Friday, October 24, 2025

                                                         ਕੌਣ ਲਊ ਸਾਰ 
                           ਪੰਜ ਹਜ਼ਾਰ ਏਕੜ ਜ਼ਮੀਨ ਦਰਿਆ ਬੁਰਦ 
                                                        ਚਰਨਜੀਤ ਭੁੱਲਰ

ਚੰਡੀਗੜ੍ਹ :ਠਾਨਕੋਟ ਦੇ ਬਮਿਆਲ ਦਾ ਕਿਸਾਨ ਮੇਜਰ ਸਿੰਘ ਹੜ੍ਹਾਂ ਦੀ ਤਬਾਹੀ ਨੂੰ ਕਦੇ ਭੁੱਲ ਨਹੀਂ ਸਕੇਗਾ। ਉਸ ਦੀ ਇਕੱਲੀ ਪੈਲੀ ਹੀ ਨਹੀਂ ਬਲਕਿ ਜ਼ਮੀਨ ਵੀ ਦਰਿਆ ’ਚ ਰੁੜ੍ਹ ਗਈ ਹੈ। ਜੰਮੂ ਕਸ਼ਮੀਰ ਚੋਂ ਆਉਂਦੇ ਉਜ ਦਰਿਆ ’ਚ ਝੋਨੇ ਸਮੇਤ ਜ਼ਮੀਨ ਚਲੀ ਗਈ, ਸੋਲਰ ਪਲਾਂਟ ਰੁੜ੍ਹ ਗਿਆ ਅਤੇ ਇੱਥੋਂ ਤੱਕ ਟਿਊਬਵੈੱਲ ਦਾ ਨਾਮੋ ਨਿਸ਼ਾਨ ਵੀ ਮਿਟ ਗਿਆ। ਏਦਾਂ ਦੇ ਹਜ਼ਾਰਾਂ ਕਿਸਾਨ ਹਨ ਜੋ ਹੜ੍ਹਾਂ ’ਚ ਜ਼ਮੀਨਾਂ ਤੋਂ ਵੀ ਹੱਥ ਧੋ ਬੈਠੇ ਹਨ। ਦਰਿਆਵਾਂ ਦੇ ਦਿਸ਼ਾ ਬਦਲੀ ਅਤੇ ਜ਼ਮੀਨਾਂ ਦਰਿਆ ’ਚ ਹੀ ਸਮਾ ਗਈਆਂ। ਉਨ੍ਹਾਂ ਕੋਲ ਨੇੜ ਭਵਿੱਖ ’ਚ ਜ਼ਮੀਨ ਵਾਪਸੀ ਦੀ ਕੋਈ ਸੰਭਾਵਨਾ ਨਹੀਂ ਬਚੀ। ਪੰਜਾਬ ’ਚ ਪੰਜ ਲੱਖ ਏਕੜ ਜ਼ਮੀਨ ਵੱਖਰੀ ਪ੍ਰਭਾਵਿਤ ਹੋਈ ਹੈ। ਵੇਰਵਿਆਂ ਅਨੁਸਾਰ ਸਮੁੱਚੇ ਪੰਜਾਬ ’ਚ 5307 ਏਕੜ ਜ਼ਮੀਨ ਦਰਿਆ ਬੁਰਦ ਹੋਈ ਹੈ। ਮਾਲ ਮਹਿਕਮੇ ਤਰਫ਼ੋਂ ਹੁਣ ਜਦੋਂ ਫ਼ਸਲੀ ਖ਼ਰਾਬੇ ਦੀ ਸਪੈਸ਼ਲ ਗਿਰਦਾਵਰੀ ਕੀਤੀ ਗਈ ਤਾਂ ਇਨ੍ਹਾਂ ਜ਼ਮੀਨਾਂ ਦੇ ਦਰਿਆਵਾਂ ’ਚ ਰੁੜ੍ਹ ਜਾਣ ਦੀ ਹਕੀਕਤ ਪਤਾ ਲੱਗੀ। 

