Showing posts with label Flood. Show all posts
Showing posts with label Flood. Show all posts

Friday, October 24, 2025

                                                         ਕੌਣ ਲਊ ਸਾਰ 
                           ਪੰਜ ਹਜ਼ਾਰ ਏਕੜ ਜ਼ਮੀਨ ਦਰਿਆ ਬੁਰਦ 
                                                        ਚਰਨਜੀਤ ਭੁੱਲਰ

ਚੰਡੀਗੜ੍ਹ :ਠਾਨਕੋਟ ਦੇ ਬਮਿਆਲ ਦਾ ਕਿਸਾਨ ਮੇਜਰ ਸਿੰਘ ਹੜ੍ਹਾਂ ਦੀ ਤਬਾਹੀ ਨੂੰ ਕਦੇ ਭੁੱਲ ਨਹੀਂ ਸਕੇਗਾ। ਉਸ ਦੀ ਇਕੱਲੀ ਪੈਲੀ ਹੀ ਨਹੀਂ ਬਲਕਿ ਜ਼ਮੀਨ ਵੀ ਦਰਿਆ ’ਚ ਰੁੜ੍ਹ ਗਈ ਹੈ। ਜੰਮੂ ਕਸ਼ਮੀਰ ਚੋਂ ਆਉਂਦੇ ਉਜ ਦਰਿਆ ’ਚ ਝੋਨੇ ਸਮੇਤ ਜ਼ਮੀਨ ਚਲੀ ਗਈ, ਸੋਲਰ ਪਲਾਂਟ ਰੁੜ੍ਹ ਗਿਆ ਅਤੇ ਇੱਥੋਂ ਤੱਕ ਟਿਊਬਵੈੱਲ ਦਾ ਨਾਮੋ ਨਿਸ਼ਾਨ ਵੀ ਮਿਟ ਗਿਆ। ਏਦਾਂ ਦੇ ਹਜ਼ਾਰਾਂ ਕਿਸਾਨ ਹਨ ਜੋ ਹੜ੍ਹਾਂ ’ਚ ਜ਼ਮੀਨਾਂ ਤੋਂ ਵੀ ਹੱਥ ਧੋ ਬੈਠੇ ਹਨ। ਦਰਿਆਵਾਂ ਦੇ ਦਿਸ਼ਾ ਬਦਲੀ ਅਤੇ ਜ਼ਮੀਨਾਂ ਦਰਿਆ ’ਚ ਹੀ ਸਮਾ ਗਈਆਂ। ਉਨ੍ਹਾਂ ਕੋਲ ਨੇੜ ਭਵਿੱਖ ’ਚ ਜ਼ਮੀਨ ਵਾਪਸੀ ਦੀ ਕੋਈ ਸੰਭਾਵਨਾ ਨਹੀਂ ਬਚੀ। ਪੰਜਾਬ ’ਚ ਪੰਜ ਲੱਖ ਏਕੜ ਜ਼ਮੀਨ ਵੱਖਰੀ ਪ੍ਰਭਾਵਿਤ ਹੋਈ ਹੈ। ਵੇਰਵਿਆਂ ਅਨੁਸਾਰ ਸਮੁੱਚੇ ਪੰਜਾਬ ’ਚ 5307 ਏਕੜ ਜ਼ਮੀਨ ਦਰਿਆ ਬੁਰਦ ਹੋਈ ਹੈ। ਮਾਲ ਮਹਿਕਮੇ ਤਰਫ਼ੋਂ ਹੁਣ ਜਦੋਂ ਫ਼ਸਲੀ ਖ਼ਰਾਬੇ ਦੀ ਸਪੈਸ਼ਲ ਗਿਰਦਾਵਰੀ ਕੀਤੀ ਗਈ ਤਾਂ ਇਨ੍ਹਾਂ ਜ਼ਮੀਨਾਂ ਦੇ ਦਰਿਆਵਾਂ ’ਚ ਰੁੜ੍ਹ ਜਾਣ ਦੀ ਹਕੀਕਤ ਪਤਾ ਲੱਗੀ। 

        ਪੰਜਾਬ ’ਚ ਆਖ਼ਰੀ ਵਾਰ ਦਰਿਆਵਾਂ ’ਚ 1988 ’ਚ ਜ਼ਮੀਨਾਂ ਰੁੜ੍ਹੀਆਂ ਸਨ। ਉਸ ਮਗਰੋਂ ਕਦੇ ਦਰਿਆਵਾਂ ਨੇ ਏਨੀ ਵੱਡੀ ਪੱਧਰ ’ਤੇ ਜ਼ਮੀਨਾਂ ਨੂੰ ਢਾਹ ਨਹੀਂ ਲਾਈ ਸੀ। ਪੰਜਾਬ ਦੇ ਅੱਠ ਜ਼ਿਲ੍ਹੇ ਬਚੇ ਹਨ ਜੋ ਦਰਿਆਵਾਂ ਤੋਂ ਦੂਰ ਹਨ ਅਤੇ ਜਿਨ੍ਹਾਂ ਦੀਆਂ ਜ਼ਮੀਨਾਂ ਰੁੜ੍ਹਨ ਤੋਂ ਬਚੀਆਂ ਹਨ। ਰਾਵੀ, ਸਤਲੁਜ ਤੇ ਬਿਆਸ ਦਰਿਆ ’ਚ ਸੈਂਕੜੇ ਏਕੜ ਜ਼ਮੀਨ ਰੁੜ੍ਹ ਚੁੱਕੀ ਹੈ। ਅੰਮ੍ਰਿਤਸਰ ਜ਼ਿਲ੍ਹੇ ਦੀ 1515 ਏਕੜ, ਫ਼ਿਰੋਜ਼ਪੁਰ ਦੀ 1101 ਏਕੜ, ਗੁਰਦਾਸਪੁਰ ਦੀ 544 ਏਕੜ, ਨਵਾਂ ਸ਼ਹਿਰ ਦੀ 539 ਏਕੜ ਅਤੇ ਕਪੂਰਥਲਾ ਜ਼ਿਲ੍ਹੇ ਦੀ 376 ਏਕੜ ਜ਼ਮੀਨ ਦਰਿਆ ਬੁਰਦ ਹੋ ਗਈ ਹੈ। ਫ਼ਿਰੋਜ਼ਪੁਰ ਦੇ ਪਿੰਡ ਟੇਂਡੀਵਾਲਾ ਦੀ 150 ਏਕੜ ਜ਼ਮੀਨ ਦਰਿਆ ’ਚ ਵਹਿ ਗਈ। ਕਿਸਾਨ ਬਲਬੀਰ ਸਿੰਘ ਆਖਦਾ ਹੈ ਕਿ ਉਸ ਦੀ ਪੰਜ ਏਕੜ ਜ਼ਮੀਨ ਰੁੜ੍ਹ ਗਈ ਹੈ ਅਤੇ ਜ਼ਮੀਨਾਂ ਨੇ ਦਰਿਆ ਦੀ ਸ਼ਕਲ ਲੈ ਲਈ ਹੈ। ਉਹ ਆਖਦਾ ਹੈ ਕਿ 1988 ਤੋਂ ਬਾਅਦ ਪਹਿਲੀ ਵਾਰ ਇਹ ਵਰਤਾਰਾ ਦੇਖਣ ਨੂੰ ਮਿਲਿਆ ਹੈ। 

       ਪਿੰਡ ਕਾਲੂਵਾਲਾ ਦੇ ਬਚਨ ਸਿੰਘ ਨੰਬਰਦਾਰ ਦੀ ਛੇ ਏਕੜ ਜ਼ਮੀਨ ਦਰਿਆ ’ਚ ਚਲੀ ਗਈ। ਉਹ ਆਖਦਾ ਹੈ ਕਿ ਸਤਲੁਜ ਦਰਿਆ ਦਾ ਘੇਰਾ ਵਧ ਗਿਆ ਹੈ। ਮਾਹਿਰ ਆਖਦੇ ਹਨ ਕਿ ਦਰਿਆ ਹਰ ਅੱਠ ਦਸ ਸਾਲ ਬਾਅਦ 100 ਤੋਂ 200 ਫੁੱਟ ਰਸਤਾ ਬਦਲ ਲੈਂਦੇ ਹਨ। ਦਰਿਆਵਾਂ ਨੇੜਲੀ ਜ਼ਮੀਨ ਅਕਸਰ ਪਾਣੀ ਦੀ ਮਾਰ ’ਚ ਆ ਜਾਂਦੀ ਹੈ। ਖੇਤੀ ਅਧਿਕਾਰੀ ਦੱਸਦੇ ਹਨ ਕਿ ਹੁਣ ਤਿੰਨ ਤੋਂ ਚਾਰ ਸਾਲ ਤੱਕ ਇਹ ਜ਼ਮੀਨ ਵਾਹੀਯੋਗ ਨਹੀਂ ਰਹਿਣਗੀਆਂ। ਚਰਚੇ ਇਹ ਵੀ ਹਨ ਕਿ ਦਰਿਆਵਾਂ ’ਚ ਹੁੰਦੀ ਮਾਈਨਿੰਗ ਕਾਰਨ ਜ਼ਮੀਨ ਖੋਖਲੀ ਹੋ ਜਾਂਦੀ ਹੈ ਅਤੇ ਨੇੜਲੀ ਜ਼ਮੀਨ ਲਪੇਟ ’ਚ ਆ ਜਾਂਦੀ ਹੈ। 

         ਜ਼ਮੀਨ ਗੁਆ ਬੈਠੇ ਕਿਸਾਨਾਂ ਨੂੰ ਸਰਕਾਰ ਨੇ ਮੁਆਵਜ਼ਾ ਸਿਰਫ਼ ਸੌ ਫ਼ੀਸਦੀ ਫ਼ਸਲ ਖ਼ਰਾਬੇ ਵਾਲਾ ਹੀ ਦੇਣਾ ਹੈ। ਸਰਹੱਦੀ ਕਿਸਾਨਾਂ ਦੇ ਸੀਨੀਅਰ ਆਗੂ ਸੁਰਜੀਤ ਸਿੰਘ ਦਾ ਕਹਿਣਾ ਸੀ ਕਿ ਦਰਿਆਵਾਂ ’ਚ ਜ਼ਮੀਨਾਂ ਗੁਆਉਣ ਵਾਲੇ ਕਿਸਾਨਾਂ ਦਾ ਮਾਮਲਾ ਸਪੈਸ਼ਲ ਕੇਸ ਵਜੋਂ ਵਿਚਾਰਿਆ ਜਾਣਾ ਚਾਹੀਦਾ ਹੈ ਕਿਉਂਕਿ ਇਨ੍ਹਾਂ ਕਿਸਾਨਾਂ ਦੀ ਸਿਰਫ਼ ਮੌਜੂਦਾ ਫ਼ਸਲ ਹੀ ਤਬਾਹ ਨਹੀਂ ਹੋਈ ਬਲਕਿ ਹੁਣ ਭਵਿੱਖ ’ਚ ਵੀ ਕਿਸਾਨ ਇਨ੍ਹਾਂ ਜ਼ਮੀਨਾਂ ’ਤੇ ਖੇਤੀ ਕਰਨ ਤੋਂ ਵਿਰਵੇ ਹੋ ਜਾਣਗੇ। ਕੰਡਿਆਲੀ ਤਾਰ ਤੋਂ ਪਾਰ ਦੇ ਕਿਸਾਨਾਂ ਦੀ ਹੋਣੀ ਵੀ ਇਸੇ ਤਰ੍ਹਾਂ ਦੀ ਹੀ ਹੈ। ਹੁਣ ਇਹ ਜ਼ਮੀਨਾਂ ਦਰਿਆਵਾਂ ’ਚ ਤਬਦੀਲ ਹੋ ਗਈਆਂ ਹਨ ਅਤੇ ਇਸ ਵੇਲੇ ਇਨ੍ਹਾਂ ’ਚ ਪਾਣੀ ਚੱਲ ਰਿਹਾ ਹੈ।

                 ਦਰਿਆ ਬੁਰਦ ਜ਼ਮੀਨ ਦਾ ਵੇਰਵਾ

ਜ਼ਿਲ੍ਹੇ ਦਾ ਨਾਮ                 ਦਰਿਆ ’ਚ ਰੁੜ੍ਹੀ ਜ਼ਮੀਨ

ਅੰਮ੍ਰਿਤਸਰ                     1515 ਏਕੜ

ਫ਼ਿਰੋਜ਼ਪੁਰ                     1101 ਏਕੜ

ਗੁਰਦਾਸਪੁਰ                        544 ਏਕੜ

ਨਵਾਂ ਸ਼ਹਿਰ                          539 ਏਕੜ

ਕਪੂਰਥਲਾ                      376 ਏਕੜ

ਲੁਧਿਆਣਾ                      264 ਏਕੜ

ਫ਼ਾਜ਼ਿਲਕਾ                      244 ਏਕੜ

ਮੁਹਾਲੀ                        208 ਏਕੜ


Wednesday, October 22, 2025

                                                         ਜਗਦੇ ਦੀਵਿਓ
                                  ਨਾ ਘਰ ਬਚੇ ਨੇ, ਨਾ ਹੀ ਬਨੇਰੇ !
                                                         ਚਰਨਜੀਤ ਭੁੱਲਰ 

ਚੰਡੀਗੜ੍ਹ : ਪੰਜਾਬ ’ਚ ਜਿਨ੍ਹਾਂ ਘਰਾਂ ਨੂੰ ਹੜ੍ਹ ਹੀ ਹੂੰਝ ਗਏ, ਉਨ੍ਹਾਂ ਘਰਾਂ ’ਚ ਐਤਕੀਂ ਦੁੱਖਾਂ ਦੇ ਦੀਪ ਬਲਣਗੇ। ਉਨ੍ਹਾਂ ਦੇ ਨਾ ਘਰ ਬਚੇ ਨੇ ਅਤੇ ਨਾ ਹੀ ਬਨੇਰੇ; ਆਖ਼ਰ ਦੀਵੇ ਰੱਖਣ ਵੀ ਕਿੱਥੇ। ਐਤਕੀਂ ਸਰਹੱਦੀ ਜ਼ਿਲ੍ਹਿਆਂ ’ਚ ਤਿਉਹਾਰੀ ਖ਼ੁਸ਼ੀਆਂ ਅਤੇ ਚਾਵਾਂ-ਮਲ੍ਹਾਰਾਂ ’ਤੇ ਵੀ ਪਾਣੀ ਫਿਰ ਗਿਆ ਹੈ। ਕੁਦਰਤੀ ਆਫ਼ਤ ਨੇ ਅਗਸਤ-ਸਤੰਬਰ ਮਹੀਨੇ ’ਚ 6.87 ਲੱਖ ਲੋਕਾਂ ਨੂੰ ਬੇਘਰ ਕਰ ਦਿੱਤਾ ਅਤੇ 17 ਹਜ਼ਾਰ ਘਰ ਨੁਕਸਾਨੇ ਗਏ। ਇਸ ਵਾਰ ਪੰਜਾਬ ਦੇ 2614 ਪਿੰਡ ਵਖਤਾਂ ਮਾਰੇ ਹਨ ਅਤੇ ਇਨ੍ਹਾਂ ਪਿੰਡਾਂ ’ਚ ਦੀਵਾਲੀ ਵੀ ਔੜ ਹੀ ਝੱਲੇਗੀ। ਪੰਜਾਬ ਦੇ 60 ਘਰਾਂ ’ਚ ਹੜ੍ਹ ਸੱਥਰ ਵਿਛਾ ਗਏ ਜਿਨ੍ਹਾਂ ’ਚ ਦੀਵਾਲੀ ਮੌਕੇ ਦੀਵੇ ਨਹੀਂ, ਦਿਲ ਬਲਣਗੇ। ਪਠਾਨਕੋਟ ਦੇ ਪਿੰਡ ਕੋਹਲੀਆਂ ਦਾ ਬਾਗ਼ ਹੁਸੈਨ ਆਪਣੇ ਤਿੰਨ ਬੱਚੇ ਅਤੇ ਬਿਰਧ ਮਾਂ ਨੂੰ ਪਾਣੀ ’ਚ ਗੁਆ ਚੁੱਕਾ ਹੈ। ਦੋ ਬੱਚਿਆਂ ਦੀ ਲਾਸ਼ ਹਾਲੇ ਵੀ ਨਹੀਂ ਲੱਭੀ। ਜਦੋਂ ਹੌਲ ਪੈਂਦਾ ਹੈ ਤਾਂ ਬਾਗ਼ ਹੁਸੈਨ ਗੁਆਚੇ ਲਾਲ ਲੱਭਣ ਲਈ ਅੱਧੀ ਰਾਤ ਨੂੰ ਰਾਵੀ ਕੰਢੇ ਜਾ ਪਹੁੰਚਦਾ ਹੈ। ਬਾਗ਼ ਹੁਸੈਨ ਆਖਦਾ ਹੈ, ‘‘ਭਰਿਆ ਬਾਗ਼ ਉੱਜੜ ਗਿਆ, ਕਿਸ ਹੌਸਲੇ ਦੀਵੇ ਬਾਲੀਏ..।’’ 

        ਇਸੇ ਜ਼ਿਲ੍ਹੇ ਦੇ ਰਾਜਪੁਰਾ ਦਾ ਸਕੂਲੀ ਬੱਚਾ ਕੇਸ਼ਵ ਪਾਣੀ ’ਚ ਰੁੜ੍ਹ ਗਿਆ। ਭਤੀਜੇ ਨੂੰ ਬਚਾਉਣ ਲਈ ਕੁੱਦੀ ਰੇਸ਼ਮਾ ਵੀ ਪਾਣੀ ’ਚ ਹੀ ਸਮਾ ਗਈ। ਰੇਸ਼ਮਾ ਤੇ ਭਤੀਜੇ ਦਾ ਇਕੱਠਾ ਸਿਵਾ ਬਲਿਆ। ਹੁਣ ਪਰਿਵਾਰ ਕੋਲ ਗ਼ਮਾਂ ਦੇ ਦੀਵੇ ਬਚੇ ਹਨ, ਨਾ ਦੀਵੇ ਬਾਲਣ ਵਾਲੀ ਰੇਸ਼ਮਾ ਬਚੀ ਤੇ ਨਾ ਹੀ ਬਨੇਰਿਆਂ ’ਤੇ ਦੀਵੇ ਰੱਖਣ ਵਾਲਾ ਕੇਸ਼ਵ। ਹੋਰ ਕਿੰਨੇ ਹੀ ਕੁਦਰਤੀ ਆਫ਼ਤ ਦਾ ਸੇਕ ਝੱਲ ਰਹੇ ਹਨ। ਫ਼ਿਰੋਜ਼ਪੁਰ ਦੇ ਪਿੰਡ ਟੇਂਡੀਵਾਲਾ ਦਾ ਸੰਤਾਪ ਕੋਈ ਵੱਖਰਾ ਨਹੀਂ। ਸਮਿੱਤਰੀ ਦੇਵੀ ਦੀਆਂ ਛਲਕਦੀਆਂ ਅੱਖਾਂ ਦੱਸਦੀਆਂ ਹਨ ਕਿ ਉਸ ਦੇ ਵਿਹੜੇ ਕਦੇ ਖ਼ੁਸ਼ੀਆਂ ਨੇ ਪੈਲ ਨਹੀਂ ਪਾਈ। ਹੜ੍ਹਾਂ ’ਚ ਦੇਹਲੀ ਹੀ ਰੁੜ੍ਹ ਗਈ, ਹੁਣ ਉਹ ਕਿਥੇ ਦੀਵੇ ਰੱਖੇ। ਬਲਵੀਰੋ ਬਾਈ ਦੀ ਕਹਾਣੀ ਇਵੇਂ ਦੀ ਹੈ ਜਿਸ ਦਾ ਨਾ ਘਰ ਬਚਿਆ ਹੈ ਅਤੇ ਨਾ ਹੀ ਖੇਤ। ਉਹ ਆਖਦੀ ਹੈ ਕਿ ਹੜ੍ਹਾਂ ਦੀ ਹਿੰਡ ਨੇ ਹਰਾ ਦਿੱਤੇ ਹਾਂ। ਇਸ ਪਿੰਡ ਦੇ 51 ਕਿਸਾਨਾਂ ਦੇ ਖੇਤ ਤਾਂ ਰੇਤ ਦੇ ਟਿੱਬਿਆਂ ’ਚ ਬਦਲ ਗਏ ਹਨ। ਬੱਚਿਆਂ ਦੇ ਦੀਵਾਲੀ ਦੇ ਚਾਅ-ਮਲ੍ਹਾਰ ਕਿਤੇ ਮਨਾਂ ’ਚ ਨਾ ਦੱਬ ਜਾਣ, ਇਹ ਸੋਚ ਕੇ ਸਮਾਜ ਸੇਵੀ ਇਸ ਪਿੰਡ ਦੇ ਘਰ-ਘਰ ਦੋ-ਦੋ ਹਜ਼ਾਰ ਰੁਪਏ ਵੰਡ ਕੇ ਚਲੇ ਗਏ। 

        ਫ਼ਾਜ਼ਿਲਕਾ ’ਚ ਹਜ਼ਾਰਾਂ ਏਕੜ ਫ਼ਸਲ ਨੂੰ ਹੜ੍ਹਾਂ ਨੇ ਪਿੰਜ ਦਿੱਤਾ। ਮਿੱਟੀ ਦੇ ਭਾਅ ‘ਚਿੱਟਾ ਸੋਨਾ’ ਵੇਚਣ ਵਾਲਾ ਸੁਖਵਿੰਦਰ ਆਖਦਾ ਹੈ ਕਿ ਉਨ੍ਹਾਂ ਦੀ ਜ਼ਿੰਦਗੀ ਤਾਂ ਕੌੜਤੁੰਮੇ ਵਰਗੀ ਹੈ। ਕਦੇ ਗੁਲਾਬੀ ਸੁੰਡੀ ਤੇ ਕਦੇ ਚਿੱਟੀ ਮੱਖੀ, ਉਪਰੋਂ ਕੁਦਰਤ ਦਾ ਕਹਿਰ, ਕਿਸੇ ਬੰਨ੍ਹੇ ਦਾ ਨਹੀਂ ਛੱਡਦਾ। ਹਜ਼ਾਰਾਂ ਮਜ਼ਦੂਰ ਪਰਿਵਾਰ ਹਨ ਜਿਨ੍ਹਾਂ ਦੀ ਜ਼ਿੰਦਗੀ ਦੀ ਖ਼ੁਸ਼ੀ ਹੜ੍ਹਾਂ ’ਚ ਹੜ੍ਹ ਗਈ ਹੈ। ਕੱਚੇ ਘਰਾਂ ’ਚ ਰਹਿਣ ਵਾਲੇ ਆਖਦੇ ਹਨ ਕਿ ਉਨ੍ਹਾਂ ਦੇ ਘਰਾਂ ਦੇ ਤਾਂ ਬੂਹੇ ਵੀ ਨਹੀਂ ਪਰ ਲੱਛਮੀ ਫਿਰ ਵੀ ਪੈਰ ਨਹੀਂ ਪਾਉਂਦੀ। ਮੰਡ ਖ਼ਿੱਤੇ ਦੇ ਡੇਢ ਦਰਜਨ ਪਿੰਡਾਂ ਕੋਲ ਵੀ ਇਸ ਵਾਰ ਦੀਵਾਲੀ ਮੌਕੇ ਸਿਵਾਏ ਹੌਸਲੇ ਦੀ ਮਸ਼ਾਲ ਬਾਲਣ ਤੋਂ ਕੋਈ ਚਾਰਾ ਨਹੀਂ। ਪਿੰਡ ਬਾਊਪੁਰ ਵਦੀਦ ਦੀ ਵਿਧਵਾ ਔਰਤ ਹਰਪ੍ਰੀਤ ਕੌਰ ਕੋਲ ਕੁੱਝ ਨਹੀਂ ਬਚਿਆ। 2023 ਦੇ ਹੜ੍ਹਾਂ ’ਚ ਜਦੋਂ ਇਸ ਪਰਿਵਾਰ ਦੀ ਜ਼ਮੀਨ ਰੇਤ ’ਚ ਦੱਬ ਗਈ ਤਾਂ ਸਿਰ ਦਾ ਸਾਈਂ ਚਲਾ ਗਿਆ। ਹੁਣ ਮੁੜ ਜ਼ਮੀਨ ਰੁੜ੍ਹ ਗਈ ਤੇ ਹਰਪ੍ਰੀਤ ਬੱਚਿਆਂ ਨਾਲ ਬਿਗਾਨੇ ਘਰ ਸ਼ਰਨ ਲੈਣ ਲਈ ਮਜਬੂਰ ਹੈ। ਪਿੰਡ ਰਾਮਪੁਰ ਗਾਉਰਾ ’ਚ ਕਈ ਸਾਲ ਪਹਿਲਾਂ ਹੜ੍ਹਾਂ ਦੀ ਭੇਟ ਪ੍ਰੀਤਮ ਸਿੰਘ ਚੜ੍ਹ ਗਿਆ।

