Showing posts with label teacher. Show all posts
Showing posts with label teacher. Show all posts

Wednesday, January 8, 2025

                                                         ਕੇਂਦਰੀ ਰਿਪੋਰਟ
                                    ਗੁਰੂ ਉਡੀਕ ਰਹੇ ਨੇ ਸ਼ਿਸ਼…!
                                                         ਚਰਨਜੀਤ ਭੁੱਲਰ 

ਚੰਡੀਗੜ੍ਹ : ਪੰਜਾਬ ’ਚ ਕਰੀਬ 15 ਸਕੂਲ ਅਜਿਹੇ ਹਨ ਜਿਨ੍ਹਾਂ ’ਚ ਕੋਈ ਪੜ੍ਹਨ ਵਾਲਾ ਹੀ ਨਹੀਂ ਹੈ ਜਦੋਂਕਿ ਪੜ੍ਹਾਉਣ ਵਾਲੇ 35 ਅਧਿਆਪਕ ਤਾਇਨਾਤ ਹਨ। ਹਰ ਸਕੂਲ ਵਿੱਚ ਔਸਤਨ ਤਿੰਨ ਅਧਿਆਪਕਾਂ ਦੀ ਤਾਇਨਾਤੀ ਹੈ ਪਰ ਇਨ੍ਹਾਂ ਅਧਿਆਪਕਾਂ ਕੋਲ ਪੜ੍ਹਨ ਵਾਲਾ ਕੋਈ ਬੱਚਾ ਹੀ ਨਹੀਂ ਹੈ। ਕੇਂਦਰੀ ਸਿੱਖਿਆ ਮੰਤਰਾਲੇ ਦੀ ਸਾਲ 2023-24 ਦੀ ਤਾਜ਼ਾ ਰਿਪੋਰਟ ’ਚ ਇਹ ਤੱਥ ਉਭਰੇ ਹਨ ਪਰ ਇਸ ’ਚ ਇਹ ਖ਼ੁਲਾਸਾ ਨਹੀਂ ਕੀਤਾ ਗਿਆ ਕਿ ਬਿਨਾਂ ਵਿਦਿਆਰਥੀਆਂ ਵਾਲੇ ਸਕੂਲ ਸਰਕਾਰੀ ਹਨ ਜਾਂ ਪ੍ਰਾਈਵੇਟ? ਸੂਤਰਾਂ ਮੁਤਾਬਕ ਕੋਈ ਪ੍ਰਾਈਵੇਟ ਅਦਾਰਾ ਬਿਨਾਂ ਬੱਚਿਆਂ ਤੋਂ ਅਧਿਆਪਕਾਂ ਨੂੰ ਤਨਖ਼ਾਹ ਨਹੀਂ ਦੇਵੇਗਾ। ਪੰਜਾਬ ਵਿੱਚ ਕੁੱਲ 27,404 ਸਕੂਲ (ਸਰਕਾਰੀ, ਸਹਾਇਤਾ ਪ੍ਰਾਪਤ ਤੇ ਪ੍ਰਾਈਵੇਟ) ਹਨ ਜਿਨ੍ਹਾਂ ’ਚੋਂ ਉਪਰੋਕਤ ਬਿਨਾਂ ਵਿਦਿਆਰਥੀਆਂ ਵਾਲੇ ਸਕੂਲਾਂ ਦੀ ਸ਼ਨਾਖ਼ਤ ਹੋਈ ਹੈ। ਸਾਲ 2022-23 ਦੀ ਪਿਛਲੀ ਰਿਪੋਰਟ ’ਚ ਬਿਨਾਂ ਵਿਦਿਆਰਥੀਆਂ ਵਾਲੇ ਸਕੂਲਾਂ ਦੀ ਗਿਣਤੀ ਛੇ ਸੀ ਜਿਨ੍ਹਾਂ ’ਚ 20 ਅਧਿਆਪਕਾਂ ਦੀ ਤਾਇਨਾਤੀ ਸੀ। ਇੱਕ ਸਾਲ ’ਚ ਬਿਨਾਂ ਬੱਚਿਆਂ ਵਾਲੇ ਸਕੂਲਾਂ ਦੀ ਗਿਣਤੀ 15 ਜਦਕਿ ਅਧਿਆਪਕਾਂ ਦੀ ਗਿਣਤੀ 35 ਹੋ ਗਈ ਹੈ।

          ਹਰਿਆਣਾ ਇਸ ਮਾਮਲੇ ’ਚ ਪੰਜਾਬ ਤੋਂ ਅੱਗੇ ਹੈ ਜਿੱਥੇ ਤਾਜ਼ਾ ਰਿਪੋਰਟ ਅਨੁਸਾਰ 81 ਸਕੂਲ ਬਿਨਾਂ ਵਿਦਿਆਰਥੀਆਂ ਤੋਂ ਹਨ ਜਿਨ੍ਹਾਂ ’ਚ 178 ਅਧਿਆਪਕ ਵੀ ਤਾਇਨਾਤ ਹਨ। ਕੇਂਦਰੀ ਮੰਤਰਾਲੇ ਦੀ ਰਿਪੋਰਟ ਅਨੁਸਾਰ ਦਸ ਅਧਿਆਪਕ ਔਸਤਨ ਪ੍ਰਤੀ ਸਕੂਲ ਹਨ ਅਤੇ ਵਿਦਿਆਰਥੀ-ਅਧਿਆਪਕ ਅਨੁਪਾਤ ਵੀ 22 ਦਾ ਹੈ। ਇਸੇ ਤਰ੍ਹਾਂ ਔਸਤਨ 219 ਵਿਦਿਆਰਥੀ ਪ੍ਰਤੀ ਸਕੂਲ ਹਨ। ਜੇ ਪੂਰੇ ਦੇਸ਼ ’ਤੇ ਨਜ਼ਰ ਮਾਰੀਏ ਤਾਂ ਭਾਰਤ ’ਚ 1,10,971 ਸਕੂਲ ਅਜਿਹੇ ਹਨ ਜਿਨ੍ਹਾਂ ਵਿੱਚ ਸਿਰਫ਼ ਇੱਕ ਅਧਿਆਪਕ ਹੈ ਜਦਕਿ ਸਾਲ 2022-23 ਵਿੱਚ ਅਜਿਹੇ ਸਕੂਲਾਂ ਦਾ ਅੰਕੜਾ 1,18,190 ਸੀ। ਸਾਲ ਵਿੱਚ 7219 ਇੱਕ ਅਧਿਆਪਕ ਵਾਲੇ ਸਕੂਲਾਂ ਦੀ ਕਟੌਤੀ ਹੋਈ ਹੈ। ਇੱਕ ਅਧਿਆਪਕ ਵਾਲੇ ਸਕੂਲਾਂ ਵਿੱਚ ਮੱਧ ਪ੍ਰਦੇਸ਼ ਦੀ ਝੰਡੀ ਹੈ ਜਿੱਥੇ ਸਭ ਤੋਂ ਵੱਧ 13,198 ਸਕੂਲਾਂ ’ਚ ਇੱਕ-ਇੱਕ ਅਧਿਆਪਕ ਹਨ ਜਦੋਂਕਿ ਦੂਜੇ ਨੰਬਰ ’ਤੇ ਆਂਧਰਾ ਪ੍ਰਦੇਸ਼ ਹੈ ਜਿੱਥੇ 12,611 ਸਕੂਲਾਂ ਵਿੱਚ ਇੱਕ-ਇੱਕ ਅਧਿਆਪਕ ਹੈ। ਕੋਈ ਵੀ ਸਰਕਾਰ ਸਕੂਲਾਂ ਵਿੱਚ ਅਧਿਆਪਕਾਂ ਦੀ ਪੂਰਤੀ ਕਰਨ ਵਿੱਚ ਸਫ਼ਲ ਨਹੀਂ ਹੋਈ ਹੈ। ਪੰਜਾਬ ਦੇ ਸਕੂਲਾਂ ’ਚ ਕੁੱਲ 2.73 ਲੱਖ ਅਧਿਆਪਕ ਹਨ ਜਿਨ੍ਹਾਂ ਵਿੱਚੋਂ 1.26 ਲੱਖ ਅਧਿਆਪਕ ਸਰਕਾਰੀ ਸਕੂਲਾਂ ’ਚ ਹਨ। 

          ਪੰਜਾਬ ਦੇ ਕੁੱਲ 27,404 ਸਕੂਲਾਂ ਵਿੱਚ ਸਾਲ 2023-24 ਦੌਰਾਨ 59.88 ਲੱਖ ਬੱਚੇ ਪੜ੍ਹਦੇ ਸਨ। ਪੰਜਾਬ ਵਿੱਚ ਕੁੱਲ 13,468 ਪ੍ਰਾਇਮਰੀ ਸਕੂਲ ਹਨ। ਦੇਖਿਆ ਜਾਵੇ ਤਾਂ ਪੰਜਾਬ ਵਿੱਚ ਬੀ.ਐੱਡ ਬੇਰੁਜ਼ਗਾਰ ਅਧਿਆਪਕਾਂ ਦੀ ਵੱਡੀ ਗਿਣਤੀ ਹੈ ਪਰ ਸਰਕਾਰ ਵੱਲੋਂ ਰੈਗੂਲਰ ਭਰਤੀ ਤੇਜ਼ੀ ਨਾਲ ਨਹੀਂ ਕੀਤੀ ਜਾ ਰਹੀ। ਸੂਤਰਾਂ ਅਨੁਸਾਰ ਬਿਨਾਂ ਬੱਚਿਆਂ ਵਾਲੇ ਸਕੂਲਾਂ ਵਿੱਚ ਅਧਿਆਪਕਾਂ ਦੀਆਂ ਅਸਾਮੀਆਂ ਵੀ ਪ੍ਰਵਾਨਿਤ ਹਨ ਪਰ ਇਨ੍ਹਾਂ ਵਿੱਚ ਬੱਚੇ ਨਹੀਂ ਹਨ। ਰਿਪੋਰਟ ਅਨੁਸਾਰ ਪੰਜਾਬ ਵਿੱਚ ਸਾਲ 2023-24 ’ਚ ਅਜਿਹੇ 2,092 ਸਕੂਲਾਂ ਦੀ ਵੀ ਸ਼ਨਾਖ਼ਤ ਹੋਈ ਹੈ ਜਿਨ੍ਹਾਂ ਵਿੱਚ ਸਿਰਫ਼ ਇੱਕ-ਇੱਕ ਅਧਿਆਪਕ ਕੰਮ ਕਰ ਰਿਹਾ ਹੈ। ਇਨ੍ਹਾਂ ਸਕੂਲਾਂ ਵਿੱਚ 69,532 ਵਿਦਿਆਰਥੀ ਪੜ੍ਹ ਰਹੇ ਹਨ। ਸਾਲ 2022-23 ਵਿੱਚ ਅਜਿਹੇ ਸਕੂਲਾਂ ਦੀ ਗਿਣਤੀ 2,311 ਸੀ ਜੋ ਐਤਕੀਂ ਘਟ ਗਈ ਹੈ। ਪੰਜਾਬ ਵਿੱਚ ਬੱਚਿਆਂ ਦੀ ਗਿਣਤੀ ਦੇ ਲਿਹਾਜ਼ ਨਾਲ ਅਧਿਆਪਕਾਂ ਦੀ ਭਰਤੀ ਦੀ ਦਰ ’ਚ ਵਾਧਾ ਨਹੀਂ ਹੋ ਰਿਹਾ।

Tuesday, January 7, 2025

                                                        ਪੜ੍ਹੀਏ-ਪੜ੍ਹਾਈਏ
                             ਅਧਿਆਪਨ ’ਚ ਬੀਬੀਆਂ ਦੀ ਬੱਲੇ ਬੱਲੇ
                                                         ਚਰਨਜੀਤ ਭੁੱਲਰ  

ਚੰਡੀਗੜ੍ਹ : ਪੰਜਾਬ ਦੇ ਸਰਕਾਰੀ ਸਕੂਲਾਂ ’ਚ ਮਹਿਲਾ ਅਧਿਆਪਕਾਂ ਦੀ ਬੱਲੇ ਬੱਲੇ ਹੈ ਜਦਕਿ ਪੁਰਸ਼ ਅਧਿਆਪਕ ਘੱਟ ਗਿਣਤੀ ’ਚ ਰਹਿ ਗਏ ਹਨ। ਕੇਂਦਰੀ ਸਿੱਖਿਆ ਮੰਤਰਾਲੇ ਦੀ ਤਾਜ਼ਾ ਰਿਪੋਰਟ ਅਨੁਸਾਰ ਸਕੂਲੀ ਅਧਿਆਪਨ ’ਚ ਕੁੜੀਆਂ ਦੀ ਕਾਮਯਾਬੀ ਦਰ ਵਧ ਗਈ ਹੈ ਜਦਕਿ ਲੜਕਿਆਂ ਲਈ ਅਧਿਆਪਨ ਹੁਣ ਪਸੰਦੀਦਾ ਕਿੱਤਾ ਨਹੀਂ ਜਾਪਦਾ ਹੈ। ਸਿਆਸੀ ਮਾਹਿਰਾਂ ਅਨੁਸਾਰ ਇਹੀ ਰੁਝਾਨ ਰਿਹਾ ਤਾਂ ਸਕੂਲਾਂ ’ਚ ਪੁਰਸ਼ ਅਧਿਆਪਕ ਟਾਵੇਂ ਹੀ ਰਹਿ ਜਾਣਗੇ। ਕੇਂਦਰੀ ਸਿੱਖਿਆ ਮੰਤਰਾਲੇ ਵੱਲੋਂ ਜਾਰੀ ਸਾਲ 2023-24 ਦੀ ਰਿਪੋਰਟ ਅਨੁਸਾਰ ਪੰਜਾਬ ਦੇ ਸਰਕਾਰੀ ਪ੍ਰੀ-ਪ੍ਰਾਇਮਰੀ ਤੋਂ ਸੀਨੀਅਰ ਸੈਕੰਡਰੀ ਸਕੂਲਾਂ ਦੀ ਗਿਣਤੀ 19,242 ਹੈ, ਜਿਨ੍ਹਾਂ ’ਚ ਕੁੱਲ 1,26,136 ਅਧਿਆਪਕ ਪੜ੍ਹਾ ਰਹੇ ਹਨ। ਇਨ੍ਹਾਂ ’ਚੋਂ 45,023 (35.69 ਫ਼ੀਸਦ) ਪੁਰਸ਼ ਅਧਿਆਪਕ ਹਨ ਅਤੇ ਮਹਿਲਾ ਅਧਿਆਪਕ 81,113 (64.30 ਫ਼ੀਸਦ) ਹਨ, ਜਿਨ੍ਹਾਂ ਕੁੜੀਆਂ ਨੇ ਪਹਿਲਾਂ ਪ੍ਰੀਖਿਆਵਾਂ ’ਚ ਬਾਜ਼ੀ ਮਾਰੀ, ਉਨ੍ਹਾਂ ਹੀ ਹੁਣ ਅਧਿਆਪਨ ’ਚ ਲੜਕਿਆਂ ਨੂੰ ਪਛਾੜਿਆ ਹੈ। 

           ਸਾਲ 2018-19 ਵਿਚ ਸਰਕਾਰੀ ਸਕੂਲਾਂ ’ਚ ਕੁੱਲ 1,16,932 ਅਧਿਆਪਕ ਸਨ। ਲੰਘੇ ਛੇ ਵਰ੍ਹਿਆਂ ’ਚ ਸਰਕਾਰੀ ਅਧਿਆਪਕਾਂ ਦੀ ਕੁੱਲ ਗਿਣਤੀ ’ਚ ਸਿਰਫ਼ 9,204 ਅਧਿਆਪਕਾਂ ਦਾ ਵਾਧਾ ਹੋਇਆ ਹੈ। ਸਾਲ 2018-19 ਵਿੱਚ 44,722 (38.24 ਫ਼ੀਸਦ) ਪੁਰਸ਼ ਅਧਿਆਪਕ ਸਨ, ਜਦਕਿ 72,210 ਮਹਿਲਾ ਅਧਿਆਪਕ (61.75 ਫ਼ੀਸਦ) ਸਨ। ਇਸੇ ਤਰ੍ਹਾਂ ਸਾਲ 2022-23 ਵਿੱਚ ਸਰਕਾਰੀ ਸਕੂਲਾਂ ਵਿਚ ਕੁੱਲ 1,23,630 ਅਧਿਆਪਕ ਸਨ, ਜਿਨ੍ਹਾਂ ’ਚੋਂ ਪੁਰਸ਼ ਅਧਿਆਪਕ 44,778 (36.21 ਫ਼ੀਸਦ) ਤੇ ਮਹਿਲਾ ਅਧਿਆਪਕ 78,852 (63.78 ਫ਼ੀਸਦ) ਸਨ। ਪੰਜਾਬ ਦੇ ਸਮੁੱਚੇ 27,404 ਸਕੂਲਾਂ (ਸਰਕਾਰੀ, ਸਰਕਾਰੀ ਸਹਾਇਤਾ ਪ੍ਰਾਪਤ ਅਤੇ ਪ੍ਰਾਈਵੇਟ) ’ਚ 2,73,092 ਅਧਿਆਪਕ ਹਨ, ਜਿਨ੍ਹਾਂ ’ਚੋਂ 23.92 ਫ਼ੀਸਦ ਪੁਰਸ਼ ਅਤੇ 76.07 ਫ਼ੀਸਦ ਮਹਿਲਾ ਅਧਿਆਪਕ ਹਨ। ਸਾਲ 2022-23 ਵਿਚ ਇਹ ਪੁਰਸ਼ ਅਧਿਆਪਕ 24.52 ਫ਼ੀਸਦ ਸਨ ਅਤੇ ਮਹਿਲਾ ਅਧਿਆਪਕ 75.47 ਫ਼ੀਸਦ ਸਨ। 

