Thursday, August 24, 2023

                                                         ਦੋ ਗਜ਼ ਜ਼ਮੀਨ 
                                  ਮੋਇਆਂ ਦੀ ਰੁਲ ਗਈ ਮਿੱਟੀ..!
                                                         ਚਰਨਜੀਤ ਭੁੱਲਰ  

ਚੰਡੀਗੜ੍ਹ : ਪੰਜਾਬ ਵਿਚ ਹੜ੍ਹਾਂ ਦਾ ਇੱਕ ਮੰਜ਼ਰ ਇਹ ਵੀ ਹੈ ਕਿ ਮੋਇਆਂ ਦੀ ਮਿੱਟੀ ਵੀ ਰੁਲ ਰਹੀ ਹੈ। ਦਰਜਨਾਂ ਪਿੰਡਾਂ ਦੇ ਸਿਵਿਆਂ ’ਚ ਪਾਣੀ ਭਰ ਗਿਆ ਹੈ। ਜਦੋਂ ਵੀ ਪੰਜਾਬ ’ਚ ਕਿਤੇ ਹੜ੍ਹ ਆਉਂਦੇ ਹਨ ਤਾਂ ਇਕੱਲੇ ਜਿਉਂਦੇ ਹੀ ਸੰਤਾਪ ਨਹੀਂ ਭੋਗਦੇ ਬਲਕਿ ਮੋਇਆਂ ਨੂੰ ਵੀ ਚੈਨ ਨਸੀਬ ਨਹੀਂ ਹੁੰਦਾ। ਲੋਹੀਆ ਇਲਾਕੇ ਦੇ ਪਿੰਡ ਗਿੱਦੜ ਪਿੰਡੀ ’ਚ ਜਦੋਂ ਵੀ ਹੜ੍ਹ ਆਏ, ਮੋਇਆਂ ’ਤੇ ਵੀ ਆਫ਼ਤ ਬਣ ਕੇ  ਡਿੱਗੇ।ਪਿੰਡ ਗਿੱਦੜਪਿੰਡੀ ਵਿਚ ਦੋ ਸ਼ਮਸ਼ਾਨਘਾਟ ਹਨ। ਜਦੋਂ ਸੂਬੇ ਵਿਚ ਜੁਲਾਈ ਮਹੀਨੇ ਵਿਚ ਹੜ੍ਹ ਆਇਆ ਤਾਂ  ਪਿੰਡ ਦਾ ਬਜ਼ੁਰਗ ਸੋਹਣ ਸਿੰਘ ਚੱਲ ਵਸਿਆ। ਸਿਵਿਆਂ ਵਿਚ ਪਾਣੀ ਭਰਿਆ ਹੋਇਆ ਸੀ। ਜਦੋਂ ਕਿਧਰੇ ਕੋਈ ਸੁੱਕਾ ਥਾਂ ਨਾ ਲੱਭਿਆ ਤਾਂ ਪਰਿਵਾਰ ਵਾਲਿਆਂ  ਨੂੰ 90 ਸਾਲ ਦੇ ਬਜ਼ੁਰਗ ਦਾ ਸਸਕਾਰ ਸੜਕ ਕਿਨਾਰੇ ਕਰਨਾ ਪਿਆ।