        ਉਸ ਦੇ ਹੁਣ ਦੋ ਲੜਕੇ ਪਰਗਟ ਸਿੰਘ ਤੇ ਮੇਜਰ ਸਿੰਘ ਅਤੇ ਇੱਕ ਵਿਧਵਾ ਨੂੰਹ ਰਾਜ ਕੌਰ ਨੂੰ ਪਿੰਡ ਦੇ ਸਰਪੰਚ ਗੁਰਮੀਤ ਸਿੰਘ ਦੇ ਘਰ ਪਨਾਹ ਲੈਣੀ ਪਈ ਹੈ। ਰਾਜ ਕੌਰ ਆਖਦੀ ਹੈ ਕਿ ਹੁਣ ਤਾਂ ਦੀਵਾ ਬਾਲਣ ਜੋਗੀ ਥਾਂ ਵੀ ਨਹੀਂ ਬਚੀ। ਮਜ਼ਦੂਰ ਪਰਗਟ ਸਿੰਘ ਦੀ ਇਹੋ ਕਹਾਣੀ ਹੈ। ਇਨ੍ਹਾਂ ਲਈ ਇੱਕੋ ਉਮੀਦ ਸਤਜੁਗੀ ਲੋਕ ਬਣੇ ਹਨ ਜੋ ਬਿਪਤਾ ਮੌਕੇ ਉਨ੍ਹਾਂ ਦੀ ਢਾਰਸ ਬਣੇ ਹਨ। ਪੰਜਾਬੀਅਤ ਦੀ ਮਸਾਲ ਅੱਜ ਵੀ ਲਟ ਲਟ ਬਲ ਰਹੀ ਹੈ। ਸਰਹੱਦੀ ਕਿਸਾਨਾਂ ਦਾ ਆਗੂ ਸੁਰਜੀਤ ਸਿੰਘ ਆਖਦਾ ਹੈ ਕਿ ਛੇ ਜ਼ਿਲ੍ਹਿਆਂ ਦੇ 17 ਹਜ਼ਾਰ ਕਿਸਾਨਾਂ ਦੀ ਕੰਡਿਆਲੀ ਤਾਰ ਤੋਂ ਪਾਰ ਜ਼ਮੀਨ ਰਾਖ ਹੋ ਗਈ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਥੋੜ੍ਹੇ ਦਿਨ ਪਹਿਲਾਂ ਅਜਨਾਲਾ ਤੋਂ ਮੁਆਵਜ਼ੇ ਦੀ ਵੰਡ ਸ਼ੁਰੂ ਕੀਤੀ ਹੈ ਅਤੇ ਵਾਅਦਾ ਕੀਤਾ ਹੈ ਕਿ ਉਹ ਕਿਸੇ ਦੇ ਘਰ ਦਾ ਚੁੱਲ੍ਹਾ ਨਹੀਂ ਬੁੱਝਣ ਦੇਣਗੇ। ਸਰਕਾਰੀ ਵੇਰਵੇ ਹਨ ਕਿ ਹੜ੍ਹਾਂ ’ਚ ਕਰੀਬ ਪੰਜ ਲੱਖ ਏਕੜ ਫ਼ਸਲ ਵੀ ਤਬਾਹ ਹੋਈ ਹੈ ਅਤੇ ਇਨ੍ਹਾਂ ਖੇਤਾਂ ’ਚ ਚੜ੍ਹੀ ਗਾਰ ਨੇ ਕਿਸਾਨਾਂ ਦੇ ਦੁੱਖਾਂ ਨੂੰ ਜ਼ਰਬਾਂ ਦਿੱਤੀਆਂ ਹਨ।

        ਕਿਸਾਨਾਂ ਨੂੰ ਝੋਰਾ ਹੈ ਕਿ ਉਹ ਅਗਲੀ ਕਣਕ ਦੀ ਫ਼ਸਲ ਦੀ ਬਿਜਾਂਦ ਕਰ ਸਕਣਗੇ ਜਾਂ ਨਹੀਂ। ਇਨ੍ਹਾਂ ਕਿਸਾਨਾਂ ਦੀ ਨੀਂਦ ਉੱਡੀ ਹੋਈ ਹੈ। ਉਪਰੋਂ ਝੋਨੇ ਦੇ ਘਟੇ ਝਾੜ ਨੇ ਕਿਸਾਨਾਂ ਨੂੰ ਝੰਬ ਕੇ ਰੱਖ ਦਿੱਤਾ ਹੈ। ਹੜ੍ਹਾਂ ’ਚ ਡਿੱਗਿਆ ਪੰਜਾਬ ਕੀ ਮੁੜ ਉੱਠੇਗਾ, ਕੀ ਦੁੱਖਾਂ ਦਾ ਬਣਵਾਸ ਕੱਟਿਆ ਜਾਵੇਗਾ, ਇਹ ਹਰ ਚਿਹਰੇ ਦਾ ਸੁਆਲ ਹੈ ਜੋ ਜੁਆਬ ਮੰਗਦਾ ਹੈ।

Friday, October 3, 2025

                                                           ਨਵੀਂ ਚੁਣੌਤੀ
                                 ਪੰਜਾਬ ਵਿੱਚ ਮੁੜ ਹੜ੍ਹਾਂ ਦਾ ਖ਼ਤਰਾ 
                                                          ਚਰਨਜੀਤ ਭੁੱਲਰ 

ਚੰਡੀਗੜ੍ਹ : ਹਾਲ ਹੀ ਵਿੱਚ ਭਿਆਨਕ ਹੜ੍ਹਾਂ ਦੀ ਤਬਾਹੀ ਝੱਲ ਚੁੱਕੇ ਪੰਜਾਬ ਵਿੱਚ ਹੁਣ ਮੁੜ ਤੋਂ ਹੜ੍ਹਾਂ ਦਾ ਖ਼ਤਰਾ ਬਣ ਗਿਆ ਹੈ। ਮੌਸਮ ਵਿਭਾਗ ਦੀ ਤਾਜ਼ਾ ਪੇਸ਼ੀਨਗੋਈ ਮਗਰੋਂ ਅੱਜ ਰਣਜੀਤ ਸਾਗਰ ਡੈਮ ਤੋਂ ਰਾਵੀ ਦਰਿਆ ਵਿੱਚ ਮੁੜ ਵਾਧੂ ਪਾਣੀ ਛੱਡਣਾ ਸ਼ੁਰੂ ਕਰ ਦਿੱਤਾ ਗਿਆ ਹੈ। ਜਲ ਸਰੋਤ ਵਿਭਾਗ ਦੇ ਮੁੱਖ ਇੰਜਨੀਅਰਾਂ ਅਤੇ ਤਕਨੀਕੀ ਮਾਹਿਰਾਂ ਨੇ ਅੱਜ ਭਾਰਤੀ ਮੌਸਮ ਵਿਭਾਗ ਦੇ ਉੱਚ ਅਧਿਕਾਰੀਆਂ ਨਾਲ ਵਰਚੁਅਲ ਮੀਟਿੰਗ ਕਰ ਕੇ ਇਸ ਬਾਰੇ ਚਰਚਾ ਕੀਤੀ ਹੈ। ਉੱਧਰ, ਭਾਖੜਾ ਬਿਆਸ ਮੈਨੇਜਮੈਂਟ ਬੋਰਡ (ਬੀ ਬੀ ਐੱਮ ਬੀ) ਨੇ ਵੀ ਅੰਦਰੂਨੀ ਤੌਰ ’ਤੇ ਚਰਚਾ ਸ਼ੁਰੂ ਕਰ ਕੇ ਰਣਨੀਤੀ ਬਣਾਉਣੀ ਸ਼ੁਰੂ ਕਰ ਦਿੱਤੀ ਹੈ। ਪੰਜਾਬ ਤਾਂ ਪਹਿਲੇ ਹੜ੍ਹਾਂ ’ਚੋਂ ਹਾਲੇ ਉੱਭਰਿਆ ਨਹੀਂ ਸੀ ਕਿ ਨਵੀਂ ਨੌਬਤ ਆ ਰਹੀ ਹੈ। ਪੰਜਾਬ ਲਈ ਅਕਤੂਬਰ ਦਾ ਪਹਿਲਾ ਹਫ਼ਤਾ ਚੁਣੌਤੀ ਭਰਿਆ ਰਹਿ ਸਕਦਾ ਹੈ। ਇਸ ਪਹਿਲੇ ਹਫ਼ਤੇ ਵਿੱਚ ਐਨਾ ਮੀਂਹ ਪੈਣ ਦੀ ਪੇਸ਼ੀਨਗੋਈ ਹੈ ਜਿੰਨਾ ਪਿਛਲੇ 80 ਵਰ੍ਹਿਆਂ ਵਿੱਚ ਕਦੇ ਦਰਜ ਨਹੀਂ ਕੀਤਾ ਗਿਆ।

        ਮੌਸਮ ਵਿਭਾਗ ਅਨੁਸਾਰ 4 ਅਕਤੂਬਰ ਰਾਤ ਤੋਂ ਬਾਰਸ਼ ਸ਼ੁਰੂ ਹੋਣ ਦੀ ਸੰਭਾਵਨਾ ਹੈ ਅਤੇ 6-7 ਅਕਤੂਬਰ ਨੂੰ ਭਾਰੀ ਤੋਂ ਬਹੁਤ ਭਾਰੀ ਬਾਰਸ਼ ਹੋਣ ਦਾ ਅਨੁਮਾਨ ਹੈ। ਮੌਸਮ ਵਿਭਾਗ ਨੇ ਪੰਜਾਬ ਵਿੱਚ ਇਨ੍ਹਾਂ ਦੋ ਦਿਨਾਂ ਦੌਰਾਨ ਔਸਤ 110 ਮਿਲੀਮੀਟਰ, ਜੰਮੂ ਖੇਤਰ ਵਿੱਚ ਕਰੀਬ 120 ਮਿਲੀਮੀਟਰ ਅਤੇ ਹਿਮਾਚਲ ਪ੍ਰਦੇਸ਼ ’ਚ ਔਸਤ 160 ਤੋਂ 180 ਮਿਲੀਮੀਟਰ ਬਾਰਿਸ਼ ਹੋਣ ਦੀ ਪੇਸ਼ੀਨਗੋਈ ਕੀਤੀ ਹੈ। ਮੌਸਮ ਵਿਭਾਗ ਅਨੁਸਾਰ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਦੇ ਵੱਖ-ਵੱਖ ਹਿੱਸਿਆਂ ਵਿੱਚ 6-7 ਅਕਤੂਬਰ ਨੂੰ ਭਾਰੀ ਮੀਂਹ ਪਵੇਗਾ। ਪੰਜਾਬ ਦੇ ਖ਼ਾਸ ਕਰ ਕੇ ਪਠਾਨਕੋਟ, ਅੰਮ੍ਰਿਤਸਰ, ਤਰਨ ਤਾਰਨ, ਰੋਪੜ, ਜਲੰਧਰ, ਲੁਧਿਆਣਾ, ਪਟਿਆਲਾ, ਮੋਗਾ, ਮਾਨਸਾ, ਗੁਰਦਾਸਪੁਰ, ਬਰਨਾਲਾ ਤੇ ਬਠਿੰਡਾ ਵਿੱਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਸੂਬਾ ਸਰਕਾਰ ਨੇ ਨਵੀਂ ਚੁਣੌਤੀ ਦੇ ਮੱਦੇਨਜ਼ਰ ਰਣਜੀਤ ਸਾਗਰ ਡੈਮ ਨੂੰ ਖਾਲੀ ਕਰਨਾ ਸ਼ੁਰੂ ਕਰ ਦਿੱਤਾ ਹੈ ਅਤੇ ਰਾਵੀ ਵਿੱਚ ਹੋਰ ਪਾਣੀ ਛੱਡਣਾ ਸ਼ੁਰੂ ਕਰ ਦਿੱਤਾ ਹੈ।

       ਦੋ ਦਿਨ ਪਹਿਲਾਂ ਤੱਕ ਰਣਜੀਤ ਸਾਗਰ ਡੈਮ ’ਚੋਂ 10 ਹਜ਼ਾਰ ਕਿਊਸਿਕ ਪਾਣੀ ਛੱਡਿਆ ਜਾ ਰਿਹਾ ਸੀ। ਕੱਲ੍ਹ ਤੱਕ 20,362 ਕਿਊਸਿਕ ਅਤੇ ਅੱਜ ਬਾਅਦ ਦੁਪਹਿਰ 1 ਵਜੇ ਤੋਂ 37,686 ਕਿਊਸਿਕ ਪਾਣੀ ਛੱਡਣਾ ਸ਼ੁਰੂ ਕਰ ਦਿੱਤਾ ਹੈ।ਮਾਹਿਰ ਆਖਦੇ ਹਨ ਕਿ ਅਕਤੂਬਰ ਮਹੀਨੇ ’ਚ ਪਹਿਲਾਂ ਕਦੇ ਐਨਾ ਮੀਂਹ ਦਰਜ ਨਹੀਂ ਕੀਤਾ ਗਿਆ ਹੈ। ਪੰਜਾਬ ਵਿੱਚ ਪਹਿਲਾਂ ਹੀ ਕਰੀਬ ਪੰਜ ਲੱਖ ਏਕੜ ਫ਼ਸਲ ਪ੍ਰਭਾਵਿਤ ਹੋ ਚੁੱਕੀ ਹੈ। ਖੇਤਾਂ ’ਚੋਂ ਰੇਤਾ ਹਟਾਉਣ ਦਾ ਕੰਮ ਜੰਗੀ ਪੱਧਰ ’ਤੇ ਚੱਲ ਰਿਹਾ ਹੈ ਤਾਂ ਜੋ ਖੇਤਾਂ ਨੂੰ ਹਾੜ੍ਹੀ ਦੀ ਫ਼ਸਲ ਲਈ ਤਿਆਰ ਕੀਤਾ ਜਾ ਸਕੇ। ਜੇਕਰ ਮੁੜ ਹੜ੍ਹ ਆਉਂਦੇ ਹਨ ਤਾਂ ਖੇਤਾਂ ’ਚ ਦੁਬਾਰਾ ਰੇਤਾ ਚੜ੍ਹਨ ਦੀ ਸੰਭਾਵਨਾ ਹੈ। ਪੰਜਾਬ ਸਰਕਾਰ ਪਹਿਲਾਂ ਆਏ ਹੜ੍ਹਾਂ ਨਾਲ ਹੋਏ ਨੁਕਸਾਨ ਦੇ ਮੁਲਾਂਕਣ ਲਈ ਵਿਸ਼ੇਸ਼ ਗਿਰਦਾਵਰੀ ਕਰਵਾ ਰਹੀ ਹੈ ਅਤੇ ਦੀਵਾਲੀ ਤੋਂ ਪਹਿਲਾਂ ਮੁਆਵਜ਼ਾ ਵੰਡਣ ਦੀ ਗੱਲ ਆਖ ਰਹੀ ਹੈ। ਨਵੇਂ ਹਾਲਾਤ ਵਿੱਚ ਹਰ ਗਿਣਤੀ-ਮਿਣਤੀ ਫੇਲ੍ਹ ਹੋ ਸਕਦੀ ਹੈ।

       ਪੰਜਾਬ ਸਰਕਾਰ ਨੂੰ ਵੱਡਾ ਖ਼ਦਸ਼ਾ ਹੈ ਕਿ ਮੀਂਹ ਪੈਣ ਦੀ ਸੂਰਤ ’ਚ ਰਾਵੀ ਦਰਿਆ ਵਿੱਚ 22 ਖੱਡਾਂ ਦੇ ਜ਼ਰੀਏ ਵਾਧੂ ਪਾਣੀ ਆਉਣ ਦੀ ਸੰਭਾਵਨਾ ਹੈ। ਰਣਜੀਤ ਸਾਗਰ ਡੈਮ ਵਿੱਚ ਪਾਣੀ ਦਾ ਪੱਧਰ 523.53 ਮੀਟਰ ਹੈ ਜੋ ਖ਼ਤਰੇ ਦੇ ਨਿਸ਼ਾਨ ਤੋਂ ਕਰੀਬ ਚਾਰ ਫੁੱਟ ਹੇਠਾਂ ਹੈ ਅਤੇ ਹੁਣ ਪਾਣੀ ਦਾ ਪੱਧਰ ਹੋਰ ਘਟਾਇਆ ਜਾਣਾ ਹੈ ਤਾਂ ਜੋ 6-7 ਅਕਤੂਬਰ ਨੂੰ ਪਹਾੜਾਂ ’ਚੋਂ ਆਉਣ ਵਾਲੇ ਵਾਧੂ ਪਾਣੀ ਨੂੰ ਸੰਭਾਲਿਆ ਜਾ ਸਕੇ। ਪੰਜਾਬ ਵਿੱਚ ਬਾਰਿਸ਼ ਹੋਣ ਕਰ ਕੇ ਸਥਾਨਕ ਪਾਣੀ ਸਤਲੁਜ ਦਰਿਆ ਵਿੱਚ ਚੱਲੇਗਾ। ਪੌਂਗ ਡੈਮ ਖ਼ਤਰੇ ਦੇ ਨਿਸ਼ਾਨ ਤੋਂ ਕਰੀਬ ਦੋ ਫੁੱਟ ਹੇਠਾਂ ਹੈ ਅਤੇ ਬਿਆਸ ਦਰਿਆ ’ਚ ਇਸ ਵੇਲੇ 17,171 ਕਿਊਸਿਕ ਪਾਣੀ ਚੱਲ ਰਿਹਾ ਹੈ। ਭਾਖੜਾ ਡੈਮ ’ਚ ਪਹਾੜਾਂ ’ਚੋਂ ਵੱਧ ਤੋਂ ਵੱਧ 39,254 ਕਿਊਸਿਕ ਪਾਣੀ ਆਇਆ ਅਤੇ ਇਸ ਡੈਮ ’ਚੋਂ ਸਤਲੁਜ ਵਿੱਚ ਵੱਧ ਤੋਂ ਵੱਧ 32,800 ਕਿਊਸਿਕ ਪਾਣੀ ਛੱਡਿਆ ਗਿਆ।

                                  ਕੁਸ਼ੱਲਿਆ ਡੈਮ ਬਾਰੇ ਹਰਿਆਣਾ ਨੂੰ ਪੱਤਰ 

ਪੰਜਾਬ ਸਰਕਾਰ ਨੇ ਅੱਜ ਹਰਿਆਣਾ ਦੇ ਜਲ ਸਰੋਤ ਵਿਭਾਗ ਦੇ ਮੁੱਖ ਇੰਜਨੀਅਰ ਨੂੰ ਪੱਤਰ ਲਿਖ ਕੇ 6-7 ਅਕਤੂਬਰ ਨੂੰ ਸੰਭਾਵੀ ਭਾਰੀ ਮੀਂਹ ਦੇ ਹਵਾਲੇ ਨਾਲ ਕਿਹਾ ਹੈ ਕਿ ਹਰਿਆਣਾ ਕੁਸ਼ੱਲਿਆ ਡੈਮ ਨੂੰ ਰੈਗੂਲੇਟ ਕਰੇ ਤਾਂ ਜੋ ਪਹਾੜਾਂ ’ਚੋਂ ਆਉਣ ਵਾਲੇ ਪਾਣੀ ਨੂੰ ਡੈਮ ਵਿੱਚ ਸੰਭਾਲਿਆ ਜਾ ਸਕੇ। ਮਤਲਬ ਕਿ ਹਰਿਆਣਾ ਕੁਸ਼ੱਲਿਆ ਡੈਮ ਵਿੱਚ ਹੋਰ ਜਗ੍ਹਾ ਬਣਾਏ ਤਾਂ ਜੋ ਅਚਾਨਕ ਵਾਧੂ ਪਾਣੀ ਆਉਣ ਦੀ ਸੂਰਤ ਵਿੱਚ ਘੱਗਰ ਦਰਿਆ ਓਵਰਫਲੋਅ ਨਾ ਹੋਵੇ।

Saturday, September 20, 2025

                                                         ਨਵੀਂ ਰਣਨੀਤੀ
                                  ਦਰਿਆਵਾਂ ’ਚੋਂ ਗਾਰ ਕੱਢਣ ਨੂੰ ਹਰੀ ਝੰਡੀ
                                                         ਚਰਨਜੀਤ ਭੁੱਲਰ  

ਚੰਡੀਗੜ੍ਹ : ਪੰਜਾਬ ਸਰਕਾਰ ਵੱਲੋਂ ਕੌਮੀ ਢਾਂਚੇ ਤਹਿਤ ਦਰਿਆਵਾਂ ’ਚੋਂ ਗਾਰ ਕੱਢੇ ਜਾਣ ਨੂੰ ਹਰੀ ਝੰਡੀ ਦੇ ਦਿੱਤੀ ਗਈ ਹੈ। ਦਰਿਆਵਾਂ ਦੇ ਮੁਹਾਣ ਵਿਚਲੇ ਅੜਿੱਕੇ ਦੂਰ ਕਰਨ ਅਤੇ ਪਾਣੀ ਦੇ ਤੇਜ਼ ਵਹਾਅ ਦੀ ਮਾਰ ਤੋਂ ਬਚਾਉਣ ਲਈ ਨਵੀਂ ਰਣਨੀਤੀ ਘੜੀ ਗਈ ਹੈ। ‘ਦਰਿਆਵਾਂ ’ਚੋਂ ਗਾਰ ਕੱਢਣ ਸਬੰਧੀ ਕੌਮੀ ਖਾਕਾ’ ਤਹਿਤ ਦਰਿਆਵਾਂ ’ਚੋਂ ਗਾਰ ਕੱਢਣ ਲਈ ਕੇਂਦਰੀ ਵਾਤਾਵਰਨ ਮੰਤਰਾਲੇ ਤੋਂ ਕੋਈ ਅਗਾਊਂ ਪ੍ਰਵਾਨਗੀ ਦੀ ਲੋੜ ਵੀ ਨਹੀਂ ਹੋਵੇਗੀ। ਮੁੱਖ ਸਕੱਤਰ ਕੇ ਏ ਪੀ ਸਿਨਹਾ ਦੀ ਪ੍ਰਧਾਨਗੀ ਹੇਠ ਅੱਜ ਹੋਈ ਮੀਟਿੰਗ ਵਿੱਚ ਇਸ ਮਾਮਲੇ ’ਤੇ ਕਈ ਨਵੇਂ ਫ਼ੈਸਲੇ ਲਏ ਗਏ ਹਨ ਜੋ ਕਿ ਭਵਿੱਖ ਵਿੱਚ ਦਰਿਆਵਾਂ ਦੀ ਮਾਰ ਤੋਂ ਬਚਾਉਣ ਹਿੱਤ ਉਸਾਰੂ ਸਿੱਧ ਹੋ ਸਕਦੇ ਹਨ। ਪ੍ਰਾਪਤ ਵੇਰਵਿਆਂ ਅਨੁਸਾਰ ਦਰਿਆਵਾਂ ਦੀਆਂ ਮਾਈਨਿੰਗ ਸਾਈਟਾਂ ਅਤੇ ਡੀਸਿਲਟਿੰਗ ਵਾਲੀਆਂ ਸਾਈਟਾਂ ਦੀ ਵੱਖੋ ਵੱਖਰੀ ਸ਼ਨਾਖ਼ਤ ਕੀਤੀ ਗਈ ਹੈ। 

      ਦਰਿਆਵਾਂ ਵਿੱਚ 48 ਅਜਿਹੀਆਂ ਸਾਈਟਾਂ ਦੀ ਸ਼ਨਾਖ਼ਤ ਹੋਈ ਹੈ ਜਿੱਥੋਂ ਗਾਰ ਕੱਢਣ ਦੀ ਲੋੜ ਹੈ ਜਾਂ ਫਿਰ ਦਰਿਆਵਾਂ ਦੇ ਪਾਣੀ ਵਿੱਚ ਇਨ੍ਹਾਂ ਸਾਈਟਾਂ ’ਤੇ ਅੜਿੱਕੇ ਖੜ੍ਹੇ ਹੋਏ ਹਨ। ਇਹ ਫ਼ੈਸਲਾ ਵੀ ਲਿਆ ਗਿਆ ਹੈ ਕਿ ਦਰਿਆਵਾਂ ’ਚੋਂ ਗਾਰ ਕੱਢਣ ਵਾਸਤੇ ਕੌਮੀ ਖਾਕੇ ਤਹਿਤ ਵਾਤਾਵਰਨ ਮੰਤਰਾਲੇ ਦੀ ਮਨਜ਼ੂਰੀ ਦੀ ਲੋੜ ਨਹੀਂ ਹੈ। ਬਾਕੀ ਮਾਈਨਿੰਗ ਸਾਈਟਾਂ ’ਤੇ ਮਾਈਨਿੰਗ ਵਿਭਾਗ ਨੂੰ ਕੰਮ ਕਰਨ ਵਾਸਤੇ ਕਿਹਾ ਗਿਆ ਹੈ। ਬਿਆਸ, ਸਤਲੁਜ, ਘੱਗਰ, ਸਿਸਵਾਂ ਤੇ ਚੱਬੇਵਾਲ ਚੋਅ ਆਦਿ ਵਿੱਚ ਚਾਰ ਦਰਜਨ ਸਾਈਟਾਂ ਦੀ ਸ਼ਨਾਖ਼ਤ ਹੋਈ ਹੈ ਜਿਨ੍ਹਾਂ ’ਚ ਸਭ ਤੋਂ ਵੱਧ ਜ਼ਿਲ੍ਹਾ ਗੁਰਦਾਸਪੁਰ ਵਿੱਚ ਬਿਆਸ ਦਰਿਆ ’ਚ 12 ਸਾਈਟਾਂ ਲੱਭੀਆਂ ਹਨ, ਜਿੱਥੇ ਗਾਰ ਕੱਢਣ ਦੀ ਲੋੜ ਹੈ। ਘੱਗਰ ਵਿੱਚ ਅਜਿਹੀਆਂ ਸੱਤ ਸਾਈਟਾਂ ਹਨ। 

