Wednesday, July 23, 2025

                                                        ਚੁਰਾਸੀ ਦਾ ਗੇੜ
                             ਵੇਚਣਾ ਮਜਬੂਰੀ, ਖਰੀਦਣਾ ਜ਼ਰੂਰੀ..!
                                                        ਚਰਨਜੀਤ ਭੁੱਲਰ 

ਚੰਡੀਗੜ੍ਹ :ਪੰਜਾਬ ਦੇ ਮੋਗਾ, ਮਲੋਟ ਤੇ ਬਰਨਾਲਾ ਦੀ ਟਰੈਕਟਰ ਮੰਡੀ ’ਚ ਜਦੋਂ ਨਵੇਂ-ਪੁਰਾਣੇ ਟਰੈਕਟਰ ਕਤਾਰਾਂ ’ਚ ਖੜ੍ਹੇ ਦੇਖਦੇ ਹਾਂ ਤਾਂ ਇੰਝ ਜਾਪਦਾ ਹੈ ਕਿ ਜਿਵੇਂ ਪੰਜਾਬ ਦੇ ਖੇਤ ਵਿਹਲੇ ਹੋ ਗਏ ਹੋਣ। ਕਿਸਾਨ ਇਕੱਲਾ ਫ਼ਸਲੀ ਗੇੜ ’ਚ ਨਹੀਂ ਫਸਿਆ ਬਲਕਿ ਕਿਸਾਨਾਂ ਲਈ ਟਰੈਕਟਰਾਂ ਦੀ ਅਦਲਾ-ਬਦਲੀ ਵੀ ਕਿਸੇ ਚੁਰਾਸੀ ਦੇ ਗੇੜ ਤੋਂ ਘੱਟ ਨਹੀਂ। ਗੈਰ-ਬੈਂਕਿੰਗ ਵਿੱਤ ਕੰਪਨੀਆਂ ਲੋਨ ਦੇਣ ਖ਼ਾਤਰ ਟਰੈਕਟਰ ਮੰਡੀਆਂ ’ਚ ਪੁੱਜ ਗਈਆਂ ਹਨ। ਸੌਖੀ ਕਰਜ਼ਾ ਸਹੂਲਤ ਹੁਣ ਪੁਰਾਣੇ ਟਰੈਕਟਰ ਖ਼ਰੀਦਣ ਲਈ ਵੀ ਉਪਲਬਧ ਹੈ, ਜਿਸ ਨੇ ਟਰੈਕਟਰ ਮੰਡੀ ਦੀ ਰੌਣਕ ਵਧਾਈ ਹੈ। ਪੰਜਾਬ ’ਚ ਟਰੈਕਟਰਾਂ ਦੀ ਵੇਚ-ਵੱਟਤ ਲਈ ਵਰ੍ਹਿਆਂ ਤੋਂ ਹਫ਼ਤਾਵਾਰੀ ਬਾਜ਼ਾਰ ਸਜਦੇ ਹਨ। ਮਲੋਟ, ਮੋਗਾ, ਕੋਟਕਪੂਰਾ ਤੇ ਬੁਢਲਾਡਾ ’ਚ ਟਰੈਕਟਰਾਂ ਦੀ ਐਤਵਾਰੀ ਮੰਡੀ ਲੱਗਦੀ ਹੈ, ਜਦਕਿ ਤਲਵੰਡੀ ਸਾਬੋ ’ਚ ਬੁੱਧਵਾਰ ਨੂੰ ਨਵੇਂ-ਪੁਰਾਣੇ ਟਰੈਕਟਰ ਵਿਕਣ ਲਈ ਆਉਂਦੇ ਹਨ। ਸੋਮਵਾਰ ਨੂੰ ਬਰਨਾਲਾ ਅਤੇ ਵੀਰਵਾਰ ਨੂੰ ਝੁਨੀਰ ’ਚ ਮੰਡੀ ਲੱਗਦੀ ਹੈ। ਇਵੇਂ ਹਰਿਆਣਾ ਦੇ ਫ਼ਤਿਆਬਾਦ ਅਤੇ ਡੱਬਵਾਲੀ ਤੋਂ ਇਲਾਵਾ ਰਾਜਸਥਾਨ ਦੀ ਮਟੀਲੀ ਮੰਡੀ ਵੀ ਟਰੈਕਟਰਾਂ ਦੀ ਖ਼ਰੀਦੋ-ਫ਼ਰੋਖ਼ਤ ਲਈ ਮਸ਼ਹੂਰ ਹੈ।

