Saturday, August 12, 2023

                                                     ਦੇਸ਼ ਹੋਇਆ ਪ੍ਰਦੇਸ਼ 
                              ਪੰਜਾਬ ਨੂੰ ਅਲਵਿਦਾ ਕਹਿਣ ਲੱਗੇ ਪੰਜਾਬੀ..! 
                                                      ਚਰਨਜੀਤ ਭੁੱਲਰ  

ਚੰਡੀਗੜ੍ਹ : ਦੇਸ਼ ਭਰ ਚੋਂ ਪੰਜਾਬੀ ਇਸ ਵੇਲੇ ਦੂਸਰੇ ਨੰਬਰ ’ਤੇ ਹਨ ਜਿਨ੍ਹਾਂ ਵੱਲੋਂ ਆਪਣੀ ਮਾਤ ਭੂਮੀ ਨੂੰ ਪੱਕੇ ਤੌਰ ’ਤੇ ਅਲਵਿਦਾ ਕਿਹਾ ਜਾ ਰਿਹਾ ਹੈ। ਲੰਘੇ ਨੌ ਵਰਿ੍ਹਆਂ ਦਾ ਰੁਝਾਨ ਹੈ ਕਿ ਹਰ ਵਰ੍ਹੇ ਔਸਤਨ 3124 ਪੰਜਾਬੀਆਂ ਨੇ ਆਪਣੀ ਧਰਤੀ ਨੂੰ ਪੱਕੇ ਤੌਰ ’ਤੇ ਛੱਡਿਆ ਹੈ। ਦਿੱਲੀ ਇਸ ਮਾਮਲੇ ’ਤੇ ਪਹਿਲੇ ਨੰਬਰ ਹੈ ਜਦੋਂ ਕਿ ਪੰਜਾਬੀ ਤੇ ਗੁਜਰਾਤੀ ਪੱਕੇ ਤੌਰ ’ਤੇ ਵਿਦੇਸ਼ੀ ਬਾਸ਼ਿੰਦੇ ਬਣਨ ਵਾਸਤੇ ਕਦਮ ਨਾਲ ਕਦਮ ਮਿਲਾ ਕੇ ਚੱਲ ਰਹੇ ਹਨ। ਪੰਜਾਬ ਚੋਂ ਸਟੱਡੀ ਵੀਜ਼ੇ ਨੇ ਜੋ ਜਵਾਨੀ ਨੂੰ ਖੰਭ ਲਾਏ ਹਨ, ਉਸ ਦੇ ਨਤੀਜੇ ਆਉਂਦੇ ਵਰਿ੍ਹਆਂ ’ਚ ਨਜ਼ਰ ਪੈਣਗੇ। ਕੇਂਦਰੀ ਵਿਦੇਸ਼ ਮੰਤਰਾਲੇ ਨੇ ਨੌ ਵਰਿ੍ਹਆਂ (2014 ਤੋਂ 2022) ਦਾ ਅੰਕੜਾ ਨਸ਼ਰ ਕੀਤਾ ਹੈ ਕਿ ਇਨ੍ਹਾਂ ਵਰਿ੍ਹਆਂ ਵਿਚ 2,46,580 ਭਾਰਤੀ ਲੋਕਾਂ ਨੇ ਵਿਦੇਸ਼ੀ ਨਾਗਰਿਕਤਾ ਹਾਸਲ ਕੀਤੀ ਹੈ ਅਤੇ ਇਨ੍ਹਾਂ ਭਾਰਤੀ ਲੋਕਾਂ ਨੇ ਆਪਣਾ ਭਾਰਤੀ ਪਾਸਪੋਰਟ ਸਰੰਡਰ ਕਰ ਦਿੱਤਾ ਹੈ। ਅਗਾਂਹ ਦੇਖੀਏ ਤਾਂ ਦਿੱਲੀ ਦੇ ਸਭ ਤੋਂ ਵੱਧ 60,414 ਲੋਕਾਂ ਨੇ ਭਾਰਤੀ ਪਾਸਪੋਰਟ ਨੂੰ ਸਰੰਡਰ ਕੀਤਾ ਹੈ। ਇਨ੍ਹਾਂ ਨੌ ਵਰਿ੍ਹਆਂ ’ਚ ਦੂਸਰਾ ਨੰਬਰ ਪੰਜਾਬ ਦਾ ਹੈ ਜਿੱਥੋਂ ਦੇ 28,717 ਲੋਕਾਂ ਨੇ ਵਿਦੇਸ਼ੀ ਨਾਗਰਿਕਤਾ ਹਾਸਲ ਕੀਤੀ ਹੈ ਅਤੇ ਭਾਰਤੀ ਪਾਸਪੋਰਟ ਨੂੰ ਛੱਡਿਆ ਹੈ।