      ਇਸੇ ਤਰ੍ਹਾਂ ਹਰੀਕੇ ਹੈੱਡ ਵਰਕਸ ’ਚੋਂ ਗਾਰ ਕੱਢਣ ਦੇ ਮੁੱਦੇ ’ਤੇ ਵੀ ਚਰਚਾ ਹੋਈ। ਹਰੀਕੇ ’ਚੋਂ ਗਾਰ ਕੱਢਣ ਲਈ ਰਾਜਸਥਾਨ ਤੋਂ ਫ਼ੰਡਾਂ ਦਾ ਬਣਦਾ ਹਿੱਸਾ ਲਿਆ ਜਾਵੇਗਾ ਅਤੇ ਪੰਜਾਬ ਸਰਕਾਰ ਵੱਲੋਂ ਰਾਜਸਥਾਨ ਸਰਕਾਰ ਨੂੰ ਪੱਤਰ ਲਿਖਿਆ ਜਾਵੇਗਾ, ਕਿਉਂਕਿ ਹਰੀਕੇ ਤੋਂ ਪੰਜਾਬ ਨਾਲੋਂ ਦੁੱਗਣਾ ਪਾਣੀ ਤਾਂ ਰਾਜਸਥਾਨ ਨੂੰ ਜਾਂਦਾ ਹੈ। ਮੀਟਿੰਗ ਵਿੱਚ ਵੱਡਾ ਫ਼ੈਸਲਾ ਇਹ ਹੋਇਆ ਹੈ ਕਿ ਦਰਿਆਵਾਂ ਦੀ ਜ਼ਮੀਨ ’ਚੋਂ ਵੀ ਦਰੱਖਤ ਹਟਾਏ ਜਾਣਗੇ। ਦਰਿਆਵਾਂ ਵਿੱਚ ਜਿਨ੍ਹਾਂ ਜ਼ਮੀਨਾਂ ’ਤੇ ਪ੍ਰਾਈਵੇਟ ਲੋਕਾਂ ਨੇ ਦਰੱਖਤ ਲਗਾਏ ਹੋਏ ਹਨ, ਉਨ੍ਹਾਂ ਦਰੱਖਤਾਂ ਦੀ ਕਟਾਈ ਕੀਤੀ ਜਾਵੇਗੀ ਅਤੇ ਇਨ੍ਹਾਂ ਦਰੱਖਤਾਂ ਦਾ ਪੈਸਾ ਸਬੰਧਤ ਕਿਸਾਨਾਂ ਨੂੰ ਦੇ ਦਿੱਤਾ ਜਾਵੇਗਾ। ਇਹ ਜ਼ਮੀਨ ਕਿਸਾਨਾਂ ਕੋਲ ਹੀ ਰਹੇਗੀ। ਦਰਿਆਵਾਂ ਵਿੱਚ ਅਜਿਹੀਆਂ ਚਾਰ ਸਾਈਟਾਂ ਵੀ ਹਨ ਜਿੱਥੇ ਜੰਗਲਾਤ ਵਿਭਾਗ ਨੇ ਵੀ ਦਰੱਖਤ ਲਗਾਏ ਹੋਏ ਹਨ ਜੋ ਕਿ ਮੁਹਾਲੀ, ਹੁਸ਼ਿਆਰਪੁਰ ਅਤੇ ਨਵਾਂ ਸ਼ਹਿਰ ਜ਼ਿਲ੍ਹੇ ਵਿੱਚ ਹਨ।

                                                        ਅਤਿ ਗੰਭੀਰ ਆਫ਼ਤ 
                                ਕੇਂਦਰ ਨੂੰ ਰਿਪੋਰਟ ਭੇਜੇਗਾ ਪੰਜਾਬ
                                                          ਚਰਨਜੀਤ ਭੁੱਲਰ 

ਚੰਡੀਗੜ੍ਹ :ਕੇਂਦਰ ਸਰਕਾਰ ਵੱਲੋਂ ਪੰਜਾਬ ਦੇ ਹੜ੍ਹਾਂ ਨੂੰ ‘ਅਤਿ ਗੰਭੀਰ ਆਫ਼ਤ’ ਐਲਾਨਣ ਮਗਰੋਂ ਪੰਜਾਬ ਸਰਕਾਰ ਹੜ੍ਹਾਂ ਨਾਲ ਹੋਏ ਨੁਕਸਾਨ ਦੀ ਰਿਪੋਰਟ ਤਿਆਰ ਕਰਨ ’ਚ ਜੁਟ ਗਈ ਹੈ। ‘ਅਤਿ ਗੰਭੀਰ ਆਫ਼ਤ’ ਐਲਾਨੇ ਜਾਣ ਨਾਲ ਪੰਜਾਬ ਸਰਕਾਰ ਨੂੰ ਕੇਂਦਰ ਤੋਂ ਕੁੱਝ ਵੱਧ ਮਦਦ ਦੀ ਆਸ ਬੱਝੀ ਹੈ। ਕੇਂਦਰੀ ਅੰਤਰ ਮੰਤਰਾਲਾ ਟੀਮਾਂ ਨੇ ਹੜ੍ਹਾਂ ਦੀ ਮਾਰ ਦੌਰਾਨ ਪੰਜਾਬ ਦੇ ਕਈ ਜ਼ਿਲ੍ਹਿਆਂ ਦਾ ਦੌਰਾ ਕਰਨ ਮਗਰੋਂ ਆਪਣੀ ਰਿਪੋਰਟ ਕੇਂਦਰ ਸਰਕਾਰ ਨੂੰ ਸੌਂਪ ਦਿੱਤੀ ਸੀ। ਪੰਜਾਬ ਸਰਕਾਰ ਨੇ 11 ਸਤੰਬਰ ਨੂੰ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਪੱਤਰ ਲਿਖ ਕੇ ਪੰਜਾਬ ’ਚ ਆਏ ਹੜ੍ਹਾਂ ਦੀ ਗੰਭੀਰਤਾ ਨੂੰ ਦੇਖਦਿਆਂ ਹੋਏ ਇਸ ਕੁਦਰਤੀ ਆਫ਼ਤ ਨੂੰ ‘ਅਤਿ ਗੰਭੀਰ ਆਫ਼ਤ’ ਸ਼੍ਰੇਣੀ ’ਚ ਸ਼ਾਮਲ ਕਰਨ ਲਈ ਕਿਹਾ ਸੀ। ਕੇਂਦਰੀ ਗ੍ਰਹਿ ਮੰਤਰਾਲੇ ਨੇ 16 ਸਤੰਬਰ ਨੂੰ ਪੰਜਾਬ ਸਰਕਾਰ ਨੂੰ ਪੱਤਰ ਭੇਜ ਕੇ ਸੂਬੇ ਦੇ ਹੜ੍ਹਾਂ ਨੂੰ ‘ਅਤਿ ਗੰਭੀਰ ਆਫ਼ਤ’ ਮੰਨਣ ਬਾਰੇ ਜਾਣੂੰ ਕਰਾਇਆ ਸੀ।

      ਵੇਰਵਿਆਂ ਅਨੁਸਾਰ ‘ਅਤਿ ਗੰਭੀਰ ਆਫ਼ਤ’ ਦੀ ਕੈਟਾਗਰੀ ’ਚ ਸ਼ਾਮਲ ਹੋਣ ਮਗਰੋਂ ਪੰਜਾਬ ਸਰਕਾਰ ਨੂੰ ਮੁਆਵਜ਼ੇ ’ਚ ਕੁੱਝ ਵਾਧਾ ਹੋਣ ਦੀ ਸੰਭਾਵਨਾ ਹੈ।ਪੰਜਾਬ ਸਰਕਾਰ ਦੇ ਉੱਚ ਅਫ਼ਸਰਾਂ ਨੇ ਅੱਜ ਦਿੱਲੀ ’ਚ ਕੇਂਦਰੀ ਮੰਤਰਾਲਿਆਂ ’ਚ ਫ਼ੋਨ ਕਰਕੇ ਇਸ ਕੈਟਾਗਰੀ ਤਹਿਤ ਮਿਲਣ ਵਾਲੀ ਰਾਹਤ ਬਾਰੇ ਪਤਾ ਲਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ। ਪੰਜਾਬ ਸਰਕਾਰ ਵੱਲੋਂ ਕੇਂਦਰ ਦੇ ਇਸ ਕਦਮ ਮਗਰੋਂ ਅੱਜ ਉੱਚ ਪੱਧਰੀ ਮੀਟਿੰਗਾਂ ਵੀ ਕੀਤੀਆਂ ਗਈਆਂ। ਸੂਬਾ ਸਰਕਾਰ ਨੇ ਕੇਂਦਰੀ ਗ੍ਰਹਿ ਮੰਤਰਾਲੇ ਦੇ ਫ਼ੈਸਲੇ ਮਗਰੋਂ ਹੁਣ ‘ਪੋਸਟ ਡਿਜ਼ਾਸਟਰ ਨੀਡਜ਼ ਅਸੈਂਸਮੈਟਸ’ (ਪੀ ਡੀ ਐੱਨ ਏ) ਰਿਪੋਰਟ ਤਿਆਰ ਕਰਨੀ ਸ਼ੁਰੂ ਕਰ ਦਿੱਤੀ ਹੈ। ਕੇਂਦਰ ਸਰਕਾਰ ਨੇ ਕੁਦਰਤੀ ਆਫ਼ਤਾਂ ਨਾਲ ਹੋਣ ਵਾਲੇ ਨੁਕਸਾਨ ਦੇ ਮੁਲਾਂਕਣ ਲਈ ਕੌਮਾਂਤਰੀ ਫਰੇਮ ਵਰਕ ਵਾਲੀ ਪੀ ਡੀ ਐੱਨ ਏ ਨੂੰ ਅਪਣਾਇਆ ਹੈ। ਹੁਣ ਮਾਲ ਵਿਭਾਗ ਨੇ ਵੱਖ-ਵੱਖ ਵਿਭਾਗਾਂ ਨੂੰ ਨਿਰਦੇਸ਼ ਦਿੱਤੇ ਹਨ ਕਿ ਹੜ੍ਹਾਂ ਨਾਲ ਹੋਏ ਨੁਕਸਾਨ ਦੀ ਰਿਪੋਰਟ ਤਿਆਰ ਕੀਤੀ ਜਾਵੇ।

     ਸੂਬਾ ਸਰਕਾਰ ਨੇ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਕਰੀਬ ਤਿੰਨ ਮਹੀਨਿਆਂ ਦੇ ਅੰਦਰ-ਅੰਦਰ ਇਹ ਰਿਪੋਰਟ ਸੌਂਪਣੀ ਹੈ। ਵੱਖ-ਵੱਖ ਸਰਕਾਰੀ ਵਿਭਾਗਾਂ ਨੇ ਆਪੋ-ਆਪਣੇ ਵਿਭਾਗ ਦੇ ਨੁਕਸਾਨੇ ਬੁਨਿਆਦੀ ਢਾਂਚੇ ਦੀ ਰਿਪੋਰਟ ਤਿਆਰ ਕਰਕੇ ਦੇਣੀ ਹੈ।ਰਿਪੋਰਟ ਤਿਆਰ ਕਰਨ ਲਈ ਬਕਾਇਦਾ ਨੇਮ ਬਣੇ ਹੋਏ ਹਨ। ਪੰਜਾਬ ਸਰਕਾਰ ਦੀ ਵਿੱਤੀ ਹਾਲਤ ਕਿਸੇ ਤੋਂ ਲੁਕੀ ਨਹੀਂ ਹੈ ਤੇ ਸੂਬਾ ਸਰਕਾਰ ਅੱਗੇ ਹੜ੍ਹਾਂ ਤੋਂ ਉੱਭਰਨਾ ਵੱਡੀ ਚੁਣੌਤੀ ਹੈ। ਇਸ ਲਈ ਪੰਜਾਬ ਸਰਕਾਰ ਨੇ ਦਾਨੀ ਸੱਜਣਾਂ ’ਤੇ ਟੇਕ ਲਾਈ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਦੱਸਿਆ ਕਿ ਹੁਣ ਤੱਕ ਕਰੀਬ ਇੱਕ ਹਜ਼ਾਰ ਦਾਨੀ ਸੱਜਣ ਸਹਿਯੋਗ ਕਰ ਚੁੱਕੇ ਹਨ

Friday, September 12, 2025

                                                         ਫੰਡਾਂ ਦੀ ਕਿੱਲਤ 
                      ਪੰਜਾਬ ਸਰਕਾਰ ਨੇ ਪੰਚਾਇਤਾਂ ਤੋਂ 30 ਕਰੋੜ ਮੰਗੇ
                                                         ਚਰਨਜੀਤ ਭੁੱਲਰ  

ਚੰਡੀਗੜ੍ਹ :ਪੰਜਾਬ ਵਿੱਚ ਇਸ ਸਮੇਂ ‘ਸਟੇਟ ਡਿਜ਼ਾਸਟਰ ਰਿਸਪੌਂਸ ਫੰਡ’ ਦੀ 12,128 ਕਰੋੜ ਰੁਪਏ ਦੀ ਰਾਸ਼ੀ ਦਾ ਭੇਤ ਹਾਲੇ ਖ਼ਤਮ ਨਹੀਂ ਹੋਇਆ ਕਿ ਹੁਣ ਪੰਜਾਬ ਸਰਕਾਰ ਨੇ ਗਰਾਮ ਪੰਚਾਇਤਾਂ ਤੋਂ ਕਰੋੜਾਂ ਰੁਪਏ ਮੰਗ ਲਏ ਹਨ ਤਾਂ ਜੋ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਰਾਹਤ ਕੰਮ ਕਰਵਾਏ ਜਾ ਸਕਣ। ਪੰਜਾਬ ਭਰ ਵਿੱਚ 288 ਗਰਾਮ ਪੰਚਾਇਤਾਂ ਦੇ ਖਾਤਿਆਂ ’ਚ ਇਸ ਵੇਲੇ 618.83 ਕਰੋੜ ਰੁਪਏ ਦੀ ਰਾਸ਼ੀ ਪਈ ਹੈ ਜੋ ਕਿ ਪੰਚਾਇਤਾਂ ਨੂੰ ਜ਼ਮੀਨ ਗ੍ਰਹਿਣ ਹੋਣ ਬਦਲੇ ਮੁਆਵਜ਼ੇ ਵਜੋਂ ਪ੍ਰਾਪਤ ਹੋਈ ਸੀ। ਪੰਚਾਇਤੀ ਜ਼ਮੀਨ ਦੇ ਮੁਆਵਜ਼ੇ ਦੀ ਮੂਲ ਰਾਸ਼ੀ ਦਾ 5 ਫ਼ੀਸਦੀ ਹਿੱਸਾ ਸੂਬਾ ਸਰਕਾਰ ਨੇ ਪੰਚਾਇਤਾਂ ਤੋਂ ਮੰਗਿਆ ਹੈ। ਸੱਤਾਧਾਰੀ ਧਿਰ ਅਤੇ ਵਿਰੋਧੀ ਪਾਰਟੀਆਂ ਆਪਸ ਵਿੱਚ ਇਸ ਮੌਕੇ ‘ਸਟੇਟ ਡਿਜ਼ਾਸਟਰ ਰਿਸਪੌਂਸ ਫੰਡ’ ਤਹਿਤ ਸਰਕਾਰੀ ਖ਼ਜ਼ਾਨੇ ਵਿੱਚ ਉਪਲਬਧ ਫੰਡਾਂ ਨੂੰ ਲੈ ਕੇ ਆਹਮੋ-ਸਾਹਮਣੇ ਹਨ। ਪੰਜਾਬ ਸਰਕਾਰ ਦੀ ਵਿੱਤੀ ਸਿਹਤ ਕਿਸੇ ਤੋਂ ਭੁੱਲੀ ਨਹੀਂ ਹੈ ਅਤੇ ਸੂਬਾ ਸਰਕਾਰ ਹੜ੍ਹਾਂ ਨਾਲ ਨੁਕਸਾਨੇ ਗਏ ਬੁਨਿਆਦੀ ਢਾਂਚੇ ਅਤੇ ਹੜ੍ਹ ਪੀੜਤ ਲੋਕਾਂ ਨੂੰ ਰਾਹਤ ਦੇਣ ਲਈ ਫੌਰੀ ਫੰਡਾਂ ਦੀ ਲੋੜ ਹੈ। 

          ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਨੇ ਇਸ ਬਾਬਤ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰਾਂ ਨੂੰ ਅੱਜ ਪੱਤਰ ਜਾਰੀ ਕੀਤਾ ਹੈ। ਪੱਤਰ ਵਿੱਚ ਕਿਹਾ ਗਿਆ ਹੈ ਕਿ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਗਰਾਮ ਪੰਚਾਇਤਾਂ ਤੋਂ ਸਹਿਮਤੀ ਲੈ ਕੇ ਪੰਚਾਇਤਾਂ ਦੀ ਗ੍ਰਹਿਣ ਕੀਤੀ ਗਈ ਜ਼ਮੀਨ ਦੀ ਮੁਆਵਜ਼ਾ ਰਾਸ਼ੀ ਦੀ ਪੰਜ ਫ਼ੀਸਦੀ ਰਕਮ ਪੰਚਾਇਤ ਵਿਭਾਗ ਦੇ ਖਾਤੇ ਵਿੱਚ ਜਮ੍ਹਾਂ ਕਰਵਾਈ ਜਾਵੇ। ਗਰਾਮ ਪੰਚਾਇਤਾਂ ਤੋਂ ਇਸ ਤਰੀਕੇ ਨਾਲ ਪੰਜਾਬ ਸਰਕਾਰ ਨੂੰ ਕਰੀਬ 30.94 ਕਰੋੜ ਰੁਪਏ ਮਿਲਣਗੇ। ਦੇਖਣਾ ਹੋਵੇਗਾ ਕਿ ਗਰਾਮ ਪੰਚਾਇਤਾਂ ਹੁਣ ਇਹ ਰਾਸ਼ੀ ਸਰਕਾਰ ਨੂੰ ਦੇਣਗੀਆਂ ਜਾਂ ਨਹੀਂ। ਪੱਤਰ ਵਿੱਚ ਪੰਚਾਇਤ ਵਿਭਾਗ ਦੇ ਬੈਂਕ ਅਤੇ ਬੈਂਕ ਖਾਤਿਆਂ ਦਾ ਵੇਰਵਾ ਵੀ ਸਾਂਝਾ ਕੀਤਾ ਗਿਆ ਹੈ ਜਿਸ ਵਿੱਚ ਪੰਚਾਇਤਾਂ ਨੇ ਇਹ ਰਾਸ਼ੀ ਜਮ੍ਹਾਂ ਕਰਵਾਉਣੀ ਹੈ। ਪੰਚਾਇਤ ਵਿਭਾਗ ਦੇ ਪੱਤਰ ਵਿੱਚ ਸੂਬੇ ’ਚ 1200 ਪਿੰਡ ਹੜ੍ਹਾਂ ਤੋਂ ਪ੍ਰਭਾਵਿਤ ਦੱਸੇ ਗਏ ਹਨ, ਜਿਨ੍ਹਾਂ ਨੂੰ ਤੁਰੰਤ ਰਾਹਤ ਕਾਰਜ ਲੋੜੀਂਦੇ ਹਨ। ਹੜ੍ਹਾਂ ਕਾਰਨ ਪਿੰਡਾਂ ਵਿੱਚ ਇਕੱਠੇ ਹੋਏ ਮਲਬੇ, ਗਾਰ ਅਤੇ ਮਰੇ ਹੋਏ ਪਸ਼ੂਆਂ ਦਾ ਤੁਰੰਤ ਨਿਬੇੜਾ ਲੋੜੀਂਦਾ ਹੈ ਅਤੇ ਪੰਚਾਇਤਾਂ ਦੇ ਪ੍ਰਭਾਵਿਤ ਬੁਨਿਆਦੀ ਢਾਂਚੇ ਦੀ ਮੁਰੰਮਤ ਕਰਨ ਦਾ ਤਰਕ ਵੀ ਦਿੱਤਾ ਗਿਆ ਹੈ। 

        ਦੱਸਣਯੋਗ ਹੈ ਕਿ ਪੰਚਾਇਤੀ ਜ਼ਮੀਨਾਂ ਜਦੋਂ ਕਿਸੇ ਜਨਤਕ ਕੰਮ ਲਈ ਗ੍ਰਹਿਣ ਹੁੰਦੀਆਂ ਹਨ ਤਾਂ ਇਨ੍ਹਾਂ ਜ਼ਮੀਨਾਂ ਦਾ ਮੁਆਵਜ਼ਾ ਸਬੰਧਤ ਪੰਚਾਇਤਾਂ ਨੂੰ ਮਿਲਦਾ ਹੈ। ਗਰਾਮ ਪੰਚਾਇਤਾਂ ਵੱਲੋਂ ਇਸ ਮੁਆਵਜ਼ਾ ਰਾਸ਼ੀ ਨੂੰ ਬੈਂਕਾਂ ਵਿੱਚ ਫਿਕਸਡ ਡਿਪਾਜ਼ਿਟ (ਐੱਫਡੀ) ਦੇ ਰੂਪ ਵਿੱਚ ਰੱਖਿਆ ਜਾਂਦਾ ਹੈ। ਸੂਬੇ ਵਿੱਚ 288 ਪੰਚਾਇਤਾਂ ਦੇ 618.83 ਕਰੋੜ ਰੁਪਏ ਐੱਫਡੀ ਦੇ ਤੌਰ ’ਤੇ ਬੈਂਕਾਂ ਵਿੱਚ ਪਏ ਹਨ। ਇਸ ਰਾਸ਼ੀ ’ਚੋਂ ਹੀ ਪੰਜ ਫ਼ੀਸਦੀ ਰਕਮ ਸਰਕਾਰ ਨੇ ਮੰਗੀ ਹੈ। ਮਿਸਾਲ ਦੇ ਤੌਰ ’ਤੇ ਪਟਿਆਲਾ ਦੇ ਸ਼ੰਭੂ ਬਲਾਕ ਦੇ ਪਿੰਡ ਸੇਹਰਾ ਦੀ ਗਰਾਮ ਪੰਚਾਇਤ ਕੋਲ 79.38 ਕਰੋੜ ਰੁਪਏ ਦੀ ਐੱਫਡੀ ਪਈ ਹੈ। ਸਹਿਮਤੀ ਹੋਣ ਦੀ ਸੂਰਤ ਵਿੱਚ ਸਰਕਾਰ ਨੂੰ ਇਸ ਪੰਚਾਇਤ ਤੋਂ 3.96 ਕਰੋੜ ਰੁਪਏ ਮਿਲਣਗੇ। ਮੁਹਾਲੀ ਦੇ ਪਿੰਡ ਬਹਿਲੋਲਪੁਰ ਦੀ 43.50 ਕਰੋੜ ਰੁਪਏ ਦੀ ਐੱਫਡੀ ਬੈਂਕ ਵਿੱਚ ਪਈ ਹੈ ਜਿਸ ਦਾ ਪੰਜ ਫ਼ੀਸਦ 2.17 ਕਰੋੜ ਰੁਪਏ ਬਣਦਾ ਹੈ। ਰਾਜਪੁਰਾ ਬਲਾਕ ਦੇ ਪਿੰਡ ਸਰਾਲਾ ਕਲਾਂ ਦੀ 21.28 ਕਰੋੜ ਰੁਪਏ ਦੀ ਐੱਫਡੀ ਪਈ ਹੈ ਅਤੇ ਵੇਰਕਾ ਬਲਾਕ ਦੇ ਪਿੰਡ ਰੱਖ ਝੀਤਾ ਕੋਲ 41.38 ਕਰੋੜ ਰੁਪਏ ਦੀ ਮੁਆਵਜ਼ਾ ਰਾਸ਼ੀ ਪਈ ਹੈ।