          ਮੋਗਾ ਮੰਡੀ ਦੇ ਮਾਹਿਰ ਮਸਤਾਨ ਸਿੰਘ ਆਖਦੇ ਹਨ ਕਿ ਨਵੀਂ ਪੀੜ੍ਹੀ ਤਾਂ ਉੱਚ ਮਾਡਲ ਟਰੈਕਟਰ ਵੀ ਮੰਡੀ ਵਿੱਚ ਵੇਚਣ ਲਈ ਆ ਰਹੀ ਹੈ ਅਤੇ ਉਹ ਹੋਰ ਵੱਡੇ ਟਰੈਕਟਰਾਂ ਦੀ ਤਲਾਸ਼ ਵਿੱਚ ਹੈ। ਵਿਦੇਸ਼ ਚਲੇ ਗਏ ਪਰਿਵਾਰ ਅਤੇ ਖੇਤੀ ਛੱਡਣ ਵਾਲੇ ਕਿਸਾਨ ਵੀ ਮੰਡੀ ’ਚ ਟਰੈਕਟਰ ਵੇਚਣ ਆ ਰਹੇ ਹਨ। ਪੁਰਾਣੇ ਟਰੈਕਟਰ ਤਾਂ ਕਬਾੜਖ਼ਾਨੇ ਜੋਗੇ ਰਹਿ ਗਏ ਹਨ। ਉਨ੍ਹਾਂ ਦੱਸਿਆ ਕਿ ਹਰ ਹਫ਼ਤੇ ਮੋਗਾ ਮੰਡੀ ’ਚ 500 ਟਰੈਕਟਰ ਵਿਕਣ ਲਈ ਆਉਂਦੇ ਹਨ ਬੁਢਲਾਡਾ ਮੰਡੀ ’ਚ ਹਰ ਹਫ਼ਤੇ ਢਾਈ ਸੌ ਟਰੈਕਟਰ ਕਤਾਰਾਂ ’ਚ ਖੜ੍ਹਦੇ ਹਨ। ਮੰਡੀ ਦੇ ਕਾਰੋਬਾਰੀ ਸੁਖਪਾਲ ਸਿੰਘ ਨੇ ਦੱਸਿਆ ਕਿ ਹੁਣ ਮਜਬੂਰੀ ’ਚ ਟਰੈਕਟਰ ਵੇਚਣ ਵਾਲੇ ਕਿਸਾਨ ਘੱਟ ਹਨ ਅਤੇ ਜੋ ਅਜਿਹੇ ਕਿਸਾਨ ਆਉਂਦੇ ਵੀ ਹਨ, ਉਹ ਪੁਰਾਣੇ ਟਰੈਕਟਰ ਵੇਚ ਕੇ ਪੈਸਾ ਘਰੇਲੂ ਕੰਮਾਂ ਲਈ ਵਰਤ ਲੈਂਦੇ ਹਨ ਅਤੇ ਨਵੇਂ ਟਰੈਕਟਰ ਲਈ ਕਰਜ਼ਾ ਚੁੱਕ ਲੈਂਦੇ ਹਨ। ਉਨ੍ਹਾਂ ਦੱਸਿਆ ਕਿ 98 ਫ਼ੀਸਦੀ ਟਰੈਕਟਰ ਮੰਡੀਆਂ ’ਚੋਂ ਕਰਜ਼ੇ ’ਤੇ ਲਏ ਜਾ ਰਹੇ ਹਨ।

