Showing posts with label Goat. Show all posts
Showing posts with label Goat. Show all posts

Wednesday, April 8, 2026

ਵਾੜੇ ਹੋਏ ਸੁੰਨੇ 
 ਦੁੱਖ ਝੱਲਿਆ ਨਾ ਜਾਵੇ..! 
ਚਰਨਜੀਤ ਭੁੱਲਰ

ਚੰਡੀਗੜ੍ਹ : ਮਾਨਸਾ ਦੇ ਪਿੰਡ ਬੱਪੀਆਣਾ ਦੇ ਬਜ਼ੁਰਗ ਆਜੜੀ ਪਤਲੂ ਸਿੰਘ ਦੇ ਘਰ ’ਚ ਖ਼ਾਮੋਸ਼ੀ ਹੈ ਅਤੇ ਵਾੜੇ ’ਚ ਸੁੰਨ ਪਸਰੀ ਹੈ। ਸੁੰਨਾ ਹੋਇਆ ਵਾੜਾ ਇਸ ਪਰਿਵਾਰ ਨੂੰ ਲੀਹੋ ਲਾ ਗਿਆ। 70 ਵਰ੍ਹਿਆਂ ਦਾ ਪਤਲੂ ਸਿੰਘ ਘਰੋਂ ਇੱਜੜ ਲੈ ਕੇ ਤੁਰਿਆ ਸੀ। ਨਾਲ ਸਾਥੀ ਆਜੜੀ ਸੁਖਦੇਵ ਸਿੰਘ ਪਿੱਛੇ ਹੋ ਤੁਰਿਆ। ਡਰੇਨ ਦੇ ਪੁਲ ’ਤੇ ਰੇਲ ਮਾਰਗ ਤੋਂ ਗੁਜ਼ਰਨ ਲੱਗੇ ਤਾਂ ਤੇਜ਼ ਰਫ਼ਤਾਰ ਮਾਲ ਗੱਡੀ ਬੇਜ਼ਬਾਨਾ ਦਾ ਕਚਰਾ ਬਣਾ ਗਈ। ਪੁੱਤਾਂ ਵਾਂਗੂ ਪਾਲੇ ਇੱਜੜ ਨੂੰ ਬਚਾਉਣ ਲਈ ਅੱਗੇ ਕੁੱਦਿਆ ਤਾਂ ਮਾਲ ਗੱਡੀ ਨੇ ਪਤਲੂ ਸਿੰਘ ਨੂੰ ਵੀ ਲਪੇਟ ’ਚ ਲੈ ਲਿਆ। ਨਾ ਪਤਲੂ ਸਿੰਘ ਬਚਿਆ, ਨਾ ਹੀ ਇੱਜੜ। ਦਿੱਲੀ-ਬਠਿੰਡਾ ਰੇਲ ਮਾਰਗ ’ਤੇ 31 ਮਾਰਚ ਨੂੰ ਸ਼ੂਕਦੀ ਹੋਈ ਮਾਲ ਗੱਡੀ ਪਲਾਂ ’ਚ ਹੀ ਸਭ ਕੁੱਝ ਉਜਾੜ ਗਈ। ਇੱਕ ਪਾਸੇ ਪਤਲੂ ਸਿੰਘ ਢੇਰ ਹੋਇਆ ਪਿਆ ਸੀ ਅਤੇ ਕੋਲ ਉਸ ਦੇ ਬੇਜ਼ਬਾਨਾ ਦੇ ਟੋਟੇ। ਕਰੀਬ 60 ਬੱਕਰੀਆਂ ਨੂੰ ਮਾਲ ਗੱਡੀ ਨੇ ਚੀਰ ਕੇ ਰੱਖ ਦਿੱਤਾ ਅਤੇ ਦਰਜਨ ਬੱਕਰੀਆਂ ਦੇ ਪੇਟ ’ਚ ਬੱਚੇ ਵੀ ਸਨ।