          ਇਸੇ ਤਰ੍ਹਾਂ ਸਰਹਿੰਦ ਬਲਾਕ ਦੇ ਪਿੰਡ ਵਜ਼ੀਰਾਬਾਦ ਕੋਲ 23 ਕਰੋੜ ਅਤੇ ਮੁਹਾਲੀ ਦੇ ਪਿੰਡ ਦਰੜੀ ਕੋਲ 27 ਕਰੋੜ ਰੁਪਏ ਦੀ ਮੁਆਵਜ਼ਾ ਰਾਸ਼ੀ ਪਈ ਹੈ। ਸਟੇਟ ਡਿਜ਼ਾਸਟਰ ਰਿਸਪੌਂਸ ਫੰਡ ਬਾਰੇ ਉਪਲਬਧ ਰਾਸ਼ੀ ਨੂੰ ਲੈ ਕੇ ਵੀ ਭੇਤ ਬਣਿਆ ਹੋਇਆ ਹੈ ਅਤੇ ਇਹ ਹੁਣ ਵਿਵਾਦਤ ਵੀ ਬਣ ਗਿਆ ਹੈ। ਪੰਜਾਬ ਸਰਕਾਰ ਦੇ ਅਧਿਕਾਰੀ ਆਖਦੇ ਹਨ ਕਿ ਲੰਘੇ 20 ਵਰ੍ਹਿਆਂ ਵਿੱਚ ਸੂਬੇ ਨੂੰ ਕੇਂਦਰ ਸਰਕਾਰ ਤੋਂ ਆਫ਼ਤ ਰਾਹਤ ਤਹਿਤ 6190 ਕਰੋੜ ਰੁਪਏ ਪ੍ਰਾਪਤ ਹੋਏ ਹਨ ਅਤੇ ਸੂਬਾ ਸਰਕਾਰ ਨੇ ਇਸ ਸਮੇਂ ਦੌਰਾਨ ਖ਼ੁਦ 2042 ਕਰੋੜ ਰੁਪਏ ਦੀ ਰਾਸ਼ੀ 25 ਫ਼ੀਸਦੀ ਸਟੇਟ ਸ਼ੇਅਰ ਵਜੋਂ ਪਾਈ ਹੈ ਜਿਸ ਨਾਲ ਹੁਣ ਉਪਲਬਧ ਰਾਸ਼ੀ 8232 ਕਰੋੜ ਰੁਪਏ ਹੋ ਗਈ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੰਜਾਬ ਦੌਰੇ ਮੌਕੇ ਹੜ੍ਹ ਰਾਹਤ ਵਜੋਂ 1600 ਕਰੋੜ ਰੁਪਏ ਦਾ ਰਾਹਤ ਪੈਕੇਜ ਐਲਾਨਿਆ ਹੈ, ਜਿਸ ਨੂੰ ਲੈ ਕੇ ‘ਆਪ’ ਸਰਕਾਰ ਨੇ ਕੇਂਦਰ ਸਰਕਾਰ ਨੂੰ ਨਿਸ਼ਾਨੇ ’ਤੇ ਲਿਆ। ਪ੍ਰਧਾਨ ਮੰਤਰੀ ਆਖ ਚੁੱਕੇ ਹਨ ਕਿ ਸੂਬਾ ਸਰਕਾਰ ਕੋਲ ਸਟੇਟ ਡਿਜ਼ਾਸਟਰ ਰਿਸਪੌਂਸ ਫੰਡ ਦੇ 12000 ਕਰੋੜ ਰੁਪਏ ਪਏ ਹਨ, ਜਿਨ੍ਹਾਂ ਦੀ ਵਰਤੋਂ ਕਰਨੀ ਚਾਹੀਦੀ ਹੈ। ਇਸ ਮਗਰੋਂ ਸੂਬੇ ਵਿੱਚ ਸਿਆਸਤ ਭਖ ਗਈ ਹੈ। ਭਾਜਪਾ ਨੇ ‘ਆਪ’ ਸਰਕਾਰ ’ਤੇ ਇਨ੍ਹਾਂ ਫੰਡਾਂ ਨੂੰ ਲੈ ਕੇ ਹੱਲਾ ਵੀ ਬੋਲਿਆ ਹੈ।

                                     ਭਾਜਪਾ ਦਾ ਫੰਡਾਂ ਬਾਰੇ ਕੋਰਾ ਝੂਠ: ਚੀਮਾ

ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦਾ ਇਨ੍ਹਾਂ ਫੰਡਾਂ ਬਾਰੇ ਕਹਿਣਾ ਹੈ ਕਿ ਜਦੋਂ ਤੋਂ ‘ਆਪ’ ਸਰਕਾਰ ਸੱਤਾ ਵਿੱਚ ਆਈ ਹੈ, ਉਸ ਸਮੇਂ ਤੋਂ ਪੰਜਾਬ ਨੂੰ ਆਫ਼ਤ ਰਾਹਤ ਫੰਡ ਵਜੋਂ ਸਿਰਫ਼ 1582 ਕਰੋੜ ਰੁਪਏ ਪ੍ਰਾਪਤ ਹੋਏ ਹਨ, ਜਿਨ੍ਹਾਂ ’ਚੋਂ 649 ਕਰੋੜ ਰੁਪਏ ਖਰਚ ਕੀਤੇ ਜਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਭਾਜਪਾ ਸਰਕਾਰ ਉਪਲਬਧ ਫੰਡਾਂ ਬਾਰੇ ਕੋਰਾ ਝੂਠ ਬੋਲ ਰਹੀ ਹੈ ਅਤੇ ਆਪਣੇ ਛੋਟੇ ਹਿੱਤਾਂ ਲਈ ਸਰਕਾਰ ਨੂੰ ਬਦਨਾਮ ਕਰ ਰਹੀ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਐੱਸ ਡੀ ਆਰ ਐੱਫ ਤੋਂ ਪੈਸੇ ਕਢਵਾਉਣ ਨੂੰ ਉੱਚ ਵਿਆਜ ਦਰ ’ਤੇ ਉਧਾਰ ਮੰਨਿਆ ਜਾਂਦਾ ਹੈ ਅਤੇ ਇਸੇ ਤਹਿਤ ਵਿਆਜ ਦਰ ਨੂੰ ਸ਼ਾਮਲ ਕਰ ਕੇ 12,128 ਕਰੋੜ ਰੁਪਏ ਦਾ ਅੰਕੜਾ ਬਣਿਆ ਹੈ।

Wednesday, September 10, 2025

                                                       ਗਿਣਤੀ-ਮਿਣਤੀ ਫੇਲ੍ਹ
                                           ਮੌਸਮ ਵਿਭਾਗ ’ਤੇ ਚੁੱਕੀ ਉਂਗਲ

                                                         ਚਰਨਜੀਤ ਭੁੱਲਰ 

ਚੰਡੀਗੜ੍ਹ : ਪੰਜਾਬ ਸਰਕਾਰ ਨੇ ਸੂਬੇ ਨੂੰ ਹੜ੍ਹਾਂ ਦੀ ਮਾਰ ਦੇ ਮੱਦੇਨਜ਼ਰ ਭਾਰਤੀ ਮੌਸਮ ਵਿਭਾਗ ’ਤੇ ਉਂਗਲ ਚੁੱਕੀ ਹੈ। ਦਰਅਸਲ, ਐਤਕੀਂ ਮੌਸਮ ਵਿਭਾਗ ਦੀ ਗਿਣਤੀ-ਮਿਣਤੀ ਕਈ ਵਾਰ ਫੇਲ੍ਹ ਸਾਬਿਤ ਹੋਈ ਹੈ। ਹਕੀਕਤ ’ਚ ਰਣਜੀਤ ਸਾਗਰ ਡੈਮ ਦੇ ਖੇਤਰ ’ਚ ਪਏ ਮੀਂਹ ਅਤੇ ਮੌਸਮ ਵਿਭਾਗ ਦੀ ਭਵਿੱਖਬਾਣੀ ਆਪਸ ’ਚ ਮੇਲ ਨਹੀਂ ਖਾ ਰਹੀ। ਜਲ ਸਰੋਤ ਵਿਭਾਗ ਨੇ ਲੰਘੇ ਕੱਲ੍ਹ ਭਾਰਤੀ ਮੌਸਮ ਵਿਭਾਗ ਦੇ ਡਾਇਰੈਕਟਰ ਜਨਰਲ ਨੂੰ ਪੱਤਰ ਲਿਖ ਕੇ ਮੀਂਹ ਦੀ ਕੀਤੀ ਭਵਿੱਖਬਾਣੀ ਬਾਰੇ ਕਈ ਨੁਕਤੇ ਚੁੱਕੇ ਹਨ। ਦੱਸਣਯੋਗ ਹੈ ਕਿ ਡੈਮਾਂ ’ਚ ਇਸ ਵਾਰ ਪਹਾੜੀ ਇਲਾਕਿਆਂ ’ਚੋਂ ਅਣਕਿਆਸਿਆ ਪਾਣੀ ਆਇਆ ਹੈ। ਡੈਮਾਂ ਦੇ ਫਲੱਡ ਗੇਟ ਜਿਉਂ ਹੀ ਖੁੱਲ੍ਹਣੇ ਸ਼ੁਰੂ ਹੋਏ ਤਾਂ ਹੜ੍ਹਾਂ ਦਾ ਖ਼ਤਰਾ ਬਣ ਗਿਆ। ਰਣਜੀਤ ਸਾਗਰ ਡੈਮ ਦੇ ਖੇਤਰ ਲਈ ਮੌਸਮ ਵਿਭਾਗ ਵੱਲੋਂ 17 ਤੋਂ 29 ਅਗਸਤ ਤੱਕ ਦੀ ਕੀਤੀ ਹਫ਼ਤਾਵਾਰੀ ਭਵਿੱਖਬਾਣੀ ਅਤੇ ਹਕੀਕਤ ’ਚ ਪਏ ਮੀਂਹ ਦੇ ਵੇਰਵੇ ਵੀ ਸਾਂਝੇ ਕੀਤੇ ਗਏ ਹਨ। 

        ਪੱਤਰ ਅਨੁਸਾਰ ਭਾਰਤੀ ਮੌਸਮ ਵਿਭਾਗ ਵੱਲੋਂ ਕੀਤੀ ਜਾਂਦੀ ਮੌਸਮ ਦੀ ਹਫ਼ਤਾਵਾਰੀ ਭਵਿੱਖਬਾਣੀ ਦੇ ਆਧਾਰ ’ਤੇ ਹੀ ਡੈਮਾਂ ਦੇ ਰੈਗੂਲੇਸ਼ਨ ਅਤੇ ਇਨ੍ਹਾਂ ’ਚੋਂ ਪਾਣੀ ਛੱਡਣ ਦੀ ਯੋਜਨਾਬੰਦੀ ਕੀਤੀ ਜਾਂਦੀ ਹੈ। ਪੱਤਰ ’ਚ ਲਿਖਿਆ ਗਿਆ ਹੈ ਕਿ ਮੌਸਮ ਦੀ ਭਵਿੱਖਬਾਣੀ ਠੀਕ ਹੋਣਾ ਡੈਮਾਂ ਦੇ ਅਪਰੇਸ਼ਨ ਲਈ ਜ਼ਰੂਰੀ ਹੈ। ਪੰਜਾਬ ਸਰਕਾਰ ਨੇ ਕਿਹਾ ਹੈ ਕਿ ਮੌਸਮ ਵਿਭਾਗ ਦਾ ਹਫ਼ਤਾਵਾਰੀ ਅਨੁਮਾਨ ਠੀਕ ਨਹੀਂ ਰਿਹਾ। ਇਹ ਵੀ ਕਿਹਾ ਗਿਆ ਹੈ ਕਿ ਅਣਕਿਆਸੇ ਮੀਂਹ ਬਾਰੇ ਮੌਸਮ ਵਿਭਾਗ ਦੀ ਕੋਈ ਭਵਿੱਖਬਾਣੀ ਨਹੀਂ ਸੀ ਅਤੇ ਖ਼ਾਸ ਕਰਕੇ ਹਿਮਾਚਲ ਪ੍ਰਦੇਸ਼ ਦੇ ਚੰਬਾ ਅਤੇ ਕਾਂਗੜਾ ਖੇਤਰ ਬਾਰੇ। ਪੱਤਰ ਮੁਤਾਬਕ 24 ਤੋਂ 26 ਅਗਸਤ ਦਰਮਿਆਨ ਅਣਕਿਆਸਿਆ ਮੀਂਹ ਪਿਆ ਜਿਸ ਦਾ ਰਣਜੀਤ ਸਾਗਰ ਡੈਮ ਦੀ ਰੈਗੂਲੇਸ਼ਨ ਅਤੇ ਪਾਣੀ ਛੱਡਣ ’ਤੇ ਮਾੜਾ ਅਸਰ ਪਿਆ ਪੰਜਾਬ ਸਰਕਾਰ ਨੇ ਕਿਹਾ ਹੈ ਕਿ ਮੌਸਮ ਵਿਭਾਗ ਖ਼ਾਸ ਕਰਕੇ ਡੈਮਾਂ ਦੇ ਖੇਤਰ ’ਚ ਮੌਸਮ ਦੀ ਠੀਕ ਭਵਿੱਖਬਾਣੀ ਲਈ ਆਪਣੇ ਸਿਸਟਮ ਨੂੰ ਮਜ਼ਬੂਤ ਕਰੇ ਤਾਂ ਜੋ ਡੈਮਾਂ ਬਾਰੇ ਯੋਜਨਾਬੰਦੀ ਨੂੰ ਹੋਰ ਪ੍ਰਭਾਵੀ ਬਣਾਇਆ ਜਾ ਸਕੇ। 

         ਜਲ ਸਰੋਤ ਵਿਭਾਗ ਨੇ ਦੱਸਿਆ ਹੈ ਕਿ ਰਣਜੀਤ ਸਾਗਰ ਡੈਮ ਦੇ ਖੇਤਰ ’ਚ 17 ਅਗਸਤ ਨੂੰ 185.5 ਮਿਲੀਮੀਟਰ ਮੀਂਹ ਪਿਆ ਜਦੋਂਕਿ ਮੌਸਮ ਵਿਭਾਗ ਨੇ 9 ਮਿਲੀਮੀਟਰ ਦੀ ਭਵਿੱਖਬਾਣੀ ਕੀਤੀ ਸੀ। ਬੀਤੀ 24 ਅਗਸਤ ਨੂੰ 163 ਮਿਲੀਮੀਟਰ ਮੀਂਹ ਪਿਆ ਜਦੋਂਕਿ ਮੌਸਮ ਵਿਭਾਗ ਨੇ 21 ਮਿਲੀਮੀਟਰ ਦਾ ਅਨੁਮਾਨ ਲਾਇਆ ਸੀ। ਜਲ ਸਰੋਤ ਵਿਭਾਗ ਨੇ ਕਿਹਾ ਹੈ ਕਿ 24 ਅਗਸਤ ਨੂੰ ਰਣਜੀਤ ਸਾਗਰ ਡੈਮ ’ਚੋਂ ਪਾਣੀ ਨੂੰ ਕੁਝ ਸਮੇਂ ਲਈ ਇਸ ਕਾਰਨ ਰੋਕਿਆ ਗਿਆ ਕਿ ਉੱਝ ਦਰਿਆ ’ਚੋਂ ਇੱਕਦਮ ਪਾਣੀ ਆ ਗਿਆ ਸੀ। ਜੇਕਰ ਡੈਮ ’ਚੋਂ ਵੀ ਉਸ ਵਕਤ ਪਾਣੀ ਰਿਲੀਜ਼ ਕਰ ਦਿੱਤਾ ਜਾਂਦਾ ਤਾਂ ਦੋਵੇਂ ਪਾਣੀਆਂ ਨੇ ਇੱਕ ਥਾਂ ਇਕੱਠੇ ਹੋ ਕੇ ਤਬਾਹੀ ਮਚਾ ਦੇਣੀ ਸੀ। ਡੈਮਾਂ ਤੇ ਦਰਿਆਵਾਂ ਦੇ ਪਾਣੀ ਨੂੰ ਹੁਣ ਮੋੜਾ ਪੈਣ ਲੱਗਿਆ ਹੈ। ਜਿਉਂ ਹੀ ਪਾਣੀ ਘਟਣਾ ਸ਼ੁਰੂ ਹੋਇਆ, ਉਵੇਂ ਹੀ ਪੰਜਾਬ ’ਚ ਸੁਖਾਵੇਂ ਦਿਨ ਪਰਤਣ ਦੀ ਆਸ ਬੱਝੀ ਹੈ। ਘੱਗਰ ’ਚ ਪਾਣੀ ਸਥਿਰ ਹੋਣ ਲੱਗਾ ਹੈ ਪਰ ਹਰਿਆਣਾ ’ਚੋਂ ਆਉਂਦੇ ਪਾਣੀ ਦਾ ਖ਼ਤਰਾ ਬਰਕਰਾਰ ਹੈ। ਮੌਸਮ ਵਿਭਾਗ ਵੱਲੋਂ ਅੱਜ ਕੀਤੀ ਗਈ ਪੇਸ਼ੀਨਗੋਈ ਅਨੁਸਾਰ ਪੰਜਾਬ ਦਾ ਭਾਰੀ ਮੀਂਹ ਤੋਂ ਫ਼ਿਲਹਾਲ ਬਚਾਅ ਹੈ। 

         ਕੁੱਝ ਜ਼ਿਲ੍ਹਿਆਂ ’ਚ ਹਲਕਾ ਤੇ ਦਰਮਿਆਨਾ ਮੀਂਹ ਪੈ ਸਕਦਾ ਹੈ। ਪੰਜਾਬ ਸਰਕਾਰ ਦੇ ਬੁਲੇਟਿਨ ਅਨੁਸਾਰ ਸੂਬੇ ਵਿੱਚ ਹੁਣ ਤੱਕ ਹੜ੍ਹਾਂ ਤੇ ਮੀਂਹਾਂ ਕਾਰਨ ਮੌਤਾਂ ਦਾ ਅੰਕੜਾ 52 ਹੋ ਗਿਆ ਹੈ ਅਤੇ ਸੂਬੇ ਦੇ 2097 ਪਿੰਡ ਹੜ੍ਹਾਂ ਤੋਂ ਪ੍ਰਭਾਵਿਤ ਹਨ, ਜਦਕਿ 3.88 ਲੱਖ ਲੋਕ ਇਸ ਦੀ ਲਪੇਟ ’ਚ ਆਏ ਹਨ। ਪੰਜਾਬ ਸਰਕਾਰ ਨੇ ਹੜ੍ਹਾਂ ਦੇ ਪਾਣੀ ਚੋਂ 23,206 ਲੋਕਾਂ ਨੂੰ ਸੁਰੱਖਿਅਤ ਕੱਢੇ ਜਾਣ ਦਾ ਅੰਕੜਾ ਜਾਰੀ ਕੀਤਾ ਹੈ। ਹੜ੍ਹਾਂ ਤੇ ਮੀਂਹ ਦੇ ਪਾਣੀ ਨਾਲ ਹੁਣ ਤੱਕ ਸੂਬੇ ’ਚ 4.77 ਲੱਖ ਏਕੜ ਫ਼ਸਲ ਪ੍ਰਭਾਵਿਤ ਹੋਈ ਹੈ।ਪੰਜਾਬ ’ਚ ਦਰਿਆਵਾਂ ਦੇ ਆਸ-ਪਾਸ ਦੇ ਖੇਤਰਾਂ ’ਚ ਪਾਣੀ ਘਟਣਾ ਸ਼ੁਰੂ ਹੋ ਗਿਆ ਹੈ ਅਤੇ ਰਾਹਤ ਕੈਂਪਾਂ ’ਚੋਂ ਲੋਕ ਮੁੜ ਪਿੰਡਾਂ ਵੱਲ ਪਰਤਣ ਲੱਗੇ ਹਨ। ਤਿੰਨ ਦਿਨਾਂ ਤੋਂ ਮੀਂਹ ਵੀ ਰੁਕਿਆ ਹੋਇਆ ਹੈ। ਵੱਡੀ ਚੁਣੌਤੀ ਹੁਣ ਹੜ੍ਹਾਂ ਦਾ ਪਾਣੀ ਘਟਣ ਮਗਰੋਂ ਸਿਹਤ ਸਮੱਸਿਆਵਾਂ ਦੀ ਆਉਣੀ ਹੈ ਅਤੇ ਖੇਤਾਂ ਨੂੰ ਮੁੜ ਫ਼ਸਲ ਲਈ ਤਿਆਰ ਕਰਨਾ ਕਿਸਾਨਾਂ ਲਈ ਮੁਸੀਬਤ ਭਰਿਆ ਕੰਮ ਹੋਵੇਗਾ। 


Tuesday, September 9, 2025

                                                           ਕੌਣ ਦੇਊ ਢੋਈ
                                         ਰੁੜ੍ਹ ਗਏ ਰੈਣ ਬਸੇਰੇ !
                                                          ਚਰਨਜੀਤ ਭੁੱਲਰ

ਚੰਡੀਗੜ੍ਹ : ਪੰਜਾਬ ਦੇ ਹੜ੍ਹਾਂ ’ਚ ਸੱਧਰਾਂ ਹੀ ਨਹੀਂ, ਉਮੀਦਾਂ ਦੇ ਘਰ ਵੀ ਢਹਿ-ਢੇਰੀ ਹੋ ਰਹੇ ਹਨ। ਘਰ ਰੁੜ੍ਹ ਗਏ, ਖੇਤ ਵਹਿ ਗਏ, ਪਿੱਛੇ ਬਚੀ ਇਕੱਲੀ ਜ਼ਿੰਦਗੀ, ਜਿਸ ਨੂੰ ਦੁੱਖਾਂ ਦੀ ਵਹਿੰਗੀ ਚੁੱਕਣੀ ਪੈ ਰਹੀ ਹੈ। ਪੰਜਾਬ ਦਾ ਆਖ਼ਰੀ ਪਿੰਡ ਟੇਂਡੀਵਾਲਾ, ਇੱਕ ਪਾਸੇ ਕੰਡਿਆਲੀ ਤਾਰ, ਦੂਸਰੇ ਪਾਸੇ ਸਤਲੁਜ, ਚਾਰ ਚੁਫੇਰੇ ਪਾਣੀ ਹੀ ਪਾਣੀ। ਸਤਲੁਜ ਨੇ ਪਹਿਲਾਂ ਜ਼ਮੀਨਾਂ ਲਪੇਟ ’ਚ ਲਈਆਂ ਅਤੇ ਹੁਣ ਪਿੰਡ ਦੀ ਵਾਰੀ ਹੈ। ਸਭ ਨਿਆਣੇ-ਸਿਆਣੇ ਗਠੜੀਆਂ ਚੁੱਕ ਰਾਹਤ ਕੈਂਪਾਂ ’ਚ ਜਾ ਪਹੁੰਚੇ ਹਨ। ਫ਼ਿਰੋਜ਼ਪੁਰ ਦੇ ਇਸ ਪਿੰਡ ’ਚ ਹੜ੍ਹਾਂ ਨੇ ਜ਼ਿੰਦਗੀ ਨੂੰ ਵਿਸ਼ਰਾਮ ਚਿੰਨ੍ਹ ਲਾ ਦਿੱਤਾ ਹੈ। ਚੜ੍ਹ ਰਹੇ ਦਰਿਆ ਦੇ ਡਰੋਂ ਲੋਕ ਆਪੋ-ਆਪਣੇ ਘਰ ਢਾਹੁਣ ਲੱਗ ਪਏ ਹਨ। ਨੌਜਵਾਨ ਬਲਬੀਰ ਸਿੰਘ ਆਖਦਾ ਹੈ ਕਿ ਡੁੱਬਦਾ ਆਦਮੀ ਕੀ ਨਹੀਂ ਕਰਦਾ। ਉਹ ਦੱਸਦਾ ਹੈ ਕਿ ਪਿੰਡ ’ਚ 254 ਘਰ ਹਨ ਅਤੇ ਦਸ ਦੇ ਕਰੀਬ ਘਰ ਮਲਬਾ ਬਣ ਗਏ ਹਨ। ਬਾਕੀ ਘਰਾਂ ਨੂੰ ਲੋਕ ਖ਼ੁਦ ਢਾਹ ਰਹੇ ਹਨ ਤਾਂ ਜੋ ਮਿਹਨਤ-ਮੁਸ਼ੱਕਤ ਨਾਲ ਬਣਾਏ ਘਰ ਦੀ ਆਖ਼ਰੀ ਨਿਸ਼ਾਨੀ ਇੱਟਾਂ ਨੂੰ ਬਚਾ ਸਕਣ। 

         ਪਿੰਡ ਦੀ ਔਰਤ ਸਮਿੱਤਰੀ ਦੇਵੀ ਦੀਆਂ ਅੱਖਾਂ ’ਚ ਹੰਝੂ ਸਨ ਤੇ ਸਾਹਮਣੇ ਉਸ ਦਾ ਘਰ ਢਹਿ- ਢੇਰੀ ਹੋ ਰਿਹਾ ਸੀ। ਉਹ ਦੱਸਦੀ ਹੈ ਕਿ ਕਿਵੇਂ ਇੱਕ-ਇੱਕ ਪੈਸਾ ਜੋੜ ਕੇ ਛੱਤ ਨਸੀਬ ਹੋਈ ਸੀ। ਨੰਬਰਦਾਰ ਮਿੱਠਾ ਸਿੰਘ ਦੀ ਜ਼ਮੀਨ ਪਾਣੀ ’ਚ ਵਹਿ ਗਈ ਤੇ ਘਰ ਮਲਬਾ ਹੋ ਗਿਆ ਹੈ। ਇਸ ਪਿੰਡ ਦਾ ਮੰਜ਼ਰ ਦੇਖ ਕੇ ਲੱਗਦਾ ਹੈ ਕਿ ਜਿਵੇਂ ਇਹ ਲੋਕ ਜ਼ਿੰਦਗੀ ਦੇ ਉੱਤਰੀ ਧੁਰ ’ਤੇ ਹੋਣ।ਬਲਵਿੰਦਰ ਸਿੰਘ ਆਖਦਾ ਹੈ, ‘ਸਾਡੇ ਕਰਮੀਂ ਤਾਂ ਨਿੱਤ ਦਾ ਉਜਾੜਾ ਲਿਖਿਐ।’ ਜਸਵੰਤ ਸਿੰਘ ਦੱਸਦਾ ਹੈ ਕਿ ਪਿੰਡ ਦੇ ਲੋਕਾਂ ਨੇ ਖ਼ੁਦ ਇੱਕ ਬੇੜਾ ਖ਼ਰੀਦਿਆ ਸੀ। ਸਰਕਾਰ ਨੇ ਹਾਲੇ ਤੱਕ ਕੋਈ ਸਾਰ ਨਹੀਂ ਲਈ। ਪਿੰਡ ਚਾਰੇ ਪਾਸਿਓਂ ਕੱਟਿਆ ਗਿਆ ਹੈ ਅਤੇ ਅਦਾਕਾਰ ਸਲਮਾਨ ਖਾਨ ਵੱਲੋਂ ਬਿਨਾਂ ਇੰਜਣ ਵਾਲੀ ਭੇਜੀ ਕਿਸ਼ਤੀ ਕਿਸੇ ਕੰਮ ਨਹੀਂ ਆ ਰਹੀ। ਪੰਜਾਬ ਦਾ ਇਹ ਪਹਿਲਾਂ ਪਿੰਡ ਹੈ ਜੋ ਹੜ੍ਹਾਂ ’ਚ ਡੁੱਬਿਆ ਹੋਇਆ ਉੱਜੜ ਰਿਹਾ ਹੈ। ਪਿੰਡ ਵਾਲੇ ਆਖਦੇ ਹਨ ਕਿ ਹੁਣ ਸਿਰ ਤੋਂ ਪਾਣੀ ਲੰਘ ਗਿਆ ਹੈ। ਸਮੁੱਚੇ ਪੰਜਾਬ ’ਚ ਹੜ੍ਹ ਮਨੁੱਖੀ ਜਾਨਾਂ ਲੈ ਰਹੇ ਹਨ, ਤੇਜ਼ ਪਾਣੀ ਪਸ਼ੂ ਧਨ ਨੂੰ ਹੂੰਝ ਰਿਹਾ ਹੈ ਅਤੇ ਆਸ਼ਿਆਨੇ ਤੀਲਾ ਤੀਲਾ ਹੋ ਰਹੇ ਹਨ। 

