Friday, October 24, 2025

                                                              ਸਸਤਾ ਝੋਨਾ 
                                  ਬੋਗਸ ਖਰੀਦ ਦਾ ਧੂੰਆਂ ਉੱਠਿਆ
                                                           ਚਰਨਜੀਤ ਭੁੱਲਰ

ਚੰਡੀਗੜ੍ਹ : ਪੰਜਾਬ 'ਚ ਝੋਨੇ ਦੀ ਮੁੜ ਬੋਗਸ ਖ਼ਰੀਦ ਹੋਣ ਦਾ ਧੂੰਆਂ ਉੱਠਿਆ ਹੈ। ਦੂਜੇ ਸੂਬਿਆ 'ਚ ਘੱਟ ਭਾਅ 'ਤੇ ਝੋਨਾ ਲਿਆ ਕੇ ਪੰਜਾਬ ਦੀਆਂ ਮੰਡੀਆਂ 'ਚ ਘੱਟੋ-ਘੱਟ ਸਮਰਥਨ ਮੁੱਲ 'ਤੇ ਵੇਚੇ ਜਾਣ ਦੇ ਮਾਮਲੇ ਸਾਹਮਣੇ ਆਏ ਹਨ। ਪੰਜਾਬ ਸਰਕਾਰ ਨੂੰ ਇਸ ਰੁਝਾਨ ਨੇ ਹਿਲਾ ਦਿੱਤਾ ਹੈ ਕਿਉਂਕਿ ਕੇਂਦਰ ਸਰਕਾਰ ਕਿਸੇ ਸਮੇਂ ਵੀ ਸ਼ਿਕੰਜਾ ਕਸ ਸਕਦੀ ਹੈ। ਪਿਛਲੀ ਸਰਕਾਰ ਵੇਲੇ ਬੋਗਸ ਖ਼ਰੀਦ ਹੋਣ ਦਾ ਕੇਂਦਰ ਨੇ ਸਖ਼ਤ ਨੋਟਿਸ ਲਿਆ ਸੀ ਜਿਸ ਦਾ ਅਸਰ ਪੰਜਾਬ 'ਤੇ ਸਿੱਧਾ ਪਿਆ ਸੀ। ਮੌਜੂਦਾ ਖ਼ਰੀਦ ਸੀਜ਼ਨ ਦੌਰਾਨ ਦੂਸਰੇ ਸੂਬਿਆਂ 'ਚ ਆਏ ਅਣ-ਅਧਿਕਾਰਤ ਝੋਨੇ ਦੇ ਜ਼ਿਲ੍ਹਾ ਮੁਕਤਸਰ, ਫ਼ਾਜ਼ਿਲਕਾ ਅਤੇ ਫ਼ਰੀਦਕੋਟ 'ਚ ਤਿੰਨ ਕੇਸ ਦਰਜ ਹੋ ਚੁੱਕੇ ਹਨ। ਸੂਬੇ 'ਚ ਹੜ੍ਹਾਂ ਕਾਰਨ ਕਰੀਬ ਪੰਜ ਲੱਖ ਏਕੜ ਰਕਬਾ ਸਿੱਧੇ ਤੌਰ 'ਤੇ ਪ੍ਰਭਾਵਿਤ ਹੋਇਆ ਹੈ ਅਤੇ ਮੀਹਾਂ ਕਾਰਨ ਝੋਨੇ ਦਾ ਝਾੜ ਵੀ ਘੱਟ ਨਿਕਲ ਰਿਹਾ ਹੈ। ਚੌਲ ਮਿੱਲ ਮਾਲਕਾਂ ਨੂੰ ਪੈਦਾਵਾਰ ਘਟਣ ਕਰ ਕੇ ਸਮਰੱਥਾ ਮੁਤਾਬਿਕ ਝੋਨਾ ਨਹੀਂ ਮਿਲ ਰਿਹਾ ਹੈ। ਦੂਸਰੇ ਸੂਬਿਆਂ 'ਚੋਂ ਝੋਨਾ ਕਾਫ਼ੀ ਸਸਤਾ ਵੀ ਮਿਲ ਜਾਂਦਾ ਹੈ। 