         ਪੰਜਾਬ ਵਿੱਚ 42.35 ਲੱਖ ਹੈਕਟੇਅਰ ਰਕਬੇ ’ਤੇ ਖੇਤੀ ਹੋ ਰਹੀ ਹੈ ਅਤੇ ਇਸ ਵੇਲੇ ਸੂਬੇ ’ਚ 6.36 ਲੱਖ ਟਰੈਕਟਰ ਹਨ। ਸਾਲ 2025 ਦੇ ਪਹਿਲੇ ਛੇ ਮਹੀਨਿਆਂ ਵਿੱਚ ਹੀ ਪੰਜਾਬ ’ਚ 18,285 ਨਵੇਂ ਟਰੈਕਟਰਾਂ ਵਿਕੇ ਹਨ। ਸਾਲ 2024 ਵਿੱਚ ਪੰਜਾਬ ’ਚ ਕੰਪਨੀਆਂ ਨੇ 30,131 ਟਰੈਕਟਰ ਵੇਚੇ ਸਨ ਅਤੇ ਸਾਲ 2023 ਵਿੱਚ 26,696 ਟਰੈਕਟਰਾਂ ਦੀ ਵਿਕਰੀ ਹੋਈ ਸੀ। ਸਾਲ 2016 ਵਿੱਚ 19,216 ਟਰੈਕਟਰਾਂ ਦੀ ਸੇਲ ਹੋਈ ਸੀ। ਹਰ ਸਾਲ ਨਵੇਂ ਟਰੈਕਟਰਾਂ ਦੀ ਵਿਕਰੀ ਵਧ ਰਹੀ ਹੈ। ਸਾਲ 2024 ਵਿੱਚ ਪੰਜਾਬ ’ਚ ਰੋਜ਼ਾਨਾ ਔਸਤਨ 82 ਨਵੇਂ ਟਰੈਕਟਰ ਵਿਕੇ ਹਨ। ਟਰੈਕਟਰ ਮੰਡੀਆਂ ’ਚ ਵਿਕਣ ਤੇ ਖਰੀਦੇ ਜਾਣ ਵਾਲੇ ਟਰੈਕਟਰ ਇਸ ਅੰਕੜੇ ਤੋਂ ਵੱਖਰੇ ਹਨ। ਇੱਕ ਟਰੈਕਟਰ ਕੰਪਨੀ ਦੀ ਬਰਨਾਲਾ ਬਰਾਂਚ ਦੇ ਮੈਨੇਜਰ ਮਹਿੰਦਰ ਸਿੰਘ ਦੱਸਦੇ ਹਨ ਕਿ ਬਹੁਤੇ ਕਿਸਾਨ ਪੁਰਾਣੇ ਟਰੈਕਟਰ ਮੰਡੀਆਂ ’ਚ ਵੇਚ ਕੇ ਪੈਸੇ ਘਰ ਵਰਤ ਲੈਂਦੇ ਹਨ ਅਤੇ ਨਵਾਂ ਟਰੈਕਟਰ ਹੋਰ ਲੋਨ ’ਤੇ ਲੈ ਲੈਂਦੇ ਹਨ। 