          ਸਾਲ 2018-19 ਵਿਚ ਪੁਰਸ਼ ਅਧਿਆਪਕ 24.57 ਫ਼ੀਸਦ ਅਤੇ 75.42 ਫ਼ੀਸਦ ਮਹਿਲਾ ਅਧਿਆਪਕ ਸਨ। ਕੋਈ ਵੇਲਾ ਸੀ ਜਦੋਂ ਕਿ ਕੁੜੀਆਂ ਨੂੰ ਪਿੰਡ ਦੀ ਜੂਹ ਚੋਂ ਬਾਹਰ ਪੜ੍ਹਨ ਨਹੀਂ ਭੇਜਿਆ ਜਾਂਦਾ ਸੀ, ਹੁਣ ਸਮੇਂ ਬਦਲੇ ਹਨ ਕਿ ਕੁੜੀਆਂ ਨੇ ਪਹਿਲਾਂ ਖੁਦ ਪੜ੍ਹ ਕੇ ਅਤੇ ਫਿਰ ਪੜਾਉਣਾ ਸ਼ੁਰੂ ਕਰਕੇ ਆਪਣੀ ਕਾਬਲੀਅਤ ਦਿਖਾ ਰਹੀਆਂ ਹਨ। ਸੂਬੇ ਵਿਚ ਸਭ ਤੋਂ ਵੱਧ 19,242 ਸਰਕਾਰੀ ਸਕੂਲ ਹਨ ਜਦਕਿ ਸਰਕਾਰੀ ਸਹਾਇਤਾ ਪ੍ਰਾਪਤ 444 ਸਕੂਲ ਤੇ 7704 ਪ੍ਰਾਈਵੇਟ ਸਕੂਲ ਹਨ। ਸੂਬੇ ਵਿੱਚ ਕਰੀਬ 70 ਫ਼ੀਸਦੀ ਸਕੂਲ ਸਰਕਾਰੀ ਹਨ। ਇਸੇ ਤਰ੍ਹਾਂ ਸਰਕਾਰੀ ਸਕੂਲਾਂ ਵਿਚ ਜਨਰਲ ਕੈਟਾਗਰੀ ਦੇ ਸਿਰਫ਼ 47.8 ਫ਼ੀਸਦ ਬੱਚੇ ਪੜ੍ਹਦੇ ਹਨ ਜਦਕਿ ਅਨੁਸੂਚਿਤ ਜਾਤੀਆਂ ਦੇ 36.6 ਫ਼ੀਸਦ ਤੇ ਪੱਛੜੀਆਂ ਸ਼੍ਰੇਣੀਆਂ ਦੇ 15.5 ਫ਼ੀਸਦੀ ਬੱਚੇ ਪੜ੍ਹਦੇ ਹਨ। ਸੂਬੇ ਵਿਚ ਸਭ ਤੋਂ ਵੱਧ 13,468 ਸਰਕਾਰੀ ਪ੍ਰਾਇਮਰੀ ਸਕੂਲ ਹਨ। ਪ੍ਰਿੰਸੀਪਲ ਤਿਰਲੋਕ ਬੰਧੂ ਆਖਦੇ ਹਨ ਕਿ ਈਟੀਟੀ ਅਤੇ ਬੀਐੱਡ ਕੋਰਸਾਂ ਵਿੱਚ ਹੀ ਲੜਕੀਆਂ ਦੀ ਦਾਖਲਾ ਦਰ ਜ਼ਿਆਦਾ ਹੈ ਅਤੇ ਮੁਕਾਬਲੇ ਦੀਆਂ ਪ੍ਰੀਖਿਆਵਾਂ ਵਿਚ ਵੀ ਲੜਕੇ ਪੱਛੜ ਜਾਂਦੇ ਹਨ ਜਿਸ ਕਰਕੇ ਸਕੂਲਾਂ ਵਿਚ ਪੁਰਸ਼ ਅਧਿਆਪਕਾਂ ਦੀ ਗਿਣਤੀ ਘਟਣਾ ਸੁਭਾਵਿਕ ਹੈ।

                                         ਦਾਖਲਾ ਦਰ ’ਚ ਲੜਕੇ ਅੱਗੇ

ਕੇਂਦਰੀ ਰਿਪੋਰਟ ਅਨੁਸਾਰ ਦਾਖਲਾ ਦਰ ’ਚ ਲੜਕੇ ਅੱਗੇ ਹਨ। ਸਾਲ 2023-24 ’ਚ ਸਰਕਾਰੀ ਸਕੂਲਾਂ ਵਿਚ ਕੁੱਲ 28.23 ਲੱਖ ਵਿਦਿਆਰਥੀ ਪੜ੍ਹਦੇ ਸਨ ਜਿਨ੍ਹਾਂ ’ਚੋਂ 14.46 ਲੱਖ ਲੜਕੇ ਅਤੇ 13.77 ਲੱਖ ਲੜਕੀਆਂ ਸਨ। ਪੰਜਾਬ ਦੇ ਸਮੁੱਚੇ 27,404 ਸਕੂਲਾਂ (ਸਰਕਾਰੀ, ਸਰਕਾਰੀ ਸਹਾਇਤਾ ਪ੍ਰਾਪਤ ਅਤੇ ਪ੍ਰਾਈਵੇਟ) ’ਤੇ ਨਜ਼ਰ ਮਾਰਦੇ ਹਾਂ ਤਾਂ ਇਨ੍ਹਾਂ ਸਕੂਲਾਂ ਦੀ ਕੁੱਲ ਗਿਣਤੀ 27,404 ਬਣਦੀ ਹੈ ਜਿਨ੍ਹਾਂ ’ਚ ਸਾਲ 2023-24 ਦੌਰਾਨ 59.88 ਲੱਖ ਬੱਚੇ ਪੜ੍ਹਦੇ ਸਨ ਅਤੇ ਇਨ੍ਹਾਂ ’ਚੋਂ 32.07 ਲੱਖ ਲੜਕੇ ਅਤੇ 27.81 ਲੱਖ ਲੜਕੀਆਂ ਹਨ। ਰਿਪੋਰਟ ਅਨੁਸਾਰ ਉਪਰੋਕਤ ਵਰ੍ਹੇ ਦੌਰਾਨ ਸਰਕਾਰੀ ਸਕੂਲਾਂ ਵਿਚ 47.14 ਫ਼ੀਸਦ ਬੱਚੇ ਹੀ ਪੜ੍ਹਦੇ ਹਨ।

Saturday, August 6, 2022

                                                            ਉਲਟੀ ਗੰਗਾ
                                        ਅਸਾਂ ਤਰੱਕੀ ਨਹੀਂ ਲੈਣੀ..
                                                          ਚਰਨਜੀਤ ਭੁੱਲਰ  

ਚੰਡੀਗੜ੍ਹ: ਕੋਈ ਜ਼ਮਾਨਾ ਸੀ ਜਦੋਂ ਤਰੱਕੀ ਲੈਣ ਲਈ ਅਧਿਆਪਕ ਧਰਨੇ ਲਾਉਂਦੇ ਸਨ ਪ੍ਰੰਤੂ ਹੁਣ ਉਲਟੀ ਗੰਗਾ ਵਹਿ ਰਹੀ ਹੈ ਕਿ ਈਟੀਟੀ ਅਧਿਆਪਕਾਂ ਆਖ ਰਹੇ ਹਨ ਕਿ ਉਨ੍ਹਾਂ ਨੇ ਸਕੂਲ ਮੁਖੀ ਵਜੋਂ ਤਰੱਕੀ ਨਹੀਂ ਲੈਣੀ। ਪੰਜਾਬ ਦੇ ਵੱਡੀ ਗਿਣਤੀ ਈਟੀਟੀ ਅਧਿਆਪਕਾਂ ਨੇ ਤਰੱਕੀ ਲੈਣ ਤੋਂ ਨਾਂਹ ਕਰ ਦਿੱਤੀ ਹੈ। ਪੰਜਾਬ ਸਰਕਾਰ ਨੇ ਬਠਿੰਡਾ ਜ਼ਿਲ੍ਹੇ ਵਿੱਚ ਕਰੀਬ 10 ਈਟੀਟੀ ਅਧਿਆਪਕਾਂ ਨੂੰ ਸਕੂਲ ਮੁਖੀ ਵਜੋਂ ਤਰੱਕੀ ਦੇ ਦਿੱਤੀ ਸੀ ਪਰ ਇਹ ਸਕੂਲ ਮੁਖੀ ਹੁਣ ਮੁੜ ਈਟੀਟੀ ਅਧਿਆਪਕ ਦੀ ਅਸਾਮੀ ’ਤੇ ਆ ਗਏ ਹਨ। ਲਿਖਤੀ ਰਿਕਾਰਡ ’ਚ ਇਨ੍ਹਾਂ ਨੇ ਆਖਿਆ ਹੈ ਕਿ ਉਨ੍ਹਾਂ ਦੀ ਘਰੇਲੂ ਮਜਬੂਰੀ ਹੈ ਪਰ ਹਕੀਕਤ ਇਹ ਹੈ ਕਿ ਸਕੂਲ ਮੁਖੀ ਨੂੰ ਕੰਮ ਵੱਧ ਹੈ ਅਤੇ ਸਕੂਲਾਂ ਵਿੱਚ ਫ਼ੰਡਾਂ ਤੇ ਪ੍ਰਬੰਧਾਂ ਦੀ ਘਾਟ ਹੈ।

          ਵੇਰਵਿਆਂ ਅਨੁਸਾਰ ਜ਼ਿਲ੍ਹਾ ਬਠਿੰਡਾ ਵਿਚ 4 ਜੁਲਾਈ ਨੂੰ 72 ਈਟੀਟੀ ਅਧਿਆਪਕਾਂ ਨੂੰ ਸਕੂਲ ਮੁਖੀ ਵਜੋਂ ਤਰੱਕੀ ਦੇਣ ਲਈ ਬੁਲਾਇਆ ਸੀ ਪ੍ਰੰਤੂ ਕਿਸੇ ਅਧਿਆਪਕਾਂ ਨੇ ਰੁਚੀ ਨਹੀਂ ਦਿਖਾਈ। ਇਸ ਤੋਂ ਪਹਿਲਾਂ 18 ਜੂਨ ਨੂੰ ਅਧਿਆਪਕ ਸੱਦੇ ਸਨ ਅਤੇ ਉਦੋਂ ਵੀ ਇਵੇਂ ਹੀ ਹੋਇਆ ਸੀ। ਪੂਹਲਾ ਪਿੰਡ ਦੇ ਦੋ ਸਕੂਲਾਂ ਵਿਚ ਤਾਇਨਾਤ ਦੋ ਪਤੀ-ਪਤਨੀ ਸਕੂਲ ਮੁਖੀ ਤੋਂ ਹੁਣ ਮੁੜ ਰਿਵਰਟ ਹੋ ਕੇ ਈਟੀਟੀ ਅਧਿਆਪਕ ਬਣ ਗਏ ਹਨ। ਜੰਡਾਂਵਾਲਾ ਸਕੂਲ ਤੋਂ ਰੇਸ਼ਮ ਸਿੰਘ ਨੇ ਤਰੱਕੀ ਛੱਡ ਦਿੱਤੀ ਹੈ ਅਤੇ ਸੰਗਤ ਸਕੂਲ ’ਚੋਂ ਮਹਿਲਾ ਅਧਿਆਪਕਾ ਸਵਿਤਾ ਨੇ ਤਰੱਕੀ ਛੱਡ ਕੇ ਮੁੜ ਈਟੀਟੀ ਦੀ ਅਸਾਮੀ ’ਤੇ ਆ ਗਈ ਹੈ। ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ) ਬਠਿੰਡਾ ਸ਼ਿਵ ਪਾਲ ਨੇ ਆਖਿਆ ਕਿ ਤਰੱਕੀ ਛੱਡਣ ਦੇ ਕਈ ਕਾਰਨ ਹਨ, ਜਿਨ੍ਹਾਂ ’ਚੋਂ ਇੱਕ ਤਾਂ ਇਹ ਕਿ ਈਟੀਟੀ ਅਧਿਆਪਕ ਸਕੂਲ ਮੁਖੀ ਦੀ ਤਰੱਕੀ ਲੈਣ ਦੀ ਥਾਂ ਮਾਸਟਰ ਕਾਡਰ ਵਿਚ ਤਰੱਕੀ ਲੈਣ ਨੂੰ ਤਰਜੀਹ ਦਿੰਦੇ ਹਨ। 

         ਉਨ੍ਹਾਂ ਦੱਸਿਆ ਕਿ ਸਕੂਲ ਮੁਖੀਆਂ ਨੂੰ ਡੀਡੀਓ ਪਾਵਰਾਂ ਨਾ ਮਿਲਣ ਕਰਕੇ ਵੀ ਇਹ ਅਧਿਆਪਕ ਸਕੂਲ ਮੁਖੀ ਦੀ ਜ਼ਿੰਮੇਵਾਰੀ ਚੁੱਕਣ ਨੂੰ ਤਿਆਰ ਨਹੀਂ ਹੁੰਦੇ ਹਨ। ਜਾਣਕਾਰੀ ਅਨੁਸਾਰ ਸਮੁੱਚੇ ਪੰਜਾਬ ਵਿਚ ਅਜਿਹਾ ਹੀ ਵਾਪਰ ਰਿਹਾ ਹੈ। ਜ਼ਿਲ੍ਹਾ ਮਾਨਸਾ ਵਿਚ ਪੰਜ ਅਧਿਆਪਕਾਂ ਨੂੰ ਸਕੂਲ ਮੁਖੀ ਵਜੋਂ ਪਦਉਨਤ ਕੀਤਾ ਸੀ ਜੋ ਹੁਣ ਮੁੜ ਅਧਿਆਪਕ ਦੀ ਅਸਾਮੀ ’ਤੇ ਆ ਗਏ ਹਨ। ਸਰਹੱਦੀ ਜ਼ਿਲ੍ਹੇ ਤਰਨ ਤਾਰਨ ਵਿਚ 3 ਈਟੀਟੀ ਅਧਿਆਪਕਾਂ ਨੇ ਤਰੱਕੀ ਲੈਣ ਮਗਰੋਂ ਮੁੜ ਈਟੀਟੀ ਅਧਿਆਪਕ ਦੀ ਅਸਾਮੀ ’ਤੇ ਆਉਣ ਨੂੰ ਤਰਜੀਹ ਦਿੱਤੀ ਹੈ। ਜ਼ਿਲ੍ਹਾ ਪਟਿਆਲਾ ਵਿੱਚ ਤਾਂ ਦੋ ਸੀਐਚਟੀ ਨੂੰ ਤਰੱਕੀ ਦੇ ਕੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਬਣਾਇਆ ਗਿਆ ਸੀ ਜਿਨ੍ਹਾਂ ਨੇ ਹੁਣ ਮੁੜ ਰਿਵਰਟ ਹੋ ਕੇ ਸੀਐਚਟੀ ਦਾ ਅਹੁਦਾ ਸੰਭਾਲ ਲਿਆ ਹੈ।

         ਪਟਿਆਲਾ ਵਿਚ ਹੀ ਤਿੰਨ ਹੋਰ ਸੀਐੱਚਟੀ ਨੂੰ ਤਰੱਕੀ ਦੇ ਕੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਬਣਾਇਆ ਜਾਣਾ ਸੀ ਪ੍ਰੰਤੂ ਉਨ੍ਹਾਂ ਤਰੱਕੀ ਲੈਣ ਤੋਂ ਇਨਕਾਰ ਕਰ ਦਿੱਤਾ ਹੈ। ਜ਼ਿਲ੍ਹਾ ਮੁਕਤਸਰ ਵਿੱਚ ਦਰਜਨ ਸਕੂਲ ਮੁਖੀਆਂ ਨੇ ਰਿਵਰਟ ਹੋਣ ਵਿਚ ਰੁਚੀ ਦਿਖਾਈ ਜਿਨ੍ਹਾਂ ਨੂੰ ਮਹਿਕਮੇ ਨੇ ਮੁੜ ਈਟੀਟੀ ਅਧਿਆਪਕ ਦੀ ਅਸਾਮੀ ’ਤੇ ਤਾਇਨਾਤ ਕਰ ਦਿੱਤਾ ਹੈ। ਇਸ ਤਰ੍ਹਾਂ ਦਾ ਰੁਝਾਨ ਸਭ ਪਾਸੇ ਹੈ। ਖ਼ਾਸ ਕਰਕੇ ਮਹਿਲਾ ਅਧਿਆਪਕ ਤਰੱਕੀ ਤੋਂ ਤੌਬਾ ਕਰ ਰਹੀਆਂ ਹਨ।ਇਸੇ ਤਰ੍ਹਾਂ ਫਰੀਦਕੋਟ ਤੇ ਮੋਗਾ ਜ਼ਿਲ੍ਹੇ ਵਿਚ ਕਰੀਬ ਡੇਢ ਦਰਜਨ ਸਕੂਲ ਮੁਖੀ ਆਪਣੀ ਇੱਛਾ ਅਨੁਸਾਰ ਮੁੜ ਈਟੀਟੀ ਅਧਿਆਪਕ ਬਣ ਗਏ ਹਨ।

                                           ਕੰਮ ਦਾ ਬਹੁਤ ਬੋਝ ਹੈ: ਰੇਸ਼ਮ ਸਿੰਘ

ਡੀਟੀਐੱਫ ਦੇ ਬਠਿੰਡਾ ਜ਼ਿਲ੍ਹੇ ਦੇ ਪ੍ਰਧਾਨ ਰੇਸ਼ਮ ਸਿੰਘ ਨੇ ਦੱਸਿਆ ਕਿ ਹੁਣ ਪ੍ਰਾਇਮਰੀ ਸਕੂਲਾਂ ਵਿਚ ਨਾ ਤਾਂ ਫ਼ੰਡ ਹਨ ਅਤੇ ਨਾ ਹੀ ਕੋਈ ਪ੍ਰਬੰਧ ਹਨ ਜਿਸ ਕਰਕੇ ਕੋਈ ਵੀ ਸਕੂਲ ਮੁਖੀ ਬਣਨ ਨੂੰ ਤਿਆਰ ਨਹੀਂ ਹੁੰਦਾ ਹੈ। ਉਨ੍ਹਾਂ ਦੱਸਿਆ ਕਿ ਸਕੂਲ ਮੁਖੀ ਤਰੱਕੀ ਮਿਲਣ ਮਗਰੋਂ ਕੋਈ ਇੰਕਰੀਮੈਂਟ ਵੀ ਵਾਧੂ ਪਹਿਲਾਂ ਵਾਂਗ ਨਹੀਂ ਲੱਗਦਾ ਹੈ ਜਦੋਂ ਕਿ ਜ਼ਿੰਮੇਵਾਰੀ ਤੇ ਵਰਕ ਲੋਡ ਕਿਤੇ ਜ਼ਿਆਦਾ ਹੈ। ਉਨ੍ਹਾਂ ਕਿਹਾ ਕਿ ਸਫ਼ਾਈ ਸੇਵਕਾਂ ਦਾ ਪ੍ਰਬੰਧ ਵੀ ਸਕੂਲ ਮੁਖੀਆਂ ਨੂੰ ਆਪਣੀ ਜੇਬ ਚੋਂ ਕਰਨਾ ਪੈਂਦਾ ਹੈ।

