫ਼ੀਸਦੀ ਦਾ ਵਾਧਾ ਹੈ। ਪੰਜਾਬ ਸਰਕਾਰ ਵੱਲੋਂ ਚਲਾਏ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਦੇ ਘੇਰੇ ਤੋਂ ਤੰਬਾਕੂ ਬਾਹਰ ਹੈ। ਲੁਧਿਆਣਾ ਦੇ ਕਾਕਾ ਸਿਗਰਟ ਸਟੋਰ ਦੇ ਮਾਲਕ ਕਰਤਾਰ ਚੰਦ ਦਾ ਕਹਿਣਾ ਸੀ ਕਿ ਜਦੋਂ ਤੋਂ ਚੇਤਨਤਾ ਵਧੀ ਹੈ, ਉਦੋਂ ਤੋਂ ਨਵੀਂ ਪੀੜੀ ’ਚ ਤੰਬਾਕੂ ਦਾ ਰੁਝਾਨ ਘਟਿਆ ਹੈ ਅਤੇ ਕਈ ਬਦਲ ਵੀ ਲੋਕਾਂ ਨੇ ਤਲਾਸ਼ ਲਏ ਹਨ। ਉਨ੍ਹਾਂ ਕਿਹਾ ਕਿ ਹਰਿਆਣਾ ਦੇ ਮੁਕਾਬਲੇ ਤਾਂ ਪੰਜਾਬ ’ਚ ਤੰਬਾਕੂ ਦੀ ਵਿੱਕਰੀ ਕਿਤੇ ਘੱਟ ਹੈ। ਵੇਰਵਿਆਂ ਅਨੁਸਾਰ ਪੰਜਾਬ ਚੋਂ ਤੰਬਾਕੂ ਦੀ ਵਿੱਕਰੀ ’ਚ ਜਲੰਧਰ ਜ਼ਿਲ੍ਹਾ ਪਹਿਲੇ ਨੰਬਰ ’ਤੇ ਹੈ ਜਿੱਥੇ ਸਾਲ 2023-24 ਵਿੱਚ 17.85 ਕਰੋੜ ਦਾ ਟੈਕਸ ਵਸੂਲ ਹੋਇਆ ਹੈ।