         ਦੇਖਿਆ ਜਾਵੇ ਤਾਂ ਸਾਲ 1998 ਦੇ ਨੇੜੇ ਕਿਸਾਨ ਕੰਪਨੀਆਂ ਤੋਂ ਨਵੇਂ ਟਰੈਕਟਰ ਲੈ ਕੇ ਫ਼ੌਰੀ ਘਾਟਾ ਪਾ ਕੇ ਵੇਚ ਦਿੰਦੇ ਸਨ ਜੋ ਉਨ੍ਹਾਂ ਦੀ ਮਜਬੂਰੀ ਸੀ। ਹੁਣ ਵੀ ਬਹੁਤੇ ਕਿਸਾਨ ਪੁਰਾਣੇ ਟਰੈਕਟਰ ਕੰਪਨੀਆਂ ਨੂੰ ਦੇ ਕੇ ਨਵੇਂ ਟਰੈਕਟਰ ਲੋਨ ’ਤੇ ਲੈ ਰਹੇ ਹਨ। ਮਲੋਟ ਮੰਡੀ ਦੇ ਕਾਰੋਬਾਰੀ ਬੂਟਾ ਸਿੰਘ ਆਖਦੇ ਹਨ ਕਿ ਮੰਡੀ ’ਚ ਹੁਣ 2024 ਮਾਡਲ ਟਰੈਕਟਰ ਵੀ ਵਿਕਣ ਲਈ ਆਉਂਦੇ ਹਨ ਕਿਉਂਕਿ ਨਵੀਂ ਜਵਾਨੀ ਰੀਸੋ-ਰੀਸ ਗੁਆਂਢੀ ਨੂੰ ਦੇਖ ਕੇ ਆਪਣੇ ਟਰੈਕਟਰ ਦਾ ਮਾਡਲ ਬਦਲਣ ਵਿੱਚ ਦੇਰ ਨਹੀਂ ਲਾਉਂਦੀ। ਜਿਸ ਲਿਹਾਜ਼ ਨਾਲ ਕਿਸਾਨ ਪੁਰਾਣੇ ਟਰੈਕਟਰ ਖ਼ਰੀਦਣ ਲਈ ਵੀ ਕਰਜ਼ਾ ਚੁੱਕ ਰਹੇ ਹਨ, ਉਸ ਤੋਂ ਭਵਿੱਖ ਸੁਖਾਵਾਂ ਨਹੀਂ ਲੱਗਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਘਰਾਂ ’ਚ ਆਉਂਦੇ ਸਮਿਆਂ ’ਚ ਕੋਈ ਪੁਰਾਣਾ ਟਰੈਕਟਰ ਲੱਭਣਾ ਹੀ ਨਹੀਂ। ਕੋਈ ਵੇਲਾ ਸੀ ਜਦੋਂ ਕਿ ਦਹਾਕੇ ਪਹਿਲਾਂ ਕਿਸਾਨ ਆਪਣਾ ਟਰੈਕਟਰ ਵੇਚਦਾ ਸੀ ਤਾਂ ਮਸ਼ੀਨਰੀ ਨਾਲ ਭਾਵੁਕ ਰਿਸ਼ਤਾ ਹੋਣ ਕਰਕੇ ਉਸ ਦਾ ਗੱਚ ਭਰ ਆਉਂਦਾ ਸੀ। 

        ਤਲਵੰਡੀ ਸਾਬੋ ਦੀ ਟਰੈਕਟਰ ਮੰਡੀ ਦੀ ਪੰਜਾਬ ਵਿੱਚ ਧੁੰਮ ਪੈਂਦੀ ਹੈ ਕਿਉਂਕਿ ਇੱਥੇ ਹਰਿਆਣਾ ਤੇ ਰਾਜਸਥਾਨ ’ਚੋਂ ਵੀ ਵਪਾਰੀ ਆਉਂਦੇ ਹਨ। ਹਾੜ੍ਹੀ ਸਾਉਣੀ ਦੇ ਸੀਜ਼ਨ ਸਮੇਂ ਟਰੈਕਟਰ ਮੰਡੀਆਂ ’ਚ ਵੇਚ-ਵੱਟਤ ਜ਼ਿਆਦਾ ਹੁੰਦੀ ਹੈ। ਤਲਵੰਡੀ ਸਾਬੋ ਦੀ ਮੰਡੀ ’ਚ ਹਰ ਵਰ੍ਹੇ ਪੰਜ ਹਜ਼ਾਰ ਤੋਂ ਜ਼ਿਆਦਾ ਟਰੈਕਟਰ ਵਿਕਦੇ ਹਨ। ਕਾਰੋਬਾਰੀ ਮੇਜਰ ਸਿੰਘ ਚੱਠਾ ਨੇ ਕਿਹਾ ਕਿ ਬਹੁਤੇ ਕਿਸਾਨ ਵੱਡਾ ਟਰੈਕਟਰ ਲੈਣ ਖ਼ਾਤਰ ਛੋਟਾ ਟਰੈਕਟਰ ਵੇਚਦੇ ਹਨ ਅਤੇ ਕਈ ਮਜਬੂਰੀ ’ਚ ਬੱਝੇ ਟਰੈਕਟਰ ਵੇਚਦੇ ਹਨ। ਵੇਰਵਿਆਂ ਅਨੁਸਾਰ ਪੰਜਾਬ ਦੇ ਹਰ ਕਿਸਾਨ ਪਰਿਵਾਰ ਸਿਰ ਇਸ ਵੇਲੇ ਔਸਤਨ 2.03 ਲੱਖ ਰੁਪਏ ਦਾ ਕਰਜ਼ਾ ਹੈ।

                                 ਕੰਪਨੀਆਂ ਨੂੰ ਰਾਸ ਆਇਆ ‘ਕੈਨੇਡਾ’

