Tuesday, May 8, 2018

                             ਦਰਦ ਪੈਲੀ ਦੇ   
      ਨਾ ਵਿਕਣ ਜ਼ਮੀਨਾਂ, ਬਾਬਲ ਦੇ ਵਿਹੜੇ.. 
                            ਚਰਨਜੀਤ ਭੁੱਲਰ
ਬਠਿੰਡਾ  : ‘ਜ਼ਮੀਨਾਂ ਤਾਹੀਂ ਵਿਕਦੀਆਂ ਨੇ ਜਦੋਂ ਪੈਲੀ ਸਾਥ ਛੱਡ ਦੇਵੇ, ਟਿਊਬਵੈੱਲ ਪਾਣੀ ਛੱਡ ਗਿਆ ਤਾਂ ਖੇਤ ਬਰਾਨ ਹੋ ਗਏ। ਕੈਂਸਰ ਨੇ ਪਤੀ ਖੋਹ ਲਿਆ ਤੇ ਕਰਜ਼ੇ ਨੇ ਜ਼ਮੀਨਾਂ। ਜਦੋਂ ਸ਼ਾਹੂਕਾਰਾਂ ਦੇ ਦਬਕੇ ਝੱਲਣੇ ਵਿੱਤੋਂ ਬਾਹਰੇ  ਹੋ ਗਏ ਤਾਂ ਪੁੱਤ ਖ਼ੁਦਕੁਸ਼ੀ ਵਾਲੇ ਰਾਹ ਤੁਰ ਗਿਆ।’  ਬਜ਼ੁਰਗ ਬਲਵੀਰ ਕੌਰ ਜਦੋਂ ਆਪਣੇ ਘਰ ਦੀ ਇਹ ਹੋਣੀ ਬਿਆਨਦੀ ਹੈ ਤਾਂ ਮੈਗਾਸਾਸੇ ਐਵਾਰਡ ਜੇਤੂ ਪੱਤਰਕਾਰ ਡਾ.ਪੀ.ਸਾਈਨਾਥ (ਦਿਹਾਤੀ ਸੰਪਾਦਕ) ਗੰਭੀਰ ਹੋ ਜਾਂਦਾ ਹੈ। ਉਸ ਨੂੰ ਬਜ਼ੁਰਗ ਮਹਿਲਾ ਦੇ ਚਿਹਰੇ ਤੋਂ ਪੰਜਾਬ ਦੇ ਖੇਤੀ ਸੰਕਟ ਦੇ ਨਕਸ਼ ਨਜ਼ਰ ਪੈਣ ਲੱਗਦੇ ਹਨ। ਕੋਠਾ ਗੁਰੂ ਦੀ ਇਹ ਮਹਿਲਾ ਦੱਸਦੀ ਹੈ ਕਿ ਕਿਵੇਂ ਹੱਥੋਂ ਜ਼ਮੀਨ ਕਿਰੀ ਤੇ ਕਿਵੇਂ ਜ਼ਿੰਦਗੀ। ਬਠਿੰਡਾ ਦੇ ਪਿੰਡ ਜੇਠੂਕੇ ਤੋਂ ਡਾ.ਸਾਈਨਾਥ ਨੇ ਪੰਜਾਬ ਦੇ ਖੇਤੀ ਸੰਕਟ ਨੂੰ ਨੇੜਿਓ ਵੇਖਣ ਲਈ ਸ਼ੁਰੂਆਤ ਕੀਤੀ। ਇਕੱਲਾ ਸਿੱਧਾ ਸੰਵਾਦ ਹੀ ਨਹੀਂ ਸੀ, ਸਾਈਨਾਥ ਨੇ ਦੁੱਖਾਂ ਹੱਥੋਂ ਹਾਰੀ ਹਰ ਅੌਰਤ ਦੇ ਹੰਝੂਆਂ ਤੇ ਹੌਕਿਆਂ ਚੋਂ ‘ਖੇਤੀ ਸੰਕਟ’ ਦੀ ਗਹਿਰਾਈ ਨੂੰ ਵੀ ਮਾਪਿਆ। ਲਹਿਰਾ ਖਾਨਾ ਦੀ ਬਿਰਧ ਮੁਕੰਦ ਕੌਰ ਦੱਸਦੀ ਹੈ ਕਿ ਨੂੰਹ ਦੇ ਇਲਾਜ ’ਚ ਜਦੋਂ ਜ਼ਮੀਨ ਵਿਕ ਗਈ ਤਾਂ ਜ਼ਿੰਦਗੀ ਦੀ ਲੈਅ ਗੁਆਚ ਗਈ।
                    ਲੜਕਾ ਗੁਰਬਿੰਦਰ ਆਪਣਾ ਪਤਨੀ ਦਾ ਇਲਾਜ ਕਰਾਉਣੋਂ ਬੇਵੱਸ ਹੋ ਗਿਆ ਤਾਂ ਪਤਨੀ ਛੱਡ ਕੇ ਚਲੀ ਗਈ। ਗੁਰਬਿੰਦਰ ਜ਼ਿੰਦਗੀ ਦਾ ਕੌੜਾ ਘੁੱਟ ਨਾ ਭਰ ਸਕਿਆ, ਖ਼ੁਦਕੁਸ਼ੀ ਦੇ ਰਾਹ ਤੁਰ ਗਿਆ। ਇਸ ਮਾਂ ਦਾ ਛੋਟਾ ਪੁੱਤ ਥਰਮਲ ’ਚ ਦਿਹਾੜੀ ਕਰਦਾ ਅਪਾਹਜ ਹੋ ਗਿਆ। ਜਦੋਂ ਮਾਂ ਮੁਕੰਦ ਕੌਰ ਦੱਸਦੀ ਹੈ ਕਿ ਅਪਾਹਜ ਪੁੱਤ ਹੁਣ ਰਾਈਸ ਸ਼ੈਲਰ ’ਚ ਚੌਕੀਦਾਰੀ ਕਰਦਾ ਹੈ ਤਾਂ ਸਾਈਨਾਥ ਦਾ ਗੱਚ ਭਰ ਜਾਂਦਾ ਹੈ। ਉਹ ਅਤੀਤ ਦੇ ਧਾਗਿਆਂ ’ਚ ਉਲਝ ਜਾਂਦਾ ਹੈ ਤੇ ਉਸ ਨੂੰ ਕਿਸੇ ਮਾਂ ਦੇ ਹੱਥਾਂ ਤੇ ‘ਖ਼ੁਸ਼ਹਾਲ ਪੰਜਾਬ’ ਦੀ ਲੀਕ ਨਹੀਂ ਦਿੱਖਦੀ। ਮਾਂਵਾਂ ਦੇ ਹੱਥਾਂ ਤੇ ਪਏ ਅੱਟਣ ਉਸ ਨੂੰ ਪੰਜਾਬ ਦਾ ਸੱਚ ਦਿਖਾਉਂਦੇ ਹਨ। ਡਾ. ਸਾਈਨਾਥ ਨੇ ਕਈ ਸੂਬਿਆਂ ਦੇ ਘਾਹ ਉੱਗੇ ਚੁੱਲ੍ਹੇ ਵੇਖੇ ਹਨ। ਉਸ ’ਚ ਖ਼ੁਦਕੁਸ਼ੀ ਪੀੜਤਾਂ ਦੇ ਘਰਾਂ ਦੇ ਸੱਥਰਾਂ ਚੋਂ ਕਿਧਰੇ ‘ਚਮਕਦਾ ਭਾਰਤ’ ਨਜ਼ਰ ਨਹੀਂ ਪਿਆ। ਜਦੋਂ ਅੱਜ ਇਕੱਠ ਚੋਂ ਇੱਕ ਅੌਰਤ ਖ਼ੁਦਕੁਸ਼ੀ ਕਰ ਗਏ ਪੁੱਤ ਦੀ ਤਸਵੀਰ ਦਿਖਾਉਂਦੀ ਹੈ ਤਾਂ ਉਸ ਨੂੰ ਉਹ ਆਪਣੇ ਕੈਮਰੇ ’ਚ ਕੈਦ ਕਰਦਾ ਹੈ।