        ਪੰਜਾਬ ’ਚ ਆਖ਼ਰੀ ਵਾਰ ਦਰਿਆਵਾਂ ’ਚ 1988 ’ਚ ਜ਼ਮੀਨਾਂ ਰੁੜ੍ਹੀਆਂ ਸਨ। ਉਸ ਮਗਰੋਂ ਕਦੇ ਦਰਿਆਵਾਂ ਨੇ ਏਨੀ ਵੱਡੀ ਪੱਧਰ ’ਤੇ ਜ਼ਮੀਨਾਂ ਨੂੰ ਢਾਹ ਨਹੀਂ ਲਾਈ ਸੀ। ਪੰਜਾਬ ਦੇ ਅੱਠ ਜ਼ਿਲ੍ਹੇ ਬਚੇ ਹਨ ਜੋ ਦਰਿਆਵਾਂ ਤੋਂ ਦੂਰ ਹਨ ਅਤੇ ਜਿਨ੍ਹਾਂ ਦੀਆਂ ਜ਼ਮੀਨਾਂ ਰੁੜ੍ਹਨ ਤੋਂ ਬਚੀਆਂ ਹਨ। ਰਾਵੀ, ਸਤਲੁਜ ਤੇ ਬਿਆਸ ਦਰਿਆ ’ਚ ਸੈਂਕੜੇ ਏਕੜ ਜ਼ਮੀਨ ਰੁੜ੍ਹ ਚੁੱਕੀ ਹੈ। ਅੰਮ੍ਰਿਤਸਰ ਜ਼ਿਲ੍ਹੇ ਦੀ 1515 ਏਕੜ, ਫ਼ਿਰੋਜ਼ਪੁਰ ਦੀ 1101 ਏਕੜ, ਗੁਰਦਾਸਪੁਰ ਦੀ 544 ਏਕੜ, ਨਵਾਂ ਸ਼ਹਿਰ ਦੀ 539 ਏਕੜ ਅਤੇ ਕਪੂਰਥਲਾ ਜ਼ਿਲ੍ਹੇ ਦੀ 376 ਏਕੜ ਜ਼ਮੀਨ ਦਰਿਆ ਬੁਰਦ ਹੋ ਗਈ ਹੈ। ਫ਼ਿਰੋਜ਼ਪੁਰ ਦੇ ਪਿੰਡ ਟੇਂਡੀਵਾਲਾ ਦੀ 150 ਏਕੜ ਜ਼ਮੀਨ ਦਰਿਆ ’ਚ ਵਹਿ ਗਈ। ਕਿਸਾਨ ਬਲਬੀਰ ਸਿੰਘ ਆਖਦਾ ਹੈ ਕਿ ਉਸ ਦੀ ਪੰਜ ਏਕੜ ਜ਼ਮੀਨ ਰੁੜ੍ਹ ਗਈ ਹੈ ਅਤੇ ਜ਼ਮੀਨਾਂ ਨੇ ਦਰਿਆ ਦੀ ਸ਼ਕਲ ਲੈ ਲਈ ਹੈ। ਉਹ ਆਖਦਾ ਹੈ ਕਿ 1988 ਤੋਂ ਬਾਅਦ ਪਹਿਲੀ ਵਾਰ ਇਹ ਵਰਤਾਰਾ ਦੇਖਣ ਨੂੰ ਮਿਲਿਆ ਹੈ। 

       ਪਿੰਡ ਕਾਲੂਵਾਲਾ ਦੇ ਬਚਨ ਸਿੰਘ ਨੰਬਰਦਾਰ ਦੀ ਛੇ ਏਕੜ ਜ਼ਮੀਨ ਦਰਿਆ ’ਚ ਚਲੀ ਗਈ। ਉਹ ਆਖਦਾ ਹੈ ਕਿ ਸਤਲੁਜ ਦਰਿਆ ਦਾ ਘੇਰਾ ਵਧ ਗਿਆ ਹੈ। ਮਾਹਿਰ ਆਖਦੇ ਹਨ ਕਿ ਦਰਿਆ ਹਰ ਅੱਠ ਦਸ ਸਾਲ ਬਾਅਦ 100 ਤੋਂ 200 ਫੁੱਟ ਰਸਤਾ ਬਦਲ ਲੈਂਦੇ ਹਨ। ਦਰਿਆਵਾਂ ਨੇੜਲੀ ਜ਼ਮੀਨ ਅਕਸਰ ਪਾਣੀ ਦੀ ਮਾਰ ’ਚ ਆ ਜਾਂਦੀ ਹੈ। ਖੇਤੀ ਅਧਿਕਾਰੀ ਦੱਸਦੇ ਹਨ ਕਿ ਹੁਣ ਤਿੰਨ ਤੋਂ ਚਾਰ ਸਾਲ ਤੱਕ ਇਹ ਜ਼ਮੀਨ ਵਾਹੀਯੋਗ ਨਹੀਂ ਰਹਿਣਗੀਆਂ। ਚਰਚੇ ਇਹ ਵੀ ਹਨ ਕਿ ਦਰਿਆਵਾਂ ’ਚ ਹੁੰਦੀ ਮਾਈਨਿੰਗ ਕਾਰਨ ਜ਼ਮੀਨ ਖੋਖਲੀ ਹੋ ਜਾਂਦੀ ਹੈ ਅਤੇ ਨੇੜਲੀ ਜ਼ਮੀਨ ਲਪੇਟ ’ਚ ਆ ਜਾਂਦੀ ਹੈ। 