         ਦੱਸਦੇ ਹਨ ਕਿ ਜਦੋਂ ਚਾਰ  ਸਾਲ ਪਹਿਲਾਂ ਹੜ੍ਹ ਆਏ ਸਨ  ਤਾਂ ਉਦੋਂ ਪਿੰਡ ਦੀ ਇੱਕ ਔਰਤ ਦਾ ਸਸਕਾਰ ਵੀ ਸੜਕ ਕਿਨਾਰੇ ਕਰਨਾ ਪਿਆ ਸੀ। ਇਸੇ ਤਰ੍ਹਾਂ ਸੁਲਤਾਨਪੁਰ ਲੋਧੀ ਦੇ ਪਿੰਡ ਬਾਊਪੁਰ ਕਦੀਮ ਵਿਚ ਹੋਇਆ। ਪਿੰਡ ਦੇ ਸਿਵੇ ਹੜ੍ਹਾਂ ਦੇ ਪਾਣੀ ਵਿਚ ਡੁੱਬੇ ਹੋਏ ਸਨ। ਪਿੰਡ ਦੇ 54 ਵਰਿ੍ਹਆਂ ਦੇ ਟਹਿਲ ਸਿੰਘ ਦੀ ਮੌਤ ਹੋ ਗਈ।  ਦੱਸਦੇ ਹਨ ਕਿ ਬਿਮਾਰ ਟਹਿਲ ਸਿੰਘ ਨੂੰ ਪਹਿਲਾਂ ਜਿਉਂਦੇ ਜੀਅ ਕਿਸ਼ਤੀ ਨਾ ਮਿਲੀ ਜਿਸ ਕਰਕੇ ਹਸਪਤਾਲ ਨਹੀਂ ਲਿਜਾਇਆ ਜਾ ਸਕਿਆ।  ਜਦੋਂ ਫ਼ੌਤ ਹੋ ਗਿਆ ਤਾਂ ਸਿਵੇ ਨਸੀਬ ਨਾ ਹੋਏ।  ਆਖ਼ਰ ਪਰਿਵਾਰ ਵਾਲਿਆਂ ਨੂੰ ਮਜਬੂਰੀ ਵਿਚ ਟਹਿਲ ਸਿੰਘ ਦਾ ਸਸਕਾਰ ਘਰ ਵਿਚ ਹੀ ਕਰਨਾ ਪਿਆ। ਸਰਦੂਲਗੜ੍ਹ ਇਲਾਕੇ ਵਿਚ ਘੱਗਰ ਦੀ ਮਾਰ ਜਦੋਂ ਪੈਂਦੀ ਹੈ ਤਾਂ ਅਜਿਹਾ ਅਕਸਰ ਵਾਪਰ ਜਾਂਦਾ ਹੈ। 

        ਕਾਫ਼ੀ ਸਾਲ ਪਹਿਲਾਂ ਜਦੋਂ ਹੜ੍ਹ ਆਏ ਸਨ ਤਾਂ ਉਦੋਂ ਪਿੰਡ ਸਾਧੂਵਾਲਾ ਦੇ ਸਿਵਿਆਂ ਵਿਚ ਪਾਣੀ  ਭਰ ਗਿਆ ਸੀ । ਪਿੰਡ ਦੀ ਔਰਤ ਭਰੀਆ ਦੇਵੀ ਦਾ ਸਸਕਾਰ ਸਰਦੂਲਗੜ੍ਹ ਦੇ ਸ਼ਮਸ਼ਾਨਘਾਟ ਵਿਚ ਕਰਨਾ ਪਿਆ ਸੀ। ਇਸੇ ਹਲਕੇ ਦੇ ਫੂਸ ਮੰਡੀ ਦੇ ਕਾਲਾ ਰਾਮ ਨੂੰ ਵੀ ਸਿਵੇ ਨਸੀਬ ਨਹੀਂ ਹੋਏ ਸਨ। ਫ਼ਾਜ਼ਿਲਕਾ ਜ਼ਿਲ੍ਹੇ ਚੋਂ ਤਿੰਨ ਦਿਨ ਪਹਿਲਾਂ  17 ਵਰਿ੍ਹਆਂ ਦੇ ਨੌਜਵਾਨ ਅਮਰਜੀਤ ਸਿੰਘ ਦੀ ਮ੍ਰਿਤਕ ਦੇਹ ਪਾਣੀ ਚੋਂ ਮਿਲੀ ਹੈ ਜੋ ਘਰੋਂ ਹੜ੍ਹ ਪੀੜਤਾਂ ਦੀ ਮਦਦ ਲਈ ਗਿਆ ਸੀ। ਜਦੋਂ ਉਹ ਦੂਸਰੇ ਪਿੰਡ ਆਪਣੇ ਦੋ ਹੋਰ ਸਾਥੀਆਂ ਨਾਲ ਹੜ੍ਹ ਪੀੜਤਾਂ ਦੀ ਮਦਦ ਲਈ ਜਾ ਰਿਹਾ ਸੀ ਤਾਂ ਉਹ ਤਿੰਨੋ ਜਣੇ ਪਾਣੀ ਵਿਚ ਰੁੜ੍ਹ ਗਏ। ਦੋ ਨੌਜਵਾਨ ਤਾਂ ਬਚਾ ਲਏ ਗਏ ਸਨ ਪ੍ਰੰਤੂ ਉਹ ਪਾਣੀ ਵਿਚ ਰੁੜ੍ਹ ਗਿਆ ਸੀ। ਤਿੰਨ ਦਿਨ ਪਹਿਲਾਂ ਉਸ ਦੀ ਮ੍ਰਿਤਕ ਦੇਹ ਮਿਲੀ ਹੈ।  