Friday, October 26, 2018

                              ਮੁੱਖ ਮੰਤਰੀ ਜੀ !
            ਅਸੀਂ ਲੀਰਾਂ ਦੀਆਂ ਗੁੱਡੀਆਂ ਨਹੀਂ...
                            ਚਰਨਜੀਤ ਭੁੱਲਰ
ਬਠਿੰਡਾ  : ‘ਘਰ ਘਰ ਨੌਕਰੀ’ ਦਾ ਨਾਅਰਾ ਦੇਣ ਵਾਲੇ ਖ਼ਾਮੋਸ਼ ਹਨ। ਜਵਾਨ ਧੀਆਂ ਦਾ ਜੇਰਾ ਵੇਖ ਰਹੇ ਹਨ ਜਿਨ੍ਹਾਂ ਨੇ ਪਟਿਆਲੇ ਦੀ ਜੂਹ ’ਚ ਮਸ਼ਾਲ ਬਾਲੀ ਹੈ। ਮਹਿਲਾਂ ਵਾਲੇ ਕਿਸ ਮਿੱਟੀ ਦੇ ਬਣੇ ਹੋਏ ਹਨ, ਇਹ ਸਮਝੋ ਬਾਹਰ ਹੈ। ਬਜ਼ੁਰਗ ਮਾਪੇ ਜ਼ਰੂਰ ਜਾਣੀ ਜਾਣ ਹਨ ਜਿਨ੍ਹਾਂ ਨੂੰ ਜਵਾਨ ਧੀਆਂ ਦਾ ਫ਼ਿਕਰ ਰਾਤਾਂ ਨੂੰ ਸੌਣ ਨਹੀਂ ਦਿੰਦਾ। ‘ਅਸੀਂ ਲੀਰਾਂ ਦੀਆਂ ਗੁੱਡੀਆਂ ਨਹੀਂ ’, ਪਟਿਆਲਾ ਮੋਰਚਾ ’ਚ ਮਹਿਲਾ ਅਧਿਆਪਕਾਂ ਦਾ ਜੋਸ਼ ਤਖ਼ਤਾਂ ਨੂੰ ਇਹ ਸੁਨੇਹਾ ਦੇਣ ਲਈ ਕਾਫ਼ੀ ਹੈ। ਜਦੋਂ ਉੱਚ ਡਿਗਰੀਆਂ ਲੈ ਕੇ ਘਰੀਂ ਪੁੱਜੀਆਂ ਤਾਂ ਮਾਪਿਆਂ ਨੇ ਧੀਆਂ ’ਤੇ ਮਾਣ ਕੀਤਾ ਸੀ। ਮਾਪੇ ਹੁਣ ਸੜਕਾਂ ’ਤੇ ਵੇਖ ਕੇ ਧੀਆਂ ’ਤੇ ਮਾਣ ਨਹੀਂ, ਤਰਸ ਕਰਨ ਲੱਗੇ ਹਨ। ਏਦਾਂ ਜਾਪਦਾ ਹੈ ਕਿ ਜਿਵੇਂ ਪੰਜਾਬ ’ਚ ਨੇ੍ਹਰ ਪੈ ਗਿਆ ਹੋਵੇ, ਲੋਕ ਰਾਜ ਦੇ ਰਾਜੇ ਖ਼ੁਦਾ ਬਣ ਗਏ ਹੋਣ। ਮੂਨਕ ਸ਼ਹਿਰ ਦੀ ਹਰਪ੍ਰੀਤ ਕੌਰ ਕੋਲ ਹਰ ਡਿਗਰੀ ਹੈ। ਉਹ ਐਜੂਕੇਸ਼ਨ ’ਚ ਪੀ.ਐੱਚ.ਡੀ ਹੈ। ਚਾਰ ਵਿਸ਼ਿਆਂ ਵਿਚ ਐਮ.ਏ ਹੈ, ਅੰਗਰੇਜ਼ੀ, ਐਜੂਕੇਸ਼ਨ ਤੇ ਰਾਜਨੀਤੀ ਸ਼ਾਸਤਰ ’ਚ ਐਮ.ਫਿੱਲ ਹੈ। ਟੈੱਟ ਪਾਸ ਹੈ ਤੇ ਡੀ.ਫਾਰਮੇਸੀ ਵੀ ਕੀਤੀ ਹੈ। ਡਿਗਰੀਆਂ ਦੀ ਟੀਸੀ ਉਸ ਨੇ ਵੇਖ ਲਈ ਹੈ। ਪ੍ਰਾਈਵੇਟ ਕਾਲਜ ਚੋਂ ਪ੍ਰਿੰਸੀਪਲ ਦੀ ਨੌਕਰੀ ਛੱਡ ਕੇ ਉਸ ਨੇ ਸਰਕਾਰੀ ਅਧਿਆਪਕ ਦੀ ਨੌਕਰੀ ਜੁਆਇਨ ਕਰ ਲਈ। ਉਮੀਦ ਬਣੀ ਤੇ ਸਰਕਾਰੀ ਭਰੋਸਾ ਵੀ ਦਿੱਤਾ ਗਿਆ ਕਿ ਤਿੰਨ ਵਰ੍ਹਿਆਂ ਮਗਰੋਂ ਰੈਗੂਲਰ ਕਰ ਦਿੱਤਾ ਜਾਏਗਾ।
                  ਉਸ ਨੇ ਤਾਂ ਦੁੱਖਾਂ ਨੂੰ ਗੰਢ ਦੇ ਲਈ ਪਰ ਸਰਕਾਰ ਮੁੱਕਰ ਗਈ। ਬਾਪ ਜਹਾਨੋਂ ਚਲਾ ਗਿਆ, ਤਿੰਨ ਭੈਣਾਂ ਚੋਂ ਸਭ ਤੋਂ ਵੱਡੀ ਹੈ। ਵਿਧਵਾ ਭੈਣ ਲਈ ਵੀ ਉਹੀ ਇੱਕੋ ਸਹਾਰਾ ਹੈ।  ਹਰਪ੍ਰੀਤ ਕੌਰ ਕਦੇ ਹੁਣ ਡਿਗਰੀਆਂ ਵੱਲ ਵੇਖਦੀ ਹੈ ਤੇ ਕਦੇ ਸਰਕਾਰਾਂ ਕੋਲੋਂ ਵੱਜੀ ਠੱਗੀ ’ਤੇ ਝੂਰਦੀ ਹੈ। ਉਹ ਸਰਕਾਰਾਂ ਨੂੰ ਸਿਰਫ਼ ਆਪਣਾ ਕਸੂਰ ਪੁੱਛਦੀ ਹੈ। ਮੋਗਾ ਸ਼ਹਿਰ ਦੀ ਕਿਰਨਦੀਪ ਕੌਰ ਦੇ ਘਰ ਵੱਲ ਵੀ ਸਰਕਾਰ ਨਜ਼ਰ ਮਾਰੇ। ਕਿਰਨਦੀਪ ਕੌਰ ਪੰਜਾਬ ਯੂਨੀਵਰਸਿਟੀ ਦੀ ਐਮ.ਏ (ਹਿੰਦੀ) ਦੀ ਟਾਪਰ ਹੈ, ਨਾਲ ਐਮ.ਐਸ.ਸੀ ਮੈਥ ਵੀ ਹੈ। ਟੈੱਟ ਵੀ ਪਾਸ ਕੀਤਾ ਤੇ ਨੈੱਟ ਜੇ.ਆਰ.ਐਫ ਵੀ ਕਲੀਅਰ ਕੀਤਾ। ਪੀ.ਐਚ.ਡੀ ਦੀ ਇਨਰੋਲਮੈਂਟ ਹੋ ਗਈ ਸੀ ਤੇ ਪ੍ਰਾਈਵੇਟ ਕਾਲਜ ’ਚ ਰੈਗੂਲਰ ਲੈਕਚਰਾਰ ਵੀ ਬਣ ਗਈ ਸੀ। ਦੋਵੇਂ ਮੌਕੇ ਗੁਆ ਕੇ ਇਸ ਝਾਕ ’ਚ ਸਰਕਾਰੀ ਅਧਿਆਪਕਾਂ ਦੀ ਨੌਕਰੀ ਜੁਆਇਨ ਕੀਤੀ ਕਿ ਤਿੰਨ ਵਰ੍ਹਿਆਂ ਮਗਰੋਂ ਰੈਗੂਲਰ ਹੋ ਜਾਵਾਂਗੀ। ਮਾਂ ਬਲਵਿੰਦਰ ਕੌਰ ਨੇ ਧੀ ਲਈ ਹਰ ਖ਼ੁਸ਼ੀ ਦਾ ਬਲੀਦਾਨ ਦਿੱਤਾ। ਰੈਗੂਲਰ ਹੋਣ ਦੀ ਝਾਕ ’ਚ ਕਿਰਨਦੀਪ ਵਿਆਹ ਵੀ ਪਿੱਛੇ ਪਾਈ ਬੈਠੀ ਹੈ। ਸਿਆਸੀ ਜੌਹਰੀ ਇਨ੍ਹਾਂ ਧੀਆਂ ਦੇ ਹੰਝੂ ਨਹੀਂ ਸਮਝ ਸਕੇ।
         ਪਟਿਆਲਾ ਦੇ ਪਿੰਡ ਫ਼ਤਿਹਪੁਰ ਦੀ ਪਾਲ ਕੌਰ ਦੀ ਮਾਂ ਜ਼ਿੰਦਗੀ ਨੂੰ ਅਲਵਿਦਾ ਆਖ ਗਈ ਤੇ ਬਾਪ ਦਾ ਅਪਰੇਸ਼ਨ ਹੋਇਆ ਹੈ ਜਿਸ ’ਤੇ ਇੱਕ ਲੱਖ ਦਾ ਖਰਚਾ ਆਇਆ ਹੈ। ਬਾਪ ਦੇ ਮੰਜੇ ’ਚ ਪੈਣ ਮਗਰੋਂ ਅਧਿਆਪਕਾ ਪਾਲ ਕੌਰ ਨੇ ਖ਼ੁਦ ਘਰੇਲੂ ਡੇਅਰੀ ਦਾ ਕੰਮ ਸੰਭਾਲ ਲਿਆ। ਘਰ ਚੋਂ ਵੱਡੀ ਹੋਣ ਦੇ ਨਾਤੇ ਉਹ ਪੀੜਾਂ ਦੇ ਝੱਖੜਾਂ ਨਾਲ ਟੱਕਰ ਰਹੀ ਹੈ। ਛੇ ਹਜ਼ਾਰ ਦੀ ਨੌਕਰੀ ਛੋਟੀ ਹੈ, ਉਸ ਦੇ ਮਾਪਿਆਂ ਦੇ ਦੁੱਖ ਵੱਡੇ ਹਨ। ਸਮੇਂ ਦੇ ਹਾਕਮ ਦੀ ਕਲਮ ਦੀ ਇੱਕ ਝਰੀਟ ਉਸ ਦੀ ਜ਼ਿੰਦਗੀ ਬਦਲ ਸਕਦੀ ਹੈ। ਤਿੰਨ ਵਰ੍ਹਿਆਂ ਮਗਰੋਂ ਵੀ ਰੈਗੂਲਰ ਨਹੀਂ ਹੋ ਸਕੀ। ਬਲਬੇੜਾ ਸਕੂਲ ਦੀ ਅੰਮ੍ਰਿਤਬੀਰ ਕੌਰ ਨੇ ਬੁਟੀਕ ਬੰਦ ਕਰਕੇ ਨੌਕਰੀ ਜੁਆਇਨ ਕੀਤੀ। ਜਦੋਂ ਸਰਕਾਰੀ ਨੀਅਤ ’ਚ ਖੋਟ ਦਿੱਖਿਆ ਤਾਂ ਮੁੜ ਸਿਲਾਈ ਮਸ਼ੀਨ ਉਸ ਦਾ ਸਾਥ ਦੇਣ ਲੱਗੀ।  ਇਨ੍ਹਾਂ ਧੀਆਂ ਦਾ ਜੇਰਾ ਵੇਖਣ ਵਾਲਾ ਹੈ ਜਿਨ੍ਹਾਂ ਨੂੰ ਲੱਗਦਾ ਹੈ ਕਿ ਹੁਣ ਤਾਂ ਰੱਬ ਵੀ ਲੰਮੀਆਂ ਤਾਣ ਕੇ ਸੌ ਗਿਆ ਹੈ। ਬਠਿੰਡਾ ਦੇ ਪਿੰਡ ਭੋਡੀਪੁਰਾ ’ਚ ਪੜ੍ਹਾ ਰਹੀ ਜਸਵੀਰ ਕੌਰ ਕੋਲ ਕੋਈ ਰਾਹ ਨਹੀਂ ਬਚਿਆ। ਉਸ ਦਾ ਪਤੀ ਮੰਜੇ ’ਤੇ ਹੈ ਜੋ ਨਾ ਬੋਲਦਾ ਹੈ ਤੇ ਨਾ ਹੀ ਖ਼ੁਦ ਖਾ ਪੀ ਰਿਹਾ ਹੈ। ਕੌਮਾਂ ਵਰਗੀ ਹਾਲਤ ਹੈ। ਹਾਦਸੇ ਮਗਰੋਂ ਸਭ ਕੱੁਝ ਪਤੀ ਦੇ ਇਲਾਜ ’ਤੇ ਲੱਗ ਗਿਆ।
                 ਪੱਕੇ ਹੋਣ ਦੀ ਉਮੀਦ ’ਚ ਬਠਿੰਡਾ ਦੀ ਨਿਰਮਲਜੀਤ ਕੌਰ 39 ਵਰ੍ਹਿਆਂ ਦੀ ਹੋ ਗਈ ਹੈ। ਠੇਕੇ ਦੀ ਨੌਕਰੀ ਉਸ ਦੀ ਨਵੀਂ ਜ਼ਿੰਦਗੀ ਦੇ ਰਾਹ ਵਿਚ ਅੜਿੱਕਾ ਬਣੀ ਹੋਈ ਹੈ। ਏਦਾਂ ਦੇ ਸੈਂਕੜੇ ਕੇਸ ਹਨ ਕਿ ਠੇਕੇ ਦੀ ਨੌਕਰੀ ਨੇ ਮਹਿਲਾ ਅਧਿਆਪਕਾਂ ਦੀ ਜ਼ਿੰਦਗੀ ਪਹਾੜ ਬਣਾ ਦਿੱਤੀ ਹੈ। ‘ਪਹਾੜਾਂ’ ’ਤੇ ਜਾਣ ਵਾਲੇ ਇਨ੍ਹਾਂ ਦੇ ਦੁੱਖ ਨੂੰ ਆਪਣਾ ਸਮਝਦੇ ਤਾਂ ਸ਼ਾਇਦ ਅੱਜ ਪਟਿਆਲਾ ਵਿਚ ਨਾਅਰੇ ਨਾ ਗੂੰਜਦੇ। ‘ਪਟਿਆਲਾ ਮੋਰਚਾ ’ ਵਿਚ ਪੰਜ ਮਹਿਲਾ ਅਧਿਆਪਕਾਂ ਜਸਪ੍ਰੀਤ ਕੌਰ,ਨਮਿਤਾ, ਪ੍ਰਦੀਪ ਵਰਮਾ, ਕੁਲਜੀਤ ਕੌਰ ਤੇ ਰਜਿੰਦਰ ਕੌਰ ਨੂੰ ਮਰਨ ਵਰਤ ਵੀ ਰੱਖਣਾ ਪਿਆ। ਮੋਰਚੇ ਦੇ ਆਗੂ ਹੁਣ ਕੈਪਟਨ ਅਮਰਿੰਦਰ ਸਿੰਘ ਦੀ ਤੁਰਕੀ ਤੋਂ ਵਾਪਸੀ ਦੀ ਉਡੀਕ ਵਿਚ ਹਨ। ਦੱਸਣਯੋਗ ਹੈ ਕਿ ਸਰਕਾਰ ਨੇ ਟੈੱਟ ਪਾਸ ਅਧਿਆਪਕਾਂ ਚੋਂ 5178 ਅਸਾਮੀਆਂ ਚੋਂ ਸਿਰਫ਼ 2500 ਅਧਿਆਪਕ ਭਰਤੀ ਕੀਤੇ ਸਨ ਜਿਨ੍ਹਾਂ ਨੂੰ ਤਿੰਨ ਵਰ੍ਹਿਆਂ ਮਗਰੋਂ ਰੈਗੂਲਰ ਕੀਤਾ ਜਾਣਾ ਸੀ। ‘5178 ਮਾਸਟਰ ਕਾਡਰ ਯੂਨੀਅਨ’ ਪੰਜਾਬ ਦੇ ਪ੍ਰਧਾਨ ਜਸਵਿੰਦਰ ਅੌਜਲਾ ਤੇ ਸੀਨੀਅਰ ਆਗੂ ਕੁਲਵਿੰਦਰ ਸਿੰਘ ਕੋਠਾ ਗੁਰੂ ਦਾ ਪ੍ਰਤੀਕਰਮ ਸੀ ਕਿ ਸਰਕਾਰ ਹੁਣ ਨਿਯਮਾਂ ਤੇ ਕੀਤੇ ਵਾਅਦੇ ਮੁਤਾਬਿਕ ਨਵੰਬਰ 2017 ਤੋਂ ਉਨ੍ਹਾਂ ਨੂੰ ਰੈਗੂਲਰ ਕਰੇ।
                                     ਹੀਰੇ ਮੋਤੀਆਂ ਦਾ ਨਾ ਪਿਆ ਮੁੱਲ
ਠੇਕੇ ਵਾਲੇ ਅਧਿਆਪਕ ਵੀ ਦੋ ਹੱਥ ਕਰਨ ਲਈ ਸੜਕਾਂ ’ਤੇ ਨਿਕਲੇ ਹਨ। ਮਾਨਸਾ ਦੇ ਬੀਰੋਕੇ ਕਲਾਂ ਦਾ ਅਧਿਆਪਕ ਗੁਰਪ੍ਰੀਤ ਸਿੰਘ ਐਮ.ਫਿੱਲ (ਅੰਗਰੇਜ਼ੀ) ਵਿਚ ਯੂਨੀਵਰਸਿਟੀ ਟਾਪਰ ਹੈ। ਬਾਪ ਦੀਆਂ ਦੋਵੇਂ ਕਿਡਨੀਆਂ ਖ਼ਰਾਬ ਹਨ ਤੇ ਪਤਨੀ ਨੂੰ ਪੀਲੀਆ ਹੈ। ਇਲਾਜ ਲਈ ਛੇ ਹਜ਼ਾਰ ਕਿਤੇ ਨਹੀਂ ਟਿਕਦਾ। ਕਪੂਰਥਲਾ ਦੇ ਪਿੰਡ ਖੇੜਾ ਦੇ ਅੰਗਹੀਣ ਅਧਿਆਪਕ ਕੁਲਦੀਪ ਰਾਮ ਨੇ ਤਾਂ ਰਾਤ ਵਕਤ ਚੌਕੀਦਾਰੀ ਕਰਨੀ ਵੀ ਸ਼ੁਰੂ ਕੀਤੀ ਪਰ ਹੁਣ ਉਹ ਕਿਸੇ ਦੁਕਾਨ ’ਤੇ ਮੁਨੀਮੀ ਕਰਨ ਲੱਗਾ ਹੈ। ਨਰੂਆਣਾ (ਬਠਿੰਡਾ) ਦਾ ਅਮਰਜੀਤ ਸਿੰਘ ਅਤੇ ਫ਼ਰੀਦਕੋਟ ਦਾ ਪ੍ਰਦੁਮਣ ਸਿੰਘ ਰੈਗੂਲਰ ਹੋਣ ਦੀ ਝਾਕ ’ਚ ਵਿਆਹੁਤਾ ਸਫ਼ਰ ਹੀ ਨਹੀਂ ਸ਼ੁਰੂ ਕਰ ਸਕੇ।