        ਪਤਲੂ ਸਿੰਘ ਦੀਆਂ 14 ਬੱਕਰੀਆਂ ਅਤੇ ਸਾਥੀ ਆਜੜੀ ਸੁਖਦੇਵ ਸਿੰਘ ਦੀਆਂ 46 ਬੱਕਰੀਆਂ ਮਰੀਆਂ। ਕਿਸੇ ਲਈ ਇਹ ਛੋਟਾ ਹਾਦਸਾ ਹੋ ਸਕਦਾ ਹੈ ਪ੍ਰੰਤੂ ਆਜੜੀ ਪਰਿਵਾਰਾਂ ਦੀ ਕਬੀਲਦਾਰੀ ਨੂੰ ਇਹ ਮਾਲ ਗੱਡੀ ਲੀਹੋ ਲਾਹ ਗਈ। ਇਕੱਲੇ ਜਾਨਵਰਾਂ ਦਾ 12 ਲੱਖ ਦਾ ਨੁਕਸਾਨ ਹੋਇਆ ਹੈ। ਪਤਲੂ ਸਿੰਘ ਅਣਵਿਆਹਿਆ ਸੀ ਅਤੇ ਆਪਣੇ ਭਤੀਜੇ ਨਾਲ ਰਹਿੰਦਾ ਸੀ। ਭਤੀਜਾ ਮਾਣਕ ਸਿੰਘ ਆਖਦਾ ਹੈ ਕਿ ‘ਏਹ ਬੇਜ਼ਬਾਨ ਤਾਂ ਸਾਡਾ ਪਰਿਵਾਰ ਸੀ ਜਿਨ੍ਹਾਂ ਨੂੰ ਪਾਲ ਪਲੋਸ ਕੇ ਚਾਚੇ ਨੇ ਵੱਡਾ ਕੀਤਾ ਸੀ’। ਉਹ ਦੱਸਦਾ ਹੈ ਕਿ ਇੱਕੋ ਕਮਾਈ ਦਾ ਸਾਧਨ ਸੀ, ਉਸ ਤੋਂ ਹੀ ਹੱਥ ਧੋ ਬੈਠੇ ਹਾਂ। ਹੁਣ ਘਰ ਦਾ ਵਾੜਾ ਸੁੰਨਾ ਪਿਆ ਹੈ। ਉਹ ਦੱਸਦਾ ਹੈ ਕਿ ਕਿਸੇ ਬੰਨ੍ਹਿਓ ਕੋਈ ਮਦਦ ਨਹੀਂ ਹੋਈ, ਉਲਟਾ ਹਰ ਬੱਕਰੀ ਦਾ ਪੋਸਟ ਮਾਰਟਮ ਕਰਾਉਣ ਲਈ ਪ੍ਰਤੀ ਪਸ਼ੂ 200 ਰੁਪਏ ਫ਼ੀਸ ਭਰਨੀ ਪਈ। ਪਤਲੂ ਸਿੰਘ ਨੇ ਆਪਣੀ ਹਰ ਬੱਕਰੀ ਤੇ ਮੇਮਣੇ ਦਾ ਨਾਮ ਰੱਖਿਆ ਹੋਇਆ ਸੀ।

       ਦੂਸਰੇ ਆਜੜੀ ਸੁਖਦੇਵ ਸਿੰਘ ਦੀ ਜ਼ਿੰਦਗੀ ਤਾਂ ਬਚ ਗਈ ਪ੍ਰੰਤੂ ਉਹ ਇੱਜੜ ਨਾ ਬਚਾ ਸਕਿਆ। ਉਸ ਕੋਲ ਸਿਰਫ਼ ਇੱਕੋ ਬੱਕਰੀ ਬਚੀ ਹੈ। ਸੁਖਦੇਵ ਸਿੰਘ ਬੇਔਲਾਦ ਹੈ ਅਤੇ ਉਸ ਦੀ ਪਤਨੀ ਦੀ ਪੰਜ ਸਾਲ ਪਹਿਲਾਂ ਮੌਤ ਹੋ ਚੁੱਕੀ ਹੈ। ਆਜੜੀ ਸੁਖਦੇਵ ਸਿੰਘ ਵੀ ਆਪਣੇ ਭਤੀਜ ਨਾਲ ਰਹਿੰਦਾ ਸੀ। ਭਤੀਜ ਲੱਖੀ ਸਿੰਘ ਨੇ ਦੱਸਿਆ ਕਿ ਜਿਸ ਦਿਨ ਦਾ ਜਾਨਵਰਾਂ ਦਾ ਨੁਕਸਾਨ ਹੋਇਆ ਹੈ, ਤਾਇਆ ਉਸੇ ਦਿਨ ਤੋਂ ਸਦਮੇ ’ਚ ਹੈ। ਪੂਰੀ ਪੂਰੀ ਰਾਤ ਵਾੜੇ ’ਚ ਘੁੰਮਦਾ ਰਹਿੰਦਾ ਹੈ। ਉਹ ਆਖਦਾ ਹੈ ਇਹ ਬੇਜ਼ਬਾਨ ਹੀ ਸਾਡਾ ਸੰਸਾਰ ਸੀ। ਸਿਰ ਚੜ੍ਹਿਆ ਚਾਰ ਲੱਖ ਦਾ ਕਿਵੇਂ ਕਰਜ਼ਾ ਉੱਤਰੂ, ਹੁਣ ਇਹੋ ਵੱਡੀ ਪ੍ਰੇਸ਼ਾਨੀ ਹੈ। ਉਹ ਆਖਦਾ ਹੈ ਕਿ ਇਨ੍ਹਾਂ ਬੇਜ਼ਬਾਨਾਂ ਨਾਲ ਹੀ ਘਰ ਤੁਰਦਾ ਸੀ। ਉਹ ਆਖਦਾ ਹੈ ਕਿ ਪੋਸਟ ਮਾਰਟਮ ’ਤੇ ਹਜ਼ਾਰਾਂ ਰੁਪਏ ਪੱਲਿਓ ਲੱਗ ਗਏ ਪਰ ਸਰਕਾਰ ਨੇ ਕੋਈ ਬਾਂਹ ਨਹੀਂ ਫੜ੍ਹੀ। ਆਜੜੀ ਦੀ ਭਰਜਾਈ ਸੁਰਜੀਤ ਕੌਰ ਆਖਦੀ ਹੈ ਕਿ ਹੁਣ ਦੁੱਖ ਕਿਵੇਂ ਝੱਲੀਏ।