      ਤੀਸਰਾ ਨੰਬਰ ਗੁਜਰਾਤੀ ਲੋਕਾਂ ਦਾ ਹੈ ਅਤੇ ਗੁਜਰਾਤ ਦੇ 22,300 ਲੋਕਾਂ ਨੇ ਭਾਰਤੀ ਪਾਸਪੋਰਟ ਨੂੰ ਸਰੰਡਰ ਕੀਤਾ ਹੈ। ਗੁਆਂਢੀ ਸੂਬੇ ਹਰਿਆਣਾ ਦੇ ਸਿਰਫ਼ 7226 ਲੋਕਾਂ ਨੇ ਹੀ ਨੌ ਸਾਲਾਂ ਵਿਚ ਵਿਦੇਸ਼ ’ਚ ਪੱਕੇ ਵਸੇ ਹਨ। ਚੰਡੀਗੜ੍ਹ ਦੇ ਕੇਵਲ 1904 ਲੋਕਾਂ ਨੇ ਭਾਰਤੀ ਨਾਗਰਿਕਤਾ ਨੂੰ ਛੱਡਿਆ ਹੈ। ਭਾਰਤੀ ਨਾਗਰਿਕਤਾ ਐਕਟ 1955 ਅਨੁਸਾਰ ਭਾਰਤੀ ਮੂਲ ਦਾ ਨਾਗਰਿਕ ਇੱਕੋ ਵੇਲੇ ਦੋ ਮੁਲਕਾਂ ਦੀ ਨਾਗਰਿਕਤਾ ਨਹੀਂ ਰੱਖ ਸਕਦਾ ਹੈ ਜਿਸ ਕਰਕੇ ਉਸ ਨੂੰ ਇੱਕ ਮੁਲਕ ਦੀ ਨਾਗਰਿਕਤਾ ਛੱਡਣੀ ਪੈਂਦੀ ਹੈ।ਬਠਿੰਡਾ ਦੇ ਪਿੰਡ ਰਾਈਆ ਦੇ ਕਮਲਜੀਤ ਸਿੰਘ ਸਿੱਧੂ ਜੋ ਕੈਨੇਡਾ ਦੇ ਪੱਕੇ ਨਾਗਰਿਕ ਹਨ, ਦਾ ਕਹਿਣਾ ਸੀ ਕਿ ਪੰਜਾਬੀਆਂ ਲਈ ਰੁਜ਼ਗਾਰ ਦਾ ਮਸਲਾ ਸਭ ਤੋਂ ਵੱਡਾ ਹੈ ਜੋ ਉਨ੍ਹਾਂ ਨੂੰ ਆਪਣੀ ਮਾਤ ਭੂਮੀ ਤੋਂ ਨਿਖੇੜ ਰਿਹਾ ਹੈ। ਉਨ੍ਹਾਂ ਕਿਹਾ ਕਿ ਸਟੱਡੀ ਵੀਜ਼ੇ ਦਾ ਰੁਝਾਨ ਵੀ ਇਸ ਦੀ ਪ੍ਰਤੱਖ ਮਿਸਾਲ ਹੈ। ਇਸੇ ਤਰ੍ਹਾਂ ਕੈਨੇਡੀਅਨ ਨਾਗਰਿਕ ਅਤੇ ਪਿੰਡ ਦਿਉਣ ਦੇ ਜੰਮਪਲ ਜਸਵੰਤ ਸਿੰਘ ਬਰਾੜ ਦਾ ਕਹਿਣਾ ਸੀ ਕਿ ਜਦੋਂ ਸਟੱਡੀ ਵੀਜ਼ੇ ਵਾਲੇ ਨੌਜਵਾਨ ਨਾਗਰਿਕਤਾ ਲੈਣ ਵਾਲੇ ਪੜਾਅ ’ਤੇ ਪੁੱਜ ਗਏ, ਉਦੋਂ ਇਹ ਅੰਕੜਾ ਇਕਦਮ ਵਧੇਗਾ।