Thursday, October 25, 2018

                                                            ਦੁੱਖਾਂ ਦੀ ਕਨਸੋਅ
                          ਮੋਤੀਆਂ ਵਾਲੀ ਸਰਕਾਰੇ, ਮਾਸਟਰ ਕੱਦੂ ਵੇਚਣ ਲਾਤੇ...
                                                             ਚਰਨਜੀਤ ਭੁੱਲਰ
ਬਠਿੰਡਾ : ‘ਪਟਿਆਲਾ ਮੋਰਚਾ’ ਦੀ ਅੌਕਾਤ ਨੂੰ ਹਕੂਮਤ ਗਜ਼ਾਂ ਨਾਲ ਨਾਪਣ ਲੱਗੀ ਹੈ। ਮਹਿਲਾਂ ਤੱਕ ਗੱਜਣ ਵਾਲੇ ਵੀ ਵੱਡੀਆਂ ਫੇਟਾਂ ਚੋਂ ਨਿਕਲੇ ਹਨ ਜਿਨ੍ਹਾਂ ਨੇ ਹੁਣ ਅਰਜ਼ਾਂ ਦੀ ਥਾਂ ਮੁੱਕੇ ਤਣੇ ਹਨ। ਪੰਜੀ ਦੇ ਭੌਣ ਤੋਂ ਬਚਣਾ ਹੈ, ਸਰਕਾਰ ਇਨ੍ਹਾਂ ਦੀਆਂ ਆਂਦਰਾਂ ਠਾਰੇ। ਇਹ ਅਧਿਆਪਕ ਕੋਈ ਰਾਤੋਂ ਰਾਤ ਨਹੀਂ ਉੱਧੜ ਪਏ। ਏਨਾ ਦੇ ਹਾਲਾਤ ਤਾਂ ਵੇਖੋ। ਪਟਿਆਲਾ ਮੋਰਚਾ ਦਾ ਨਾਇਕ ਕਰਮਜੀਤ ਸਿੰਘ ਕਿਧਰ ਜਾਵੇ। ਪਹਿਲਾਂ ਉਸ ਨੂੰ ਗ਼ੁਰਬਤ ਨੇ ਪਰਖਿਆ। ਹੁਣ ਉਸ ਦਾ ਸਬਰ ‘ਮਹਾਰਾਜਾ’ ਪਰਖ ਰਿਹਾ ਹੈ। ਜ਼ਿੰਦਗੀ ਦੀਆਂ ਥੁੜਾਂ ਨੇ ਕਰਮਜੀਤ ਸਿੰਘ ਨੂੰ ਕੱਦੂ ਵੇਚਣ ਲਾ ਦਿੱਤਾ ਹੈ। ਸੰਗਰੂਰ ਦੇ ਪਿੰਡ ਰਾਮਪੁਰਾ ’ਚ ਕਰਮਜੀਤ ਸਿੰਘ ਅਧਿਆਪਕ ਹੈ। ‘ਠੇਕੇ ਵਾਲਾ’ ਮਾਸਟਰ ਆਖ ਕੇ ਉਸ ਨੂੰ ਛੇੜਿਆ ਜਾਂਦਾ ਹੈ। ਸਰਕਾਰੀ ਖ਼ਜ਼ਾਨੇ ਚੋਂ ਉਸ ਨੂੰ ਛੇ ਹਜ਼ਾਰ ਰੁਪਏ ਤਨਖ਼ਾਹ ਮਿਲਦੀ ਹੈ। ਛੁੱਟੀ ਮਿਲਣ ਮਗਰੋਂ ਉਹ ਸਬਜ਼ੀ ਵਾਲੀ ਦੁਕਾਨ ’ਤੇ ਕੰਮ ਕਰਦਾ ਹੈ। ਆਖਦਾ ਹੈ  ਕਿ ‘ਕੰਮ ਤਾਂ ਕੋਈ ਵੀ ਮਾੜਾ ਨਹੀਂ ਹੁੰਦਾ’ । ਜਦੋਂ ਹਕੂਮਤ ਦੀ ਨੀਅਤ ਮਾੜੀ ਹੋ ਜਾਏ, ਫਿਰ ਕੋਈ ਦਰ ਨਹੀਂ ਬਚਦਾ। ਐਮ.ਐਸ.ਸੀ ਜੌਗਰਫੀ ’ਚ ਨੈੱਟ ਕਲੀਅਰ ਕੀਤਾ, ਨਾਲ ਹੀ ਟੈੱਟ ਪਾਸ ਕੀਤਾ। ਹਰ ਕਲਾਸ ਪਹਿਲੇ ਦਰਜੇ ’ਚ ਕੀਤੀ।
                   ਮੱੁਢਲੀ ਤਨਖ਼ਾਹ ਘਰ ਦੇ ਤੋਰਾ ਨਾ ਤੋਰ ਸਕੀ। ਸਕੂਲੋਂ ਛੁੱਟੀ ਮਗਰੋਂ ਸਬਜ਼ੀ ਵੇਚਣ ਲੱਗ ਪਿਆ। ਹੁਣ ਗਿਆਰਾਂ ਮਹੀਨੇ ਤੋਂ ਤਨਖ਼ਾਹ ਵੀ ਨਹੀਂ ਮਿਲੀ। ਕੌਮ ਦਾ ਨਿਰਮਾਤਾ ਉਦੋਂ ਅੱਧੋਰਾਣਾ ਹੋ ਜਾਂਦਾ ਹੈ ਜਦੋਂ ਸਕੂਲੀ ਬੱਚੇ ਹੀ ਸਬਜ਼ੀ ਲੈਣ ਬਹੁੜ ਜਾਂਦੇ ਹਨ। ਤਿੰਨ ਵਰ੍ਹਿਆਂ ਮਗਰੋਂ ਵੀ ਸਰਕਾਰ ਵਾਅਦੇ ਤੋਂ ਭੱਜ ਗਈ, ਤਾਹੀਓਂ ਹੁਣ ਕੋਈ ਅਧਿਆਪਕ ਸਬਜ਼ੀ ਵੇਚ ਰਿਹਾ ਹੈ ਤੇ ਕੋਈ ਦਿਹਾੜੀ ਕਰਨ ਲਈ ਮਜਬੂਰ ਹੈ। ਰਾਮਪੁਰਾ ਫੂਲ ’ਚ ਚਾਹ ਦੇ ਖੋਖੇ ’ਤੇ ਚਾਹ ਵੇਚਣ ਵਾਲਾ ਠੇਕੇ ਦਾ ਅਧਿਆਪਕ ਏਨਾ ਸ਼ਰਮਸਾਰ ਹੈ ਕਿ ਨਾਮ ਨਸ਼ਰ ਕਰਨ ਤੋਂ ਡਰਦਾ ਹੈ। ਹਾਲਾਂਕਿ ਉਸ ਦਾ ਸੁਪਨਾ ਸਿਰਫ਼ ਪੱਕਾ ਅਧਿਆਪਕ ਬਣਨ ਦਾ ਹੈ, ਨਾ ਕਿ ‘ਪ੍ਰਧਾਨ ਮੰਤਰੀ’। ਮੋਗਾ ਦੇ ਰਾਉਂਕੇ ਕਲਾਂ ਦੇ ਸਕੂਲ ਦੇ ਅਧਿਆਪਕ ਜਗਜੀਤ ਸਿੰਘ ਨੇ ਜੌਗਰਫੀ ’ਚ ਪੂਰੇ ਗਿਆਰਾਂ ਵਾਰ ਨੈੱਟ ਤੇ ਚਾਰ ਵਾਰੀ ਟੈੱਟ ਕਲੀਅਰ ਕੀਤਾ। ਰੈਗੂਲਰ ਹੋਣ ਦੀ ਝਾਕ ਵਿਚ ਵਿਆਹ ਵੀ ਨਾ ਕਰਾਇਆ। ਕਿਤੇ ਬੱਸ ਲੰਘ ਜਾਵੇ, ਉਹ ਤੁਰ ਕੇ ਹੀ ਪਿੰਡ ਜਾਂਦਾ ਹੈ। ਉਹ ਪੁੱਛਦਾ ਹੈ , ‘ਮੁੱਖ ਮੰਤਰੀ ਜੀ, ਹੋਰ ਕਿੰਨੇ ਵਾਰ ਪਰਖ ਲਵੋਗੇ’। ਦੱਸਦਾ ਹੈ ਕਿ ਸ਼ਰਾਬ ਦੇ ਠੇਕਿਆਂ ਦੇ ਕਰਿੰਦੇ ਵੀ 10-10 ਹਜ਼ਾਰ ਤਨਖ਼ਾਹ ਲੈਂਦੇ ਹਨ। ਮਾਸਟਰ ਜਗਜੀਤ ਦਾ ਜਜ਼ਬਾ ਦੇਖੋ, ਫਿਰ ਵੀ ਪਿੰਡ ’ਚ ਗ਼ਰੀਬ ਬੱਚਿਆਂ ਨੂੰ ਮੁਫ਼ਤ ਪੜਾਉਂਦਾ ਹੈ।
                  ਫ਼ਾਜ਼ਿਲਕਾ ਦੇ ਪਿੰਡ ਵਹਾਬਵਾਲਾ ਦੇ ਅਧਿਆਪਕ ਮਲਕੀਤ ਸਿੰਘ ਦੀ ਜ਼ਿੰਦਗੀ ਸਿਆਸੀ ਰੰਦੇ ਨੇ ਛਿੱਲ ਕੇ ਰੱਖ ਦਿੱਤੀ ਹੈ। ਜਦੋਂ ਛੇ ਹਜ਼ਾਰ ਨਾਲ ਗੁਜ਼ਾਰਾ ਨਾ ਚੱਲਿਆ ਤਾਂ ਮਲਕੀਤ ਸਿੰਘ ਸਕੂਲ ਸਮੇਂ ਮਗਰੋਂ ਲੱਕੜ ਦੇ ਮਿਸਤਰੀ ਨਾਲ ਦਿਹਾੜੀ ਕਰਨ ਲੱਗਾ। ਲੁਧਿਆਣਾ ਦੇ ਅਧਿਆਪਕ ਸੰਦੀਪ ਸਿੰਘ ਨੂੰ ਆਪਣੇ ਬੱਚਿਆਂ ਦੀ ਸਕੂਲ ਫ਼ੀਸ ਤਾਰਨ ਲਈ ਇਲੈਕਟ੍ਰੀਸ਼ਨ ਬਣਨਾ ਪਿਆ ਹੈ। ਸਰਕਾਰੀ ਬਿਜਲੀ ਨਾ ਡਿੱਗਦੀ ਤਾਂ ਸ਼ਾਇਦ ਉਸ ਨੂੰ ਘਰੋਂ ਘਰੀਂ ਜਾ ਕੇ ਹੋਕੇ ਨਾ ਦੇਣੇ ਪੈਂਦੇ। ਗੁਰਦਾਸਪੁਰ ਦੇ ਅਧਿਆਪਕ ਬਿਕਰਮਜੀਤ ਸਿੰਘ ਨੂੰ ਬੇਟੀ ਦੇ ਇਲਾਜ ਖ਼ਾਤਰ ਆਪਣੀ ਪਤਨੀ ਦਾ ਸੋਨਾ ਗਿਰਵੀ ਰੱਖਣਾ ਪਿਆ ਹੈ। ਜਦੋਂ ਕਰਜ਼ਾ ਸਿਰ ਚੜ੍ਹ ਗਿਆ ਤਾਂ ਪ੍ਰਾਈਵੇਟ ਉਤਪਾਦ ਵੇਚਣ ਲੱਗ ਪਿਆ। ਭਰੇ ਮਨ ਨਾਲ ਅਧਿਆਪਕ ਦੱਸਦਾ ਹੈ ਕਿ ਬੇਟੀ ਦਾ ਇਲਾਜ ਦੇ ਵੱਡੇ ਖ਼ਰਚੇ ਲਈ ਇੱਕ ਦਫ਼ਾ ਕਿਡਨੀ ਵੇਚਣ ਦਾ ਵੀ ਮਨ ਬਣਾਇਆ ਸੀ। ਉਦੋਂ ਹੀ ਪਤਨੀ ਨੇ ਸਾਰਾ ਸੋਨਾ ਉਤਾਰ ਕੇ ਦੇ ਦਿੱਤਾ। ਮੁਕਤਸਰ ਦੇ ਪਿੰਡ ਬੁੱਟਰ ਦੇ ਅਧਿਆਪਕ ਅੰਗਰੇਜ਼ ਸਿੰਘ ਨੇ ਤਾਂ ਆਪਣੀ ਪਤਨੀ ਦੇ ਦਿਲ ਦੀ ਸਰਜਰੀ ਲਈ ਪੰਜ ਲੱਖ ਦਾ ਕਰਜ਼ੇ ਲੈਣ ਲਈ ਜ਼ਮੀਨ ਵੀ ਗਿਰਵੀ ਕਰ ਦਿੱਤੀ ਹੈ। ਹੁਣ ਪੂਰਾ ਪਰਿਵਾਰ ਕੱਖੋਂ ਹੌਲਾ ਹੋ ਗਿਆ ਹੈ। ਰੋਪੜ ਦਾ ਅਧਿਆਪਕ ਅਰਸ਼ਦੀਪ ਤੰਗੀ ਤੁਰਸ਼ੀ ਅੱਗੇ ਏਨਾ ਲਿਫਿਆ ਕਿ ਡਿਪਰੈਸ਼ਨ ਦਾ ਸ਼ਿਕਾਰ ਹੋ ਗਿਆ। ਅਖੀਰ ਦਿਲ ਦੇ ਦੌਰੇ ਨੇ ਜਾਨ ਲੈ ਲਈ।
                   ਇਵੇਂ ਹੀ ਪੰਜਾਬ ਵਿਚ ਕਰੀਬ 50 ਹਜ਼ਾਰ ਟੈੱਟ ਪਾਸ ਨੌਜਵਾਨ ਵੀ ਹਕੂਮਤ ਦਾ ਚੀੜ੍ਹਾ ਰੂਪ ਦੇਖ ਰਹੇ ਹਨ। ਸਿੱਖਿਆ ਮਹਿਕਮੇ ਦੀ ਹਰ ਪ੍ਰੀਖਿਆ ਚੋਂ ਪਾਰਸ ਬਣ ਕੇ ਨਿਕਲੇ, ਫਿਰ ਵੀ ਉਨ੍ਹਾਂ ਦੇ  ਹੱਥ ਖ਼ਾਲੀ ਹਨ। ਹੁਸ਼ਿਆਰਪੁਰ ਦੇ ਪਿੰਡ ਰਾਮਪੁਰ ਹਲੇਰ ਦੇ ਸਤਨਾਮ ਸਿੰਘ ਠੀਕ ਚਾਰ ਵਾਰ ਟੈੱਟ ਪਾਸ ਕੀਤਾ। ਪਹਿਲਾਂ ਮਾਪਿਆਂ ਨਾਲ ਦੀਵੇ ਬਣਾਉਣ ਦਾ ਕੰਮ ਕੀਤਾ ਜਦੋਂ ਉਹ ਜ਼ਿੰਦਗੀ ਹਨੇਰ ਲੱਗੀ ਤਾਂ ਸਬਜ਼ੀ ਵੇਚਣ ਲੱਗ ਗਿਆ। ਇੱਕ ਲੱਖ ਰੁਪਏ ਕਰਜ਼ਾ ਚੁੱਕ ਕੇ ਟੈਂਪੂ ਬਣਾਇਆ। ਪਿੰਡਾਂ ਵਿਚ ਹੁਣ ਹੋਕੇ ਮਾਰ ਮਾਰ ਕੇ ਕੌਮ ਦਾ ਸਿਰਜਣਹਾਰ ਆਲੂ ਗੰਢੇ ਵੇਚ ਰਿਹਾ ਹੈ। ਸੰਗਰੂਰ ਦੇ ਪਿੰਡ ਸ਼ੇਰੋਂ ਦਾ ਮੱਖਣ ਸਿੰਘ 14 ਵਰ੍ਹਿਆਂ ਦਾ ਸੀ ਜਦੋਂ ਉਹ ਰਾਤ ਨੂੰ ਢਾਈ ਵਜੇ ਇੱਟਾਂ ਦੇ ਭੱਠੇ ਤੇ ਪੁੱਜ ਕੇ ਇੱਟਾਂ ਪੱਥਦਾ ਸੀ। ਐਮ.ਏ,ਐਮ.ਐਡ ਤੇ ਟੈੱਟ ਪਾਸ ਹੁਣ ਪੱਕਾ ਪਥੇਰ ਬਣ ਕੇ ਰਹਿ ਗਿਆ। ਹਕੂਮਤਾਂ ਨੇ ਪੱਲਾ ਛੱਡ ਦਿੱਤਾ ਤਾਂ ਉਸ ਦਾ ਉਤਸ਼ਾਹ ਤੇ ਉਮੀਦ ਵੀ ਦਮੋਂ ਨਿਕਲ ਗਏ।
         ਮਾਨਸਾ ਦੇ ਟੈੱਟ ਪਾਸ ਕੁਲਦੀਪ ਸਿੰਘ ਨੂੰ ਸਕੂਲ ਵੈੱਨ ਦਾ ਕਲੀਨਰ ਬਣਨਾ ਪੈ ਗਿਆ ਹੈ ਜਦੋਂ ਕਿ ਭਦੌੜ ਦੇ ਹਨੀਫ਼ ਨੂੰ ਖੱਦਰ ਭੰਡਾਰ ਤੇ ਸੇਲਜ਼ਮੈਨ ਬਣਨਾ ਪੈ ਗਿਆ ਹੈ। ਪਟਿਆਲਾ ਮੋਰਚੇ ਵਿਚ ਟੈੱਟ ਪਾਸ ਬੇਰੁਜ਼ਗਾਰ ਅਧਿਆਪਕ ਵੀ ਕੁੱਦੇ ਹੋਏ ਹਨ ਜਿਨ੍ਹਾਂ ਦੀ ਜਥੇਬੰਦੀ ਦੇ ਪ੍ਰੈੱਸ ਸਕੱਤਰ ਰਣਦੀਪ ਸੰਗਤਪੁਰਾ ਦਾ ਕਹਿਣਾ ਸੀ ਕਿ ਮਾਪਿਆਂ ਨੇ ਸਾਨੂੰ ਨਾਅਰੇ ਮਾਰਨ ਲਈ ਨਹੀਂ ਪੜਾਇਆ ਸੀ, ਸਰਕਾਰ ਖ਼ਾਲੀ ਅਸਾਮੀਆਂ ਤੇ ਭਰਤੀ ਸ਼ੁਰੂ ਕਰੇ ਅਤੇ ਨਵੀਆਂ ਅਸਾਮੀਆਂ ਪੈਦਾ ਕਰੇ।
                                     ਮੁੱਕਰ ਜਾਣਾ ਦਸਤੂਰ ਪੁਰਾਣਾ
ਸਾਲ 2011 ਵਿਚ ਹੋਈ ਟੈੱਟ ਪ੍ਰੀਖਿਆ ’ਚ 1.55 ਲੱਖ ਚੋਂ ਅੱਠ ਹਜ਼ਾਰ ਅਧਿਆਪਕ ਪਾਸ ਹੋਏ। ਇਨ੍ਹਾਂ ਚੋਂ 5178 ਅਸਾਮੀਆਂ ਚੋਂ ਸਿਰਫ਼ 2500 ਉੱਪਰ ਭਰਤੀ ਹੋਈ। ਸਰਕਾਰ ਨੇ ਤਿੰਨ ਵਰੇ੍ਹ ਛੇ ਹਜ਼ਾਰ ਦੇਣ ਤਨਖ਼ਾਹ ਦੇਣ ਦਾ ਵਾਅਦਾ ਕੀਤਾ। ਉਸ ਮਗਰੋਂ ਰੈਗੂਲਰ ਕੀਤੇ ਜਾਣਾ ਸਨ। ਕੈਪਟਨ ਹਕੂਮਤ ਮੁੱਕਰ ਗਈ ਹੈ ਜਦੋਂ ਕਿ ਸਭਨਾਂ ਤੋਂ ਮਜ਼ਬੂਤ ਕੇਸ ਇਨ੍ਹਾਂ ਅਧਿਆਪਕਾਂ ਦਾ ਹੈ ਜੋ ਹੁਣ 2017 ਤੋਂ ਪੱਕੀ ਨਿਯੁਕਤੀ ਕੀਤੇ ਜਾਣ ਦੀ ਮੰਗ ਕਰ ਰਹੇ ਹਨ।