          ਮਾਂ ਆਖਦੀ ਹੈ ਕਿ ‘ ਪੁੱਤ ਦੀ ਫ਼ੋਟੋ ਹਰ ਮੁਜ਼ਾਹਰੇ ’ਚ ਲੈ ਕੇ ਗਈ, ਹਕੂਮਤ ਨੂੰ ਨਜ਼ਰ ਨਹੀਂ ਪਈ।’  ਕੋਠਾ ਗੁਰੂ ਦੀ ਮਨਜੀਤ ਕੌਰ ਕੋਲ ਹੁਣ ਗੁਆਉਣ ਨੂੰ ਕੱੁਝ ਨਹੀਂ ਬਚਿਆ। ਨਰਮੇ ਨੂੰ ਸੁੰਡੀ ਪੈ ਗਈ ਤੇ ਜ਼ਮੀਨਾਂ ਨੂੰ ਬੈਂਕ ਪੈ ਗਏ। ਕਰਜ਼ੇ ਨੇ ਪਤੀ ਨੂੰ ਜੇਲ੍ਹ ਵੀ ਵਿਖਾ ਦਿੱਤੀ ਤੇ ਆਖ਼ਰ ਦੋ ਏਕੜ ਜ਼ਮੀਨ ਵਿਕ ਗਈ। ਮੁਆਵਜ਼ਾ ਮਿਲਿਆ ਨਹੀਂ ਪ੍ਰੰਤੂ ਦਬਕੇ ਨਿੱਤ ਸੁਣਨੇ ਪਏ। ਜਦੋਂ ਉਹ ਆਖਦੀ ਹੈ ਕਿ ਉਹ ਖਾਣ ਜੋਗੇ ਦਾਣੇ ਵੀ ਨਹੀਂ ਤਾਂ ਸਾਈਨਾਥ ਉਸ ਦੇ ਤੀਲਾ ਤੀਲਾ ਹੋਏ ਘਰ ਦੇ ਹਰ ਬਿਰਤਾਂਤ ਨੂੰ ਆਪਣੀ ਡਾਇਰੀ ’ਚ ਨੋਟ ਕਰਦਾ ਹੈ। ਜੇਠੂਕੇ ’ਚ ਅੱਜ ਕਈ ਘੰਟੇ ਦਰਦਾਂ ਦਾ ਹੜ੍ਹ ਵਗਿਆ।
               ਉਦੋਂ ਉਹ ਚੁੱਪ ਹੋ ਜਾਂਦਾ ਹੈ ਜਦੋਂ ਰਾਮਨਵਾਸ ਦੀਆਂ ਦੋ ਬਿਰਧ ਅੌਰਤਾਂ ਦੀ ਦਾਸਤਾ ਸੁਣਦਾ ਹੈ। ਇਨ੍ਹਾਂ ਦੋਵਾਂ ਅੌਰਤਾਂ ’ਚ ਸਭ ਕੱੁਝ ਸਾਂਝਾ ਹੈ। ਦੁੱਖ ਸਾਂਝੇ ਹਨ, ਚੀਸ ਸਾਂਝੀ ਹੈ ਤੇ ਦੋਹਾਂ ਦੀ ਅਰਥੀ ਨੂੰ ਮੋਢਾ ਦੇਣ ਲਈ ਪੁੱਤ ਨਹੀਂ। ਬਿਰਧ ਜਰਨੈਲ ਕੌਰ ਦੇ ਘਰ ਨੂੰ ਹਕੂਮਤਾਂ ਦਾ ਕੋਈ ‘ਕੈਪਟਨ’ ਨਹੀਂ ਬਚਾ ਸਕਿਆ। ਜਦੋਂ ਜਰਨੈਲ ਕੌਰ ਵਿਆਹ ਕੇ ਪਿੰਡ ਰਾਮਨਵਾਸ ਆਈ ਤਾਂ ਪੰਜ ਏਕੜ ਜ਼ਮੀਨ ਸੀ। ਹੁਣ ਉਸ ਕੋਲ ਖੇਤ ਨਹੀਂ ਰਹੇ। ਬੇਟੇ ਜਗਸੀਰ ਦੀ ਸੁਰਤ ਸੰਭਾਲਣ ਤੋਂ ਪਹਿਲਾਂ ਹੀ ਪੈਲੀ ਸ਼ਾਹੂਕਾਰਾਂ ਦੀ ਹੋ ਗਈ। ਜਗਸੀਰ ਦੇ ਬਾਪ ਨੇ ਤਾਂ ਵਿਆਜ ਨੂੰ ਜ਼ਰਬਾਂ ਦਿੰਦੇ ਸ਼ਾਹੂਕਾਰ ਹੀ ਵੇਖੇ,ਭਲੇ ਦਿਨ ਵੇਖਣ ਦਾ ਮੌਕਾ ਹੀ ਨਹੀਂ ਮਿਲਿਆ।
       ਆਖ਼ਰ ਜਗਸੀਰ ਜ਼ਿੰਦਗੀ ਨੂੰ ਅਲਵਿਦਾ ਆਖ ਗਿਆ। ਭੈਣ ਸ਼ਿੰਦਰਪਾਲ ਕੌਰ ਨੇ ਆਪਣੇ ਬਾਬਲ ਦੇ ਘਰ ਲਈ ਅਰਦਾਸਾਂ ਕੀਤੀਆਂ। ਹੁਣ ਜਰਨੈਲ ਕੌਰ ਘਰ ’ਚ ਇਕੱਲੀ ਹੈ। ਗੁਆਂਢ ’ਚ ਬਲਵੀਰ ਕੌਰ ਦਾ ਘਰ ਤਾਂ ਹੈ ਪ੍ਰੰਤੂ ਬਰਕਤ ਇਸ ਨਾਲ ਵੀ ਰੁੱਸੀ ਰਹੀ। ਚਾਰ ਏਕੜ ਜ਼ਮੀਨ ਵਿਕ ਗਈ, ਨੂੰਹ ਛੱਡ ਕੇ ਚਲੀ ਗਈ। ਪੁੱਤ ਜਹਾਨੋਂ ਚਲਾ ਗਿਆ। ਉਹ ਆਖਦੀ ਹੈ ਕਿ ‘ ਕਦੇ ਪੈਲੀ ਨਾਲ ਸਬਾਤਾਂ ਭਰਦੀਆਂ  ਸਨ, ਹੁਣ ਆਹ ਫਿਰਦੇ ਹਾਂ ਧੱਕੇ ਖਾਂਦੇ।’ ਇਨ੍ਹਾਂ ਦੋਵਾਂ ਕੋਲ ਪਾਣੀ ਤੱਕ ਦਾ ਪ੍ਰਬੰਧ ਨਹੀਂ। ਸੰਨਾਟੇ ਵਰਗੀ ਚੁੱਪ ਕਦੇ ਟੁੱਟਦੀ ਨਹੀਂ। ਜਦੋਂ ਰਾਤਾਂ ਨੂੰ ਹੌਲ ਪੈਂਦੇ ਹਨ ਤਾਂ ਇਹ ਦੋਵੇਂ ਇੱਕੋ ਘਰ ਵਿਚ ਪੈਂਦੀਆਂ ਹਨ ਕਿਉਂਕਿ ਕੱੁਝ ਵੀ ਵੱਖਰਾ ਨਹੀਂ।
        ਸਾਈਨਾਥ ਆਖਦਾ ਹੈ, ਜੋ ਬਾਹਰੋਂ ਪੰਜਾਬ ਦਾ ਨਕਸ਼ਾ ਦਿਖਦਾ ਹੈ, ਉਸ ਚੋਂ ਇਨ੍ਹਾਂ ਅੌਰਤਾਂ ਦੇ ਦੁੱਖ ਮਨਫ਼ੀ ਹਨ। ‘ਗਾਉਂਦਾ ਨੱਚਦਾ ਪੰਜਾਬ’ ਤੇ ‘ਖ਼ੁਸ਼ਹਾਲ ਪੰਜਾਬ’ ਦੇ ਨਾਅਰੇ ਸਿਰਫ਼ ਅੱਠ ਫ਼ੀਸਦੀ ਦੀ ਤਰਜਮਾਨੀ ਕਰਦੇ ਹਨ, ਸਮੁੱਚੇ ਪੰਜਾਬ ਦੀ ਨਹੀਂ। ਸਾਈਨਾਥ ਨੇ ਲੰਘੇ ਕੱਲ੍ਹ ਪਿੰਡ ਧੌਲ਼ਾ ਵਿਚ ਕਿਸਾਨ ਧਿਰਾਂ ਦੀ ਸੰਘਰਸ਼ੀ ਗਾਥਾ ਦੀ ਪੜਚੋਲ ਕੀਤੀ ਅਤੇ 9 ਮਈ ਨੂੰ ਉਹ ਲੰਬੀ ਦੇ ਪਿੰਡ ਸਿੰਘੇਵਾਲਾ ਵਿਚ ਮਜ਼ਦੂਰਾਂ ਤੋਂ ਉਨ੍ਹਾਂ ਦੇ ਵਿਹੜਿਆਂ ਦੇ ਦੁੱਖ ਸੁਣਨਗੇ। ਅੱਜ ਉਨ੍ਹਾਂ ਨਾਲ ਡਾ.ਨਵਸ਼ਰਨ ਕੌਰ, ਡਾ.ਪਰਮਿੰਦਰ ਸਿੰਘ, ਖੋਜਾਰਥੀ ਪ੍ਰੀਤਨਮੋਲ,ਕਿਸਾਨ ਆਗੂ ਝੰਡਾ ਸਿੰਘ ਜੇਠੂਕੇ, ਮਹਿਲਾ ਆਗੂ ਹਰਿੰਦਰ ਬਿੰਦੂ ਤੇ ਸ਼ਿੰਗਾਰਾ ਸਿੰਘ ਮਾਨ ਵੀ ਸਨ।
     

2 comments:

  1. ਕੀ ਕਪਟੈਨ ਜਾ ਬਾਦਲ ਜਾ ਸ਼੍ਰੀਮਨੀ ਕਮੇਟੀ ਦੇ member ਜਾ ਕਿਸੇ ਆਗੂ ਨੂ ਸ਼ਰਮ ਦਾ ਘਾਟਾ ਹੈ. ਦੁਬ ਕੇ ਮਰਜੋ!!! ਕੀ ਸਿਖਾ ਨੂ ਸਿਖ ਦਾ ਕੋਈ ਦਰਦ ਨਹੀ? ਆਵਦੀ ਕੁਰਸੀ ਤੇ ਲੁਟ ਜਦੋ ਕਿ ਸਾਡੇ ਸਿਖ ਹੀ ਖਤਮ ਹੋ ਰਹੇ ਹਨ!!!!ਯੋਧਬੀਰ ਸਿੰਘ ਦੀ blog ਤੇ ਪੜ੍ਹਿਆ

    ----ਹਰਵਿੰਦਰ ਸੋਨੀ ਪ੍ਰਧਾਨ ਸ਼ਿਵ ਸੈਨਾ ਬਾਲ ਠਾਕਰੇ ਗੁਰਦਾਸਪੁਰ ਨੂੰ ਬੁਲੇਟ ਪਰੂਫ ਸਕਾਰਪੀਓ ਅਤੇ ਇੱਕ ਜਿਪਸੀ ਦੀ ਸਹੂਲਤ ਦਿੱਤੀ ਗਈ ਹੈ। ਇਹ ਦੋਹਾਂ ਕਾਰਾਂ ਵਿੱਚ 900 ਲੀਟਰ ਪ੍ਰਤੀ ਮਹੀਨਾ ਤੇਲ ਫੂਕਣ ਦਾ ਹੱਕ ਰੱਖਦਾ ਹੈ। ਸ਼ਿਵ ਸੈਨਾ ਅੰਮ੍ਰਿਤਸਰ ਦੇ ਚੇਅਰਮੈਨ ਸੁਧੀਰ ਸੂਰੀ ਨੂੰ ਜਿਪਸੀ ਦੀ ਸਹੂਲਤ ਦਿੱਤੀ ਗਈ ਹੈ ਲੁਧਿਆਣਾ ਅਧਾਰਤ ਨੈਸ਼ਨਲ ਸ਼ਿਵ ਸੈਨਾ ਦਾ ਪ੍ਰਧਾਨ ਵੀ ਜਿਪਸੀ ਹਾਸਲ ਕਰਨ ਵਿੱਚ ਕਾਮਯਾਬ ਹੋ ਗਿਆ ਹੈ। ਜਲੰਧਰ ਨਾਲ ਸਬੰਧਤ ਸ਼ਿਵ ਸੈਨਾ ਦੇ ਪ੍ਰਧਾਨ ਵਿਨੈ ਜਲੰਧਰੀ ਨੂੰ ਵੀ ਜਿਪਸੀ, ਯੋਗਰਾਜ ਸਿੰਘ ਜਿਸ ਦਾ ਸਬੰਧ ਵੀ ਸ਼ਿਵ ਸੈਨਾ ਨਾਲ ਦੱਸਿਆ ਗਿਆ ਹੈ, ਨੂੰ ਦੋ ਗੱਡੀਆਂ ਇੱਕ ਬੁਲਿਟ ਪਰੂਫ ਅੰਬੈਸਡਰ ਅਤੇ ਇੱਕ ਬੁਲੇਰੋ ਕੈਂਪਰ ਦਿੱਤੀ ਗਈ ਹੈ। ਰੂਪਨਗਰ ਨਾਲ ਸਬੰਧਤ ਸ਼ਿਵ ਸੈਨਾ ਦੇ ਆਗੂ ਸੰਜੀਵ ਘਨੌਲੀ ਨੂੰ ਪੁਲੀਸ ਵੱਲੋਂ ਇੱਕ ਅੰਬੈਸਡਰ ਅਤੇ ਇੱਕ ਜਿਪਸੀ ਦੋਹਾਂ ਕਾਰਾਂ ਵਿੱਚ 1 ਹਜ਼ਾਰ ਲੀਟਰ ਪੈਟਰੋਲ ਪ੍ਰਤੀ ਮਹੀਨਾ ਫੂਕਣ ਦਾ ਹੱਕ ਹੈ। ਆਲ ਇੰਡੀਆ ਹਿੰਦੂ ਸਟੂਡੈਂਟ ਫੈਡਰੇਸ਼ਨ ਦੇ ਪ੍ਰਧਾਨ ਨਿਸ਼ਾਂਤ ਸ਼ਰਮਾ ਨੂੰ ਇੱਕ ਜਿਸਪੀ, ਲੁਧਿਆਣਾ ਨਾਲ ਸਬੰਧਤ ਸ਼ਿਵ ਸੈਨਾ ਦੇ ਚੇਅਰਮੈਨ ਰਾਜੀਵ ਟੰਡਨ ਨੂੰ ਇੱਕ ਅੰਬੈਸਡਰ ਬੁਲਿਟ ਪਰੂਫ ਤੇ ਇੱਕ ਮਹਿੰਦਰਾ ਕੰਪਨੀ ਦੀ ਬਲੇਰੋ ਇਨਵੇਡਰ ਦਿੱਤੀ ਹੋਈ ਹੈ। ਪਟਿਆਲਾ ਸ਼ਹਿਰ ਨਾਲ ਸਬੰਧਤ ਸ਼ਿਵ ਸੈਨਾ ਹਿੰਦੋਸਤਾਨ ਦੇ ਪ੍ਰਧਾਨ ਪਵਨ ਕੁਮਾਰ ਗੁਪਤਾ ਨੂੰ ਵੀ ਇੱਕ ਬੁਲੇਟ ਪਰੂਫ਼ ਅੰਬੈਸਡਰ ਕਾਰ ਅਤੇ ਜਿਪਸੀ ਦੀ ਸਹੂਲਤ ਦਿੱਤੀ ਹੋਈ ਹੈ। ਪੰਜਾਬ ਪੁਲੀਸ ਵੱਲੋਂ ਪਟਿਆਲਾ ਨਾਲ ਹੀ ਸਬੰਧਤ ਸ਼ਿਵ ਸੈਨਾ (ਬਾਲ ਠਾਕਰੇ) ਦੇ ਮੀਤ ਪ੍ਰਧਾਨ ਹਰੀਸ਼ ਸਿੰਗਲਾ ਨੂੰ ਜਿਪਸੀ, ਮੋਗਾ ਨਾਲ ਸਬੰਧਤ ਸ਼ਿਵ ਸੈਨਾ ਹਿੰਦੋਸਤਾਨ ਤੇ ਪ੍ਰਧਾਨ ਅਮਿਤ ਘਈ ਨੂੰ ਬਲੇਰੋ ਅਤੇ ਅਖਿਲ ਭਾਰਤੀ ਹਿੰਦੂ ਸੁਰੱਖਿਆ ਸਮਿਤੀ ਅਤੇ ਹਿੰਦੂ ਤਖ਼ਤ ਕਾਲੀ ਮਾਤਾ ਪਟਿਆਲਾ ਤੇ ਪ੍ਰਧਾਨ ਸੰਜੀਵ ਭਾਰਦਵਾਜ ਨੂੰ ਬੁਲੇਟ ਪਰੂਫ ਅੰਬੈਸਡਰ ਅਤੇ ਇੱਕ ਜਿਪਸੀ ਦੀ ਸਹੂਲਤ ਦਿੱਤੀ ਗਈ ਹੈ

    ਤੇ ਮੋਦੀ ਨੇ Dec.13, ੨੦੧੭ ਨੂ FICCI event ਤੇ ਦ੍ਸ਼ਿਆ ਕਿ ਮੁਦ੍ਰਾ ਸਕੀਮ ਦੇ ਥਲੇ ਉਦੋ ਤਕ govt ਨੇ 4 ਲਖ ਕਰੋੜ ਦਾ ਕਰਜਾ ਦਿਤਾ ਹੈ ਨੋਜਵਾਨਾ ਨੂ ਦੁਕਾਨਾ ਵਾਸਤੇ ਜਿਸ ਦਾ ਕੋਈ collateral, ਜਾ ਕੋਈ ਗਰੰਟੀ ਨਹੀ ਮੰਗੀ!!! ਹਰੇਕ ਦੁਕਾਨਦਾਰ 2 ਕਰੋੜ ਤਕ ਲੈ ਸਕਦਾ ਹੈ. ਤੇ ਇਥੇ ਇਹ ਪੰਜਾਬੀ ਸਿਖ ਕਿਸਾਨ ਭਰਾ ਜਿਨਾ ਨੇ ਦੇਸ਼ ਦਾ ਜੈ ਜਵਾਨ ਜੈ ਕਿਸਾਨ ਦਾ ਨਾਹਰਾ ਪੂਰਾ ਕੀਤਾ ਤੇ ਦੇਸ਼ ਦਾ ਢਿਡ ਭਰਿਆ ਓਹ ਖਤਮ ਹੋ ਗਏ ਕੁਝ ਕੁ ਰੁਪੇ ਪਿਛੇ. ਸਿਖ leader ਭਾਵੇ ਸ਼੍ਰੋਮਣੀ ਕਮੇਟੀ ਦੇ ਹੋਣ ਭਾਵੇ ਬਾਦਲ ਭਾਵੇ ਅਮਰਿੰਦਰ ਤੇ congi...ਚ੍ਪਨੀ ਵਿਚ ਨਕ ਡਬੋ ਕੋ ਮਰ੍ਜੋ. ਲਖ ਲਾਹਨਤ ਹੈ ਤੁਹਾਡੇ ਤੇ

    ReplyDelete
    Replies
    1. ਲਿੰਕ ਇਹ ਹੈ FICCI event

      https://www.firstpost.com/business/at-ficci-event-narendra-modi-trains-guns-on-congress-for-bad-loan-mess-calls-it-big-scam-4257059.html

      Delete