         ਇੱਕ ਸਾਲ ’ਚ 8.31 ਕਰੋੜ ਦੀ ਟੈਕਸ ਵਸੂਲੀ ਨਾਲ ਜ਼ਿਲ੍ਹਾ ਲੁਧਿਆਣਾ ਦੂਜੇ ਨੰਬਰ ’ਤੇ ਹੈ ਜਦੋਂ ਕਿ ਤੀਜੇ ਨੰਬਰ ’ਤੇ ਫ਼ਾਜ਼ਿਲਕਾ ਜ਼ਿਲ੍ਹੇ ਚੋਂ ਇੱਕ ਸਾਲ ’ਚ ਸਰਕਾਰ ਨੂੰ 7.75 ਕਰੋੜ ਦਾ ਟੈਕਸ ਪ੍ਰਾਪਤ ਹੋਇਆ ਹੈ। ਤੰਬਾਕੂ ਦੀ ਘੱਟ ਖਪਤ ਵਾਲੇ ਜ਼ਿਲ੍ਹਿਆਂ ’ਚ ਅੰਮ੍ਰਿਤਸਰ, ਫ਼ਤਿਹਗੜ੍ਹ ਸਾਹਿਬ, ਨਵਾਂ ਸ਼ਹਿਰ, ਮੋਗਾ, ਮੁਕਤਸਰ, ਮੁਹਾਲੀ, ਫ਼ਿਰੋਜ਼ਪੁਰ, ਬਰਨਾਲਾ ਤੇ ਫ਼ਰੀਦਕੋਟ ਸ਼ਾਮਲ ਹਨ। ਬਠਿੰਡਾ ਜ਼ਿਲ੍ਹੇ ਦੀ ਮੌੜ ਮੰਡੀ ’ਚ ਤੰਬਾਕੂ ਦੀ ਇੱਕ ਵੱਡੀ ਫ਼ੈਕਟਰੀ ਸੀ ਜੋ ਹੁਣ ਬੰਦ ਹੋ ਚੁੱਕੀ ਹੈ। ਦੇਸ਼ ’ਚ ‘ਸਿਗਰਟ ਐਂਡ ਅਦਰ ਤੰਬਾਕੂ ਪ੍ਰੋਡਕਟਸ ਐਕਟ’ ਬਣਿਆ ਹੋਇਆ ਹੈ ਜੋ ਤੰਬਾਕੂ ਦੀ ਮਸ਼ਹੂਰੀ ਆਦਿ ’ਤੇ ਪਾਬੰਦੀ ਲਗਾਉਂਦਾ ਹੈ। ਪੰਜਾਬ ਵਿੱਚ ਇਸ ਐਕਟ ਤਹਿਤ ਕਾਫ਼ੀ ਚਲਾਨ ਵੀ ਹਰ ਵਰ੍ਹੇ ਕੱਟੇ ਜਾਂਦੇ ਹਨ। ਪੰਜਾਬ ਸਰਕਾਰ ਨੇ 30 ਅਪਰੈਲ 2013 ਨੂੰ ‘ਪੰਜਾਬ ਸਟੇਟ ਕੈਂਸਰ ਐਂਡ ਡਰੱਗ ਅਡਿਕਟਸ ਟਰੀਟਮੈਂਟ ਇਨਫਰਾਸਟੱਕਚਰ ਫ਼ੰਡ ਐਕਟ-2013’ ਬਣਾਇਆ ਸੀ ਅਤੇ ਇਸ ਐਕਟ ਤਹਿਤ ਸਿਗਰਟ ਤੋਂ ਕਮਾਈ ਦਾ 33 ਫ਼ੀਸਦੀ ਕੈਂਸਰ ਪੀੜਤਾਂ ਦੇ ਇਲਾਜ ਲਈ ਖ਼ਰਚ ਕੀਤਾ ਜਾਂਦਾ ਸੀ।

         ਅਕਾਲੀ ਭਾਜਪਾ ਗੱਠਜੋੜ ਸਰਕਾਰ ਸਮੇਂ ਸਿਗਰਟ ’ਤੇ ਟੈਕਸ ਵਧਾ ਕੇ 50 ਫ਼ੀਸਦੀ ਕਰ ਦਿੱਤਾ ਗਿਆ ਸੀ ਪ੍ਰੰਤੂ ਜਨਵਰੀ 2014 ਵਿੱਚ ਮੁੜ ਘਟਾ ਕੇ 20.5 ਫ਼ੀਸਦੀ ਕਰ ਦਿੱਤਾ ਗਿਆ ਸੀ। ਹੁਣ ਤੰਬਾਕੂ ਉਤਪਾਦਾਂ ’ਤੇ 28 ਫ਼ੀਸਦੀ ਜੀਐੱਸਟੀ ਹੈ ਅਤੇ ਸਰਚਾਰਜ ਵੱਖਰਾ ਹੈ। ਕੌਮੀ ਫੈਮਿਲੀ ਹੈਲਥ ਸਰਵੇ-5 ਦੀ ਰਿਪੋਰਟ ਅਨੁਸਾਰ ਪੰਜਾਬ ਵਿੱਚ 13 ਫ਼ੀਸਦੀ ਪੁਰਸ਼ ਤੰਬਾਕੂ ਉਤਪਾਦ ਦੀ ਵਰਤੋਂ ਕਰਦੇ ਹਨ ਜਦੋਂ ਕਿ ਔਰਤਾਂ ਸਿਰਫ਼ 0.4 ਫ਼ੀਸਦੀ ਵਰਤੋਂ ਕਰਦੀਆਂ ਹਨ। ਮੁਲਕ ਚੋਂ ਪੰਜਾਬ ਤੰਬਾਕੂ ਦੀ ਵਰਤੋਂ ਕਰਨ ਵਿੱਚ ਕਾਫ਼ੀ ਪਿਛਾਂਹ ਹੈ। ਪੰਜਾਬ ਵਿੱਚ ਕਰੀਬ 57.69 ਫ਼ੀਸਦੀ ਸਿੱਖ ਅਬਾਦੀ ਹੈ। ਧਾਰਮਿਕ ਸਥਾਨਾਂ, ਧਾਰਮਿਕ ਸੰਸਥਾਵਾਂ ਅਤੇ ਡੇਰਿਆਂ ਵੱਲੋਂ ਸ਼ਰਾਬ ਤੇ ਤੰਬਾਕੂ ਦੀ ਵਰਤੋਂ ਖ਼ਿਲਾਫ਼ ਸੰਦੇਸ਼ ਦਿੱਤਾ ਜਾਂਦਾ ਹੈ। ਪੰਜਾਬ ਵਿੱਚ ਪ੍ਰਵਾਸੀ ਮਜ਼ਦੂਰਾਂ ਦੀ ਗਿਣਤੀ ਦਿਨ-ਬ-ਦਿਨ ਵਧ ਰਹੀ ਹੈ ਅਤੇ ਪ੍ਰਵਾਸੀਆਂ ’ਚ ਤੰਬਾਕੂ ਦੀ ਵਰਤੋਂ ਦਾ ਰੁਝਾਨ ਜ਼ਿਆਦਾ ਹੁੰਦਾ ਹੈ।