       ਦੋਵੇਂ ਆਜੜੀਆਂ ਦੇ ਪਰਿਵਾਰਾਂ ਨਾਲ ਦੁੱਖ ਵੰਡਾਉਣ ਵਾਸਤੇ ਹਲਕਾ ਵਿਧਾਇਕ ਮਾਨਸਾ ਵਿਜੇ ਸਿੰਗਲਾ ਆਏ। ਸੁਰਜੀਤ ਕੌਰ ਆਖਦੀ ਹੈ ਕਿ ਐੱਮ ਐੱਲ ਏ ਹੌਸਲਾ ਦੇ ਕੇ ਮੁੜ ਗਿਆ। ਪਿੰਡ ਬੱਪੀਆਣਾ ਦੇ ਸਾਬਕਾ ਸਰਪੰਚ ਮੇਲਾ ਸਿੰਘ ਦਾ ਕਹਿਣਾ ਸੀ ਕਿ ਪੰਜਾਬ ਸਰਕਾਰ ਇਨ੍ਹਾਂ ਦੋਵੇਂ ਗ਼ਰੀਬ ਆਜੜੀ ਪਰਿਵਾਰਾਂ ਦੀ ਔਖ ਦੀ ਘੜੀ ’ਚ ਬਾਂਹ ਫੜੇ ਅਤੇ ਫ਼ੌਰੀ ਮੁਆਵਜ਼ਾ ਦੇਵੇ। ਸਾਬਕਾ ਸਰਪੰਚ ਨੇ ਪੱਲਿਓ 2100 ਰੁਪਏ ਆਜੜੀ ਨੂੰ ਦਿੱਤੇ ਹਨ। ਸ਼੍ਰੋਮਣੀ ਅਕਾਲੀ ਦਲ ਦਾ ਹਲਕਾ ਇੰਚਾਰਜ ਪ੍ਰੇਮ ਅਰੋੜਾ ਵੀ ਇਨ੍ਹਾਂ ਪਰਿਵਾਰਾਂ ਨਾਲ ਦੁੱਖ ਵੰਡਾ ਕੇ ਗਿਆ।

Monday, September 1, 2025

                                                         ਕਹਿਰ ਸਾਈਂ ਦਾ
                          ਮਾਲ ਮਾਲਕਾਂ ਦਾ, ਗਾਰੰਟੀ ਸਰਕਾਰ ਦੀ..!
                                                         ਚਰਨਜੀਤ ਭੁੱਲਰ  