         ਪਿੰਡ ਹਸਤਾ ਕਲਾਂ ਦਾ ਇਹ ਨੌਜਵਾਨ ਨਾਨ ਮੈਡੀਕਲ ਦਾ ਵਿਦਿਆਰਥੀ ਹੈ। ਪਿੰਡ ਦੇ ਸਰਪੰਚ ਜੰਗੀਰ ਸਿੰਘ ਨੇ ਦੱਸਿਆ ਕਿ ਐਨਡੀਆਰਐਫ ਦੀ ਟੀਮ  ਨੇ ਮ੍ਰਿਤਕ ਦੇਹ ਨੂੰ ਲੱਭਿਆ ਹੈ। ਜਦੋਂ ਇਹ ਟੀਮ ਕਿਸ਼ਤੀ ’ਤੇ ਨੌਜਵਾਨ ਦੀ ਮ੍ਰਿਤਕ ਦੇਹ ਲੈ ਕੇ ਪੁੱਜੀ ਤਾਂ ਪੂਰਾ ਪਿੰਡ ਸੋਗ ਵਿਚ ਡੁੱਬਾ ਹੋਇਆ ਸੀ। ਕਪੂਰਥਲਾ ਜ਼ਿਲ੍ਹੇ ਦੇ ਪਿੰਡ ਨੰਗਲ ਲੁਬਾਣਾ ਦਾ ਨੌਜਵਾਨ ਸੁਖਵਿੰਦਰ ਸਿੰਘ ਉਰਫ਼ ਨਿੱਕਾ ਹੜ੍ਹ ਆਉਣ ਮਗਰੋਂ ਧੁੱਸੀ ਬੰਨ੍ਹ ’ਤੇ ਪਾਣੀ ਦੇਖਣ ਗਿਆ ਸੀ। ਪਿੰਡ ਦਾ ਸਰਪੰਚ ਅਜਮੇਰ ਸਿੰਘ ਦੱਸਦਾ ਹੈ ਕਿ ਪਿੰਡ ਵਿਚ ਤਾਂ ਹੜ੍ਹਾਂ ਦਾ ਪਾਣੀ ਨਹੀਂ ਆਇਆ ਸੀ ਪ੍ਰੰਤੂ ਸੁਖਵਿੰਦਰ ਸਿੰਘ ਦੀ  ਜਾਨ ਪਾਣੀ ਦੇਖਣ ਦੇ ਚੱਕਰ ਵਿਚ ਚਲੀ ਗਈ।  ਇਕੱਲਾ ਇਹੋ ਹੀ ਨਹੀਂ ਹੈ ਬਲਕਿ ਜਦੋਂ ਹੜ੍ਹ ਚੜ੍ਹਦੇ ਹਨ ਤਾਂ ਪੰਜਾਬ ਵਿਚ ਸੈਂਕੜੇ ਲੋਕਾਂ ਦੇ ਅਰਮਾਨ ਤੇ ਸੱਧਰਾਂ ਵੀ ਡੁੱਬ ਜਾਂਦੀਆਂ ਹਨ। ਜਿਨ੍ਹਾਂ ਧੀਆਂ ਭੈਣਾਂ ਦੇ ਵਿਆਹ ਸਾਹੇ ਧਰੇ ਹੁੰਦੇ ਹਨ, ਉਨ੍ਹਾਂ ਦੇ ਰੰਗ ਵਿਚ ਵੀ ਭੰਗ ਪੈ ਜਾਂਦੀ ਹੈ।

No comments:

Post a Comment