     

Sunday, September 6, 2015

                             ਹਕੂਮਤੀ ਮਾਰ
              ਵਿਆਹ ਤੋਂ ਵੀ ਖੁੰਝ ਗਏ...
                            ਚਰਨਜੀਤ ਭੁੱਲਰ
ਬਠਿੰਡਾ : ਕੁਲਵਿੰਦਰ ਸਿੰਘ ਦੀ ਯੋਗਤਾ ਤੇ ਸੱਧਰ ਤਾਂ ਅਧਿਆਪਕ ਬਣਨ ਦੀ ਸੀ ਪ੍ਰੰਤੂ ਉਸ ਨੂੰ ਸਰਕਾਰੀ ਮਾਰ ਨੇ ਪਲੰਬਰ ਬਣਾ ਦਿੱਤਾ। ਉਸ ਨੇ ਚਾਰ ਵਰੇ• ਪਹਿਲਾਂ ਅਧਿਆਪਕ ਯੋਗਤਾ ਪ੍ਰੀਖਿਆ (ਟੈਟ) ਪਾਸ ਕਰ ਲਈ ਸੀ। ਹੁਣ ਉਹ ਓਵਰਏਜ ਹੋਣ ਦੇ ਨੇੜੇ ਹੈ ਜਿਸ ਕਰਕੇ ਉਹ ਪਲੰਬਰ ਬਣ ਗਿਆ।  ਫਤਹਿਗੜ ਸਾਹਿਬ ਦਾ ਇਹ ਬੇਰੁਜ਼ਗਾਰ ਅਧਿਆਪਕ ਚਾਰ ਵਰਿ•ਆਂ ਤੋਂ ਨੌਕਰੀ ਦੀ ਉਮੀਦ ਲਾਈ ਬੈਠਾ ਸੀ। ਉਹ ਆਖਦਾ ਹੈ  ਕਿ ਉਸ ਦੀ ਬੌਧਿਕ ਯੋਗਤਾ ਦਾ ਸਰਕਾਰ ਨੇ ਮੁੱਲ ਨਹੀਂ ਪਾਇਆ। ਪੰਜਾਬ ਵਿਚ ਕਰੀਬ 16322 ਟੈਟ ਪਾਸ (ਬੀ.ਐਡ) ਬੇਰੁਜਗਾਰ ਅਧਿਆਪਕ ਹਨ ਜਿਨ•ਾਂ ਚੋਂ ਬਹੁਤੇ ਐਮ.ਫਿਲ,ਪੀ.ਐਚ.ਡੀ ਅਤੇ ਉਚ ਯੋਗਤਾ ਪਾਸ ਹਨ। ਹਜ਼ਾਰਾਂ ਟੈਟ ਪਾਸ ਅਧਿਆਪਕ ਤਾਂ ਓਵਰ ਰੇਜ ਵੀ ਹੋ ਚੁੱਕੇ ਹਨ।  ਬੇਕਾਰੀ ਦੇ ਭੰਨੇ ਇਹ ਅਧਿਆਪਕ ਸਮਾਜਿਕ ਸੰਤਾਪ ਵੀ ਝੱਲ ਰਹੇ ਹਨ। ਕਾਫੀ ਬੇਰੁਜ਼ਗਾਰ ਅਧਿਆਪਕ ਅਜਿਹੇ ਹਨ  ਜੋ ਨੌਕਰੀ ਤੋਂ ਓਵਰਏਜ ਹੋ ਗਏ ਹਨ ਅਤੇ ਨਾਲ ਹੀ ਉਹ ਵਿਆਹ ਕਰਾਉਣੋਂ ਵੀ ਖੁੰਂਝ ਗਏ ਹਨ। ਪੰਜਾਬ ਵਿਚ ਬੇਰੁਜ਼ਗਾਰੀ ਦੀ  ਮੂੰਹ ਬੋਲਦੀ ਇਹ ਤਸਵੀਰ ਹੈ ਕਿ ਪੀ.ਐਚ.ਡੀ ਨੌਜਵਾਨਾਂ ਨੂੰ ਨੌਕਰੀ ਖਾਤਰ ਜੇਲ•ਾਂ ਤੇ ਥਾਣਿਆਂ ਦੀ ਹਵਾ ਖਾਣੀ ਪਈ ਹੈ।
               ਪੰਜਾਬ ਸਰਕਾਰ ਨੇ ਜੁਲਾਈ 2011 ਵਿਚ ਅਧਿਆਪਕ ਯੋਗਤਾ ਪ੍ਰੀਖਿਆ (ਟੈਟ) ਲੈਣੀ ਸ਼ੁਰੂ ਕੀਤੀ ਸੀ। ਹੁਣ ਤੱਕ ਇਨ•ਾਂ ਚੋਂ ਸਿਰਫ 3672 ਬੇਰੁਜ਼ਗਾਰ ਅਧਿਆਪਕਾਂ ਨੂੰ ਨੌਕਰੀ ਦਿੱਤੀ ਹੈ। ਸਰਕਾਰ ਨੇ ਐਲਾਨ ਕੀਤਾ ਸੀ ਕਿ ਉਹ ਹਰ ਵਰੇ• 12 ਹਜ਼ਾਰ ਟੈਟ ਪਾਸ ਅਧਿਆਪਕਾਂ ਨੂੰ ਨੌਕਰੀ ਦਿੱਤੀ ਜਾਵੇਗੀ ਪ੍ਰੰਤੂ ਇਹ ਵਾਅਦਾ ਹਕੀਕੀ ਰੂਪ ਨਹੀਂ ਲੈ ਸਕਿਆ ਹੈ। ਬਠਿੰਡਾ ਦੇ ਪਿੰਡ ਜੀਦਾ ਦਾ ਦਿਲਬਰ ਸਿੰਘ ਟੈਟ ਪਾਸ ਹੈ। ਨੌਕਰੀ ਦੀ ਝਾਕ ਵਿਚ ਉਹ ਓਵਰਏਜ ਹੋ ਚੁੱਕਾ ਹੈ। ਹੁਣ ਉਹ ਖੇਤੀ ਕਰਨ ਲੱਗ ਗਿਆ ਹੈ। ਲੁਧਿਆਣਾ ਦੀ ਇੱਕ ਬੇਰੁਜ਼ਗਾਰ ਅਧਿਆਪਕਾ ਨੂੰ ਦੋਹਰਾ ਸੇਕ ਝੱਲਣਾ ਪਿਆ ਹੈ। ਡਬਲ ਐਮ.ਏ,ਬੀ.ਐਡ ਇਸ ਲੜਕੀ ਨੇ ਜਦੋਂ ਟੈਟ ਪਾਸ ਕੀਤਾ ਤਾਂ ਉਸ ਦੀ ਮੰਗਣੀ ਹੋ ਗਈ। ਜਦੋਂ ਸਰਕਾਰ ਨੇ ਨੌਕਰੀ ਨਾ ਦਿੱਤੀ ਤਾਂ ਉਸ ਦਾ ਰਿਸ਼ਤਾ ਵੀ ਟੁੱਟ ਗਿਆ। ਹੁਣ ਇਹ ਅਧਿਆਪਕਾ ਓਵਰਏਜ ਹੋ ਚੁੱਕੀ ਹੈ। ਉਹ ਹੁਣ ਸਰਕਾਰ ਤੋਂ ਆਪਣਾ ਕਸੂਰ ਪੁੱਛ ਰਹੀ ਹੈ।
             ਇਵੇਂ ਹੀ ਸੰਗਰੂਰ ਜ਼ਿਲ•ੇ ਦੀ ਇੱਕ ਬੇਰੁਜ਼ਗਾਰ ਅਧਿਆਪਕਾ ਮਾਨਸਿਕ ਪੀੜਾਂ ਵਿਚੋਂ ਦੀ ਗੁਜਰ ਰਹੀ ਹੈ। ਉਸ ਨੇ ਸਾਲ 2011 ਵਿਚ ਟੈਟ ਪਾਸ ਕਰ ਲਿਆ ਸੀ। ਉਦੋਂ ਹੀ ਉਸ ਦਾ ਰਿਸ਼ਤਾ ਹੋ ਗਿਆ ਸੀ। ਜਦੋਂ ਨੌਕਰੀ ਨਾ ਮਿਲੀ ਤਾਂ ਉਸ ਦਾ ਰਿਸ਼ਤਾ ਟੁੱਟ ਗਿਆ।  ਦੱਸਣਯੋਗ ਹੈ ਕਿ ਅਧਿਆਪਕ ਵਾਸਤੇ ਉਮਰ ਹੱਦ 37 ਸਾਲ ਤੱਕ ਦੀ ਮਿਥੀ ਗਈ ਹੈ। ਪਾਤੜਾਂ ਦਾ ਗੁਰਦਿਆਲ ਸਿੰਘ ਐਮ.ਏ, ਐਮ.ਫਿਲ ਤੇ ਬੀ.ਐਡ ਹੈ। ਟੈਟ ਪਾਸ ਕਰਨ ਮਗਰੋਂ ਵੀ ਉਸ ਨੂੰ ਨੌਕਰੀ ਨਹੀਂ ਮਿਲੀ। ਹੁਣ ਉਹ ਓਵਰਏਜ ਹੋ ਗਿਆ ਹੈ।  ਹੁਸ਼ਿਆਰਪੁਰ ਦਾ ਹਰਜਾਪ ਸਿੰਘ ਤਿੰਨ ਦਫਾ ਤਾਂ ਯੂ.ਜੀ.ਸੀ ਨੈਟ ਪਾਸ ਕਰ ਚੁੱਕਾ ਹੈ ਅਤੇ ਟੈਟ ਪਾਸ ਵੀ ਹੈ। ਹੁਣ ਉਹ ਓਵਰਏਜ ਹੋਣ ਦੇ ਨੇੜੇ ਹੈ। ਸੂਤਰ ਦੱਸਦੇ ਹਨ ਕਿ ਪੰਜਾਬ ਸਰਕਾਰ ਟੈਟ ਪ੍ਰੀਖਿਆ ਦੀ ਫੀਸ ਦੇ ਰੂਪ ਵਿਚ ਬੇਰੁਜ਼ਗਾਰਾਂ ਤੋਂ ਕਰੀਬ 28 ਕਰੋੜ ਰੁਪਏ ਦੀ ਕਮਾਈ ਵੀ ਕਰ ਚੁੱਕੀ ਹੈ। ਟੈਟ ਪ੍ਰੀਖਿਆ ਦੀ ਮਿਆਦ ਵੀ 2017 ਤੱਕ ਹੈ ਅਤੇ ਉਸ ਮਗਰੋਂ ਮੁੜ ਇਨ•ਾਂ ਬੇਰੁਜ਼ਗਾਰਾਂ ਨੂੰ ਟੈਟ ਪਾਸ ਕਰਨਾ ਪਵੇਗਾ। ਫਗਵਾੜਾ ਦੀ ਇੱਕ ਅਧਿਆਪਕਾ ਨੇ ਤਾਂ ਦੋ ਦਫਾ ਟੈਟ ਪਾਸ ਕਰ ਲਿਆ ਹੈ ਅਤੇ ਹੁਣ ਓਵਰਏਜ ਹੋਣ ਦੇ ਨੇੜੇ ਹੈ। ਨੌਕਰੀ ਦੀ ਝਾਕ ਵਿਚ ਉਹ ਰਿਸ਼ਤੇ ਤੋਂ ਵੀ ਲੇਟ ਹੋ ਗਈ ਹੈ।
             ਬਠਿੰਡਾ ਦੇ ਕਸਬਾ ਫੂਲ ਦਾ ਗਣੇਸ਼ ਬੇਕਾਰੀ ਵਿਚ ਹੀ ਲਿਤਾੜਿਆ ਗਿਆ। ਉਸ ਨੇ ਟੈਟ ਪਾਸ ਕੀਤਾ ਪਰ ਸਰਕਾਰ ਨੇ ਮੁੱਲ ਨਾ ਪਾਇਆ। ਉਸ ਨੇ ਲਾਈਨਮੈਨੀ ਵੀ ਕੀਤੀ ਹੋਈ ਹੈ ਅਤੇ ਉਧਰ ਪਾਵਰਕੌਮ ਨੇ ਵੀ ਉਸ ਦੀ ਬਾਂਹ ਨਹੀਂ ਫੜੀ। ਹੁਣ ਉਹ ਪ੍ਰਚੂਨ ਦੀ ਦੁਕਾਨ ਕਰਨ ਲੱਗਾ ਹੈ। ਕੌਟੜਾ ਕੌੜਿਆ ਵਾਲਾ ਦਾ ਤੇਜਾ ਸਿੰਘ ਵੀ ਹੁਣ ਖੇਤੀ ਕਰਨ ਲੱਗਾ ਹੈ। ਏਦਾ ਦੀ ਕਹਾਣੀ ਸਭ ਟੈਟ ਪਾਸ ਅਧਿਆਪਕਾਂ ਦੀ ਹੈ। ਅੱਜ ਅਧਿਆਪਕ ਦਿਵਸ ਦੇ ਸਰਕਾਰੀ ਜਸ਼ਨ ਇਨ•ਾਂ ਬੇਰੁਜ਼ਗਾਰ ਅਧਿਆਪਕਾਂ ਦਾ ਮੂੰਹ ਚਿੜਾ ਰਹੇ ਸਨ। ਟੈਟ ਪਾਸ (ਬੀ.ਐਡ)ਬੇਰੁਜ਼ਗਾਰ ਅਧਿਆਪਕ ਯੂਨੀਅਨ ਦੇ ਪ੍ਰਧਾਨ ਰਘਬੀਰ ਸਿੰਘ ਭਵਾਨੀਗੜ• ਦਾ ਪ੍ਰਤੀਕਰਮ ਸੀ ਕਿ ਪੰਜਾਬ ਸਰਕਾਰ ਟੈਟ ਪਾਸ ਬੇਰੁਜ਼ਗਾਰ ਅਧਿਆਪਕਾਂ ਨੂੰ ਜਲੀਲ ਕਰ ਰਹੀ ਹੈ। ਪਹਿਲਾਂ ਸਰਕਾਰ ਨੇ ਟਾਵਿਆਂ ਨੂੰ ਨੌਕਰੀ ਦਿੱਤੀ ਹੈ ਅਤੇ ਉਹ ਵੀ ਸਿਰਫ ਛੇ ਹਜ਼ਾਰ ਰੁਪਏ  ਤਨਖਾਹ ਤੇ। ਬਾਕੀ ਬੇਰੁਜ਼ਗਾਰ ਅਧਿਆਪਕਾਂ ਨੂੰ ਨੌਕਰੀ ਖਾਤਰ ਟੈਂਕੀਆਂ ਤੇ ਵੀ ਚੜਨਾ ਪਿਆ ਹੈ ਪ੍ਰੰਤੂ ਫਿਰ ਉਹ ਸਰਕਾਰ  ਦੇ ਨਜ਼ਰ ਨਹੀਂ ਪਏ।
   

Saturday, February 8, 2014

                                        ਪੁਲੀਸ ਦੀ ਜਿੱਦ
                        ... ਹਾਰ ਗਈ ਇੱਕ ਜ਼ਿੰਦਗੀ
                                         ਚਰਨਜੀਤ ਭੁੱਲਰ
ਬਠਿੰਡਾ  :  ਬਠਿੰਡਾ ਪੁਲੀਸ ਦੀ ਜਿੱਦ ਅੱਗੇ ਅੱਜ ਇੱਕ ਜ਼ਿੰਦਗੀ ਹਾਰ ਗਈ ਜਿਸ ਨੇ ਬਾਬਲ ਦਾ ਮਾਣ ਤੇ ਮਾਂ ਦੀ ਛਾਂ ਬਣਨਾ ਸੀ। ਇੱਕ ਸਾਲ ਦੀ ਨੰਨ•ੀ ਬੱਚੀ ਆਪਣੀ ਮਾਂ ਦੇ ਰੁਜ਼ਗਾਰ ਖਾਤਰ ਕੁਰਬਾਨ ਹੋ ਗਈ। ਮਹਿਲਾ ਅਧਿਆਪਕਾ ਕਿਰਨਜੀਤ ਕੌਰ ਬਠਿੰਡਾ ਵਿਚ ਆਪਣੀ ਬੱਚੀ ਰੂਥ ਨੂੰ ਸੰਘਰਸ਼ ਵਿਚ ਲੈ ਕੇ ਪੁੱਜੀ ਹੋਈ ਸੀ। ਪੁਲੀਸ ਅਫਸਰਾਂ ਦੀ ਇੱਕੋ ਅੜੀ ਸੀ ਕਿ ਇਨ•ਾਂ ਅਧਿਆਪਕਾਂ ਦੇ ਸੰਘਰਸ਼ ਨੂੰ ਦਬਾਉਣਾ ਹੈ। ਤਾਹੀਓਂ ਪੁਲੀਸ ਮੁਲਾਜ਼ਮਾਂ ਨੇ ਇੱਕ ਦਫ਼ਾ ਕੜਾਕੇ ਦੀ ਠੰਡ ਵਿਚ ਬੈਠੇ ਅਧਿਆਪਕਾਂ ਤੋਂ ਰਾਤ ਨੂੰ ਰਜਾਈਆਂ ਵੀ ਖੋਹ ਲਈਆਂ ਸਨ। ਐਤਵਾਰ ਦੀ ਰਾਤ ਹੀ ਇਸ ਬੱਚੀ ਨੂੰ ਰਾਤ ਵਕਤ ਧਰਨੇ ਵਿਚ ਠੰਢ ਲੱਗ ਗਈ ਜੋ ਅੱਜ ਬਠਿੰਡਾ ਦੇ ਹਸਪਤਾਲ ਵਿਚ ਇਸ ਬੱਚੀ ਦੀ ਮੌਤ ਦਾ ਕਾਰਨ ਬਣ ਗਈ। ਛੋਟੀ ਬੱਚੀ ਨੂੰ ਨਮੂਨੀਆ ਹੋ ਗਿਆ ਜਿਸ ਨਾਲ ਉਸ ਦੀ ਅੱਜ ਸਵੇਰ ਪੌਣੇ ਦੋ ਵਜੇ ਜਾਨ ਚਲੀ ਗਈ। ਇੱਕ ਸਾਲ ਦੀ ਉਮਰ ਵਿਚ ਹੀ ਇਸ ਬੱਚੀ ਨੇ ਕਈ ਪਿੰਡਾਂ ਦੇ ਜਲ ਘਰਾਂ ਦੀਆਂ ਟੈਂਕੀਆਂ ਵੇਖ ਲਈਆਂ ਸਨ। ਹਕੂਮਤਾਂ ਦੇ ਚਿਹਰੇ ਤੋਂ ਅਣਜਾਣ ਇਹ ਬੱਚੀ ਨਾਹਰੇ ਮਾਰਦੀ ਮਾਂ ਦੇ ਚਿਹਰੇ ਤੋਂ ਕਾਫ਼ੀ ਕੁਝ ਭਾਂਪਦੀ ਸੀ। ਬੱਚੀ ਰੂਥ ਨੇ ਪਹਿਲਾਂ ਬਰਨਾਲਾ ਦੇ ਪਿੰਡ ਚੀਮਾ ਦੀ ਪਾਣੀ ਵਾਲੀ ਟੈਂਕੀ ਕੋਲ ਮਾਂ ਦੀ ਬੁੱਕਲ ਵਿਚ ਬੈਠ ਕੇ ਕਈ ਦਿਨ ਕੱਟੇ ਅਤੇ ਉਸ ਤੋਂ ਪਹਿਲਾਂ ਪਿੰਡ ਭੋਖੜਾ ਦੀ ਪਾਣੀ ਵਾਲੀ ਟੈਂਕੀ ਵੀ ਇਸ ਬੱਚੀ ਨੇ ਵੇਖੀ।
                    ਭਾਵੇਂ ਇਹ ਬੱਚੀ ਹੋਸ਼ ਸੰਭਾਲਣ ਵਾਲੇ ਪੜਾਅ ਤੇ ਨਹੀਂ ਪੁੱਜੀ ਸੀ ਤੇ ਪੁਲੀਸ ਵਲੋਂ ਕੀਤੀ ਜਾਂਦੀ ਖਿੱਚ ਧੂਹ ਵੀ ਉਸ ਦੀ ਸਮਝੋ ਬਾਹਰ ਸੀ ਪ੍ਰੰਤੂ ਉਸ ਨੂੰ ਅੰਦਰੋਂ ਅੰਦਰੀਂ ਅਹਿਸਾਸ ਜ਼ਰੂਰ ਹੁੰਦਾ ਹੋਵੇਗਾ ਕਿ ਪੰਜਾਬ ਦੇ ਵਿਹੜੇ ਵਿਚ ਹੁਣ ਸੁੱਖ ਨਹੀਂ ਰਹੀ। ਮੋਗਾ ਦੇ ਪਿੰਡ ਬੰਬੀਹਾ ਭਾਈ ਦੀ ਮਹਿਲਾ ਅਧਿਆਪਕਾ ਕਿਰਨਜੀਤ ਕੌਰ ਨੂੰ ਸਰਕਾਰ ਨੇ ਸਾਲ 2009 ਵਿਚ ਈ.ਜੀ.ਐਸ ਸੈਂਟਰ ਚੋਂ ਫ਼ਾਰਗ ਕਰ ਦਿੱਤਾ ਸੀ। ਉਹ ਆਪਣੇ ਸਾਥੀ ਈ.ਜੀ.ਐਸ ਅਧਿਆਪਕਾਂ ਨਾਲ ਬਠਿੰਡਾ ਵਿਚ ਆਪਣੀ ਬੱਚੀ ਸਮੇਤ ਸੰਘਰਸ਼ ਵਿਚ ਕੁੱਦੀ ਹੋਈ ਸੀ। ਬਠਿੰਡਾ ਵਿਚ ਕਈ ਦਿਨਾਂ ਤੋਂ ਦਰਜਨ ਈ.ਜੀ.ਐਸ ਅਧਿਆਪਕ ਪਾਣੀ ਵਾਲੀ ਟੈਂਕੀ ਉਪਰ ਚੜ•ੇ ਹੋਏ ਹਨ।  ਬਠਿੰਡਾ ਵਿਚ ਰੁਜ਼ਗਾਰ ਲੈਣ ਆਈ ਕਿਰਨਜੀਤ ਕੌਰ ਆਪਣੀ ਧੀ ਗੁਆ ਕੇ ਤੁਰ ਗਈ। ਮਾਂ ਕਿਰਨਜੀਤ ਅੱਜ ਧੀ ਦੀ ਲਾਸ਼ ਬੁੱਕਲ ਵਿਚ ਲੈ ਕੇ ਬਠਿੰਡਾ ਦੀਆਂ ਸੜਕਾਂ ਤੇ ਕਈ ਘੰਟੇ ਬੈਠੀ ਰਹੀ। ਬਾਪ ਚਰਨਜੀਤ ਸਿੰਘ ਨੇ ਦੱਸਿਆ ਕਿ ਉਸ ਦੇ ਇੱਕ ਛੇ ਵਰਿ•ਆ ਦੀ ਵੱਡੀ ਬੇਟੀ ਰਿਬਕਾਹ ਹੈ ਅਤੇ ਉਹ ਵੀ ਆਪਣੀ ਮਾਂ ਨਾਲ ਸੰਘਰਸ਼ ਵਿਚ ਜਾਂਦੀ ਰਹੀ ਹੈ। ਜਦੋਂ ਪੁੱਛਿਆ ਕਿ ਬੱਚੀ ਕਿਹੜੇ ਸਕੂਲ ਪੜ•ਦੀ ਹੈ, ਤਾਂ ਬਾਪ ਨੇ ਧਾਹ ਮਾਰ ਕੇ ਦੱਸਿਆ, ਗਰੀਬਾਂ ਦੇ ਤਾਂ ਸਰਕਾਰੀ ਸਕੂਲਾਂ ਵਿਚ ਹੀ ਪੜ•ਦੇ ਨੇ।
                  ਬਾਪ ਚਰਨਜੀਤ ਇੱਕ ਪੇਂਟਰ ਕੋਲ ਦਿਹਾੜੀ ਤੇ ਕੰਮ ਕਰਦਾ ਹੈ। ਬਾਪ ਚਰਨਜੀਤ ਸਿੰਘ ਖੁਦ ਵੀ ਇਕਲੌਤਾ ਹੈ ਜਿਸ ਦੇ ਨਾ ਭੈਣ ਹੈ ਅਤੇ ਨਾ ਕੋਈ ਭਰਾ। ਕਿਰਨਜੀਤ ਕੌਰ ਨੇ ਈ.ਟੀ.ਟੀ ਕੀਤੀ ਹੋਈ ਅਤੇ ਨਰਸਰੀ ਟੀਚਰ ਟਰੇਨਿੰਗ ਵੀ ਕੀਤੀ ਹੋਈ ਹੈ। ਹੁਣ ਉਹ ਬੀ.ਏ ਵੀ ਕਰ ਰਹੀ ਹੈ। ਇੱਧਰ ਐਸ.ਐਸ.ਪੀ ਬਠਿੰਡਾ ਗੁਰਪ੍ਰੀਤ ਸਿੰਘ ਭੁੱਲਰ ਨੇ ਸੰਘਰਸ਼ੀ ਲੋਕਾਂ ਖ਼ਿਲਾਫ਼ ਕਾਫ਼ੀ ਸਖ਼ਤੀ ਕੀਤੀ ਹੋਈ ਹੈ ਜਿਸ ਦੇ ਤਹਿਤ ਕਈ ਪੁਲੀਸ ਕੇਸ ਵੀ ਦਰਜ ਕੀਤੇ ਹਨ। ਪੁਲੀਸ ਨੇ ਟੈਂਕੀ ਹੇਠ ਬੈਠੇ ਅਧਿਆਪਕਾਂ ਨੂੰ ਚੁੱਕਣ ਸਮੇਂ ਆਮ ਰਾਹਗੀਰਾਂ ਨੂੰ ਵੀ ਚੁੱਕ ਲਿਆ ਸੀ।  ਮਾਪਿਆਂ ਨੇ ਆਪਣੀ ਵੱਡੀ ਧੀ ਨੂੰ ਇਹ ਖਬਰ ਨਹੀਂ ਦਿੱਤੀ ਕਿ ਉਸ ਦੀ ਛੋਟੀ ਭੈਣ ਮੁੜ ਕਦੇ ਘਰ ਨਹੀਂ ਆਏਗੀ। 

Monday, July 29, 2013

                                   ਪ੍ਰਾਈਵੇਟ ਕੰਪਨੀ
           ਅਧਿਆਪਕਾਂ ਨੂੰ ਹੱਥ ਧੋਣੇ ਸਿਖਾਏਗੀ
                                   ਚਰਨਜੀਤ ਭੁੱਲਰ
ਬਠਿੰਡਾ :  ਪੰਜਾਬ ਸਰਕਾਰ ਵੱਲੋਂ ਹੁਣ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਨੂੰ ਹੱਥ ਧੋਣ ਦੀ ਸਿਖਲਾਈ ਦਿੱਤੀ ਜਾਵੇਗੀ। ਸਿੱਖਿਆ ਵਿਭਾਗ ਪੰਜਾਬ ਨੇ ਦਿੱਲੀ ਦੀ ਇੱਕ ਪ੍ਰਾਈਵੇਟ ਕੰਪਨੀ 'ਸ਼ਾਰਪ' ਨੂੰ ਅਧਿਆਪਕਾਂ ਨੂੰ ਹੱਥ ਧੋਣ ਦੇ ਗੁਰ ਦੱਸਣ ਦਾ ਠੇਕਾ ਦਿੱਤਾ ਹੈ। ਮਿਡ ਡੇ ਮੀਲ ਤਹਿਤ ਸਰਕਾਰੀ ਸਕੂਲਾਂ ਵਿੱਚ ਸਾਬਣ ਤਾਂ ਬੱਚਿਆਂ ਨੂੰ ਹੱਥ ਧੋਣ ਲਈ ਪਹਿਲਾਂ ਹੀ ਦਿੱਤੀ ਜਾ ਰਹੀ ਹੈ। ਹੁਣ ਪ੍ਰਾਈਵੇਟ ਕੰਪਨੀ ਸ਼ਾਰਪ ਇਨ•ਾਂ ਸਕੂਲਾਂ ਦੇ ਬੱਚਿਆਂ ਨੂੰ ਸਾਬਣ ਨਾਲ ਹੱਥ ਧੋਣ ਦੇ ਤਰੀਕੇ ਦੱਸੇਗੀ ਇਸ ਕੰਪਨੀ ਨੂੰ ਕਿੰਨੀ ਰਾਸ਼ੀ ਦਿੱਤੀ ਜਾਵੇਗੀ, ਇਸ ਦਾ ਪਤਾ ਨਹੀਂ ਲੱਗ ਸਕਿਆ ਹੈ। ਇਸ ਕੰਪਨੀ ਵੱਲੋਂ ਅਗਸਤ ਮਹੀਨੇ ਤੋਂ ਸਿਖਲਾਈ ਸ਼ੁਰੂ ਕੀਤੀ ਜਾਣੀ ਹੈ। ਮੁਢਲੇ ਪੜਾਅ 'ਤੇ ਸਿਰਫ਼ ਸਰਕਾਰੀ ਪ੍ਰਾਇਮਰੀ ਸਕੂਲਾਂ ਦੇ ਅਧਿਆਪਕਾਂ ਨੂੰ ਸਿਖਲਾਈ ਦਿੱਤੀ ਜਾਣੀ ਹੈ। ਜ਼ਿਲ੍ਹਾ ਸਿੱਖਿਆ ਅਫਸਰਾਂ ਨੂੰ ਇਸ ਸਿਖਲਾਈ ਵਾਸਤੇ ਪ੍ਰਬੰਧ ਕਰਨ ਦੀ ਹਦਾਇਤ ਕਰ ਦਿੱਤੀ ਗਈ ਹੈ।
            ਪੰਜਾਬ ਭਰ ਵਿੱਚ ਬਲਾਕ ਪੱਧਰ 'ਤੇ ਇਹ ਟਰੇਨਿੰਗ ਦਿੱਤੀ ਜਾਣੀ ਹੈ ਅਤੇ ਹਰ ਸਰਕਾਰੀ ਪ੍ਰਾਇਮਰੀ ਸਕੂਲ ਦੇ ਇੱਕ ਅਧਿਆਪਕ ਨੂੰ ਇਸ ਟਰੇਨਿੰਗ ਵਿੱਚ ਸ਼ਾਮਲ ਕੀਤਾ ਜਾਣਾ ਹੈ। ਇਨ੍ਹਾਂ ਅਧਿਆਪਕਾਂ ਨੂੰ ਪ੍ਰਾਈਵੇਟ ਕੰਪਨੀ ਵੱਲੋਂ ਕਿੱਟ ਵਗੈਰਾ ਵੀ ਦਿੱਤੀ ਜਾਣੀ ਹੈ। ਇਹ ਅਧਿਆਪਕ ਟਰੇਨਿੰਗ ਪ੍ਰਾਪਤ ਕਰਨ ਮਗਰੋਂ ਆਪੋ ਆਪਣੇ ਸਕੂਲ ਵਿੱਚ ਬੱਚਿਆਂ ਅਤੇ ਮਿਡ-ਡੇਅ ਮੀਲ ਤਿਆਰ ਕਰਨ ਵਾਲੇ ਮੁਲਾਜ਼ਮਾਂ ਨੂੰ ਹੱਥ ਧੋਣ ਦੀ ਸਿਖਲਾਈ ਦੇਣਗੇ। ਇਸ ਬਾਰੇ ਜ਼ਿਲ੍ਹਾ ਬਠਿੰਡਾ ਵਿੱਚ ਸਰਕਾਰੀ ਐਲੀਮੈਂਟਰੀ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਦੇ ਮੁਖੀਆਂ ਨੂੰ ਪੱਤਰ ਜਾਰੀ ਕਰ ਦਿੱਤੇ ਗਏ ਹਨ। ਹੁਣ ਸਰਕਾਰੀ ਸਕੂਲਾਂ ਵੱਲੋਂ ਇਕ ਅਧਿਆਪਕ ਦਾ ਨਾਮ ਟਰੇਨਿੰਗ ਵਾਸਤੇ ਭੇਜਿਆ ਜਾਣਾ ਹੈ। ਬਠਿੰਡਾ ਜ਼ਿਲ੍ਹੇ ਦੇ ਮਿਡ-ਡੇਅ ਮੀਲ ਇੰਚਾਰਜ ਦਲਜੀਤ ਜੋਸ਼ੀ ਨੇ ਦੱਸਿਆ ਕਿ ਉਨ੍ਹਾਂ ਨੇ ਸਕੂਲਾਂ ਤੋਂ ਅਧਿਆਪਕਾਂ ਦੇ ਨਾਂ ਮੰਗ ਲਏ ਹਨ। ਮਿਡ-ਡੇਅ ਮੀਲ ਪੰਜਾਬ ਦੇ ਇੰਚਾਰਜ ਪ੍ਰਭਚਰਨ ਸਿੰਘ ਨੇ ਕਿਹਾ ਕਿ ਅਧਿਆਪਕਾਂ ਨੂੰ ਹੱਥ ਧੋਣ ਦੀ ਟਰੇਨਿੰਗ ਦੇਣ ਵਾਸਤੇ ਦਿੱਲੀ ਦੀ ਸ਼ਾਰਪ ਕੰਪਨੀ ਨੂੰ ਠੇਕਾ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਕੰਪਨੀ ਵੱਲੋਂ ਹੋਰ ਸੂਬਿਆਂ ਵਿੱਚ ਵੀ ਸਿਖਲਾਈ ਦਿੱਤੀ ਜਾ ਰਹੀ ਹੈ।ਉਨ•ਾਂ ਦੱਸਿਆ ਕਿ ਇਸ ਕੰਪਨੀ ਦੇ ਮਾਹਿਰ ਅਧਿਆਪਕਾਂ ਨੂੰ ਹੱਥ ਧੋਣ ਦੀ ਢੰਗ ਤਰੀਕੇ, ਇਸ ਦਾ ਮਹੱਤਵ ਅਤੇ ਸਾਫ ਸਫਾਈ ਰੱਖਣ ਦੇ ਗੁਰ ਦੱਸਣਗੇ
              ਈ.ਟੀ.ਟੀ. ਅਧਿਆਪਕ ਯੂਨੀਅਨ ਦੇ ਸੂਬਾਈ ਪ੍ਰਧਾਨ ਜਗਸੀਰ ਸਹੋਤਾ ਨੇ ਕਿਹਾ ਕਿ ਪੰਜਾਬ ਦਾ ਕੋਈ ਅਜਿਹਾ ਅਧਿਆਪਕ ਨਹੀਂ ਹੈ ਜਿਸ ਨੂੰ ਹੱਥ ਧੋਣ ਦਾ ਨਾ ਪਤਾ ਹੋਵੇ। ਉਨ੍ਹਾਂ ਕਿਹਾ ਕਿ ਇਹ ਹਾਸੋਹੀਣੀ ਗੱਲ ਹੈ ਕਿ ਪ੍ਰਾਈਵੇਟ ਕੰਪਨੀ ਨੂੰ ਇਹ ਕੰਮ ਦਿੱਤਾ ਗਿਆ ਹੈ। ਸਿੱਖਿਆ ਵਿਭਾਗ ਨੇ ਸਰਕਾਰੀ ਸਕੂਲਾਂ ਨੂੰ ਹਦਾਇਤ ਕੀਤੀ ਹੈ ਕਿ ਅਨਾਜ ਧੋ ਕੇ ਮਿਡ-ਡੇਅ ਮੀਲ ਤਿਆਰ ਕੀਤਾ ਜਾਵੇ। ਪਨਸਪ ਤੋਂ ਕਣਕ ਆਦਿ ਚੁੱਕਣ ਸਮੇਂ ਉਸ ਦੀ ਕੁਆਲਟੀ ਚੈੱਕ ਕਰਨ ਦੀ ਵੀ ਹਦਾਇਤ ਕੀਤੀ ਗਈ ਹੈ।