ਚੰਡੀਗੜ੍ਹ : ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਜੰਡੋਕੇ ਦੇ ਬਲਦੇਵ ਸਿੰਘ ਦਾ ਪੋਲਟਰੀ ਫਾਰਮ ਮੀਂਹ ਨਾਲ ਡਿੱਗ ਗਿਆ, ਜਿਸ ਵਿੱਚ ਕਰੀਬ ਡੇਢ ਸੌ ਮੁਰਗੀਆਂ ਮਰ ਗਈਆਂ ਜਦੋਂਕਿ ਇਸੇ ਜ਼ਿਲ੍ਹੇ ਦੇ ਪਿੰਡ ਝਬੇਲਵਾਲੀ ’ਚ ਆਜੜੀ ਹਰਬੰਸ ਸਿੰਘ ਦੀਆਂ ਦੋ ਦਰਜਨ ਬੱਕਰੀਆਂ ਛੱਪਰ ਡਿੱਗਣ ਕਾਰਨ ਮਰ ਗਈਆਂ। ਦੋਵਾਂ ਪੀੜਤਾਂ ਨੂੰ ਮੁੱਖ ਮੰਤਰੀ ਵੱਲੋਂ ਮੁਰਗੀ ਤੇ ਬੱਕਰੀ ਦਾ ਮੁਆਵਜ਼ਾ ਦੇਣ ਦੇ ਐਲਾਨ ਕਾਰਨ ਥੋੜ੍ਹਾ ਧਰਵਾਸ ਹੈ। ਬਲਦੇਵ ਸਿੰਘ ਦਾ ਕਹਿਣਾ ਹੈ ਕਿ ਜਿਸ ਤਰ੍ਹਾਂ ਅੱਜ ਪ੍ਰਸ਼ਾਸਨ ਨੇ ਮੁਸਤੈਦੀ ਦਿਖਾਈ, ਉਸ ਤੋਂ ਜਾਪਦਾ ਹੈ ਕਿ ਮੁਰਗੀਆਂ ਦਾ ਮੁਆਵਜ਼ਾ ਜਲਦੀ ਆ ਜਾਵੇਗਾ। ਉਸ ਨੇ ਦੱਸਿਆ ਕਿ ਅੱਜ ਪ੍ਰਭਾਵਿਤ ਪੋਲਟਰੀ ਫਾਰਮ ਦੇਖਣ ਪਹਿਲਾਂ ਪਟਵਾਰੀ ਆਇਆ, ਫਿਰ ਕਾਨੂੰਨਗੋ। ਉਸ ਮਗਰੋਂ ਤਹਿਸੀਲਦਾਰ ਤੇ ਨਾਲ ਹੀ ਵੈਟਰਨਰੀ ਡਾਕਟਰ ਵੀ ਪਹੁੰਚ ਗਿਆ। ਸਭਨਾਂ ਨੇ ਮਰੀਆਂ ਮੁਰਗੀਆਂ ਅਤੇ ਡਿੱਗੇ ਪੋਲਟਰੀ ਫਾਰਮ ਦੀਆਂ ਤਸਵੀਰਾਂ ਖਿੱਚੀਆਂ। ਉਹ ਆਖਦਾ ਹੈ ਕਿ ਬਾਕੀ ਤਾਂ ਮੁਆਵਜ਼ੇ ਮਿਲੇ ਤੋਂ ਹੀ ਕੁੱਝ ਕਿਹਾ ਜਾ ਸਕਦਾ ਹੈ। ਆਜੜੀ ਹਰਬੰਸ ਸਿੰਘ ਵੀ ਇਸੇ ਉਮੀਦ ’ਚ ਹੈ।

         ਉਹ ਆਖਦਾ ਹੈ ਕਿ ਉਸ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ। ਚੇਤੇ ਰਹੇ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਪਹਿਲੀ ਅਗਸਤ 2023 ਨੂੰ ਜਨਤਕ ਇਕੱਠ ’ਚ ਐਲਾਨ ਕੀਤਾ ਸੀ ਕਿ ਹੜ੍ਹਾਂ ਨਾਲ ਹੋਏ ਨੁਕਸਾਨ ਦੀ ਪੂਰਨ ਭਰਪਾਈ ਕੀਤੀ ਜਾਵੇਗੀ, ਇੱਥੋਂ ਤੱਕ ਕਿ ਮੁਰਗੀ ਤੇ ਬੱਕਰੀ ਮਰੀ ਦਾ ਮੁਆਵਜ਼ਾ ਵੀ ਦਿੱਤਾ ਜਾਵੇਗਾ। ਵਿਰੋਧੀ ਧਿਰਾਂ ਦੇ ਆਗੂ ਬੱਕਰੀਆਂ ਤੇ ਮੁਰਗੀਆਂ ਦੇ ਮੁਆਵਜ਼ੇ ’ਤੇ ਸੁਆਲ ਉਠਾਉਂਦੇ ਆ ਰਹੇ ਸਨ। ਪੰਜਾਬ ’ਚ ਹੁਣ ਹੜ੍ਹਾਂ ’ਚ ਇਹ ਪਹਿਲੇ ਕੇਸ ਸਾਹਮਣੇ ਆਏ ਹਨ, ਜਿੱਥੇ ਮੁਰਗੀਆਂ ਤੇ ਬੱਕਰੀਆਂ ਦਾ ਨੁਕਸਾਨ ਹੋਇਆ ਹੈ। ਜਾਣਕਾਰੀ ਅਨੁਸਾਰ ਹੜ੍ਹਾਂ ਕਾਰਨ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਸ਼ਮਸ਼ੇਰਪੁਰ ਦੇ ਇੱਕ ਪੋਲਟਰੀ ਫਾਰਮ ’ਚ 12 ਹਜ਼ਾਰ ਮੁਰਗੀਆਂ ਦਾ ਨੁਕਸਾਨ ਹੋ ਗਿਆ, ਜਦੋਂਕਿ ਸੰਗਰੂਰ ਜ਼ਿਲ੍ਹੇ ਦੇ ਪਿੰਡ ਲਦਾਲ ’ਚ ਇੱਕ ਪੋਲਟਰੀ ਫਾਰਮ ’ਚ 5600 ਦੇ ਕਰੀਬ ਚੂਜ਼ੇ ਮਰ ਗਏ। ਪੋਲਟਰੀ ਫਾਰਮ ਮਾਲਕ ਜੁਗਰਾਜ ਸਿੰਘ ਆਖਦਾ ਹੈ ਕਿ ਮੀਂਹ ਕਾਰਨ ਉਸ ਦਾ ਭਾਰੀ ਨੁਕਸਾਨ ਹੋ ਗਿਆ। ਚੂਜ਼ਿਆਂ ਦਾ ਮੁਆਵਜ਼ਾ ਸਰਕਾਰ ਦੇਵੇਗੀ ਜਾਂ ਨਹੀਂ, ਇਸ ਬਾਰੇ ਹਾਲੇ ਕੁੱਝ ਵੀ ਸਪਸ਼ਟ ਨਹੀਂ ਹੋ ਸਕਿਆ।

          ਫ਼ਾਜ਼ਿਲਕਾ ’ਚ ਕੁੱਝ ਮੁਰਗੀਆਂ ਰੁੜ੍ਹ ਗਈਆਂ ਜਦੋਂਕਿ ਪਠਾਨਕੋਟ ’ਚ ਤਿੰਨ ਗਾਵਾਂ ਤੇ ਦੋ ਮੱਝਾਂ ਦੇ ਮਰਨ ਤੋਂ ਇਲਾਵਾ ਪੰਜ ਹੋਰ ਪਸ਼ੂ ਵੀ ਪਾਣੀ ’ਚ ਰੁੜ੍ਹ ਗਏ। ‘ਆਪ’ ਸਰਕਾਰ ਦਾ ਦਾਅਵਾ ਹੈ ਕਿ ਪਿਛਲੀਆਂ ਸਰਕਾਰਾਂ ਵੱਲੋਂ ਸਿਰਫ਼ ਫ਼ਸਲਾਂ ਦੇ ਨੁਕਸਾਨ ਦੀ ਹੀ ਭਰਪਾਈ ਕੀਤੀ ਜਾਂਦੀ ਸੀ ਜਦੋਂਕਿ ਉਨ੍ਹਾਂ ਦੀ ਸਰਕਾਰ ਹਰ ਮਰੀ ਹੋਈ ਮੁਰਗੀ ਤੇ ਬੱਕਰੀ ਦਾ ਮੁਆਵਜ਼ਾ ਦੇਵੇਗੀ। ਜਿਨ੍ਹਾਂ ਮੁਰਗੀ ਪਾਲਕਾਂ ਦਾ ਨੁਕਸਾਨ ਹੋਇਆ ਹੈ, ਉਨ੍ਹਾਂ ਦੀਆਂ ਉਮੀਦਾਂ ਹੁਣ ਸਰਕਾਰ ਤੋਂ ਵਧ ਗਈਆਂ ਹਨ। ਨਿਯਮਾਂ ਅਨੁਸਾਰ ਮੁਰਗੀ ਅਤੇ ਬੱਕਰੀ ਦਾ ਕਿੰਨਾ ਮੁਆਵਜ਼ਾ ਤੈਅ ਹੈ, ਇਸ ਬਾਰੇ ਤਾਂ ਪਤਾ ਨਹੀਂ। ਹਾਲਾਂਕਿ, ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਚੰਦਰਬਾਬੂ ਨਾਇਡੂ ਨੇ 18 ਸਤੰਬਰ 2024 ਨੂੰ ਰਾਹਤ ਪੈਕੇਜ ਦੇਣ ਦਾ ਐਲਾਨ ਕਰਦਿਆਂ ਸੂਬੇ ’ਚ ਆਏ ਹੜ੍ਹਾਂ ਦੌਰਾਨ ਪ੍ਰਤੀ ਮੁਰਗੀ 100 ਰੁਪਏ ਦੇਣ ਦੀ ਗੱਲ ਆਖੀ ਸੀ ਅਤੇ ਪੋਲਟਰੀ ਸ਼ੈੱਡ ਨੁਕਸਾਨੇ ਜਾਣ ਦੀ ਸੂਰਤ ’ਚ ਪੰਜ ਹਜ਼ਾਰ ਰੁਪਏ ਵੱਖਰਾ ਦਿੱਤਾ ਜਾਣਾ ਸੀ।