        ਇਕੱਲੇ ਕੱਚੇ ਘਰ ਹੀ ਨਹੀਂ, ਪੱਕੇ ਘਰ ਵੀ ਹੜ੍ਹਾਂ ਦਾ ਹੱਲਾ ਝੱਲ ਨਹੀਂ ਸਕੇ। ਕੋਈ ਪਿੰਡ ਨਹੀਂ ਬਚਿਆ, ਜਿੱਥੇ ਕਿਤੇ ਘਰ ਦੀ ਛੱਤ ਨਾ ਡਿੱਗੀ ਹੋਵੇ। ਜਦੋਂ ਵੀ ਹੜ੍ਹ ਆਉਂਦੇ ਹਨ, ਦਰਿਆਵਾਂ ਕੰਢੇ ਵਸੇ ਪਿੰਡਾਂ ਦੇ ਲੋਕ ਦੁੱਖਾਂ ਦੀ ਝਾਕੀ ਬਣ ਜਾਂਦੇ ਹਨ। ਫਿਰ ਮੁੜਦੇ ਹਨ ਇੱਕ ਆਸ ਨਾਲ, ਡਿੱਗਣਾ ਤੇ ਡਿੱਗ ਕੇ ਚੱਲਣਾ, ਇਹੋ ਇਨ੍ਹਾਂ ਦੀ ਜ਼ਿੰਦਗੀ ਹੈ। ਫਿਰੋਜ਼ਪੁਰ ਦੇ ਸਤਲੁਜ ਤੋਂ ਪਾਰ ਪੈਂਦੇ ਪਿੰਡ ਕਾਲੂਵਾਲਾ ਨੂੰ ਔਰਤਾਂ ਅਤੇ ਬੱਚੇ ਛੱਡ ਚੁੱਕੇ ਹਨ। ਦਰਜਨਾਂ ਘਰ ਪਾਣੀ ’ਚ ਰੁੜ੍ਹ ਗਏ ਹਨ । ਇਸ ਪਿੰਡ ਦੇ ਨਿਸ਼ਾਨ ਸਿੰਘ ਦੇ ਘਰ ਦਾ ਨਾਮੋ ਨਿਸ਼ਾਨ ਹੀ ਮਿਟ ਗਿਆ ਹੈ। ਘਰਾਂ ’ਚ ਸਿਰਫ਼ ਕੁੱਝ ਬੰਦੇ ਬਚੇ ਹਨ, ਜੋ ਜ਼ਿੰਦਗੀ ਨਾਲ ਹੱਥੋਪਾਈ ਹੋ ਰਹੇ ਹਨ। ਡੀ ਟੀ ਐੱਫ ਦੇ ਆਗੂ ਮਲਕੀਤ ਸਿੰਘ ਹਰਾਜ ਤੇ ਸਰਬਜੀਤ ਸਿੰਘ ਭਾਵੜਾ ਪਿੰਡ ਟੇਂਡੀਵਾਲਾ ’ਚ ਰਾਸ਼ਨ ਤੇ ਪਸ਼ੂਆਂ ਲਈ ਚਾਰਾ ਪਹੁੰਚਾ ਰਹੇ ਹਨ।ਰਾਵੀ ਦਰਿਆ ਦਾ ਪਾਣੀ ਪਿੰਡ ਘੋਨੇਵਾਲ ਅਤੇ ਮਾਛੀਵਾਹਲਾ ’ਚ ਹਾਲੇ ਵੀ ਕਈ ਕਈ ਫੁੱਟ ਪਾਣੀ ਖੜ੍ਹਾ ਹੈ। ਦਰਜਨਾਂ ਘਰ ਇਸ ਦੀ ਲਪੇਟ ’ਚ ਆ ਚੁੱਕੇ ਹਨ। 

        ਡੇਰਾ ਬਾਬਾ ਨਾਨਕ ਤੇ ਪਠਾਨਕੋਟ ’ਚ ਸੈਂਕੜੇ ਪੱਕੇ ਘਰ ਵੀ ਡਿੱਗ ਗਏ ਹਨ। ਇਨ੍ਹਾਂ ਦੀ ਜ਼ਿੰਦਗੀ ’ਚ ਨਿੱਤ ਪੱਤਝੜ ਆਉਂਦਾ ਹੈ। ਗੈਰ-ਸਰਕਾਰੀ ਅੰਕੜਾ ਸੂਬੇ ’ਚ ਹਜ਼ਾਰਾਂ ਘਰਾਂ ਦੇ ਮਿੱਟੀ ਹੋਣ ਦੀ ਗੱਲ ਕਰਦਾ ਹੈ, ਜਦਕਿ ਪੰਜਾਬ ਸਰਕਾਰ ਦੀ ਰਿਪੋਰਟ ਪੱਧਰੀ ਨਹੀਂ ਜਾਪਦੀ ਹੈ। ਪੰਜਾਬ ਸਰਕਾਰ ਅਨੁਸਾਰ ਸੂਬੇ ’ਚ ਹੁਣ ਤੱਕ ਹੜ੍ਹਾਂ ਤੇ ਮੀਂਹ ਨਾਲ 4784 ਘਰ ਪ੍ਰਭਾਵਿਤ ਹੋਏ ਹਨ। ਪੰਜਾਬ ’ਚ 569 ਕੱਚੇ ਘਰ ਅਤੇ 478 ਪੱਕੇ ਘਰ ਪੂਰੀ ਤਰ੍ਹਾਂ ਮਲਬਾ ਬਣ ਚੁੱਕੇ ਹਨ, ਜਦਕਿ 1035 ਕੱਚੇ ਪੱਕੇ ਘਰ ਕਾਫ਼ੀ ਨੁਕਸਾਨੇ ਗਏ ਹਨ। 2702 ਘਰਾਂ ਦਾ ਅੱਧਾ ਨੁਕਸਾਨ ਹੋਇਆ ਹੈ। ਪਿੰਡਾਂ ਦੇ ਹਾਲ ਦੇਖ ਜਾਪਦਾ ਹੈ ਕਿ ਸਰਕਾਰੀ ਮਦਦ ਇਨ੍ਹਾਂ ਘਰਾਂ ਨੂੰ ਮੁੜ ਖੜ੍ਹਾ ਨਹੀਂ ਕਰ ਸਕੇਗੀ। ਸੁਲਤਾਨਪੁਰ ਲੋਧੀ ਦੇ ਮੰਡ ਖੇਤਰ ਦੇ 16 ਪਿੰਡਾਂ ’ਚ ਕਿੰਨੇ ਹੀ ਆਸ਼ਿਆਨੇ ਬਿਖੜ ਗਏ ਹਨ। ਪਿੰਡ ਰਾਮਪੁਰ ਗਾਉਰਾ ’ਚ ਦਸ ਘਰ ਤਾਂ ਮਲਬਾ ਹੀ ਬਣ ਗਏ ਹਨ। ਵਿਧਵਾ ਰਾਜ ਕੌਰ ਦਾ ਘਰ ਢਹਿ-ਢੇਰੀ ਹੋ ਚੁੱਕਾ ਹੈ ਅਤੇ ਉਹ ਆਪਣੇ ਦੋਵੇਂ ਛੋਟੇ ਬੱਚਿਆਂ ਨੂੰ ਕੁੱਛੜ ਚੁੱਕ ਕੇ ਪਾਣੀ ’ਚੋਂ ਬਚ ਨਿਕਲੀ ਹੈ।

        ਮਜ਼ਦੂਰ ਮੇਜਰ ਸਿੰਘ ਘਰ ਪਾਣੀ ’ਚ ਵਹਿਣ ਮਗਰੋਂ ਜਦੋਂ ਤੁਰਨ ਲੱਗਿਆ ਤਾਂ ਧੀਆਂ ਨੇ ਪੱਖਾ ਚੁੱਕਣਾ ਚਾਹਿਆ। ਮੇਜਰ ਸਿੰਘ ਨੇ ਇਹ ਆਖ ਤਿੰਨ ਧੀਆਂ ਨੂੰ ਕਿਸ਼ਤੀ ’ਚ ਬਿਠਾ ਲਿਆ ਕਿ ਜਦੋਂ ਛੱਤ ਹੀ ਨਹੀਂ ਰਹੀ ਤਾਂ ਹੁਣ ਪੱਖਾ ਕਿਸ ਕੰਮ। ਇਸ ਪਿੰਡ ਦੇ ਬਖਤੌਰ ਸਿੰਘ ਦਾ ਘਰ ਵੀ ਹੜ੍ਹਾਂ ’ਚ ਵਹਿ ਗਿਆ। ਉਹ ਆਖਦਾ ਹੈ ਕਿ ਪਹਿਲਾਂ 1947 ਵੇਲੇ ਉਜਾੜਾ ਝੱਲਿਆ ਅਤੇ ਹੁਣ ਨਿੱਤ ਚੜ੍ਹ ਕੇ ਆਉਂਦੇ ਦਰਿਆ ਦੇਸ਼ ਨਿਕਾਲ਼ਾ ਦੇ ਰਹੇ ਹਨ। ਅਜਨਾਲਾ ਹਲਕੇ ਦੇ ਪਿੰਡ ਪੈੜੇਵਾਲ ਦੇ ਆਜੜੀ ਜੋਗਿੰਦਰ ਸਿੰਘ ਦਾ ਘਰ ਵੀ ਢਹਿ ਗਿਆ ਅਤੇ ਵਾੜਾ ਵੀ ਵਹਿ ਗਿਆ ਹੈ। ਉਹ ਮਸਾਂ ਆਪਣੇ ਇੱਜੜ ਨੂੰ ਬਚਾ ਕੇ ਨਿਕਲਿਆ ਹੈ।

Saturday, September 6, 2025

                                                        ਹੜ੍ਹਾਂ ਦਾ ਮੰਜ਼ਰ
                                 ਮੋਇਆਂ ਦੀ ਰੁਲ ਗਈ ਮਿੱਟੀ ..!
                                                       ਚਰਨਜੀਤ ਭੁੱਲਰ  

ਚੰਡੀਗੜ੍ਹ : ਪੰਜਾਬ ਲਈ ਇਹ ਦਿਨ ਕਿਆਮਤ ਤੋਂ ਘੱਟ ਨਹੀਂ ਕਿ ਮੋਇਆਂ ਦੀ ਮਿੱਟੀ ਵੀ ਰੁਲ ਰਹੀ ਹੈ। ਹੜ੍ਹਾਂ ਦੇ ਇਸ ਮੰਜ਼ਰ ’ਚ ਉਹ ਕਿੰਨੇ ਅਭਾਗੇ ਹਨ, ਜਿਨ੍ਹਾਂ ਨੂੰ ਪਿੰਡ ਦੀ ਭੌਂਇ ਵੀ ਨਸੀਬ ਨਹੀਂ ਹੋਈ। ਪੰਜਾਬ ’ਚ ਹੜ੍ਹਾਂ ’ਚ ਹੁਣ ਤੱਕ ਪੰਜਾਹ ਵਿਅਕਤੀ ਜਾਨ ਗੁਆ ਚੁੱਕੇ ਹਨ। ਇਨ੍ਹਾਂ ’ਚੋਂ ਬਹੁਤਿਆਂ ਨੂੰ ਸਸਕਾਰ ਲਈ ਦੂਰ-ਦੁਰਾਡੇ ਲਿਜਾਣਾ ਪਿਆ ਕਿਉਂਕਿ ਇਨ੍ਹਾਂ ਪਿੰਡਾਂ ਵਿਚਲੇ ਸਿਵੇ ਪਾਣੀ ’ਚ ਹੜ੍ਹ ਗਏ। ਡੇਰਾ ਬਾਬਾ ਨਾਨਕ ਦੇ ਪਿੰਡ ਖੋਦੇ ਬੇਟ ਦੀ ਕੁਲਵਿੰਦਰ ਕੌਰ, ਜਿਸ ਦਾ ਹੜ੍ਹਾਂ ਦੇ ਪਾਣੀ ’ਚ ਪੈਰ ਕੀ ਫਿਸਲਿਆ, ਹੱਥੋਂ ਜ਼ਿੰਦਗੀ ਦੀ ਡੋਰ ਹੀ ਛੁੱਟ ਗਈ। ਪਾਣੀ ’ਚ ਰੁੜ੍ਹੇ ਉਸ ਦੇ ਭਰਾ ਨੂੰ ਮੌਕੇ ’ਤੇ ਬਚਾਅ ਲਿਆ ਗਿਆ। ਕੁਲਵਿੰਦਰ ਕੌਰ ਨੇ ਬਚਪਨ ਤੋਂ ਹੀ ਹੜ੍ਹਾਂ ਦਾ ਕਹਿਰ ਝੱਲਿਆ। ਉਸ ਦੀ ਜ਼ਿੰਦਗੀ ’ਚ ਕਾਲਾ ਅਧਿਆਇ ਉਦੋਂ ਸ਼ੁਰੂ ਹੋ ਗਿਆ, ਜਦੋਂ ਸਹੁਰੇ ਘਰ ਦੀ ਥਾਂ ਪੇਕੇ ਘਰ ਹੀ ਢਾਰਸ ਲੈਣੀ ਪੈ ਗਈ। ਕੁੱਝ ਦਿਨ ਪਹਿਲਾਂ ਹੜ੍ਹਾਂ ’ਚ ਖ਼ੁਦ ਜ਼ਿੰਦਗੀ ਹੱਥੋਂ ਹਾਰ ਬੈਠੀ ਤਾਂ ਪਿੰਡ ’ਚ ਸਸਕਾਰ ਲਈ ਕੋਈ ਸੁੱਕੀ ਜਗ੍ਹਾ ਹੀ ਨਾ ਲੱਭੀ। 

      ਪਿੰਡ ਵਾਲੇ ਦੱਸਦੇ ਹਨ ਕਿ ਪਿੰਡ ਤਾਂ 25 ਅਗਸਤ ਤੋਂ ਪਾਣੀ ’ਚ ਡੁੱਬਿਆ ਹੋਇਆ ਹੈ ਅਤੇ ਪਿੰਡ ਦੇ ਸ਼ਮਸ਼ਾਨਘਾਟ ’ਚ ਪੂਰੇ ਨੌਂ-ਨੌਂ ਫੁੱਟ ਪਾਣੀ ਸੀ। ਕਿਸੇ ਪਾਸੇ ਸਸਕਾਰ ਲਈ ਜਗ੍ਹਾ ਨਾ ਲੱਭੀ ਤਾਂ ਮ੍ਰਿਤਕਾ ਦੀ ਕਰੀਬ ਤਿੰਨ ਕਿਲੋਮੀਟਰ ਦੂਰ ਇੱਕ ਨਾਲੇ ਦੇ ਕੰਢੇ ’ਤੇ ਮਿੱਟੀ ਸਮੇਟਣੀ ਪਈ। ਜ਼ਿਲ੍ਹਾ ਪਠਾਨਕੋਟ ਦਾ ਪਿੰਡ ਰਾਜਪੁਰਾ, ਜਿੱਥੋਂ ਦੀ ਰੇਸ਼ਮਾ ਰਾਵੀ ਦਰਿਆ ਦੇ ਪਾਣੀ ’ਚ ਹੀ ਰੁੜ੍ਹ ਗਈ। ਰੇਸ਼ਮਾ ਦਾ ਸਕੂਲ ਪੜ੍ਹਦਾ ਭਤੀਜਾ ਪਾਣੀ ’ਚ ਫਿਸਲ ਗਿਆ। ਰੇਸ਼ਮਾ ਆਪਣੇ ਭਤੀਜੇ ਕੇਸ਼ਵ ਨੂੰ ਬਚਾਉਣ ਲੱਗੀ ਤਾਂ ਕੁਦਰਤ ਨੂੰ ਕੁੱਝ ਹੋਰ ਹੀ ਮਨਜ਼ੂਰ ਸੀ। ਨਾ ਕੇਸ਼ਵ ਬਚਿਆ, ਨਾ ਰੇਸ਼ਮਾ। ਪਿੰਡ ਦਾ ਸ਼ਮਸ਼ਾਨਘਾਟ ਵੀ ਰਾਵੀ ਦੀ ਭੇਟ ਚੜ੍ਹ ਗਿਆ। ਪਿੰਡੋਂ ਦੂਰ ਸ਼ਾਹਪੁਰ ਕੰਢੀ ’ਚ ਦੋਵਾਂ ਦਾ ਸਿਵਾ ਬਲਿਆ।ਅੰਮ੍ਰਿਤਸਰ ਦਾ ਬਲਾਕ ਰਮਦਾਸ ਤੇ ਇਸ ਬਲਾਕ ਦਾ ਪਿੰਡ ਪੈੜੇਵਾਲ। ਕਈ ਦਿਨਾਂ ਤੋਂ ਇਸ ਪਿੰਡ ’ਚ ਗੋਡੇ-ਗੋਡੇ ਪਾਣੀ ਹੈ। ਰਾਵੀ ਦਰਿਆ ਤੋਂ ਛੇ ਕਿੱਲੋਮੀਟਰ ਦੂਰੀ ’ਤੇ ਪੈਂਦੇ ਇਸ ਪਿੰਡ ਦੀ ਕਹਾਣੀ ਵੀ ਬਾਕੀ ਪੰਜਾਬ ਨਾਲੋਂ ਵੱਖਰੀ ਨਹੀਂ। 

       ਪਾਣੀ ’ਚ ਪੈਰ ਕਾਹਦਾ ਰੱਖਿਆ, ਹੋਣੀ ਨੇ ਅੱਖ ਦੇ ਫੋਰੇ ਇਸ ਪਿੰਡ ਦੇ ਗੁਰਜੋਤ ਸਿੰਘ ਨੂੰ ਧੂਹ ਲਿਆ। ਪਲਾਂ ’ਚ ਗੁਰਜੋਤ ਮਿੱਟੀ ਹੋ ਗਿਆ। ਇਸ ਮਿੱਟੀ ਨੂੰ ਫਿਰ ਵੀ ਪਿੰਡ ਦੀ ਮਿੱਟੀ ਨਾ ਜੁੜ ਸਕੀ। ਪਿੰਡ ਪੈੜੇਵਾਲ ਦੇ ਕੰਵਲਜੀਤ ਸਿੰਘ ਗਿੱਲ ਆਖਦੇ ਹਨ ਕਿ ਜਦੋਂ ਕਿਧਰੇ ਵੀ ਕੋਈ ਸੁੱਕੀ ਥਾਂ ਨਾ ਮਿਲੀ ਤਾਂ ਗੁਰਜੋਤ ਦੀ ਦੇਹ ਨੂੰ ਸਸਕਾਰ ਲਈ 25 ਕਿੱਲੋਮੀਟਰ ਦੂਰ ਰਾਜਾਸਾਂਸੀ ਲਿਜਾਣਾ ਪਿਆ। ਹੜ੍ਹਾਂ ਦੀ ਮਾਰ ਏਨੀ ਤੀਬਰ ਹੈ ਕਿ ਕਈ ਦਿਨਾਂ ਤੋਂ ਧਰਤੀ ਹੀ ਨਹੀਂ ਦਿਖੀ। ਮੰਡ ਖੇਤਰ ਦੇ 16 ਪਿੰਡਾਂ ਦੀ ਹੋਣੀ ਵੀ ਕਦੇ ਟਲੀ ਨਹੀਂ। ਰਾਵੀ ਦਾ ਬੰਨ੍ਹ ਕੀ ਟੁੱਟਿਆ, ਪਠਾਨਕੋਟ ਦੇ ਪਿੰਡ ਕੋਹਲੀਆਂ ਦੇ ਬਾਗ਼ ਹੁਸੈਨ ਦਾ ਬਾਗ਼ ਹੀ ਉੱਜੜ ਗਿਆ। ਬਾਗ਼ ਹੁਸੈਨ ਦੇ ਤਿੰਨ ਬੱਚੇ ਅਤੇ ਬਿਰਧ ਮਾਂ, ਰਾਵੀ ਦੇ ਪਾਣੀ ’ਚ ਹੀ ਸਮਾ ਗਏ। ਗੁੱਜਰਾਂ ਦਾ ਇਹ ਪਰਿਵਾਰ ਤੀਲ੍ਹਾ-ਤੀਲ੍ਹਾ ਹੋ ਗਿਆ।

        ਦਾਦੀ ਆਪਣੇ ਦੋ ਪੋਤਿਆ ਸਮੇਤ ਪਾਣੀ ’ਚ ਐਸੀ ਲੀਨ ਹੋਈ ਕਿ ਅੱਜ ਤੱਕ ਕਿਧਰੋਂ ਵੀ ਨਹੀਂ ਲੱਭੇ। ਬਾਗ਼ ਹੁਸੈਨ ਜਦ ਇਕੱਲਾ ਘਰ ਪਰਤਿਆ, ਮ੍ਰਿਤਕ ਬੱਚੀ ਨੂੰ ਮੋਢੇ ਲਾਇਆ ਹੋਇਆ ਸੀ। ਕਿਧਰੇ ਕੋਈ ਸੁੱਕੀ ਥਾਂ ਨਾ ਲੱਭੀ ਤਾਂ ਦੂਰ-ਦੁਰਾਡੇ ਵਾਲੀਆਂ ਕਬਰਾਂ ’ਚ ਬੱਚੀ ਨੂੰ ਦਫ਼ਨਾ ਆਇਆ। ਅਜਨਾਲਾ ਦੇ ਪਿੰਡ ਮਾਛੀਵਾਹਲਾ ਦਾ ਬਜ਼ੁਰਗ ਅਜੀਤ ਸਿੰਘ ਪਾਣੀ ’ਚ ਰੁੜ੍ਹ ਗਿਆ। ਬਾਗ਼ ’ਚੋਂ ਤੈਰਦੀ ਹੋਈ ਲਾਸ਼ ਮਿਲੀ। ਪਿੰਡ ਦੇ ਸਿਵਿਆਂ ’ਚ ਪਾਣੀ ਹੀ ਪਾਣੀ ਸੀ। ਇਕਲੌਤਾ ਪੁੱਤਰ ਲਵਪ੍ਰੀਤ ਸਿੰਘ ਆਪਣੇ ਬਾਪ ਦੀ ਮਿੱਟੀ ਚਾਰ ਕਿੱਲੋਮੀਟਰ ਦੂਰ ਰਮਦਾਸ ਦੇ ਸ਼ਮਸ਼ਾਨਘਾਟ ’ਚ ਸਮੇਟ ਕੇ ਆਇਆ।

Friday, September 5, 2025

                                                        ਆਨ,ਬਾਨ ਤੇ ਸ਼ਾਨ
                                          ਪੰਜਾਬ ਦੇ ਨੌਜਵਾਨ
                                                         ਚਰਨਜੀਤ ਭੁੱਲਰ  