         ਸੂਬੇ 'ਚ ਦਰਜਨਾਂ ਦਲਾਲ ਸਰਗਰਮ ਹਨ ਜੋ ਇਸ ਕਾਲੇ ਧੰਦੇ `ਚ ਜੁਟੇ ਹੋਏ ਹਨ। ਪੰਜਾਬ 'ਚ 22 ਅੰਤਰ-ਰਾਜੀ ਨਾਕੇ ਹਨ ਜਿਨ੍ਹਾਂ 'ਤੇ ਪਹਿਰੇਦਾਰੀ ਦੇ ਬਾਵਜੂਦ ਰਾਜਸਥਾਨ, ਬਿਹਾਰ, ਉੱਤਰ ਪ੍ਰਦੇਸ਼ ਆਦਿ ਤੋਂ ਝੋਨਾ ਸਸਤੇ ਭਾਅ 'ਤੇ ਲਿਆ ਕੇ ਵੇਚਿਆ ਜਾ ਰਿਹਾ ਹੈ।ਖ਼ੁਰਾਕ ਸਿਵਲ ਸਪਲਾਈਜ਼ ਅਤੇ ਖਪਤਕਾਰ ਮਾਮਲਿਆਂ ਬਾਰੇ ਵਿਭਾਗ ਦੇ ਪ੍ਰਮੁੱਖ ਸਕੱਤਰ ਨੇ ਦੋ ਹਫ਼ਤੇ ਪਹਿਲਾਂ ਪੰਜਾਬ ਦੇ ਡੀ ਜੀ ਪੀ ਨੂੰ ਪੱਤਰ ਲਿਖਿਆ ਸੀ ਕਿ ਕੁੱਝ ਸ਼ਰਾਰਤੀ ਅਨਸਰਾਂ ਵੱਲੋਂ ਦੂਜੇ ਸੂਬਿਆਂ 'ਚੋਂ ਘੱਟ ਰੇਟ 'ਤੇ ਝੋਨਾ ਲਿਆ ਕੇ ਪੰਜਾਬ `ਚ ਸਰਕਾਰੀ ਭਾਅ ਤੇ ਵੇਚੇ ਜਾਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜਿਸ ਨਾਲ ਬੋਗਸ ਖ਼ਰੀਦ ਦਾ ਖ਼ਦਸ਼ਾ ਰਹਿੰਦਾ ਹੈ। ਇਸ ਨਾਲ ਖ਼ਰੀਦ ਏਜੰਸੀਆਂ ਨੂੰ ਵਿੱਤੀ ਨੁਕਸਾਨ ਵੀ ਹੁੰਦਾ ਹੈ।ਪ੍ਰਮੁੱਖ ਸਕੱਤਰ ਨੇ ਡੀ ਜੀ ਪੀ ਨੂੰ 22 ਅੰਤਰ-ਰਾਜੀ ਨਾਕਿਆਂ ਦੀ ਸੂਚੀ ਭੇਜ ਕੇ ਪੁਲੀਸ ਤਾਇਨਾਤ ਕਰਨ ਦੀ ਮੰਗ ਕੀਤੀ ਸੀ। ਇਸ ਦੇ ਬਾਵਜੂਦ ਦੁਸਰੇ ਸੂਬਿਆਂ `ਚੋਂ ਝੋਨੇ ਦੀ ਆਮਦ ਨੇ ਅਧਿਕਾਰੀਆਂ ਦੇ ਹੋਸ਼ ਉਡਾ ਦਿੱਤੇ ਹਨ। ਕਈ ਥਾਵਾਂ 'ਤੇ ਸ਼ੈਲਰ ਮਾਲਕ ਖ਼ੁਦ ਹੀ ਸਸਤਾ ਝੋਨਾ ਲਿਆ ਰਹੇ ਹਨ। 

          ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਖ਼ੁਰਾਕ ਸਿਵਲ ਸਪਲਾਈਜ਼ ਅਤੇ ਖਪਤਕਾਰ ਮਾਮਲਿਆਂ ਬਾਰੇ ਵਿਭਾਗ ਦੇ ਡਾਇਰੈਕਟਰ ਨੇ ਬੀਤੇ ਦਿਨੀਂ ਮੁੜ ਸੱਤ ਸਰਹੱਦੀ ਜ਼ਿਲ੍ਹਿਆਂ ਦੇ ਜ਼ਿਲ੍ਹਾ ਕੰਟਰੋਲਰਾਂ ਨੂੰ ਪੱਤਰ ਲਿਖਿਆ ਹੈ।ਪੱਤਰ 'ਚ ਕਿਹਾ ਗਿਆ ਹੈ ਕਿ ਅੰਤਰ-ਰਾਜੀ ਨਾਕਿਆਂ 'ਤੇ ਸਟਾਫ਼ ਦੀ ਗਿਣਤੀ ਵਧਾਈ ਜਾਵੇ ਅਤੇ ਦਿਨ-ਰਾਤ ਦਾ ਪਹਿਰਾ ਰੱਖਿਆ ਜਾਵੇ। ਜੇ ਕੋਈ ਅੰਤਰ-ਰਾਜੀ ਬੈਰੀਅਰਾਂ ਤੋਂ ਗ਼ੈਰਹਾਜ਼ਰ ਪਾਇਆ ਗਿਆ ਤਾਂ ਉਸ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ। ਪੁਲੀਸ ਨੇ 20 ਅਕਤੂਬਰ ਨੂੰ ਮੁਕਤਸਰ ਅਤੇ ਫ਼ਾਜ਼ਿਲਕਾ ਦੇ ਸ਼ੈਲਰ ਮਾਲਕਾਂ ਖਿਲਾਫ਼ ਕੇਸ ਵੀ ਦਰਜ ਕੀਤਾ ਹੈ। ਇਹ ਵੀ ਰਿਪੋਰਟਾਂ ਹਨ ਕਿ ਕਈ ਸ਼ੈਲਰ ਮਾਲਕ ਕਿਸਾਨਾਂ ਤੋਂ ਸਿੱਧਾ ਝੋਨਾ ਸ਼ੈਲਰਾਂ 'ਚ ਲੁਹਾ ਰਹੇ ਹਨ ਅਤੇ ਬਦਲੇ 'ਚ ਤਿੰਨ-ਚਾਰ ਕਿੱਲੋ ਦੀ ਕਾਟ ਵੀ ਲਗਾ ਰਹੇ ਹਨ। ਪੰਜਾਬ ਰਾਈਸ ਇੰਡਸਟਰੀ ਐਸੋਸੀਏਸ਼ਨ ਦੇ ਪ੍ਰਧਾਨ ਭਾਰਤ ਭੂਸ਼ਨ ਬਿੰਟਾ ਨੇ ਕਿਹਾ ਕਿ ਦੂਸਰੇ ਸੂਬਿਆਂ 'ਚੋਂ ਝੋਨਾ ਨਹੀਂ ਆ ਰਿਹਾ ਹੈ ਸਗੋਂ ਜਿਹੜੇ ਸ਼ੈਲਰ ਮਾਲਕ ਕੱਚੀ ਆੜ੍ਹਤ ਦਾ ਕੰਮ ਵੀ ਨਾਲ ਕਰਦੇ ਹਨ, ਉਹ ਕਿਸਾਨਾਂ ਤੋਂ ਸਿੱਧਾ ਮਾਲ ਸ਼ੈਲਰਾਂ 'ਚ ਲੁਹਾ ਰਹੇ ਹਨ ਪਰ ਪੁਲੀਸ ਕੇਸਾਂ 'ਚ ਬਾਹਰੋਂ ਆਇਆ ਝੋਨਾ ਦਿਖਾਇਆ ਜਾ ਰਿਹਾ ਹੈ।

                                         ਖ਼ਰੀਦ ਦਾ ਟੀਚਾ ਘਟਾਇਆ

ਸੂਬੇ 'ਚ ਹੁਣ ਤੱਕ ਕਰੀਬ 33 ਫ਼ੀਸਦੀ ਫ਼ਸਲ ਦੀ ਕਟਾਈ ਹੋ ਚੁੱਕੀ ਹੈ ਅਤੇ ਇਸ ਵਾਰ ਕੁਦਰਤੀ ਆਫ਼ਤਾਂ ਦੀ ਮਾਰ ਕਰ ਕੇ ਫ਼ਸਲ ਮੰਡੀਆਂ 'ਚ ਪੱਛੜੀ ਹੈ। ਝੋਨੇ ਦਾ ਝਾੜ ਘਟਣ ਕਰ ਕੇ ਸਰਕਾਰੀ ਟੀਚਾ ਵੀ ਇਸ ਵਾਰ ਪੂਰਾ ਹੁੰਦਾ ਨਜ਼ਰ ਨਹੀਂ ਆ ਰਿਹਾ। ਮੰਡੀਆਂ 'ਚ ਹੁਣ ਤੱਕ 64.20 ਲੱਖ ਮੀਟਰਿਕ ਟਨ ਝੋਨਾ ਆ ਚੁੱਕਿਆ ਹੈ ਜਿਸ 'ਚੋਂ 61.96 ਲੱਖ ਮੀਟਰਿਕ ਟਨ ਝੋਨਾ ਖ਼ਰੀਦਿਆ ਜਾ ਚੁੱਕਿਆ ਹੈ। ਪੰਜਾਬ ਸਰਕਾਰ ਨੇ ਪਹਿਲਾਂ 175 ਲੱਖ ਮੀਟਰਿਕ ਟਨ ਝੋਨੇ ਦੀ ਖ਼ਰੀਦ ਦਾ ਟੀਚਾ ਰੱਖਿਆ ਸੀ ਪਰ ਹੁਣ ਬਦਲੇ ਹੋਏ ਹਾਲਾਤ 'ਚ ਇਹ ਟੀਚਾ ਘਟਾ ਕੇ 165 ਲੱਖ ਮੀਟਰਿਕ ਟਨ ਕਰ ਦਿੱਤਾ ਗਿਆ ਹੈ।

No comments:

Post a Comment