Saturday, April 23, 2022

                                                   ਚੰਨੀ ਆਲ਼ੀ ਬੱਕਰੀ
                    ਪੈਰੀਂ ਝਾਂਜਰਾਂ,ਗਲ ਵਿੱਚ ਗਾਨੀ, ਇੰਝ ਹੋ ਗਈ ਬੇਗਾਨੀ !
                                                      ਚਰਨਜੀਤ ਭੁੱਲਰ   

ਚੰਡੀਗੜ੍ਹ : ਪਾਲਾ ਖ਼ਾਨ ਨੇ ਅੱਜ ਆਖ਼ਰ ਬੱਕਰੀ ਵਿਦਾ ਕਰ ਹੀ ਦਿੱਤੀ। ਪਹਿਲਾਂ ਪਾਲਾ ਖ਼ਾਨ ਨੇ ਰੀਝ ਨਾਲ ਬੱਕਰੀ ਦਾ ਹਾਰ ਸ਼ਿੰਗਾਰ ਕੀਤਾ। ਪੈਰਾਂ ਵਿੱਚ ਝਾਂਜਰਾਂ ਪਾਈਆਂ ਅਤੇ ਗਲ ’ਚ ਗਾਨੀ, ਮਣਕਿਆਂ ਵਾਲਾ ਪਟਾ ਵੀ ਪਾਇਆ, ਫਿਰ ਬੱਕਰੀ ਨੂੰ ਭਰੇ ਮਨ ਨਾਲ ਨਵੇਂ ਮਾਲਕਾਂ ਹਵਾਲੇ ਕਰ ਦਿੱਤਾ। ਇਹ ਕੋਈ ਮਾਮੂਲੀ ਬੱਕਰੀ ਨਹੀਂ ਬਲਕਿ ਉਹ ਖ਼ਾਸ ਬੱਕਰੀ ਹੈ, ਜਿਸ ਦੀ ਗੂੰਜ ਪੰਜਾਬ ਚੋਣਾਂ ਮੌਕੇ ਪਈ ਸੀ। ਭਦੌੜ ਹਲਕੇ ਵਿੱਚ ਇਹ ‘ਚੰਨੀ ਆਲ਼ੀ ਬੱਕਰੀ’ ਵਜੋਂ ਮਸ਼ਹੂਰ ਹੈ। ਵਿਧਾਨ ਸਭਾ ਚੋਣਾਂ ਵੇਲੇ ਤਤਕਾਲੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਗੱਡੀ ਅਚਨਚੇਤ ਇੱਕ ਬੱਕਰੀਆਂ ਦੇ ਝੁੰਡ ਕੋਲ ਰੁਕੀ। ਚੰਨੀ ਨੇ ਆਜੜੀ ਕੋਲ ਇੱਕ ਬੱਕਰੀ ਨੂੰ ਚੋਣ ਦੀ ਖਾਹਿਸ਼ ਜ਼ਾਹਿਰ ਕੀਤੀ ਸੀ। ਚੰਨੀ ਨੇ ਬੱਕਰੀ ਚੋਈ ਤੇ ਬੱਕਰੀਆਂ ਦੇ ਮਾਲਕ ਪਾਲਾ ਖ਼ਾਨ ਨੂੰ ਚਾਰ ਹਜ਼ਾਰ ਰੁਪਏ ਦਾ ਸ਼ਗਨ ਵੀ ਦਿੱਤਾ। ਇਹ ਤਸਵੀਰ ਸੋਸ਼ਲ ਮੀਡੀਆ ’ਤੇ ਖ਼ੂਬ ਵਾਇਰਲ ਹੋਈ। ਸਿਆਸੀ ਹਲਕਿਆਂ ਵਿੱਚ ਵਿਅੰਗ ਵੀ ਕੱਸੇ ਗਏ ਸਨ। ਚੰਨੀ ਭਦੌੜ ਤੋਂ ਚੋਣ ਵੀ ਹਾਰ ਗਏ ਸਨ।

            ਭਦੌੜ ਹਲਕੇ ’ਚ ਪੈਂਦੇ ਪਿੰਡ ਸੰਧੂ ਕਲਾਂ ਦੇ ਪਾਲਾ ਖ਼ਾਨ ਤੋਂ ਅੱਜ ਚਮਕੌਰ ਸਾਹਿਬ ਦੇ ਕਿਸੇ ਅਜਨਬੀ ਨੇ ਇਹ ਬੱਕਰੀ ਖ਼ਰੀਦ ਲਈ ਹੈ। ਇਹ ਅਜਨਬੀ ਕੌਣ ਹੈ, ਇਸ ਦਾ ਭੇਤ ਬਣਿਆ ਹੋਇਆ ਹੈ। ਪਾਲਾ ਖ਼ਾਨ ਨੇ ਪੰਜਾਬੀ ਟ੍ਰਿਬਿਊਨ ਨੂੰ ਦੱਸਿਆ ਕਿ ਅੱਜ ਉਸ ਕੋਲ ਸਵੇਰ ਵੇਲੇ ਗੱਡੀਆਂ ਵਿੱਚ ਪੰਜ-ਛੇ ਕੋਈ ਖ਼ਾਸ ਸੱਜਣ ਆਏ, ਜਿਨ੍ਹਾਂ ਨੇ ਚਮਕੌਰ ਸਾਹਿਬ ਤੋਂ ਆਏ ਹੋਣ ਦੀ ਗੱਲ ਆਖੀ। ਪਾਲਾ ਖ਼ਾਨ ਨੇ ਦੱਸਿਆ ਕਿ ਚਮਕੌਰ ਸਾਹਿਬ ਵਾਲਿਆਂ ਵਿੱਚੋਂ ਇੱਕ ਨੇ ਆਪਣੀ ਪਛਾਣ ਪਰਮਜੀਤ ਸਿੰਘ ਸਰਕਾਰੀ ਡਰਾਈਵਰ ਵਜੋਂ ਦੱਸੀ।ਬੱਕਰੀ ਦੇ ਮਾਲਕ ਨੇ ਦੱਸਿਆ ਕਿ ਮਹਿਮਾਨਾਂ ਨੇ ‘ਚੰਨੀ ਆਲ਼ੀ ਬੱਕਰੀ’ ਲੈਣ ਦੀ ਇੱਛਾ ਜ਼ਾਹਿਰ ਕੀਤੀ ਅਤੇ ਆਖ਼ਰ 21 ਹਜ਼ਾਰ ਵਿੱਚ ਸੌਦਾ ਹੋ ਗਿਆ। ਮਹਿਮਾਨਾਂ ਨੇ ਬੱਕਰੀ ਦਾ ਹਾਰ ਸ਼ਿੰਗਾਰ ਕਰਨ ਨੂੰ ਆਖਿਆ, ਜਿਸ ਮਗਰੋਂ ਉਨ੍ਹਾਂ ਨੇ ਬੱਕਰੀ ਨੂੰ ਨੁਹਾ ਕੇ ਸ਼ਿੰਗਾਰਿਆ। ਪਿੰਡ ਵਿੱਚੋਂ ਛੋਟਾ ਹਾਥੀ ਕਰਾ ਕੇ ਖ਼ਰੀਦਦਾਰਾਂ ਦੇ ਨਾਲ ਬੱਕਰੀ ਤੋਰ ਦਿੱਤੀ। 