ਚੰਡੀਗੜ੍ਹ :ਕਪੂਰਥਲਾ ਜ਼ਿਲ੍ਹੇ ਦਾ ਮੰਡ ਇਲਾਕਾ, ਜਿੱਥੋਂ ਦਾ ਨੌਜਵਾਨ ਪਰਮਜੀਤ ਸਿੰਘ ਸ਼ੂਕਦੇ ਬਿਆਸ ਦਰਿਆ ਨਾਲ ਟੱਕਰ ਲੈ ਰਿਹਾ ਹੈ। ਹੜ੍ਹਾਂ ਨੇ ਜਦੋਂ ਵੀ ਮੰਡ ਦੇ ਪਿੰਡਾਂ ’ਤੇ ਹੱਲਾ ਬੋਲਿਆ ਤਾਂ ਪਰਮਜੀਤ ਸਿੰਘ ਆਪਣੀ ਕਿਸ਼ਤੀ ਲੈ ਘਰੋਂ ਨਿਕਲਿਆ। ਫਿਰ ਚੱਲ ਸੋ ਚੱਲ, ਨਾ ਦਿਨ ਦੇਖਦਾ ਹੈ ਤੇ ਨਾ ਰਾਤ। ਉਸ ਦਾ ਇੱਕੋ ਮਿਸ਼ਨ ਹੈ ਕਿ ਪਾਣੀ ’ਚ ਫਸੀ ਜ਼ਿੰਦਗੀ ਨੂੰ ਕਿਵੇਂ ਕਿਨਾਰੇ ਲਾਉਣਾ ਹੈ। ਸੈਂਕੜੇ ਜਾਨਾਂ ਬਚਾਉਣ ਵਾਲੀ ਇਹ ‘ਵਨ ਮੈਨ ਆਰਮੀ’ ਰਾਤ ਨੂੰ ਦੋ-ਦੋ ਵਜੇ ਤੱਕ ਅਪਰੇਸ਼ਨ ਚਲਾਉਂਦੀ ਹੈ।‘ਉੱਡਤਾ ਪੰਜਾਬ’ ਦਾ ਮਿਹਣਾ ਦੇਣ ਵਾਲਿਆਂ ਦੀ ਮੜਕ ਇਕੱਲਾ ਪਰਮਜੀਤ ਸਿੰਘ ਨਹੀਂ, ਉਹ ਹਜ਼ਾਰਾਂ ਨੌਜਵਾਨ ਭੰਨ ਰਹੇ ਹਨ ਜਿਹੜੇ ਹੜ੍ਹ ਪ੍ਰਭਾਵਿਤ ਪਿੰਡਾਂ ’ਚ ਨਾਇਕ ਬਣ ਕੇ ਉਭਰੇ ਹਨ। । ਮੰਡ ਦੇ ਪਿੰਡ ਬਾਊਪੁਰ ਦੇ ਪਰਮਜੀਤ ਸਿੰਘ ਕੋਲ ਆਪਣੀ ਕਿਸ਼ਤੀ ਹੈ ਅਤੇ ਉਹ 15 ਅਗਸਤ ਤੋਂ ਮੰਡ ਦੇ ਕਰੀਬ 16 ਪਿੰਡਾਂ ’ਚ ਇਕੱਲਾ ਹੀ ਆਪਣੀ ਕਿਸ਼ਤੀ ਨਾਲ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚ ਰਿਹਾ ਹੈ। 1988 ਦੇ ਹੜ੍ਹਾਂ ’ਚ ਉਸ ਦੇ ਪਿਉ ਦਾਦਿਆਂ ਦੇ ਘਰ ਰੁੜ੍ਹ ਗਏ ਸਨ।

        ਪਰਮਜੀਤ ਆਖਦਾ ਹੈ ਕਿ ਭਾਰਤੀ ਫ਼ੌਜ ਦੀਆਂ ਕਿਸ਼ਤੀਆਂ ਸ਼ਾਮ ਨੂੰ ਪੰਜ ਵਜੇ ਬੰਦ ਹੋ ਜਾਂਦੀਆਂ ਹਨ ਪਰ ਉਹ ਰਾਤ ਨੂੰ ਦੋ-ਦੋ ਵਜੇ ਤੱਕ ਆਪਣੇ ਮਿਸ਼ਨ ’ਤੇ ਡਟਦਾ ਹੈ। ਉਹ ਸੋਸ਼ਲ ਮੀਡੀਆ ਤੋਂ ਦੂਰ ਹੈ ਅਤੇ ਜ਼ਿੰਦਗੀ ਦੇ ਨੇੜੇ ਹੈ। ਉਹ ਸੈਂਕੜੇ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਚੁੱਕਾ ਹੈ। ਉਸ ਨੇ ਇੱਕ ਜੁਗਾੜੂ ਸ਼ਿੱਪ ਵੀ ਬਣਾਇਆ ਹੈ, ਜਿਸ ਨੂੰ ਉਹ ਪਸ਼ੂਆਂ ਨੂੰ ਪਾਣੀ ’ਚੋਂ ਬਾਹਰ ਕੱਢਣ ਲਈ ਵਰਤਦਾ ਹੈ। ਜਿਨ੍ਹਾਂ ਘਰਾਂ ਦੇ ਚੁੱਲ੍ਹੇ ਬੁਝ ਗਏ ਹਨ, ਉਨ੍ਹਾਂ ਘਰਾਂ ’ਚ ਨੌਜਵਾਨ ਗੁਰਜੀਤ ਸਿੰਘ ਜਾਂਦਾ ਹੈ। ਜ਼ਿਲ੍ਹਾ ਫ਼ਾਜ਼ਿਲਕਾ ਦੇ ਕੌਮੀ ਸਰਹੱਦ ਨੇੜਲੇ ਦਰਜਨਾਂ ਪਿੰਡ ਹੜ੍ਹਾਂ ਦੇ ਪਾਣੀ ’ਚ ਘਿਰੇ ਹੋਏ ਹਨ। ਗੁਰਜੀਤ ਸਿੰਘ ਕੋਲ ਤਿੰਨ ਕਿਸ਼ਤੀਆਂ ਤੇ ਨੌਜਵਾਨਾਂ ਦੀ ਇੱਕ ਪੂਰੀ ਟੀਮ ਹੈ। ਉਹ ਕਰੀਬ ਦਸ ਪਿੰਡਾਂ ’ਚ ਰੋਜ਼ਾਨਾ ਪੰਜ ਤੋਂ ਛੇ ਹਜ਼ਾਰ ਲੋਕਾਂ ਲਈ ਲੰਗਰ ਪੁੱਜਦਾ ਕਰਦਾ ਹੈ। ਫ਼ਾਜ਼ਿਲਕਾ ਦੇ ਪਿੰਡ ਸਾਬੋਆਣਾ ਦਾ ਗੁਰਜੀਤ ਸਿੰਘ ਹਫ਼ਤੇ ਤੋਂ ਪਿੰਡ-ਪਿੰਡ ਤੇ ਘਰ-ਘਰ ਜਾ ਕੇ ਲੰਗਰ ਵੰਡ ਰਿਹਾ ਹੈ। 

        ਅਜਨਾਲਾ ਦੇ ਪਿੰਡ ਮਾਛੀਵਾਹਲਾ ਦਾ ਨਵਦੀਪ ਸਿੰਘ ਕਿੰਨਾ ਸਮਾਂ ਰਾਵੀ ਦੇ ਪਾਣੀ ’ਚ ਰੁੜ੍ਹ ਗਏ ਪਿੰਡ ਦੇ ਇੱਕ ਬਜ਼ੁਰਗ ਦਾ ਪਿੱਛਾ ਕਰਦਾ ਰਿਹਾ। ਇਕੱਲਾ ਪਾਣੀ ’ਚ ਕੁੱਦ ਗਿਆ ਅਤੇ ਜਦੋਂ ਪਰਤਿਆ ਤਾਂ ਉਸ ਦੇ ਮੋਢੇ ’ਤੇ ਬਜ਼ੁਰਗ ਦੀ ਲਾਸ਼ ਸੀ। ਢਾਣੀਆਂ ’ਚ ਤਿੰਨ ਔਰਤਾਂ ਫਸ ਗਈਆਂ ਤਾਂ ਕਿਸ਼ਤੀ ਲੈ ਕੇ ਪਹੁੰਚ ਗਿਆ। ਉਸ ਦੇ ਪਾਣੀ ’ਚ ਪੈਰ ਗਲ ਚੁੱਕੇ ਹਨ। ਉਹ ਢਾਣੀਆਂ ’ਚੋਂ ਸੈਂਕੜੇ ਲੋਕਾਂ ਨੂੰ ਬਾਹਰ ਕੱਢ ਲਿਆਇਆ ਹੈ। ਫ਼ਿਰੋਜ਼ਪੁਰ ਦੇ ਪਿੰਡ ਰੁਕਣੇ ਵਾਲਾ ਕੋਲ ਸਤਲੁਜ ਦਾ ਬੰਨ੍ਹ ਹੈ ਜਿੱਥੇ ‘ਬਾਬੇ ਕੇ ਫਾਊਂਡੇਸ਼ਨ’ ਦੇ ਦਰਜਨਾਂ ਨੌਜਵਾਨ ਡਟੇ ਹੋਏ ਹਨ। ਇਲਾਕੇ ’ਚ 9-9 ਫੁੱਟ ਪਾਣੀ ਚੜ੍ਹ ਗਿਆ ਹੈ। ਪਿੰਡ ਵੰਡਾਲਾ ਜਦੋਂ ਚਾਰੇ ਪਾਸਿਓਂ ਪਾਣੀ ’ਚ ਫਸ ਗਿਆ ਤਾਂ ਇਨ੍ਹਾਂ ਨੌਜਵਾਨਾਂ ਨੇ ਕਿਸ਼ਤੀ ਲੈ ਕੇ ਮੋਰਚਾ ਸੰਭਾਲ ਲਿਆ। ਫਾਊਂਡੇਸ਼ਨ ਦੇ ਸੁਖਚੈਨ ਸਿੰਘ ਆਖਦੇ ਹਨ ਕਿ ਦੋ ਦਿਨ ਪਹਿਲਾਂ ਹੀ ਨਵੀਂ ਕਿਸ਼ਤੀ ਖ਼ਰੀਦੀ ਹੈ ਜਿਸ ’ਚ ਲੋਕਾਂ ਨੂੰ ਬਾਹਰ ਕੱਢਣ ਦਾ ਅਪਰੇਸ਼ਨ ਨੌਜਵਾਨ ਚਲਾ ਰਹੇ ਹਨ। 

       ਪਠਾਨਕੋਟ ਜ਼ਿਲ੍ਹੇ ਦੇ ਪਿੰਡ ਭਟੋਆ ਦਾ 22 ਸਾਲ ਦਾ ਨੌਜਵਾਨ ਸੰਜੀਵ ਸਿੰਘ ਸਲਾਰੀਆ ਘਰ-ਘਰ ਜਾ ਕੇ ਪੰਜਾਹ ਪੰਜਾਹ ਰੋਟੀਆਂ ਇਕੱਠੀਆਂ ਕਰਦਾ ਹੈ ਅਤੇ ਆਪਣੀ ਟੀਮ ਨਾਲ ਹੜ੍ਹ ਮਾਰੇ ਲੋਕਾਂ ਕੋਲ ਪਹੁੰਚਾ ਰਿਹਾ ਹੈ। ਅਜਿਹੇ ਹਜ਼ਾਰਾਂ ਨੌਜਵਾਨ ਹਨ ਜਿਹੜੇ ਟਰੈਕਟਰਾਂ ਨੂੰ ਡੂੰਘੇ ਪਾਣੀਆਂ ’ਚ ਲਿਜਾ ਕੇ ਲੋਕਾਂ ਦੀ ਜ਼ਿੰਦਗੀ ਵੀ ਬਚਾ ਰਹੇ ਹਨ। ਪਲਸ ਮੰਚ ਦੇ ਪ੍ਰਧਾਨ ਅਮੋਲਕ ਸਿੰਘ ਆਖਦੇ ਹਨ ਕਿ ਹੜ੍ਹਾਂ ਮੌਕੇ ਲੋਕਾਂ ਦੀ ਬਾਂਹ ਫੜਨ ਲਈ ਜਵਾਨੀ ਦਾ ਆਇਆ ਹੜ੍ਹ ਇਹ ਸੰਕੇਤ ਹੈ ਕਿ ਜਵਾਨੀ ਦਾ ਜੋਸ਼ ਕਿਤੇ ਨਹੀਂ ਗਿਆ। ਪੰਜਾਬ ਦੀ ਜਵਾਨੀ ਨੂੰ ਡੂੰਘੀ ਦ੍ਰਿਸ਼ਟੀ ਨਾਲ ਵੇਖਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਹੜ੍ਹਾਂ ’ਚ ਉੱਭਰੀ ਜਵਾਨੀ ਪੰਜਾਬ ਦਾ ਧਰਵਾਸ ਬੰਨ੍ਹਣ ਵਾਲੀ ਹੈ।

Monday, September 1, 2025

                                                         ਕਹਿਰ ਸਾਈਂ ਦਾ
                          ਮਾਲ ਮਾਲਕਾਂ ਦਾ, ਗਾਰੰਟੀ ਸਰਕਾਰ ਦੀ..!
                                                         ਚਰਨਜੀਤ ਭੁੱਲਰ  

ਚੰਡੀਗੜ੍ਹ : ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਜੰਡੋਕੇ ਦੇ ਬਲਦੇਵ ਸਿੰਘ ਦਾ ਪੋਲਟਰੀ ਫਾਰਮ ਮੀਂਹ ਨਾਲ ਡਿੱਗ ਗਿਆ, ਜਿਸ ਵਿੱਚ ਕਰੀਬ ਡੇਢ ਸੌ ਮੁਰਗੀਆਂ ਮਰ ਗਈਆਂ ਜਦੋਂਕਿ ਇਸੇ ਜ਼ਿਲ੍ਹੇ ਦੇ ਪਿੰਡ ਝਬੇਲਵਾਲੀ ’ਚ ਆਜੜੀ ਹਰਬੰਸ ਸਿੰਘ ਦੀਆਂ ਦੋ ਦਰਜਨ ਬੱਕਰੀਆਂ ਛੱਪਰ ਡਿੱਗਣ ਕਾਰਨ ਮਰ ਗਈਆਂ। ਦੋਵਾਂ ਪੀੜਤਾਂ ਨੂੰ ਮੁੱਖ ਮੰਤਰੀ ਵੱਲੋਂ ਮੁਰਗੀ ਤੇ ਬੱਕਰੀ ਦਾ ਮੁਆਵਜ਼ਾ ਦੇਣ ਦੇ ਐਲਾਨ ਕਾਰਨ ਥੋੜ੍ਹਾ ਧਰਵਾਸ ਹੈ। ਬਲਦੇਵ ਸਿੰਘ ਦਾ ਕਹਿਣਾ ਹੈ ਕਿ ਜਿਸ ਤਰ੍ਹਾਂ ਅੱਜ ਪ੍ਰਸ਼ਾਸਨ ਨੇ ਮੁਸਤੈਦੀ ਦਿਖਾਈ, ਉਸ ਤੋਂ ਜਾਪਦਾ ਹੈ ਕਿ ਮੁਰਗੀਆਂ ਦਾ ਮੁਆਵਜ਼ਾ ਜਲਦੀ ਆ ਜਾਵੇਗਾ। ਉਸ ਨੇ ਦੱਸਿਆ ਕਿ ਅੱਜ ਪ੍ਰਭਾਵਿਤ ਪੋਲਟਰੀ ਫਾਰਮ ਦੇਖਣ ਪਹਿਲਾਂ ਪਟਵਾਰੀ ਆਇਆ, ਫਿਰ ਕਾਨੂੰਨਗੋ। ਉਸ ਮਗਰੋਂ ਤਹਿਸੀਲਦਾਰ ਤੇ ਨਾਲ ਹੀ ਵੈਟਰਨਰੀ ਡਾਕਟਰ ਵੀ ਪਹੁੰਚ ਗਿਆ। ਸਭਨਾਂ ਨੇ ਮਰੀਆਂ ਮੁਰਗੀਆਂ ਅਤੇ ਡਿੱਗੇ ਪੋਲਟਰੀ ਫਾਰਮ ਦੀਆਂ ਤਸਵੀਰਾਂ ਖਿੱਚੀਆਂ। ਉਹ ਆਖਦਾ ਹੈ ਕਿ ਬਾਕੀ ਤਾਂ ਮੁਆਵਜ਼ੇ ਮਿਲੇ ਤੋਂ ਹੀ ਕੁੱਝ ਕਿਹਾ ਜਾ ਸਕਦਾ ਹੈ। ਆਜੜੀ ਹਰਬੰਸ ਸਿੰਘ ਵੀ ਇਸੇ ਉਮੀਦ ’ਚ ਹੈ।

         ਉਹ ਆਖਦਾ ਹੈ ਕਿ ਉਸ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ। ਚੇਤੇ ਰਹੇ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਪਹਿਲੀ ਅਗਸਤ 2023 ਨੂੰ ਜਨਤਕ ਇਕੱਠ ’ਚ ਐਲਾਨ ਕੀਤਾ ਸੀ ਕਿ ਹੜ੍ਹਾਂ ਨਾਲ ਹੋਏ ਨੁਕਸਾਨ ਦੀ ਪੂਰਨ ਭਰਪਾਈ ਕੀਤੀ ਜਾਵੇਗੀ, ਇੱਥੋਂ ਤੱਕ ਕਿ ਮੁਰਗੀ ਤੇ ਬੱਕਰੀ ਮਰੀ ਦਾ ਮੁਆਵਜ਼ਾ ਵੀ ਦਿੱਤਾ ਜਾਵੇਗਾ। ਵਿਰੋਧੀ ਧਿਰਾਂ ਦੇ ਆਗੂ ਬੱਕਰੀਆਂ ਤੇ ਮੁਰਗੀਆਂ ਦੇ ਮੁਆਵਜ਼ੇ ’ਤੇ ਸੁਆਲ ਉਠਾਉਂਦੇ ਆ ਰਹੇ ਸਨ। ਪੰਜਾਬ ’ਚ ਹੁਣ ਹੜ੍ਹਾਂ ’ਚ ਇਹ ਪਹਿਲੇ ਕੇਸ ਸਾਹਮਣੇ ਆਏ ਹਨ, ਜਿੱਥੇ ਮੁਰਗੀਆਂ ਤੇ ਬੱਕਰੀਆਂ ਦਾ ਨੁਕਸਾਨ ਹੋਇਆ ਹੈ। ਜਾਣਕਾਰੀ ਅਨੁਸਾਰ ਹੜ੍ਹਾਂ ਕਾਰਨ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਸ਼ਮਸ਼ੇਰਪੁਰ ਦੇ ਇੱਕ ਪੋਲਟਰੀ ਫਾਰਮ ’ਚ 12 ਹਜ਼ਾਰ ਮੁਰਗੀਆਂ ਦਾ ਨੁਕਸਾਨ ਹੋ ਗਿਆ, ਜਦੋਂਕਿ ਸੰਗਰੂਰ ਜ਼ਿਲ੍ਹੇ ਦੇ ਪਿੰਡ ਲਦਾਲ ’ਚ ਇੱਕ ਪੋਲਟਰੀ ਫਾਰਮ ’ਚ 5600 ਦੇ ਕਰੀਬ ਚੂਜ਼ੇ ਮਰ ਗਏ। ਪੋਲਟਰੀ ਫਾਰਮ ਮਾਲਕ ਜੁਗਰਾਜ ਸਿੰਘ ਆਖਦਾ ਹੈ ਕਿ ਮੀਂਹ ਕਾਰਨ ਉਸ ਦਾ ਭਾਰੀ ਨੁਕਸਾਨ ਹੋ ਗਿਆ। ਚੂਜ਼ਿਆਂ ਦਾ ਮੁਆਵਜ਼ਾ ਸਰਕਾਰ ਦੇਵੇਗੀ ਜਾਂ ਨਹੀਂ, ਇਸ ਬਾਰੇ ਹਾਲੇ ਕੁੱਝ ਵੀ ਸਪਸ਼ਟ ਨਹੀਂ ਹੋ ਸਕਿਆ।

          ਫ਼ਾਜ਼ਿਲਕਾ ’ਚ ਕੁੱਝ ਮੁਰਗੀਆਂ ਰੁੜ੍ਹ ਗਈਆਂ ਜਦੋਂਕਿ ਪਠਾਨਕੋਟ ’ਚ ਤਿੰਨ ਗਾਵਾਂ ਤੇ ਦੋ ਮੱਝਾਂ ਦੇ ਮਰਨ ਤੋਂ ਇਲਾਵਾ ਪੰਜ ਹੋਰ ਪਸ਼ੂ ਵੀ ਪਾਣੀ ’ਚ ਰੁੜ੍ਹ ਗਏ। ‘ਆਪ’ ਸਰਕਾਰ ਦਾ ਦਾਅਵਾ ਹੈ ਕਿ ਪਿਛਲੀਆਂ ਸਰਕਾਰਾਂ ਵੱਲੋਂ ਸਿਰਫ਼ ਫ਼ਸਲਾਂ ਦੇ ਨੁਕਸਾਨ ਦੀ ਹੀ ਭਰਪਾਈ ਕੀਤੀ ਜਾਂਦੀ ਸੀ ਜਦੋਂਕਿ ਉਨ੍ਹਾਂ ਦੀ ਸਰਕਾਰ ਹਰ ਮਰੀ ਹੋਈ ਮੁਰਗੀ ਤੇ ਬੱਕਰੀ ਦਾ ਮੁਆਵਜ਼ਾ ਦੇਵੇਗੀ। ਜਿਨ੍ਹਾਂ ਮੁਰਗੀ ਪਾਲਕਾਂ ਦਾ ਨੁਕਸਾਨ ਹੋਇਆ ਹੈ, ਉਨ੍ਹਾਂ ਦੀਆਂ ਉਮੀਦਾਂ ਹੁਣ ਸਰਕਾਰ ਤੋਂ ਵਧ ਗਈਆਂ ਹਨ। ਨਿਯਮਾਂ ਅਨੁਸਾਰ ਮੁਰਗੀ ਅਤੇ ਬੱਕਰੀ ਦਾ ਕਿੰਨਾ ਮੁਆਵਜ਼ਾ ਤੈਅ ਹੈ, ਇਸ ਬਾਰੇ ਤਾਂ ਪਤਾ ਨਹੀਂ। ਹਾਲਾਂਕਿ, ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਚੰਦਰਬਾਬੂ ਨਾਇਡੂ ਨੇ 18 ਸਤੰਬਰ 2024 ਨੂੰ ਰਾਹਤ ਪੈਕੇਜ ਦੇਣ ਦਾ ਐਲਾਨ ਕਰਦਿਆਂ ਸੂਬੇ ’ਚ ਆਏ ਹੜ੍ਹਾਂ ਦੌਰਾਨ ਪ੍ਰਤੀ ਮੁਰਗੀ 100 ਰੁਪਏ ਦੇਣ ਦੀ ਗੱਲ ਆਖੀ ਸੀ ਅਤੇ ਪੋਲਟਰੀ ਸ਼ੈੱਡ ਨੁਕਸਾਨੇ ਜਾਣ ਦੀ ਸੂਰਤ ’ਚ ਪੰਜ ਹਜ਼ਾਰ ਰੁਪਏ ਵੱਖਰਾ ਦਿੱਤਾ ਜਾਣਾ ਸੀ।

Saturday, August 30, 2025

                                                      ਹਰਿਆਣਾ ਦੀ ਤੌਬਾ
                                     ‘ਸਾਡਾ ਪਾਣੀ ਘਟਾ ਦਿਓ’
                                                        ਚਰਨਜੀਤ ਭੁੱਲਰ    

ਚੰਡੀਗੜ੍ਹ : ਹਰਿਆਣਾ ਕੁਝ ਹਫ਼ਤੇ ਪਹਿਲਾਂ ਤੱਕ ਤਾਂ ਪੰਜਾਬ ਤੋਂ ਵਾਧੂ ਪਾਣੀ ਲੈਣ ਲਈ ਲੜਾਈ ਲੜ ਰਿਹਾ ਸੀ ਪਰ ਹੁਣ ਜਦੋਂ ਪੰਜਾਬ ’ਚ ਹੜ੍ਹ ਆ ਗਏ ਹਨ ਤਾਂ ਗੁਆਂਢੀ ਸੂਬੇ ਨੇ ਅੱਜ ਹੋਰ ਪਾਣੀ ਲੈਣ ਤੋਂ ਤੌਬਾ ਕਰ ਲਈ ਹੈ। ਪੰਜਾਬ ’ਚ ਕੁਦਰਤੀ ਆਫ਼ਤ ਦੀ ਬਣੀ ਸਥਿਤੀ ਮੌਕੇ ਹੁਣ ਹਰਿਆਣਾ ਆਖ ਰਿਹਾ ਕਿ ਸਾਡਾ ਪਾਣੀ ਘਟਾ ਦਿਓ। ਪੰਜਾਬ ਸਰਕਾਰ ਨੇ ਹੜ੍ਹਾਂ ਦੀ ਸਥਿਤੀ ਦੌਰਾਨ 22 ਅਗਸਤ ਨੂੰ ਹਰਿਆਣਾ ਨੂੰ ਪੱਤਰ ਲਿਖ ਕੇ ਦਰਿਆਈ ਪਾਣੀਆਂ ’ਚੋਂ ਹੋਰ ਪਾਣੀ ਦੇਣ ਦੀ ਪੇਸ਼ਕਸ਼ ਕੀਤੀ ਸੀ। ਹਰਿਆਣਾ ਨੇ ਪੰਜਾਬ ਦੀ ਅਪੀਲ ’ਤੇ ਹੋਰ ਵਾਧੂ ਦਰਿਆਈ ਪਾਣੀ ਲੈਣ ਤੋਂ ਹਫ਼ਤਾ ਭਰ ਚੁੱਪ ਵੱਟੀ ਰੱਖੀ ਅਤੇ ਹੁਣ ਅੱਜ ਪੱਤਰ ਲਿਖ ਕੇ ਹਰਿਆਣਾ ਭਾਖੜਾ ਨਹਿਰ ’ਚ ਪਾਣੀ ਘੱਟ ਕਰਨ ਵਾਸਤੇ ਆਖਿਆ ਹੈ। ਹਰਿਆਣਾ ਸਰਕਾਰ ਨੇ ਸੂਬੇ ’ਚ ਹੜ੍ਹਾਂ ਦੀ ਸਥਿਤੀ ਬਣਨ ਦਾ ਹਵਾਲਾ ਦਿੱਤਾ ਹੈ।

         ਹਰਿਆਣਾ ਨੇ ਪਹਿਲਾਂ 7900 ਕਿਊਸਿਕ ਪਾਣੀ ਦਾ ਇਨਡੈਂਟ ਦਿੱਤਾ ਸੀ ਅਤੇ ਅੱਜ ਉਸ ਨੇ ਪੰਜਾਬ ਇਹ ਇਨਡੈਂਟ ਘਟਾ ਕੇ 6250 ਕਿਊਸਿਕ ਕਰਨ ਲਈ ਕਿਹਾ ਹੈ। ਭਾਖੜਾ ਨਹਿਰ ’ਚ ਇਸ ਵੇਲੇ 8894 ਕਿਊਸਕ ਪਾਣੀ ਚੱਲ ਰਿਹਾ ਸੀ। ਭਾਖੜਾ ਨਹਿਰ ’ਚੋਂ ਜੋ ਪੰਜਾਬ ਪਾਣੀ ਵਰਤਦਾ ਹੈ, ਉਸ ਦੀ ਖੇਤਾਂ ਲਈ ਹੁਣ ਕੋਈ ਮੰਗ ਨਾ ਰਹਿਣ ਕਰਕੇ ਮੋਘੇ ਬੰਦ ਹੋ ਗਏ ਹਨ ਤੇ ਇਹ ਪਾਣੀ ਵੀ ਹਰਿਆਣਾ ਵੱਲ ਜਾ ਰਿਹਾ ਸੀ। ਪੰਜਾਬ ਸਰਕਾਰ ਨੇ ਹਫ਼ਤਾ ਪਹਿਲਾਂ ਹਰਿਆਣਾ ਨੂੰ ਬਕਾਇਦਾ ਲਿਖਤੀ ਪੱਤਰ ਭੇਜ ਕੇ ਪੰਜਾਬ ’ਚ ਹੜ੍ਹਾਂ ਨਾਲ ਹੋ ਰਹੀ ਤਬਾਹੀ ਤੋਂ ਜਾਣੂ ਕਰਾਇਆ ਸੀ। ਪੰਜਾਬ ਸਰਕਾਰ ਨੇ ਡੈਮਾਂ ਦੀ ਸੁਰੱਖਿਆ ਦੇ ਮੱਦੇਨਜ਼ਰ ਹਰਿਆਣਾ ਨੂੰ ਆਪਣੀ ਨਹਿਰ ਜ਼ਰੀਏ ਹੋਰ ਪਾਣੀ ਲੈਣ ਲਈ ਇਨਡੈਂਟ ਦੇਣ ਦੀ ਅਪੀਲ ਕੀਤੀ ਸੀ।

          ਬੀਬੀਐੱਮਬੀ ਵੱਲੋਂ ਡੈਮਾਂ ’ਚ ਪਾਣੀ ਦੇ ਵਧੇ ਪੱਧਰ ਨੂੰ ਦੇਖਦਿਆਂ ਮਸ਼ਵਰੇ ਵੀ ਦਿੱਤੇ ਗਏ ਸਨ ਪਰ ਹਰਿਆਣਾ ਨੇ ਪੰਜਾਬ ਸਰਕਾਰ ਦੇ ਪੱਤਰ ਦਾ ਜਵਾਬ ਦੇਣ ’ਤੇ ਚੁੱਪ ਵੱਟੀ ਹੋਈ ਸੀ। ਪੰਜਾਬ ਸਰਕਾਰ ਨੇ ਕਿਹਾ ਸੀ ਕਿ ਪਾਕਿਸਤਾਨ ਵੱਲ ਜਾ ਰਿਹਾ ਪਾਣੀ ਨੂੰ ਰੋਕਣ ਲਈ ਹਰਿਆਣਾ ਸਰਕਾਰ ਆਪਣੀ ਨਹਿਰ ’ਚ ਹੋਰ ਪਾਣੀ ਲੈਣ ਲਈ ਇਨਡੈਂਟ ਦੇਵੇ। ਪੰਜਾਬ ਸਰਕਾਰ ਨੇ ਹਰਿਆਣਾ ਨੂੰ ਲਿਖੇ ਪੱਤਰ ’ਚ ਕਿਹਾ ਸੀ ਕਿ ਡੈਮਾਂ ’ਚ ਲਗਾਤਾਰ ਪਾਣੀ ਵਧ ਰਿਹਾ ਹੈ ਅਤੇ ਡੈਮਾਂ ਦੀ ਸੁਰੱਖਿਆ ਲਈ ਪਾਣੀ ਛੱਡਣਾ ਮਜਬੂਰੀ ਬਣ ਗਿਆ ਹੈ। ਇਸ ਪੱਤਰ ’ਤੇ ਹਰਿਆਣਾ ਨੇ ਚੁੱਪ ਵੱਟੀ ਹੋਈ ਸੀ ਪਰ ਸੂੂਬੇ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਪੱਤਰ ਲਿਖ ਕੇ ਆਪਣੇ ਹਮਰੁਤਬਾ ਭਗਵੰਤ ਮਾਨ ਨੂੰ ਹੜ੍ਹਾਂ ਕਾਰਨ ਤਬਾਹੀ ਤੋਂ ਉਭਰਨ ਲਈ ਮਦਦ ਦਾ ਭਰੋਸਾ ਜ਼ਰੂਰ ਦਿੱਤਾ ਹੈ।

Thursday, August 28, 2025

                                                          ਸਿਆਸੀ ਹੇਜ
                             ਕਰੋੜਪਤੀ ਨੇਤਾ ‘ਦਸਵੰਧ’ ਕੱਢਣਗੇ ?
                                                         ਚਰਨਜੀਤ ਭੁੱਲਰ  

ਚੰਡੀਗੜ੍ਹ : ਪੰਜਾਬ ਦੇ ਸਿਆਸੀ ਨੇਤਾ ਹੜ੍ਹ ਪੀੜਤਾਂ ਪ੍ਰਤੀ ਹੇਜ ਤਾਂ ਦਿਖਾ ਰਹੇ ਹਨ ਪ੍ਰੰਤੂ ਹਾਲੇ ਤੱਕ ਕੋਈ ਅਜਿਹਾ ਨੇਤਾ ਸਾਹਮਣੇ ਨਹੀਂ ਆਇਆ ਹੈ ਜਿਸ ਨੇ ਹੜ੍ਹ ਪੀੜਤਾਂ ਦੀ ਮਦਦ ਲਈ ਦਸਵੰਧ ਕੱਢਣ ’ਚ ਪਹਿਲ ਕੀਤੀ ਹੋਵੇ। ਪੰਜਾਬ ਵਿਧਾਨ ਸਭਾ ਦੇ ਇਸ ਵੇਲੇ 117 ਮੈਂਬਰਾਂ ’ਚੋ 87 ਵਿਧਾਇਕ/ਮੰਤਰੀ (74 ਫ਼ੀਸਦੀ) ਕਰੋੜਪਤੀ ਹਨ। ਇਨ੍ਹਾਂ ਕਰੋੜਪਤੀ ਵਿਧਾਇਕਾਂ/ਵਜ਼ੀਰਾਂ ਨੇ ਪੱਲਿਓਂ ਵਿੱਤੀ ਮਦਦ ਲਈ ਆਪਣੇ ਹੱਥ ਹੜ੍ਹ ਪੀੜਤਾਂ ਵੱਲ ਹਾਲੇ ਤੱਕ ਨਹੀਂ ਵਧਾਏ ਹਨ। ਸੂਬੇ ਦੇ ਸੱਤ ਜ਼ਿਲ੍ਹੇ ਇਸ ਵੇਲੇ ਹੜ੍ਹਾਂ ਦੀ ਮਾਰ ਦਾ ਸਾਹਮਣਾ ਕਰ ਰਹੇ ਹਨ। ਲੋਕ ਘਰੋਂ ਬੇਘਰ ਹੋ ਚੁੱਕੇ ਹਨ ਅਤੇ ਪਸ਼ੂ ਧਨ ਅਤੇ ਫ਼ਸਲਾਂ ਦਾ ਨੁਕਸਾਨ ਹੋ ਚੁੱਕਾ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ ਕੀਤਾ ਅਤੇ ਸਰਕਾਰੀ ਹੈਲੀਕਾਪਟਰ ਲੋਕਾਂ ਦੀ ਮਦਦ ਲਈ ਛੱਡਣ ਦੀ ਗੱਲ ਆਖੀ। ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਕਾਂਗਰਸੀ ਵਿਧਾਇਕਾਂ ਨਾਲ ਸੁਲਤਾਨਪੁਰ ਲੋਧੀ ’ਚ ਹੜ੍ਹਾਂ ਦਾ ਜਾਇਜ਼ਾ ਲਿਆ ਜਦਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੀ ਹੜ੍ਹ ਪ੍ਰਭਾਵਿਤ ਖੇਤਰਾਂ ’ਚ ਜਾ ਰਹੇ ਹਨ।

        ਸੁਆਲ ਉੱਠਦਾ ਹੈ ਕਿ ਇਹ ਸਿਆਸੀ ਨੇਤਾ ਹੜ੍ਹ ਪੀੜਤਾਂ ਦੀ ਮਦਦ ਲਈ ਆਪਣੀ ਜੇਬ ’ਚੋਂ ਦਸਵੰਧ ਕੱਢ ਕੇ ਕੋਈ ਉਦਾਹਰਨ ਪੇਸ਼ ਕਰਨਗੇ ਜਾਂ ਨਹੀਂ। ਪੰਜਾਬ ਦੇ ਪੰਜ ਵਿਧਾਇਕ ਅਜਿਹੇ ਹਨ ਜਿਨ੍ਹਾਂ ਦੀ 50-50 ਕਰੋੜ ਤੋਂ ਜ਼ਿਆਦਾ ਦੀ ਸੰਪਤੀ ਹੈ। ‘ਆਪ’ ਪ੍ਰਧਾਨ ਅਮਨ ਅਰੋੜਾ ਦੀ ਇਸ ਵੇਲੇ 95.12 ਕਰੋੜ ਰੁਪਏ ਦੀ ਸੰਪਤੀ ਹੈ ਜਦੋਂ ਕਿ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਦੀ 36.19 ਕਰੋੜ ਰੁਪਏ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੀ 1.97 ਕਰੋੜ ਰੁਪਏ ਸੰਪਤੀ ਹੈ। ਇਸੇ ਤਰ੍ਹਾਂ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਕੋਲ 15.11 ਕਰੋੜ ਰੁਪਏ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਕੋਲ 202.64 ਕਰੋੜ ਅਤੇ ਕਾਂਗਰਸ ਵਿਧਾਇਕ ਰਾਣਾ ਗੁਰਜੀਤ ਸਿੰਘ ਕੋਲ 125 ਕਰੋੜ ਰੁਪਏ ਦੀ ਸੰਪਤੀ ਹੈ। ਲੋਕ ਅਧਿਕਾਰ ਲਹਿਰ ਦੇ ਸੀਨੀਅਰ ਆਗੂ ਰੁਪਿੰਦਰਜੀਤ ਸਿੰਘ ਨੇ ਕਿਹਾ ਕਿ ਕਰੋੜਪਤੀ ਵਿਧਾਇਕਾਂ ਅਤੇ ਵਜ਼ੀਰਾਂ ਨੂੰ ਹੜ੍ਹ ਪੀੜਤਾਂ ਦੀ ਮਦਦ ਵਾਸਤੇ ਦਸਵੰਧ ਕੱਢ ਕੇ ਇੱਕ ਮਿਸਾਲ ਪੈਦਾ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਅਜਿਹੀ ਪਹਿਲ ਨਾਲ ਆਗੂਆਂ ਦੇ ਹੜ੍ਹ ਪੀੜਤਾਂ ਪ੍ਰਤੀ ਲਗਾਓ ਅਤੇ ਸੰਜੀਦਗੀ ਦਾ ਪਤਾ ਲੱਗੇਗਾ। 

        ਸੁਖਬੀਰ ਬਾਦਲ ਨੇ ਕੁੱਝ ਥਾਵਾਂ ’ਤੇ ਹੜ੍ਹ ਪ੍ਰਭਾਵਿਤ ਇਲਾਕਿਆਂ ’ਚ ਡੀਜ਼ਲ ਇੰਜਣ ਅਤੇ ਤੇਲ ਆਦਿ ਦਿੱਤਾ ਹੈ ਪ੍ਰੰਤੂ ਇਹ ਪੁਸ਼ਟੀ ਨਹੀਂ ਹੋ ਸਕੀ ਹੈ ਕਿ ਉਨ੍ਹਾਂ ਇਹ ਮਦਦ ਨਿੱਜੀ ਤੌਰ ’ਤੇ ਕੀਤੀ ਹੈ ਜਾਂ ਪਾਰਟੀ ਦੇ ਖਾਤੇ ’ਚੋਂ ਕੀਤੀ ਗਈ ਹੈ। ਜਦੋਂ ਵੀ ਪੰਜਾਬ ਦੇ ਲੋਕਾਂ ’ਤੇ ਕੋਈ ਸੰਕਟ ਆਉਂਦਾ ਹੈ ਤਾਂ ਸਿਆਸੀ ਨੇਤਾ ਨਿੱਜੀ ਤੌਰ ’ਤੇ ਮਦਦ ਕਰਨ ਤੋਂ ਘੇਸਲ ਵੱਟ ਜਾਂਦੇ ਹਨ। ਜਦੋਂ ਦਿੱਲੀ ’ਚ ਕਿਸਾਨ ਅੰਦੋਲਨ ਦੌਰਾਨ ਪੰਜਾਬ ਦੇ ਕਿਸਾਨ ਸ਼ਹੀਦ ਹੋ ਗਏ ਸਨ ਤਾਂ ਉਦੋਂ ਵੀ ਨੇਤਾਵਾਂ ਨੇ ਪੀੜਤ ਪਰਿਵਾਰਾਂ ਦੀ ਕੋਈ ਵਿੱਤੀ ਮਦਦ ਦੀ ਪਹਿਲ ਨਹੀਂ ਕੀਤੀ ਸੀ। ਮਾਲ ਮੰਤਰੀ ਹਰਦੀਪ ਸਿੰਘ ਮੁੰਡੀਆਂ ਵੀ 5.36 ਕਰੋੜ ਦੀ ਸੰਪਤੀ ਦੇ ਮਾਲਕ ਹਨ। ਪੰਜਾਬ ਤੋਂ ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਕੋਲ 498.45 ਕਰੋੜ ਅਤੇ ਇਕ ਹੋਰ ਐੱਮਪੀ ਅਸ਼ੋਕ ਮਿੱਤਲ ਕੋਲ 91.34 ਕਰੋੜ ਦੀ ਜਾਇਦਾਦ ਹੈ। ਇਸੇ ਤਰ੍ਹਾਂ ਰਾਜ ਸਭਾ ਮੈਂਬਰ ਹਰਭਜਨ ਸਿੰਘ ਕੋਲ 81.80 ਕਰੋੜ ਅਤੇ ਸੰਦੀਪ ਪਾਠਕ ਕੋਲ 4.30 ਕਰੋੜ ਰੁਪਏ ਦੀ ਸੰਪਤੀ ਹੈ। ਹੁਣੇ ਬਣੇ ਸੂਬੇ ਦੇ ਉਦਯੋਗ ਮੰਤਰੀ ਸੰਜੀਵ ਅਰੋੜਾ ਕੋਲ 498 ਕਰੋੜ ਦੀ ਸੰਪਤੀ ਹੈ।


Wednesday, August 27, 2025

                                                          ਦੁੱਖਾਂ ਦੀ ਝੜੀ
                                   ਸਾਡਾ ਬਲੇ ਸਿਦਕ ਦਾ ਦੀਵਾ..!
                                                          ਚਰਨਜੀਤ ਭੁੱਲਰ  

ਚੰਡੀਗੜ੍ਹ : ਪੂਜਾ ਰਾਣੀ ਕੋਲ ਹਿੰਮਤ ਵੀ ਹੈ ਅਤੇ ਹੌਸਲਾ ਵੀ। ਉਸ ਤੋਂ ਵੱਡਾ ਸਿਦਕ ਹੈ, ਜੋ ਉਸ ਨੂੰ ਡੋਲਣ ਨਹੀਂ ਦੇ ਰਿਹਾ। ਇਸ ਹੋਣਹਾਰ ਧੀ ਦਾ ‘ਝੁੱਗੀ-ਝੌਂਪੜੀ’ ਹੀ ਸਿਰਨਾਵਾਂ ਹੈ। ਜਦੋਂ ਵੀ ਮੀਂਹ ਆਫ਼ਤ ਬਣਦੇ ਨੇ, ਇਸ ਬੱਚੀ ਦੀ ਜ਼ਿੰਮੇਵਾਰੀ ਦੀ ਬੇੜੀ ਤੂਫ਼ਾਨ ਨਾਲ ਭਿੜਦੀ ਹੈ। ਬਰਨਾਲਾ ’ਚ ਸੈਂਕੜੇ ਝੁੱਗੀਆਂ ਹਨ, ਜਿਨ੍ਹਾਂ ’ਚ ਤਿੰਨ ਦਿਨਾਂ ਤੋਂ ਪਾਣੀ ਹੀ ਪਾਣੀ ਹੈ। ਇਨ੍ਹਾਂ ਝੁੱਗੀਆਂ ਦੇ ਚੁੱਲ੍ਹੇ ਬੁਝ ਗਏ ਹਨ ਤੇ ਉਮੀਦਾਂ ’ਤੇ ਪਾਣੀ ਫਿਰ ਗਿਆ ਹੈ। ਜਦੋਂ ਪਾਣੀ ਗੋਡੇ ਗੋਡੇ ਹੋਵੇ, ਦਰੱਖਤ ’ਤੇ ਪੰਚਿੰਗ ਬੈਗ ਲਟਕ ਰਿਹਾ ਹੋਵੇ ਤੇ ਪੂਜਾ ਰਾਣੀ ਪਾਣੀ ’ਚ ਪੰਚ ਮਾਰ ਰਹੀ ਹੋਵੇ ਤਾਂ ਧਿਆਨ ਖਿੱਚਿਆ ਜਾਣਾ ਸੁਭਾਵਿਕ ਹੀ ਹੈ। ਮੁੱਕੇਬਾਜ਼ ਪੂਜਾ ਰਾਣੀ ਦਾ ਆਲ੍ਹਣਾ ਪਾਣੀ ’ਚ ਰੁੜ੍ਹ ਗਿਆ ਹੈ। ਝੌਂਪੜੀ ਦਾ ਚੁੱਲ੍ਹਾ ਵੀ ਬੁਝ ਗਿਆ ਹੈ ਪਰ ਪੂਜਾ ਰਾਣੀ ਦੇ ਅੰਦਰ ਬਲਦੀ ਚਿਣਗ ਹਾਲੇ ਵੀ ਕਾਇਮ ਹੈ। ਤਿੰਨ ਦਿਨਾਂ ਤੋਂ ਪੈ ਰਹੇ ਮੀਂਹ ’ਚ ਝੁੱਗੀਆਂ ਦਾ ਸਾਰਾ ਸਾਮਾਨ ਰੁੜ੍ਹ ਚੁੱਕਿਆ ਹੈ। 

       ਮੁੱਕੇਬਾਜ਼ ਪੂਜਾ ਰਾਣੀ ਇਨ੍ਹਾਂ ਮੁਸ਼ਕਲਾਂ ਦੇ ਬਾਵਜੂਦ ਪ੍ਰੈਕਟਿਸ ਜਾਰੀ ਰੱਖ ਰਹੀ ਹੈ। ਪੂਜਾ ਰਾਣੀ ਕੋਲ ਢੇਰ ਪ੍ਰਾਪਤੀਆਂ ਹਨ। ਉਸ ਕੋਲ ਕਿੱਕ ਮੁੱਕੇਬਾਜ਼ੀ ਵਿੱਚ ਛੋਟੇ ਵੱਡੇ 25 ਮੈਡਲ ਹਨ। ਉਸ ਨੇ 2023 ’ਚ ਰਾਂਚੀ ’ਚ ਹੋਈ ਕੌਮੀ ਚੈਂਪੀਅਨਸ਼ਿਪ ’ਚ ਸੋਨ ਤਗ਼ਮਾ ਅਤੇ ਇਸ ਸਾਲ ਰਾਏਪੁਰ ’ਚ ਕੌਮੀ ਪੱਧਰ ’ਤੇ ਚਾਂਦੀ ਦਾ ਤਗ਼ਮਾ ਜਿੱਤਿਆ ਸੀ।ਪੂਜਾ ਰਾਣੀ ਨੇ ‘ਪੰਜਾਬੀ ਟ੍ਰਿਬਿਊਨ’ ਨੂੰ ਦੱਸਿਆ ਕਿ ਤਿੰਨ ਦਿਨਾਂ ਤੋਂ ਪੈ ਰਹੇ ਮੀਂਹ ਦੌਰਾਨ ਉਹ ਅਤੇ ਉਸ ਦਾ ਪਰਿਵਾਰ ਸੱਤ ਜ਼ਹਿਰੀਲੇ ਸੱਪ ਮਾਰ ਚੁੱਕਾ ਹੈ ਅਤੇ ਪਾਣੀ ’ਚ ਠੂਹੇਂ ਅਤੇ ਹੋਰ ਕੀੜੇ-ਮਕੌੜੇ ਜ਼ਿੰਦਗੀ ਲਈ ਖ਼ਤਰਾ ਬਣੇ ਹੋਏ ਹਨ। ਉਸ ਨੇ ਦੋ ਦਿਨ ਪਾਣੀ ’ਚ ਹੀ ਪ੍ਰੈਕਟਿਸ ਕੀਤੀ ਅਤੇ ਅੱਜ ਝੁੱਗੀਆਂ ਛੱਡ ਕੇ ਉੱਚੀ ਥਾਂ ਆ ਬੈਠੇ ਹਨ। ਉਹ ਦੱਸਦੀ ਹੈ ਕਿ ਕੋਚ ਜਸਪ੍ਰੀਤ ਸਿੰਘ ਜੱਸੀ ਉਸ ਨੂੰ ਕੋਚਿੰਗ ਦੇ ਰਹੇ ਹਨ। ਡਾਈਟ ਦਾ ਸਾਰਾ ਖਰਚਾ ਸਲੱਮ ਸੇਵਾ ਮਿਸ਼ਨ ਚੁੱਕ ਰਿਹਾ ਹੈ। ਉਸ ਦੇ ਸਾਰੇ ਮੈਡਲ ਝੁੱਗੀ ’ਚ ਹੀ ਪਏ ਹਨ। 

      ਪੂਜਾ ਰਾਣੀ ਦੀ ਮਾਂ ਰਾਣੀ ਕੌਰ ਦੱਸਦੀ ਹੈ ਕਿ ਬਹੁਤ ਵਾਰ ਇੱਕੋ ਟਾਈਮ ਹੀ ਘਰ ’ਚ ਰੋਟੀ ਬਣਦੀ ਹੈ। ਇੱਕ ਝੌਂਪੜੀ ਦਾ ਲੜਕਾ ਜੌਨ ਬਰਨਾਲਾ ਦੇ ਐੱਸਐੱਸਡੀ ਕਾਲਜ ’ਚ ਬੀਏ ਭਾਗ ਦੂਜਾ ਦਾ ਵਿਦਿਆਰਥੀ ਹੈ। ਜੌਨ ਪੰਜਾਬੀ ’ਵਰਸਿਟੀ ਦੇ ਯੂਥ ਫ਼ੈਸਟੀਵਲ ’ਚੋਂ ਸ਼ਬਦ ਗਾਇਣ ਅਤੇ ਫੋਕ ਆਰਕੈਸਟਰਾ ਮੁਕਾਬਲੇ ’ਚ ਸੋਨ ਤਗ਼ਮਾ ਜਿੱਤ ਚੁੱਕਾ ਹੈ। ਉਸ ਦੀ ਪ੍ਰੈਕਟਿਸ ਝੌਂਪੜੀ ’ਚ ਹੀ ਚੱਲਦੀ ਹੈ। ਇਸੇ ਤਰ੍ਹਾਂ ਝੁੱਗੀ ਝੌਂਪੜੀ ਦੀ ਲੜਕੀ ਸ਼ਾਲੂ ਗਾਇਕੀ ’ਚ ਮੁਹਾਰਤ ਰੱਖਦੀ ਹੈ ਅਤੇ ਹੁਣ ਉਸ ਦਾ ਦਾਖਲਾ ਪੰਜਾਬੀ ’ਵਰਸਿਟੀ ਦੇ ਸੰਗੀਤ ਕੋਰਸ ’ਚ ਹੋ ਗਿਆ ਹੈ। ਇੱਕ ਹੋਰ ਲੜਕੀ ਵਰਖਾ ਵੀ ਐੱਸਐੱਸਡੀ ਕਾਲਜ ’ਚ ਬੀਏ ਭਾਗ ਪਹਿਲਾ ’ਚ ਪੜ੍ਹ ਰਹੀ ਹੈ। ਉਹ ਵੀ ਸੰਗੀਤ ’ਚ ਚੰਗੀ ਮੁਹਾਰਤ ਰੱਖਦੀ ਹੈ। ਇਨ੍ਹਾਂ ਹੋਣਹਾਰਾਂ ਲਈ ਇਹ ਮੀਂਹ ਕਿਸੇ ਪ੍ਰੀਖਿਆ ਤੋਂ ਘੱਟ ਨਹੀਂ। ਇੱਕ ਝੌਂਪੜੀ ਮਾਲਕ ਰਾਜ ਕੁਮਾਰ ਨੇ ਦੱਸਿਆ ਕਿ ਬੱਚਿਆਂ ਨੂੰ ਪੜ੍ਹਾਉਣ ਲਈ ਗੁਰੂ ਨਾਨਕ ਸਲੱਮ ਸੇਵਾ ਮਿਸ਼ਨ ਸਾਲ 2006 ਤੋਂ ਕੰਮ ਕਰ ਰਿਹਾ ਹੈ।