Friday, May 24, 2013

                                ਕੈਦ ਜ਼ਿੰਦਗੀ
            ਧੀਆਂ ਕਾਹਤੋਂ ਜੰਮੀਆਂ ਨੀ ਮਾਏ...
                               ਚਰਨਜੀਤ ਭੁੱਲਰ
ਬਠਿੰਡਾ :  ਕਮਲਜੀਤ ਕੌਰ ਨੂੰ ਇੱਕੋ ਸਮੇਂ ਦੋਹਰੀ ਸਜ਼ਾ ਮਿਲੀ ਹੈ। ਜਦੋਂ ਉਸ ਨੇ ਬਠਿੰਡਾ ਵਿੱਚ ਆਪਣੇ ਹੱਕ ਖਾਤਰ ਰੋਸ ਪ੍ਰਗਟ ਕੀਤਾ ਤਾਂ ਉਸ ਨੂੰ ਲੁਧਿਆਣਾ ਜੇਲ੍ਹ ਵਿੱਚ ਬੰਦ ਕਰ ਦਿੱਤਾ ਗਿਆ। ਦੂਜਾ ਉਹ ਤਿੰਨ ਪੇਪਰ ਦੇਣੋਂ ਖੁੰਝ ਗਈ ਹੈ ਕਿਉਂਕਿ ਐਸ.ਡੀ.ਐਮ. ਰਾਮਪੁਰਾ ਨੇ ਉਸ ਨੂੰ ਪ੍ਰੀਖਿਆ ਦੇਣ ਦੀ ਇਜਾਜ਼ਤ ਨਹੀਂ ਦਿੱਤੀ। ਪ੍ਰਸ਼ਾਸਨ ਨੇ ਇਹੋ ਸ਼ਰਤ ਉਸ ਅੱਗੇ ਰੱਖੀ ਕਿ ਉਹ ਪਹਿਲਾਂ ਮੁਆਫ਼ੀ ਮੰਗੇ। ਮਗਰੋਂ ਇਹ ਆਖ ਦਿੱਤਾ ਕਿ ਪ੍ਰੀਖਿਆ ਦੀ ਪ੍ਰਵਾਨਗੀ ਜੇਲ੍ਹ ਸੁਪਰਡੈਂਟ ਦੇਵੇਗਾ। ਅਖੀਰ ਲੰਮੀ ਜੱਦੋਜਹਿਦ ਮਗਰੋਂ ਅੱਜ ਤਹਿਸੀਲਦਾਰ ਰਾਮਪੁਰਾ ਨੇ ਪ੍ਰੀਖਿਆ ਦੇਣ ਦੀ ਆਗਿਆ ਦਿੱਤੀ। ਲੁਧਿਆਣਾ ਦੀ ਜੇਲ੍ਹ ਸੁਪਰਡੈਂਟ ਨੂੰ ਖ਼ੁਦ ਰਾਮਪੁਰਾ ਫੂਲ ਆਉਣਾ ਪਿਆ। ਉਹ ਹੁਣ ਐਮ.ਏ. ਪੰਜਾਬੀ ਦਾ ਇਕ ਪੇਪਰ ਹੀ ਦੇ ਸਕੇਗੀ। ਏਦਾਂ ਹੀ ਦਿਆਲਪੁਰਾ ਪੱਟੀ ਦੀ ਲਛਮਿੰਦਰ ਕੌਰ ਐਮ.ਏ. ਇਤਿਹਾਸ ਦਾ ਇਕ ਪੇਪਰ ਦੇਣੋਂ ਖੁੰਝ ਗਈ ਹੈ। ਸੁਖਦੀਪ ਕੌਰ ਦੀ ਵੀ ਇਹੋ ਕਹਾਣੀ ਹੈ। ਇਨ੍ਹਾਂ ਤਿੰਨ ਸਪੈਸ਼ਲ ਟਰੇਨਰ ਅਧਿਆਪਕਾਂ ਨੂੰ ਪ੍ਰੀਖਿਆ ਦੀ ਮਨਜ਼ੂਰੀ ਲਈ ਵੀ ਸੰਘਰਸ਼ ਕਰਨਾ ਪਿਆ।  ਬਠਿੰਡਾ ਪੁਲੀਸ ਨੇ 91 ਸਪੈਸ਼ਲ ਟਰੇਨਰ ਅਧਿਆਪਕਾਂ ਨੂੰ 29 ਅਪਰੈਲ ਨੂੰ ਫੜ ਕੇ ਫ਼ਰੀਦਕੋਟ ਜੇਲ੍ਹ ਭੇਜ ਦਿੱਤਾ ਸੀ, ਜਿਸ ਵਿੱਚ 48 ਲੜਕੀਆਂ ਹਨ। ਜਦੋਂ ਇਨ੍ਹਾਂ ਦੀ ਰਿਹਾਈ ਅਤੇ ਮੰਗਾਂ ਨੂੰ ਲੈ ਕੇ ਸਾਥੀ ਅਧਿਆਪਕਾਂ ਨੇ ਪ੍ਰਦਰਸ਼ਨ ਕੀਤਾ ਤਾਂ ਬਠਿੰਡਾ ਪੁਲੀਸ ਨੇ 12 ਮਈ ਨੂੰ 126 ਸਪੈਸ਼ਲ ਟਰੇਨਰ ਅਧਿਆਪਕਾਂ ਨੂੰ ਫੜ ਕੇ ਜੇਲ੍ਹ ਵਿੱਚ ਬੰਦ ਕਰ ਦਿੱਤਾ। ਇਨ੍ਹਾਂ ਵਿੱਚ ਲੜਕੀਆਂ ਦੀ ਗਿਣਤੀ 65 ਹੈ। ਲੜਕੀਆਂ ਲੁਧਿਆਣਾ ਜੇਲ੍ਹ ਵਿੱਚ ਵੀ ਬੰਦ ਹਨ ਅਤੇ ਲੜਕੇ ਨਾਭਾ ਜੇਲ੍ਹ ਵਿੱਚ ਵੀ ਭੇਜੇ ਗਏ ਹਨ।
               ਇਹ ਸਪੈਸ਼ਲ ਟਰੇਨਰ ਅਧਿਆਪਕ ਸਿੱਖਿਆ ਵਿਭਾਗ ਵਿੱਚ ਆਪਣੀ ਬਹਾਲੀ ਦੀ ਮੰਗ ਕਰਦੇ ਹਨ। ਇਨ੍ਹਾਂ ਅਧਿਆਪਕਾਂ ਨੇ ਜ਼ਮਾਨਤਾਂ ਕਰਾਉਣ ਤੋਂ ਵੀ ਨਾਂਹ ਕਰ ਦਿੱਤੀ ਹੈ। ਹਾਲਾਂਕਿ ਜੇਲ੍ਹਾਂ ਵਿੱਚ ਬੰਦ ਅਧਿਆਪਕਾਂ ਨੂੰ ਕਾਫੀ ਮੁੱਲ ਤਾਰਨਾ ਪੈ ਰਿਹਾ ਹੈ। ਮੁਕਤਸਰ ਦੇ ਪਿੰਡ ਆਸਾ ਬੁੱਟਰ ਦੀ ਬੇਅੰਤ ਕੌਰ ਨੂੰ ਪੈਰ ਪੈਰ 'ਤੇ ਮਾਰ ਝੱਲਣੀ ਪੈ ਰਹੀ ਹੈ। ਉਹ ਹੁਣ ਫ਼ਰੀਦਕੋਟ ਜੇਲ੍ਹ ਵਿੱਚ ਮਰਨ ਵਰਤ 'ਤੇ ਹੈ। ਪਹਿਲਾਂ ਉਸ ਨੂੰ ਤਲਾਕ ਕੇਸ ਦਾ ਸਾਹਮਣਾ ਕਰਨਾ ਪਿਆ। ਫਿਰ ਬਠਿੰਡਾ ਪੁਲੀਸ ਨੇ ਉਸ ਨੂੰ ਜੇਲ੍ਹ ਭੇਜ ਦਿੱਤਾ। ਹੁਣ ਇਨਸਾਫ਼ ਲਈ ਮਰਨ ਵਰਤ 'ਤੇ ਡਟ ਗਈ ਹੈ। ਅਧਿਆਪਕਾ ਬੇਅੰਤ ਕੌਰ ਦੀ ਅੱਠ ਵਰ੍ਹਿਆਂ ਦੀ ਬੱਚੀ ਹਰਮਨ ਨੂੰ ਵੀ ਬਿਨਾਂ ਕਸੂਰੋਂ ਸਜ਼ਾ ਭੁਗਤਣੀ ਪੈ ਰਹੀ ਹੈ। ਇਸ ਬੱਚੀ ਹਰਮਨ ਦਾ ਹੁਣ ਜਦੋਂ 9 ਮਈ ਨੂੰ ਜਨਮ ਦਿਨ ਸੀ ਤਾਂ ਉਸ ਵਕਤ ਇਹ ਬੱਚੀ ਮਰਨ ਵਰਤ 'ਤੇ ਬੈਠੀ ਮਾਂ ਦੇ ਨਵੇਂ ਜਨਮ ਦੀ ਅਰਦਾਸ ਕਰ ਰਹੀ ਸੀ। ਲੰਘੇ ਵਰ੍ਹੇ ਵੀ ਜਦੋਂ ਇਸ ਬੱਚੀ ਦਾ ਜਨਮ ਦਿਨ ਸੀ ਤਾਂ ਉਦੋਂ ਵੀ ਉਸ ਦੀ ਮਾਂ ਬਠਿੰਡਾ ਜੇਲ੍ਹ ਵਿੱਚ ਬੰਦ ਸੀ। ਇਸ ਬੱਚੀ ਨੂੰ ਪਤਾ ਨਹੀਂ ਹੋਰ ਕਿੰਨੇ ਕੁ ਜਨਮ ਦਿਨ ਉਡੀਕਣੇ ਪੈਣਗੇ। ਬਠਿੰਡਾ ਪੁਲੀਸ ਨੇ ਮਾਲੇਰਕੋਟਲਾ ਦੀ ਅਧਿਆਪਕਾ ਨਸਰੀਨ ਨੂੰ ਵੀ ਲੁਧਿਆਣਾ ਜੇਲ੍ਹ ਵਿੱਚ ਬੰਦ ਕੀਤਾ ਹੈ। ਇਸ ਮਾਂ ਦੇ ਤਿੰਨ ਵਰ੍ਹਿਆਂ ਦੇ ਬੱਚੇ ਦਾ ਜਦੋਂ ਹਸਪਤਾਲ ਵਿੱਚ ਅਪਰੇਸ਼ਨ ਹੋਇਆ ਤਾਂ ਉਦੋਂ ਇਹ ਮਾਂ ਲੁਧਿਆਣਾ ਜੇਲ੍ਹ ਵਿੱਚ ਪੁੱਤ ਲਈ ਜ਼ਿੰਦਗੀ ਮੰਗ ਰਹੀ ਸੀ। ਬਹੁਤੇ ਬੱਚੇ ਆਪਣੀ ਮਾਂ ਦੀ ਉਡੀਕ ਵਿੱਚ ਬੈਠੇ ਹਨ। ਰਾਮਪੁਰਾ ਦੀ ਇੰਦਰਜੀਤ ਕੌਰ ਦਾ ਬੱਚਾ ਦੋ ਵਰ੍ਹਿਆਂ ਦਾ ਹੈ। ਉਸ ਨੇ ਤਾਂ ਬਚਪਨੇ ਉਮਰੇ ਸਲਾਖਾਂ ਦੀ ਜ਼ਿੰਦਗੀ ਦੇਖ ਲਈ ਹੈ। ਇਹ ਬੱਚਾ ਬਿਨਾਂ ਕਸੂਰੋਂ ਸਜ਼ਾ ਭੁਗਤ ਰਿਹਾ ਹੈ। ਅਧਿਆਪਕ ਮਾਂ ਆਪਣੇ ਜਿਗਰ ਦੇ ਟੁਕੜੇ ਨੂੰ ਵੱਖ ਨਹੀਂ ਕਰਨਾ ਚਾਹੁੰਦੀ ਸੀ, ਜਿਸ ਕਰਕੇ ਅਦਾਲਤ ਨੇ ਜੇਲ੍ਹ ਵਿੱਚ ਬੱਚਾ ਲਿਜਾਣ ਦੀ ਇਜਾਜ਼ਤ ਦੇ ਦਿੱਤੀ ਹੈ। ਇਨ੍ਹਾਂ ਬੰਦ ਅਧਿਆਪਕਾਂ ਦੇ ਮਾਪੇ ਅਤੇ ਬੱਚੇ ਵੀ ਨਾਲੋਂ ਨਾਲ ਸਰਕਾਰੀ ਜਬਰ ਦਾ ਰੰਗ ਵੇਖ ਰਹੇ ਹਨ।
                ਅਧਿਆਪਕ ਲੜਕਿਆਂ ਦੇ ਦੁੱਖ ਵੀ ਕੋਈ ਘੱਟ ਨਹੀਂ ਹਨ। ਨਾਭਾ ਜੇਲ੍ਹ ਵਿੱਚ ਬੰਦ ਅਧਿਆਪਕ ਵੀਰਪਾਲ ਸਿੰਘ ਦੀ ਮਾਂ ਇਸ ਵਕਤ ਹਸਪਤਾਲ ਵਿੱਚ ਦਾਖ਼ਲ ਹੈ। ਬੱਸ ਉਸ ਨੂੰ ਇਕੋ ਗਮ ਹੈ ਕਿ ਕਿਤੇ ਮਾਂ ਜ਼ਿੰਦਗੀ ਦਾ ਆਖਰੀ ਮੇਲ ਕੀਤੇ ਬਿਨਾਂ ਹੀ ਨਾ ਤੁਰ ਜਾਵੇ। ਜੇਲ੍ਹ ਦੀਆਂ ਸਲਾਖਾਂ ਮਾਂ ਪੁੱਤ ਦੇ ਮੋਹ ਵਿੱਚ ਸਰਹੱਦ ਬਣ ਗਈਆਂ ਹਨ। ਏਦਾਂ ਦੀ ਕਹਾਣੀ ਤਰਨ ਤਾਰਨ ਦੇ ਅਧਿਆਪਕ ਗੁਰਚਰਨ ਸਿੰਘ ਦੀ ਹੈ, ਜਿਸ ਦਾ ਪਿਤਾ ਆਪਣੇ ਸਰਵਣ ਪੁੱਤ ਨੂੰ ਉਡੀਕ ਰਿਹਾ ਹੈ। ਉਹ ਮਾਪਿਆਂ ਦਾ ਇਕਲੌਤਾ ਲੜਕਾ ਹੈ। ਜਦੋਂ ਉਹ ਜੇਲ੍ਹ ਚਲਾ ਗਿਆ ਤਾਂ ਉਸ ਦੇ ਬਾਪ ਨੂੰ ਅਧਰੰਗ ਹੋ ਗਿਆ ਅਤੇ ਮਗਰੋਂ ਬਾਪ ਨੂੰ ਦਿਲ ਦਾ ਦੌਰਾ ਪੈ ਗਿਆ। ਫ਼ਰੀਦਕੋਟ ਜੇਲ੍ਹ ਵਿੱਚ ਬੰਦ ਬਲਜੀਤ ਕੌਰ ਅਤੇ ਪਰਮਿੰਦਰ ਕੌਰ ਗਰਭਵਤੀ ਹਨ ਅਤੇ ਇਨ੍ਹਾਂ ਨੂੰ ਦੋਹਰਾ ਝੋਰਾ ਹੈ। ਇਨ੍ਹਾਂ ਗਰਭਵਤੀ ਔਰਤਾਂ ਨੂੰ ਜੇਲ੍ਹ ਵਿੱਚ ਲੋੜੀਂਦੀ ਖੁਰਾਕ ਵੀ ਨਹੀਂ ਮਿਲ ਰਹੀ। ਇਵੇਂ ਹੀ ਪਿੰਡ ਧਨੇਜਾ ਦੇ ਬਲਵੰਤ ਸਿੰਘ ਨੂੰ ਉਮਰ ਭਰ ਇਹੋ ਮਲਾਲ ਰਹੇਗਾ ਕਿ ਉਹ ਆਪਣੀ ਭੈਣ ਦੀ 14 ਮਈ ਨੂੰ ਹੋਈ ਮੰਗਣੀ ਸਮੇਂ ਹਾਜ਼ਰ ਨਹੀਂ ਹੋ ਸਕਿਆ। ਉਹ ਵੀ ਜੇਲ੍ਹ ਵਿੱਚ ਬੰਦ ਹੈ। ਮਾਲੇਰਕੋਟਲਾ ਦਾ ਅਧਿਆਪਕ ਰਵਿੰਦਰ ਸਿੰਘ ਜਦੋਂ ਤੋਂ ਜੇਲ੍ਹ ਗਿਆ ਹੈ, ਉਦੋਂ ਤੋਂ ਉਹ ਜੇਲ੍ਹ ਹਸਪਤਾਲ ਵਿੱਚ ਇਲਾਜ ਅਧੀਨ ਹੈ। ਜਗਰਾਵਾਂ ਦੀ ਅਧਿਆਪਕਾ ਮਨਪ੍ਰੀਤ ਕੌਰ ਦੇ ਭਰਾ ਦਾ ਵਿਆਹ ਇਸ ਕਰਕੇ ਅੱਗੇ ਪਾਉਣਾ ਪਿਆ ਕਿ ਉਹ ਜੇਲ੍ਹ ਵਿੱਚ ਬੰਦ ਸੀ। ਸਪੈਸ਼ਲ ਟਰੇਨਰ ਅਧਿਆਪਕ ਯੂਨੀਅਨ ਦੀ ਆਗੂ ਜੁਗਨਜੀਤ ਕੌਰ ਢਪਾਲੀ ਅਤੇ ਰਮਨਦੀਪ ਕੌਰ ਖਿਆਲੀ ਵਾਲਾ ਦਾ ਕਹਿਣਾ ਸੀ ਕਿ ਪੰਜਾਬ ਸਰਕਾਰ ਨੇ ਇਨਸਾਫ਼ ਦੀ ਥਾਂ ਸੈਂਕੜੇ ਅਧਿਆਪਕਾਂ ਨੂੰ ਜੇਲ੍ਹ ਦਿੱਤੀ ਹੈ। ਉਨ੍ਹਾਂ ਆਖਿਆ ਕਿ ਉਹ ਸਰਕਾਰੀ ਜਬਰ ਦਾ ਟਾਕਰਾ ਕਰਨਗੇ, ਚਾਹੇ ਸਰਕਾਰ ਕਿਸੇ ਵੀ ਰਾਹ ਤੁਰ ਪਏ।
                                         ਪ੍ਰਸ਼ਾਸਨ ਦੀ ਗਲਤੀ ਕਾਰਨ ਪ੍ਰੀਖਿਆ ਖੁੰਝੀ: ਜੇਲ੍ਹ ਸੁਪਰਡੈਂਟ
ਜਨਾਨਾ ਜੇਲ੍ਹ ਲੁਧਿਆਣਾ ਦੀ ਸੁਪਰਡੈਂਟ ਰਾਜਵੰਤ ਕੌਰ ਦਾ ਕਹਿਣਾ ਸੀ ਕਿ ਜੇਲ੍ਹ ਵਿੱਚ ਬੰਦ ਹਰ ਬੰਦੀ ਨੂੰ ਉਸ ਅਦਾਲਤ ਵੱਲੋਂ ਹੀ ਪ੍ਰੀਖਿਆ ਦੀ ਪ੍ਰਵਾਨਗੀ ਦਿੱਤੀ ਜਾਣੀ ਹੁੰਦੀ ਹੈ, ਜਿਸ ਵੱਲੋਂ ਉਸ ਨੂੰ ਬੰਦ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਐਸ.ਡੀ.ਐਮ. ਰਾਮਪੁਰਾ ਨੇ ਇਹ ਪ੍ਰਵਾਨਗੀ ਦੇਣੀ ਸੀ, ਜੋ ਦਿੱਤੀ ਨਹੀਂ ਗਈ। ਉਨ੍ਹਾਂ ਦੱਸਿਆ ਕਿ ਅੱਜ ਉਨ੍ਹਾਂ ਖ਼ੁਦ ਰਾਮਪੁਰਾ ਜਾ ਕੇ ਚਾਰ ਲੜਕੀਆਂ ਨੂੰ ਪ੍ਰੀਖਿਆ ਦੇਣ ਦੀ ਪ੍ਰਵਾਨਗੀ ਦਿਵਾਈ ਹੈ। ਉਨ੍ਹਾਂ ਦੱਸਿਆ ਕਿ ਜੇਲ੍ਹ ਵਿਭਾਗ ਦੇ ਡੀ.ਆਈ.ਜੀ. ਲਖਵਿੰਦਰ ਸਿੰਘ ਜਾਖੜ ਨੂੰ ਵੀ ਇਸ ਮਾਮਲੇ ਵਿੱਚ ਦਖ਼ਲ ਦੇਣਾ ਪਿਆ ਹੈ।