        ਵੇਰਵਿਆਂ ਅਨੁਸਾਰ ਨੌ ਵਰਿ੍ਹਆਂ ਦੀ ਔਸਤਨ ਦੇਖਣੀ ਹੋਵੇ ਤਾਂ ਰੋਜ਼ਾਨਾ ਔਸਤਨ 8 ਪੰਜਾਬੀ ਆਪਣੀ ਜਨਮ ਭੂਮੀ ਨੂੰ ਪੱਕੇ ਤੌਰ ’ਤੇ ਛੱਡ ਰਹੇ ਹਨ ਅਤੇ ਕਰਮ ਭੂਮੀ ’ਤੇ ਪੈਰ ਜਮਾ ਰਹੇ ਹਨ। ਹਰ ਮਹੀਨੇ ਔਸਤਨ 260 ਪੰਜਾਬੀ ਦੂਸਰੇ ਮੁਲਕਾਂ ਦੇ ਬਾਸ਼ਿੰਦੇ ਬਣ ਰਹੇ ਹਨ। ਵਰ੍ਹਾ 2022 ਵਿਚ ਕੈਨੇਡਾ ਨੇ ਬਾਹਰੋਂ ਆਏ 1.20 ਲੱਖ ਲੋਕਾਂ ਨੂੰ ਪੀਆਰ ਦਿੱਤੀ ਹੈ। ਪੰਜਾਬੀਆਂ ਲਈ ਇਸ ਵੇਲੇ ਕੈਨੇਡਾ ਕਿਸੇ ਸਵਰਗ ਤੋਂ ਘੱਟ ਨਹੀਂ ਹੈ ਜਿੱਥੋਂ ਦਾ ਸਟੱਡੀ ਵੀਜ਼ਾ ਲੈਣ ਵਾਸਤੇ ਪੂਰਾ ਪੰਜਾਬ ਕਾਹਲਾ ਜਾਪਦਾ ਹੈ।ਲੁਧਿਆਣਾ ਦੇ ਐਡੂਵਿੰਗ (ਇਮੀਗਰੇਸ਼ਨ) ਦੇ ਐਮ.ਡੀ ਗੌਰਵ ਮੌਦਗਿੱਲ ਦਾ ਕਹਿਣਾ ਸੀ ਕਿ ਜਿਹੜੇ ਪੰਜਾਬੀ ਇੱਕ ਵਾਰੀ ਵਿਦੇਸ਼ ’ਚ ਪੈਰ ਪਾ ਲੈਂਦੇ ਹਨ, ਉਨ੍ਹਾਂ ਦਾ ਪਿਛਾਂਹ ਮੁੜਨਾ ਤਾਂ ਸੁਪਨੇ ਵਾਂਗ ਹੀ ਹੈ। ਸਭ ਤੋਂ ਵੱਧ ਪੰਜਾਬੀ ਕੈਨੇਡਾ, ਆਸਟ੍ਰੇਲੀਆ, ਅਮਰੀਕਾ, ਨਿਊਜ਼ੀਲੈਂਡ, ਇੰਗਲੈਂਡ ਜਾ ਰਹੇ ਹਨ। ਪੈਰਿਸ ’ਚ ਪੱਕੇ ਤੌਰ ’ਤੇ ਵਸੇ ਪਿੰਡ ਬੱਲ੍ਹੋ (ਰਾਮਪੁਰਾ) ਦੇ ਦਵਿੰਦਰ ਸਿੰਘ ਮਾਨ ਦਾ ਪ੍ਰਤੀਕਰਮ ਸੀ ਕਿ ਬਾਕੀ ਮੁਲਕਾਂ ਦੇ ਮੁਕਾਬਲੇ ਯੂਰਪ ’ਚ ਨਾਗਰਿਕਤਾ ਦੀ ਪ੍ਰਕਿਰਿਆ ਔਖੀ ਤੇ ਲੰਮੀ ਹੈ ਜਿਸ ਕਰਕੇ ਪੰਜਾਬੀ ਦੂਸਰੇ ਦੇਸ਼ਾਂ ਨੂੰ ਤਰਜੀਹ ਦਿੰਦੇ ਹਨ।