       ਝੌਂਪੜੀਆਂ ਵਾਲਿਆਂ ਦਾ ਕਹਿਣਾ ਸੀ ਕਿ ਉਹ ਤਿੰਨ ਦਿਨਾਂ ਤੋਂ ਮੀਂਹ ’ਚ ਸਭ ਕੁੱਝ ਗੁਆ ਚੁੱਕੇ ਹਨ ਪਰ ਸਰਕਾਰ ਵੱਲੋਂ ਕੋਈ ਵੀ ਮਦਦ ਲਈ ਨਹੀਂ ਬਹੁੜਿਆ। ਗੁਰੂ ਨਾਨਕ ਸਲੱਮ ਸੇਵਾ ਮਿਸ਼ਨ ਦੇ ਮੁੱਖ ਸੇਵਾਦਾਰ ਭਾਨ ਸਿੰਘ ਜੱਸੀ ਅਤੇ ਤੇਜਿੰਦਰ ਸਿੰਘ (ਅਮਰੀਕਾ) ਆਖਦੇ ਹਨ ਕਿ ਝੁੱਗੀ ਝੌਂਪੜੀ ਵਾਲੇ ਬੱਚਿਆਂ ਨੂੰ ਪੜ੍ਹਾ-ਲਿਖਾ ਕੇ ਰੁਜ਼ਗਾਰ ਦਿਵਾਉਣਾ ਉਨ੍ਹਾਂ ਦਾ ਟੀਚਾ ਹੈ। ਜੱਸੀ ਨੇ ਦੱਸਿਆ ਕਿ ਬਰਨਾਲਾ ਦੀਆਂ ਝੌਂਪੜੀਆਂ ਦੇ ਚਾਰ ਬੱਚੇ ਉਚੇਰੀ ਸਿੱਖਿਆ ਹਾਸਲ ਕਰ ਰਹੇ ਹਨ ਅਤੇ ਹੁਣ ਮੀਂਹ ਨੇ ਇਨ੍ਹਾਂ ਬੱਚਿਆਂ ਲਈ ਮੁਸੀਬਤ ਖੜ੍ਹੀ ਕਰ ਦਿੱਤੀ ਹੈ। ਅੱਜ ਉਨ੍ਹਾਂ ਨੇ ਰਾਹਤ ਸਮੱਗਰੀ ਵੀ ਪਹੁੰਚਾਈ ਹੈ। ਉਨ੍ਹਾਂ ਕਿਹਾ ਕਿ ਆਗੂਆਂ ਨੇ ਕਦੇ ਵੀ ਇਨ੍ਹਾਂ ਗ਼ਰੀਬਾਂ ਦੀ ਬਾਂਹ ਨਹੀਂ ਫੜ੍ਹੀ।

Wednesday, January 22, 2025

                                                        ਸ਼ੁਭ ਪਹਿਲ
                          ਹੜ੍ਹਾਂ ਦੀ ਮਾਰ ਵਾਲੇ ‘ਰੈੱਡ ਜ਼ੋਨ’ ਸ਼ਨਾਖ਼ਤ
                                                      ਚਰਨਜੀਤ ਭੁੱਲਰ  

ਚੰਡੀਗੜ੍ਹ : ਪੰਜਾਬ ਵਿੱਚ ਹੜ੍ਹਾਂ ਦੀ ਮਾਰ ਵਾਲੇ ‘ਰੈੱਡ ਜ਼ੋਨ’ ਸ਼ਨਾਖ਼ਤ ਕੀਤੇ ਜਾ ਰਹੇ ਹਨ, ਜਿਨ੍ਹਾਂ ਵਾਸਤੇ ਡਰੋਨਾਂ ਦੀ ਮਦਦ ਨਾਲ ਸਰਵੇਖਣ ਹੋਵੇਗਾ। ਲੋਕ ਅਗੇਤਾ ਜਾਣ ਸਕਣਗੇ ਕਿ ਹੜ੍ਹਾਂ ਦਾ ਪਾਣੀ ਕਿਸ ਪਿੰਡ ਅਤੇ ਸ਼ਹਿਰ ’ਚ ਮਾਰ ਕਰੇਗਾ ਅਤੇ ਹੜ੍ਹਾਂ ਦੇ ਪਾਣੀ ਦਾ ਕਿੰਨਾ ਫੈਲਾਅ ਹੋਵੇਗਾ। ਜਲ ਸਰੋਤ ਵਿਭਾਗ ਵੱਲੋਂ ਤਿੰਨ ਮਹੀਨੇ ਤੋਂ ਇੱਕ ਪ੍ਰਾਜੈਕਟ ਸ਼ੁਰੂ ਕੀਤਾ ਗਿਆ ਹੈ, ਜਿਸ ਦਾ ਮਕਸਦ ਹੜ੍ਹਾਂ ਦੀ ਮਾਰ ਤੋਂ ਜਾਨੀ-ਮਾਲੀ ਨੁਕਸਾਨ ਘੱਟ ਕਰਨਾ ਹੈ। ਮਹਿਕਮੇ ਵੱਲੋਂ ਚਾਰ ਡਰੋਨ ਅਤੇ 15 ਡੀਜੀਪੀਐੱਸ ਖ਼ਰੀਦੇ ਗਏ ਹਨ। ਆਉਂਦੇ ਡੇਢ ਸਾਲ ਤੱਕ ਸਮੁੱਚੀਆਂ ਨਦੀਆਂ, ਨਾਲੇ ਤੇ ਚੋਆਂ ਦਾ ਸਰਵੇਖਣ ਮੁਕੰਮਲ ਹੋ ਜਾਵੇਗਾ। ਡੀਜੀਪੀਐੱਸ ਨਾਲ ਇਨ੍ਹਾਂ ਨਦੀਆਂ ਨਾਲਿਆਂ ਦੀ ਜ਼ਮੀਨ ਦਾ ਸਰਵੇਖਣ ਹੋਵੇਗਾ। ਜਲ ਸਰੋਤ ਵਿਭਾਗ ਦੇ ਮੁਲਾਜ਼ਮਾਂ ਨੂੰ ਤਕਨੀਕੀ ਮਾਹਿਰਾਂ ਤੋਂ ਸਿਖਲਾਈ ਦਿਵਾਈ ਜਾ ਰਹੀ ਹੈ ਅਤੇ ਇਹ ਸਟਾਫ਼ ਡਰੋਨਾਂ ਜ਼ਰੀਏ ‘ਡਿਜੀਟਲ ਐਲੀਵੇਸ਼ਨ ਮਾਡਲ’ ਸਰਵੇਖਣ ਕਰੇਗਾ। ਇਸ ਦੌਰਾਨ ਧਰਤੀ ਦੇ ਪੱਧਰ, ਕਿਹੜੇ ਇਲਾਕੇ ਨੀਵੇਂ ਹਨ ਤੇ ਪਾਣੀ ਦਾ ਕੁਦਰਤੀ ਵਹਾਅ ਕਿਸ ਪਾਸੇ ਵੱਲ ਹੈ, ਦੀ ਸ਼ਨਾਖ਼ਤ ਹੋਵੇਗੀ।

        ਪ੍ਰਤੀ ਡਰੋਨ ਕਰੀਬ 60 ਲੱਖ ਰੁਪਏ ਦਾ ਖਰਚਾ ਕੀਤਾ ਗਿਆ ਹੈ। ਹਰ ਨਦੀ, ਨਾਲੇ ਤੇ ਚੋਅ ਦਾ ਰਿਕਾਰਡ ਤਿਆਰ ਕੀਤਾ ਜਾ ਰਿਹਾ ਹੈ, ਜਿਸ ’ਚ ਹਰ ਖ਼ਸਰਾ ਨੰਬਰ ਦੀ ਸ਼ਨਾਖ਼ਤ ਵੀ ਹੋ ਜਾਵੇਗੀ। ਕਿਸੇ ਨਦੀ ਵਿਚਲਾ ਹੜ੍ਹ ਕਿਸ ਖ਼ਿੱਤੇ ਤੱਕ ਮਾਰ ਕਰੇਗਾ, ਇਸ ਦਾ ਅਗੇਤਾ ਅਨੁਮਾਨ ਹੋ ਜਾਇਆ ਕਰੇਗਾ। ਚੇਤੇ ਰਹੇ ਕਿ ਜਦੋਂ ਵੀ ਹੜ੍ਹ ਆਉਂਦੇ ਹਨ ਤਾਂ ਉਹ ਤਬਾਹੀ ਮਚਾਉਂਦੇ ਹਨ ਅਤੇ ਲੋਕਾਂ ਦਾ ਭਾਰੀ ਜਾਨੀ-ਮਾਲੀ ਨੁਕਸਾਨ ਵੀ ਹੋ ਜਾਂਦਾ ਹੈ। ਕੋਈ ਅੰਦਾਜ਼ਾ ਲਾਉਣਾ ਮੁਸ਼ਕਲ ਹੁੰਦਾ ਹੈ ਕਿ ਉੱਪਰੋਂ ਆਇਆ ਪਾਣੀ ਕਿੰਨੇ ਖ਼ਿੱਤੇ ਨੂੰ ਲਪੇਟ ਵਿਚ ਲਵੇਗਾ। ਮਾਲ ਮਹਿਕਮੇ ਤੋਂ ਵੀ ਨਿਸ਼ਾਨਦੇਹੀਆਂ ਲਈ ਸਹਿਯੋਗ ਲਿਆ ਗਿਆ ਸੀ। ਜਲ ਸਰੋਤ ਵਿਭਾਗ ਹੁਣ ਹਰ ਨਦੀ ਨਾਲੇ ਦੀ ਜ਼ਮੀਨ ਦਾ ਡੇਟਾ ਤਿਆਰ ਕਰ ਰਿਹਾ ਹੈ। ਪਹਾੜੀ ਤੇ ਕੰਡੀ ਖੇਤਰ ਵਿਚ ਚੋਆਂ ਦੇ ਪਾਣੀ ਦੀ ਵੱਡੀ ਮਾਰ ਪੈਂਦੀ ਹੈ। ਜਲ ਸਰੋਤ ਵਿਭਾਗ ਵੱਲੋਂ ਡਿਜੀਟਲ ਤਕਨਾਲੋਜੀ ਦਾ ਸਹਾਰਾ ਲਿਆ ਜਾ ਰਿਹਾ ਹੈ।

        ਇਸ ਸਰਵੇਖਣ ਜ਼ਰੀਏ ਜੋ ਹੜ੍ਹਾਂ ਤੋਂ ਵੱਧ ਪ੍ਰਭਾਵਿਤ ਖੇਤਰ ਸ਼ਨਾਖ਼ਤ ਹੋਣਗੇ, ਉਨ੍ਹਾਂ ਵਿਚ ਵੱਡੇ ਪ੍ਰਾਜੈਕਟਾਂ ਦੀ ਉਸਾਰੀ ’ਤੇ ਮਨਾਹੀ ਕਰਨ ਦੀ ਤਜਵੀਜ਼ ਵੀ ਬਣ ਸਕਦੀ ਹੈ। ਹੜ੍ਹਾਂ ਵਿਚ ਕਈ ਵਾਰ ਸਕੂਲ, ਕਾਲਜ ਅਤੇ ਹਸਪਤਾਲ ਡੁੱਬ ਜਾਂਦੇ ਹਨ ਪਰ ਇਸ ਸਰਵੇਖਣ ਦੇ ਮੁਕੰਮਲ ਹੋਣ ਮਗਰੋਂ ਹੜ੍ਹਾਂ ਦੀ ਅਦਾਰਿਆਂ ’ਤੇ ਪੈਣ ਵਾਲੀ ਮਾਰ ਦਾ ਵੀ ਅਗੇਤਾ ਇਲਮ ਹੋ ਜਾਇਆ ਕਰੇਗਾ। ਸੂਤਰਾਂ ਅਨੁਸਾਰ ਜਦੋਂ ਵੀ ਸੰਭਾਵੀ ਹੜ੍ਹ ਆਉਣਗੇ, ਉਸ ਤੋਂ ਪਹਿਲਾਂ ਇਸ ਸਰਵੇਖਣ ਜ਼ਰੀਏ ਲੋਕਾਂ ਨੂੰ ਆਪਣੇ ਬਚਾਅ ਲਈ ਸਮਾਂ ਮਿਲ ਸਕੇਗਾ। ਫ਼ਸਲੀ ਨੁਕਸਾਨ ਤੋਂ ਬਚਾਅ ਵੀ ਹੋਵੇਗਾ। ਪੰਜਾਬ ਵਿਚ ਬਹੁਤੀ ਜ਼ਮੀਨ ਉਪਜਾਊ ਹੈ ਅਤੇ ਹੜ੍ਹਾਂ ਨਾਲ ਫ਼ਸਲੀ ਨੁਕਸਾਨ ਹੋਣ ਕਰਕੇ ਕਿਸਾਨੀ ਨੂੰ ਵੱਡੀ ਵਿੱਤੀ ਸੱਟ ਵੱਜਦੀ ਹੈ। ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਨਵੇਂ ਸਰਵੇਖਣ ਨਾਲ ਨਦੀਆਂ-ਨਾਲਿਆਂ ਦੀ ਜ਼ਮੀਨ ਦੀ ਸ਼ਨਾਖ਼ਤ ਹੋ ਜਾਵੇਗੀ ਅਤੇ ਹੜ੍ਹਾਂ ਦੀ ਮਾਰ ਦਾ ਅਗੇਤਾ ਅਨੁਮਾਨ ਵੀ ਲੱਗ ਜਾਇਆ ਕਰੇਗਾ।

Thursday, August 24, 2023

                                                         ਦੋ ਗਜ਼ ਜ਼ਮੀਨ 
                                  ਮੋਇਆਂ ਦੀ ਰੁਲ ਗਈ ਮਿੱਟੀ..!
                                                         ਚਰਨਜੀਤ ਭੁੱਲਰ  

ਚੰਡੀਗੜ੍ਹ : ਪੰਜਾਬ ਵਿਚ ਹੜ੍ਹਾਂ ਦਾ ਇੱਕ ਮੰਜ਼ਰ ਇਹ ਵੀ ਹੈ ਕਿ ਮੋਇਆਂ ਦੀ ਮਿੱਟੀ ਵੀ ਰੁਲ ਰਹੀ ਹੈ। ਦਰਜਨਾਂ ਪਿੰਡਾਂ ਦੇ ਸਿਵਿਆਂ ’ਚ ਪਾਣੀ ਭਰ ਗਿਆ ਹੈ। ਜਦੋਂ ਵੀ ਪੰਜਾਬ ’ਚ ਕਿਤੇ ਹੜ੍ਹ ਆਉਂਦੇ ਹਨ ਤਾਂ ਇਕੱਲੇ ਜਿਉਂਦੇ ਹੀ ਸੰਤਾਪ ਨਹੀਂ ਭੋਗਦੇ ਬਲਕਿ ਮੋਇਆਂ ਨੂੰ ਵੀ ਚੈਨ ਨਸੀਬ ਨਹੀਂ ਹੁੰਦਾ। ਲੋਹੀਆ ਇਲਾਕੇ ਦੇ ਪਿੰਡ ਗਿੱਦੜ ਪਿੰਡੀ ’ਚ ਜਦੋਂ ਵੀ ਹੜ੍ਹ ਆਏ, ਮੋਇਆਂ ’ਤੇ ਵੀ ਆਫ਼ਤ ਬਣ ਕੇ  ਡਿੱਗੇ।ਪਿੰਡ ਗਿੱਦੜਪਿੰਡੀ ਵਿਚ ਦੋ ਸ਼ਮਸ਼ਾਨਘਾਟ ਹਨ। ਜਦੋਂ ਸੂਬੇ ਵਿਚ ਜੁਲਾਈ ਮਹੀਨੇ ਵਿਚ ਹੜ੍ਹ ਆਇਆ ਤਾਂ  ਪਿੰਡ ਦਾ ਬਜ਼ੁਰਗ ਸੋਹਣ ਸਿੰਘ ਚੱਲ ਵਸਿਆ। ਸਿਵਿਆਂ ਵਿਚ ਪਾਣੀ ਭਰਿਆ ਹੋਇਆ ਸੀ। ਜਦੋਂ ਕਿਧਰੇ ਕੋਈ ਸੁੱਕਾ ਥਾਂ ਨਾ ਲੱਭਿਆ ਤਾਂ ਪਰਿਵਾਰ ਵਾਲਿਆਂ  ਨੂੰ 90 ਸਾਲ ਦੇ ਬਜ਼ੁਰਗ ਦਾ ਸਸਕਾਰ ਸੜਕ ਕਿਨਾਰੇ ਕਰਨਾ ਪਿਆ।

         ਦੱਸਦੇ ਹਨ ਕਿ ਜਦੋਂ ਚਾਰ  ਸਾਲ ਪਹਿਲਾਂ ਹੜ੍ਹ ਆਏ ਸਨ  ਤਾਂ ਉਦੋਂ ਪਿੰਡ ਦੀ ਇੱਕ ਔਰਤ ਦਾ ਸਸਕਾਰ ਵੀ ਸੜਕ ਕਿਨਾਰੇ ਕਰਨਾ ਪਿਆ ਸੀ। ਇਸੇ ਤਰ੍ਹਾਂ ਸੁਲਤਾਨਪੁਰ ਲੋਧੀ ਦੇ ਪਿੰਡ ਬਾਊਪੁਰ ਕਦੀਮ ਵਿਚ ਹੋਇਆ। ਪਿੰਡ ਦੇ ਸਿਵੇ ਹੜ੍ਹਾਂ ਦੇ ਪਾਣੀ ਵਿਚ ਡੁੱਬੇ ਹੋਏ ਸਨ। ਪਿੰਡ ਦੇ 54 ਵਰਿ੍ਹਆਂ ਦੇ ਟਹਿਲ ਸਿੰਘ ਦੀ ਮੌਤ ਹੋ ਗਈ।  ਦੱਸਦੇ ਹਨ ਕਿ ਬਿਮਾਰ ਟਹਿਲ ਸਿੰਘ ਨੂੰ ਪਹਿਲਾਂ ਜਿਉਂਦੇ ਜੀਅ ਕਿਸ਼ਤੀ ਨਾ ਮਿਲੀ ਜਿਸ ਕਰਕੇ ਹਸਪਤਾਲ ਨਹੀਂ ਲਿਜਾਇਆ ਜਾ ਸਕਿਆ।  ਜਦੋਂ ਫ਼ੌਤ ਹੋ ਗਿਆ ਤਾਂ ਸਿਵੇ ਨਸੀਬ ਨਾ ਹੋਏ।  ਆਖ਼ਰ ਪਰਿਵਾਰ ਵਾਲਿਆਂ ਨੂੰ ਮਜਬੂਰੀ ਵਿਚ ਟਹਿਲ ਸਿੰਘ ਦਾ ਸਸਕਾਰ ਘਰ ਵਿਚ ਹੀ ਕਰਨਾ ਪਿਆ। ਸਰਦੂਲਗੜ੍ਹ ਇਲਾਕੇ ਵਿਚ ਘੱਗਰ ਦੀ ਮਾਰ ਜਦੋਂ ਪੈਂਦੀ ਹੈ ਤਾਂ ਅਜਿਹਾ ਅਕਸਰ ਵਾਪਰ ਜਾਂਦਾ ਹੈ। 

        ਕਾਫ਼ੀ ਸਾਲ ਪਹਿਲਾਂ ਜਦੋਂ ਹੜ੍ਹ ਆਏ ਸਨ ਤਾਂ ਉਦੋਂ ਪਿੰਡ ਸਾਧੂਵਾਲਾ ਦੇ ਸਿਵਿਆਂ ਵਿਚ ਪਾਣੀ  ਭਰ ਗਿਆ ਸੀ । ਪਿੰਡ ਦੀ ਔਰਤ ਭਰੀਆ ਦੇਵੀ ਦਾ ਸਸਕਾਰ ਸਰਦੂਲਗੜ੍ਹ ਦੇ ਸ਼ਮਸ਼ਾਨਘਾਟ ਵਿਚ ਕਰਨਾ ਪਿਆ ਸੀ। ਇਸੇ ਹਲਕੇ ਦੇ ਫੂਸ ਮੰਡੀ ਦੇ ਕਾਲਾ ਰਾਮ ਨੂੰ ਵੀ ਸਿਵੇ ਨਸੀਬ ਨਹੀਂ ਹੋਏ ਸਨ। ਫ਼ਾਜ਼ਿਲਕਾ ਜ਼ਿਲ੍ਹੇ ਚੋਂ ਤਿੰਨ ਦਿਨ ਪਹਿਲਾਂ  17 ਵਰਿ੍ਹਆਂ ਦੇ ਨੌਜਵਾਨ ਅਮਰਜੀਤ ਸਿੰਘ ਦੀ ਮ੍ਰਿਤਕ ਦੇਹ ਪਾਣੀ ਚੋਂ ਮਿਲੀ ਹੈ ਜੋ ਘਰੋਂ ਹੜ੍ਹ ਪੀੜਤਾਂ ਦੀ ਮਦਦ ਲਈ ਗਿਆ ਸੀ। ਜਦੋਂ ਉਹ ਦੂਸਰੇ ਪਿੰਡ ਆਪਣੇ ਦੋ ਹੋਰ ਸਾਥੀਆਂ ਨਾਲ ਹੜ੍ਹ ਪੀੜਤਾਂ ਦੀ ਮਦਦ ਲਈ ਜਾ ਰਿਹਾ ਸੀ ਤਾਂ ਉਹ ਤਿੰਨੋ ਜਣੇ ਪਾਣੀ ਵਿਚ ਰੁੜ੍ਹ ਗਏ। ਦੋ ਨੌਜਵਾਨ ਤਾਂ ਬਚਾ ਲਏ ਗਏ ਸਨ ਪ੍ਰੰਤੂ ਉਹ ਪਾਣੀ ਵਿਚ ਰੁੜ੍ਹ ਗਿਆ ਸੀ। ਤਿੰਨ ਦਿਨ ਪਹਿਲਾਂ ਉਸ ਦੀ ਮ੍ਰਿਤਕ ਦੇਹ ਮਿਲੀ ਹੈ।  

         ਪਿੰਡ ਹਸਤਾ ਕਲਾਂ ਦਾ ਇਹ ਨੌਜਵਾਨ ਨਾਨ ਮੈਡੀਕਲ ਦਾ ਵਿਦਿਆਰਥੀ ਹੈ। ਪਿੰਡ ਦੇ ਸਰਪੰਚ ਜੰਗੀਰ ਸਿੰਘ ਨੇ ਦੱਸਿਆ ਕਿ ਐਨਡੀਆਰਐਫ ਦੀ ਟੀਮ  ਨੇ ਮ੍ਰਿਤਕ ਦੇਹ ਨੂੰ ਲੱਭਿਆ ਹੈ। ਜਦੋਂ ਇਹ ਟੀਮ ਕਿਸ਼ਤੀ ’ਤੇ ਨੌਜਵਾਨ ਦੀ ਮ੍ਰਿਤਕ ਦੇਹ ਲੈ ਕੇ ਪੁੱਜੀ ਤਾਂ ਪੂਰਾ ਪਿੰਡ ਸੋਗ ਵਿਚ ਡੁੱਬਾ ਹੋਇਆ ਸੀ। ਕਪੂਰਥਲਾ ਜ਼ਿਲ੍ਹੇ ਦੇ ਪਿੰਡ ਨੰਗਲ ਲੁਬਾਣਾ ਦਾ ਨੌਜਵਾਨ ਸੁਖਵਿੰਦਰ ਸਿੰਘ ਉਰਫ਼ ਨਿੱਕਾ ਹੜ੍ਹ ਆਉਣ ਮਗਰੋਂ ਧੁੱਸੀ ਬੰਨ੍ਹ ’ਤੇ ਪਾਣੀ ਦੇਖਣ ਗਿਆ ਸੀ। ਪਿੰਡ ਦਾ ਸਰਪੰਚ ਅਜਮੇਰ ਸਿੰਘ ਦੱਸਦਾ ਹੈ ਕਿ ਪਿੰਡ ਵਿਚ ਤਾਂ ਹੜ੍ਹਾਂ ਦਾ ਪਾਣੀ ਨਹੀਂ ਆਇਆ ਸੀ ਪ੍ਰੰਤੂ ਸੁਖਵਿੰਦਰ ਸਿੰਘ ਦੀ  ਜਾਨ ਪਾਣੀ ਦੇਖਣ ਦੇ ਚੱਕਰ ਵਿਚ ਚਲੀ ਗਈ।  ਇਕੱਲਾ ਇਹੋ ਹੀ ਨਹੀਂ ਹੈ ਬਲਕਿ ਜਦੋਂ ਹੜ੍ਹ ਚੜ੍ਹਦੇ ਹਨ ਤਾਂ ਪੰਜਾਬ ਵਿਚ ਸੈਂਕੜੇ ਲੋਕਾਂ ਦੇ ਅਰਮਾਨ ਤੇ ਸੱਧਰਾਂ ਵੀ ਡੁੱਬ ਜਾਂਦੀਆਂ ਹਨ। ਜਿਨ੍ਹਾਂ ਧੀਆਂ ਭੈਣਾਂ ਦੇ ਵਿਆਹ ਸਾਹੇ ਧਰੇ ਹੁੰਦੇ ਹਨ, ਉਨ੍ਹਾਂ ਦੇ ਰੰਗ ਵਿਚ ਵੀ ਭੰਗ ਪੈ ਜਾਂਦੀ ਹੈ।