                        ਤੰਬਾਕੂ ਤੋਂ ਮੁਕਤੀ ਲਈ ਅਹਿਮ ਕਦਮ ਚੁੱਕੇ : ਸਿਹਤ ਮੰਤਰੀ

ਸਿਹਤ ਮੰਤਰੀ ਡਾ. ਬਲਬੀਰ ਸਿੰਘ ਦਾ ਕਹਿਣਾ ਸੀ ਕਿ ਪੰਜਾਬ ਸਰਕਾਰ ਵੱਲੋਂ ਤੰਬਾਕੂ ਦੀ ਵਰਤੋਂ ਘਟਾਉਣ ਲਈ ਕਾਫ਼ੀ ਕਦਮ ਉਠਾਏ ਗਏ ਹਨ ਜਿਵੇਂ ਪਬਲਿਕ ਸਥਾਨਾਂ ’ਤੇ ਮਨਾਹੀ ਕੀਤੀ ਗਈ ਹੈ। ਵਿੱਦਿਅਕ ਅਤੇ ਧਾਰਮਿਕ ਅਦਾਰਿਆਂ ਦੇ 500 ਮੀਟਰ ਦੇ ਘੇਰੇ ਵਿੱਚ ਵਿੱਕਰੀ ਦੀ ਮਨਾਹੀ ਗਈ ਹੈ। ਈ-ਸਿਗਰਟ ਅਤੇ ਹੁੱਕਾ ਬਾਰ ’ਤੇ ਪਾਬੰਦੀ ਲਗਾਈ ਗਈ ਹੈ ਅਤੇ ਉਲੰਘਣਾ ਕਰਨ ਵਾਲਿਆਂ ਦੇ ਚਲਾਨ ਵੀ ਕੱਟੇ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਤੰਬਾਕੂ ਛੱਡਣ ਵਾਲਿਆਂ ਲਈ ਵੀ ਕੇਂਦਰ ਬਣਾਏ ਗਏ ਹਨ ਅਤੇ ਜਾਗਰੂਕਤਾ ਮੁਹਿੰਮ ਵਜੋਂ ਚੰਗੇ ਨਤੀਜੇ ਵੀ ਸਾਹਮਣੇ ਆਏ ਹਨ।

 ਤੰਬਾਕੂ ਉਤਪਾਦਾਂ ਦੀ ਵਿੱਕਰੀ ’ਤੇ ਇੱਕ ਝਾਤ (ਕਰੋੜਾਂ ’ਚ )

ਵਿੱਤੀ ਸਾਲ       ਵਿੱਕਰੀ         ਟੈਕਸ ਵਸੂਲੀ

2017-18        496.38         42.89

2018-19       1095.30         61.44

2019-20       1088.69         59.51

2020-21       1129.57         58.92

2021-22       1295.99         55.49

2022-23       1425.32         61.61

2023-24       1419.19         61.48

2024-25       1733.92         65.42

No comments:

Post a Comment