Saturday, May 11, 2013

                                    ਸਰਕਾਰੀ ਜਬਰ
    ਬਿਖਰ ਗਈ ਜ਼ਿੰਦਗੀ, ਕੈਦ ਹੋ ਗਏ ਸੁਫਨੇ
                                    ਚਰਨਜੀਤ ਭੁੱਲਰ
ਬਠਿੰਡਾ : ਅਧਿਆਪਕ ਸੂਰਜ ਲਈ ਹੁਣ ਉਮੀਦ ਦੀ ਕੋਈ ਕਿਰਨ ਨਹੀਂ ਬਚੀ ਹੈ। ਉਸ ਦਾ ਗੁਨਾਹ ਏਨਾ ਹੈ ਕਿ ਉਸ ਨੇ ਸਿਰਫ਼ ਆਪਣੀ ਰੁਕੀ ਹੋਈ ਤਨਖਾਹ ਸਰਕਾਰ ਤੋਂ ਮੰਗੀ ਸੀ। ਜਦੋਂ ਉਸ ਨੇ ਬਠਿੰਡਾ ਵਿੱਚ ਮਜ਼ਦੂਰ ਦਿਵਸ ਮੌਕੇ ਆਪਣੀ ਕਿਰਤ ਦਾ ਹੱਕ ਮੰਗਿਆ ਤਾਂ ਪੁਲੀਸ ਨੇ ਉਸ 'ਤੇ ਕੇਸ ਦਰਜ ਕਰ ਦਿੱਤਾ। ਉਹ ਹੁਣ ਫਰੀਦਕੋਟ ਜੇਲ੍ਹ ਵਿੱਚ ਬੰਦ ਹੈ। ਉਸ ਨੂੰ13 ਮਹੀਨੇ ਤੋਂ ਸਰਕਾਰ ਨੇ ਤਨਖਾਹ ਨਹੀਂ ਦਿੱਤੀ ਹੈ। ਜਦੋਂ ਉਹ ਮਕਾਨ ਦਾ ਕਿਰਾਇਆ ਨਾ ਦੇ ਸਕਿਆ ਤਾਂ ਉਸ ਨੂੰ ਮਕਾਨ ਮਾਲਕ ਨੇ ਬਾਹਰ ਦਾ ਰਸਤਾ ਦਿਖਾ ਦਿੱਤਾ। ਉਸ ਨੇ ਮੁੜ ਮਕਾਨ ਦੀ ਛੱਤ ਜੋੜਨ ਲਈ ਸਰਕਾਰ ਤੋਂ ਆਪਣੀ ਬਕਾਇਆ ਤਨਖਾਹ ਦੀ ਮੰਗ ਕੀਤੀ। ਨਤੀਜਾ ਇਹ ਕਿ ਉਸ ਨੂੰ ਹੁਣ ਫਰੀਦਕੋਟ ਜੇਲ੍ਹ ਵਿੱਚ ਦੌਰੇ ਪੈ ਰਹੇ ਹਨ। ਜੇਲ੍ਹ ਪ੍ਰਸ਼ਾਸਨ ਵਲੋਂ ਉਸ ਨੂੰ ਜੇਲ੍ਹੋਂ ਬਾਹਰ ਇਲਾਜ ਲਈ ਵੀ ਲਿਜਾਇਆ ਗਿਆ ਹੈ। ਕੇਂਦਰੀ ਸਪਾਂਸਰ ਸਕੀਮ (ਸੀ.ਐਸ.ਐਸ) ਅਧਿਆਪਕਾਂ ਨੇ ਆਪਣੀਆਂ 13 ਮਹੀਨਿਆਂ ਦੀਆਂ ਰੁਕੀਆਂ ਤਨਖਾਹ ਖਾਤਰ ਪਹਿਲੀ ਮਈ ਨੂੰ ਬਠਿੰਡਾ ਵਿੱਚ ਪ੍ਰਦਰਸ਼ਨ ਕਰਨਾ ਸੀ। ਜ਼ਿਲ੍ਹਾ ਪ੍ਰਸ਼ਾਸਨ ਬਠਿੰਡਾ ਨੇ ਪਿਛਲੇ ਸਮੇਂ ਤੋਂ ਬਠਿੰਡਾ ਵਿੱਚ ਉੱਚੀ ਅਵਾਜ਼ ਵਿੱਚ ਹੱਕ ਮੰਗਣ 'ਤੇ ਪਾਬੰਦੀ ਲਗਾਈ ਹੋਈ ਹੈ। ਪੁਲੀਸ ਨੇ ਇਨ੍ਹਾਂ ਅਧਿਆਪਕਾਂ ਨੂੰ ਫਰੀਦਕੋਟ ਜੇਲ੍ਹ ਡੱਕ ਦਿੱਤਾ ਹੈ। ਜਦੋਂ ਇਨ੍ਹਾਂ ਅਧਿਆਪਕਾਂ ਦੀ ਰਿਹਾਈ ਲਈ ਸਾਥੀ ਅਧਿਆਪਕਾਂ ਨੇ ਹਾਅ ਦਾ ਨਾਹਰਾ ਮਾਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੂੰ ਵੀ ਬਠਿੰਡਾ ਪੁਲੀਸ ਨੇ ਫਰੀਦਕੋਟ ਜੇਲ੍ਹ ਦਾ ਰਸਤਾ ਦਿਖਾ ਦਿੱਤਾ। ਹੁਣ ਫਰੀਦਕੋਟ ਜੇਲ੍ਹ ਵਿੱਚ 147 ਅਧਿਆਪਕ ਬੰਦ ਹਨ ਜਿਨ੍ਹਾਂ ਵਿੱਚ 50 ਦੇ ਕਰੀਬ ਲੜਕੀਆਂ ਵੀ ਹਨ।
                ਕਰੀਬ ਤਿੰਨ ਸਾਲ ਪਹਿਲਾਂ ਕੇਂਦਰੀ ਸਪਾਂਸਰ ਸਕੀਮ ਤਹਿਤ ਪੰਜਾਬ ਸਰਕਾਰ ਨੇ 512 ਅਧਿਆਪਕ ਭਰਤੀ ਕੀਤੇ ਸਨ। ਦਸੰਬਰ 2011 ਵਿੱਚ ਇਹ ਸਕੀਮ ਬੰਦ ਕਰ ਦਿੱਤੀ ਗਈ। ਇਹ ਅਧਿਆਪਕ ਇਸ ਸਕੀਮ ਤਹਿਤ ਕੰਮ ਕਰ ਰਹੇ ਹਨ ਅਤੇ ਪੰਜਾਬ ਸਰਕਾਰ ਇਨ੍ਹਾਂ ਨੂੰ ਸਿੱਖਿਆ ਵਿਭਾਗ ਵਿੱਚ ਲਿਜਾ ਰਹੀ ਹੈ ਪ੍ਰੰਤੂ ਇਨ੍ਹਾਂ ਅਧਿਆਪਕਾਂ ਨੂੰ 13 ਮਹੀਨਿਆਂ ਤੋਂ ਤਨਖਾਹ ਨਹੀਂ ਦਿੱਤੀ ਜਾ ਰਹੀ ਹੈ। ਇਨ੍ਹਾਂ ਅਧਿਆਪਕਾਂ ਦੀ ਕਰੀਬ 12 ਕਰੋੜ ਰੁਪਏ ਤਨਖਾਹ ਬਣਦੀ ਹੈ। ਜ਼ੀਰਾ ਦਾ ਅਨਿਲ ਕੁਮਾਰ ਮਾਪਿਆਂ ਦਾ ਇਕਲੌਤਾ ਸਹਾਰਾ ਹੈ। ਉਸ ਦੀ ਪਤਨੀ ਨੂੰ ਕੈਂਸਰ ਹੈ ਅਤੇ ਹੁਣ ਤਨਖਾਹ ਨਾ ਮਿਲਣ ਕਰਕੇ ਉਸ ਦਾ ਇਲਾਜ ਕਰਾਉਣਾ ਮੁਸ਼ਕਲ ਹੋ ਗਿਆ ਹੈ। ਜਦੋਂ ਉਸ ਨੂੰ ਫਰੀਦਕੋਟ ਜੇਲ੍ਹ ਡੱਕਣ ਦੀ ਖ਼ਬਰ ਮਾਪਿਆਂ ਨੂੰ ਮਿਲੀ ਤਾਂ ਪ੍ਰਰਿਵਾਰ 'ਤੇ ਦੁਖਾਂ ਦਾ ਪਹਾੜ ਟੁੱਟ ਪਿਆ। ਉਸ ਦੀ ਪਤਨੀ ਦੇ ਇਲਾਜ ਵਿੱਚ ਵਿਘਨ ਪੈ ਗਿਆ ਹੈ। ਉਸ ਨੇ ਸਰਕਾਰ ਤੋਂ ਆਪਣੀ ਕਿਰਤ ਦਾ ਮੁੱਲ ਮੰਗਿਆ ਸੀ ਅਤੇ ਬਦਲੇ ਵਿੱਚ ਉਸ ਨੂੰ ਜੇਲ੍ਹ ਮਿਲ ਗਈ। ਫਰੀਦਕੋਟ ਜੇਲ੍ਹ ਵਿੱਚ ਹੀ ਦੋ ਮਹੀਨਿਆਂ ਦੀ ਗਰਭਵਤੀ ਮਹਿਲਾ ਅਧਿਆਪਕ ਵੀ ਬੰਦ ਹੈ। ਪੁਲੀਸ ਵਲੋਂ ਕੀਤੀ ਖਿੱਚ ਧੂਹ ਕਰਕੇ ਜੇਲ੍ਹ ਅੰਦਰ ਉਸ ਨੂੰ ਦਰਦ ਸ਼ੁਰੂ ਹੋ ਗਏ ਹਨ। ਜੇਲ੍ਹ ਪ੍ਰਸ਼ਾਸਨ ਨੂੰ ਉਸ ਨੂੰ 4 ਮਈ ਨੂੰ ਜੇਲ੍ਹੋਂ ਬਾਹਰ ਲਿਜਾਣਾ ਪਿਆ। ਮਹਿਲਾ ਅਧਿਆਪਕ ਰਜਿੰਦਰ ਕੌਰ ਵੀ ਜਦੋਂ ਗਰਭਵਤੀ ਸੀ ਤਾਂ ਉਸ ਸਮੇਂ ਤੋਂ ਉਸ ਨੂੰ ਤਨਖਾਹ ਮਿਲਣੀ ਬੰਦ ਹੋ ਗਈ ਸੀ। ਉਸ ਦੇ ਪਤੀ ਨੂੰ ਡਲਿਵਰੀ ਸਮੇਂ ਆਪਣਾ ਮੋਟਰਸਾਈਕਲ ਵੇਚਣਾ ਪਿਆ। ਉਸ ਦਾ ਬੱਚਾ ਛੋਟਾ ਹੈ ਅਤੇ ਉਹ ਹੁਣ ਫਰੀਦਕੋਟ ਜੇਲ੍ਹ ਵਿੱਚ ਬੰਦ ਹੈ। ਫਾਜ਼ਿਲਕਾ ਜ਼ਿਲ੍ਹੇ ਦੇ ਅਧਿਆਪਕ ਪ੍ਰਕਾਸ਼ ਚੰਦ ਨੂੰ ਆਪਣੀ ਪਤਨੀ ਦੇ ਇਲਾਜ ਵਾਸਤੇ ਦੁਕਾਨ ਵੇਚਣੀ ਪਈ ਹੈ। ਜਦੋਂ ਤਨਖਾਹ ਨਾ ਮਿਲੀ ਤਾਂ ਉਸ ਨੇ ਸਾਥੀ ਅਧਿਆਪਕਾਂ ਦੇ ਵਫ਼ਦ ਨਾਲ ਮੁੱਖ ਮੰਤਰੀ ਪੰਜਾਬ ਅਤੇ ਵਿੱਤ ਵਿਭਾਗ ਦੇ ਅਫਸਰਾਂ ਨਾਲ ਮੀਟਿੰਗ ਕੀਤੀ।
                ਸਭ ਅਧਿਆਪਕਾਂ ਨੇ ਆਪੋ ਆਪਣੀ ਤਰਾਸਦੀ ਵੀ ਦੱਸੀ। ਜਦੋਂ ਸਰਕਾਰ ਨੇ ਬਾਂਹ ਨਾ ਫੜੀ ਤਾਂ ਉਨ੍ਹਾਂ ਜਮਹੂਰੀ ਤਰੀਕੇ ਨਾਲ ਬਠਿੰਡਾ ਵਿੱਚ ਪ੍ਰਦਰਸ਼ਨ ਕਰਨ ਦਾ ਪ੍ਰੋਗਰਾਮ ਉਲੀਕ ਲਿਆ। ਅਹਿਮਦਗੜ੍ਹ ਮੰਡੀ ਦੀ 9 ਮਹੀਨੇ ਦੀ ਬੱਚੀ ਸਾਂਚੀ ਦੀ ਮਾਂ ਵੀ ਫਰੀਦਕੋਟ ਜੇਲ੍ਹ ਵਿੱਚ ਬੰਦ ਹੈ। ਪੰਜਾਬ ਸਰਕਾਰ ਦੇ ਜਬਰ ਨੇ ਇਸ ਬੱਚੀ ਨੂੰ ਮਾਂ ਦੇ ਪਿਆਰ ਤੋਂ ਵਿਰਵੇ ਕਰ ਦਿੱਤਾ ਹੈ। ਇਸ ਬੱਚੀ ਦੀ ਮਾਂ ਵੀ ਨੰਨ੍ਹੀ ਛਾਂ ਦੀ ਸੰਸਥਾਪਕ ਅਤੇ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਦੇ ਹਲਕੇ ਬਠਿੰਡਾ ਵਿੱਚ ਆਪਣੀ ਰੁਕੀ ਤਨਖਾਹ ਸਰਕਾਰ ਤੋਂ ਮੰਗਣ ਗਈ ਸੀ। ਜੇਲ੍ਹ ਵਿੱਚ ਬੰਦ ਅਧਿਆਪਕਾਂ ਦੀ ਯੋਗਤਾ ਬੀ.ਏ,ਬੀ.ਐਡ ਅਤੇ ਐਮ.ਏ,ਬੀ.ਐਡ ਹੈ। ਜੇਲ੍ਹ ਦਾ ਦਾਗ ਉਨ੍ਹਾਂ ਦੇ ਮੱਥੇ 'ਤੇ ਲੱਗ ਗਿਆ ਹੈ। ਜਦੋਂ ਇਹ ਅਧਿਆਪਕ ਰਿਹਾਈ ਮਗਰੋਂ ਮੁੜ ਸਕੂਲਾਂ ਵਿੱਚ ਜਾਣਗੇ ਤਾਂ ਵਿਦਿਆਰਥੀਆਂ ਦੇ ਚਿਹਰੇ ਉਨ੍ਹਾਂ ਨੂੰ ਤਰ੍ਹਾਂ ਤਰ੍ਹਾਂ ਦੇ ਸੁਆਲ ਕਰਨਗੇ। ਫਰੀਦਕੋਟ ਜੇਲ੍ਹ ਵਿੱਚ ਬੰਦ ਇੱਕ ਮਹਿਲਾ ਅਧਿਆਪਕ ਦਾ ਪਤੀ ਗੰਭੀਰ ਰੂਪ ਵਿੱਚ ਬਿਮਾਰ ਹੈ,ਜਿਸ ਦੇ ਇਲਾਜ ਲਈ ਇਸ ਅਧਿਆਪਕਾ ਨੇ ਸ਼ਾਮ ਦੇ ਵਕਤ ਲੋਕਾਂ ਦੇ ਘਰਾਂ ਵਿੱਚ ਪੋਚੇ ਵੀ ਲਾਏ ਹਨ। ਉਸ ਦੀ ਤਨਖਾਹ 'ਤੇ ਹੀ ਪਰਿਵਾਰ ਚੱਲਦਾ ਸੀ। ਪਰਿਵਾਰ ਉਸ ਦੀ ਰਿਹਾਈ ਦੀ ਉਡੀਕ ਵਿੱਚ ਹੈ। ਹਰ ਅਧਿਆਪਕਾ ਦੀ ਏਦਾਂ ਦੀ ਹੀ ਕਹਾਣੀ ਹੈ। ਸਰਕਾਰੀ ਖ਼ਜ਼ਾਨਾ ਮਾਲੀ ਸੰਕਟ ਵਿੱਚ ਹੈ ਜਿਸ ਦੀ ਸਜ਼ਾ ਅਧਿਆਪਕ ਭੁਗਤ ਰਹੇ ਹਨ। ਫਰੀਦਕੋਟ ਜੇਲ੍ਹ ਵਿੱਚ ਅਜਿਹਾ ਅਧਿਆਪਕ ਜੋੜਾ ਵੀ ਹੈ ਜਿਨ੍ਹਾਂ ਦੀ 11 ਮਈ ਨੂੰ ਮੰਗਣੀ ਰੱਖੀ ਹੋਈ ਸੀ।
                                                       ਜਬਰ ਖ਼ਿਲਾਫ਼ ਸੰਘਰਸ਼ ਜਾਰੀ ਰਹੇਗਾ
ਸੀ.ਐਸ.ਐਸ. ਅਧਿਆਪਕ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਰਤਨਜੋਤ ਸ਼ਰਮਾ ਦਾ ਕਹਿਣਾ ਸੀ ਕਿ ਜਦੋਂ ਮੁੱਖ ਮੰਤਰੀ ਪੰਜਾਬ ਅਤੇ ਵਿੱਤ ਵਿਭਾਗ ਨੇ ਅਧਿਆਪਕਾਂ ਦੀ ਰੁਕੀ ਤਨਖਾਹ ਜਾਰੀ ਕਰਨ ਦੀ ਬਾਂਹ ਨਾ ਫੜੀ ਤਾਂ ਹੀ ਉਨ੍ਹਾਂ ਨੇ ਬਠਿੰਡਾ ਵਿੱਚ ਰੋਸ ਮੁਜ਼ਾਹਰਾ ਕਰਨ ਦਾ ਪ੍ਰੋਗਰਾਮ ਰੱਖਿਆ ਸੀ। ਉਨ੍ਹਾਂ ਆਖਿਆ ਕਿ ਭਾਵੇਂ ਸਰਕਾਰ ਨੇ ਤਨਖ਼ਾਹਾਂ ਮੰਗਣ ਵਾਲਿਆਂ ਨੂੰ ਜੇਲ੍ਹਾਂ ਵਿੱਚ ਡੱਕਣ ਦੀ ਮੁਹਿੰਮ ਚਲਾ ਲਈ ਹੈ ਪ੍ਰੰਤੂ ਉਹ ਆਪਣਾ ਸੰਘਰਸ਼ ਜਾਰੀ ਰੱਖਣਗੇ। ਉਨ੍ਹਾਂ ਆਖਿਆ ਕਿ ਪੁਲੀਸ ਦੇ ਹਰ ਜਬਰ ਦਾ ਟਾਕਰਾ ਕੀਤਾ ਜਾਵੇਗਾ।