         ਜ਼ਮੀਨ ਗੁਆ ਬੈਠੇ ਕਿਸਾਨਾਂ ਨੂੰ ਸਰਕਾਰ ਨੇ ਮੁਆਵਜ਼ਾ ਸਿਰਫ਼ ਸੌ ਫ਼ੀਸਦੀ ਫ਼ਸਲ ਖ਼ਰਾਬੇ ਵਾਲਾ ਹੀ ਦੇਣਾ ਹੈ। ਸਰਹੱਦੀ ਕਿਸਾਨਾਂ ਦੇ ਸੀਨੀਅਰ ਆਗੂ ਸੁਰਜੀਤ ਸਿੰਘ ਦਾ ਕਹਿਣਾ ਸੀ ਕਿ ਦਰਿਆਵਾਂ ’ਚ ਜ਼ਮੀਨਾਂ ਗੁਆਉਣ ਵਾਲੇ ਕਿਸਾਨਾਂ ਦਾ ਮਾਮਲਾ ਸਪੈਸ਼ਲ ਕੇਸ ਵਜੋਂ ਵਿਚਾਰਿਆ ਜਾਣਾ ਚਾਹੀਦਾ ਹੈ ਕਿਉਂਕਿ ਇਨ੍ਹਾਂ ਕਿਸਾਨਾਂ ਦੀ ਸਿਰਫ਼ ਮੌਜੂਦਾ ਫ਼ਸਲ ਹੀ ਤਬਾਹ ਨਹੀਂ ਹੋਈ ਬਲਕਿ ਹੁਣ ਭਵਿੱਖ ’ਚ ਵੀ ਕਿਸਾਨ ਇਨ੍ਹਾਂ ਜ਼ਮੀਨਾਂ ’ਤੇ ਖੇਤੀ ਕਰਨ ਤੋਂ ਵਿਰਵੇ ਹੋ ਜਾਣਗੇ। ਕੰਡਿਆਲੀ ਤਾਰ ਤੋਂ ਪਾਰ ਦੇ ਕਿਸਾਨਾਂ ਦੀ ਹੋਣੀ ਵੀ ਇਸੇ ਤਰ੍ਹਾਂ ਦੀ ਹੀ ਹੈ। ਹੁਣ ਇਹ ਜ਼ਮੀਨਾਂ ਦਰਿਆਵਾਂ ’ਚ ਤਬਦੀਲ ਹੋ ਗਈਆਂ ਹਨ ਅਤੇ ਇਸ ਵੇਲੇ ਇਨ੍ਹਾਂ ’ਚ ਪਾਣੀ ਚੱਲ ਰਿਹਾ ਹੈ।

                 ਦਰਿਆ ਬੁਰਦ ਜ਼ਮੀਨ ਦਾ ਵੇਰਵਾ

ਜ਼ਿਲ੍ਹੇ ਦਾ ਨਾਮ                 ਦਰਿਆ ’ਚ ਰੁੜ੍ਹੀ ਜ਼ਮੀਨ

ਅੰਮ੍ਰਿਤਸਰ                     1515 ਏਕੜ

ਫ਼ਿਰੋਜ਼ਪੁਰ                     1101 ਏਕੜ

ਗੁਰਦਾਸਪੁਰ                        544 ਏਕੜ

ਨਵਾਂ ਸ਼ਹਿਰ                          539 ਏਕੜ

ਕਪੂਰਥਲਾ                      376 ਏਕੜ

ਲੁਧਿਆਣਾ                      264 ਏਕੜ

ਫ਼ਾਜ਼ਿਲਕਾ                      244 ਏਕੜ

ਮੁਹਾਲੀ                        208 ਏਕੜ


No comments:

Post a Comment