       ਬਿਊਰੋ ਆਫ਼ ਇਮੀਗਰੇਸ਼ਨ ਦੇ ਤੱਥ ਹਨ ਕਿ ਪਹਿਲੀ ਜਨਵਰੀ 2016 ਤੋਂ ਮਾਰਚ 2021 ਤੱਕ ਪੰਜਾਬ ਚੋਂ 2.62 ਲੱਖ ਪੰਜਾਬੀ ਸਟੱਡੀ ਵੀਜ਼ੇ ’ਤੇ ਵਿਦੇਸ਼ ਜਾ ਚੁੱਕੇ ਹਨ ਅਤੇ 4.78 ਲੱਖ ਵਿਅਕਤੀ ‘ਰੁਜ਼ਗਾਰ ਵੀਜ਼ਾ’ ’ਤੇ ਵਿਦੇਸ਼ ਗਏ ਹਨ। ਇਨ੍ਹਾਂ ਵਰਿ੍ਹਆਂ ਵਿਚ ਪੰਜਾਬ ਚੋਂ ਹਰ ਮਹੀਨੇ ਔਸਤਨ 7750 ਵਿਅਕਤੀ ਵਿਦੇਸ਼ ਰੁਜ਼ਗਾਰ ਲਈ ਗਏ ਹਨ। ਇਸ ਲਿਹਾਜ਼ ਨਾਲ ਹਰ ਵਰ੍ਹੇ ਔਸਤਨ ਕਰੀਬ 91,250 ਵਿਅਕਤੀ ਵਿਦੇਸ਼ੀ ਧਰਤੀ ’ਤੇ ਰੁਜ਼ਗਾਰ ਖ਼ਾਤਰ ਪੰਜਾਬ ਛੱਡ ਰਹੇ ਹਨ। ਪਾਸਪੋਰਟ ਐਕਟ 1967 ਅਨੁਸਾਰ ਇਹ ਲਾਜ਼ਮੀ ਹੁੰਦਾ ਹੈ ਕਿ ਜਿਉਂ ਹੀ ਕੋਈ ਵਿਅਕਤੀ ਦੂਸਰੇ ਦੇਸ਼ ਦੀ ਨਾਗਰਿਕਤਾ ਪ੍ਰਾਪਤ ਕਰ ਲੈਂਦਾ ਹੈ ਤਾਂ ਉਸ ਨੂੰ ਫ਼ੌਰੀ ਭਾਰਤੀ ਪਾਸਪੋਰਟ ਸਰੰਡਰ ਕਰਨਾ ਪੈਂਦਾ ਹੈ। ਅਗਰ ਕੋਈ ਵਿਅਕਤੀ ਅਜਿਹਾ ਨਹੀਂ ਕਰਦਾ ਹੈ ਤਾਂ ਉਸ ਦੀ ਪਾਸਪੋਰਟ ਦੀ ਦੁਰਵਰਤੋਂ ਦੇ ਮਾਮਲੇ ਵਿਚ ਪਾਸਪੋਰਟ ਐਕਟ ਦੀ ਧਾਰਾ 12 (1ਏ) ਤਹਿਤ ਕਾਰਵਾਈ ਕੀਤੀ ਜਾਂਦੀ ਹੈ।

                ਪਾਸਪੋਰਟ ਸਰੰਡਰ ਕਰਨ ਵਾਲੇ ਮੋਹਰੀ ਰਾਜ

ਸੂਬੇ ਦਾ ਨਾਮ              ਪਾਸਪੋਰਟ ਛੱਡਣ ਵਾਲਿਆਂ ਦੀ ਗਿਣਤੀ

ਦਿੱਲੀ                         60,414

ਪੰਜਾਬ                          28,117

ਗੁਜਰਾਤ                       22,300

ਗੋਆ                         18,610

ਮੱਧ ਪ੍ਰਦੇਸ਼                       17,171

ਕੇਰਲਾ                             16,247

ਤਾਮਿਲਨਾਡੂ                    14,046

ਕਰਨਾਟਕਾ                    10,245

ਆਂਧਰਾ ਪ੍ਰਦੇਸ਼                   9235      


No comments:

Post a Comment