           ਪਾਲਾ ਖ਼ਾਨ ਦੱਸਦਾ ਹੈ ਕਿ ਉਸ ਕੋਲ 40 ਬੱਕਰੀਆਂ ਹਨ ਅਤੇ ਇਹ ਖ਼ਾਸ ਬੱਕਰੀ ਉਨ੍ਹਾਂ ਨੇ ਤੁੰਗਵਾਲੀ ਮੰਡੀ ਵਿੱਚੋਂ 20 ਹਜ਼ਾਰ ’ਚ ਖ਼ਰੀਦੀ ਸੀ। ਆਜੜੀ ਦੇ ਘਰ ਵਿੱਚ ਇਸ ਨੂੰ ‘ਚੰਨੀ ਆਲ਼ੀ ਬੱਕਰੀ’ ਆਖ ਕੇ ਔਰਤਾਂ ਦੁੱਧ ਚੋਂਦੀਆਂ ਰਹੀਆਂ ਹਨ। ਅੱਜ ਜਦੋਂ ਬੱਕਰੀ ਵਿਦਾ ਕਰ ਦਿੱਤੀ ਤਾਂ ਆਜੜੀ ਦੇ ਮਨ ਨੂੰ ਹੌਲ ਪਏ। ਆਜੜੀ ਦੇ ਪਰਿਵਾਰ ਨੇ ਦੱਸਿਆ ਕਿ ਜਦੋਂ ਤੋਂ ਸਾਬਕਾ ਮੁੱਖ ਮੰਤਰੀ ਚੰਨੀ ਨੇ ਇਸ ਬੱਕਰੀ ਨੂੰ ਚੋਇਆ ਹੈ, ਉਦੋਂ ਤੋਂ ਉਨ੍ਹਾਂ ਦੇ ਪਰਿਵਾਰ ਦੀ ਵੀ ਕੌਮਾਂਤਰੀ ਪੱਧਰ ’ਤੇ ਮਸ਼ਹੂਰੀ ਹੋਈ ਹੈ। ਪਾਲਾ ਖ਼ਾਨ ਦੱਸਦਾ ਹੈ ਕਿ ਬੱਕਰੀ ਦੀ ਮਸ਼ਹੂਰੀ ਮਗਰੋਂ ਲੋਕ ਉਸ ਦੇ ਘਰ ਆਉਣ ਲੱਗੇ ਅਤੇ ਬੱਕਰੀ ਨਾਲ ਤਸਵੀਰਾਂ ਖਿਚਾਉਣ ਲੱਗੇ। ਉਸ ਨੇ ਦੱਸਿਆ ਕਿ ਕਈ ਦਿਨ ਇੰਨੇ ਫ਼ੋਨ ਖੜਕਦੇ ਰਹੇ ਕਿ ਇੱਜੜ ਚਾਰਨਾ ਹੀ ਔਖਾ ਹੋ ਗਿਆ ਸੀ। ਉਨ੍ਹਾਂ ਦੱਸਿਆ ਕਿ ਉਹ ਬੱਕਰੀਆਂ ਖ਼ਰੀਦਦੇ ਵੀ ਹਨ ਅਤੇ ਵੇਚਦੇ ਵੀ, ਪਰ ਇਸ ਬੱਕਰੀ ਦੇ ਖ਼ਰੀਦਦਾਰ ਕੋਈ ਖ਼ਾਸ ਹੀ ਲੱਗਦੇ ਸਨ।

            ਚਰਚੇ ਹਨ ਕਿ ਹੋ ਸਕਦਾ ਹੈ ਕਿ ਇਸ ਬੱਕਰੀ ਨੂੰ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਨੇ ਹੀ ਖ਼ਰੀਦ ਲਿਆ ਹੋਵੇ ਪਰ ਇਸ ਦੀ ਕਿੱਧਰੋਂ ਕੋਈ ਪੁਸ਼ਟੀ ਨਹੀਂ ਹੋ ਸਕੀ ਹੈ। ਜੇਕਰ ਇਹ ਗੱਲ ਸੱਚ ਹੋਈ ਤਾਂ ਇਸ ਬੱਕਰੀ ਨੂੰ ਜ਼ਰੂਰ ‘ਵੀਆਈਪੀ ਵਾੜਾ’ ਨਸੀਬ ਹੋਵੇਗਾ। ਬੱਕਰੀ ਛੱਡਣ ਗਏ ਟੈਂਪੂ ਦੇ ਡਰਾਈਵਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਉਹ ਚਮਕੌਰ ਸਾਹਿਬ ਵਿਖੇ ਪਰਮਜੀਤ ਸਿੰਘ ਦੇ ਘਰ ਛੱਡ ਕੇ ਆਇਆ ਹੈ। ਉਨ੍ਹਾਂ ਦੱਸਿਆ ਕਿ ਪਰਮਜੀਤ ਸਿੰਘ, ਸਾਬਕਾ ਮੁੱਖ ਮੰਤਰੀ ਸ੍ਰੀ ਚੰਨੀ ਦੇ ਪਰਿਵਾਰਕ ਮੈਂਬਰ ਦਾ ਡਰਾਈਵਰ ਦੱਸਿਆ ਜਾਂਦਾ ਹੈ ਪਰ ਜਦੋਂ ਪਰਮਜੀਤ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਫੋਨ ਨਹੀਂ ਚੁੱਕਿਆ।