ਸਟੱਡੀ ਵੀਜ਼ੇ ਨੂੰ ਠੱਲ੍ਹ ਪੈਣ ਮਗਰੋਂ ਇਹ ਨਵਾਂ ਰੁਝਾਨ ਹੈ ਕਿ ਜਿਹੜੇ ਨੌਜਵਾਨ ਵਿਦੇਸ਼ ਨਹੀਂ ਜਾ ਸਕੇ, ਉਨ੍ਹਾਂ ਨੂੰ ਮਾਪਿਆਂ ਨੇ ਖੇਤੀ ਦੇ ਕੰਮ ਵਿੱਚ ਲਗਾ ਦਿੱਤਾ ਪਰ ਉਹ ਨੌਜਵਾਨ ਹੁਣ ਨਵਾਂ ਟਰੈਕਟਰ ਲੈਣ ਦੀ ਪਹਿਲੀ ਮੰਗ ਮਾਪਿਆਂ ਕੋਲ ਰੱਖਦੇ ਹਨ। ਕਈ ਮਾਪਿਆਂ ਨੇ ਦੱਸਿਆ ਕਿ ਉਨ੍ਹਾਂ ਦੇ ਲੜਕੇ ਤਰਕ ਇਹ ਦੇ ਦਿੰਦੇ ਹਨ ਕਿ ਜਿਹੜੇ ਪੈਸੇ ਵਿਦੇਸ਼ ਭੇਜਣ ’ਤੇ ਲਾਉਣੇ ਸਨ, ਉਹੀ ਹੁਣ ਟਰੈਕਟਰ ’ਤੇ ਲਗਾ ਦਿਓ।

                        ਲੋਨ ਸਹੂਲਤ ਨੇ ਖ਼ਰੀਦੋ ਫਰੋਖ਼ਤ ਵਧਾਈ: ਪ੍ਰੋ. ਸੁਖਦੇਵ ਸਿੰਘ

ਪੰਜਾਬ ਖੇਤੀ ਯੂਨੀਵਰਸਿਟੀ ਦੇ ਸਮਾਜ ਵਿਗਿਆਨ ਵਿਭਾਗ ਦੇ ਸਾਬਕਾ ਪ੍ਰੋਫੈਸਰ ਸੁਖਦੇਵ ਸਿੰਘ ਇਸ ਵਰਤਾਰੇ ਬਾਰੇ ਆਖਦੇ ਹਨ ਕਿ ਸਮਾਜਿਕ ਮੁਕਾਬਲੇ ਦੀ ਦੌੜ ਨੇ ਰੀਸ ਦੇ ਰੁਝਾਨ ਨੂੰ ਰਫ਼ਤਾਰ ਦਿੱਤੀ ਹੈ ਅਤੇ ਸੌਖਿਆਂ ਹੀ ਕਰਜ਼ੇ ਦੀ ਸਹੂਲਤ ਮਿਲਣਾ ਵੀ ਕਿਸਾਨਾਂ ਨੂੰ ਖੇਤੀ ਮਸ਼ੀਨਰੀ ਦੀ ਖ਼ਰੀਦੋ ਫ਼ਰੋਖ਼ਤ ਲਈ ਪ੍ਰੇਰਦਾ ਹੈ। ਉਨ੍ਹਾਂ ਕਿਹਾ ਕਿ ਨਵਾਂ ਗੀਤ-ਸੰਗੀਤ ਵੀ ਮਸ਼ੀਨਰੀ ਦੀ ਹੇਕ ਲਾਉਣ ਕਰਕੇ ਕਾਰਪੋਰੇਟ ਦਾ ਮੁਨਾਫ਼ਾ ਵਧਾ ਰਿਹਾ ਹੈ।

           ਪੰਜਾਬ ’ਚ ਨਵੇਂ ਟਰੈਕਟਰਾਂ ਦੀ ਵਿੱਕਰੀ

  ਸਾਲ    ਟਰੈਕਟਰਾਂ ਦੀ ਸੇਲ

2025 (ਜੂਨ ਤੱਕ)    18,285

2024 30,131

2023 26,696

2022 23,426

2021 27,955

2019 21,321

2016 19,216


No comments:

Post a Comment